ਔਰਤਾਂ ਦੀ ਇੱਕ ਦੁਨੀਆਂ ਇਹ ਵੀ- ਸੀਮਾ ਅਜ਼ਾਦ
Posted on:- 18-02-2015
ਜ਼ੇਲ੍ਹ-1
ਅਨੁਵਾਦ: ਮਨਦੀਪ
ਸੰਪਰਕ: +91 98764 42052
(ਨੋਟ :- ਸੀਮਾ ਅਜ਼ਾਦ ਜਮਹੂਰੀ ਹੱਕਾਂ ਦੀ ਇਕ ਨਿਧੱੜਕ ਪੱਤਰਕਾਰ ਹੈ। ਕੁੱਝ ਅਰਸਾ ਪਹਿਲਾਂ ਉਸਨੂੰ ‘ਦੁਨੀਆ ਦੀ ਸਭ ਤੋਂ ਵੱਡੀ ਜਹਮੂਰੀਅਤ’ ਕਹਾਉਣ ਵਾਲੇ ਰਾਜ ਪ੍ਰਬੰਧ ਨੇ ਜਮਹੂਰੀ ਹੱਕਾਂ ਲਈ ਅਵਾਜ਼ ਉਠਾਉਣ ਬਦਲੇ ਗੈਰ ਕਾਨੂੰਨੀ ਸਾਹਿਤ ਤੇ ਰਾਜ ਵਿਰੋਧੀ ਵਿਚਾਰ ਰੱਖਣ ਦੇ ਜੁਰਮ ’ਚ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ। ਜੇਲ੍ਹ ਜੀਵਨ ਦੌਰਾਨ ਉਨ੍ਹਾਂ ਨੇ ਜੇਲ੍ਹ ਅੰਦਰ ਔਰਤਾਂ ਦੀ ਦਰਦਨਾਕ ਹਾਲਤ ਦਾ ਅੱਖੀਂ ਡਿੱਠਾ ਹਾਲ ਆਪਣੀ ਡਾਇਰੀ ਦੇ ਪੰਨਿਆਂ ਤੇ ਉਕਰਿਆ, ਜਿਸਨੂੰ ਅਸੀਂ ਲੜੀਵਾਰ ਪਾਠਕਾਂ ਨਾਲ ਸਾਂਝਾ ਕਰਾਂਗੇ। ਤੁਹਾਡੇ ਹੁੰਗਾਰਿਆਂ ਦੀ ਉਡੀਕ ਨਾਲ ਅਸੀਂ ਇਸਨੂੰ ਅੱਗੇ ਜਾਰੀ ਰੱਖਾਂਗੇ।)
ਉਂਝ ਤਾਂ ਸਾਰੀਆਂ ਔਰਤਾਂ ਹਰ ਸਮੇਂ ਇਕ ਜੇਲ੍ਹ ਵਿੱਚ ਹੀ ਹਨ, ਪਰ ਜੇਲ੍ਹ ਹੀ ‘ਜੇਲ੍ਹ’ ਹੈ, ਸ਼ੋਸ਼ਣ ਤੇ ਦਮਨ ਦਾ ਕੇਂਦਰ, ਮਾਨਸਿਕ ਅਤੇ ਕਦੇ-ਕਦੇ ਸਰੀਰਕ ਸਜਾਵਾਂ ਦਾ ਕੇਂਦਰ ਹੈ ‘ਔਰਤ ਬੰਦੀ ਘਰ’। ਲੋਕਤੰਤਰਿਕ ਦੇਸ਼ਾਂ ਵਿੱਚ ਬੰਦੀਘਰ ਅਪਰਾਧਿਕ ਬਿਰਤੀ ਦੇ ਲੋਕਾਂ ਨੂੰ ਸਜ੍ਹਾ ਦੇਣ ਤੋਂ ਜ਼ਿਆਦਾ ਉਨ੍ਹਾਂ ਦੇ ਸੁਧਾਰ ਲਈ ਬਣਾਏ ਗਏ ਸਨ, ਪਰ ਯਕੀਨ ਮੰਨੋ ਇਨ੍ਹਾਂ ਥਾਵਾਂ ਤੇ ਜਿਹੋ-ਜਿਹਾ ਮਾਹੌਲ ਰਹਿੰਦਾ ਹੈ, ਉਸ ਵਿੱਚ ਸੁਧਾਰ ਦੀ ਬਚੀ-ਖੁਚੀ ਸੰਭਾਵਨਾ ਵੀ ਖਤਮ ਹੋ ਜਾਂਦੀ ਹੈ। ਇਹ ਜੇਲ੍ਹਾਂ ਅਪਰਾਧੀਆਂ ਲਈ ਸ਼ਰਨ ਸਥਾਨ, ਅਪਰਾਧਿਕ ਬਿਰਤੀ ਵਾਲਿਆਂ ਲਈ ਅਪਰਾਧੀ ਨਿਰਮਾਣ ਸਥਾਨ ਅਤੇ ਬੇਕਸੂਰ ਲੋਕਾਂ ਲਈ ਲੋਕਤੰਤਰ ਵਿੱਚ ਵਿਸ਼ਵਾਸ਼ ਪੂਰੀ ਤਰ੍ਹਾਂ ਖਤਮ ਕਰਨ ਵਾਲੀਆਂ ਹਨ।
ਇਹ ਤਾਂ ਸਾਰੀਆਂ ਜੇਲ੍ਹਾਂ ਲਈ ਇਕ ਆਮ ਗੱਲ ਹੈ, ਜਿਸਨੂੰ ਕੋਈ ਵੀ ਜਾਂਚ ਸਕਦਾ ਹੈ। ਪਰ ਇੱਥੇ ਅਸੀਂ ਗੱਲ ਕਰ ਰਹੇ ਹਾਂ, ਇਨ੍ਹਾਂ ਉੱਚੀਆਂ ਕੰਧਾਂ ਪਿੱਛੇ ਕੈਦ ਔਰਤਾਂ ਦੀ ਇਕ ਪੂਰੀ ਦੁਨੀਆ ਦੀ, ਜੋ ਹਰ ਸਮੇਂ ਸ਼ੋਸ਼ਣ ਦੇ ਵਿੱਚ ਰਹਿੰਦੀ ਹੈ ਫਿਰ ਵੀ ਆਪਣਾ ਵਰਤ-ਤਿਉਹਾਰ, ਗੀਤ-ਗਾਉਣ ਅਤੇ ਹੱਸਣਾ-ਖੇਡਣਾ ਨਾਲ ਨਾਲ ਲੈ ਕੇ ਅੱਗੇ ਚੱਲਦੀ ਹੈ।
ਮੈਂ ਗੱਲ ਕਰ ਰਹੀ ਹਾਂ ਨੈਨੀ ਸੈਂਟਰਲ ਜੇਲ੍ਹ ਦੀ ਔਰਤ ਸ਼ਾਖਾ ਦੀ ਜਿੱਥੇ ਮੇਰੇ ਢਾਈ ਸਾਲ ਗੁਜ਼ਰੇ। ਇਸਦੇ ਦਰਵਾਜੇ ਤੇ ਦੀਵਾਰਾਂ ਤੇ ਪਹਿਲੀ ਨਜ਼ਰ ਪੈਂਦੇ ਹੀ ਇਹ ਸਮਝ ’ਚ ਆਉਣ ਲੱਗਦਾ ਹੈ ਕਿ ਭਾਰਤੀ ਸਮਾਜ ਵਿੱਚ ਔਰਤਾਂ ਦੀ ਜਿਹੋ-ਜਿਹੀ ਸਥਿਤੀ ਹੈ, ਔਰਤ ਜੇਲ੍ਹ ਵੀ ਉਸ ਤੋਂ ਅਛੂਤੀ ਨਹੀਂ ਹੈ, ਇਸਦੀ ਦੇਖਰੇਖ ਵੀ ਪੂਰੀ ਤਰ੍ਹਾਂ ਨਜ਼ਰਅੰਦਾਜ਼ ਹੈ। ਮਰਦਾਂ ਦੀ ਜੇਲ੍ਹ ਦੀਆਂ ਚਮਕਦਾਰ ਪੀਲੀਆਂ ਕੰਧਾਂ ਦੇ ਮੁਕਾਬਲੇ ਔਰਤ ਜੇਲ੍ਹ ਦੀ ਕਲੀ ਤੇ ਹੋਰ ਆਸ ਨਾਲ ਕਾਲੀਆਂ ਪਈਆਂ ਕੰਧਾਂ ਇਸਦੀ ਹਾਲਤ ਨੂੰ ਬਿਆਨ ਕਰ ਦਿੰਦੀਆਂ ਹਨ। ਇਸ ਭਿਆਨਕ ਕੰਧ ਉਪਰ ਜੜੇ ਲੋਹੇ ਦੇ ਡਰਾਉਣੇ ਫਾਟਕ ਦੇ ਅੰਦਰ ਜਾਣ ’ਤੇ ਤੁਰੰਤ ਤੁਹਾਨੂੰ ਅਹਿਸਾਸ ਹੋਵੇਗਾ ਕਿ ਔਰਤਾਂ ਹਰ ਹਾਲਤ ’ਚ ਰਚਨਾਤਮਕ ਹੁੰਦੀਆਂ ਹਨ-ਅੰਦਰ ਦੇ ਅਹਾਤੇ ਨੂੰ ਉਨ੍ਹਾਂ ਨੇ ਰੰਗ-ਰੋਗਨ ਕਰਕੇ ਸਜਾ ਰੱਖਿਆ ਹੈ ਪਰ ਇਸਦੇ ਮੂਲ ’ਚ ਇਹ ਵੀ ਹੈ ਕਿ ਜੇਲਰ, ਵਾਰਡਨ ਅਤੇ ਸਿਪਾਹੀਆਂ ਦਾ ਵਿਸ਼ੇਸ਼ ਧਿਆਨ ਵੀ ਇਸ ਬਾਹਰ ਦੇ ਅਹਾਤੇ ’ਤੇ ਰਹਿੰਦਾ ਹੈ, ਕਿਉਂਕਿ ਦੌਰੇ ਸਮੇਂ ਵੱਡੇ ਅਧਿਕਾਰੀਆਂ ਨੂੰ ਇੱਥੇ ਹੀ ਬਿਠਾਇਆ ਜਾਂਦਾ ਹੈ ਅਤੇ ਕੈਦੀਆਂ ਦੀ ਪਰੇਡ (ਨੁਮਾਇਸ਼) ਵੀ ਇਸੇ ਅਹਾਤੇ ਵਿੱਚ ਹੁੰਦੀ ਹੈ। ਇਸੇ ਅਹਾਤੇ ਦੇ ਜਦ ਦੋ ਛੋਟੇ-ਛੋਟੇ ਦਰਵਾਜ਼ਿਆਂ ਨੂੰ ਪਾਰ ਕਰਕੇ ਬੈਰਕ ਨੰਬਰ ਇੱਕ ਅਤੇ ਦੋ ’ਚ ਜਾਇਆ ਜਾਂਦਾ ਹੈ, ਜੇਲ੍ਹ ਦੀ ਹਾਲਤ ਦੀ ਜਾਣਕਾਰੀ ਉਸੇ ਵਕਤ ਹੀ ਮਿਲ ਜਾਵੇਗੀ। ਸਾਹਮਣੇ ਚਾਰ ਲੈਟਰੀਨਾਂ ਵਿੱਚੋਂ ਇਕ ਖਰਾਬ, ਇੱਕ ਸਿਪਾਹੀਆਂ ਅਤੇ ਉਨ੍ਹਾਂ ਦੇ ਚਹੇਤੇ ਬੰਦੀਆਂ ਲਈ ਰਾਖਵੀਂ। ਪਿੱਛੇ ਬਚੀਆਂ ਦੋ ਲੈਟਰੀਨਾਂ ਲੱਗਭੱਗ 60 ਬੰਦੀਆਂ ਤੇ ਲੱਗਭੱਗ 10 ਬੱਚਿਆਂ ਲਈ ਹਨ। ਬੈਰਕ ਨੰਬਰ ਦੋ ’ਚ ਚਾਰ ਲੈਟਰੀਨਾਂ ’ਚੋਂ ਕੇਵਲ ਇੱਕ ਕੰਮ ਕਰ ਰਹੀ ਹੈ। ਉਸ ਬੈਰਕ ਦੇ ਲੋਕ ਵੀ ਇੱਕ ਨੰਬਰ ਵਿੱਚ ਆਉਂਦੇ ਹਨ। ਸਫਾਈ ਦਾ ਪ੍ਰਬੰਧ ਨਾਮਾਤਰ ਹੈ। ਫਿਨਾਇਲ ਅਤੇ ਐਸਿਡ ਲਗਾਤਾਰ ਸਿਪਾਹੀਆਂ ਦੇ ਘਰ, ਰਿਸ਼ਤੇਦਾਰਾਂ, ਮਿੱਤਰਾਂ ਕੋਲ ਪਹੁੰਚਦਾ ਰਹਿੰਦਾ ਹੈ। ਸੀਵਰ ਟੈਂਕ ਕਿਉਂਕਿ ਕਾਫੀ ਛੋਟਾ ਹੈ, ਇਸ ਲਈ ਲੈਟਰੀਨਾਂ ਅਕਸਰ ਜਾਮ ਹੋ ਜਾਂਦੀਆਂ ਹਨ ਜਾਂ ਸੀਵਰ ਦਾ ਪਾਣੀ ਓਵਰਫਲੋਅ ਹੋ ਕੇ ਅਹਾਤੇ ’ਚ ਫੈਲ ਜਾਂਦਾ ਹੈ ਜਿਸ ਨਾਲ ਭਿਆਨਕ ਬਦਬੂ ਫੈਲਦੀ ਰਹਿੰਦੀ ਹੈ। ਅਕਸਰ ਖਾਣਾ-ਪੀਣਾ ਮੁਹਾਲ ਹੋ ਜਾਂਦਾ ਹੈ। ਕੈਦੀਆਂ ਦੁਆਰਾ ਵਾਰ-ਵਾਰ ਸ਼ਿਕਾਇਤ ਦੇ ਬਾਵਜੂਦ ਤੱਤਕਾਲੀ ਤੌਰ ’ਤੇ ਸਫਾਈ ਕਰਵਾ ਦਿੱਤੀ ਜਾਂਦੀ ਹੈ। ਜੇਕਰ ਸ਼ਿਕਾਇਤ ਤੇ ਤੁਰੰਤ ਕਾਰਵਾਈ ਹੋ ਜਾਂਦੀ ਤਾਂ ਕੈਦੀ ਸਮਝ ਜਾਂਦੇ ਕਿ ਕੋਈ ਵੱਡਾ ਅਧਿਕਾਰੀ ਆਉਣ ਵਾਲਾ ਹੈ। ਨਹਾਉਣ ਦਾ ਪਾਣੀ ਅਹਾਤੇ ਤੋਂ ਬਾਹਰ ਨਿਕਲਣ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਜਿਸ ਕਾਰਨ ਹਮੇਸ਼ਾਂ ਹੀ ਚਬੂਤਰਾ ਭਰਿਆ ਰਹਿੰਦਾ ਹੈ, ਜਿਸ ਵਿਚ ਸੀਵਰ ਦਾ ਪਾਣੀ ਵੀ ਮਿਲ ਜਾਂਦਾ ਹੈ। ਮੀਂਹ ਦੇ ਦਿਨਾਂ ਵਿੱਚ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ ਕਿਉਂਕਿ ਤਦ ਅਹਾਤੇ ਵਿੱਚ ਗੋਢਿਆਂ ਤੱਕ ਪਾਣੀ ਭਰ ਜਾਂਦਾ ਹੈ। ਇਸੇ ਪਾਣੀ ’ਚ ਵੜਕੇ ਔਰਤਾਂ ਖਾਣਾ ਖਾ ਲੈਂਦੀਆਂ ਹਨ। ਕਈ ਵਾਰ ਔਰਤਾਂ ਤੇ ਬੱਚੇ ਡਿੱਗਕੇ ਜਖਮੀ ਵੀ ਹੋ ਚੁੱਕੇ ਹਨ। ਇਸ ਦੀ ਸ਼ਿਕਾਇਤ ਖੁਦ ਮੈਂ ਪਤਾ ਨਹੀਂ ਕਿੰਨੀ ਵਾਰ ਲਿਖਤੀ ਅਤੇ ਜੁਬਾਨੀ ਕੀਤੀ ਹੈ ਪਰ ਇਸਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਬਦਬੂਦਾਰ ਅਹਾਤੇ ਦੇ ਚਾਰੇ ਪਾਸੇ ਖੜੀਆਂ ਦੀਵਾਰਾਂ ਵਿੱਚ ਰਹਿੰਦੀਆਂ ਹਨ ਔਰਤਾਂ। ਇਨ੍ਹਾਂ ਕੰਧਾਂ ਉਪਰ ਦੌੜਦੀਆਂ ਗਲਿਹਰੀਆਂ ਹਮੇਸ਼ਾਂ ਹੀ ਔਰਤਾਂ ਅੰਦਰ ਹੂਕ ਉਠਾਉਂਦੀਆਂ ਹਨ ਕਿ ਕਾਸ਼ ਉਹ ਵੀ ਗਲਹਿਰੀ ਜਾਂ ਪੰਛੀ ਹੁੰਦੀਆਂ। ਦਿਨ ਤਾਂ ਜਿਵੇਂ-ਤਿਵੇਂ ਇਸ ਵਿਹੜੇ ਵਿਚਲੇ ਦਰਖਤ, ਪੌਦੇ, ਪੰਛੀ, ਗਲਹਿਰੀ ਦੇਖਦੇ ਹੋਏ ਬੀਤ ਜਾਂਦਾ ਹੈ। ਹਨੇਰਾ ਹੁੰਦੇ ਹੀ ਸਾਰਿਆਂ ਨੂੰ ਬੈਰਕ ਵਿੱਚ ਬੰਦ ਕਰ ਦਿੱੱਤਾ ਜਾਂਦਾ ਹੈ। ਅਜੀਬ ਲੱਗਦਾ ਹੈ ਤਦ, ਜਦੋਂ ਔਰਤਾਂ ਇਕ ਪਿੰਜਰੇ ਵਿੱਚ ਕੈਦ ਰਹਿੰਦੀਆਂ ਹਨ। ਪਰ ਕਬਰਬਿੱਜੂ ਅਰਾਮ ਨਾਲ ਬਾਹਰ ਘੁੰਮਦੇ ਹਨ। ਬੈਰਕ ਦੇ ਅੰਦਰ ਹੀ ਹਲਕੀ ਰੌਸ਼ਨੀ ਬੈਰਕ ਨੂੰ ਹੋਰ ਉਦਾਸ ਬਣਾ ਦਿੰਦੀ ਹੈ। ਜੇ ਬੈਰਕ ਦੇ ਅੰਦਰ ਦਾ ਬੱਲਵ ਫਿਊਜ ਹੋ ਗਿਆ ਜਾਂ ਪੱਖਾਂ ਖਰਾਬ ਹੋ ਗਿਆ ਤਾਂ ਉਸਨੂੰ ਲਗਵਾਉਣ ਤੇ ਠੀਕ ਕਰਵਾਉਣ ਲਈ ਤੁਹਾਨੂੰ ਅੱਡੀ-ਚੋਟੀ ਦਾ ਜੋਰ ਲਗਾਉਣਾ ਹੋਵੇਗਾ। ਸਿਪਾਹੀਆਂ ਨੂੰ ਸਿਫਾਰਸ਼ ਕਰਨੀ ਹੋਵੇਗੀ, ਉਨ੍ਹਾਂ ਨੂੰ ਕੁੱਝ ਖਵਾਉਣਾ-ਪਿਲਾਉਣਾ ਹੋਵੇਗਾ, ਰਿਸ਼ਵਤ ਵੀ ਦੇਣੀ ਪੈ ਸਕਦੀ ਹੈ ਅਤੇ ਇਹ ਸਭ ਨਾ ਕਰ ਸਕਣ ਤੇ ਮੇਰੀ ਤਰ੍ਹਾਂ ਝਗੜਣਾ ਪਵੇਗਾ। ਇਕ ਦੋ ਵਾਰ ਤਾਂ ਪੈਸੇ ਵਾਲੇ ਕੈਦੀਆਂ ਤੋਂ ਖੁਦ ਜੇਲ੍ਹਰ ਨੇ ਪੱਖਾ ਲਗਵਾਉਣ ਲਈ ਚਾਰ ਸੌ ਰੁਪਏ ਮੰਗੇ।
ਅਗਲੀ ਗੱਲ ਤੋਂ ਪਹਿਲਾਂ ਇੱਥੇ ਇਹ ਦੱਸਣਾ ਜਰੂਰੀ ਹੈ ਕਿ ਸਾਡੇ ਸਮਾਜ ਦੀ ਤਰ੍ਹਾਂ ਜੇਲ੍ਹ ਵਿੱਚ ਕੈਦੀ ਵੀ ਵੱਖ-ਵੱਖ ਵਰਗਾਂ ਵਿੱਚ ਵੰਡੇ ਹੋਏ ਹਨ। ਅਮੀਰ, ਗਰੀਬ ਅਤੇ ਮੱਧ ਵਰਗ। ਇਹ ਜਾਣਨਾ ਇਸ ਲਈ ਜਰੂਰੀ ਹੈ ਕਿ ਜੇਲ੍ਹ ਪ੍ਰਸ਼ਾਸ਼ਨ ਇਸੇ ਅਨੁਸਾਰ ਹਰ ਕੈਦੀ ਨਾਲ ਵੱਖਰਾ-ਵੱਖਰਾ ਵਿਵਹਾਰ ਕਰਦਾ ਹੈ। ਅਮੀਰ ਹੋਰ ਜੀਅ ਭਰ ਕੇ ਸਿਪਾਹੀਆਂ ਨੂੰ ਸ਼ਰਾਬ ਅਤੇ ਜੇਲਰ ਦੀ ਮੁੱਠੀ ਗਰਮ ਕਰਨ ਵਾਲਿਆਂ ਨੂੰ ਜੇਲ੍ਹ ਪ੍ਰਸ਼ਾਸ਼ਨ ਹਰ ਸੰਭਵ ਸਹੂਲਤ ਦਿੰਦਾ ਹੈ। ਅਤੇ ਇਸਦੇ ਲਈ ਉਹ ਜੇਲ੍ਹ ਦੇ ਹਰ ਨਿਯਮ ਤੋੜਦਾ ਹੈ। ਮੱਧ ਵਰਗ ਦੇ ਕੈਦੀ ਰਿਸ਼ਵਤ ਦੇ ਕੇ ਨਿਯਮ-ਕਾਨੂੰਨਾਂ ਤੋਂ ਥੋੜੀ ਰਾਹਤ ਹਾਸਲ ਕਰ ਲੈਂਦੇ ਹਨ। ਜੇਲ੍ਹ ਦੇ ਸਾਰੇ ਨਿਯਮ-ਕਾਨੂੰਨ ਗਰੀਬ ਕੈਦੀਆਂ ਉਪਰ ਲਾਗੂ ਹੁੰਦੇ ਹਨ ਕਿਉਂਕਿ ਉਹ ਉਨ੍ਹਾਂ ਦੀ ਮੁੱਠੀ ਗਰਮ ਕਰਨ ਦੀ ਹਾਲਤ ਵਿੱਚ ਨਹੀਂ ਹੁੰਦੇ, ਸ਼ੋਸ਼ਣ ਵੀ ਸਭ ਤੋਂ ਜਿਆਦਾ ਇਨ੍ਹਾਂ ਦਾ ਹੀ ਹੁੰਦਾ ਹੈ। ਜੇਲ੍ਹ ’ਚ ਵੰਡੇ ਜਾਂਦੇ ਸਾਬਣ, ਬੱਚਿਆਂ ਨੂੰ ਵੰਡੇ ਜਾਂਦੇ ਦੁੱਧ ਅਤੇ ਦੇਸੀ ਘਿਉ ਵਿੱਚ ਵੀ ਸਿਪਾਹੀਆਂ ਦੀ ਹਿੱਸੇਦਾਰੀ ਹੁੰਦੀ ਹੈ। ਵੱਖ-ਵੱਖ ਸਿਪਾਹੀਆਂ ਨੇ ਇਸ ਹਿੱਸੇਦਾਰੀ ਵਿੱਚ ਵੱਖ-ਵੱਖ ਨੰਬਰਦਾਰ ਸੈਟ ਕੀਤੇ ਹੋਏ ਹਨ। ਘਿਉ ਦਾ ਪੈਕਟ ਤਾਂ ਅਕਸਰ ਪੂਰੇ ਦਾ ਪੂਰਾ ਗਾਇਬ ਕਰ ਦਿੱਤਾ ਜਾਂਦਾ ਹੈ। ਇਸ ਡਕੈਤੀ ਵਿੱਚ ਔਰਤ ਬੈਰਕ ਦੀਆਂ ਤਿੰਨ ਪੁਰਾਣੀਆਂ ਸਿਪਾਹੀ ਔਰਤਾਂ ਸਿੱਧੀਆਂ ਸ਼ਾਮਲ ਹਨ। ਇਸ ਲੁੱਟ-ਖੋਹ ਨੂੰ ਲੈ ਕੇ ਇਨ੍ਹਾਂ ਵਿੱਚ ਹੋਣ ਵਾਲਾ ਝਗੜਾ ਕੈਦੀਆਂ ਲਈ ਕਾਫੀ ਮੰਨੋਰੰਜਕ ਹੁੰਦਾ ਹੈ। ਅਤੇ ਨਾਲ ਹੀ ਇਸ ਨਾਲ ਕੈਦੀਆਂ ਦੇ ਸਮਾਨ ਗਾਇਬ ਹੋਣ ਦੇ ਕਈ ਰਾਜ ਵੀ ਖੁਲ੍ਹਦੇ ਹਨ। ਪੈਸਿਆਂ ਦੀ ਵਸੂਲੀ ਰਾਇਟਰ (ਲਿਖਾ-ਪੜੀ ਦੇ ਕੰਮ ’ਚ ਸਿਪਾਹੀਆਂ ਦੀ ਮਦਦ ’ਚ ਲਗਾਈ ਗਈ ਕੈਦੀ) ਦੇ ਰਾਹੀਂ ਕੀਤੀ ਜਾਂਦੀ ਹੈ। ਬਦਲੇ ’ਚ ਇਸਨੂੰ ਵਸੂਲੀ ਦਾ ਇਕ ਛੋਟਾ ਹਿੱਸਾ ਅਤੇ ਕੁੱਝ ਸਹੂਲਤਾਂ ਮਿਲ ਜਾਂਦੀਆਂ ਹਨ। ਔਰਤਾਂ ਵਿੱਚ ਰਹਿਕੇ ਸਿਪਾਹੀਆਂ ਤੋਂ ਉਨ੍ਹਾਂ ਦੀ ਮੁਖਬਰੀ ਕਰਨਾ, ਉਨ੍ਹਾਂ ਨੂੰ ਕੁਟਵਾਉਣਾ ਜਾਂ ਫਿਰ ਖੁਦ ਕੁੱਟਣ ਦਾ ਕੰਮ ਇਹ ਨੰਬਰਦਾਰ ਅਤੇ ਰਾਇਟਰ ਹੀ ਕਰਦੀ ਹੈ। ਇਸ ਤਰ੍ਹਾਂ ਬਾਹਰ ਦੀ ਦੁਨੀਆਂ ਦੀ ਤਰ੍ਹਾਂ ਜੇਲ੍ਹ ਦੇ ਅੰਦਰ ਵੀ ਸ਼ਾਸ਼ਕਾਂ ਦੇ ਦਲਾਲ ਮੌਜੂਦ ਹਨ। ਬਾਵਜੂਦ ਇਸਦੇ ਕਿ ਇੱਥੇ ਇਕ-ਦੋ ਨੰਬਰਦਾਰ ਅਜਿਹੀਆਂ ਵੀ ਹਨ ਜੋ ਸਿਪਾਹੀਆਂ ਦਾ ਭਾਂਡਾਫੋੜ ਵੀ ਕਰਦੀਆਂ ਹਨ। ਠੰਡ ਦੇ ਦਿਨਾਂ ਵਿੱਚ ਕੈਦੀਆਂ ਨੂੰ ਮਿਲਣ ਵਾਲੇ ਕੰਬਲਾਂ ’ਚੋਂ ਨਵੇਂ ਅਤੇ ਚੰਗੇ ਕੰਬਲ ਪੈਸੇ ਵਾਲੇ ਕੈਦੀਆਂ ਨੂੰ ਦਿੱਤੇ ਜਾਂਦੇ ਹਨ। ਗਰੀਬ ਕੈਦੀਆਂ ਦੇ ਹਿੱਸੇ ਫਟੇ ਅਤੇ ਘੱਟ ਕੰਬਲ ਆਉਂਦੇ ਹਨ ਭਾਵੇਂ ਚੰਗੇ ਕੰਬਲ ਅੰਦਰ ਪਏ ਹੀ ਹੋਣ।
ਇਹ ਤਾਂ ਔਰਤ ਜੇਲ੍ਹ ਦੇ ਅੰਦਰ ਔਰਤਾਂ ਦੇ ਭੌਤਿਕ ਸ਼ੋਸ਼ਣ ਦੀ ਦਾਸਤਾਨ ਹੈ। ਮਾਨਸਿਕ ਸ਼ੋਸ਼ਣ ਇਸਤੋਂ ਵੀ ਜ਼ਿਆਦਾ ਭਿਆਨਕ ਹੈ। ਇਹ ਸਥਿਤੀ ਹੀ ਕਿਸੇ ਨੂੰ ਬੇਚੈਨ ਕਰਨ ਲਈ ਕਾਫੀ ਹੈ ਕਿ ਉਸਦੀ ਹਰ ਗਤੀਵਿਧੀ ’ਤੇ ਕਿਸੇ ਦਾ ਪਹਿਰਾ ਹੈ। ਤੁਹਾਡੇ ਚੱਲਣ-ਫਿਰਨ, ਬੋਲਣ ਹਰ ਚੀਜ਼ ਤੇ ਸਿਪਾਹੀਆਂ ਦੀ ਨਜ਼ਰ ਹੈ। ਤੁਹਾਡੀ ਪਹਿਚਾਣ ਇਕ ਇਨਸਾਨ ਦੇ ਰੂਪ ਵਿੱਚ ਇੱਥੇ ਖਤਮ ਹੋ ਜਾਂਦੀ ਹੈ। ਜੇਲ੍ਹ ਪ੍ਰਸ਼ਾਸ਼ਨ ਲਈ ਹਰ ਕੈਦੀ ਇਕ ਨੰਬਰ ਹੈ। ਅਤੇ ਇਸ ਨੰਬਰ ਦਾ ਹਿਸਾਬ-ਕਿਤਾਬ ਤੁਹਾਡੇ ਉੱਠਣ, ਸੌਣ, ਜਾਣ, ਆਉਣ ਹਰ ਸਮੇਂ ਚੱਲਦਾ ਰਹਿੰਦਾ ਹੈ। ਜਾਣੀ ਤੁਸੀਂ ਇਨਸਾਨ ਨਹੀਂ ਭੇਡਾਂ-ਬੱਕਰੀਆਂ ਹੋ।
ਇਥੋਂ ਤੱਕ ਕਿ ਜੇਲ੍ਹ ਦੇ ਬੱਚੇ ਵੀ ਸਵੇਰੇ ਆਪਣੀ ਮਾਂ ਨੂੰ ਤੋਤਲੀ ਅਵਾਜ਼ ਵਿੱਚ ਉਠਾਉਂਦੇ ਹਨ। “ਮਾਂ ਉੱਠ ਗਿਣਤੀ”। ਕਿਸੇ ਵੀ ਚੇਤੰਨ ਇਨਸਾਨ ਲਈ ਇਹ ਬੇਹੱਦ ਅਪਮਾਨਜਨਕ ਅਤੇ ਸਜਾਯੋਗ ਹੈ। ਜੇ ਕਿਸੇ ਔਰਤ ਨੇ ਸਿਪਾਹੀ ਨੂੰ ਰਿਸ਼ਵਤ ਨਹੀਂ ਦਿੱਤੀ ਤਾਂ ਉਸ ਤੋਂ ਕੰਮ ਕਰਵਾਉਣ ਵਿੱਚ ਨਾ ਉਸਦੀ ਉਮਰ ਵੇਖੀ ਜਾਵੇਗੀ ਨਾ ਹਾਵਾਲਾਤੀ ਤੋਂ 14 ਦਿਨ ਕੰਮ ਨਾ ਕਰਵਾਉਣ ਦਾ ਵਿਧਾਨ। ਜਦੋਂ ਕਿ ਮੁੱਖ ਜੇਲ੍ਹ ਦੇ ਬਾਹਰ ਖੜੇ ਬੋਰਡਾਂ ਤੇ ਵੱਡੇ-ਵੱਡੇ ਸ਼ਬਦਾਂ ਵਿੱਚ ਇਸਨੂੰ ਲਿਖਿਆ ਗਿਆ ਹੈ। ਉੱਠਣ-ਬੈਠਣ ਨਾ ਸਕਣ ਵਾਲੀਆਂ ਔਰਤਾਂ ਤੋਂ ਵੀ ਜਬਰੀ ਕੰਮ ਲਿਆ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਅਜਿਹਾ ਕਰਨ ਵਿੱਚ ਨਿਯਮ ਕਾਨੂੰਨ ਨੂੰ ਕੋਈ ਬੰਦਿਸ਼ ਹੈ, ਜੇ ਕੋਈ ਔਰਤ ਮੰਗੀ ਗਈ ਰਕਮ ਦੇ ਦਿੰਦੀ ਹੈ, ਉਸਨੂੰ ਹਰ ਤਰ੍ਹਾਂ ਦੇ ਕੰਮ ਤੋਂ ਛੁੱਟੀ ਦੇ ਦਿੱਤੀ ਜਾਂਦੀ ਹੈ। ਛੋਟੀ-ਛੋਟੀ ਗੱਲ ਤੇ ਮਾਰਨਾ-ਕੁੱਟਣਾ ਅਤੇ ਗਾਲਾਂ ਦੇਣਾ ਬੇਹੱਦ ਆਮ ਹੈ। ਕੁੱਟ ਖਾਣ ਨੂੰ ਹਰ ਔਰਤ ਦਾ ਫਰਜ਼ ਸਮਝਿਆ ਜਾਂਦਾ ਹੈ। ਇਕ ਵਾਰ ਜਦੋਂ ਇਕ ਔਰਤ ਨੇ ਕੁੱਟੇ ਜਾਣ ਬਾਅਦ ਇਸਦੀ ਸ਼ਿਕਾਇਤ ਕੋਰਟ ਵਿੱਚ ਕਰਨ ਦੀ ਧਮਕੀ ਦਿੱਤੀ ਤਾਂ ਕੁੱਟਣ ਵਾਲੀ ਔਰਤ ਸਿਪਾਹੀ ਨੇ ਉਸਨੂੰ ਫੁਸਲਾਉਂਦੇ ਹੋਏ ਕਿਹਾ, ‘ਘਰ ਵਿਚ ਤੇਰਾ ਪਤੀ ਵੀ ਤੈਨੂੰ ਕੁੱਟਦਾ ਹੋਵੇਗਾ, ਕਿ ਨਹੀਂ’। ਗਾਲਾਂ ਦਾ ਇਕ ਅਲੱਗ ਹੀ ਸਮਾਜ ਸ਼ਾਸ਼ਤਰ ਹੈ। ਬੇਹੱਦ ਘਿਣਾਉਣੀਆਂ ਗਾਲਾਂ (ਜਿਨ੍ਹਾਂ ਨੂੰ ਮੈਂ ਅਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਸੁਣਿਆ ਸੀ) ਦੇ ਇਲਾਵਾ ਔਰਤਾਂ ਦੇ ਪਤੀ ਅਤੇ ਪੁੱਤਰ ਦੇ ਕੁੱਟਣ ਦਾ ਸਰਾਪ ਹੁੰਦਾ ਹੈ ਜਿਸਤੋਂ ਕੈਦੀ ਔਰਤਾ ਸਭ ਤੋਂ ਜ਼ਿਆਦਾ ਡਰਦੀਆਂ ਹਨ। ਇਨ੍ਹਾਂ ਗਾਲਾਂ ਦੀ ਭਾਸ਼ਾ ਇਕੋ ਜਿਹੀ ਹੀ ਹੁੰਦੀ ਹੈ। ਸ਼ੁਰੂ ਵਿੱਚ ਮੈਨੂੰ ਹੈਰਾਨੀ ਹੁੰਦੀ ਸੀ ਕਿ ਐਨੀਆਂ ਵੱਖ-ਵੱਖ ਥਾਵਾਂ ਤੋਂ ਆਈਆਂ ਔਰਤਾਂ ਇਕ ਹੀ ਤਰ੍ਹਾਂ ਦੀਆਂ ਗਾਲਾਂ ਕਿਵੇਂ ਦਿੰਦੀਆਂ ਹਨ। ਫਿਰ ਮੈਂ ਧਿਆਨ ਦਿੱਤਾ ਕਿ ਨਵੀਂ ਆਈ ਔਰਤ ਕੈਦੀ ਕੁੱਝ ਸਮੇਂ ਬਾਅਦ ਗਾਲਾਂ ਸਿੱਖ ਜਾਂਦੀ ਹੈ। ਇਹ ਗਾਲਾਂ ਨਹੀਂ ਬਲਕਿ ਜੇਲ੍ਹ ਦੀ ਭਾਸ਼ਾ ਦਾ ਹਿੱਸਾ ਹੈ ਜੋ ਜੇਲ੍ਹਰ ਅਤੇ ਸਿਪਾਹੀਆਂ ਦੁਆਰਾ ਇੱਥੇ ਆਉਣ ਵਾਲੀ ਹਰ ਔਰਤ ਤੱਕ ਪਹੁੰਚਦਾ ਹੈ। ਸਿਰਫ ਮੈਂ ਆਪਣੇ ਆਪ ਨੂੰ ਇਸ ਭਾਸ਼ਾ ਤੋਂ ਕਿਸੇ ਨਾ ਕਿਸੇ ਤਰ੍ਹਾਂ ਬਚਾਈ ਰੱਖਿਆ। ਭਲੇ ਹੀ ਇਸੇ ਕਾਰਨ ਨੰਬਰਦਾਰਾਂ ਅਤੇ ਰਾਇਟਰਾਂ ਨਾਲ ਹੋਣ ਵਾਲੇ ਇਕ-ਦੋ ਝਗੜਿਆਂ ਵਿੱਚ ਜੁਬਾਨੀ ਤੌਰ ਤੇ ਮੈਂ ਹਾਰ ਗਈ। ਔਰਤ ਕੈਦੀਆਂ ਦਾ ਆਪਸ ਵਿੱਚ ਵੀ ਛੋਟੀ ਛੋਟੀਆਂ ਗੱਲਾਂ ਨੂੰ ਲੈ ਕੇ ਲੜਨਾ ਇਕ ਆਮ ਗੱਲ ਹੈ।
ਔਰਤ ਜੇਲ੍ਹ ਦੇ ਅੰਦਰ ਸਭ ਤੋਂ ਮਾੜੀ ਹਾਲਤ ਮੈਡੀਕਲ ਸਹੂਲਤ ਦੀ ਹੈ। ਸੌ ਤੋਂ ਡੇਢ ਸੌ ਤੱਕ ਗਿਣਤੀ ਵਾਲੀ ਔਰਤ ਕੈਦੀਆਂ ਵਾਲੀ ਇਸ ਜੇਲ੍ਹ ਵਿੱਚ ਇਕ ਵੀ ਔਰਤ ਡਾਕਟਰ ਨਹੀਂ ਹੈ ਤੇ ਨਾ ਹੀ ਸਫਾਈ ਡਾਕਟਰ। ਜੇ ਕਿਸੇ ਕੈਦੀ ਦੀ ਸਿਹਤ ਖਰਾਬ ਹੋਵੇ, ਤਾਂ ਫੋਨ ਦੁਆਰਾ ਮਰਦ ਜੇਲ੍ਹ ਵਿੱਚ ਸਥਿਤ ਹਸਪਤਾਲ ਨੂੰ ਖਬਰ ਭੇਜਣੀ ਹੁੰਦੀ ਹੈ ਤਦ ਉਥੋਂ ਡਾਕਟਰ ਆਉਂਦਾ ਹੈ। ਆਮ ਤੌਰ ਤੇ ਇਸ ਪ੍ਰਕਿਰਿਆ ਵਿੱਚ ਘੱਟ ਤੋਂ ਘੱਟ ਅੱਧਾ ਘੰਟਾ ਲੱਗ ਜਾਂਦਾ ਹੈ। ਪਰ ਇਕੋ ਜਿਹੀ ਸਥਿਤੀ ਇੱਥੇ ਕਦੇ ਨਹੀਂ ਰਹਿੰਦੀ। ਕਿਸੇ ਦੇ ਬਿਮਾਰ ਹੋਣ ਤੇ ਰਿਪੋਰਟ ਕਿੰਨੀ ਦੇਰ ਵਿੱਚ ਭੇਜੀ ਜਾਵੇਗੀ। ਇਹ ਇਸਤੇ ਨਿਰਭਰ ਕਰਦਾ ਹੈ ਕਿ ਮਰੀਜ਼ ਕੈਦੀ ਨਾਲ ਸਿਪਾਹੀ ਦਾ ਰਿਸ਼ਤਾ ਕਿਹੋ ਜਿਹਾ ਹੈ। ਜੇ ਇਹ ਚੰਗਾ ਹੈ (ਭਾਵ ਕਿ ਉੁਹ ਸਿਪਾਹੀ ਦੀ ਮੁੱਠੀ ਗਰਮ ਰੱਖਦੀ ਹੈ) ਤਾਂ ਰਿਪੋਰਟ ਤੁਰੰਤ ਲੱਗ ਜਾਵੇਗੀ, ਨਹੀਂ ਤਾ ਇਹ ਤਦ ਲੱਗੇਗੀ, ਜਦੋਂ ਮਰੀਜ਼ ਦੀ ਹਾਲਤ ਸਿਪਾਹੀ ਦੀ ਨਜ਼ਰ ਵਿੱਚ ਗੰਭੀਰ ਹੋ ਜਾਵੇ। ਡਾਕਟਰ ਦੁਆਰਾ ਦਿੱਤੀਆਂ ਗਈਆਂ ਦਵਾਈਆਂ ਤੋਂ ਮਰੀਜ਼ ਨੂੰ ਅਰਾਮ ਹੋ ਜਾਵੇ, ਇਹ ਵੀ ਜਰੂਰੀ ਨਹੀਂ ਬੱਸ ਡਾਕਟਰ ਆਪਣਾ ਕੰਮ ਕਰਕੇ ਚਲਾ ਜਾਂਦਾ ਹੈ। ਸਿਹਤ ਨੂੰ ਵੇਖਦੇ ਹੋਏ ਦੁੱਧ ਅਤੇ ਫਲ ਜ਼ਰੂਰਤਮੰਦ ਮਰੀਜ਼ ਦੇ ਨਾਮ ਘੱਟ, ਉਨ੍ਹਾਂ ਦੇ ਨਾਮ ਜ਼ਿਆਦਾ ਲਿਖੇ ਜਾਂਦੇ ਹਨ ਜਿਸਦਾ ਡਾਕਟਰ ਜਾਂ ਹਸਪਤਾਲ ਦੇ ਕਰਮਚਾਰੀ ਨਾਲ ਰਿਸ਼ਤਾ ਚੰਗਾ ਹੈ। ਦਿਨ ਵਿੱਚ ਤਾਂ ਫਿਰ ਵੀ ਠੀਕ ਹੈ ਪਰ ਜੇ ਕਿਸੇ ਔਰਤ ਕੈਦੀ ਦੀ ਸਿਹਤ ਰਾਤ ਨੂੰ ਖਰਾਬ ਹੋ ਜਾਵੇ, ਤਾਂ ਉਸਨੂੰ ਐਨਾ ਅਪਮਾਨਿਤ ਕੀਤਾ ਜਾਂਦਾ ਹੈ ਕਿ ਉਹ ਡਾਕਟਰ ਬੁਲਾਉਣ ਤੋਂ ਮਰ ਜਾਣਾ ਬਿਹਤਰ ਸਮਝੇਗੀ। ਅਜਿਹਾ ਇਸ ਲਈ ਹੈ ਕਿ ਰਾਤ ਸਮੇਂ ਇਕ ਜੇਲ੍ਹ ਬੰਦ ਹੋ ਜਾਣ ਤੇ ਉਸਦੀ ਚਾਬੀ ਜਦ ਜਮਾ ਹੋ ਜਾਂਦੀ ਹੈ ਤਾਂ ਉਸਨੂੰ ਵਿਚਦੀ ਖੁਲਵਾਉਣ ਲਈ ਐਮਰਜੈਂਸੀ ਡਾਕਟਰ ਦੇ ਇਲਾਵਾ ਜੇਲ੍ਹਰ ਤੇ ਹੈੱਡ ਵਾਰਡਨ ਨੂੰ ਵੀ ਆਉਣਾ ਪੈਂਦਾ ਹੈ। ਰਾਤ ਨੂੰ ਨੀਂਦ ਤੋਂ ਜਾਗਣ ਕਾਰਨ ਇਸ ਸਾਰੇ ਆਪਣਾ ਗੁੱਸਾ ਬਿਮਾਰ ਕੈਦੀ ਉੱਤੇ ਉਤਾਰਦੇ ਹਨ। ਨੈਨੀ ਜੇਲ੍ਹ ’ਚ ਰਾਤ ਨੂੰ ਡਿਊਟੀ ਕਰਨ ਵਾਲਾ ਡਾਕਟਰ ਨਾ ਸਿਰਫ ਅਣਮਨੁੱਖੀ ਵਿਵਹਾਰ ਵਾਲਾ ਹੈ ਬਲਕਿ ਅਸੱਭਿਅਕ ਵੀ ਹੈ। ਹਮੇਸ਼ਾਂ ਉਹ ਹੱਥ ’ਚ ਸਿਗਰਟ ਲੈ ਕੇ ਬੈਰਕ ਅੰਦਰ ਦਾਖਲ ਹੁੰਦਾ ਹੈ ਤੇ ਮਰੀਜ਼ ਦੇ ਰੋਗ ਦਾ ਅਨੁਮਾਨ ਲਾ ਕੇ ਉਸਨੂੰ ਉਲਟੀਆਂ-ਪੁਲਟੀਆਂ ਦਵਾਈਆਂ ਦਿੰਦਾ ਹੈ ਜਿਸ ਨਾਲ ਮਰੀਜ਼ ਦੀ ਹਾਲਤ ਅਕਸਰ ਸੁਧਰਨ ਦੀ ਬਜਾਏ ਵਿਗੜ ਜਾਂਦੀ ਹੈ। ਔਰਤ ਡਾਕਟਰ ਨਾ ਹੋਣ ਕਾਰਨ ਬਹੁਤ ਸਾਰੀਆਂ ਔਰਤਾਂ ਸ਼ਰਮ ਕਾਰਨ ਆਪਣਾ ਰੋਗ ਮਰਦ ਡਾਕਟਰ ਦੇ ਸਾਹਮਣੇ ਦੱਸਦੀਆਂ ਹੀ ਨਹੀਂ। ਸਾਲ ਭਰ ਜਾਂ ਛੇ ਮਹੀਨੇ ਵਿੱਚ ਇਕ ਵਾਰ ਬਾਹਰ ਤੋਂ ਔਰਤ ਡਾਕਟਰ ਦੌਰੇ ਤੇ ਆਉਂਦੀ ਹੈ, ਪਰ ਵੱਡੇ ਨਿਆਂਇਕ ਅਧਿਕਾਰੀਆਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਉਹ ਹਰ ਮਹੀਨੇ ਆਉਂਦੀ ਹੈ।
ਸੁਣਨ ਵਿੱਚ ਇਹ ਲੱਗ ਸਕਦਾ ਹੈ ਕਿ ਜੇਲ੍ਹ ਵਿੱਚ ਕਿਸੇ ਵੱਡੇ ਅਧਿਕਾਰੀ ਦਾ ਦੌਰਾ ਕੈਦੀਆਂ ਲਈ ਫਾਇਦੇਮੰਦ ਹੁੰਦਾ ਹੈ ਪਰ ਅਜਿਹਾ ਹੁੰਦਾ ਨਹੀਂ। ਔਰਤ ਜੇਲ੍ਹ ਵਿੱਚ ਵੱਡੇ ਅਧਿਕਾਰੀ ਦਾ ਦੌਰਾ ਕੈਦੀਆਂ ਲਈ ਮੁਸੀਬਤ ਹੀ ਹੁੰਦਾ ਹੈ ਕਿਉਂਕਿ ਉਸ ਦਿਨ ਕੈਦੀਆਂ ਦੁਆਰਾ ਛੋਟੀ ਜਿਹੀ ਜਗ੍ਹਾ ਵਿੱਚ ਕਿਸੇ ਤਰ੍ਹਾਂ ਬਣਾਏ ਗਏ ਪ੍ਰਬੰਧ ਨੂੰ ਤਹਿਸ-ਨਹਿਸ ਕਰ ਦਿੱਤਾ ਜਾਂਦਾ ਹੈ। ਕੱਪੜੇ ਸੁਕਾਉਣ ਦੀਆਂ ਰੱਸੀਆਂ ਖੋਲ੍ਹ ਦਿੱਤੀਆਂ ਜਾਂਦੀਆਂ ਹਨ, ਜੇਲ੍ਹ ਤੋਂ ਮਿਲੇ ਕੱਪੜਿਆਂ ਨੂੰ ਪਹਿਨ ਲੈਣ ਦੀ ਹਦਾਇਤ ਦਿੱਤੀ ਜਾਂਦੀ ਹੈ। ਅਧਿਕਾਰੀ ਦੇ ਸਾਹਮਣੇ ਮੂੰਹ ਨਾ ਖੋਲ੍ਹਣ ਦੀ ਧਮਕੀ ਦਿੱਤੀ ਜਾਂਦੀ ਹੈ। ਅਤੇ ਜੇ ਕਿਸੇ ਨੇ ਹਿੰਮਤ ਜੁਟਾ ਕੇ ਸ਼ਿਕਾਇਤ ਕਰ ਹੀ ਦਿੱਤੀ, ਤਾਂ ਅਧਿਕਾਰੀਆਂ ਦੇ ਜਾਣ ਬਾਅਦ ਉਸਨੂੰ ਗਾਲਾਂ ਦੀ ਬੁਛਾੜ ਕੀਤੀ ਜਾਂਦੀ ਹੈ। ਅਧਿਕਾਰੀ ਦੇ ਸਾਹਮਣੇ ਹਰ ਔਰਤ ਕੈਦੀ ਨੂੰ ਸਿਰ ਢੱਕਕੇ ਰੱਖਣ ਅਤੇ ਨਜ਼ਰ ਨੀਵੀਂ ਰੱਖਣ ਦੀ ਸਖਤ ਹਦਾਇਤ ਹੁੰਦੀ ਹੈ। ਜਿਸਨੇ ਅਜਿਹਾ ਨਹੀਂ ਕੀਤਾ ਉਸਨੂੰ ਬਾਅਦ ਵਿੱਚ ਅਪਮਾਨਿਤ ਕੀਤਾ ਜਾਂਦਾ ਹੈ। ਜੇਲ੍ਹ ਵਿੱਚ ਅਧਿਕਾਰੀਆਂ ਤੋਂ ਲੈ ਕੇ ਸਿਪਾਹੀਆਂ ਤੱਕ ਸਭ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਅਣਹੋਣੀ ਤੋਂ ਪਹਿਲਾਂ ਜਾਂਚ ਅਧਿਕਾਰੀ ਜੇਲ੍ਹ ਤੋਂ ਜਲਦ ਤੋਂ ਜਲਦ ਬਾਹਰ ਨਿਕਲ ਜਾਵੇ। ਜੇ ਕੋਈ ਕੈਦੀ ਹਿੰਮਤ ਕਰਕੇ ਕੋਈ ਸਮੱਸਿਆ ਰੱਖਦੀ ਵੀ ਹੈ ਤਾਂ ਜਾਂਚ ਅਧਿਕਾਰੀ ਹੁਕਮ ਦੇ ਤੌਰ ਤੇ ਉਸਦੀ ਗੱਲ ਨੂੰ ਨੋਟ ਕਰਾ ਕੇ ਚਲਾ ਜਾਂਦਾ ਹੈ ਅਤੇ ਸਮੱਸਿਆ ਉਵੇਂ ਦੀ ਉਵੇਂ ਰਹਿੰਦੀ ਹੈ।
ਇਹ ਔਰਤਾਂ ਦੀ ਉਹ ਦੁਨੀਆ ਹੈ ਜਿੱਥੇ ਅਣਪੜਤਾ, ਅੰਧਵਿਸ਼ਵਾਸ਼ ਅਤੇ ਕਰਮਕਾਂਢ ਸਭ ਤੋਂ ਭਿਆਨਕ ਰੂਪ ਵਿੱਚ ਦਿਖਦਾ ਹੈ। ਐਨੇ ਤਰ੍ਹਾਂ ਦਾ ਅੰਧਵਿਸ਼ਵਾਸ਼ ਅਤੇ ਟੂਣਾ-ਟਾਮਣ ਮੈਂ ਪਹਿਲਾਂ ਕਦੇ ਨਹੀਂ ਵੇਖਿਆ ਸੀ। ਇਸ ਕਾਰਨ ਅਕਸਰ ਬੜੀ ਅਜੀਬੋ-ਗਰੀਬ ਅਤੇ ਕਈ ਵਾਰ ਹਾਸੋਹੀਣੀ ਹਾਲਤ ਪੈਦਾ ਹੋ ਜਾਂਦੀ ਹੈ। ਜਿਵੇਂ ਹੀ ਇੱਥੇ ਕਿਸੇ ਔਰਤ ’ਚ ਭੂਤ ਜਾਂ ਜਿੰਨ ਆਇਆ ਤਾਂ ਉਹ ਕੇਸ, ਪੇਸ਼ੀ ਜਾਂ ਮੁਲਾਕਾਤ ਦੀ ਹੀ ਗੱਲ ਕਰਦਾ ਹੈ। ਕਈ ਵਾਰ ਉਸ ਔਰਤ ਤੋਂ (ਭੂਤ ਜਾਂ ਦੇਵਤਾ ਤੋਂ) ਲੋਕ ਆਪਣੀ ਰਿਹਾਈ ਬਾਰੇ ਪੁੱਛਦੇ। ਉਹ ਸਾਰਿਆਂ ਦੀ ਰਿਹਾਈ ਦੇ ਬਾਰੇ ਕੁੱਝ ਨਾ ਕੁੱਝ ਦੱਸਦੀ ਪਰ ਆਪਣੇ ਬਾਰੇ ਕੁੱਝ ਨਹੀਂ। ਕਈ ਵਾਰ ਆਪਸੀ ਝਗੜੇ ਵਿੱਚ ਹਾਰਨ ਵਾਲੀ ਔਰਤ ਵਿੱਚ ਭੂਤ ਆ ਜਾਂਦਾ ਅਤੇ ਉਹ ਜਿੱਤਣ ਵਾਲੀ ਔਰਤ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ। ਕੈਦੀ ਔਰਤਾਂ ਹੀ ਨਹੀਂ ਜੇਲ੍ਹ ਦੀ ਸਿਪਾਹੀ ਅਤੇ ਅਧਿਆਪਕਾ ਵੀ ਇਸ ਤਰ੍ਹਾਂ ਦੇ ਅੰਧਵਿਸ਼ਵਾਸ ਅਤੇ ਟੂਣਾਟਾਮਣ ਵਿੱਚ ਪੂਰੀ ਸ਼ਰਧਾ ਰੱਖਦੀ ਹੈ ਅਤੇ ਇਸਨੂੰ ਆਪਣੇ (ਅਲਪ) ਗਿਆਨ ਦੁਆਰਾ ਅਮੀਰ ਕਰਦੀ ਰਹਿੰਦੀ ਹੈ। ਉਹ ਇਸਨੂੰ ਬੜਾਵਾ ਦਿੰਦੀ ਹੈ।
