Wed, 30 October 2024
Your Visitor Number :-   7238304
SuhisaverSuhisaver Suhisaver

ਪਾਕਿਸਤਾਨ ਅਤੇ ਕਾਰਪੋਰੇਟ ਲੁੱਟ

Posted on:- 22-01-2015

suhisaver

ਪਾਕਿਸਤਾਨ ਵਿੱਚ ਖੱਬੇਪੱਖੀ ਲਹਿਰ 3

- ਕਾਮਰੇਡ ਲਾਲ ਖਾਨ
ਅਨੁਵਾਦ: ਮਨਦੀਪ, +91 98764-42052

(ਨੋਟ:- ਇਸ ਅਨੁਵਾਦਿਤ ਲੇਖ ਦੇ ਸਾਰੇ ਪੱਖਾਂ ਨਾਲ ਅਨੁਵਾਦਕ ਦੀ ਸਹਿਮਤੀ ਹੋਣੀ ਜ਼ਰੂਰੀ ਨਹੀਂ-ਅਨੁ.)


ਡਾ. ਲਾਲ ਖਾਨ ਪਾਕਿਸਤਾਨ ਦੇ ਮੰਨੇ-ਪ੍ਰਮੰਨੇ ਮਾਰਕਸਵਾਦੀ ਵਿਚਾਰਕ ਹਨ। ਅੰਤਰਰਾਸ਼ਟਰੀ ਪੱਧਰ ਤੇ ਟ੍ਰਾਟਸਕੀਵਾਦੀਆਂ ਦੇ ਸੰਗਠਨ ‘ਇੰਟਰਨੈਸ਼ਨਲ ਮਾਰਕਸਿਸਟ ਟ੍ਰਿਡੈਂਸੀ’ (ਆਈ ਐਮ ਟੀ) ਨਾਲ ਉਹ ਲੰਮੇ ਸਮੇਂ ਤੋਂ ਜੁੜੇ ਹੋਏ ਹਨ। ਇਸ ਜੱਥੇਬੰਦੀ ਦੇ ਮੁੱਖ ਪੱਤਰ ‘ਦਾ ਸਟ੍ਰਗਲ’ ਦਾ ਸੰਪਾਦਨ ਵੀ ਕਰਦੇ ਹਨ ...1970 ਦੇ ਦਹਾਕੇ ਵਿਚ ਜਿਨ੍ਹਾਂ ਦਿਨਾਂ ‘ਚ ਉਹ ਡਾਕਟਰੀ ਦੀ ਪੜਾਈ ਕਰ ਰਹੇ ਸਨ ਅਤੇ ਇਕ ਸਰਗਰਮ ਰਾਜਨੀਤਿਕ ਕਾਰਕੁੰਨ ਵੀ ਸੀ ਉਨੀਂ ਦਿਨੀਂ ਜਨਰਲ ਜਿਆ ਉਲ ਹੱਕ ਦੀ ਅਗਵਾਈ ਵਿਚ ਸੈਨਿਕ ਤਾਨਾਸ਼ਾਹੀ ਸਥਾਪਿਤ ਹੋਈ ਜਿਸਨੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਪ੍ਰਧਾਨਮੰਤਰੀ ਜੁਲਫਿਕਾਰ ਅਲੀ ਭੂਟੋ ਨੂੰ ਫਾਂਸੀ ਦੇ ਦਿੱਤੀ, ਉਸ ਦੌਰਾਨ ਲਾਲ ਖਾਨ ਨੂੰ ਵੀ ਇਕ ਸਾਲ ਜੇਲ੍ਹ ‘ਚ ਰਹਿਣਾ ਪਿਆ। 1980 ‘ਚ ਮੌਤ ਦੀ ਸਜਾ ਤੋਂ ਬਚਣ ਲਈ ਉਹ ਨੀਦਰਲੈਂਡ ਚਲੇ ਗਏ ਜਿੱਥੇ ਏਮਸਟਰਡਮ ‘ਚ ਰਹਿਕੇ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ... ਕਾਮਰੇਡ ਲਾਲ ਖਾਨ ਪਾਕਿਸਤਾਨ ਦੀ ਸਮਾਜਵਾਦੀ ਤਬਦੀਲੀ ਦੇ ਹਾਮੀ ਹਨ ਤੇ ਲਗਾਤਾਰ ਸਰਗਰਮ ਹਨ। ਹੇਠ ਉਨ੍ਹਾਂ ਦਾ ਤਾਜ਼ਾ ਲੇਖ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ :-

    ਅੱਜ ਤੋਂ ਤਕਰੀਬਨ 150 ਸਾਲ ਪਹਿਲਾਂ ਆਪਣੀ ਮਸ਼ਹੂਰ ਕਿਰਤ ‘ਦਾਸ ਕੈਪੀਟਲ’ ਵਿਚ ਕਾਰਲ ਮਾਰਕਸ ਨੇ ਭਵਿੱਖਬਾਣੀ ਕੀਤੀ ਸੀ ਕਿ ਆਉਣ ਵਾਲੇ ਸਮੇਂ ‘ਚ ਪੂੰਜੀਵਾਦੀ ਵਿਕਾਸ ਇਕ ਅਜਿਹੀ ਸਥਿਤੀ ਪੈਦਾ ਕਰੇਗਾ ਜਿਸ ਵਿਚ ‘ਇਕ ਪਾਸੇ ਸੰਪੱਤੀ ਜਮ੍ਹਾ ਹੁੰਦੀ ਜਾਵੇਗੀ ਅਤੇ ਇਸ ਦੇ ਫਲਸਰੂਪ ਦੂਸਰੇ ਪਾਸੇ ਬਦਹਾਲੀ, ਦੁੱਖ, ਗੁਲਾਮੀ, ਅਗਿਆਨਤਾ, ਬਰਬਰਤਾ, ਮਾਨਸਿਕ ਨਾਸ਼ ਵੀ ਇਕੱਠੇ ਹੁੰਦੇ ਜਾਣਗੇ। ਮਾਰਕਸ ਨੇ ਜੋ ਦੂਸਰੀ ਗੱਲ ਕਹੀ ਉਹ ਬਹੁਤ ਹੀ ਦੂਰਅੰਦੇਸ਼ ਨਜ਼ਰੀਏ ਦੀ ਸੀ ਅਤੇ ਉਸਦੀ ਵਿਸ਼ਲੇਸ਼ਕ ਸਮਰੱਥਾ ਦਾ ਪਰੀਚੈ ਦੇਣ ਵਾਲੀ ਸੀ ਕਿ ਜਿਵੇਂ-ਜਿਵੇਂ ਕਿਸੇ ਰੁਕਾਵਟ ਅਤੇ ਬੰਦਿਸ਼ ਦੇ ਬਗੈਰ ਰਾਸ਼ਟਰੀ ਸੀਮਾਵਾਂ ਨੂੰ ਲੰਘਦੇ ਹੋਏ ਪੂੰਜੀ ਸਹੀ ਅਰਥਾਂ ‘ਚ ਵਿਸ਼ਵਵਿਆਪੀ ਰੂਪ ਲਵੇਗੀ, ਰਾਸ਼ਟਰੀ ਰਾਜ ਯੋਜਨਾਬੱਧ ਢੰਗ ਨਾਲ ਨਿਹਫਲ ਹੁੰਦੇ ਜਾਣਗੇ।

    ਇਹ ਗੱਲਾਂ ਸੌ ਢੇਡ ਸੌ ਸਾਲ ਪਹਿਲਾ ਕਹੀਆਂ ਗਈਆਂ ਸਨ ਜੋ ਅੱਜ ਇਸ ਹੱਦ ਤੱਕ ਸਹੀ ਸਾਬਤ ਹੋ ਰਹੀਆਂ ਹਨ। ਇਸਤੋਂ ਵੀ ਜਿਆਦਾ ਹੈਰਾਨੀ ਦੀ ਗੱਲ ਇਹ ਹੈ ਕਿ ਮਾਰਕਸ ਦਾ ਇਹ ਵਿਸ਼ਲੇਸ਼ਣ ਖੁਦ ਮਾਰਕਸ ਦੇ ਜਮਾਨੇ ਦੀ ਤੁਲਨਾ ‘ਚ ਅੱਜ ਹੋਰ ਵੀ ਜਿਆਦਾ ਪ੍ਰਸੰਗਿਕ ਹੋ ਚੁੱਕਾ ਹੈ। ਅੱਜ ਦੂਰ ਸੰਚਾਰ, ਹਥਿਆਰ ਨਿਰਮਾਣ, ਵਿੱਤ ਅਤੇ ਖਾਦ ਉਤਪਾਦਨ ਨੂੰ ਕੰਟਰੋਲ ਕਰਨ ਵਾਲੇ ਲੱਗਭਗ 190 ਬਹੁਰਾਸ਼ਟਰੀ ਨਿਗਮ ਅਜਿਹੇ ਹਨ ਜੋ ਵਿਸ਼ਵ ਅਰਥਵਿਵਸਥਾ ਦੇ 85 ਪ੍ਰਤੀਸ਼ਤ ਹਿੱਸੇ ਨੂੰ ਕੰਟਰੋਲ ਕਰ ਰਹੇ ਹਨ। ਅਸੀਂ ਇਕ ਅਜਿਹੇ ਸੰਸਾਰ ਵਿਚ ਰਹਿ ਰਹੇ ਹਾਂ ਜੋ ਸਮੁੱਚ ’ਚ ਵੇਖੀਏ ਤਾਂ ਆਰਥਿਕ ਹੈ ਪਰ ਇਹ ਐਨੇ ਬੇਤੁਕੇ ਰਾਜਨੀਤਿਕ ਯੂਨਿਟਾਂ ਵਿਚ ਵੰਡਿਆ ਹੋਇਆ ਹੈ ਅਤੇ ਸਾਮਰਾਜੀ ਦੇਸ਼ਾਂ ਦੇ ਸਮਰਥਨ ਨਾਲ ਇਨ੍ਹਾਂ ਅੰਤਰਰਾਸ਼ਟਰੀ ਨਿਗਮਾਂ ਨੇ ਵਿਸ਼ਵ ਬਾਜ਼ਾਰ ਤੇ ਐਨਾ ਜਬਰਦਸਤ ਦਬਾਅ ਬਣਾ ਰੱਖਿਆ ਹੈ ਜਿਸਦੀ ਕੋਈ ਮਿਸਾਲ ਨਹੀਂ। ਇਨ੍ਹਾਂ ਕਾਰਪੋਰੇਟ ਬੈਂਕਾਂ ਅਤੇ ਇਜਾਰੇਦਾਰਾਂ ਨੇ ਸਮੁੱਚੀ ਧਰਤੀ ਦੀ ਅਰਥਵਿਵਸਥਾ ਨੂੰ ਆਪਣੇ ਕਾਬੂ ‘ਚ ਰੱਖਿਆ ਹੋਇਆ ਹੈ। ਸਮੱਸਿਆ ਇਹ ਹੈ ਕਿ ਮੁਨਾਫੇ ਦੀ ਭਾਲ ’ਤੇ ਅਧਾਰਿਤ ਪੂੰਜੀਵਾਦੀ ਵਿਵਸਥਾ ਦੇ ਤਹਿਤ ਵਿਸ਼ਵੀਕਰਨ ਅੱਜ ਗਰੀਬੀ ਅਤੇ ਅਸਮਾਨਤਾ ਨੂੰ ਵੱਧ ਤੋਂ ਵੱਧ ਪੈਦਾ ਕਰਨ ‘ਚ ਲੱਗਿਆ ਹੈ।

