ਮਿਰਗ ਤ੍ਰਿਸ਼ਨਾ ਦੇ ਮਾਰੂਥਲ ਚ ਭਟਕਦੇ ਭਾਰਤੀ ਲੋਕ - ਹਰਜਿੰਦਰ ਸਿੰਘ ਗੁਲਪੁਰ
Posted on:- 24-01-2014
ਫੀਲਗੁੱਡ ਦੀ ਤਰਜ ਤੇ ਵਿਕਾਸ ਅਤੇ ਸੁਸਾਸ਼ਨ ਦਾ ਨਾਅਰਾ ਲਾ ਕੇ ਪ੍ਰਾਪਤ ਕੀਤੇ ਮੱਤਦਾਨ ਆਸਰੇ ਬਣੀ ਮੋਦੀ ਸਰਕਾਰ ਦੀ ਕਾਰਜ ਸ਼ੈਲੀ ਉੱਤੇ ਹਿੰਦੂਤਵਵਾਦ ਦਾ ਭਗਵਾਂ ਪਰਛਾਵਾਂ ਵਕਤ ਬੀਤਣ ਦੇ ਨਾਲ ਨਾਲ ਸੰਘਣਾ ਹੁੰਦਾ ਜਾ ਰਿਹਾ ਹੈ ਜਿਸ ਦੇ ਕਾਰਨ ਸਰਕਾਰੀ ਕੰਮ ਕਾਜ ਅੰਦਰਲੀ ਭਰੋਸੇ ਯੋਗਤਾ ਅਤੇ ਪਾਰਦਰਸ਼ਤਾ ਦਾ ਪ੍ਰਭਾਵਿਤ ਹੋਣਾ ਲਾਜਮੀ ਮੰਨਿਆ ਜਾ ਰਿਹਾ ਹੈ।ਮੋਦੀ ਨੇ ਆਪਣੇ ਚੋਣ ਪ੍ਰਚਾਰ ਦੇ ਕੇਂਦਰ ਵਿਚ ਵਿਕਾਸ ਅਤੇ ਚੰਗੇ ਪ੍ਰਸਾਸ਼ਨ ਦੇ ਮੁਦਿਆਂ ਨੂੰ ਅਜਿਹੇ ਦਿਲ ਖਿਚਵੇਂ ਤਰੀਕੇ ਨਾਲ ਰਖ ਕੇ ਲੋਕ ਅਦਾਲਤ ਵਿਚ ਪੇਸ਼ ਕੀਤਾ ਗਿਆ ਕਿ ਪੂਰਾ ਚੋਣ ਪ੍ਰਚਾਰ "ਵਿਕਾਸ ਲਈ ਅਤੇ ਵਿਕਾਸ ਪੁਰਸ਼ ਦੁਆਰਾ"ਦੇ ਸੁਨੇਹੇ ਵਿਚ ਤਬਦੀਲ ਹੋ ਗਿਆ।ਇੱਕ ਭਾਰਤ,ਸਰੇਸ਼ਠ ਭਾਰਤ,ਸਭ ਦਾ ਸਾਥ ਸਭ ਦਾ ਵਿਕਾਸ ਅਤੇ ਇੰਡੀਆ ਫਸਟ ਵਰਗੇ ਨਾਅਰੇ ਇੰਨੇ ਜੋਰ ਸ਼ੋਰ ਨਾਲ ਲਗਾਏ ਗਏ ਕਿ ਵਿਰੋਧੀਆਂ ਵਲੋਂ ਉਹਨਾਂ ਉਤੇ ਲਗਾਏ ਗਏ ਸੰਪਰਦਾਇਕਤਾ ਦੇ ਦੋਸ਼ ਰਾਮ ਰੌਲੇ ਵਿਚ ਦੱਬ ਕੇ ਰਹਿ ਗਏ। ਚੋਣ ਪ੍ਰਚਾਰ ਦੌਰਾਨ ਮੋਦੀ ਵਿਕਾਸ ਦੀ ਮਾਲਾ ਜਪਦੇ ਰਹੇ ।
ਉਹਨਾਂ ਨੇ ਇਸ ਪ੍ਰਚਾਰ ਦੌਰਾਨ ਕੋਈ ਸੰਪਰਦਾਇਕਤਾ ਵਾਲੀ ਗੱਲ ਨਹੀਂ ਕੀਤੀ ,ਕੋਈ ਫੁੱਟ ਪਾਊ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਜਾਤੀ ਅਤੇ ਮਜਹਬੀ ਚਰਚਾ ਕੀਤੀ ।ਨੌਜਵਾਨਾਂ ਤੋਂ ਉਤਮ ਭਾਰਤ ਦੇ ਨਿਰਮਾਣ ਲਈ ਸਹਿਯੋਗ ਮੰਗਿਆ ।ਵਖ ਵਖ ਟੀ ਵੀ ਸ਼ੋਆਂ ਸਮੇਂ ਘੱਟ ਗਿਣਤੀਆਂ ਨੂੰ ਵਿਸ਼ਵਾਸ਼ ਦੁਆਉਂਦੇ ਰਹੇ ਕਿ "ਉਸ"ਦਾ ਉਦੇਸ਼ ਹੈ ਸਾਰੇ ਫਿਰਕਿਆਂ ਅਤੇ ਦੇਸ਼ ਦੀਆਂ ਤਮਾਮ ਪਰੰਪਰਾਵਾਂ ਅਤੇ ਮਾਨਤਾਵਾਂ ਦਾ ਸਨਮਾਨ ਕਰਨਾ,ਜਿਸ ਦੇ ਫਲਸਰੂਪ ਵੱਡੀ ਗਿਣਤੀ ਵੋਟਰ ਅਛੇ ਦਿਨਾਂ ਦੀ ਆਸ ਵਿਚ ਭਾਜਪਾ ਦੇ ਹੱਕ ਵਿਚ ਭੁਗਤ ਗਏ। ਅਛੇ ਦਿਨਾਂ ਦੀ ਆਸ ਪਰ ਮਿਰਗ ਤ੍ਰਿਸ਼ਨਾ ਬਣ ਗਈ।