Thu, 21 November 2024
Your Visitor Number :-   7254523
SuhisaverSuhisaver Suhisaver

ਜੀਵਨ ਜਾਚ ਅਤੇ ਧਰਮ ਨੂੰ ਰਲਗੱਡ ਕਰਦੇ ਸਿਆਸਤਦਾਨ - ਗੁਰਚਰਨ ਸਿੰਘ ਪੱਖੋਕਲਾਂ

Posted on:- 02-03-2015

suhisaver

ਧਰਮ ਕੀ ਹੁੰਦਾ ਹੈ। ਧਰਮ ਕਿਵੇਂ ਬਣਦਾ ਹੈ, ਕਿਉਂ ਬਣਦਾ ਹੈ, ਅਸਲੀ ਧਰਮ ਕਿਹੜਾ ਹੈ, ਨਕਲੀ ਧਰਮ ਕਿਵੇਂ ਖੜੇ ਕੀਤੇ ਜਾਂਦੇ ਹਨ ਆਦਿ ਅਨੇਕਾਂ ਪ੍ਰਸਨ ਹਰ ਸੂਝਵਾਨ ਮਨੁੱਖ ਦੇ ਮਨ ਵਿੱਚ ਖੜੇ ਹੁੰਦੇ ਰਹਿੰਦੇ ਹਨ। ਇਸ ਧਰਤੀ ਉੱਪਰ ਵਸਣ ਵਾਲੇ ਲੋਕਾਂ ਵਿੱਚੋਂ ਆਪਾਂ ਜਦ ਵੀ ਕਿਸੇ ਨਾਲ ਗੱਲ ਕਰਾਂਗੇ ਤਾਂ ਹਰ ਇੱਕ ਦੇ ਦੋ ਧਰਮ ਬੋਲਣਗੇ ਪਹਿਲਾਂ, ਨਿੱਜੀ ਜੋ ਉਸਦੀ ਜਮੀਰ ਦੇ ਵਿੱਚ ਕੁਦਰਤ ਵੱਲੋਂ ਟਿਕਾਇਆ ਜਾਂਦਾ ਹੈ, ਇਸਦੇ ਅਨੁਸਾਰ ਹੀ ਉਸ ਵਿਅਕਤੀ ਦਾ ਆਚਰਣ ਹੁੰਦਾ  ਹੈ, ਜੋ ਚੰਗਾਂ ਜਾਂ ਮਾੜਾ ਕੁਝ ਵੀ ਹੋ ਸਕਦਾ ਹੈ। ਇਸ ਆਚਰਣ ਦੇ ਕਾਰਨ ਹੀ ਦੁਨੀਆਂ ਉਸਨੂੰ ਚੰਗੇ ਜਾਂ ਮਾੜੇ ਦਾ ਖਿਤਾਬ ਬਖਸ਼ਦੀ ਹੈ।  ਦੂਸਰਾ ਧਰਮ ਸਮਾਜਿਕ ਤੌਰ ਦੁਨੀਆਂ ਦੇ ਬਹੁਗਿਣਤੀ ਲੋਕਾਂ ਵਾਂਗ ਹਰ ਵਿਅਕਤੀ ਅਪਣਾਉਂਦਾ ਹੈ, ਜੋ ਮਨੁੱਖ ਨੂੰ ਮਨੁੱਖਤਾ ਵਿੱਚ ਨਹੀਂ ਧੜੇ ਦਾ ਪ੍ਰਤੀਨਿੱਧ ਬਣਾ ਦਿੰਦਾ ਹੈ ।   ਆਮ ਤੌਰ ਤੇ ਸਮੁੱਚੇ ਸਮਾਜ ਵੱਲੋਂ ਅਤੇ ਰਾਜਸੱਤਾ ਵੱਲੋਂ ਹਰ ਵਿਅਕਤੀ ਤੇ  ਉਸਦੇ ਦਿਮਾਗ ਵਿੱਚ ਦੁਨੀਆਂ ਦੇ ਹਿੰਦੂ ਮੁਸਲਮਾਨ, ਸਿੱਖ ਇਸਾਈ ਆਦਿ ਕਿਸੇ ਇੱਕ ਜੀਵਨ ਜਾਚ ਦਾ ਧਰਮੀ ਹੋਣ ਦਾ ਲੇਵਲ ਥੋਪਿਆ ਹੁੰਦਾ ਹੈ। ਰਾਜਸੱਤਾ ਦੀ ਸਿਆਸਤ ਵਿੱਚ ਰਾਜਨੀਤਕਾਂ ਦੁਆਰਾ ਸਮਾਜ ਵੱਲੋਂ ਖੜੇ ਕੀਤੇ ਧਰਮ ਰਾਜਸੱਤਾ ਦੀ ਪੁਸਤਪਨਾਹੀ ਵਿੱਚ ਵੱਧਦੇ ਫੁੱਲਦੇ ਹਨ। ਜਦਕਿ ਨਿੱਜੀ ਧਰਮ ਹਰ ਮਨੁੱਖ ਦੀ ਜਮੀਰ ਅਨੁਸਾਰ ਵਿਕਾਸ ਕਰਦਾ ਹੈ।

