ਟੀਪੂ ਸੁਲਤਾਨ ਨੂੰ ਨਫਰਤ, ਨੱਥੂਰਾਮ ਗੋਂਡੇਸੇ ਨੂੰ ਪਿਆਰ -ਸੁਭਾਸ਼ ਗਾਤਾਡੇ
Posted on:- 04-03-2015
ਅਨੁਵਾਦ : ਰਣਜੀਤ ਲਹਿਰਾ
(ਆਖਿਰ ‘ਮੈਸੂਰ ਦਾ ਸ਼ੇਰ’ ਭਗਵਾਂ ਬ੍ਰੀਗੇਡ ਨੂੰ ਅੱਜ ਵੀ ਖ਼ੌਫਨਾਕ ਕਿਉਂ ਲੱਗਦਾ ਹੈ?)
ਭਗਵਾਂ ਬਰੀਗੇਡ ਨੇ ਇੱਕ ਵਾਰ ਫਿਰ ਉਸੇ ਕਾਰਨਾਮੇ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਨੇ ਇੱਕ ਵਾਰ ਫਿਰ ਮਹਾਨ ਟੀਪੂ ਸੁਲਤਾਨ (20 ਨਵੰਬਰ, 1750 ਤੋਂ 4 ਮਈ, 1799)-ਜਿਹੜਾ ਉਨ੍ਹਾਂ ਗਿਣੇ-ਚੁਣੇ ਰਾਜਿਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਲੜਦੇ ਹੋਏ ਜੰਗ-ਏ-ਮੈਦਾਨ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸੀ- ਦੀ ਵਿਰਾਸਤ ’ਤੇ ਸੁਆਲ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼੍ਰੀ ਰੰਗਪੱਟਨਮ ਦੀ ਇਤਿਹਾਸਕ ਲੜਾਈ ਵਿੱਚ ਜਾਨ ਦੀ ਬਾਜ਼ੀ ਲਾਉਣ ਵਾਲੇ ਟੀਪੂ ਸੁਲਤਾਨ ਦੀ ਸ਼ਹਾਦਤ 1857 ਦੇ ਗ਼ਦਰ ਤੋਂ ਕਰੀਬ ਪੰਜਾਹ ਸਾਲ ਪਹਿਲਾਂ ਹੋਈ ਸੀ। ਅਤੇ ਬਹੁਤ ਥੋੜ੍ਹੇ ਲੋਕ ਹੀ ਇਸ ਹਕੀਕਤ ਤੋਂ ਵਾਕਿਫ ਹਨ ਕਿ ਅੰਗਰੇਜ਼ਾਂ ਦੇ ਖਿਲਾਫ਼ ਸੰਘਰਸ਼ ਵਿੱਚ ਟੀਪੂ ਸੁਲਤਾਨ ਨੇ ਆਪਣੇ ਦੋ ਬੱਚਿਆਂ ਨੂੰ ਵੀ ਕੁਰਬਾਨ ਕੀਤਾ ਸੀ।
ਹਿੰਦੂਤਵੀ ਬਿ੍ਰਗੇਡ ਵੱਲੋਂ ਟੀਪੂ ਸੁਲਤਾਨ ’ਤੇ ਚਿੱਕੜ-ਉਛਾਲਣ ਦਾ ਫੌਰੀ ਕਾਰਨ ਇਹੋ ਦਿਖਾਈ ਦਿੰਦਾ ਹੈ ਕਿ ਪਿਛਲੇ ਦਿਨੀਂ ਕਰਨਾਟਕ ਸਰਕਾਰ ਨੇ ਟੀਪੂ ਸ਼ਤਾਬਦੀ ਮਨਾਉਣ ਦਾ ਫੈਸਲਾ ਕੀਤਾ ਹੈ। ਪ੍ਰਸਿੱਧ ਇਤਿਹਾਸਕਾਰ ਤੇ ਟੀਪੂ ਦੇ ਬਾਰੇ ਖੋਜ ਕਰਨ ਵਾਲੇ ਪ੍ਰੋਫੈਸਰ ਸ਼ੇਖ ਅਲੀ ਦੀ ਨਵੀਂ ਕਿਤਾਬ ‘ਟੀਪੂ ਸੁਲਤਾਨ : ਕਰੂਸੇਡਰ ਫਾਰ ਚੇਂਜ’ ਦੇ ਲੋਕ-ਆਰਪਣ ਸਮੇਂ ਮੁੱਖ ਮੰਤਰੀ ਸਿੱਧਰਮੱਈਆ ਨੇ ਇਹ ਐਲਾਨ (ਟੀਪੂ ਸ਼ਤਾਬਦੀ ਮਨਾਉਣ) ਕੀਤਾ ਸੀ।
ਆਪਣੇ ਵਕਤ ਤੋਂ ਬਹੁਤ ਅੱਗੇ ਚੱਲ ਰਹੇ ਟੀਪੂ ਸੁਲਤਾਨ, ਜੋ ਵਿਦਵਾਨ, ਫੌਜੀ ਤੇ ਕਵੀ ਵੀ ਸਨ, ਹਿੰਦੂ-ਮੁਸਲਿਮ ਏਕਤਾ ਦੇ ਮੁਦੱਈ ਸਨ, ਉਨ੍ਹਾਂ ਨੂੰ ਨਵੀਆਂ ਖੋਜਾਂ ਕਰਨ ਵਿੱਚ ਬਹੁਤ ਰੁਚੀ ਸੀ ਅਤੇ ਉਨ੍ਹਾਂ ਨੂੰ ਦੁਨੀਆਂ ਦੇ ਪਹਿਲੇ ਜੰਗੀ ਰਾਕੇਟ ਦਾ ਖੋਜੀ ਕਿਹਾ ਜਾਂਦਾ ਹੈ। ਟੀਪੂ ਫਰੈਂਚ ਇਨਕਲਾਬ ਤੋਂ ਵੀ ਪ੍ਰਭਾਵਿਤ ਸਨ ਅਤੇ ਮੈਸੂਰ ਦਾ ਹਾਕਮ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਆਮ ਨਾਗਰਿਕ ਦੇ ਤੌਰ ’ਤੇ ਸੰਬੋਧਿਤ ਕਰਦੇ ਸਨ ਤੇ ਉਨ੍ਹਾਂ ਨੇ ਆਪਣੇ ਮਹੱਲ ਵਿੱਚ ‘ਸੁਤੰਤਰਤਾ’ ਦਾ ਬੂਟਾ ਵੀ ਲਾਇਆ ਸੀ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਟੀਪੂ ਨੇ ਬਰਤਾਨਵੀਆਂ ਦੇ ਇਰਾਦਿਆਂ ਨੂੰ ਬਹੁਤ ਪਹਿਲਾਂ ਭਾਂਪ ਲਿਆ ਸੀ ਅਤੇ ਘਰੇਲੂ ਹਾਕਮਾਂ ਤੇ ਫਰੈਂਚ, ਤੁਰਕ ਤੇ ਅਫਗਾਨ ਹਾਕਮਾਂ ਨਾਲ ਰਿਸ਼ਤੇ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਅੰਗਰੇਜ਼ਾਂ ਦੇ ਬਸਤੀਵਾਦੀ ਮਨਸੂਬਿਆਂ ਨੂੰ ਮਾਤ ਦਿੱਤੀ ਜਾ ਸਕੇ। ਉਨ੍ਹਾਂ ਨੇ ਆਪਣੀ ਬਿਹਤਰੀਨ ਯੋਜਨਾ ਤੇ ਵਿਕਸਤ ਤਕਨੀਕ ਦੇ ਬਲਬੂਤੇ ਦੋ ਵਾਰ ਬਰਤਾਨਵੀ ਫੌਜ਼ਾਂ ਨੂੰ ਹਰਾ ਦਿੱਤਾ ਸੀ।