ਨਰਿੰਦਰ ਮੋਦੀ ਦੇ ਬਤੌਰ ਪ੍ਰਧਾਨ ਮੰਤਰੀ ਹੁਣ ਤੱਕ ਦੇ ਸੱਤ ਮਹੀਨੇ ਦੇ ਕਾਰਜ ਕਾਲ ਨੂੰ ਦੇਖ ਕੇ ਇੰਜ ਲਗਦਾ ਹੈ ਜਿਵੇਂ ਉਸ ਨੇ ਵਿਕਾਸ ਅਤੇ ਚੰਗੇ ਪ੍ਰਸਾਸ਼ਨ ਦੇ ਨਾਮ ਉੱਤੇ ਦੇਸ਼ ਵਾਸੀਆਂ ਨਾਲ ਇੱਕ ਪ੍ਰਕਾਰ ਦਾ ਛਲ ਕਪਟ ਕੀਤਾ ਹੋਵੇ। ਇਸ ਸਮੇਂ ਦੌਰਾਨ ਆਪਣੇ ਆਪ ਨੂੰ ਦੇਸ਼ ਦਾ ਚੌਂਕੀਦਾਰ ਕਹਿਣ ਵਾਲੇ ਮੋਦੀ ਦੇ ਰਾਜ ਅੰਦਰ ਉਹ ਸਭ ਕੁਝ ਹੋ ਰਿਹਾ ਹੈ ਜੋ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਨਰਿੰਦਰ ਮੋਦੀ ਵਲੋਂ ਕੀਤੇ ਗਏ ਦਾਅਵਿਆਂ ਅਤੇ ਵਾਅਦਿਆਂ ਦਾ ਮੂੰਹ ਚਿੜਾਉਣ ਲਈ ਕਾਫੀ ਹੈ।ਇਸ ਸਮੇਂ ਦੌਰਾਨ ਰਾਮਜਾਦੇ ਬਨਾਮ ਹਰਾਮਜਾਦੇ,"ਰਾਸ਼ਟਰ ਭਗਤ"ਨਥੂ ਰਾਮ ਗੌਡਸੇ ,ਲਵ ਜੇਹਾਦ ,ਲਾਊਡ ਸਪੀਕਰਜ ਦਾ ਝਗੜਾ , ਹਿੰਦੂ ਰਾਸ਼ਟਰ ,ਦੀਨਾ ਨਾਥ ਬਤਰਾ ਦੀ ਕਿਤਾਬ,ਪੀ ਕੇ ਫਿਲਮ ਦਾ ਵਿਰੋਧ, ਰੱਬ ਦਾ ਦੂਤ ਫਿਲਮ ਦਾ ਸਮਰਥਨ ,ਘਰ ਵਾਪਸੀ (ਧਰਮ ਪਰਿਵਰਤਨ), ਚਾਰ ਜਾ ਇਸ ਤੋਂ ਵੀ ਵਧ ਬਚੇ ਪੈਦਾ ਕਰਨਾ, ਰੁਪਏ ਤੋਂ ਗਾਂਧੀ ਜੀ ਦੀ ਤਸਵੀਰ ਹਟਾਉਣ , ਗੀਤਾ ਨੂੰ ਕੌਮੀ ਗ੍ਰੰਥ ਬਣਾਉਣਾ ਅਤੇ ਅਯੁਧਿਆ ਵਿਖੇ ਰਾਮ ਮੰਦਰ ਬਣਾਉਣ ਸਮੇਤ ਅਜਿਹੇ ਤਮਾਮ ਮੁੱਦੇ ਚਰਚਾ ਵਿਚ ਰਹੇ ਜਿਹਨਾਂ ਦਾ ਮੋਦੀ ਵਲੋਂ ਚੋਣ ਪ੍ਰਚਾਰ ਦੌਰਾਨ ਕੀਤੇ ਗਏ ਵਾਅਦਿਆਂ ਨਾਲ ਦੂਰ ਦਾ ਵੀ ਵਾਹ ਵਾਸਤਾ ਨਹੀਂ ਸੀ।ਸਪਸ਼ਟ ਹੈ ਕਿ ਉਹਨਾਂ ਨੂੰ ਲੋਕ ਸਭਾ ਲਈ ਮਿਲਿਆ ਬਹੁਮਤ ਉਹਨਾਂ ਵਲੋਂ ਚੋਣ ਪ੍ਰਚਾਰ ਦੌਰਾਨ ਕੀਤੇ ਵਾਅਦਿਆਂ ਦਾ ਨਤੀਜਾ ਸੀ ਨਾ ਕਿ ਉਹਨਾ ਦੇ ਸਹਿਯੋਗੀਆਂ ਵਲੋਂ ਉਠਾਏ ਜਾ ਰਹੇ ਫੁੱਟ ਪਾਊ ਮੁਦਿਆਂ ਦੀ ਵਜਾਹ ਦਾ।