ਆਉ ਪਹਿਲਾਂ ਹਰ ਵਿਅਕਤੀ ਦੇ ਨਿੱਜੀ ਧਰਮ ਦੀ ਗੱਲ ਕਰੀਏ। ਮਨੁੱਖ ਸਮਾਜ ਵਿੱਚ ਰਹਿੰਦਾ ਹੋਇਆ ਆਪਣੇ ਆਚਰਣ ਦੀ ਉਸਾਰੀ ਲਗਾਤਰ ਕਰਦਾ ਰਹਿੰਦਾ ਹੈ। ਸਮਾਜ ਵਿੱਚ ਲੋੜਾਂ ਅਨੁਸਾਰ ਨਿਯਮ ਬਣਦੇ ਰਹਿੰਦੇ ਹਨ, ਜਿਨ੍ਹਾਂ ਦੀ ਪਾਲਣਾ ਉਹ ਆਪਣੇ ਨਿੱਜੀ ਕੁਦਰਤੀ ਧਰਮ ਅਨੁਸਾਰ ਕਰਦਾ ਹੈ । ਕੁਦਰਤ ਦੀ ਦਿੱਤੀ ਹੋਈ ਦਿਮਾਗੀ ਤਾਕਤ ਅਨੁਸਾਰ ਕੋਈ ਮਨੁੱਖ ਸਮਾਜਿਕ ਰਿਸਤੇ ਸਮਾਜ ਦੀ ਮੰਗ ਅਨੁਸਾਰ ਨਿਭਾਉਂਦਾ ਹੈ, ਜਿਵੇਂ ਭੈਣ ਨੂੰ ਭੈਣ ਸਮਝਣਾ ਭਰਜਾਈ ਨਹੀਂ ਬਾਪ ਨੂੰ ਬਾਪ ਸਮਝਣਾ ਸਹੁਰਾ ਨਹੀਂ ਆਦਿ ਕਿਸੇ ਵੀ ਰਿਸ਼ਤੇ ਦੀ ਮਰਿਆਦਾ ਦਾ ਉਲੰਘਣ ਕਰਨਾ ਉਸ ਲਈ ਧਰਮ ਡੋਲ ਜਾਣ ਦੇ ਬਰਾਬਰ ਹੁੰਦਾ ਹੈ ।