ਉਨ੍ਹਾਂ ਦੇ ਜੁਝਾਰੂ ਜੀਵਨ ਦਾ ਇੱਕ ਪ੍ਰਸੰਗ ਜਿਹੜਾ ਕਿ, ਹਿੰਦੂਤਵੀ ਸੰਗਠਨਾਂ ਵੱਲੋਂ ਪ੍ਰਚਾਰੀ ਜਾ ਰਹੀ ਉਨ੍ਹਾਂ ਦੀ ਦਿੱਖ ਦੇ ਉਲਟ, ਸਪੱਸ਼ਟ ਤੌਰ ’ਤੇ ਦਿਖਾਈ ਦਿੰਦਾ ਹੈ ਉਸਦੀ ਚਰਚਾ ਕਰਨੀ ਉਚਿੱਤ ਹੋਵੇਗੀ। ਉਹ 1791 ਦਾ ਸਾਲ ਸੀ ਜਦੋਂ ਮਰਾਠਾ ਫੌਜਾਂ ਨੇ ਸ਼ਰੰਗੇਰੀ ਸ਼ੰਕਰਾਚਾਰੀਆ ਮੱਠ ਅਤੇ ਮੰਦਰ ’ਤੇ ਹਮਲਾ ਕੀਤਾ, ਉਥੋਂ ਦੇ ਸਾਰੇ ਕੀਮਤੀ ਸਾਮਾਨ ਦੀ ਲੁੱਟ-ਮਾਰ ਕੀਤੀ ਅਤੇ ਕਈਆਂ ਨੂੰ ਮਾਰ ਦਿੱਤਾ।
ਸ਼ੰਕਰਾਚਾਰੀਆ ਨੇ ਟੀਪੂ ਸੁਲਤਾਨ ਤੋਂ ਸਹਾਇਤਾ ਮੰਗੀ, ਟੀਪੂ ਸੁਲਤਾਨ ਨੇ ਤੁਰੰਤ ਬੇਦਨੂਰ ਦੇ ਅਸਫ ਨੂੰ ਹੁਕਮ ਦਿੱਤਾ ਕਿ ਉਹ ਮੱਠ ਦੀ ਮਦਦ ਕਰੇ। ਸ਼ੰਕਰਾਚਾਰੀਆ ਤੇ ਟੀਪੂ ਸੁਲਤਾਨ ਵਿਚਕਾਰ ਹੋਈ ਖ਼ਤੋ-ਖਿਤਾਬਤ, ਜਿਸ ਵਿੱਚ ਤੀਹ ਖ਼ਤ ਸ਼ਾਮਲ ਹਨ ਅਤੇ ਜੋ ਕੱਨੜ ਭਾਸ਼ਾ ਵਿੱਚ ਉਪਲਬਧ ਹੈ। ਇਸ ਦੀ ਖੋਜ਼ ਮੈਸੂਰ ਦੇ ਪੁਰਾਤਤਵ ਵਿਭਾਗ ਨੇ 1916 ਵਿੱਚ ਕੀਤੀ ਸੀ। ਮੱਠ ’ਤੇ ਹੋਏ ਹਮਲੇ ਬਾਰੇ ਟੀਪੂ ਸੁਲਤਾਨ ਲਿਖਦੇ ਹਨ :-
“ਅਜਿਹੇ ਲੋਕ ਜਿਨ੍ਹਾਂ ਨੇ ਇਸ ਪਵਿੱਤਰ ਸਥਾਨ ਨੂੰ ਅਪਵਿੱਤਰ ਕੀਤਾ ਹੈ ਉਨ੍ਹਾਂ ਨੂੰ ਆਪਣੇ ਕੁਕਰਮਾਂ ਦੀ ਇਸ ਕਲਯੁੱਗ ਵਿੱਚ ਜਲਦੀ ਹੀ ਸਜ਼ਾ ਮਿਲੇਗੀ, ਜਿਵੇਂ ਕਿ ਕਿਹਾ ਗਿਆ ਹੈ ਕਿ ‘ਲੋਕ ਸ਼ੈਤਾਨੀ ਕੰਮਾਂ ਨੂੰ ਹੱਸਦੇ ਹੋਏ ਅੰਜ਼ਾਮ ਦਿੰਦੇ ਹਨ, ਪਰ ਉਸ ਦੇ ਅੰਜ਼ਾਮ ਨੂੰ ਰੋਂਦੇ ਹੋਏ ਭੁਗਤਦੇ ਹਨ।“
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਟੀਪੂ ਸ਼ਤਾਬਦੀ ਮਨਾਉਣ ਦਾ ਐਲਾਨ ਸੱਜੇਪੱਖੀ ਸੰਗਠਨਾਂ ਨੂੰ ਹਜ਼ਮ ਨਹੀਂ ਹੋਇਆ। ਸੂਬੇ ਦੀ ਮੁੱਖ ਵਿਰੋਧੀ ਪਾਰਟੀ ਭਾਜਪਾ ਨੇ ਇਸ ਨੂੰ ‘ਵੋਟ ਵਟੋਰਨ’ ਦਾ ਹੱਥਕੰਡਾ ਕਿਹਾ ਹੈ। ਉਸ ਦੇ ਇੱਕ ਪ੍ਰਮੁੱਖ ਲੀਡਰ ਨੇ ਟੀਪੂ ਨੂੰ ‘ਜ਼ਾਲਮ ਤਾਨਾਸ਼ਾਹ’ ਦੇ ਤੌਰ ’ਤੇ ਸੰਬੋਧਿਤ ਕਰਦੇ ਹੋਏ ਪ੍ਰਸਤਾਵਿਤ ਪ੍ਰੋਗਰਾਮ ਦੀ ਉਚਿੱਤਤਾ ’ਤੇ ਹੀ ਸਵਾਲ ਖੜ੍ਹੇ ਕੀਤੇ ਹਨ। ਭਾਜਪਾ ਦੇ ਇੱਕ ਹੋਰ ਆਗੂ ਡੀ. ਐਚ. ਸ਼ੰਕਰਮੂਰਤੀ ਨੇ ਉਨ੍ਹਾਂ ਨੂੰ ‘ਕੰਨੜ-ਵਿਰੋਧੀ’ ਕਿਹਾ ਹੈ ਕਿਉਂ ਕਿ ਉਹ ‘ਕੰਨਾਡਿਗਾ’ ਨਹੀਂ ਸਨ। ਉਸ ਦਾ ਇਹ ਵੀ ਕਹਿਣਾ ਹੈ ਕਿ ਟੀਪੂ ਦੇ ਰਾਜ ਸੰਭਾਲਣ ਤੋਂ ਪਹਿਲਾਂ ਰਾਜ ਭਾਸ਼ਾ ਦੇ ਤੌਰ ’ਤੇ ਕੰਨੜ ਦੀ ਥਾਂ ਪਰਸ਼ੀਅਨ ਦੀ ਵਰਤੋਂ ਉਨ੍ਹਾਂ ਨੇ ਹੀ ਸ਼ੁਰੂ ਕੀਤੀ ਸੀ। ਵੈਸੇ ਜੇਕਰ ਯਾਦਾਸ਼ਤ ’ਤੇ ਥੋੜ੍ਹਾ ਜ਼ੋਰ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਮਾਲੂਮ ਹੋ ਸਕਦਾ ਹੈ ਕਿ ਇਹ ਉਹੋ ਸੱਜਣ ਹੈ, ਜਿਸ ਨੇ ਉੱਚ-ਸਿੱਖਿਆ ਮੰਤਰੀ ਹੁੰਦਿਆਂ- ਜਦੋਂ ਭਾਜਪਾ ਤੇ ਜਨਤਾ ਦਲ (ਐਸ) ਸਾਂਝੀ ਸਰਕਾਰ ਚਲਾ ਰਹੇ ਸਨ-ਇਹ ਐਲਾਨ ਕਰ ਦਿੱਤਾ ਸੀ ਕਿ ਉਹ ਕੰਨੜ ਇਤਿਹਾਸ ਵਿੱਚੋਂ ਟੀਪੂ ਦਾ ਨਾਮੋ-ਨਿਸ਼ਾਨ ਮਿਟਾ ਦੇਣਾ ਚਾਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਲੋਕਾਂ ਦੇ ਵੱਧਦੇ ਜਨਤਕ ਰੋਹ ਕਾਰਨ ਸਰਕਾਰ ਨੂੰ ਇਹ ਯੋਜਨਾ ਮੁਲਤਵੀ ਕਰਨੀ ਪਈ ਸੀ।
ਯਾਦ ਰਹੇ ਕਿ ਹਾਲੇ ਪਿਛਲੇ ਸਾਲ ਹੀ ਜਦੋਂ ਕਰਨਾਟਕ ਸਰਕਾਰ ਨੇ ਇਹ ਫੈਸਲਾ ਕੀਤਾ ਸੀ ਕਿ 26 ਜਨਵਰੀ ਦੀ ਦਿੱਲੀ ਦੀ ਪਰੇਡ ਵਿੱਚ ਟੀਪੂ ਸੁਲਤਾਨ ਦੇ ਸਨਮਾਨ ’ਚ ਝਾਕੀ ਕੱਢੀ ਜਾਵੇਗੀ, ਉਦੋਂ ਵੀ ਇਨ੍ਹਾਂ ਤਾਕਤਾਂ ਨੇ ਉਸਦਾ ਵਿਰੋਧ ਕੀਤਾ ਸੀ। ਇੱਥੋਂ ਤੱਕ ਕਿ ਜਦੋਂ ਤਤਕਾਲੀ ਯੂ. ਪੀ. ਏ. ਸਰਕਾਰ ਨੇ ਸ਼੍ਰੀ ਰੰਗਪਟਨਮ, ਜਿੱਥੇ ਟੀਪੂ ਸ਼ਹੀਦ ਹੋਏ ਸਨ, ਵਿੱਚ ਉਨ੍ਹਾਂ ਦੇ ਨਾਂ ’ਤੇ ਇੱਕ ਕੇਂਦਰੀ ਯੂਨੀਵਰਸਿਟੀ ਖੋਲ੍ਹਣ ਦਾ ਮਤਾ ਪਾਸ ਕੀਤਾ ਸੀ, ਤਦ ਵੀ ਇਨ੍ਹਾਂ ਤਾਕਤਾਂ ਨੇ ਉਸਦਾ ਵਿਰੋਧ ਕੀਤਾ ਸੀ।
ਦੋ ਸਾਲ ਪਹਿਲਾਂ ਜਦੋਂ ਕਰਨਾਟਕ ਵਿੱਚ ਭਾਜਪਾ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਸੀ, ਉਦੋਂ ਭਾਜਪਾ ਦੇ ਇੱਕ ਹੋਰ ਮਹਾਂਰਥੀ ਨੇ ਟੀਪੂ ਦੀ ਤੁਲਨਾ ਅੰਗਰੇਜ਼ਾਂ ਨਾਲ ਕੀਤੀ ਸੀ ਅਤੇ ਉਨ੍ਹਾਂ ਵਾਂਗ ਟੀਪੂ ਨੂੰ ਵੀ “ਬਦੇਸ਼ੀ“ ਐਲਾਨ ਦਿੱਤਾ ਸੀ। (ਡੀ. ਐਨ. ਏ., 25 ਜਨਵਰੀ, 2013)
ਇਹ ਦੇਖਣਾ ਉਚਿੱਤ ਹੋਵਗਾ ਕਿ ਆਖਿਰ ਹਿੰਦੂਤਵੀ ਬਿ੍ਰਗੇਡ ਦੇ ਲੋਕ ਟੀਪੂ ਸੁਲਤਾਨ ਨੂੰ ਨਫ਼ਰਤ ਕਿਉਂ ਕਰਦੇ ਹਨ ਅਤੇ ਉਨ੍ਹਾਂ ਦੇ ਦੋਸ਼ਾਂ ਦਾ ਆਧਾਰ ਕੀ ਹੈ? ਪਰ ਇਸ ’ਤੇ ਰੌਸ਼ਨੀ ਪਾਉਣ ਤੋਂ ਪਹਿਲਾਂ ਇਹ ਜਾਨਣਾ ਠੀਕ ਰਹੇਗਾ ਕਿ ਕਿਸ ਤਰ੍ਹਾਂ ਅੰਗਰੇਜ਼ਾਂ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਦੇ ਤਹਿਤ ਇਤਿਹਾਸ ਦੀ ਭੰਨਤੋੜ ਦਾ ਕੰਮ ਟੀਪੂ ਸੁਲਤਾਨ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਇਸ ਸੰਦਰਭ ’ਚ ਅਸੀਂ ਰਾਜ ਸਭਾ ਵਿੱਚ ਦਿੱਤੇ ਗਏ ਪ੍ਰੋ. ਬੀ. ਐਨ. ਪਾਂਡੇ ਦੇ ਭਾਸ਼ਣ ਨੂੰ ਦੇਖ ਸਕਦੇ ਹਾਂ। ਜਿਹੜਾ ਉਨ੍ਹਾਂ ਨੇ 1977 ਵਿੱਚ ‘ਸਾਮਰਾਜਵਾਦ ਦੀ ਸੇਵਾ ਵਿੱਚ ਇਤਿਹਾਸ’ ਦੇ ਸਿਰਲੇਖ ਨਾਲ ਪੇਸ਼ ਕੀਤਾ ਸੀ। ਇਲਾਹਾਬਾਦ ਯੂਨੀਵਰਸਿਟੀ ਵਿੱਚ ਇਤਿਹਾਸ ਦੇ ਪ੍ਰੋਫੈਸਰ ਰਹੇ ਬੀ. ਐਨ. ਪਾਂਡੇ, ਜੋ ਬਾਅਦ ਵਿੱਚ ਉੜੀਸਾ ਦੇ ਰਾਜਪਾਲ ਵੀ ਬਣੇ, ਨੇ ਆਪਣੇ ਤਜ਼ਰਬਿਆਂ ਨੂੰ ਸਾਂਝਾ ਕੀਤਾ ਸੀ। ਆਪਣੇ ਭਾਸ਼ਣ ਵਿੱਚ 1928 ਦੀ ਇੱਕ ਘਟਨਾ ਦਾ ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਸੀ।
ਉਨ੍ਹਾਂ ਅਨੁਸਾਰ, “ਜਦੋਂ ਉਹ ਇਲਾਹਾਬਾਦ ਯੂਨੀਵਰਸਿਟੀ ’ਚ ਪ੍ਰੈਫੋਸਰ ਸਨ ਤਾਂ ਕੁੱਝ ਵਿਦਿਆਰਥੀ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਕਲਕੱਤਾ ਯੂਨੀਵਰਸਿਟੀ ਦੇ ਸੰਸਕਿ੍ਰਤ ਵਿਭਾਗ ਦੇ ਪ੍ਰੋਫੈਸਰ ਹਰ ਪ੍ਰਸ਼ਾਦ ਸ਼ਾਸ਼ਤਰੀ ਵੱਲੋਂ ਲਿਖੀ ਕਿਤਾਬ ਦਿਖਾਈ, ਜਿਸ ਵਿੱਚ ਦੱਸਿਆ ਗਿਆ ਸੀ ਕਿ ਟੀਪੂ ਨੇ ਤਿੰਨ ਹਜ਼ਾਰ ਬ੍ਰਾਹਮਣਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜ਼ਬੂਰ ਕੀਤਾ, ਨਹੀਂ ਤਾਂ ਉਨ੍ਹਾਂ ਨੂੰ ਮਾਰਨ ਦੀ ਧਮਕੀ ਦਿੱਤੀ। ਕਿਤਾਬ ਵਿੱਚ ਲਿਖਿਆ ਗਿਆ ਸੀ ਕਿ ਇਨ੍ਹਾਂ ਬ੍ਰਾਹਮਣਾਂ ਨੇ ਇਸਲਾਮ ਕਬੂਲ ਕਰਨ ਦੀ ਥਾਂ ਮੌਤ ਨੂੰ ਗਲੇ ਲਾਉਣ ਨੂੰ ਪਹਿਲ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰੋਫੈਸਰ ਹਰ ਪ੍ਰਸ਼ਾਦ ਨਾਲ ਸੰਪਰਕ ਕਰਕੇ ਇਹ ਜਾਨਣਾ ਚਾਹਿਆ ਕਿ ਇਸ ਦਾ ਆਧਾਰ ਕੀ ਹੈ? ਪ੍ਰੋਫੈਸਰ ਹਰਪ੍ਰਸ਼ਾਦ ਨੇ ਮੈਸੂਰ ਗੈਜ਼ੇਟੀਅਰ ਦਾ ਹਵਾਲਾ ਦਿੱਤਾ। ਉਸ ਤੋਂ ਬਾਅਦ ਪ੍ਰੋਫੈਸਰ ਪਾਂਡੇ ਨੇ ਮੈਸੂਰ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਪ੍ਰੋਫੈਸਰ ਸ਼੍ਰੀ ਕਾਂਤੱਈਆ ਨਾਲ ਸੰਪਰਕ ਕੀਤਾ, ਅਤੇ ਉਨ੍ਹਾਂ ਤੋਂ ਇਹ ਜਾਨਣਾ ਚਾਹਿਆ ਕਿ ਕੀ ਵਾਕਿਆ ਹੀ ਉਸ ਵਿੱਚ ਇਸ ਗੱਲ ਦਾ ਜ਼ਿਕਰ ਹੈ। ਪ੍ਰੋਫੈਸਰ ਸ਼੍ਰੀ ਕਾਂਤੱਇਆ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਸਰਾਸਰ ਝੂਠ ਹੈ, ਉਨ੍ਹਾਂ ਨੇ ਇਸ ਵਿਸ਼ੇ ’ਤੇ ਕੰਮ ਕੀਤਾ ਹੈ ਅਤੇ ਮੈਸੂਰ ਗੈਜ਼ੇਟੀਅਰ ਵਿੱਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਸਗੋਂ ਇਸ ਦੇ ਉਲਟ ਲਿਖਿਆ ਹੈ ਕਿ ਟੀਪੂ ਸੁਲਤਾਨ 156 ਹਿੰਦੂ ਮੰਦਰਾਂ ਨੂੰ ਸਾਲਾਨਾ ਦਾਨ ਦਿੰਦੇ ਸਨ ਅਤੇ ਸ਼ਰੰਗੇਰੀ ਦੇ ਸ਼ੰਕਰਾਚਾਰੀਆ ਦੀ ਵੀ ਨਿਯਮੱਤ ਮੱਦਦ ਕਰਦੇ ਸਨ।“
ਵਿਡੰਬਨਾ ਇਹ ਹੈ ਕਿ ਨੱਬੇ ਦੇ ਦਹਾਕੇ ਤੋਂ ਭਾਰਤੀ ਸਮਾਜ ਵਿਚਲੇ ਉਗਰ ਹਿੰਦੂਤਵੀ ਲੋਕ ਟੀਪੂ ਸੁਲਤਾਨ ਦੇ ਰੁਤਬੇ ਨੂੰ ਵਿਗਾੜਨ ਵਿੱਚ ਲੱਗੇ ਹੋਏ ਹਨ, ਜਿਸ ਦੀ ਸਾਜਿਸ਼ ਇਸ ਉਪ ਮਹਾਂਦੀਪ ਵਿੱਚ ਬਸਤੀਵਾਦੀ ਤਾਕਤਾਂ ਨੇ ਘੜੀ ਸੀ। ਬਿ੍ਰਟੇਲਬੇਂਕ ਕੇਟ (1999) ‘ਟੀਪੂ ਸੁਲਤਾਨ ’ਜ਼ ਸਰਚ ਫਾਰ ਲੈਜ਼ੇਟੀਮੇਸੀ, (ਦਿੱਲੀ: ਆਕਸਫੈਰਡ ਯੂਨੀਵਰਸਿਟੀ ਪ੍ਰੈਸ) ਵਿੱਚ ਵੀ ਟੀਪੂ ਸੁਲਤਾਨ ਵੱਲੋਂ ਹਿੰਦੂਆਂ ਤੇ ਈਸਾਈਆਂ ’ਤੇ ਕੀਤੇ ਗਏ ਕਥਿੱਤ ਜ਼ੁਲਮਾਂ ਬਾਰੇ ਲਿਖਿਆ ਹੈ। ਵੈਸੇ ਅਸੀਂ ਦੱਸ ਸਕਦੇ ਹਾਂ ਕਿ ਉਸ ਨੇ ਇਹਦੇ ਲਈ ਬਰਤਾਨਵੀ ਲੇਖਕਾਂ- ਕਿਕਰਪੈਟਿਕ ਤੇ ਵਲਿਕਸ-ਦੀਆਂ ਕਿਤਾਬਾਂ ਦੀ ਸਹਾਇਤਾ ਲਈ ਹੈ। ਦਰਅਸਲ ਲਾਰਡ ਕਾਰਲਵਾਲਿਸ ਅਤੇ ਰਿਚਰਡ ਵੇਲਸਲੀ ਦੇ ਪ੍ਰਕਾਸ਼ਨ ਹਾਊਸ ਨਾਲ ਨੇੜੇ ਤੋਂ ਜੁੜੇ ਇਨ੍ਹਾਂ ਲੇਖਕਾਂ ਨੇ ਟੀਪੂ ਸੁਲਤਾਨ ਦੇ ਖਿਲਾਫ਼ ਚੱਲੀਆਂ ਮੁਹਿੰਮਾਂ ਵਿੱਚ ਵੀ ਹਿੱਸਾ ਲਿਆ ਸੀ ਅਤੇ ਟੀਪੂ ਨੂੰ ਖੂੰਖਾਰ ਬਾਦਸ਼ਾਹ ਦਿਖਾਉਣਾ ਤੇ ਬਰਤਾਨਵੀਆਂ ਨੂੰ ‘ਮੁਕਤੀ-ਦਾਤਾ’ ਵੱਜੋਂ ਪੇਸ਼ ਕਰਨ ਵਿੱਚ ਉਨ੍ਹਾਂ ਦਾ ਹਿੱਤ ਸੀ।
ਆਪਣੀ ਰਚਨਾ ‘ਦ ਹਿਸਟਰੀ ਆਫ ਟੀਪੂ ਸੁਲਤਾਨ/1971’/ਸਫ਼ਾ 368, ਮੋਹਿਬੁਲ ਹਸਨ ਟੀਪੂ ਦੇ ਇਸ ‘ਦਾਨਵੀਕਰਨ’ ਬਾਰੇ ਵਧੇਰੇ ਚਾਨਣਾ ਪਾਉਂਦੇ ਹਨ। ਉਹ ਲਿਖਦੇ ਹਨ:-
ਆਖ਼ਿਰ ਟੀਪੂ ਨੂੰ ਕਿੰਨ੍ਹਾਂ ਕਾਰਨਾਂ ਕਰਕੇ ਬਦਨਾਮ ਕੀਤਾ ਗਿਆ ਇਹ ਜਾਨਣਾ ਮੁਸ਼ਕਿਲ ਨਹੀਂ। ਅੰਗਰੇਜ਼ ਉਨ੍ਹਾਂ ਪ੍ਰਤੀ ਪੂਰਵ-ਧਾਰਨਾਵਾਂ ਨਾਲ ਭਰੇ ਹੋਏ ਸਨ ਕਿਉਂਕਿ ਉਹ ਉਸ ਨੂੰ ਆਪਣਾ ਸਭ ਤੋਂ ਤਾਕਤਵਾਰ ਅਤੇ ਨਿਡਰ ਦੁਸ਼ਮਣ ਸਮਝਦੇ ਸਨ ਅਤੇ ਹੋਰਨਾਂ ਭਾਰਤੀ ਸ਼ਾਸ਼ਕਾਂ ਦੇ ਉਲਟ ਉਸਨੇ ਅੰਗਰੇਜ਼ ਕੰਪਨੀ ਦੀ ਸ਼ਰਨ ’ਚ ਆਉਣ ਤੋਂ ਨਾਂਹ ਕਰ ਦਿੱਤੀ ਸੀ। ਉਸ ਦੇ ਖਿਲਾਫ਼ ਜਿਨ੍ਹਾਂ ਜ਼ੁਲਮਾਂ ਨੂੰ ਜ਼ੋੜਿਆ ਜਾਂਦਾ ਹੈ ਉਹ ਕਹਾਣੀਆਂ ਉਨ੍ਹਾਂ ਲੋਕਾਂ ਨੇ ਘੜੀਆਂ ਸਨ ਜਿਹੜੇ ਉਸ ਨਾਲ ਨਾਰਾਜ਼ ਸਨ ਜਾਂ ਉਸਦੇ ਹੱਥੋਂ ਹੋਈ ਹਾਰ ਦੇ ਬਂੌਦਲਾਏ ਸਨ ਜਾਂ ਯੁੱਧ ਦੇ ਉਨ੍ਹਾਂ ਕੈਦੀਆਂ ਨੇ ਬਿਆਨੀਆਂ ਸਨ ਜਿਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਨੂੰ ਜਿਹੜੀ ਸਜ਼ਾ ਮਿਲੀ ਉਹ ਜਾਇਜ਼ ਨਹੀਂ ਸੀ। ਕੰਪਨੀ ਸਰਕਾਰ ਨੇ ਉਸ ਦੇ ਖਿਲਾਫ਼ ਜਿਹੜਾ ਹਮਲਾਵਾਰ ਯੁੱਧ ਛੇੜਿਆ ਸੀ, ਉਸ ਨੂੰ ਜਾਇਜ਼ ਠਹਿਰਾਉਣ ਲਈ ਵੀ ਟੀਪੂ ਦੀ ਗਲਤ ਤਸਵੀਰ ਪੇਸ਼ ਕੀਤੀ। ਇਸ ਤੋਂ ਛੁੱਟ ਉਸ ਦੀਆਂ ਪ੍ਰਾਪਤੀਆਂ ਨੂੰ ਜਾਣ-ਬੁੱਝ ਕੇ ਘਟਾ ਕੇ ਵੇਖਿਆ ਗਿਆ ਅਤੇ ਉਸ ਦੇ ਚਰਿੱਤਰ ਨੂੰ ਚੇਤੰਨ ਰੂਪ ’ਚ ਇੱਕ ਖਲਨਾਇਕ ਦੇ ਰੂਪ ’ਚ ਪੇਸ਼ ਕੀਤਾ ਗਿਆ ਤਾਂ ਕਿ ਮੈਸੂਰ ਦੇ ਲੋਕ ਉਸ ਨੂੰ ਭੁੱਲ ਜਾਣ ਅਤੇ ਨਵਾਂ ਨਿਜ਼ਾਮ ਮਜ਼ਬੂਤ ਹੋ ਸਕੇ।