ਹਾਲਾਂ ਕਿ ਸੰਘ ਦੇ ਪਰਚੇ ਪੰਚਜਨਿਆ ਦੇ ਸਾਬਕਾ ਸੰਪਾਦਕ ਬਲਦੇਵ ਸ਼ਰਮਾ ਇਸ ਬਾਤ ਨਾਲ ਸਹਿਮਤ ਨਹੀਂ ਹਨ ਉਹਨਾਂ ਦਾ ਕਹਿਣਾ ਹੈ ਕਿ," ਭਾਵੇਂ ਕੁਝ ਤੱਤ ਅਜਿਹਾ ਕਰ ਰਹੇ ਹੋਣ ਲੇਕਿਨ ਮੋਦੀ ਦਾ ਵਿਕਾਸ ਏਜੰਡਾ ਇਸ ਨਾਲ ਪ੍ਰਭਾਵਿਤ ਹੋਣ ਵਾਲਾ ਨਹੀਂ।ਪੀ ਐਮ ਮੋਦੀ ਦੀ ਇਹ ਸਖਤ ਹਦਾਇਤ ਹੈ ਕਿ ਕੋਈ ਵਿਅਕਤੀ ਅਜਿਹੀ ਬਿਆਨਬਾਜੀ ਨਾ ਕਰੇ ।ਅੱਜ ਦੇ ਜਮਾਨੇ ਵਿਚ ਇਸ ਬਾਤ ਦਾ ਕਿਆ ਮਤਲਬ ਹੈ ਕਿ ਆਪ ਪਾਕਿਸਤਾਨ ਚਲੇ ਜਾਉ । ਇਹ ਬਕਵਾਸ ਹੈ।ਦੇਸ਼ ਅੰਦਰ ਸੰਵਿਧਾਨ ਅਤੇ ਕਨੂੰਨ ਦਾ ਰਾਜ ਹੈ।ਇਸ ਦਾਅਵੇ ਤੋਂ ਉਲਟ ਜੇਕਰ ਜਮੀਨੀ ਸਚ ਦੇ ਧਰਾਤਲ ਉੱਤੇ ਖੜ ਕੇ ਦੇਖਿਆ ਜਾਵੇ ਤਾਂ ਅਜਿਹੇ ਦਾਅਵੇ ਖੋਖਲੇ ਪ੍ਰਤੀਤ ਹੁੰਦੇ ਹਨ। ਲੱਗਦਾ ਹੈ ਦੇਸ਼ ਦਾ ਵੱਡਾ ਵਜੀਰ ਆਪਣੇ ਹੀ ਕਰਿੰਦਿਆਂ ਦੀ ਭੀੜ ਅੰਦਰ ਗੁਆਚਦਾ ਜਾ ਰਿਹਾ ਹੈ।ਜਿਸ ਸਰਕਾਰ ਦੇ ਮੁਖੀ ਨੇ ਵਿਕਾਸ ਦਾ ਢੋਲ ਵਜਾ ਕੇ ਵੋਟਾਂ ਬਟੋਰੀਆਂ ਸਨ ਉਸ ਦੇ ਪੀ ਐਮ ਬਣਨ ਦੇ ਮਹੀਨਾ ਭਰ ਸਮੇਂ ਦੇ ਅੰਦਰ ਹੀ ਦੇਸ਼ ਦੇ ਲੋਕਾਂ ਨੂੰ ਅਚਾਨਕ ਪਤਾ ਲੱਗਾ ਕਿ ਲਵ ਜੇਹਾਦ ਭਾਰਤੀ ਸਮਾਜ ਦੇ ਸਾਹਮਣੇ ਸਭ ਤੋਂ ਵੱਡੀ ਚਨੌਤੀ ਹੈ।ਸਭ ਤੋਂ ਪਹਿਲਾਂ ਲਵ ਜੇਹਾਦ ਦੇ ਖਿਲਾਫ਼ ਝੰਡਾ ਚੁਕਣ ਦੀ ਪਹਿਲ ਗੋਰਖਪੁਰ ਦੇ ਵਿਵਾਦਗ੍ਰਸਤ ਸੰਸਦ ਅਦਿੱਤਿਆ ਨਾਥ ਯੋਗੀ ਨੇ ਕੀਤੀ ਜਿਸ ਦੀ ਹਾਂ ਵਿਚ ਹਾਂ ਸੰਘ ਪਰਿਵਾਰ ਨਾਲ ਜੁੜੀ ਹਰ ਇੱਕ ਜਥੇਬੰਦੀ ਵਲੋਂ ਮਿਲਾਈ ਗਈ। ਧਿਆਨ ਵਿਚ ਰਹੇ ਕਿ ਲਵ ਜੇਹਾਦ ਖਿਲਾਫ਼ ਮੁਹਿੰਮ ਉਦੋਂ ਸ਼ੁਰੂ ਕੀਤੀ ਗਈ ਜਦੋਂ ਉਤਰ ਪਰਦੇਸ਼ ਅੰਦਰ ਦਸ ਵਿਧਾਨ ਸਭਾਵਾਂ ਅਤੇ ਇੱਕ ਲੋਕ ਸਭਾ ਦੀ ਸੀਟ ਉੱਤੇ ਜਿਮਨੀ ਚੋਣਾਂ ਹੋਣੀਆਂ ਸਨ। ਹੈਰਾਨੀਜਨਕ ਗੱਲ ਇਹ ਹੈ ਕਿ ਇੱਕ ਪਾਸੇ ਪੰਦਰਾਂ ਅਗਸਤ ਨੂੰ ਲਾਲ ਕਿਲੇ ਤੋਂ ਦਿੱਤੇ ਆਪਣੇ ਭਾਸ਼ਣ ਦੌਰਾਨ ਦੇਸ਼ ਦਾ ਪੀ ਐਮ ਕਹਿ ਰਿਹਾ ਸੀ ਕਿ ਅਗਲੇ ਦਸ ਸਾਲਾਂ ਵਾਸਤੇ ਦੇਸ਼ ਅੰਦਰ ਸੰਪਰਦਾਇਕਤਾ ਵਾਲੀ ਰਾਜਨੀਤੀ ਤੇ ਰੋਕ ਲਗਣੀ ਚਾਹੀਦੀ ਹੈ ਜਦੋਂ ਕਿ ਦੂਜੇ ਪਾਸੇ ਪੀ ਐਮ ਦਾ ਲਫਟੈਣ ਅਮਿਤ ਸ਼ਾਹ ਅੱਗ ਉਗਲਣ ਵਾਲੇ ਸਿਰੇ ਦੇ ਫਿਰਕਾਪ੍ਰਸਤ ਅਦਿੱਤਿਆ ਨਾਥ ਯੋਗੀ ਨੂੰ ਯੂ ਪੀ ਅੰਦਰ ਚੋਣ ਪ੍ਰਚਾਰ ਮੁਹਿੰਮ ਦਾ ਇੰਚਾਰਜ ਬਣਾਉਣ ਦਾ ਫੈਸਲਾ ਲੈ ਰਿਹਾ ਸੀ। ਇਸ ਵਰਤਾਰੇ ਨੇ ਸਾਫ਼ ਕਰ ਦਿੱਤਾ ਕਿ ਹਾਥੀ ਦੇ ਦੰਦਾਂ ਵਾਂਗ ਨਰਿੰਦਰ ਮੋਦੀ ਦੇ ਖਾਣ ਵਾਲੇ ਹੋਰ ਤੇ ਦਿਖਾਉਣ ਵਾਲੇ ਦੰਦ ਹੋਰ ਹਨ। ਪੂਰੇ ਦੋ ਮਹੀਨੇ ਯੋਗੀ ਲਵ ਜੇਹਾਦ ਦੇ ਹਵਾ ਹਵਾਈ ਮੁੱਦੇ ਨੂੰ ਫਿਰਕੂ ਸਾਣ ਤੇ ਲਾ ਕੇ ਅੱਗ ਉਗਲਦਾ ਰਿਹਾ ਪਰ ਕਿਸੇ ਵਿਕਾਸ ਪੁਰਸ਼ ਨੇ ਉਸ ਨੂੰ ਨਹੀਂ ਵਰਜਿਆ।ਨਰਿੰਦਰ ਮੋਦੀ ਦੀ ਬੇਹੱਦ ਕਰੀਬੀ ਰਹੀ ਪ੍ਰਸਿਧ ਪਤਰਕਾਰ ਤਵਲੀਨ ਸਿੰਘ ਦਾ ਅਜਿਹੇ ਵਰਤਾਰੇ ਤੋਂ ਦੁਖੀ ਹੋ ਕੇ ਕਹਿਣਾ ਹੈ ਕਿ," ਲੋਕਾਂ ਨੇ ਮੋਦੀ ਦੇ ਵਿਕਾਸ ਏਜੰਡੇ ਨੂੰ ਆਪਣਾ ਸਮਰਥਨ ਦਿੱਤਾ ਸੀ, ਫਿਰ ਪਤਾ ਨਹੀਂ ਕਿਓਂ ਮੋਦੀ ਆਰ ਐਸ ਐਸ ਨੂੰ ਆਪਣਾ ਏਜੰਡਾ ਲਾਗੂ ਕਰਨ ਦੇ ਰਹੇ ਹਨ।"ਮੋਦੀ ਦੇ ਰਾਜ ਵਿਚ ਦੇਸ਼ ਦੇ ਸਾਹਮਣੇ ਦੀਨਾ ਨਾਥ ਬਤਰਾ ਨਾਮਕ ਇੱਕ ਅਜਿਹੇ ਇਤਿਹਾਸਕਾਰ ਨੂੰ ਪੇਸ਼ ਕੀਤਾ ਗਿਆ ਹੈ ਜਿਸ ਦੀ ਸੰਘ ਦੇ ਸਮਰਪਿਤ ਕਾਰਜਕਰਤਾ ਤੋਂ ਵਧ ਕੇ ਕੋਈ ਹੋਰ ਖਾਸ ਹੈਸੀਅਤ ਨਹੀਂ ਹੈ।ਉਸ ਦੀ ਸਭ ਤੋਂ ਬੜੀ ਪਛਾਣ ਇਹ ਹੈ ਕਿ ਉਸ ਨੇ ਮੋਦੀ ਦੇ ਪੀ ਐਮ ਬਣਨ ਤੋਂ ਪਹਿਲਾਂ ਵੈਂਡੀ ਡੋਨਿਗਰ ਨਾਮ ਦੀ ਵਿਦੇਸ਼ੀ ਮਹਿਲਾ ਲੇਖਕ ਦੁਆਰਾ ਹਿੰਦੂ ਧਰਮ ਤੇ ਲਿਖੀ ਕਿਤਾਬ "ਦਾ ਹਿੰਦਜ ਦਾ ਆਲਟਰਨੇਟਿਵ ਹਿਸਟਰੀ "ਉੱਤੇ ਆਦਲਤ ਰਾਹੀਂ ਰੋਕ ਲਗਵਾ ਦਿੱਤੀ ਸੀ।ਸੰਘੀ ਕਾਰਜਕਰਤਾ ਹੋਣ ਦੇ ਨਾਤੇ ਵਸਤਾਂ ਨੂੰ ਦੇਖਣ ਪਰਖਣ ਦਾ ਉਸ ਕੋਲ ਭਗਵਾਂ ਰਾਸ਼ਟਰਵਾਦੀ ਚਸ਼ਮਾ ਹੈ।ਉਸ ਦੀ ਇਸੇ ਸੰਘ ਭਗਤੀ ਦੇ ਮਦੇਨਜਰ ਦੇਸ਼ ਅੰਦਰ ਸਿਖਿਆ ਵਿਵਸਥਾ ਕਿਹੋ ਜਿਹੀ ਹੋਵੇ, ਬਚਿਆਂ ਨੂੰ ਕੀ ਪੜਾਇਆ ਜਾਵੇ ਕੀ ਨਾ ਪੜਾਇਆ ਜਾਵੇ ਵਰਗਾ ਸੰਵੇਦਨ ਸ਼ੀਲ ਫੈਸਲਾ ਕਰਨ ਦਾ ਅਧਿਕਾਰ ਸ਼੍ਰੀ ਬਤਰਾ ਦੇ ਸਪੁਰਦ ਕਰ ਦਿੱਤਾ ਗਿਆ ਹੈ ।