ਸਿੱਖੀ ਜੀਵਨ ਜਾਚ ਵਿੱਚ ਸਾਲੇਹਾਰ ਭੈਣ ਬਰਾਬਰ ਮੰਨੀ ਜਾਂਦੀ ਹੈ, ਜਦੋਂਕਿ ਹਿੰਦੂ ਜੀਵਨ ਜਾਚ ਵਿੱਚ ਨਹੀਂ । ਹਿੰਦੂ ਸਿੱਖ ਜੀਵਨ ਜਾਚ ਮਾਂ ਬਾਪ ਦੇ ਗੋਤ ਤੱਕ ਵਿੱਚ ਵਿਆਹ ਨਹੀਂ ਕਰਦੀ ਆਪਣੇ ਬੱਚਿਆ ਦਾ ਜਦੋਂਕਿ ਇਸਲਾਮੀ ਜੀਵਨ ਜਾਚ ਆਪਣੇ ਗੋਤਾਂ ਅਤੇ ਰਿਸਤਿਆਂ ਵਿੱਚ ਹੀ ਇਹ ਸਭ ਮਨਜੂਰ ਕਰਦੀ ਹੈ।  ਸਮਾਜ ਵਿੱਚ ਕੋਈ ਠੱਗੀ ਚੋਰੀ ਨਹੀਂ ਕਰਨੀਂ,ਕਿਸੇ ਦਾ ਹੱਕ ਨਹੀਂ ਮਾਰਨਾ,ਕਿਰਤ ਕਰਕੇ ਆਪਣੀ ਜਿੰਦਗੀ ਦਾ ਨਿਰਭਾ ਕਰਨਾ,ਦੁਖੀਆਂ ਦੀ ਮੱਦਦ ਕਰਨਾ ,ਲੋੜਵੰਦਾਂ ਦੀ ਸਹਾਇਤਾ ਕਰਨਾ ਆਦਿ। ਸਮਾਜ ਵਿੱਚ ਇੱਕ ਤਬਕਾ ਇਹੋ ਜਿਹਾ ਵੀ ਹੁੰਦਾ ਹੈ ਜੋ ਚੋਰੀ ਕਰਕੇ ਹੀ ਕਮਾਉਦਾ ਹੈ,ਕਤਲ ਕਰਕੇ ਖੁਸ਼ ਹੁੰਦਾ ਹੈ, ਲਾਲਚਾਂ ਵਿੱਚ ਆਕੇ ਦੂਸਰਿਆਂ ਦੇ ਹੱਕ ਮਾਰਕੇ ਖਾਦਾ ਹੈ, ਪਸੂ ਬਿਰਤੀ ਵਿੱਚ ਜਿਉਂਦਾ ਹੈ, ਕੋਈ ਪਛਤਾਵਾ ਨਹੀਂ ਹੁੰਦਾ । ਇਸ ਤਰਾਂ ਦੇ ਲੋਕਾਂ ਨੂੰ ਕਿਉਂ ਕਿ ਉਸਦੀ ਜਮੀਰ ਪਸੂਆਂ ਵਾਲੀ ਹੀ ਹੁੰਦੀ ਹੈ।ਸੋ ਇਸ ਤਰਾਂ ਦੇ ਲੋਕ ਆਪਣੇ ਆਚਰਣ ਅਨੁਸਾਰ ਪਸ਼ੂ ਬਿਰਤੀਆਂ ਹੀ ਲਈ ਫਿਰਦੇ ਹੁੰਦੇ ਹਨ ਕੁਦਰਤ ਅਨੁਸਾਰ ਉਹਨਾਂ ਦੇ ਵਿਕਾਸ ਨੇ ਹਾਲੇ ਲੰਮਾ ਸਫਰ ਤੈਅ ਕਰਨਾ ਹੁੰਦਾ ਹੈ । ਇਨਸਾਨੀ ਸਮਾਜਿਕ ਸੋਚ ਹਾਲੇ ਵਿਕਸਿਤ ਨਹੀਂ ਹੋਈ ਹੁੰਦੀ ਅਤੇ ਉਹਨਾਂ ਦੀ ਕੁਦਰਤੀ ਤਾਕਤ ਅਨੁਸਾਰ ਇਹ ਕੰਮ ਉਹਨਾਂ ਦਾ ਨਿੱਜੀ ਧਰਮ ਹੀ ਹੁੰਦਾ ਹੈ। ਸਿਆਣੇ ਲੋਕ ਹਮੇਸਾਂ ਧਰਮ ਨੂੰ ਇਸ ਲਈ ਨਿੱਜੀ ਮਸਲਾ ਸਮਝਦੇ ਹਨ । ਅਸਲੀ ਧਰਮ ਮਨੁੱਖ ਦੇ ਨਿੱਜੀ ਆਚਰਣ ਵਿੱਚ ਹੀ ਵੱਸਦਾ ਹੁੰਦਾ ਹੈ। ਸਿਆਣਾ ਮਨੁੱਖ ਦੂਸਰਿਆਂ ਦੇ ਧਰਮ ਦੀ ਪਛਾਣ ਨਿੱਜੀ ਆਚਰਣ ਤੋਂ ਹੀ ਕਰਦਾ ਹੈ,ਸਮਾਜਿਕ ਧਰਮ ਤੋਂ ਨਹੀਂ।
             