ਦਰਅਸਲ ਇਤਿਹਾਸ ਦੀ ਇਹ ਇੱਕ ਪਾਸੜ ਪੇਸ਼ਕਾਰੀ ਮਹਿਜ਼ ਟੀਪੂ ਨੂੰ ਲੈ ਕੇ ਹੀ ਨਹੀਂ ਹੈ। ਜੇਕਰ ਅਸੀਂ ਡੂੰਘਾਈ ’ਚ ਜਾਈਏ ਤਾਂ ਅਸੀਂ ਪਾਵਾਂਗੇ ਕਿ ਜਿਸ ਤਰ੍ਹਾਂ ਬਸਤੀਵਾਦੀ ਇਤਿਹਾਸਕਾਰਾਂ ਨੇ ਭਾਰਤੀ ਇਤਿਹਾਸ ਨੂੰ ਜਿਵੇਂ ਸਮਝਿਆ ਤੇ ਪੇਸ਼ ਕੀਤਾ ਅਤੇ ਜਿਸ ਤਰ੍ਹਾਂ ਫਿਰਕੂ ਤੱਤਾਂ ਨੇ ਆਪਣੀ ਸਹੂਲੀਅਤ ਲਈ ਇਸ ਨੂੰ ਵਰਤਿਆ, ਉਸ ਵਿੱਚ ਅੰਦਰੂਨੀ ਰੂਪ ’ਚ ਡੂੰਘਾ ਸਬੰਧ ਹੈ। ਆਪਣੀ ਚਰਚਿਤ ਪੁਸਤਕ ‘ਦ ਹਿਸਟਰੀ ਆਫ ਬਿ੍ਰਟਿਸ਼ ਇੰਡੀਆ’ ਵਿੱਚ ਜੇਮਜ਼ ਮਿਲ ਨੇ ਭਾਰਤੀ ਇਤਿਹਾਸ ਨੂੰ ਤਿੰਨ ਕਾਲ-ਖੰਡਾਂ ਵਿੱਚ ਵੰਡਿਆ ਸੀ, ਹਿੰਦੂ, ਮੁਸਲਿਮ ਤੇ ਬਿ੍ਰਟਿਸ਼। ਇਹ ਸਮੱਸਿਆਗ੍ਰਸਤ ਪੇਸ਼ਕਾਰੀ ਨਾ ਸਿਰਫ਼ ਬੁੱਧ/ਜੈਨ ਤੇ ਹੋਰ ਪ੍ਰੰਪਰਾਵਾਂ, ਸਮੂਹਾਂ ਦੇ ਯੋਗਦਾਨ ਨੂੰ ਗਾਇਬ ਕਰ ਦਿੰਦੀ ਹੈ ਸਗੋਂ ਇਹ ਬੀਤੇ ਕਾਲ-ਵੰਡ ਦੇ ਪ੍ਰਤੀ ਬਹੁਤ ਸਮਰੂਪ ਦਿ੍ਰਸ਼ਟੀਕੋਣ ਪੇਸ਼ ਕਰਦੀ ਹੈ, ਗੋਇਆ ਤਤਕਾਲੀ ਸਮਾਜ ’ਚ ਹੋਰ ਕੋਈ ਵੰਡ-ਵਖਰੇਵੇਂ ਨਾ ਹੋੋਣ। ਆਪਣੀ ਇੱਕ ਮੁਲਾਕਾਤ ਵਿੱਚ ਪ੍ਰੋਫੈਸਰ ਡੀ. ਐਨ. ਝਾਅ ਇਸ ਪ੍ਰਸੰਗ ’ਤੇ ਰੌਸ਼ਨੀ ਪਾਉਂਦੇ ਹਨ:-
ਜਦੋਂ ਮਜੂਮਦਾਰ ਨੇ ਭਾਰਤੀ ਇਤਿਹਾਸ ਬਾਰੇ ਕਈ ਖੰਡਾਂ ਵਿੱਚ ਗ੍ਰੰਥ ਪ੍ਰਕਾਸ਼ਿਤ ਕੀਤਾ ਉਦੋਂ ਉਨ੍ਹਾਂ ਨੇ “ਹਿੰਦੂ ਕਾਲ“ ’ਤੇ ਵਧੇਰੇ ਧਿਆਨ ਦਿੱਤਾ ਅਤੇ ਇਸ ਤਰ੍ਹਾਂ ਮੁੜ-ਸੁਰਜੀਤੀਕਰਨ ਤੇ ਫਿਰਕਾਪ੍ਰਾਸਤੀ ਨੂੰ ਹਵਾ ਦਿੱਤੀ। ਇਨ੍ਹਾਂ ਬਸਤੀਵਾਦੀ ਇਤਿਹਾਸਕਾਰਾਂ ਨੇ ਜਿਹੜਾ ਫਿਰਕਾਪ੍ਰਸਤ ਇਤਿਹਾਸ ਘੜਿਆ ਉਸ ਨੇ ਇਸ ਨਜ਼ਰੀਏ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਕਿ ਮੁਸਲਮਾਨ ‘ਬਦੇਸ਼ੀ’ ਹਨ ਅਤੇ ਹਿੰਦੂ “ਸਥਾਨਕ ਵਸਨੀਕ“ ਹਨ।
ਆਜ਼ਾਦੀ ਤੋਂ ਬਾਅਦ ਦਾ ਇਤਿਹਾਸ ਲੇਖਨ, ਜਿਸ ਨੇ ਬਸਤੀਵਾਦ ਕਾਲ ਦੇ ਲੇਖਨ ਵਿੱਚੋਂ ਬਹੁਤ ਕੁੱਝ ਲਿਆ, ਉਸਨੇ “ਮਹਾਨ ਭਾਰਤੀ ਅਤੀਤ“ ਦੀ ਗੱਲ ਕੀਤੀ। ਰਾਸ਼ਟਰੀ ਸਵੈਮਸੇਵਕ ਸੰਘ ਤੇ ਉਸਦੇ ਵਿਚਾਰਕ ਇਸੇ “ਮਹਾਨ ਭਾਰਤ“ ਦੀ ਦਿੱਖ ਨੂੰ ਪ੍ਰਚਾਰਿਤ ਕਰਨ ’ਚ ਜੁਟੇ ਹਨ। ਪੋ੍ਰ. ਡੀ. ਐਨ. ਝਾਅ ਅੱਗੇ ਦੱਸਦੇ ਹਨ:-
ਰਾਸ਼ਟਰੀ ਸਵੈਮਸੇਵਕ ਸੰਘ ਦੀ ਮੁਸਲਿਮ ਵਿਰੋਧੀ ਸਮਝਦਾਰੀ ਐਚ. ਐਮ. ਇਲੀਅਟ ਤੇ ਜਾਨ ਡਾਸ਼ਨ ਵਰਗੇ ਬਸਤੀਵਾਦੀ ਇਤਿਹਾਸਕਾਰਾਂ ਦੀ ਦੇਣ ਹੈ ਜਿਨ੍ਹਾਂ ਨੇ ‘ਦ ਹਿਸਟਰੀ ਆਫ ਇੰਡੀਆ ਐਜ਼ ਟੋਲਡ ਬਾਇ ਇਟਸ ਓਨ ਹਿਸਟੋਰੀਅਨਜ਼’ ਵਰਗੀ ਕਿਤਾਬ ਨੂੰ ਸੂਤਰਬੱਧ ਕੀਤਾ। ਉਨ੍ਹਾਂ ਨੇ ਮੁਸਲਿਮਾਂ ਦੀ ਨਿੰਦਾ ਕੀਤੀ, ਇਹ ਕਿਹਾ ਕਿ ਉਨ੍ਹਾਂ ਨੇ ਮੰਦਰਾਂ ਦਾ ਵਿਨਾਸ਼ ਕੀਤਾ ਅਤੇ ਹਿੰਦੂਆਂ ਨੂੰ ਦੰਡ ਦਿੱਤੇ। ਇਲੀਅਟ ਦੇ ਸੂਤਰੀਕਰਨ ਦਾ ਅਸਲੀ ਮਕਸਦ ਸੀ 19 ਵੀਂ ਸਦੀ ਦੇ ਲੋਕਾਂ ਵਿੱਚ ਫਿਰਕਾਪ੍ਰਸਤੀ ਦੀ ਜ਼ਹਿਰ ਭਰਨਾ।
ਹੁਣ ਇਹ ਗੱਲ ਇਤਿਹਾਸ ਬਣ ਚੁੱਕੀ ਹੈ ਕਿ ਬਸਤੀਵਾਦੀਆਂ ਨੇ ਕਿਵੇਂ ਆਪਣੇ ਸਾਮਰਾਜੀ ਹਿੱਤਾਂ ਨੂੰ ਪੱਠੇ ਪਾਉਣ ਲਈ ਸਾਡੇ ਇਤਿਹਾਸ ਨੂੰ ਵਿਗਾੜਿਆ, ਸਾਡੀਆਂ ਬਗਾਵਤਾਂ ਨੂੰ ਘਟਾ ਕੇ ਅੰਗਿਆ, ਸਾਡੇ ਨਾਇਕਾਂ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ, ਸਾਡੇ ਸੁਤੰਤਰਤਾ ਸੰਗਰਾਮੀਆਂ ਨੂੰ ਲੁਟੇਰੇ, ਅੱਤਵਾਦੀ ਕਿਹਾ।