ਮੋਦੀ ਦੇ ਪੀ ਐਮ ਬਣਨ ਦੇ ਮਹੀਨੇ ਭਰ ਦੇ ਵਿਚ ਹੀ ਬਤਰਾ ਦੁਆਰਾ ਤਿਆਰ ਕੀਤੀਆਂ ਨੌਂ ਕਿਤਾਬਾਂ ਦੇ 42 ਹਜਾਰ ਸੈੱਟ ਗੁਜਰਾਤ ਦੇ ਪ੍ਰਾਇਮਰੀ ਅਤੇ ਹਾਈ ਸਕੂਲਾਂ ਵਿਚ ਭੇਜਣ ਦਾ ਨਿਰਣਾ ਲਿਆ ਗਿਆ ਹੈ। ਇਸ ਬਦਲੇ ਬਤਰਾ ਨੂੰ ਮੋਟੀ ਰਕਮ ਦਾ ਭੁਗਤਾਨ ਕੀਤਾ ਗਿਆ ਹੈ।ਇਹਨਾਂ ਕਿਤਾਬਾਂ ਦੇ ਕੁਝ ਮੁਖ ਅੰਸ਼ ਇਸ ਪ੍ਰਕਾਰ ਹਨ।੧ ਆਪ ਭਾਰਤ ਦਾ ਨਕਸ਼ਾ ਕਿਸ ਤਰਾਂ ਬਣਾਉਗੇ ?ਕੀ ਤੁਸੀਂ ਜਾਂਦੇ ਹੋ ਕਿ ਪਾਕਿਸਤਾਨ,ਅਫਗਾਨਿਸਤਾਨ,ਭੂਟਾਨ,ਤਿੱਬਤ,ਬੰਗਲਾ ਦੇਸ਼,ਸ਼੍ਰੀ ਲੰਕਾ,ਅਤੇ ਬਰਮਾ ਆਦਿ ਮੁਲਕ ਅਣਵੰਡੇ ਭਾਰਤ ਦਾ ਹਿੱਸਾ ਹਨ।੨ ਮਿਤਰੋ ਤਿਆਰ ਹੋ ਜਾਓ ਭਾਰਤ ਨੂੰ ਅਖੰਡ ਕਰਨ ਲਈ ।੩ ਬਚਿਆਂ ਨੂੰ ਆਪਣਾ ਜਨਮ ਦਿਨ ਗਾਇਤ੍ਰੀ ਮੰਤਰ ਦਾ ਜਾਪ ਕਰ ਕੇ ਮਨਾਉਣਾ ਚਾਹੀਦਾ ਹੈ।੪ਮੈਕਾਲੇ ਅਤੇ ਮਾਰਕਸ ਦੇ ਪੁਤਰਾਂ ਨੇ ਸਾਡੇ ਇਤਿਹਾਸ ਨਾਲ ਬਹੁਤ ਵੱਡਾ ਖਿਲਵਾੜ ਕੀਤਾ ਹੈ।ਜਾਣਕਾਰੀ ਅਨੁਸਾਰ ਹਰਿਆਣਾ ਦੇ ਸਕੂਲਾਂ ਵਿਚ ਵੀ ਬਤਰਾ ਦੀਆਂ ਕਿਤਾਬਾਂ ਭੇਜੀਆਂ ਜਾ ਰਹੀਆਂ ਹਨ।ਨਵੀਂ ਵਿਦਿਅਕ ਨੀਤੀ ਬਣਾਉਣ ਤੇ ਲਾਗੂ ਕਰਨ ਵਿਚ ਬਤਰਾ ਦੀ ਵੱਡੀ ਭੂਮਿਕਾ ਹੋਵੇਗੀ। ਇਸੇ ਤਰਾਂ ਸੰਘ ਪਰਿਵਾਰ ਦੇ ਦਬਾਅ ਹੇਠ ਕੇਂਦਰੀ ਵਿਸ਼ਵ ਵਿਦਿਆਲਿਆਂ ਅੰਦਰ ਜਰਮਨ ਦੀ ਥਾਂ ਸੰਸਕ੍ਰਿਤ ਨੂੰ ਬਤੌਰ ਤੀਜੀ ਭਾਸ਼ਾ ਲਾਗੂ ਕੀਤਾ ਜਾ ਰਿਹਾ ਹੈ।ਇਸ ਦੇ ਬਾਵਯੂਦ ਪੀ ਐਮ ਚੁੱਪ ਹੈ।ਪਿਛਲੇ ਸੱਤਾਂ ਮਹੀਨਿਆਂ ਵਿਚ ਵਿਕਾਸ ਏਜੰਡੇ ਉੱਤੇ ਜਿਹੜਾ ਇੱਕ ਹੋਰ ਮੁਦਾ ਭਾਰੂ ਰਿਹਾ ਉਹ ਸੀ ਘਰ ਵਾਪਸੀ ਦੀ ਆੜ ਹੇਠ ਧਰਮ ਪਰਿਵਰਤਨ ਦਾ। ਜਦੋਂ ਸੰਘ ਪਰਿਵਾਰ ਨਾਲ ਜੁੜੀਆਂ ਸੰਸਥਾਵਾਂ ਨੇ ਇਸ ਨੂੰ ਅਮਲੀ ਰੂਪ ਦੇਣਾ ਸ਼ੁਰੂ ਕਰ ਦਿੱਤਾ ਤਾਂ ਦੋਹਾਂ ਸਦਨਾਂ ਅੰਦਰ ਕਾਫੀ ਹੋ ਹੱਲਾ ਮਚਿਆ ਤੇ ਸਦਨਾਂ ਦੀ ਕਾਰਵਾਈ ਠਪ ਰਹੀ। ਨਾ ਇਸ ਮਾਮਲੇ ਪ੍ਰਤੀ ਮੋਦੀ ਨੇ ਜੁਬਾਨ ਖੋਲੀ ਅਤੇ ਨਾਂ ਉਸ ਦੇ ਸਹਿਯੋਗੀ ਘਰ ਵਾਪਸੀ ਦਾ ਰਾਗ ਅਲਾਪਣ ਤੋਂ ਹਟੇ।