ਆਉ ਸਮਾਜਿਕ ਧਰਮ ਨੂੰ ਵਿਚਾਰੀਏ ਜਿਨ੍ਹਾਂ ਵਿੱਚ ਦੁਨੀਆਂ ਦੇ ਵੱਡੇ ਧਰਮ ਹਨ ਇਸਾਈ ਮੱਤ,ਇਸਲਾਮ ਮੱਤ ,ਹਿੰਦੂ, ਕੰਮਿਊਨਿਸਟ,ਚਾਰ ਸਭ ਤੋਂ ਵੱਡੇ ਮੱਤ ਹਨ ਜੋ ਧਰਮ ਦੇ ਤੌਰ ਤੇ ਰਾਜਨੀਤੀ ਨੇ ਵਿਕਸਿਤ ਕੀਤੇ ਹਨ ਜੀਵਨ ਜਾਚ ਦੇ ਫਲਸਫੇ ਨੂੰ ਆਪਣੇ ਹਿੱਤਾਂ ਅਨੁਸਾਰ ਵਿਗਾੜ ਕੇ।  ਛੋਟੇ ਧਰਮ ਜਾਂ ਮੱਤ ਹਨ ਸਿੱਖ,ਜੈਨ ,ਯਹੂਦੀ,ਬੋਧੀ,ਅਤੇ ਹੋਰ ਅਣਗਿਣਤ। ਜਦ ਵੀ ਅਸੀ ਇਹਨਾਂ ਦੇ ਸ਼ੁਰੂਆਤੀ ਸਮੇਂ ਤੇ ਝਾਤ ਮਾਰਾਂਗੇ ਤਦ ਇਹਨਾਂ ਦਾ ਬਹੁਤ ਹੀ ਸੁੰਦਰ ਰੂਪ ਸਾਹਮਣੇ ਆਉਂਦਾ ਹੈ, ਕਿਉਂਕਿ ਇਹ ਸਾਰੇ ਧਰਮ ਅਸਲ ਵਿੱਚ ਜੀਵਨ ਜਾਚਾਂ ਸਨ। ਇਹ ਵਿਸ਼ੇਸ਼ ਇਲਾਕਿਆਂ ਵਿੱਚ ਵਿਸੇਸ ਪ੍ਰਸਥਿਤੀਆਂ ਵਿੱਚ ਲੋੜਾਂ ਅਨੁਸਾਰ ਪੈਦਾ ਹੋਈਆਂ ਸਨ। ਜਿਸ ਤਰਾਂ ਅਰਬ ਦੇ ਪਾਣੀਉਂ ਅਤੇ ਬਨਸਪਤੀ ਤੌਂ ਵਾਂਝੇ ਇਲਾਕੇ ਵਿੱਚ ਇਸਲਾਮ ਦੀ ਵਿਚਾਰਧਾਰਾ ਨੇ ਜਨਮ ਲਿਆ, ਜੋ ਮੈਦਾਨੀ ਇਲਾਕਿਆਂ ਵਿੱਚ ਨਹੀਂ ਪਣਪ ਸਕਦੀ।

ਠੰਡੇ ਇਲਾਕਿਆਂ ਵਿੱਚ ਪੈਦਾ ਹੋਈ ਇਸਾਈ ਵਿਚਾਰਧਾਰਾ ਨੂੰ ਗਰਮ ਮਾਰੂਥਲ਼ਾਂ ਵਿੱਚ ਵਧਣਾ ਔਖਾ ਹੈ। ਕੁਦਰਤ ਦੇ ਮੂਲ਼ ਨਾਲ ਮਿਲ ਕੇ ਚਲਣ ਵਾਲੀ ਗਿਆਨ ਭਰਭੂਰ ਹਿੰਦੂ ਵਿਚਾਰਧਾਰਾ ਮਸੀਨੀ ਯੁੱਗ ਵਿੱਚ ਹਾਰਨ ਲੱਗ ਜਾਂਦੀ ਹੈ। ਤਰਕ ਵਾਲੀ ਬੋਧੀ ਵਿਚਾਰਧਾਰਾ ਕੁਦਰਤੀ ਕਹਿਰਾਂ ਵਿੱਚ ਦਮ ਤੋੜ ਜਾਂਦੀ ਹੈ। ਆਪੋ ਆਪਣੇ ਇਲਾਕਿਆਂ ਨੂੰ ਛੱਡਕੇ ਜਦ ਇਹਨਾਂ ਨੂੰ ਦੂਜੇ ਇਲਾਕਿਆਂ ਵਿੱਚ ਰਾਜਸੱਤਾ ਦੇ ਜ਼ੋਰ ਨਾਲ ਬੇਸਮਝ ਰਾਜਨੀਤਕਾਂ ਵੱਲੋਂ ਲਾਗੂ ਕੀਤਾ ਜਾਂਦਾ ਹੈ ਤਦ ਇਹਨਾਂ ਦੇ ਕਾਰਨ ਹੀ ਦੁਨੀਆਂ ਨੇ ਬਹੁਤ ਵੱਡੇ ਦੁਖਾਂਤ ਝੱਲੇ ਹਨ। ਦੁਨੀਆਂ ਉਪਰ ਰਾਜ ਸੱਤਾ ਨਾਲ ਲਾਗੂ ਕੀਤੀ ਜਾਣ ਵਾਲੀ ਬਰਾਬਰ ਵੰਡ ਅਧਾਰਤ ਕੰਮਿਊਨਿਸਟ ਵਿਚਾਰਧਾਰਾ ਵੀ ,ਮਸ਼ੀਨੀ ਯੁੱਗ ਜੋ ਕਾਣੀ ਵੰਡ ਅਨੁਸਾਰ ਹੀ ਚੱਲ ਸਕਦਾ ਹੈ ਦੇ ਸਾਹਮਣੇ ਦਮ ਤੋੜ ਗਈ ਹੈ।