ਰਾਸ਼ਟਰੀ ਸਵੈਮਸੇਵਕ ਸੰਘ ਵਰਗੇ ਸੰਗਠਨ ਲਈ, ਜਿਸ ਨੇ ਬਸਤੀਵਾਦ ਵਿਰੋਧੀ ਸੰਘਰਸ਼ ਤੋਂ ਦੂਰੀ ਬਣਾਈ ਰੱਖੀ ਅਤੇ ਜੋ ਦਰਅਸਲ ਅੰਗਰੇਜ਼ਾਂ ਵਿਰੁੱਧ ਖੜ੍ਹੀ ਹੋ ਰਹੀ ਜਨਤਾ ਦੀ ਵਿਆਪਕ ਏਕਤਾ ਨੂੰ ਤੋੜਨ ਵਿੱਚ ਮਸ਼ਗੂਲ ਸੀ, ਉਸ ਵੱਲੋਂ ਟੀਪੂ ਸੁਲਤਾਨ ਨੂੰ ਲੈ ਕੇ ਜੋ ਇਤਰਾਜ਼ ਉਠਾਏ ਜਾ ਰਹੇ ਹਨ, ਉਸ ਵਿੱਚ ਕੁੱਝ ਵੀ ਹੈਰਾਨੀਜਨਕ ਨਹੀਂ ਹੈ। ਦਰਅਸਲ ਟੀਪੂ ਸੁਲਤਾਨ ਨੂੰ ਬਦਨਾਮ ਕਰਕੇ, ਜਿਨ੍ਹਾਂ ਦਾ ਪੂਰੇ ਭਾਰਤ ਦੇ ਲੋਕਾਂ ’ਚ ਵਿਆਪਕ ਸਤਿਕਾਰ ਹੈ, ਉਨ੍ਹਾਂ ਨੂੰ ਇਹੋ ਲੱਗਦਾ ਹੈ ਕਿ ਉਹ ਅੰਗਰੇਜ਼ਾਂ ਵਿਰੋਧੀ ਸੰਘਰਸ਼ ਵਿੱਚ ਆਪਣੀ ਸ਼ਰਮਨਾਕ ਭੂਮਿਕਾ ’ਤੇ ਚਰਚਾ ਤੋਂ ਬਚ ਰਹਿਣਗੇ। ਪਰ ਕੀ ਉਨ੍ਹਾਂ ਤਮਾਮ ਦਸਤਾਵੇਜ਼ੀ ਸਬੂਤਾਂ ਨੂੰ ਭੁਲਾਇਆ ਜਾ ਸਕਦਾ ਹੈ ਜਿਹੜੇ ਇਸ ਕੌੜੀ ਸੱਚਾਈ ਨੂੰ ਉਜ਼ਾਗਰ ਕਰਦੇ ਹਨ ਕਿ ਹੈਡਗੇਵਾਰ-ਸੰਘ ਦੇ ਸੰਸਥਾਪਕ ਮੈਂਬਰ ਅਤੇ ਗੋਲਵਾਲਕਰ, ਜੋ ਉਸ ਦੇ ਪ੍ਰਮੁੱਖ ਵਿਚਾਰਕ ਰਹੇ ਹਨ- ਜਿਨ੍ਹਾਂ ਨੇ ਸੰਗਠਨ ਨੂੰ ਅਸਲੀ ਰੂਪ ਦਿੱਤਾ, ਉਨ੍ਹਾਂ ਨੇ ਸਮੇਂ-ਸਮੇਂ ’ਤੇ ਸੰਘ ਦੇ ਮੈਂਬਰਾਂ ਨੂੰ ਬਰਤਾਨੀਆ ਵਿਰੋਧੀ ਸੰਘਰਸ਼ ਵਿੱਚ ਸ਼ਾਮਲ ਹੋਣ ਤੋਂ ਰੋਕਿਆ।
ਕੀ ਇਸ ਗੱਲ ਨੂੰ ਕੋਈ ਭੁਲਾ ਸਕਦਾ ਹੈ ਕਿ ਵਿਨਾਇਕ ਦਾਮੋਦਰ ਸਾਵਰਕਰ, ਜੋ ਸੰਘ ਦੇ ਪੂਜਨਯੋਗ ਲੋਕਾਂ ’ਚ ਸ਼ੁਮਾਰ ਹੈ, ਨੇ ਉਸ ਵਕਤ ਅੰਗਰੇਜ਼ਾਂ ਦੀ ਫੌਜ਼ ਵਿੱਚ ਹਿੰਦੂਆਂ ਦੀ ਭਰਤੀ ਦੀ ਮੁਹਿੰਮ ਚਲਾਈ, ਜਦੋਂ ‘ਭਾਰਤ ਛੱਡੋ’ ਅੰਦੋਲਨ ਦੇ ਦਿਨਾਂ ਵਿੱਚ ਅੰਗਰੇਜ਼ ਹਕੂਮਤ ਨੂੰ ਜਬਰਦਸਤ ਚੁਣੌਤੀ ਦਰਪੇਸ਼ ਸੀ। ਉਸ ਦਾ ਨਾਅਰਾ ਸੀ ‘ਫੌਜ ਦਾ ਹਿੰਦੂਕਰਨ ਕਰੋ-ਹਿੰਦੂਆਂ ਦਾ ਫੌਜੀਕਰਨ ਕਰੋ’। ਇਹ ਉਹੋ ਸਮਾਂ ਸੀ ਜਦੋਂ ਸੁਭਾਸ਼ ਚੰਦਰ ਬੋਸ ਦੀ ਅਗਵਾਈ ’ਚ ਬਣੀ ਆਜ਼ਾਦ ਹਿੰਦ ਫੌਜ਼ ਅੰਗਰੇਜ਼ੀ ਫੌਜ਼ਾਂ ਨਾਲ ਲੋਹਾ ਲੈ ਰਹੀ ਸੀ। ਇੰਨਾਂ ਹੀ ਨਹੀਂ ਇਹ ਉਹੋਂ ਸਮਾਂ ਸੀ ਜਦੋਂ ਹਿੰਦੂ ਮਹਾਂਸਭਾ ਅਤੇ ਹੋਰ ਹਿੰਦੂਵਾਦੀ ਸੰਗਠਨ ਬੰਗਾਲ ਤੇ ਉੱਤਰ-ਪੱਛਮੀ ਸੂਬਿਆਂ ਵਿੱਚ ਮੁਸਲਿਮ ਲੀਗ ਨਾਲ ਸਾਂਝੀਆਂ ਸਰਕਾਰਾਂ ਚਲਾ ਰਹੇ ਸਨ। ਸੰਘ-ਭਾਜਪਾ ਦੇ ਇੱਕ ਹੋਰ ਰਤਨ ਸਿਆਮਾ ਪ੍ਰਸ਼ਾਦ ਮੁਖਰਜੀ, ਜਿਸ ਨੇ ਸੰਘ ਦੀ ਸਹਾਇਤਾ ਨਾਲ ਬਾਅਦ ਵਿੱਚ ਭਾਰਤੀ ਜਨ ਸੰਘ ਦੀ ਸਥਾਪਨਾ ਕੀਤੀ ਸੀ, ਨੇ ਉਨ੍ਹਾਂ ਦਿਨਾਂ ਵਿੱਚ ਹਿੰਦੂ ਮਹਾਂਸਭਾ ਦਾ ਮੈਂਬਰ ਹੋਣ ਦੇ ਨਾਂ ’ਤੇ ਮੁਸਲਿਮ ਲੀਗ ਦੇ ਸ਼ਹੀਦ ਸੁਰਹਾਵਰਦੀ ਦੀ ਅਗਵਾਈ ’ਚ ਬਣੇ ਮੰਤਰੀ ਮੰਡਲ ਵਿੱਚ ਮੰਤਰੀ ਪਦ ਸੰਭਾਲਿਆ ਸੀ। ਸਪਸ਼ਟ ਹੈ ਕਿ ਜਦੋਂ ਬਸਤੀਵਾਦੀ ਤਾਕਤਾਂ ਨਾਲ ਲੜਨ ਦਾ ਮੌਕਾ ਸੀ, ਉਦੋਂ ਕੇਸਰੀਆ ਪਲਟਨ ਦੇ ਲੋਕ ਉਸ ਤੋਂ ਦੂਰੀ ਬਣਾ ਰਹੇ ਸਨ ਅਤੇ ਜਦੋਂ ਲੋਕਾਂ ਦੇ ਤੂਫਾਨੀ ਸੰਘਰਸ਼ਾਂ ਦੇ ਸਦਕਾ ਬਰਤਾਨਵੀ ਹਕੂਮਤ ਦੀ ਵਾਜਬੀਅਤ ’ਤੇ ਸੁਆਲ ਖੜ੍ਹੇ ਹੋ ਰਹੇ ਸਨ, ਕਾਂਗਰਸ ਤੇ ਬਾਕੀ ਸਭ ਪਾਰਟੀਆਂ ਨੇ ਦੇਸ਼ ਦੇ ਸਾਰੇ ਸੂਬਿਆਂ ਦੀਆਂ ਸਰਕਾਰਾਂ ਵਿੱਚੋਂ ਅਸਤੀਫੇ ਦੇ ਦਿੱਤੇ ਸਨ, ਉਦੋਂ ਮੁਸਲਿਮ ਲੀਗ ਤੇ ਹਿੰਦੂਵਾਦੀ ਸੰਗਠਨ ਉਸਦੀ ਪਾਲਕੀ ਸਜਾਉਣ ’ਚ ਮਸ਼ਰੂਫ ਸਨ।