ਸਗੋਂ ਸੰਘ ਮੁਖੀ ਮੋਹਨ ਭਾਰਗਵ ਨੇ ਇਸ ਕਾਰਵਾਈ ਤੇ ਮੋਹਰ ਲਾਉਂਦਿਆਂ ਕਿਹਾ ਕਿ ਜੇ ਇਸ ਸਬੰਧੀ ਇਤਰਾਜ ਹੈ ਤਾਂ ਕਨੂੰਨ ਪਾਸ ਕਰਵਾਉ। ਸੰਘ ਪਰਿਵਾਰ ਦੀ ਸੋਚ ਨਾਲ ਮੇਲ ਖਾਂਦਾ ਇੱਕ ਤੋਂ ਬਾਅਦ ਦੂਜਾ ਮੁੱਦਾ ਬੜੇ ਗੈਰ ਜੁੰਮੇਵਾਰਾਨਾ ਢੰਗ ਨਾਲ ਉਠਾਇਆ ਜਾ ਰਿਹਾ ਹੈ। ਜਿਓਂ ਹੀ ਮੋਦੀ ਨੇ ਸਵਸ਼ ਭਾਰਤ ਦੇ ਅਭਿਆਨ ਨੂੰ ਮਹਾਤਮਾ ਗਾਂਧੀ ਦੀ ਆਉਣ ਵਾਲੀ ਸੌ ਸਾਲਾ ਬਰਸੀ ਨਾਲ ਜੋੜਨ ਦੀ ਗੱਲ ਕਹੀ ਤਾਂ ਸੰਘ ਪਰਿਵਾਰ ਨਾਲ ਜੁੜੀਆਂ ਸੰਸਥਾਵਾਂ ਵਲੋਂ ਗਾਂਧੀ ਜੀ ਦੇ ਕਾਤਲ ਨਥੂ ਰਾਮ ਗੌਡਸੇ ਨੂੰ ਦੇਸ਼ ਭਗਤ ਵਜੋਂ ਪ੍ਰਚਾਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਜਿਸ ਦਾ ਅਨੇਕਾਂ ਸੰਘ ਪਰਿਵਾਰ ਆਗੂਆਂ ਨੇ ਪਖ ਪੂਰਿਆ। ਇਥੋਂ ਤੱਕ ਕਿ ਅਖਿਲ ਭਾਰਤੀ ਹਿੰਦੂ ਮਹਾਂ ਸਭਾ ਵਲੋਂ ਸੰਸਦ ਦੇ ਅਹਾਤੇ ਵਿਚ ਗੌਡਸੇ ਦਾ ਜਿਥੇ ਬੁੱਤ ਸਥਾਪਤ ਕਰਨ ਦੀ ਮੰਗ ਕੀਤੀ ਉਥੇ ਭਾਰਤੀ ਨੋਟਾਂ ਉਤੋਂ ਗਾਂਧੀ ਜੀ ਦੀ ਤਸਵੀਰ ਹਟਾਉਣ ਦਾ ਮੁਤਾਲਬਾ ਵੀ ਕਰ ਮਾਰਿਆ।ਇਹ ਗੱਲ ਵੀ ਸਮਝ ਤੋਂ ਬਾਹਰ ਹੈ ਕਿ ਮਹਾਤਮਾ ਗਾਂਧੀ ਦੇ ਕਤਲ ਤੋਂ ਬਾਅਦ ਆਰ ਐਸ ਐਸ ਤੇ ਪਾਬੰਧੀ ਲਗਾਉਣ ਵਾਲਾ ਸਰਦਾਰ ਪਟੇਲ ਵੀ ਇਹਨਾਂ ਲੋਕਾਂ ਦਾ ਹੀਰੋ ਹੈ।ਕੇਂਦਰੀ ਖੁਰਾਕ ਰਾਜ ਮੰਤਰੀ ਸਾਧਵੀ ਨਿਰੰਜਣ ਜਯੋਤੀ ਵਲੋਂ ਦਿੱਲੀ ਵਿਖੇ ਜਨਤਕ ਤੌਰ ਤੇ ਕਿਹਾ ਗਿਆ ਕਿ ਜਾ ਤਾਂ ਦਿੱਲੀ ਵਿਚ ਰਾਮਜਾਦੋੰ ਦੀ ਸਰਕਰ ਬਣੇਗੀ ਜਾ ਫੇਰ ਹਰਾਮਜਾਦੋੰ ਦੀ ਫੈਸਲਾ ਤੁਹਾਡੇ ਹਥ ਹੈ। ਇਸ ਤੋਂ ਬਾਅਦ ਭਾਜਪਾ ਸੰਸਦ ਸਾਖਸ਼ੀ ਮਹਾਰਾਜ ਹਿੰਦੂਆਂ ਨੂੰ ਚਾਰ ਬਚੇ ਪੈਦਾ ਕਰਨ ਦੀ ਨਸੀਹਤ ਦੇਣ ਵਾਸਤੇ ਅੱਗੇ ਗਏ। ਉਹਨਾ ਇਹ ਵੀ ਕਹਿ ਦਿੱਤਾ ਕਿ ਇਸਲਾਮ ਅਤੇ ਇਸਾਈ ਧਰਮ ਅਪਣਾਉਣ ਵਾਲੇ ਹਿੰਦੂਆਂ ਨੂੰ ਮੌਤ ਦੀ ਸਜਾ ਦੇ ਦੇਣੀ ਚਾਹੀਦੀ ਹੈ।