Thu, 21 November 2024
Your Visitor Number :-   7253845
SuhisaverSuhisaver Suhisaver

ਸਾਮਰਾਜ ਅਤੇ ਤਸ਼ੱਦਦ ਦੀ ਰਾਜਨੀਤੀ

Posted on:- 12-01-2015

suhisaver

- ਪਿ੍ਰਤਪਾਲ ਮੰਡੀਕਲਾਂ

ਅਮਰੀਕੀ ਫ਼ੌਜਾਂ ਰਾਹੀਂ ਸੀ.ਆਈ.ਏ. ਵੱਲੋਂ ਸ਼ੱਕੀ ਦਹਿਸ਼ਤਗਰਦਾਂ, ਰਾਜਨੀਤਕ ਵਿਰੋਧੀਆਂ ਅਤੇ ਕਮਿਊਨਿਸਟਾਂ ਉੱਪਰ ਤਸ਼ੱਦਦ ਦੀਆਂ ਘਟਨਾਵਾਂ ਜਨਤਾ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਦੇ ਅਬੂ-ਗਰੀਬ ਵਿੱਚ ਕੈਦੀਆਂ ਉੱਪਰ ਤਸ਼ੱਦਦ ਦੇ ਰੂਪ ’ਚ, ਕਦੇ ਵੀਅਤਨਾਮ, ਬਰਾਜ਼ੀਲ, ਚਿੱਲੀ, ਨਿਕਾਰਾਗੂਆ, ਕਾਂਗੋ, ਇਰਾਕ ਅਤੇ ਅਫ਼ਗਾਨਿਸਤਾਨ ’ਚ ਇਹ ਉੱਭਰ ਕੇ ਸਾਹਮਣੇ ਆਈਆਂ। ਵੀਅਤਨਾਮ ’ਚ ਤਫ਼ਤੀਸ਼ ਸਮੇਂ ਜਹਾਜ਼ ਚੋਂ 3000 ਫੁੱਟ ਦੀ ਉਚਾਈ ਤੋਂ ਧੱਕਾ ਦੇਣਾ, 1960 ਵਿੱਚ ਬਰਾਜ਼ੀਲ ਵਿੱਚ ਕੈਦੀ ਨੂੰ ਨੰਗਾ ਟੰਗ ਕੇ ਉਸਦੀ ਗੁਦਾ ਵਿੱਚ ਤੇਲ ਭਿੱਜੀ ਬੱਤੀ ਪਾਕੇ ਅੱਗ ਲਾਉਣੀ, 1980 ਵਿੱਚ ਸੋਵੀਅਤ ਫ਼ੌਜੀਆਂ ਨੂੰ ਨਸ਼ੇ ਦੇ ਕੇ ਪਿੰਜਰੇ ਵਿੱਚ ਕੈਦ ਕਰਨਾ, ਉਹਨਾਂ ਦੀਆਂ ਖੱਲਾਂ ਲਾਹਕੇ ਝਟਕਈ ਦੀ ਦੁਕਾਨ ਤੇ ਟੰਗਣਾ, ਜਿਊਂਦੇ ਕੈਦੀਆਂ ਨੂੰ ਗੇਂਦ ਬਣਾਕੇ ਬੁਜਕਾਸੀ ਖੇਡ ਖੇਡਣੀ, ਕੈਦੀਆਂ ਦੇ ਗੁਪਤ ਅੰਗਾਂ ’ਚ ਬਿਜਲੀ ਦੀਆਂ ਤਾਰਾਂ ਲਾਕੇ ਝਟਕੇ ਦੇਣੇ ਆਦਿ ਉੱਭਰ ਕੇ ਸਾਹਮਣੇ ਆਉਂਦੇ ਰਹੇ ਹਨ। ਇਹ ਤਸ਼ੱਦਦ ਸੀ.ਆਈ.ਏ ਵੱਲੋਂ ਸਿੱਧੇ ਤੌਰ ਜਾਂ ਇਸ ਵੱਲੋਂ ਸਿੱਖਿਅਤ ਕੀਤੇ ਤਾਲਿਬਾਨਾਂ ਜਾਂ ਅਮਰੀਕੀ ਫ਼ੌਜੀਆਂ ਰਾਹੀਂ ਕੀਤਾ ਗਿਆ ਹੈ। ਅੱਜ ਫੇਰ ਮਨੁੱਖੀ ਅਧਿਕਾਰ ਕਾਰਕੁਨਾਂ ਦੀ ਜਦੋ-ਜਹਿਦ ਕਰਕੇ ਅਮਰੀਕੀ ਸੈਨੇਟ ਨੂੰ ਸੀ.ਆਈ.ਏ. ਦੇ ਤਸ਼ੱਦਦ ਦੇ ਕਿੱਸਿਆਂ ਦੀ ਰਿਪੋਰਟ ਜਾਰੀ ਕਰਨੀ ਪਈ ਹੈ। ਇਸ ਰਿਪੋਰਟ ਤੋਂ ਰਾਜ ਦੇ ਸੁਭਾਅ ਅਤੇ ਕਾਰਵਾਈਆਂ, ਉਸਦੀ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਖ਼ੁਫ਼ੀਆ ਪੁਲਸ-ਤੰਤਰ, ਜੋ ਪੂਰੀ ਦੁਨੀਆਂ ਵਿੱਚ ਫੈਲਿਆ ਹੋਇਆ ਹੈ, ਬਾਰੇ ਸਵਾਲ ਖੜ੍ਹੇ ਹੁੰਦੇ ਹਨ ਜਿਹਨਾਂ ਨੂੰ ਜੇਮਜ਼ ਪੀਤਰਸ ਆਪਣੇ ਵਿਚਾਰਾਂ ’ਚ ਇੰਜ ਪੇਸ਼ ਕਰਦਾ ਹੈ:-
    