ਉਪਰੋਕਤ ਵਰਣਨ ਕੀਤੀਆਂ ਗਈਆਂ ਜੀਵਨ ਜਾਚਾਂ ਨੂੰ ਰਾਜਸੱਤਾ ਨੇ ਆਪਣੇ ਹਿੱਤਾਂ ਲਈ ਧਰਮਾਂ ਦਾ ਰੂਪ ਦਿੱਤਾ, ਜਿਸ ਨਾਲ ਸਮਾਜ ਨੂੰ ਦੁਖਾਂਤ ਝੱਲਣੇ ਪਏ। ਨਿੱਜੀ ਆਚਰਣ ਨੂੰ ਵਧੀਆ ਬਣਾਉਣ ਵਾਲੀਆਂ ਇਹਨਾਂ ਸੋਚਾਂ ਨੂੰ ਜਦ ਮੂਰਖ ਅਤੇ ਸਵਾਰਥ ਰਾਜਿਆਂ ਅਤੇ ਰਾਜਨੀਤਕਾਂ ਨੇ ਸਮਾਜਿਕ ਸੰਗਠਨ ਬਣਾ ਕਿ ਪਾੜੋ ਤੇ ਰਾਜ ਕਰੋ ਦਾ ਫਾਰਮੂਲਾ ਲਾਗੂ ਕੀਤਾ ਜਿਸ ਨਾਲ ਸਮੇਂ 2 ਅਨੁਸਾਰ ਇਹਨਾਂ ਜੀਵਨਜਾਚਾਂ ਵਿੱਚ ਆਪਣੇ ਹਿੱਤਾਂ ਅਨੁਸਾਰ ਹੁਕਮਨਾਮੇ ਲਾਗੂ ਕਰਵਾਕੇ ਇਹਨਾਂ ਦੇ ਮੂਲ ਆਦਰਸਾਂ ਨੂੰ ਬਦਲ ਦਿੱਤਾ।

ਜੀਵਨ ਜਾਚਾਂ ਦੇ ਮੂਲ ਸਿਧਾਤ ਔਰੰਗਜੇਬ ,ਨੀਰੋ, ਬਾਬਰ,ਮੱਸਾ ਰੰਗੜ ਬਣਕੇ ਨਹੀਂ ਸਗੋਂ ਗੁਰੂ ਤੇਗ ਬਹਾਦਰ,ਈਸਾ ਮਸੀਹ,ਮੁਹਮੰਦ ਸਾਹਿਬ, ਲੈਨਿਨ ਬਣਕੇ ਕੁਰਬਾਨੀ ਦੇਣੀ ਪੈਦੀ ਹੈ ਫਿਰ ਲਾਗੂ ਹੁੰਦੇ ਹਨ। ਉਪਰੋਕਤ ਸਭ ਧਰਮ ਸਿਧਾਂਤਾ ਦਾ ਮੂਲ ਸਮਾਜ ਨੂੰ ਚੰਗਾ ਬਣਾਉਣਾ ਹੈ, ਜਦਕਿ ਸਵਾਰਥੀ ਰਾਜਸੱਤਾ ਦਾ ਮੂਲ਼ ਨਿੱਜੀ ਹਉਮੈਂ ਅਨੁਸਾਰ ਸਮਾਜ ਨੂੰ ਬਦਲਣਾ ਹੁੰਦਾ ਹੈ। ਧਰਮੀ ਰਾਜਾ ਰਾਜ ਕਰੈ ਪਰਜਾ ਸੁਖੀ ਵਸੈ ਸਿਰਫ ਕਿਸੇ ਚੰਗੇ ਮਨੁੱਖ ਦੇ ਰਾਜਗੱਦੀ ਉਪਰ ਬੈਠਣ ਨਾਲ ਹੀ ਹੋ ਸਕਦਾ ਹੈ । ਪਾਪੀ ਜਾਂ ਸਵਾਰਥੀ ਮਨੁੱਖ ਜਦ ਰਾਜਗੱਦੀ ਉਪਰ ਬੈਠਦਾ ਹੈ ਤਦ ਪਰਜਾ ਦੁੱਖ ਪਾਉਂਦੀ ਹੈ। ਕਹਿਣ ਨੂੰ ਤਾਂ ਭਾਵੇਂ ਹਰ ਰਾਜਗੱਦੀ ਦਾ ਮਾਲਕ ਹਰ ਰਾਜਾ ਧਾਰਮਿਕ ਚੋਗਾ ਪਹਿਨਦਾ ਹੈ ਪਰ ਧਰਮੀ ਮਨੁੱਖ ਦੀ ਪਛਾਣ ਆਚਰਣ ਤੋਂ ਹੁੰਦੀ ਹੈ। ਅੱਜ ਦੀ ਹਰ ਰਾਜਸੱਤਾ ਔਰੰਗਜੇਬ ਹੋਵੇ ਜਾਂ ਰਣਜੀਤ ਸਿੰਘ ਜਾਂ ਗੋਰੇ ਅੰਗਰੇਜ ਜਾਂ ਕਾਲੇ ਅੰਗਰੇਜ ਆਦਿ ਬਹੁਤਿਆਂ ਨੇ ਧਰਮ ਦੇ ਨਾਂ ਥੱਲੇ ਆਪਣੇ ਧਰਮ ਦੀਆਂ ਜੀਵਨਜਾਚਾਂ ਨੂੰ ਤੋੜ ਮਰੋੜ ਕੇ ਰੱਖ ਦਿੱਤਾ। ਅੱਜ ਸਾਰੀਆਂ ਵਧੀਆ ਜੀਵਨ ਜਾਚਾਂ ਜੋ ਧਰਮ ਦਾ ਰੂਪ ਧਾਰ ਗਈਆਂ ਹਨ ਦੇ ਮੂਲ ਸਰੂਪਾਂ ਨੂੰ ਰਾਜਸੱਤਾਵਾਂ ਨੇ ਦੁਨੀਆਂ ਨੂੰ ਪਾੜਨ ਵਾਲਾ ਹਥਿਆਰ ਬਣਾ ਦਿੱਤਾ  ਹੈ। ਪਾੜੋ ਤੇ ਰਾਜ ਕਰੋ ਅਨੁਸਾਰ ਜੀਵਨਜਾਚ  ਦਾ ਧਰਮ ਬਣਾ ਕੇ ਤਾਕਤ ਦੇ ਜੋਰ ਤੇ ਉੱਥੇ ਲਾਗੂ ਕੀਤਾ ਗਿਆ ਜਿੱਥੇ ਇਹ ਲਾਗੂ ਨਹੀਂ ਹੋ ਸਕਦੀਆਂ ।
                   