ਇਹਨਾ ਬਿਆਨਾਂ ਨੂੰ ਲੈ ਕੇ ਸੰਸਦ ਤੋਂ ਲੈ ਕੇ ਸੜਕ ਤੱਕ ਹੰਗਾਮਾ ਹੋਇਆ ਪ੍ਰੰਤੂ ਮੋਦੀ ਵਲੋਂ ਗੋਂਗਲੂਆਂ ਤੋਂ ਮਿੱਟੀ ਝਾੜਨ ਤੱਕ ਦੀ ਜਹਿਮਤ ਨਹੀਂ ਉਠਾਈ ਗਈ।ਇੱਕ ਪਾਸੇ ਤਾਂ ਇਹ ਸਭ ਕੁਝ ਚੱਲ ਰਿਹਾ ਹੈ ਜਦੋਂ ਕਿ ਦੂਜੀ ਤਰਫ਼ ਦੇਸ਼ ਅੰਦਰ ਇੱਕ ਨਵੀਂ ਕਿਸਮ ਦੇ ਹਾਸੋ ਹੀਣੇ ਵਿਗਿਆਨ ਦਾ ਆਗਾਜ ਹੋ ਰਿਹਾ ਹੈ।ਤਹਿਲਕਾ ਦੀ ਰਿਪੋਰਟ ਅਨੁਸਾਰ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਮੁੰਬਈ ਵਿਖੇ ਹੋਏ ਇੱਕ ਵਿਗਿਆਨ ਸੰਮੇਲਨ ਦੌਰਾਨ ਇੱਕ ਵਿਗਿਆਨੀ ਕੈਪਟਨ ਅਨੰਦ ਜੇ ਬੋਦਾਸ ਨੇ ਕਿਹਾ ਕਿ ਹਵਾਈ ਜਹਾਜ ਤਾਂ ਸੱਤ ਹਜਾਰ ਸਾਲ ਪਹਿਲਾਂ ਭਾਰਤ ਅੰਦਰ ਵੈਦਿਕ ਕਾਲ ਸਮੇਂ ਹੀ ਬਣ ਗਏ ਸਨ, ਜਿਹਨਾਂ ਰਾਹੀਂ ਸਾਡੇ ਦੇਸ਼ ਵਾਸੀ ਦੂਜੇ ਦੇਸ਼ਾਂ ਅਤੇ ਦੂਜੇ ਗਰਿਹਾਂ ਵਲ ਜਾਂਦੇ ਸਨ। ਇਥੇ ਪੜੇ ਇੱਕ ਖੋਜ ਪਤਰ ਵਿਚ ਤਾਂ ਸਰਜਰੀ ਤਕਨੀਕ ਨਾਲ ਸਬੰਧਿਤ ਸੈਂਕੜੇ ਉਪਕਰਣ ਵੀ ਪੁਰਾਤਨ ਭਾਰਤ ਵਿਚ ਬਣਨ ਦਾ ਦਾਅਵਾ ਕੀਤਾ ਗਿਆ ਸੀ। ਇਸ ਸਰਕਾਰ ਦੇ ਪ੍ਰਤੀ ਨਿਧੀਆਂ ਵਲੋਂ ਮੋਦੀ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਲੈ ਕੇ ਅਜਿਹੀਆਂ ਬੇ ਸਿਰ ਪੈਰ ਗੱਲਾਂ ਕੀਤੀਆਂ ਜਾ ਰਹੀਆਂ ਹਨ ਕਿ ਆਮ ਲੋਕਾਂ ਦਾ ਮੋਹ ਇਸ ਸਰਕਾਰ ਤੋਂ ਬੜੀ ਤੇਜੀ ਨਾਲ ਭੰਗ ਹੋ ਰਿਹਾ ਹੈ।ਸੰਘ ਦੀਆਂ ਗਤਿਵਿਧੀਆਂ ਤੇ ਨੇੜਿਓਂ ਨਜਰ ਰਖਣ ਵਾਲੇ ਪ੍ਰਸਿਧ ਚਿੰਤਕ ਸੁਭਾਸ਼ ਗਾਤੜੇ ਅਨਸਾਰ,"ਲੋਕਾਂ ਨੂੰ ਇਹ ਭਰਮ ਸੀ ਕਿ ਮੋਦੀ ਪੀ ਐਮ ਬਣਨ ਤੋ ਬਾਅਦ ਬਦਲ ਜਾਣਗੇ । ਉਹ ਬਦਲੇ ਨਹੀਂ।ਉਹ ਮਨ ਮਸਤਿਕ ਤੋਂ ਅੱਜ ਵੀ ਸੰਘ ਪ੍ਰਚਾਰਿਕ ਹਨ।ਬਤੌਰ ਪ੍ਰਧਾਨ ਮੰਤਰੀ ਇੱਕ ਮਰਿਯਾਦਾ ਵਿਚ ਬਝੇ ਹੋਣ ਕਾਰਨ ਉਹਨਾਂ ਨੂੰ "ਸਭ ਦਾ ਸਾਥ ਸਭ ਦਾ ਵਿਕਾਸ" ਕਹਿਣਾ ਪੈਂਦਾ ਹੈ"।