ਖ਼ੁਸ਼ੀ ਵੇਲੇ ਉਦਾਸ ਗੱਲ -ਅਮਰਜੀਤ ਟਾਂਡਾ
Posted on:- 16-01-2015
ਮਨ 'ਚ ਨਵੀਆਂ ਉਮੀਦਾਂ ਲੈ ਕੇ ਨਵੇਂ ਸਾਲ ਨੂੰ ਹਰੇਕ ਨੇ ਕੁੱਛੜ ਚੁੱਕਿਆ ਹੈ। ਉਮੀਦਾਂ ਦੇ ਟੋਕਰੇ ਚ ਹੈ ਕਿ ਕੀ ਯੋਗ ਅਗਵਾਈ ਹੇਠ ਦੇਸ਼ ਦੇ ਸਿਆਸੀ-ਆਰਥਿਕ ਹਾਲਾਤ ਦੀ ਕਾਇਆ ਪਲਟਣ ਤੋਂ ਬਾਅਦ ਕੋਈ ਚੂਰੀ ਦੀ ਲਜ਼ਤ ਵਰਗੇ ਹਾਂ ਪੱਖੀ ਨਤੀਜੇ ਸਾਡੇ ਦਰਾਂ ਤੇ ਢੁੱਕਣਗੇ -ਇਹ ਹੈ ਹਰੇਕ ਦਰ ਘਰ ਦੇ ਬੂਹੇ ਤੇ ਉਡੀਕ।ਜਨਤਾ ਨੇ ਨਰਿੰਦਰ ਮੋਦੀ ਦੇ ਵਾਅਦਿਆਂ ਤੇ ਵਿਜ਼ਨ 'ਤੇ ਮੋਹਰ ਲਗਾਈ ਹੈ ਪਰ ਅਜੇ ਕੁਝ ਨਹੀਂ ਅਜੇਹਾ ਵਾਪਰਿਆ ਕਿ ਆਲਾ ਦੁਆਲਾ ਸਾਫ਼ ਦਿਸਣ ਲੱਗਾ ਹੋਵੇ। ਮਹਾਰਾਸ਼ਟਰ ਤੇ ਹਰਿਆਣਾ ਤੋਂ ਬਾਅਦ ਝਾਰਖੰਡ ਦੀ ਜਨਤਾ ਨੇ ਵੀ ਸੂਬੇ ਦੀ ਵਾਗਡੋਰ ਭਾਰਤੀ ਜਨਤਾ ਪਾਰਟੀ ਦੇ ਹੱਥਾਂ 'ਚ ਸੌਂਪੀ ਹੈ। ਜੰਮੂ-ਕਸ਼ਮੀਰ 'ਚ ਜਨਤਾ ਨੇ ਵੰਸ਼ਵਾਦ ਦੀ ਸਿਆਸਤ ਨੂੰ ਨਕਾਰਦਿਆਂ ਵਿਕਾਸ ਅਤੇ ਰਾਸ਼ਟਰਵਾਦ ਦੇ ਮੁੱਦੇ ਨੂੰ ਤਰਜੀਹ ਦਿੱਤੀ ਹੈ।
ਮੋਦੀ ਸਰਕਾਰ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ, ਬੁਨਿਆਦੀ ਢਾਂਚੇ ਦੇ ਤੇਜ਼ ਵਿਕਾਸ, ਰੋਜ਼ਗਾਰਾਂ ਦੀ ਸਿਰਜਣਾ ਅਤੇ ਪੂੰਜੀ ਨਿਵੇਸ਼ ਲਿਆਉਣ ਦੇ ਆਪਣੇ ਫੈਸਲੇ 'ਤੇ ਰਟ ਲਾ ਰਹੀ ਹੈ ਪਰ ਨਤੀਜਾ ਸਾਹਮਣੇ ਅਜੇ ਕੋਈ ਨਹੀਂ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਤਾਂ ਗਿਰਾਵਟ ਆਈ ਹੈ ਕਿਉਂਕਿ ਪਿੱਛਿਓਂ ਕੀਮਤ ਘਟੀ ਹੈ-ਕੋਈ ਮੋਦੀ ਮਾਅਰਕਾ ਨਹੀਂ ਹੈ। ਸਰਕਾਰ ਦੀਆਂ ਨੀਤੀਆਂ ਨੂੰ ਦੇਖ ਕੇ ਹੀ ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਦਾ ਭਾਰਤ 'ਤੇ ਭਰੋਸਾ ਵਧੇਗਾ ਜਾਂ ਨਹੀਂ ਇਹ ਤਾਂ ਅਮਲ ਵੇਲੇ ਪਤਾ ਲੱਗੂ। ਦੇਸ਼ ਦੇ ਹਰੇਕ ਨਾਗਰਿਕ ਕੋਲ ਬੈਂਕ ਖਾਤਾ ਖੋਲ ਕੇ ਗੁਰਬੱਤ ਦੂਰ ਨਹੀਂ ਜੇ ਹੋਣੀ।
ਹਰੇਕ ਸੱਭਿਅਕ ਨਾਗਰਿਕ ਦੀ ਕਾਮਨਾ ਨਾਲ ਨਹੀਂ -ਨੱਥ ਪਾਉਣ ਨਾਲ ਹੀ ਪੇਸ਼ਾਵਰ ਵਰਗੇ ਮਾਸੂਮ ਬੱਚਿਆਂ ਨੂੰ ਤਾਲਿਬਾਨਾਂ ਦੀ ਹਿੰਸਾ ਦਾ ਸ਼ਿਕਾਰ ਬਣਨੋ ਬਚਾਇਆ ਜਾਣਾ ਚਾਹੀਦਾ ਸੀ। ਮਸਾਣਾਂ ਤੇ ਸੁੱਖਣਾਂ ਸੁੱਖ ਕੇ ਅੱਤਵਾਦ ਖਤਮ ਨਹੀਂ ਜੇ ਹੋਣੇ-ਬੱਚਿਆਂ ਨੂੰ ਸੱਭਿਅਕ ਨਾਗਰਿਕ ਬਨਾਉਣਾ ਪਵੇਗਾ-ਹੱਥਾਂ ਚੋਂ ਗੰਨਾਂ ਤੇ ਤਲਵਾਰਾਂ ਖੋਹ ਕੇ। ਮਜ਼ਹਬਾਂ ਨੂੰ ਦੱਸਣਾਂ ਪਵੇਗਾ ਕਿ ਪਿਆਰ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ-ਇਨਸਾਨਅਿਤ ਤੋਂ ਉੱਚਾ ਕੋਈ ਅਰਸ਼ ਨਹੀਂ ਹੁੰਦਾ। ਦੁਨੀਆਂ ਨੂੰ ਬਰੂਦ ਦੇ ਢੇਰਾਂ ਤੋਂ ਉਤਾਰ ਕੇ ਘਰਾਂ ਦੇ ਵਿਹੜਿਆਂ ਚ ਪਿਆਰ ਮੁਹੱਬਤ ਦੀ ਕਹਾਣੀ ਸੁਨਾਉਣੀ ਪਵੇਗੀ।
ਦੇਸ਼ਵਾਸੀਆਂ ਨੂੰ ਮੋਦੀ 'ਤੇ ਪੂਰਾ ਭਰੋਸਾ ਹੈ ਕਿ ਉਹ ਖੁਸ਼ਹਾਲ ਅਤੇ ਤਾਕਤਵਰ ਭਾਰਤ ਦੀ ਮੁੜ-ਉਸਾਰੀ ਕਰ ਦੇਵੇਗਾ-ਪਰ ਲੋਕਾਂ ਦੀਆਂ ਨੀਅਤਾਂ ਕੌਣ ਸਾਫ਼ ਕਰੇਗਾ ? ਭਾਰਤੀ ਹਿੱਤਾਂ, ਰਵਾਇਤਾਂ ਅਤੇ ਕਦਰਾਂ-ਕੀਮਤਾਂ ਨੂੰ ਸੋਹਣੇ ਚੌਖ਼ਟੇ ਚ ਸਜਾਉਣ ਲਈ ਇਮਾਨਦਾਰ ਦਿੱਲ ਪਹਿਲਾਂ ਉਗਾਉਣੇ ਪੈਣਗੇ। ਸਾਰੇ ਹੀ ਨਾਗਰਿਕ ਭਾਰਤ ਰਤਨ ਨੇ ਜੇ ਦੇਸ਼ ਪ੍ਰਤੀ ਹਰੇਕ ਦੀ ਜੇਬ ਚ ਦਰਦ ਹੋਵੇ ਤਾਂ। ਕੀ ਕਿਸੇ ਦੇਸ ਦੇ ਪ੍ਰਧਾਨ ਨੂੰ ਦੱਸਣਾ ਪੈਣਾ ਚਾਹੀਦਾ ਕਿ ਸਫ਼ਾਈ ਰੱਖਿਆ ਕਰੋ-ਚੰਗੀ ਹੁੰਦੀ ਹੈ-ਕੀ ਅਸੀਂ ਅਜੇ ਇਹ ਵੀ ਨਹੀਂ ਸਿੱਖ ਸਕੇ। ਦੁਰਲਾਹਨਤ ਹੈ ਸਾਡੀ ਲਿਆਕਤ ਦੇ।
ਇਰਾਕ ਸੀਰੀਆ ਵਿਚ ਕਿਉਂ ਨਹੀਂ ਵੰਡੀ ਜਾ ਰਹੀ ਸਾਂਤੀ-ਇਨਸਾਨੀਅਤ ਦਾ ਸਬਕ ਕਿਉਂ ਨਹੀਂ ਘਰ ਘਰ ਜਾਂਦਾ। ਕੀ ਅਸੀਂ ਜਾਂਗਲੀ ਹਾਂ ਕਿ ਹਜ਼ਾਰਾਂ ਬੰਦੇ ਮਾਰੀ ਜਾ ਰਹੇ ਹਾਂ, ਏਦਾਂ ਤਾਂ ਜਾਨਵਰ ਵੀ ਨਹੀਂ ਕਰਦੇ। ਮੈਂ ਤਾਂ ਜਿੰਨਾ ਚਿਰ ਦੁਨੀਆਂ 'ਤੇ ਅਮਨ ਅਮਾਨ ਨਹੀਂ ਹੋਵੇਗਾ, ਤੁਹਾਨੂੰ ਅਰਜ਼ਾਂ ਕਰਦਾ ਹੀ ਰਹਾਂਗਾ। ਝੂਠੀਆਂ ਤਸੱਲੀਆਂ ਨਾਲ ਭੁੱਖੇ ਪੇਟ ਨਹੀਂ ਜੇ ਕਦੇ ਭਰਦੇ-ਰੋਟੀ ਟੁੱਕ ਹੀ ਆਂਦਰਾਂ ਦਾ ਸੇਕ ਠੰਢਾ ਕਰਦਾ ਹੈ।
ਗ੍ਰਹਿ-ਯੁੱਧਾਂ ਚ ਮਾੜੀ ਹਾਲਤ ਈਸਾਈਆਂ ਦੀ ਹੋ ਰਹੀ ਹੈ। ਸੁੰਨੀ ਅਤੇ ਸ਼ੀਆ ਦੀ ਓਦਾਂ ਨਹੀਂ ਬਣਦੀ। ਕੀ ਇਹ ਇਸਲਾਮ 'ਚ ਲਿਖਿਆ ਹੈ | ਇਕ ਬੰਦੇ ਨੇ ਕਬੂਲਿਆ ਹੈ ਕਿ ਮੈਂ ਬਲੋਚਿਸਤਾਨ ਵਿਚ ਡੇਢ ਸੌ ਤੋਂ ਵੱਧ ਅਜਿਹੇ ਸ਼ੀਆਵਾਂ ਨੂੰ ਮਾਰਿਆ ਹੈ ਜਿਹੜੇ ਇਰਾਕ ਵਿਚ ਕਰਬਲਾ ਦੀ ਜ਼ਿਆਰਤ ਲਈ ਜਾ ਰਹੇ ਸਨ| ਪਾਕਿਸਤਾਨ ਦੀਆਂ ਅਦਾਲਤਾਂ ਦੇ ਜੱਜ ਦਹਿਸ਼ਤਗਰਦਾਂ ਤੋਂ ਏਨਾ ਡਰਦੇ ਹਨ ਕਿ ਉਹ ਉਨ੍ਹਾਂ 'ਤੇ ਕੋਈ ਸਖ਼ਤੀ ਨਹੀਂ ਕਰਨਾ ਚਾਹੁੰਦੇ-ਦੱਸੋ ਕੀ ਕਰੋਗੇ ਇਹਨਾਂ ਹਲਾਤ ਵਿਚ। ਇਹ ਜੰਗਲ ਰਾਜ ਨਹੀਂ ਤਾਂ ਕੀ ਹੈ?