ਮੁਨਾਫੇ ਦੀ ਇਹ ਵਿਵਸਥਾ ਜਿਸ ਤਰ੍ਹਾਂ ਦੇ ਸਮਾਜਿਕ ਅਤੇ ਵਰਗੀ ਅੰਤਰਵਿਰੋਧਾਂ ਨੂੰ ਪੈਦਾ ਕਰ ਰਹੀ ਹੈ ਇਸ ਵਿਚ ਸਮਾਜਿਕ ਅਸ਼ਾਂਤੀ, ਵਿਦਰੋਹ ਅਤੇ ਕਿਤੇ-ਕਿਤੇ ਕ੍ਰਾਂਤੀਆਂ ਦਾ ਜਨਮ ਹੋ ਰਿਹਾ ਹੈ। ਇਨ੍ਹਾਂ ਸੰਘਰਸ਼ਾ ਦੇ ਇਕ ਦੂਸਰੇ ਪਹਿਲੂ ਦੇ ਰੂਪ ‘ਚ ਜੋ ਸਮਾਜਿਕ ਅਤੇ ਰਾਜਨੀਤਿਕ ਖਲਾਅ ਪੈਦਾ ਹੋ ਰਿਹਾ ਹੈ ਉਸਨੂੰ ਭਰਨ ਲਈ ਧਾਰਮਿਕ ਕੱਟੜਤਾ, ਅੰਧਰਾਸ਼ਟਰਵਾਦ ਅਤੇ ਹੋਰ ਉਲਟ ਇਨਕਲਾਬੀ ਰੁਝਾਨ ਉਭਰਕੇ ਆ ਰਹੇ ਹਨ ਜਿਸਦੇ ਫਲਸਰੂਪ ਅੱਤਵਾਦ, ਹਿੰਸਾ ਅਤੇ ਵਿਆਪਕ ਨਰਸਿੰਘਾਰ ਵੇਖਣ ਨੂੰ ਮਿਲ ਰਿਹਾ ਹੈ। ਇਹ ਮਹਿਜ ਇਕ ਸੰਯੋਗ ਨਹੀਂ ਹੈ ਕਿ ਸਾਲ 2013 ਤੋਂ ਪਹਿਲਾਂ ਦੇ ਸਾਲਾਂ ਦੇ ਮੁਕਾਬਲੇ ਜਿਆਦਾ ਵੱਡੇ ਪੈਮਾਨੇ ਤੇ ਅੱਤਵਾਦ ਅਤੇ ਖੂਨੀ ਕਤਲੇਆਮ ਵੇਖਣ ਨੂੰ ਮਿਲਿਆ। ਇਹ ਸਾਲ ਪਹਿਲਾਂ ਤੋਂ ਵੀ ਜਿਆਦਾ ਬੁਰਾ ਹੋਣ ਜਾ ਰਿਹਾ ਹੈ। ਵਿਆਪਕ ਲੋਕ ਸਮੂਹ ਦੇ ਇਨਕਲਾਬੀ ਸੰਘਰਸ਼ਾਂ ਅਤੇ ਸਮਾਜ ਵਿਚ ਪਿਛਾਖੜੀ ਸਮੂਹਾਂ ਦੇ ਅੱਗ ਲਗਾਉਣ ਨਾਲ ਅਜਿਹੀ ਸਥਿਤੀ ਪੈਦਾ ਹੋ ਗਈ ਹੈ ਜੋ ਪੂੰਜੀਵਾਦ ਦੇ ਹਿੱਤਾਂ ਲਈ ਹੀ ਖਤਰਾ ਪੈਦਾ ਕਰ ਰਹੀ ਹੈ ਅਤੇ ਉਸ ਅੰਤਰਵਿਰੋਧ ਨੂੰ ਪੈਦਾ ਕਰ ਰਹੀ ਹੈ ਜਿਸ ਵਿਚ ਸੱਤਾਧਾਰੀ ਕੁਲੀਨ ਵਰਗ ਆਪਣੀ ਸੱਤਾ ਅਤੇ ਪ੍ਰਬੰਧ ਨੂੰ ਬਚਾਉਣ ਲਈ ਰਾਸ਼ਟਰ ਰਾਜ ਨੂੰ ਹੀ ਸਹਾਰਾ ਦੇ ਰਿਹਾ ਹੈ। ਇਸ ਯੁੱਗ ਵਿਚ, ਜੇਕਰ ਵਰਗ ਸੰਘਰਸ਼ ਅਤੇ ਮਨੁੱਖ ਦੀ ਮੁਕਤੀ ਦੇ ਆਰਥਿਕ ਅਤੇ ਸਮਾਜਿਕ ਪਰਿਪੇਖ ਵਿਚ ਵੇਖੀਏ ਤਾਂ ਰਾਸ਼ਟਰਵਾਦ ਦਾ ਊਦੈ ਇਕ ਪਿਛਾਖੜੀ ਰੁਝਾਨ ਬਣ ਗਿਆ ਹੈ। ਰਾਸ਼ਟਰ ਰਾਜ ਅੱਜ ਹੋਰ ਵੀ ਜਿਆਦਾ ਖੂੰਖਾਰ ਅਤੇ ਦਮਨਕਾਰੀ ਹੋ ਗਏ ਹਨ। ਸੱਤਾਰੂੜ ਦਲ ਅਤੇ ਉਨ੍ਹਾਂ ਦੇ ਰਾਜਨੀਤਿਕ ਅਤੇ ਮੀਡੀਆ ਮਾਹਰ ਸਮਾਜਿਕ ਤਣਾਅ ਨੂੰ ‘ਕੰਟਰੋਲ’ ਕਰਨ ਦੇ ਨਾਮ ਤੇ ਰਾਸ਼ਟਰ ਰਾਜ ਦੇ ਉਨ੍ਹਾਂ ਅਪਰਾਧਾਂ ਨੂੰ ਖਾਰਿਜ ਕਰ ਦਿੰਦੇ ਹਨ ਜੋ ਉਹ ਮਜ਼ਦੂਰ ਵਰਗ ਅਤੇ ਪੀੜਤ ਲੋਕ ਸਮੂਹ ਦੇ ਖਿਲਾਫ ਉਹ ਕਰਦਾ ਹੈ।

ਗੈਰ-ਬਰਾਬਰਤਾ ਐਨੇ ਤੇਜ਼ ਅਨੁਪਾਤ ਨਾਲ ਵੱਧ ਰਹੀ ਹੈ ਕਿ ਅੱਜ ਧਰਤੀ ’ਤੇ 3.5 ਬਿਲੀਅਨ ਲੋਕਾਂ ਦੇ ਮੁਕਾਬਲੇ 85 ਵਿਅਕਤੀਆਂ ਕੋਲ ਸਾਰੀ ਜਾਇਦਾਦ ਕੇਂਦਰਿਤ ਹੋ ਗਈ ਹੈ। ਹਾਲੀਆ ਇਤਿਹਾਸ ‘ਚ ਵਿਸ਼ਵ ਪੂੰਜੀਵਾਦ ਦੇ 2008 ‘ਚ ਧਾਰਾਸ਼ਾਹੀ ਹੋਣ ਦੇ ਬਾਅਦ ਅਰਥਵਿਵਸਥਾ ‘ਚ ਆਈ ਮੰਦੀ ਦੇ ਬਾਵਯੂਦ ਧਨੀ ਲੋਕ ਹੋਰ ਵੀ ਜਿਆਦਾ ਧਨੀ ਹੁੰਦੇ ਗਏ। ਭਿਆਨਕ ਪੂੰਜੀਵਾਦੀ ਸੰਕਟ ਦੇ ਬਾਵਜੂਦ ਬਹੁਰਾਸ਼ਟਰੀ ਨਿਗਮਾਂ ਕੋਲ ਭਾਰੀ ਸੰਪੱਤੀ ਇਕੱਠੀ ਹੁੰਦੀ ਚਲੀ ਗਈ। ਫਾਰਚੂਨ/ ਸੀਐਨਐਨ ਮਨੀ ਅਤੇ ਆਈਐਮਐਫ ਦੇ ਸ੍ਰੋਤਾਂ ਤੋਂ ਮਿਲੇ ਅੰਕੜਿਆਂ ਦੇ ਅਧਾਰ ਤੇ ਤਿਆਰ ਕੀਤੀ ਗਈ ਇਕ ਰਿਪੋਰਟ ਅਨੁਸਾਰ ਕੁਝ ਅਮਰੀਕੀ ਕਾਰਪੋਰੇਟ ਕੰਪਨੀਆਂ ਤਾ ਦੁਨੀਆਂ ਦੇ ਕੁਝ ਦੇਸ਼ਾਂ ਨਾਲੋਂ ਵੀ ਜਿਆਦਾ ਅਮੀਰ ਹਨ।

ਰਿਪੋਰਟ ‘ਚ ਦੱਸਿਆ ਗਿਆ ਹੈ ਕਿ- ‘ਸਾਡੀ ਜਾਣਕਾਰੀ ‘ਚ 25 ਅਜਿਹੇ ਵੱਡੇ ਅਮਰੀਕੀ ਨਿਗਮ ਹਨ ਜਿਨ੍ਹਾਂ ਦੀ 2010 ਦੀ ਆਮਦਨ ਨੂੰ ਜੇਕਰ ਵੇਖਿਆ ਜਾਵੇ ਤਾਂ ਉਹ ਕਿਸੇ ਦੇਸ਼ ਦੇ ਕੁਲ਼ ਘਰੇਲੂ ਉਤਪਾਦਨ ਤੋਂ ਵੀ ਜਿਆਦਾ ਦੀ ਹੈਸੀਅਤ ਰੱਖਦੇ ਹਨ ਅਤੇ ਇਸਦੇ ਬਾਅਦ ਵੀ ਉਨ੍ਹਾਂ ਕੋਲ ਕੁਝ ਬਿਲੀਅਨ ਡਾਲਰ ਬਚ ਜਾਂਦੇ ਹਨ।।‘ਇਸ ਰਿਪੋਰਟ ਤੋਂ ਮੈਂ ਕੁਝ ਉਦਾਹਰਨਾਂ ਦੇਣਾ ਚਾਹਾਂਗਾ : ਯਾਹੂ ਅੱਜ ਮੰਗੋਲਿਆ ਨਾਮ ਦੇ ਦੇਸ਼ ਦੀ ਜਾਇਦਾਦ ਦੇ ਮਾਮਲੇ ‘ਚ ਵੱਡਾ ਹੈ। ਮੰਗੋਲਿਆ ਦਾ ਕੁਲ ਘਰੇਲੂ ਉਤਪਾਦ 6.13 ਬਿਲੀਅਨ ਡਾਲਰ ਹੈ ਜਦਕਿ ਯਾਹੂ ਦੀ ਆਮਦਨ 6.32 ਬਿਲੀਅਨ ਡਾਲਰ ਹੈ ; ਵੀਸਾ ਅੱਜ ਦੀ ਤਾਰੀਕ ਵਿਚ ਜਿੰਬਾਵੇ ਤੋਂ ਵੱਡਾ ਹੈ। ਜਿੰਬਾਵੇ ਦਾ ਅੱਜ ਕੁਲ ਘਰੇਲੂ ਉਤਪਾਦਨ 7.47 ਬਿਲੀਅਨ ਡਾਲਰ ਹੈ ਜਦਕਿ ਵੀਸਾ ਦੀ ਆਮਦਨ 8.07 ਬਿਲੀਅਨ ਡਾਲਰ ਹੈ ; ਈ-ਬੇ ਮਡਾਸਕਰ ਤੋਂ ਵੱਡਾ ਹੈ । ਮਡਾਸਕਰ ਦਾ ਜੀਡੀਪੀ 8.35 ਬਿਲੀਅਨ ਡਾਲਰ ਹੈ ਜਦਕਿ ਈ-ਬੇ ਦੀ ਆਮਦਨ 9.16 ਬਿਲੀਅਨ ਡਾਲਰ ਹੈ : ਨਾਇਕ ਕੰਪਨੀ ਲਾਤੀਨੀ ਅਮਰੀਕੀ ਦੇਸ਼ ਪਰਾਗਵੇ ਤੋਂ ਵੱਡੀ ਹੈ। ਪਰਾਗਵੇ ਦਾ ਜੀਡੀਪੀ 1.48 ਬਿਲੀਅਨ ਡਾਲਰ ਹੈ ਜਦਕਿ ਨਾਇਕ ਦੀ ਆਮਦਨ 19.16 ਬਿਲੀਅਨ ਡਾਲਰ ਹੈ ; ਮੈਕਡਾਨਲਡ ਲਾਤਵਿਆ ਨਾਮਕ ਦੇਸ਼ ਤੋਂ ਵੱਡਾ ਹੈ। ਲਾਤਵਿਆ ਦਾ ਜੀਡੀਪੀ 24.05 ਬਿਲੀਅਨ ਤਾਂ ਮੈਕਡਾਨਲਡ ਦਾ 24.07 ਬਿਲੀਅਨ ਡਾਲਰ ਹੈ। ਅਮੇਜਨ ਡਾਟ ਕਾਮ ਪੂਰਬੀ ਅਫਰੀਕੀ ਦੇਸ਼ ਕੇਨੀਆ ਦੇ ਮੁਕਾਬਲੇ ਅਮੀਰ ਹੈ। ਕੇਨੀਆ ਦਾ ਜੀਡੀਪੀ 32.16 ਬਿਲੀਅਨ ਅਤੇ ਅਮੇਜਨ ਡਾਟ ਕਾਮ ਦੀ ਆਮਦਨ 34.2 ਬਿਲੀਅਨ ਡਾਲਰ ਹੈ। ਮਾਰਗਨ ਸਟੇਨਲੇ ਉਬਜੇਕਿਸਤਾਨ ਤੋਂ ਜਿਆਦਾ ਅਮੀਰ ਹੈ। ਦੋਵਾਂ ਦੀ ਸੰਪੱਤੀ : 38:99 ਬਿਲੀਅਨ ਅਤੇ 39.32 ਬਿਲੀਅਨ ਡਾਲਰ ਹੈ। ਪੈਪਸੀ ਕੋਲ ਅੋਮਾਨ ਤੋਂ ਜਿਆਦਾ ਸੰਪੱਤੀ ਹੈ। ਅੋਮਾਨ ਦਾ ਜੀਡੀਪੀ 55.63 ਡਾਲਰ ਹੈ ਅਤੇ ਪੈਪਸੀ ਦੀ ਆਮਦਨ 65.23 ਬਿਲੀਅਨ ਡਾਲਰ ਹੈ ; ਮਾਈਕਰੋਸਾਫਟ ਕੋਲ ਕੋਰਏਸ਼ੀਆ ਤੋਂ ਜਿਆਦਾ ਸੰਪੱਤੀ ਹੈ। ਕੋਰਏਸ਼ੀਆ ਦਾ ਜੀਡੀਪੀ 60.59 ਬਿਲੀਅਨ ਅਤੇ ਮਾਈਕਰੋਸਾਫਟ ਦੀ ਆਮਦਨ 62.48 ਬਿਲੀਅਨ ਹੈ। ਪ੍ਰਾਕਟਰ ਐਂਡ ਗੇਮਬਲ ਦੀ ਸੰਪੱਤੀ ਲੀਬੀਆ ਤੋਂ ਵੱਡੀ ਹੈ। ਲੀਬੀਆ ਦਾ ਜੀਡੀਪੀ 74.23 ਬਿਲੀਅਨ ਡਾਲਰ ਹੈ ਜਦਕਿ ਪ੍ਰਕਟਰ ਐਂਡ ਗੇਮਬਲ ਦੀ ਆਮਦਨ 76.69 ਬਿਲੀਅਨ ਡਾਲਰ ਹੈ। ਫੋਰਡ ਕੋਲ ਮੋਰਾਕੋ ਤੋਂ ਜਿਆਦਾ ਸੰਪੱਤੀ ਹੈ। ਮੋਰਾਕੋ ਦਾ ਜੀਡੀਪੀ 103.48 ਬਿਲੀਅਨ ਹੈ ਜਦਕਿ ਫੋਰਡ ਦੀ ਆਮਦਨ 128.95 ਬਿਲੀਅਨ ਹੈ ; ਬੈਂਕ ਆਫ ਅਮਰੀਕਾ ਦੀ ਸੰਪੱਤੀ ਵੀਅਤਨਾਮ ਤੋਂ ਜਿਆਦਾ ਹੈ। ਵੀਅਤਨਾਮ ਦਾ ਜੀਡੀਪੀ 103.57 ਬਿਲੀਅਨ ਡਾਲਰ ਹੈ ਜਦਕਿ ਬੈਂਕ ਆਫ ਅਮਰੀਕਾ ਦੀ ਆਮਦਨ 134.19 ਬਿਲੀਅਨ ਡਾਲਰ ਹੈ ; ਜਨਰਲ ਮੋਟਰਜ਼ ਦੀ ਹੈਸੀਅਤ ਬੰਗਲਾਦੇਸ਼ ਤੋਂ ਜਿਆਦਾ ਹੈ। ਬੰਗਲਾਦੇਸ਼ ਦਾ ਜੀਡੀਪੀ 103.92 ਬਿਲੀਅਨ ਡਾਲਰ ਜਦਕਿ ਜਨਰਲ ਮੋਟਰਜ਼ ਦੀ ਆਮਦਨ 135.59 ਬਿਲੀਅਨ ਡਾਲਰ ਹੈ ; ਜਨਰਲ ਇਲੈਕ੍ਰਟਿਕ ਸੰਪੱਤੀ ਦੇ ਮਾਮਲੇ ‘ਚ ਨਿਊਜੀਲੈਂਡ ਤੋਂ ਜਿਾਆਦਾ ਧਨੀ ਹੈ। ਨਿਊਜ਼ੀਲੈਂਡ ਦਾ ਜੀਡੀਪੀ 140.43 ਬਿਲੀਅਨ ਡਾਲਰ ਹੈ ਜਦਕਿ ਜਨਰਲ ਇਲੈਕਟ੍ਰਿਕ ਦੀ ਆਮਦਨ 151.63 ਬਿਲੀਅਨ ਡਾਲਰ ਹੈ ; ਇਸੇ ਪ੍ਰਕਾਰ ਕੋਨਾਕੋ ਫਿਲਿਪਸ ਪਾਕਿਸਤਾਨ ਤੋਂ ਵੱਡਾ ਹੈ। ਪਾਕਿਸਤਾਨ ਦਾ ਜੀਡੀਪੀ 174.87 ਬਿਲੀਅਨ ਹੈ ਜਦਕਿ ਕੋਨਾਕੋ ਫਿਲਿਪਸ ਦੀ ਆਮਦਨ 184.97 ਬਿਲੀਅਨ। ਇਕਸ਼ਨ ਮੋਬਲ ਥਾਈਲੈਂਡ ਤੋਂ ਵੱਡਾ ਹੈ। ਥਾਈਲੈਂਡ ਦਾ ਜੀਡੀਪੀ 318.15 ਬਿਲੀਅਨ ਅਤੇ ਇਕਸ਼ਾਨ ਮੋਬਲ ਦੀ ਕੁਲ ਆਮਦਨ 354.67 ਬਿਲੀਅਨ ਹੈ। ਵਾਲਮਾਰਟ ਨਾਰਵੇ ਤੋਂ ਵੀ ਵੱਡਾ ਹੈ। ਨਾਰਵੇ ਦਾ ਜੀਡੀਪੀ 414.46 ਬਿਲੀਅਨ ਡਾਲਰ ਹੈ ਜਦਕਿ ਵਾਲਮਾਰਟ ਦੀ ਆਮਦਨ 421.89 ਬਿਲੀਅਨ ਡਾਲਰ ਹੈ। ਮਜੇ ਦੀ ਗੱਲ ਇਹ ਹੈ ਕਿ ਨਾਰਵੇ ਦੀ ਗਿਣਤੀ ਦੁਨੀਆ ਦੇ 25ਵੇਂ ਸਭ ਤੋਂ ਅਮੀਰ ਦੇਸ਼ ਦੇ ਵਿਚ ਹੁੰਦੀ ਹੈ। ਇਹ ਬਹੁਰਾਸ਼ਟਰੀ ਕੰਪਨੀਆਂ ਅਮਰੀਕੀ ਕਾਂਗਰਸ ਵਿਚ ਲਾਬਿੰਗ ਕਰਨ ਤੇ ਬੇਹੱਦ ਪੈਸਾ ਖਰਚ ਕਰਦੀਆਂ ਹਨ ਤੇ ਨਾਲ ਹੀ ਪਾਕਿਸਤਾਨ ਵਰਗੇ ਦੇਸ਼ਾਂ ਦੇ ਸ਼ਾਸ਼ਕਾਂ ਨੂੰ ਭਾਰੀ ਕਮਿਸ਼ਨ ਜਾਂ ਰਿਸ਼ਵਤ ਦਿੰਦੀਆਂ ਹਨ। ਇਹ ਕੰਪਨੀਆਂ ਇਨ੍ਹਾਂ ਛੋਟੇ ਦੇਸ਼ਾਂ ਜਾਂ ਆਪਣੇ ਤੋਂ ਘੱਟ ਹੈਸੀਅਤ ਵਾਲੇ ਦੇਸ਼ਾਂ ਵਿਚ ਮਜ਼ਦੂਰਾਂ ਦਾ ਕਾਫੀ ਸ਼ੋਸ਼ਣ ਕਰਦੀਆਂ ਹਨ। ਅਤੇ ਇਨ੍ਹਾਂ ਦੇਸ਼ਾਂ ਦੇ ਸਾਧਨਾਂ ਦੀ ਲੁੱਟ ਕਰਕੇ ਭਾਰੀ ਮੁਨਾਫੇ ਕਮਾਉਂਦੀਆਂ ਹਨ।

ਇਨ੍ਹਾਂ ਸਾਬਕਾ ਬਸਤੀਵਾਦੀ ਦੇਸ਼ਾਂ ਦਾ ਸੱਤਾਧਾਰੀ ਵਰਗ ਇਤਿਹਾਸਕ ਤੌਰ ਤੇ ਪੁਰਾਤਨਪੰਥੀ ਹੈ, ਆਰਥਿਕ ਤੌਰ ਤੇ ਭ੍ਰਿਸ਼ਟ ਹੈ ਅਤੇ ਨੈਤਿਕ, ਸਮਾਜਿਕ ਅਤੇ ਰਾਜਨੀਤਿਕ ਤੌਰ ਤੇ ਬੇਹੱਦ ਪਿਛਾਖੜੀ ਹੈ। ਆਪਣੀ ਅੰਤਰਨਿਹਿਤ ਕੰਮਜੋਰੀ ਅਤੇ ਆਪਣੇ ਆਪਣੇ ਦੇਸ਼ਾਂ ਦੀ ਲੁੱਟ ਦੀ ਵਜ੍ਹਾ ਕਰਕੇ ਉਹ ਕਦੇ ਆਪਣੇ ਆਰਥਿਕ ਪ੍ਰਬੰਧ ਅਜ਼ਾਦ ਅਤੇ ਕੰਮ ਲਾਇਕ ਨਹੀਂ ਬਣਾ ਸਕਦੇ। ਸਾਮਰਾਜਵਾਦੀ ਦੇਸ਼ ਵੀ ਇਨ੍ਹਾਂ ਦੇਸ਼ਾਂ ਵਿਚ ਭਾਰੀ ਨਿਵੇਸ਼ ਕਰਕੇ ਇਥੋਂ ਦੀ ਕਿਰਤ ਸ਼ਕਤੀ ਦਾ ਭਰਪੂਰ ਇਸਤੇਮਾਲ ਕਰਦੇ ਹਨ ਅਤੇ ਜੇ ਇਥੋਂ ਦੇ ਮਜ਼ਦੂਰ ਨਿਆਂ ਦੇ ਖਿਲਾਫ ਅਵਾਜ਼ ਉਠਾਉਂਦੇ ਹਨ ਅਤੇ ਆਪਣੇ ਆਪ ਨੂੰ ਜੱਥੇਬੰਦ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਦਾ ਜਬਰਦਸਤ ਦਮਨ ਵੀ ਕੀਤਾ ਜਾਂਦਾ ਹੈ। ਗੱਲ ਸਿਰਫ ਇਨ੍ਹਾਂ ਦੇਸ਼ਾਂ ਦੇ ਮਜ਼ਦੂਰਾਂ ਅਤੇ ਸਧਾਰਨ ਲੋਕਾਂ ਦੀ ਨਹੀਂ ਇਨ੍ਹਾਂ ਨੂੰ ਤਾਂ ਪੂੰਜੀਵਾਦੀ ਗੁਲਾਮੀ ਜਰੀਏ ਜਾਂ ਠੇਕਾ ਮਜ਼ਦੂਰ ਦੇ ਜਰੀਏ ਜਾਂ ਘੱਟ ਤਨਖਾਹ ਦੇ ਕੇ ਆਪਣੇ ਆਧੀਨ ਕਰਦੇ ਹੀ ਹਨ, ਇਹ ਲੋਕ ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ਦੇ ਉਨ੍ਹਾਂ ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਂਦੇ ਹਨ ਜੋ ਪਿਛਲੇ ਤਿੰਨ ਦਹਾਕਿਆਂ ਦੌਰਾਨ ਰਹਿਣ-ਸਹਿਣ ਦੀਆਂ ਹਾਲਤਾਂ ਵਿਚ ਆਈ ਗਿਰਾਵਟ ਖਿਲਾਫ ਆਪਣੀ ਅਵਾਜ਼ ਉਠਾ ਰਹੇ ਹਨ। ਅੱਜ ਅਮਰੀਕਾ ਵਿਚ ਵੀ ਗਰੀਬੀ, ਬੇਰੁਜਗਾਰੀ ਅਤੇ ਬਿਹਤਰ ਸਿਹਤ ਅਤੇ ਸਿੱਖਿਆ ਦੀ ਵਿਵਸਥਾ ਵਿਚ ਲਗਾਤਾਰ ਗਿਰਾਵਟ ਆਉਂਦੀ ਜਾ ਰਹੀ ਹੈ।