ਟੀਪੂ ਸੁਲਤਾਨ ਦੀਆਂ ਕੁਰਬਾਨੀਆਂ ਤੇ ਉਸਦੀ ਦੂਰ-ਅੰਦੇਸ਼ੀ ’ਤੇ ਸਵਾਲ ਖੜ੍ਹੇ ਕਰਨ ਦਾ ਇਹ ਸਿਲਸਲਾ ਇੱਕ ਤਰ੍ਹਾਂ ਨਾਲ ਹਿੰਦੂਤਵੀ ਬਿ੍ਰਗੇਡ ਦੇ ਸਾਹਮਣੇ ਇੱਕ ਹੋਰ ਤਰ੍ਹਾਂ ਦੇ ਦਵੰਦ ਨੂੰ ਪੇਸ਼ ਕਰਦਾ ਹੈ। ਮਿਸਾਲ ਵੱਜੋਂ ਹਿੰਦੂਤਵੀ ਤਾਕਤਾਂ ਵਿੱਚ ਹਰਮਨ ਪਿਆਰੇ ਮੰਨੇ ਜਾਣ ਵਾਲੇ ਇੱਕ ਹੋਰ ਰਾਜੇ ਦੇ ਬਾਰੇ ’ਚ ਇਹ ਪ੍ਰਸਿੱਧ ਹੈ ਕਿ ਉਸਦੀਆਂ ਫੌਜਾਂ ਨੇ ਸੂਰਤ- ਜੋ ਉਨ੍ਹੀਂ ਦਿਨੀਂ ਵਪਾਰਕ ਕੇਂਦਰ ਸੀ- ਦੋ ਵਾਰ ਲੁੱਟਿਆ, ਤਾਂ ਕੀ ਫਿਰ ਉਹ ਉਸ ਨੂੰ ਲੁਟੇਰੇ ਦੀ ਕਤਾਰ ’ਚ ਖੜ੍ਹਾਉਣ ਲਈ ਤਿਆਰ ਹਨ? ਟੀਪੂ ਨੂੰ ਧਾਰਮਿਕ ਕੱਟੜਪੰਥੀ ਕਹਿਣ ਵਾਲੇ ਲੋਕ ਪੇਸ਼ਵਾਵਾਂ ਦੀ ਅਗਵਾਈ ’ਚ ਮਰਾਠਿਆਂ ਵੱਲੋਂ ਸ਼ਰੰਗੇਜ਼ੀ ਦੇ ਸ਼ੰਕਰਚਾਰੀਆ ਦੇ ਮੱਠ ਤੇ ਮੰਦਰ ਉੱਤੇ ਕੀਤੇ ਹਮਲੇ ਨੂੰ ਲੈ ਕੇ ਉਨ੍ਹਾਂ ਨੂੰ ਕਿਸ ਤਰ੍ਹਾਂ ਸੰਬੋਧਿਤ ਕਰਨ ਲਈ ਤਿਆਰ ਹਨ? ਜੇਕਰ ਇਤਿਹਾਸ ਦੇ ਪੰਨਿਆਂ ਨੂੰ ਪਲਟਾਂਗੇ ਤਾਂ ਅਸੀਂ ਪਾਵਾਂਗੇ ਕਿ ਅਜਿਹੀਆਂ ਘਟਨਾਵਾਂ ਅਪਵਾਦ ਨਹੀਂ ਸਨ, ਇਹ ਸਮਝ ਆ ਜਾਵੇਗਾ ਕਿ ਹਿੰਦੂ ਰਾਜਿਆਂ ਵੱਲੋਂ ਦੌਲਤ ਦੇ ਲਾਲਚ ਵਿੱਚ ਮੰਦਰਾਂ, ਮੱਠਾਂ ’ਤੇ ਕੀਤੇ ਹਮਲੇ ਅਤੇ ਕੀਤੀ ਲੁੱਟਮਾਰ ਦੀਆਂ ਘਟਨਾਵਾਂ ਕਈ ਪੰਨਿਆਂ ’ਤੇ ਖਿੱਲਰੀਆਂ ਪਈਆਂ ਹਨ। ਟੀਪੂ ਸੁਲਤਾਨ ਨੂੰ ਵਿਵਾਵਿਤ ਬਨਾਉਣ ’ਚ ਮਸ਼ਰੂਫ ਇਹ ਤਾਕਤਾਂ ਆਖਿਰ ਉਨ੍ਹਾਂ ਪੇਸ਼ਵਿਆਂ ਬਾਰੇ ਕੀ ਸੋਚਦੀਆਂ ਹਨ, ਜਿਹੜੇ ਇੱਕ ਕਿਸਮ ਦੀ ਮਨੂਵਾਦੀ ਹਕੂਮਤ ਚਲਾ ਰਹੇ ਸਨ ਜਿੱਥੇ ਦਲਿਤਾਂ ਨੂੰ ਆਪਣੇ ਗਲਾਂ ਵਿੱਚ ਮਿੱਟੀ ਦਾ ਘੜਾ ਪਾ ਕੇ ਚੱਲਣਾ ਪੈਂਦਾ ਸੀ ਤਾਂ ਕਿ ਉਨ੍ਹਾਂ ਦਾ ਥੁੱਕ ਵੀ ਕਿਤੇ ਰਸਤੇ ਵਿੱਚ ਡਿੱਗ ਕੇ ਬ੍ਰਾਹਮਣਾਂ ਨੂੰ ‘ਅਛੂਤ’ ਨਾ ਬਣਾ ਦੇਵੇ।
ਅਸੀਂ ਅਖੰਡ ਭਾਰਤ ਮਾਤਾ ਅਤੇ ਗੌਂਡਸੇ ਜੀ ਦੇ ਮੰਦਰ ਦੀ ਆਧਾਰਸ਼ਿਲਾ 30 ਜਨਵਰੀ ਨੂੰ ਰੱਖਣਾ ਚਾਹੁੰਦੇ ਹਾਂ, ਜਿਸ ਨੂੰ ਸੀਤਾਪੁਰ ਵਿੱਚ ਬਣਾਇਆ ਜਾਵੇਗਾ। ਅਸੀਂ ਹਿੰਦੂ ਰਾਸ਼ਟਰ ਬਨਾਉਣਾ ਚਾਹੰੁਦੇ ਹਾਂ ਅਤੇ ਅਖੰਡ ਭਾਰਤ ਸਾਡਾ ਨਿਸ਼ਾਨਾ ਹੈ। ਅਸੀਂ ਉਨ੍ਹਾਂ ਦੀਆਂ ਅਸਥੀਆਂ ਤਦ ਹੀ ਵਿਸਰਜਿਤ ਕਰਾਂਗੇ ਜਦੋਂ ਉਸਦੇ ਨਿਸ਼ਾਨੇ ਨੂੰ ਪੂਰਾ ਕਰਾਂਗੇ। (ਹਿੰਦੂ ਮਹਾਂ ਸਭਾ ਦੇ ਕਾਰਜ਼ਕਾਰੀ ਪ੍ਰਧਾਨ ਕਮਲੇਸ਼ ਤਿਵਾੜੀ ਨੇ ਹੈੱਡਲਾਨਈਜ਼ ਟੂਡੇ ਨੂੰ ਕਿਹਾ)।
ਟੀਪੂ ਸੁਲਤਾਨ ਨੂੰ ਨਫਰਤ ਕਰਨ ਦੀ ਇਹ ਬਿਮਾਰੀ-ਜੋ ਸੰਘ ਤੇ ਉਸਦੇ ਲਾਣੇ ਸਮੇਤ ਹੋਰ ਕੱਟੜਪੰਥੀ ਸੰਗਠਨਾਂ ਵਿੱਚ ਦਿਖਾਈ ਦਿੰਦੀ ਹੈ ਅਤੇ ਆਏ ਦਿਨ ਉਛਲ-ਕੁੱਦ ਕਰਦੀ ਰਹਿੰਦੀ ਹੈ, ਉਸ ਨੂੰ ਆਜ਼ਾਦ ਭਾਰਤ ਦੇ ਪਹਿਲੇ ਅੱਤਵਾਦੀ ਨੱਥੂਰਾਮ ਗੌਂਡਸੇ ਦੇ ਵੱਧਦੇ ਗੁਣ-ਗਾਣ ਦੇ ਪਿਛੋਖੜ ’ਚ ਦੇਖਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਆਰ. ਐਸ. ਐਸ. ਤੋਂ ਆਪਣਾ ਸਿਆਸੀ ਜੀਵਨ ਸ਼ੁਰੂ ਕਰਨ ਵਾਲੇ ਇਸ ਅੱਤਵਾਦੀ ਦੇ ਕਾਰਨਾਮੇ ਨੂੰ ਲੈ ਕੇ ਅਤੇ ਉਸ ਦੇ ਗੁਣ-ਗਾਣ ਨੂੰ ਲੈ ਕੇ ਸੰਘ ਪਰਿਵਾਰ ਨੇ ਹਾਲੇ ਵੀ ਮੌਨ ਧਾਰਿਆ ਹੋਇਆ ਹੈ। ਪਰ ਕਈ ਵਾਰ ਅਜਿਹੇ ਮੌਕੇ ਆਉਂਦੇ ਹਨ ਜਦੋਂ ਇਹ ਮੌਨ ਟੁੱਟਦਾ ਹੈ ਅਤੇ ਹਕੀਕਤ ਸਾਹਮਣੇ ਆਉਂਦੀ ਹੈ।