ਸੀ.ਆਈ.ਏ.: ਆਲਮੀ ਗੁਪਤ ਪੁਲਸੀ ਬਲ ਦੀ ਰਾਜਨੀਤੀ- ਸੀ.ਆਈ.ਏ. ਵੱਲੋਂ 9/11 ਦੇ ਹਮਲਿਆਂ ਬਾਅਦ ਸ਼ੱਕੀਆਂ ਉੱਪਰ ਕੀਤੇ ਤਸ਼ੱਦਦ ਦਾ ਖੁਲਾਸਾ ਕਰਦੀ ਇਹ ਰਿਪੋਰਟ ਪੂਰੀ ਕਹਾਣੀ ਦਾ ਇੱਕ ਟਰੇਲਰ ਮਾਤਰ ਹੈ। ਇਸ ਖ਼ੁਫ਼ੀਆਂ ਤੰਤਰ ਵੱਲੋਂ ਕੀਤੀਆਂ ਗਈਆਂ ਅਤੇ ਚੱਲ ਰਹੀਆਂ ਹਿੰਸਕ ਕਾਰਵਾਈਆਂ ਦੇ ਇਤਿਹਾਸ ਅਤੇ ਭਰਵੇ ਸੰਦਰਭ ਨੂੰ ਇਹ ਰਿਪੋਰਟ ਅੱਖੋਂ ਪਰੋਖੇ ਕਰਦੀ ਹੈ। ਜਦੋਂ ਕਿ ਸੀ.ਆਈ.ਏ. ਨੇ ਵੀਅਤਨਾਮ ਵਿੱਚ ਵੱਡੀ ਪੱਧਰ ’ਤੇ ਕੀਤੀਆਂ ਕਾਤਲਾਨਾ ਅਤੇ ਬੇਹੱਦ ਜ਼ਬਰ ਤਸ਼ੱਦਦ ਦੀਆਂ ਕਾਰਵਾਈਆਂ, ਕਾਂਗੋ, ਚਿੱਲੀ, ਡੋਮੀਨੀਕਨ ਰਿਪਬਲਿਕ, ਵੀਅਤਨਾਮ, ਮੱਧ ਪੂਰਬ, ਮੱਧ ਅਮਰੀਕਾ ਅਤੇ ਹੋਰ ਅਨੇਕਾਂ ਖਿੱਤਿਆਂ ਵਿੱਚ ਰਾਜਸੀ ਆਗੂਆਂ ਦੇ ਕਤਲਾਂ, ਇਰਾਕ ਵਿੱਚ ਸ਼ੱਕੀ ਕਾਰਕੁਨਾਂ ਨੂੰ ਉਧਾਲਣ ਅਤੇ ਖਪਾ ਦੇਣ, ਦੱਖਣੀ-ਪੂਰਬੀ ਏਸ਼ੀਆ ਅਤੇ ਕੇਂਦਰੀ ਅਮਰੀਕਾ ਦੀ ਸੁਨਿਹਰੀ ਤਿਕੋਣ (ਇਰਾਨ ਕੌਂਟਰਾ ਯੁੱਧ) ਭਾਰੀ ਨਸ਼ਾ ਤਸ਼ਕਰੀ ਨੂੰ ਜਥੇਬੰਦ ਕੀਤਾ।
    