ਇਹ ਸਭ ਜਾਣਨ ਦੇ ਬਾਅਦ ਵੀ ਤੁਹਾਡੇ ’ਚੋਂ ਬਹੁਤਿਆਂ ਦੇ ਮਨ ਵਿੱਚ ਇਹ ਆ ਸਕਦਾ ਹੈ ਕਿ ਅਪਰਾਧੀ ਔਰਤਾਂ ਲਈ ਇਹ ਸਭ ਠੀਕ ਹੀ ਹੈ। ਇਸ ਸਬੰਧ ਵਿੱਚ ਗੱਲ ਕਰਨ ਦੇ ਦੋ ਪਹਿਲੂ ਹਨ-ਪਹਿਲਾ ਪਹਿਲੂ ਇਹ ਹੈ ਕਿ ਇਹ ਸਾਰੀਆਂ ਔਰਤਾਂ ਸ਼ਾਤਰ ਅਪਰਾਧੀ ਹਨ ਜਾਂ ਮੌਜੂਦਾ ਸਮਾਜਿਕ ਅਤੇ ਕਾਨੂੰਨੀ ਪ੍ਰਬੰਧ ਦੀਆਂ ਸ਼ਿਕਾਰ ਹਨ? ਦੂਜਾ ਇਹ ਕਿ ਇਸ ਤਰੀਕੇ ਨਾਲ ਅਪਰਾਧੀਆਂ ਨੂੰ ਸੁਧਾਰਿਆ ਜਾ ਸਕਦਾ ਹੈ ? ਇਹ ਦੋਵੇਂ ਹੀ ਵੱਖਰੇ ਲੇਖ ਦਾ ਵਿਸ਼ਾ ਹੈ ਪਰ ਸੰਖੇਪ ਵਿੱਚ ਇਸ ਤੇ ਗੱਲ ਕਰੀਏ ਤਾਂ ਜੇਲ੍ਹ ਵਿੱਚ ਜਿਆਦਾਤਰ ਔਰਤਾਂ ਅਪਰਾਧੀ ਨਹੀਂ ਬਲਕਿ ਇਸ ਰੂੜੀਵਾਦੀ ਪਿਤਰਸੱਤਾ ਦਾ ਸ਼ਿਕਾਰ ਹਨ। ਉਦਾਹਰਣ ਲਈ ਹੱਤਿਆ ਦੀਆਂ ਮੁਲਜ਼ਮ ਔਰਤਾਂ ਦਾ ਕੇਸ ਵੇਖੀਏ ਤਾਂ ਜ਼ਿਆਦਾਤਰ ਮਾਮਲੇ ਪ੍ਰੇਮ-ਤਿਕੋਣ ਦੇ ਹਨ। ਕਿਉਂਕਿ ਸਾਡਾ ਸਮਾਜ ਪ੍ਰੇਮ, ਅਤੇ ਉਸ ਵਿਚੋਂ ਔਰਤ ਦੇ ਪਿਆਰ ਦੀ ਅਜ਼ਾਦੀ ਨਹੀਂ ਦਿੰਦਾ। ਇਸ ਲਈ ਇਹ ਉਨ੍ਹਾਂ ਸਾਹਮਣੇ ਇਕ ਅਜੀਬ ਸਥਿਤੀ ਪੈਦਾ ਕਰ ਦਿੰਦਾ ਹੈ। ਉਸਦੇ ਕੋਲ ਦੋ ਹੀ ਤਰੀਕੇ ਹਨ। ਪਤੀ ਨੂੰ ਪਾਸੇ ਹਟਾਇਆ ਜਾਵੇ ਜਾਂ ਭੱਜ ਜਾਵੇ। ਇਸਤੋਂ ਬਾਅਦ ਵੀ ਅਕਸਰ ਨਾ ਤਾ ਹੱਤਿਆ ਦਾ ਫੈਸਲਾ ਉਸਦਾ ਹੁੰਦਾ ਹੈ ਤੇ ਨਾ ਹੀ ਉਹ ਹੱਤਿਆ ਵਿੱਚ ਸ਼ਾਮਲ ਹੁੰਦੀ ਹੈ ਕਿਉਂਕਿ ਹੱਤਿਆ ਕਰਨ ਵਾਲੇ ਵਿਅਕਤੀ ਨਾਲ ਉਸਦੇ ਪਿਆਰ ਸਬੰਧ ਹਨ। ਪੁਲਿਸ ਉਸੇ ਨੂੰ ਮੁਲਜ਼ਮ ਬਣਾ ਦਿੰਦੀ ਹੈ। ਕੁੱਝ ਮਾਮਲੇ ਜਿਸ ਵਿੱਚ ਔਰਤਾਂ ਸਿੱਧੇ-ਸਿੱਧੇ ਹੱਤਿਆ ਵਿੱਚ ਸ਼ਾਮਲ ਵੀ ਹਨ ਇਸ ਕਾਰਨ ਕਿ ਉਹ ਲੰਮੇ ਸਮੇਂ ਤੋਂ ਸਬੰਧਿਤ ਮਰਦ ਦੁਆਰਾ ਸ਼ੋਸ਼ਣ ਦਾ ਸ਼ਿਕਾਰ ਰਹੀ ਸੀ ਅਤੇ ਇਕ ਦਿਨ ਗੁੱਸੇ ਵਿੱਚ ਆ ਕੇ ਉਸਨੇ ਕਤਲ ਕਰ ਦਿੱਤਾ। ਇਸ ਦੇ ਇਲਾਵਾ ਜ਼ਿਆਦਾਤਰ ਔਰਤਾਂ ਦਹੇਜ ਹੱਤਿਆ ਕਾਨੂੰਨ ਕਾਰਨ ਜੇਲ੍ਹ ਪਹੁੰਚ ਗਈਆਂ। ਇਸਨੂੰ ਕਾਨੂੰਨ ਦੀ ਕਮਜੋਰੀ ਕਹੀਏ ਜਾਂ ਦੁਰਉਪਯੋਗ ਕਿ ਇਸ ਵਿੱਚ ਜ਼ਿਆਦਾਤਰ ਨਿਰਦੋਸ਼ ਔਰਤਾਂ ਜੇਲ੍ਹ ਪਹੁੰਚਦੀਆਂ ਜਾ ਰਹੀਆਂ ਹਨ, ਦੂਜੇ ਪਾਸੇ ਦਹੇਜ ਦਾ ਦੈਂਤ ਹੋਰ ਮੋਟਾ ਹੁੰਦਾ ਜਾ ਰਿਹਾ ਹੈ। ਕਿਸੇ ਵੀ ਕਾਰਨ ਜੇ ਨਵ-ਵਿਆਹੁਤਾ ਦੀ ਮੌਤ ਹੋ ਜਾਂਦੀ ਹੈ ਜਾਂ ਉਹ ਕਿਸੇ ਹੋਰ ਕਾਰਨ ਆਤਮਹੱਤਿਆ ਕਰ ਲੈਂਦੀ ਹੈ, ਤਾਂ ਲੜਕੇ ਵਾਲੇ ਦਾ ਪੂਰਾ ਪਰਿਵਾਰ ਦਹੇਜ ਸ਼ੋਸ਼ਣ ਕਾਰਨ ਅੰਦਰ ਕਰ ਦਿੱਤਾ ਜਾਂਦਾ ਹੈ। ਦਹੇਜ ਅਤੇ ਦਹੇਜ ਹੱਤਿਆ ਉੱਤੇ ਰੋਕ ਇਕ ਸਮਾਜਿਕ ਅਤੇ ਮਾਨਸਿਕ ਜਾਗਰੁਕਤਾ ਦਾ ਵਿਸ਼ਾ ਜ਼ਿਆਦਾ ਹੈ ਤੇ ਕਾਨੂੰਨ ਪ੍ਰਬੰਧ ਦਾ ਵਿਸ਼ਾ ਘੱਟ।