ਸੰਘ ਪਰਿਵਾਰ ਦੇ ਕੰਮ ਕਰਨ ਦੀ ਸ਼ੈਲੀ ਦਾ ਖੁਲਾਸਾ ਕਰਦਿਆਂ ਗਾਤੜੇ ਦਸਦੇ ਹਨ ਕਿ," ਸੰਘ ਪਰਿਵਾਰ ਅੰਦਰ ਕੰਮ ਦੀ ਵੰਡ ਬਹੁਤ ਸਪਸ਼ਟ ਰੂਪ ਵਿਚ ਹੁੰਦੀ ਹੈ।ਇਹ ਵਰਤਾਰਾ ਅਟੱਲ ਜੀ ਦੇ ਵਕਤਾਂ ਤੋਂ ਚੱਲ ਰਿਹਾ ਹੈ।ਉਸ ਸਮੇਂ ਅਟੱਲ ਜੀ ਮੌਨ ਰਹਿੰਦੇ ਸਨ, ਅਡਵਾਨੀ ਜੀ ਅਤੇ ਹੋਰ ਆਗੂ ਕਾਰਨਾਮੇ ਕ੍ਰਿਆ ਕਰਦੇ ਸਨ ।ਇਸ ਤਰਾਂ ਅਟੱਲ ਜੀ ਨੂੰ ਪ੍ਰਗਤੀਸ਼ੀਲ ਨੇਤਾ ਕਿਹਾ ਗਿਆ।ਇਹੀ ਹਾਲ ਮੋਦੀ ਜੀ ਦਾ ਹੈ ਉਹ ਇੱਕ ਵੱਡੇ ਆਰਕੈਸਟਰਾ ਦੀ ਤਰਾਂ ਹਨ ਉਹਨਾਂ ਨੇ ਸਾਰੀਆਂ ਕੋਲ ਵਖਰੀ ਵਖਰੀ ਤਰਾਂ ਦੇ ਵਾਜੇ ਫੜਾਏ ਹੋਏ ਹਨ ਜਿਹਨਾਂ ਨੂੰ ਹਰ ਕੋਈ ਇਮਾਨਦਾਰੀ ਨਾਲ ਵਜਾ ਰਿਹਾ ਹੈ"।ਨਰਿੰਦਰ ਮੋਦੀ ਸਮੇਤ ਸੰਘ ਪਰਿਵਾਰ ਦੀ ਕਾਰਜ ਸ਼ੈਲੀ ਤੇ ਟਿਪਣੀ ਕਰਦੇ ਹੋਏ ਹਾਲ ਹੀ ਵਿਚ ਇੱਕ ਟੀ ਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ,"ਚੋਣ ਪ੍ਰ੍ਚਾਰ ਸਮੇ ਭਾਜਪਾ ਦਾ ਏਜੰਡਾ ਵਿਕਾਸ ਅਤੇ ਸੁਸਾਸ਼ਨ ਸੀ ,ਜਦੋਂ ਕਿ ਹੁਣ ਧਰਮ ਪਰਿਵਰਤਨ,ਵਧ ਬਚੇ ਪੈਦਾ ਕਰਨਾ ਅਤੇ ਜੀਨਜ ਨਾ ਪਹਿਨਣਾ ਹੈ।ਸੰਪਰਕ: 0061 469976214
G.S.Gurdit
ਇੱਕ ਪਾਸੇ ਤਾਂ ਇਹ ਸਭ ਕੁਝ ਚੱਲ ਰਿਹਾ ਹੈ ਜਦੋਂ ਕਿ ਦੂਜੀ ਤਰਫ਼ ਦੇਸ਼ ਅੰਦਰ ਇੱਕ ਨਵੀਂ ਕਿਸਮ ਦੇ ਹਾਸੋ ਹੀਣੇ ਵਿਗਿਆਨ ਦਾ ਆਗਾਜ ਹੋ ਰਿਹਾ ਹੈ।ਤਹਿਲਕਾ ਦੀ ਰਿਪੋਰਟ ਅਨੁਸਾਰ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਮੁੰਬਈ ਵਿਖੇ ਹੋਏ ਇੱਕ ਵਿਗਿਆਨ ਸੰਮੇਲਨ ਦੌਰਾਨ ਇੱਕ ਵਿਗਿਆਨੀ ਕੈਪਟਨ ਅਨੰਦ ਜੇ ਬੋਦਾਸ ਨੇ ਕਿਹਾ ਕਿ ਹਵਾਈ ਜਹਾਜ ਤਾਂ ਸੱਤ ਹਜਾਰ ਸਾਲ ਪਹਿਲਾਂ ਭਾਰਤ ਅੰਦਰ ਵੈਦਿਕ ਕਾਲ ਸਮੇਂ ਹੀ ਬਣ ਗਏ ਸਨ, ਜਿਹਨਾਂ ਰਾਹੀਂ ਸਾਡੇ ਦੇਸ਼ ਵਾਸੀ ਦੂਜੇ ਦੇਸ਼ਾਂ ਅਤੇ ਦੂਜੇ ਗਰਿਹਾਂ ਵਲ ਜਾਂਦੇ ਸਨ। ਇਥੇ ਪੜੇ ਇੱਕ ਖੋਜ ਪਤਰ ਵਿਚ ਤਾਂ ਸਰਜਰੀ ਤਕਨੀਕ ਨਾਲ ਸਬੰਧਿਤ ਸੈਂਕੜੇ ਉਪਕਰਣ ਵੀ ਪੁਰਾਤਨ ਭਾਰਤ ਵਿਚ ਬਣਨ ਦਾ ਦਾਅਵਾ ਕੀਤਾ ਗਿਆ ਸੀ