ਰਿਪੋਰਟ ਸੀ.ਆਈ.ਏ. ਦੀ ਦਹਿਸ਼ਤ ਅਤੇ ਤਸ਼ੱਦਦ ਨੂੰ ਚੁੜੇਰੇ ਇਤਿਹਾਸਕ ਸੰਦਰਭ ਵਿੱਚ ਬਿਆਨ ਨਹੀਂ ਕਰਦੀ ਜਿਸ ਵਿੱਚ ਇੱਕ ਆਮ ਨੀਤੀ ਵਜੋਂ ਯੋਜਨਾਬੱਧ ਢੰਗ ਨਾਲ ਤਸ਼ੱਦਦ ਅਤੇ ਹਿੰਸਾ ਦੀ ਵਰਤੋਂ ਦਾ ਖੁਲਾਸਾ ਹੁੰਦਾ। ਵਾਈਟ ਹਾਊਸ ਅਤੇ ਸੈਨੇਟ ਦੇ ਇਹ ਦਾਅਵੇ ਕਿ ਇਹ ਤਸ਼ੱਦਦ ਕੇਵਲ ਅਯੋਗ ਜਾਂ ਪਾਗਲ ਕਰਿੰਦਿਆਂ ਵੱਲੋਂ ਨੀਤੀਗਤ ਗ਼ਲਤੀਆਂ ਦਾ ਸਿੱਟਾ ਹਨ, ਦੇ ਉਲਟ ਇਤਿਹਾਸਕ ਰਿਕਾਰਡ ਸਾਬਤ ਕਰਦਾ ਹੈ ਕਿ ਸੀ.ਆਈ.ਏ. ਦੁਆਰਾ ਤਿੱਖੇ ਅਤੇ ਭਰਵੇਂ ਰੂਪ ਵਿੱਚ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਤਸ਼ੱਦਦ, ਕਤਲ ਅਤੇ ਉਧਾਲੇ ‘ਬੇਹੱਦ ਯੋਗ ਅਤੇ ਤਜ਼ਰਬੇਕਾਰ’ ਨੀਤੀ-ਘਾੜਿਆਂ ਵੱਲੋਂ ਬਣਾਈਆਂ ਯੋਜਨਾਬੱਧ ਅਤੇ ਸੋਚੀਆਂ-ਸਮਝੀਆਂ ਨੀਤੀਆਂ ਦਾ ਸਿੱਟਾ ਹਨ। ਇਹ ਨੀਤੀ-ਘਾੜੇ ਕਾਰਜਕਾਰਨੀ ਅਤੇ ਕਾਂਗਰਸ ਨੇਤਾਵਾਂ ਵੱਲੋਂ ਤੈਅ ਕੀਤੀ ਆਲਮੀ ਨੀਤੀ ਅਨੁਸਾਰ ਕੰਮ ਕਰ ਰਹੇ ਹਨ। ਰਿਪੋਰਟ ਤਸ਼ੱਦਦ ਦੀਆਂ ਇਹਨਾਂ ਘਟਨਾਵਾਂ ਨੂੰ ਸਾਮਰਾਜ ਉਸਾਰੀ ਦੀਆਂ ਨੀਤੀਆਂ ਤੋਂ ਤੋੜਕੇ ਪੇਸ਼ ਕਰਦੀ ਹੈ। ਅਸਲੀਅਤ ਇਹ ਹੈ ਕਿ ਤਸ਼ੱਦਦ ਹਮੇਸ਼ਾਂ ਸਾਮਰਾਜੀ ਜੰਗਾਂ, ਬਸਤੀਆਂ ਉੱਪਰ ਫ਼ੌਜੀ ਕਬਜ਼ਿਆਂ ਅਤੇ ਬਗਾਵਤਾਂ ਨੂੰ ਦਬਾਉਣ ਦੀ ਜੰਗ ਦਾ ਇੱਕ ਅਟੁਟ ਹਿੱਸਾ ਰਿਹਾ ਹੈ ਅਤੇ ਰਹੇਗਾ।
    