ਮਿਸਾਲ ਦੇ ਤੌਰ ’ਤੇ ਪਾਰਲੀਮੈਂਟ ਦੇ ਸਰਦ ਰੁੱਤ ਸਮਾਗਮ ਦੇ ਦਿਨਾਂ ਵਿੱਚ, ਭਾਜਪਾ ਦੇ ਐਮ.ਪੀ. ਸਾਕਸ਼ੀ ਮਹਾਰਾਜ ਨੇ ਗੌਂਡਸੇ ਨੂੰ ਰਾਸ਼ਟਰਵਾਦੀ ਤੇ ਦੇਸ਼ ਭਗਤ ਕਹਿ ਕੇ ਹੰਗਾਮਾ ਖੜ੍ਹਾ ਕਰ ਦਿੱਤਾ ਸੀ। ਅਕਤੂਬਰ ਵਿੱਚ ਹੀ ਸੰਘ ਦੇ ਮਲਿਆਲਮ ਭਾਸ਼ਾ ਦੇ ਮੁੱਖ-ਪੱਤਰ ਵਿੱਚ ਸੰਘ ਦੇ ਇੱਕ ਉਚ ਆਗੂ ਨੇ ਇਹ ਲਿਖਿਆ ਸੀ ਕਿ ਗੌਡਸੇ ਨੂੰ ਗਾਂਧੀ ਦੀ ਥਾਂ ਨਹਿਰੂ ਨੂੰ ਮਾਰਨਾ ਚਾਹੀਦਾ ਸੀ। ਇਹ ਲੇਖਕ ਹੋਰ ਕੋਈ ਨਹੀਂ ਸੀ ਭਾਜਪਾ ਦੀ ਟਿਕਟ ’ਤੇ ਚੋਣ ਲੜ ਚੁੱਕਿਆ ਸਖਸ਼ ਸੀ ਅਤੇ ਜਿਵੇਂ ਕਿ ਉਮੀਦ ਸੀ ਸੰਘ ਨੇ ਗੌਡਸੇ ਦੇ ਇਸ ਖੁੱਲ੍ਹੇ ਸਮਰਥਕ ਨੂੰ ਡਾਂਟਿਆ ਵੀ ਨਹੀਂ ਸੀ।
ਹੁਣ ਜਦੋਂ ਕਿ ਗੌਡਸੇ ਵਰਗੇ ਅੱਤਵਾਦੀ ਦੇ ਨਾਂ ’ਤੇ ਬਣੇ ਮੰਦਰਾਂ ਨੂੰ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਬਨਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਤਾਂ ਇਸ ਗੱਲ ’ਤੇ ਨਵੇਂ ਸਿਰੇ ਤੋਂ ਵਿਚਾਰ ਕਰਨਾ ਉਚਿਤ ਹੋਵੇਗਾ ਕਿ ਗੌਡਸੇ ਵੱਲੋਂ ਰਚੀ ਸਾਜਿਸ਼ ਦੇ ਅਸਲੀ ਸੂਤਰਧਾਰ ਸਾਵਰਕਰ ਭਰਾ ਸਨ। ਜੀਵਨ ਲਾਲ ਕਪੂਰ ਕਮਿਸ਼ਨ ਨੇ, ਜਿਸ ਨੇ ਗਾਂਧੀ ਦੇ ਕਤਲ ਨੂੰ ਲੈ ਕੇ ਨਵੇਂ ਸਬੂਤ ਜੁਟਾਏ ਸਨ, ਉਸਨੇੇ ਇਸ ਅਹਿਮ ਸਾਜ਼ਿਸ ਨੂੰ ਵੀ ਨੰਗਾ ਕੀਤਾ ਹੈ।
‘ਗੌਡਸੇ ਦੇ ਗੁਣ-ਗਾਣ’ ਦਾ ਇਹ ਨਵਾਂ ਸਿਲਸਲਾ ਅਤੇ ਸੰਘ ਤੇ ਉਸ ਦੇ ਲਾਣੇ ਵਿੱਚ ਇਸ ਨੂੰ ਲੈ ਕੇ ਵਰਤੇ ਮੌਨ ਨੂੰ ਦੋ ਢੰਗਾਂ ਨਾਲ ਪ੍ਰੀਭਾਸ਼ਤ ਕੀਤਾ ਜਾ ਸਕਦਾ ਹੈ।
ਇੱਕ ਸੰਘ ਦੀ ਕੋਸ਼ਿਸ਼ ਹੈ ਕਿ ਉਹ ਆਪਣੇ ਬੁਨਿਆਦੀ ਸਮਰਥਕ ਤਬਕੇ ਨੂੰ ਇਹ ਸੰਦੇਸ਼ ਦੇਵੇ ਕਿ ਭਲੇ ਹੀ ‘ਵਿਕਾਸ’ ਦੇ ਨਾਂ ’ਤੇ ਚੋਣ ਭਾਜਪਾ ਨੇ ਜਿੱਤੀ ਹੋਵੇ, ਅਸਲੀ ਮਕਸਦ ਤਾਂ ਹਿੰਦੂ ਰਾਸ਼ਟਰ ਬਨਾਉਣਾ ਹੈ, ਇਸ ਲਈ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ।
ਦੂਜੇ, ਗਾਂਧੀ ਦੇ ਕਤਲ ਵਿੱਚ ਗੌਡਸੇ ਜਾਂ ਹੋਰ ਹਿੰਦੂਤਵੀ ਸੰਗਠਨਾਂ ਦੀ ਭੂਮਿਕਾ ਅਤੇ ਉਸ ਸਾਜਿਸ਼ ਵਿੱਚ ਸਾਵਰਕਰਾਂ ਦੀ ਸ਼ਮੂਲੀਅਤ, ਅਜਿਹੇ ਮਸਲੇ ਹਨ, ਜਿਨ੍ਹਾਂ ’ਤੇ ਚੁੱਪ ਰਹਿਣਾ ਹੀ ਸੰਘ ਪਰਿਵਾਰ ਨੂੰ ਵਾਰਾ ਖਾਂਦਾ ਹੈ। ਦਰਅਸਲ ਉਸ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇੱਕ ਵਾਰ ਗੱਲ ਸ਼ੁਰੂ ਹੋਵੇਗੀ ਤਾਂ ਦੂਰ ਤੱਕ ਜਾਵੇਗੀ ਅਤੇ ਉਸ ਨੂੰ ਅਨੇਕਾਂ ਔਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਸ ਨੂੰ ਪਤਾ ਹੈ ਕਿ ਗੌਡੇਸੇ-ਸਾਵਰਕਰ ਵਰਗਿਆਂ ਦੀ ਇਸ ਸਾਜ਼ਿਸ ’ਤੇ ਮੌਨ ਰਹਿ ਕੇ ਹੀ ਉਹ ਗਾਂਧੀ ਨੂੰ ਸਮਾਪਿਤ ਕਰਨ ਦੀ ਆਪਣੀ ਮੁਹਿੰਮ ਨੂੰ ਅੱਗੇ ਵਧਾ ਸਕਦਾ ਹੈ।
ਇਹ ਵੱਖਰੀ ਗੱਲ ਹੈ ਕਿ ਲੋਕ ਹੌਲੀ-ਹੌਲੀ ਗੌਡਸੇ ਦੇ ਗੁਣ-ਗਾਣ ਦੇ ਅਸਲੀ ਛੁਪੇ ਮਕਸਦਾਂ ਦੇ ਪ੍ਰਤੀ ਜਾਗਰੂਕ ਹੋ ਰਹੇ ਹਨ ਅਤੇ ਉਹ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਬੇਪਰਦ ਕਰਨ ਲਈ ਅੱਗੇ ਆਉਂਦੇ ਦਿਖਾਈ ਦੇ ਰਹੇ ਹਨ। ਪਿਛਲੇ ਦਿਨੀਂ ਮੇਰਠ ਵਿੱਚ ਹੋਈ ਰੈਲੀ, ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ, ਦਰਅਸਲ ਆਉਣ ਵਾਲੇ ਤੁਫਾਨਾਂ ਦਾ ਸੰਕੇਤ ਦਿੰਦੀ ਪ੍ਰਤੀਤ ਹੁੰਦੀ ਹੈ।
Chand Fatehpuri
ਫਾਸ਼ੀ ਤਾਕਤਾਂ ਹਮੇਸ਼ਾਂ ਚੰਗੇ ਇਤਿਹਾਸ ਨੂੰ ਹਮੇਸ਼ਾਂ ਮਲੀਆ ਮੇਟ ਕਰਦੀਆਂ ਹਨ ।