ਇਨ੍ਹਾਂ ਨਿਗਮਾਂ ਦੇ ਮਾਲਕ ਜਰੂਰੀ ਨਹੀਂ ਕਿ ਅਮਰੀਕੀ ਨਾਗਰਿਕ ਹੀ ਹੋਣ-ਇਹ ਕਿਸੇ ਵੀ ਦੇਸ਼ ਦੇ ਹੋ ਸਕਦੇ ਹਨ। ਇਸੇ ਤਰ੍ਹਾਂ ਇਨ੍ਹਾਂ ਦਾ ਸ਼ੋਸ਼ਣ ਵੀ ਕਿਸੇ ਇਕ ਦੇਸ਼ ਤੱਕ ਸੀਮਿਤ ਨਹੀਂ ਹੈ। ਇਕ ਤਰ੍ਹਾਂ ਨਾਲ ਦੇਖਿਆ ਜਾਵੇ ਤਾ ਇਨ੍ਹਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕਾਫੀ ਪਹਿਲਾਂ ਤੋਂ ਪੂੰਜੀਵਾਦ ਮੁਨਾਫੇ ਦੀ ਭਾਲ ਵਿਚ ਰਾਸ਼ਟਰੀ ਸੀਮਾਵਾਂ ਨੂੰ ਪਾਰ ਕਰਦਾ ਰਿਹਾ ਹੈ ਅਤੇ ਅੱਜ ਵੀ ਵੱਖ-ਵੱਖ ਦੇਸ਼ਾਂ ਵਿਚ ਵੀ ਉਸੇ ਕੰਮ ਨੂੰ ਅੰਜਾਮ ਦੇ ਰਿਹਾ ਹੈ। ਆਪਣੀ ਇਕ ਪ੍ਰਸਿੱਧ ਪੁਸਤਕ ‘ਸਾਮਰਾਜਵਾਦ-ਪੂੰਜੀਵਾਦ ਦਾ ਉਚਤਮ ਰੂਪ’ ਵਿਚ ਲੈਨਿਨ ਨੇ ਬਹੁਤ ਸਾਫ ਸ਼ਬਦਾਂ ਵਿਚ ਦੱਸਿਆ ਸੀ ਕਿ ਸਾਮਰਾਜੀ ਰੁਝਾਨਾਂ ਦਾ ਮੁੱਖ ਸੰਕੇਤ ਮੁਨਾਫਾ ਕਮਾਉਣ ਲਈ ਪੂੰਜੀ ਦਾ ਨਿਰਯਾਤ ਹੈ। ਅਤੇ ਪੂੰਜੀ ਦੀ ਇਹ ਭੁੱਖ ਕਦੇ ਵੀ ਖਤਮ ਨਹੀਂ ਹੁੰਦੀ।