ਕੁਝ ਹਿੰਦੂ ਸੰਗਠਨਾਂ ਦਾ ਮਨੋਬਲ ਬੜਾ ਵਧ ਗਿਆ ਹੈ ਭਾਜਪਾ ਦੀ ਸਰਕਾਰ ਆਉਣ ਪਿੱਛੋਂ | ਘਰ ਵਾਪਸੀ ਦੀ ਬੜੀ ਚਰਚਾ ਹੋ ਰਹੀ ਹੈ | ਮੋਹਨ ਭਾਗਵਤ ਘਰ ਵਾਪਸੀ ਦੀ ਗੱਲ ਸਭ ਤੋਂ ਵੱਧ ਕਰ ਰਹੇ ਹਨ| ਮੁਸਲਮਾਨਾਂ ਤੇ ਈਸਾਈਆਂ ਨੂੰ ਕਿਵੇਂ ਮੁੜ ਹਿੰਦੂ ਬਣਾਇਆ ਜਾਏ-ਕੀ ਕਿਸੇ ਦਾ ਧਰਮ ਬਦਲਣਾ, ਦੇਸ ਚ ਸਾਂਤੀ ਲਿਆਏਗਾ-ਦਿਨ ਦੂਰ ਨਹੀਂ ਜੇ ਇਹੀ ਸਮਾਂ ਰਿਹਾ ਤਾਂ ਘਰੇਲੂ ਜੰਗ, ਮਾਰ ਕੁੱਟ ਸੁਰੂ ਹੋਣ ਹੀ ਵਾਲੀ ਹੈ| ਮੈਂ ਪੁੱਛਣਾਂ ਚਾਹੁੰਦਾ ਹਾਂ ਕਿ ਕਦੇ ਕਿਸੇ ਨੇ ਇਨਸਾਨੀਅਤ ਦੇ ਧਰਮ ਚ ਕਿਸੇ ਨੂੰ ਤਬਦੀਲ ਕਰਨ ਦੀ ਗੱਲ ਕੀਤੀ ਹੈ? ਅੱਜ ਇਹ ਲੋਕ-ਸਾਰਿਆਂ ਨੂੰ ਹਿੰਦੂ ਬਨਾਉਣ ਜੋਗੇ ਹੋ ਗਏ ਹਨ-ਕਿੱਥੇ ਸਨ ਇਹ ਜਦੋਂ ਗੁਰੂ ਤੇਗ ਬਹਾਦਰ ਦੇ ਚਰਨਾਂ ਤੇ ਫੁੱਟ ਫੁੱਟ ਰੋਏ ਸਨ। ਕਿੱਥੇ ਸਨ, ਇਹਨਾਂ ਦੀਆਂ ਲਲਕਾਰਾਂ ਓਦੋਂ? ਪੰਜਾਬ ਵਿਚ ਵੀ ਇਹ ਅੱਗ ਸੁਲਗ ਰਹੀ ਹੈ-ਬਚ ਕੇ ਰਹਿਣਾ ਲੋਕੋ! ਖ਼ੁਸ਼ੀ ਵੇਲੇ ਨਵੇਂ ਸਾਲ ਤੇ ਉਦਾਸੀਆਂ ਦੀ ਵੀ ਗੱਲ ਕਰਨੀ ਕਈ ਵਾਰ ਜ਼ਰੂਰੀ ਹੋ ਜਾਂਦੀ ਹੈ। ਮੁਆਫ਼ ਕਰਨਾ।