ਜਦ ਤੱਕ ਮਨੁੱਖ ਇਹਨਾਂ ਫਲਸਫਿਆਂ ਨੂੰ ਜੀਵਨਜਾਚ ਬਣਾਉਣ ਦੀ ਥਾਂ ਧਰਮ ਬਣਾਉਂਦਾ ਰਹੇਗਾ ਇਹ ਵਿਨਾਸ ਦਾ ਕਾਰਨ ਬਣਦੀਆਂ ਰਹਿਣਗੀਆਂ। ਇਸਲਾਮ ਗੁਰੂ ਰੋਟੀ ਖਾਣ ਤੋਂ ਪਹਿਲਾਂ ਗੁਆਂਢ ਦੇ ਸੱਤ ਘਰ ਦੇਖਣ ਨੁੰ ਕਹਿੰਦਾ ਹੈ ਕਿ ਕੋਈ ਹੋਰ ਭੁੱਖ ਤਾਂ ਨਹੀਂ ਬੈਠਾ । ਗੁਆਂਢ ਵਿੱਚ ਆਪ ਤੋਂ ਪਹਿਲਾਂ ਦੂਜੇ ਭੁੱਖੇ ਨੂੰ ਰਜਾਉਣ ਦੀ ਸੋਚ ਵਾਲਾ ਫਲਸਫਾ ਕਿਵੇਂ  ਦੁਜੇ ਨੂੰ ਮਾਰਨ ਨੂੰ ਕਹਿ ਸਕਦਾ ਹੈ। ਹਿੰਦੂ ਜਵਿਨ ਜਾਚ ਤਾਂ ਨਿਰਜੀਵ ਪਰਾਂਣੀਆਂ ਵਿੱਚ ਵੀ ਰੱਬ ਦੇਖਦੀ ਹੈ ਕਿਵੇਂ ਕਤਲ ਕਰੇਗੀ। ਸਿੱਖ ਜੀਵਨ ਜਾਚ ਨਿਉਟਿਆਂ ਦੀ ਓਟ ,ਨਿਮਾਣਿਆਂ ਦਾ ਮਾਣ,ਮਜਲੂਮ ਦੀ ਮੱਦਦ ਵਿੱਚ ਮਰ ਜਾਣਾ ਬੇਹਤਰ ਮੰਨਦੀ ਹੈ ਫਿਰ ਨਫਰਤ ਕਿਉ ਕਰੇਗੀ , ਇਸਾਈ ਜੀਵਨ ਜਾਚ ਸੂਲੀ ਉੱਪਰ ਚੜਾਉਣ ਵਾਲਿਆਂ ਤੇ ਵੀ ਤਰਸ ਕਰਦੀ ਹੈ,ਫਿਰ ਲੜਾਈ ਕਿਉਂ। ਜਦੋਂ ਹੀ ਇਹ ਫਲਸਫੇ ਸਵਾਰਥੀ ਰਾਜਿਆਂ,ਜਾਂ ਸਵਾਰਥੀ ਲੋਕਾਂ ਦੇ ਹੱਥ ਚਲੇ ਗਏ ਤਦ ਹੀ ਇਹਨਾਂ ਫਲਸਫਿਆਂ ਨੂੰ ਮੰਨਣ ਵਾਲੇ ਸਮੂਹਕ ਲੋਕਾਂ ਦੇ ਧੜੇ, ਪਾਰਟੀ ਵਾਂਗ ਬਣਾ ਦਿੱਤਾ ਜਾਂਦਾ ਹੈ।