ਪੂੰਜੀਵਾਦ ਦੇ ਇਸ ਦੌਰ ਵਿਚ ਮਜ਼ਦੂਰਾਂ ਦੇ ਸਾਹਮਣੇ ਅੱਜ ਹਾਲਤਾਂ ਪਹਿਲਾਂ ਦੇ ਮੁਕਾਬਲੇ ਕਈ ਗੁਣਾਂ ਜਿਆਦਾ ਭਿਆਨਕ ਹੋ ਗਈਆਂ ਹਨ। ਜਦੋਂ ਤੱਕ ਪੂੰਜੀਵਾਦ ਸਮਾਪਤ ਨਹੀਂ ਹੁੰਦਾ ਤਦ ਤੱਕ ਦੁਨੀਆਂ ਦੇ ਕਿਸੇ ਵੀ ਦੇਸ਼ ਵਿਚ ਨਾ ਤਾਂ ਅਜ਼ਾਦੀ ਸੰਭਵ ਹੈ ਅਤੇ ਨਾ ਹੀ ਅਮੀਰੀ। ਅੱਜ ਜਰੂਰਤ ਹੈ ਕਿ ਰਾਸ਼ਟਰੀ ਸੀਮਾਵਾਂ ਨੂੰ ਤੋੜ ਕੇ ਅੰਤਰਰਾਸ਼ਟਰੀ ਪੱਧਰ ਤੇ ਇਕ ਵਾਸਤਵਿਕ ਵਰਗ ਸੰਘਰਸ਼ ਨੂੰ ਗਤੀ ਦਿੱਤੀ ਜਾਵੇ ਜੋ ਇਸ ਇਤਿਹਾਸਕ ਕਾਰਜ ਨੂੰ ਪੂਰਾ ਕਰ ਸਕੇ। ਇਸੇ ਨੂੰ ਧਿਆਨ ‘ਚ ਰੱਖਕੇ ਮਾਰਕਸ ਅਤੇ ਏਂਗਲਜ਼ ਨੇ ਇਤਿਹਾਸਕ ਨਾਅਰਾ ਦਿੱਤਾ ਸੀ-‘ਦੁਨੀਆਂ ਦੇ ਮਜ਼ਦੂਰੋ ਇਕ ਹੋਵੋ!’

Comments

Rajinder

ਮੈਂ ਲੇਖ ਨੂਂ ਸਰਸਰੀ ਨਜ਼ਰ ਨਾਲ਼ ਹੀ ਵੇਖਿਆ ਹੈ, ਵਧੀਆ ਲੇਖ ਹੈ, ਅਨੁਵਾਦ ਦੀ ਬਿਹਤਰ ਲਗ ਰਿਹਾ ਹੈ, ਮਨਦੀਪ ਇਸ ਗਲੋਂ ਵਧਾਈ ਦੇ ਪਾਤਰ ਹਨ. ਇਸ ਗਲ ਦੀ ਵੀ ਤਾਰੀਫ਼ ਕਰਨੀ ਬਣਦੀ ਹੈ ਕਿ ਉਹ ਵਿਚਾਰਧਾਰਕ ਵਖਰੇਵਾਂ ਹੋਣ ਦੇ ਬਾਵਜੂਦ ਵੀ ਚੀਜ਼ਾਂ ਨੂਂ ਆਪਣੇ ਨੋਟੀਸ ਵਿਚ ਲਿਆਉਂਦੇ ਹਨ. ਸਾਨੂਂ ਉਮੀਦ ਹੈ ਕਿ ਅਗੇ ਵੀ ਇਂਝ ਕਰਦੇ ਰਹਿਣਗੇ.

Parvinder Kumar

pakistan ho ya hindustan desh lootere netao ke hath mai hai See Translation

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