ਇਸ ਗੱਲ ਦੇ ਦੂਜੇ ਪਹਿਲੂ ਤੇ ਗੱਲ ਕਰੀਏ ਤਾਂ ਕੀ ਮੌਜੂਦਾ ਜੇਲ੍ਹਾਂ ਅਪਰਾਧੀਆਂ ਨੂੰ ਸੁਧਾਰਨ ਦਾ ਮਾਦਾ ਰੱਖਦੀਆਂ ਹਨ? ਸਿਰਫ ਨੈਨੀ ਸੈਂਟਰਲ ਜੇਲ੍ਹ ਦੀ ਬੈਰਕ ਹੀ ਨਹੀਂ ਬਲਕਿ ਜ਼ਿਆਦਾਤਰ ਜੇਲ੍ਹਾਂ ਦੀ ਇਹੋ ਸਥਿਤੀ ਹੈ, ਕਿ ਵੱਡੇ ਅਪਰਾਧੀ ਉਥੇ ਵੀ ਐਸ਼ ਕਰਦੇ ਹਨ ਅਤੇ ਛੋਟੇ-ਮੋਟੇ ਅਪਰਾਧ ਵਾਲੇ ਗਰੀਬ ਲੋਕ ਸ਼ੋਸ਼ਣ ਝੱਲ ਰਹੇ ਹਨ। (ਹਾਲਾਂਕਿ ਇਹ ਪੂਰੇ ਸਮਾਜ ਦੀ ਹਾਲਤ ਹੈ ਕਿ ਵੱਡੇ-ਵੱਡੇ ਘੁਟਾਲੇ ਕਰਨ ਵਾਲੇ ਦੇਸ਼ ਚਲਾ ਰਹੇ ਹਨ, ਬਾਕੀ ਲੋਕ ਗੁਲਾਮੀ ਦਾ ਜੀਵਨ ਜਿਉਂ ਰਹੇ ਹਨ) ਕੀ ਅਜਿਹੀ ਹਾਲਤ ਉਨ੍ਹਾਂ ਨੂੰ ਵੱਡੇ ਅਪਰਾਧੀ ਬਣਨ ਦੀ ਪ੍ਰੇਰਨਾ ਨਹੀਂ ਦਿੰਦੀ। ਜੇਲ੍ਹ ਦੇ ਛੋਟੇ ਅਪਰਾਧੀ ਉਨ੍ਹਾਂ ਨੂੰ ਕੈਦ ਕਰਕੇ ਰੱਖਣ ਵਾਲੇ ਜੇਲ੍ਹ ਪ੍ਰਸ਼ਾਸ਼ਨ ਨੂੰ ਸਪੱਸ਼ਟ ਤੌਰ ਤੇ ਵੱਡੇ ਅਪਰਾਧਾਂ ਵਿੱਚ ਲਿਪਤ ਵੇਖਦੀ ਹੈ, ਕਿ ਇਹ ਹਾਲਤ ਉਨ੍ਹਾਂ ਨੂੰ ਵੀ ਉਸ ਪਾਸੇ ਵੱਧਣ ਦੀ ਪ੍ਰੇਰਨਾ ਨਹੀਂ ਦਿੰਦੀ। ਦੂਜਾ ਇਸਦਾ ਸਿਧਾਂਤਕ ਪੱਖ ਇਹ ਵੀ ਹੈ ਕਿ ਛੋਟੇ-ਮੋਟੇ ਅਪਰਾਧੀਆਂ ਨੂੰ ਉਨ੍ਹਾਂ ਦੇ ਘਰ ਪਰਿਵਾਰ ਤੇ ਸਮਾਜ ਨਾਲੋਂ ਕੱਟਕੇ ਸੁਧਾਰਿਆ ਨਹੀਂ ਜਾ ਸਕਦਾ। ਜਰੂਰੀ ਹੈ ਕਿ ਉਨ੍ਹਾਂ ਦੇ ਆਲ-ਦੁਆਲੇ ਤੋਂ ਅਪਰਾਧ ਵੱਲ ਵਧਣ ਦੀਆਂ ਹਾਲਤਾਂ ਨੂੰ ਸਮਾਪਤ ਕਰਨਾ ਚਾਹੀਦਾ ਹੈ। ਪ੍ਰੰਤੂ ਇਹ ਅਲੱਗ ਬਹਿਸ ਦਾ ਮੁੱਦਾ ਹੈ।
ਬਹੁਤਿਆਂ ਲਈ ਇਹ ਜਾਣਨਾ ਹੈਰਾਨੀਜਨਕ ਹੋ ਸਕਦਾ ਹੈ ਕਿ ਔਰਤਾਂ ਸ਼ੋਸ਼ਣ ਦੀ, ਇਸ ਸਮਾਜ ਨਾਲ ਕੱਟੀ ਦੁਨੀਆ ਦਾ ਹਿੱਸਾ ਹੋਣ ਦੇ ਬਾਵਜੂਦ ਆਪਣਾ ਵਰਤ ਰੱਖਦੀਆਂ ਹਨ, ਤੀਜ਼-ਤਿਉਹਾਰ ਮਨਾਉਂਦੀਆਂ ਹਨ ਤੇ ਨਾਚ-ਗਾਣਾ ਵੀ ਕਰਦੀਆਂ ਹਨ। ਸਿਰਫ ਲੜਦੀਆਂ-ਝਗੜਦੀਆਂ ਹੀ ਨਹੀਂ ਬਲਕਿ ਇਕ-ਦੂਜੇ ਦੀ ਮਦਦ ਵੀ ਕਰਦੀਆਂ ਹਨ, ਇਸ ਹੱਦ ਤੱਕ ਕਿ ਬਾਹਰ ਦੀ ਦੁਨੀਆ ਵਿੱਚ ਉਨਾ ਸੰਭਵ ਨਹੀਂ। ਹੋਵੇ ਵੀ ਕਿਉਂ ਨਾ ਅੰਤ : ਉਹ ਹੀ ਇਕ ਦੂਜੇ ਦੇ ਦੁੱਖ ਦੀਆਂ ਸਾਥੀ ਹਨ। ਪ੍ਰਸਿੱਧ ਕਾਂਤੀਕਾਰੀ ਕਵੀ ਵਰਵਰਾ ਰਾਓ ਨੇ ਆਪਣੀ ਜੇਲ੍ਹ ਡਾਇਰੀ ਵਿੱਚ ਲਿਖਿਆ ਹੈ, “ਇਹ ਦੇਸ਼ ਹੀ ਇਕ ਜੇਲ੍ਹ ਹੈ। ਜੇਲ੍ਹ ਉਸ ਵਿੱਚ ਇਕ ਛੋਟੀ ਜੇਲ੍ਹ ਹੈ।’ ਪਰ ਨੈਨੀ ਸੈਂਟਰਲ ਜੇਲ੍ਹ ਵਿੱਚ ਮੈਨੂੰ ਔਰਤਾਂ ਦੇ ਇਸ ਰੂਪ ਨੂੰ ਵੇਖ ਕੇ ਅਕਸਰ ਇਹ ਲੱਗਦਾ ਸੀ ਕਿ ਵਰਵਰਾ ਰਾਓ ਦੀ ਇਹ ਗੱਲ ਮਰਦਾਂ ਲਈ ਤਾਂ ਸਹੀ ਹੈ ਪਰ ਔਰਤਾਂ ਲਈ ਨਹੀਂ। ਉਨ੍ਹਾਂ ਦੇ ਲਈ ਇਹ ਸੱਚਾਈ ਹੀ ਹੈ ਕਿ ਉਹ ਆਪਣੇ ਆਪਣੇ ਘਰ ਦੀਆਂ ਛੋਟੀਆਂ-ਛੋਟੀਆਂ ਜੇਲ੍ਹਾਂ ਵਿੱਚ ਕੈਦ ਹਨ। ਜੇਲ੍ਹਾਂ ਉਸਦਾ ਵਿਸਥਾਰ ਹਨ, ਉਸਦਾ ਵੱਡਾ ਰੂਪ ਹੈ। ਜਿੱਥੇ ਇਕੱਲੀਆਂ ਨਹੀਂ ਬਲਕਿ ਕਈ ਔਰਤਾਂ ਵੱਖਰੇ ਢੰਗ ਦਾ ਸ਼ੋਸ਼ਣ ਸਹਿ ਰਹੀਆਂ ਹਨ ਅਤੇ ਉਹ ਇਕ ਦੂਜੇ ਦਾ ਸਾਥ ਦੇ ਰਹੀਆਂ ਹਨ ਅਤੇ ਇਕ ਦੂਜੇ ਦਾ ਦੁੱਖ ਵੰਡ ਰਹੀਆਂ ਹਨ। ਹਾਲਾਂਕਿ ਘਰੇਲੂ ਜੇਲ੍ਹਾਂ ਤੋਂ ਮੁਕਤੀ ਉਨ੍ਹਾਂ ਦਾ ਸੁਪਨਾ ਨਹੀਂ ਹੈ। ਇਹ ਸ਼ੋਸ਼ਣ ਦੀ ਇਸ ਦੁਨੀਆ ਵਿੱਚ ਸੰਭਵ ਨਹੀਂ। ਪਰ ਮੈਂ ਕਲਪਨਾ ਕਰਦੀ ਹਾਂ ਕਿ ਔਰਤਾਂ ਇਸ ਜੇਲ੍ਹ ਤੋਂ ਨਿਕਲ ਕੇ ਆਪਣੀਆਂ ਘਰੇਲੂ ਜੇਲ੍ਹਾਂ ਤੋਂ ਵੀ ਬਾਹਰ ਆ ਕੇ ਇਕ ਕਮਿਊਨ ਵਿੱਚ ਨਾਲ ਰਹਿੰਦੇ ਹੋਏ ਬਰਾਬਰੀ ਅਧਾਰਿਤ ਸਮਾਜ ਦਾ ਸੁਪਨਾ ਵੇਖਣ ਅਤੇ ਉਸ ਵੱਲ ਵੱਧਣ। ਪਰ ਹਕੀਕਤ ਇਹ ਹੈ ਕਿ ਇਕੱਠੇ ਹੋਣ ਦੇ ਬਾਵਜੂਦ ਵੀ ਔਰਤਾਂ ਦੀ ਇਹ ਦੁਨੀਆ ਅਲੱਗ ਹੈ ਜਿਸ ਵਿੱਚ ਦੁੱਖਾਂ ਦੀ ਸਾਂਝੇਦਾਰੀ ਤਾਂ ਹੈ ਪਰ ਸੁੱਖ ਦਾ ਬਟਵਾਰਾ ਘੱਟ ਹੈ।
Sukhvir Joga
ਬਹੁਤ ਵਧੀਆ ਤਰੀਕੇ ਨਾਲ ਜ਼ੇਲ੍ਹਾ ਅੰਦਰਲੇ ਭਿਆਨਕ ਅਤੇ ਦਰਿੰਦਗੀ ਭਰੇ ਦ੍ਰਿਸ਼ ਪੇਸ਼ ਕੀਤੇ ਗੲੇ ਹਨ....