ਕਿਸੇ ਵੀ ਧੜੇ ਵਿੱਚ ਸਮੁੱਚੇ ਲੋਕ ਇੱਕੋ ਜਿਹੇ ਨਹੀਂ ਹੋ ਸਕਦੇ। ਸੋ ਧਰਮ ਰੂਪੀ ਇੰਹਨਾਂ ਧੜਿਆ ਵਿੱਚ ਚੰਗੇ ਅਤੇ ਮੰਦੇ ਆਚਰਣ ਵਾਲੇ ਵੱਖ ਵੱਖ ਤਰਾਂ ਦੇ ਲੋਕ ਹੁੰਦੇ ਹਨਅਤੇ ਇੰਹਨਾਂ ਚੰਗੇ ਮਾੜੇ ਲੋਕਾਂ ਕਾਰਨ ਹੀ ਇਹ ਧਰਮ ਚੰਗੇ ਮਾੜੇ ਬਣਦੇ ਰਹਿੰਦੇ ਹਨ। ਜਦ ਇਹ ਫਲਸਫੇ ਚੰਗੇ ਲੋਕਾਂ ਕੋਲ ਹੁੰਦੇ ਹਨ ਇਹ ਸਮਾਜ ਨੂੰ ਨਿਯਮ ਬੱਧ ਕਰਕੇ ਚੰਗੇ ਆਚਰਣ ਦੀ ਉਸਾਰੀ ਵੱਲ ਤੋਰਨ ਵਾਲੇ ਬਣ ਜਾਂਦੇ ਹਨ। ਜਦ ਇਹ ਸਆਸਤਦਾਨਾਂ ਦੇ ਕੰਟਰੋਲ ਵਿੱਚ ਹੋ ਜਾਂਦੇ ਹਨ ਤਦ ਹੀ ਇਹਨਾਂ ਦੇ ਕਾਰਨ ਲੋਕ ਪਾੜੋ ਤੇ  ਰਾਜ ਕਰੋ ਦੀ ਨੀਤੀ ਦਾ ਸਿਕਾਰ ਹੋਕੇ ਲੋਕ ਨੂੰ ਲੜਾਉਣ ਵੱਲ ਲੈ ਜਾਂਦੇ ਹਨ। ਕਾਸ ਦੁਨੀਆਂ ਦੀਆਂ ਇਹ ਆਪੋ ਆਪਣੇ ਮੂਲ ਇਲਾਕਿਆਂ ਵਿੱਚ ਜਨਮੀਆਂ ਇਹ ਜੀਵਨਜਾਚਾਂ ਧਰਮ ਵਾਂਗ ਮੰਨੀਆਂ ਭਾਵੇਂ ਜਾਣ ਪਰ ਕੱਟੜਤਾ ਅਤੇ ਰਾਜਸੱਤਾ ਦੇ ਹਥਿਆਰ ਨਾਲ ਕਤਲ ਨਾ ਕਰੀਆਂ ਜਾਣ ।
            
ਦੁਨੀਆਂ ਦੇ ਕਿਸੇ ਵੀ ਪੈਗੰਬਰ, ਸੰਤ ਜਾਂ ਫਕੀਰ ਨੇ ਕਦੇ ਵੀ ਕਿਸੇ ਧਰਮ ਦੀ ਨੀਂਹ ਨਹੀਂ ਰੱਖੀ ਸਗੋਂ ਹਰ ਇੱਕ ਨੇ ਸਮਾਜ ਨੂੰ ਗਿਆਨ ਵੰਡਣ ਦੀ ਕੋਸ਼ਿਸ਼ ਜਰੂਰ ਕੀਤੀ ਹੈ। ਹਰ ਅਵਤਾਰੀ ਪੁਰਸ਼ ਨੇ ਸਮਾਜ ਨੂੰ ਅਸੂਲਾਂ ਅਤੇ ਵਧੀਆਂ ਆਚਰਣ ਵਾਲੇ ਬਣਨ ਦੀ ਸਿੱਖਿਆ ਦਿੱਤੀ ਹੈ। ਕਿਸੇ ਵੀ ਮਹਾਨ ਮਨੁੱਖ ਨੇ  ਦੁਨੀਆਂ ਅਤੇ ਸਮਾਜ ਨੂੰ ਤੋੜਨ ਦੀ ਨਹੀਂ ਜੋੜਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਧੜਿਆਂ ਵਾਲੇ ਧਰਮਾਂ ਦੀ ਨੀਂਹ ਸਦਾ ਸਿਆਸਤਦਾਨਾਂ ਜਾਂ ਵਪਾਰੀ ਕਿਸਮ ਦੇ ਅਗਿਆਨੀ ਜਾਂ ਬੇਈਮਾਨ ਲੋਕਾਂ ਨੇ ਰੱਖੀ ਹੈ। ਸਿਆਸਤਦਾਨ ਸਦਾ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਹਿੱਤਾਂ ਲਈ ਵਰਤਦੇ ਹਨ ਅਗਆਨੀ ਲੋਕ ਗੁੰਮਰਾਹ ਹੋ ਜਾਂਦੇ ਹਨ ਗਿਆਨਵਾਨ ਮਨੁੱਖ ਕਦੇ ਗੁੰਮਰਾਹ ਨਹੀਂ ਹੁੰਦਾ । ਭਗਤ ਕਬੀਰ ਜੀ ਦਾ ਇਹ ਬਚਨ ਧਰਮ ਦੀ ਅਸਲੀ ਪਰੀਭਾਸ਼ਾ ਹੈ ਕਿ ਜਹਾਂ ਗਿਆਨ ਤਹਾਂ ਧਰਮ ਜਹਾਂ ਝੂਠ ਤਹਾਂ ਪਾਪ ਅਤੇ ਭਗਤ ਨਾਮਦੇਵ ਜੀ ਵੱਲੋਂ ਲਖੇ ਇੱਕ ਸਲੋਕ ਵਿੱਚ ਤਾਂ ਧੜਿਆਂ ਵਾਲੇ ਧਰਮ ਵਿੱਚ ਖੜੇ ਲੋਕਾਂ ਨੂੰ ਅੰਨੇ ਅਤੇ ਕਾਣੇ ਹੋਣ ਦਾ ਲਕਬ ਬਖਸਦਾ ਹੈ ਅਤੇ ਗਿਆਨਵਾਨ ਬੰਦੇ ਨੂੰ ਸਿਆਣਾ ਹੋਣ ਦਾ ਮਾਣ ਵੀ ਅਤੇ ਇਹ ਦੋਨੋਂ ਸਲੋਕ ਗੁਰੂ ਗਰੰਥ ਵਿੱਚ ਦਰਜ ਹਨ। ਅਸਲ ਵਿੱਚ ਸਾਡਾ ਇਨਸਾਨ ਹੋਕੇ ਧਰਮੀ ਹੋਣ ਦਾ ਦਾਅਵਾ ਤਦ ਹੀ ਹੀ ਸਹੀ ਹੋ ਸਕਦਾ ਹੈ ਜਦ ਅਸੀਂ ਚੰਗੇ ਆਚਰਣ ਨਾਲ ਸਿੱਖਣ ਦੀ ਭਾਵਨਾਂ ਨਾਲ ਸਦਾ ਗਿਆਨ ਹਾਸਲ ਕਰਨ ਦੀ ਅਵੱਸਥਾ ਵਿੱਚ ਰਹਿੰਦਿਆਂ ਮਨੁੱਖਤਾ ਅਤੇ ਸਿ੍ਰਸਟੀ ਪ੍ਰਤੀ ਸਨਮਾਨ , ਇੱਜ਼ਤ ਦਾ ਭਾਵ ਰੱਖਦਿਆਂ ਬੁਰੇ ਕਰਮਾਂ ਤੋਂ ਦੂਰ ਰਹਿਣ ਦਾ ਯਤਨ ਕਰੀਏ।  ਇਨਸਾਨ ਤਦ ਹੀ ਧਰਮੀ ਹੋਣ ਦਾ ਦਅਵਾ ਕਰ ਸਕਦਾ ਹੈ ਜਦ ਉਸਦਾ ਆਚਰਣ ਵੀ ਚੰਗਾਂ ਹੋਵੇਗਾ। ਬੁਰੇ ਆਚਰਣ ਵਾਲੇ ਸਦਾ ਹੀ ਗੁੰਡਿਆ ,ਬੇ ...ਈਮਾਨਾਂ, ਬੇਦੀਨਿਆਂ ਦੇ ਲਕਬ ਹੀ ਹਾਸਲ ਕਰਦੇ ਹਨ।

ਸੰਪਰਕ: +91 941777 27245


Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