ਸਾਮਰਾਜੀ ਜੰਗਾਂ ਅਤੇ ਕਬਜ਼ੇ ਸਰਬਵਿਆਪੀ ਵੈਰ-ਵਿਰੋਧ ਅਤੇ ਵਿਆਪਕ ਟਾਕਰੇ ਨੂੰ ਜਨਮ ਦਿੰਦੇ ਹਨ। ਕਬਜ਼ੇ ਹੇਠਲੇ ਮੁਲਕ ਦੀ ਨਿਗਰਾਨੀ ਲਈ ਖ਼ੁਫ਼ੀਆ ਜਾਣਕਾਰੀ ਲਈ ਸਾਮਰਾਜੀ ਅਧਿਕਾਰੀ ਉਥੋਂ ਦੇ ਲੋਕਾਂ ਉੱਪਰ ਨਿਰਭਰ ਨਹੀਂ ਕਰ ਸਕਦੇ। ਸਾਮਰਾਜੀ ਬਲ ਲੋਕਾਂ ਦੇ ਤਿੱਖੇ ਵੈਰ-ਵਿਰੋਧ ਦੇ ਸਮੁੰਦਰ ਵਿੱਚ ਘਿਰੇ ਹੁੰਦੇ ਹਨ। ਸਾਮਰਾਜੀਆਂ ਖ਼ੁਫ਼ੀਆਂ ਤੰਤਰ ਨੂੰ ਸਥਾਨਕ ਗ਼ੱਦਾਰਾਂ ਦੇ ਅਸਰ ਰਸੂਖ ਅਤੇ ਭਿ੍ਰਸ਼ਟ ਢੰਗਾਂ ਨਾਲ ਟਾਕਰਾ ਲਹਿਰਾਂ ਅਤੇ ਗੁਪਤ ਕਾਰਕੁਨਾਂ ਦੀਆਂ ਲੁਕਵੀਆਂ ਸਰਗਰਮੀਆਂ ਬਾਰੇ ਸੀਮਤ ਭੇਦ ਹੀ ਹਾਸਲ ਹੁੰਦੇ ਹਨ। ਪਰਿਵਾਰ, ਆਂਢ-ਗੁਆਂਢ, ਧਾਰਮਿਕ, ਜਾਤੀ ਅਤੇ ਜਮਾਤੀ ਰਿਸ਼ਤਿਆਂ ਦਾ ਤਾਣਾਬਾਣਾ ਟਾਕਰੇ ਦੀਆਂ ਇਹਨਾਂ ਲਹਿਰਾਂ ਉੱਪਰ ਸੁਰੱਖਿਅਕ ਕਵਚ ਬਣਦੇ ਹਨ। ਇਸ ਕਵਚ ਨੂੰ ਤੋੜਨ ਲਈ ਬਸਤੀਵਾਦੀ-ਸਾਮਰਾਜੀ ਤਾਕਤਾਂ ਸ਼ੱਕੀਆਂ, ਪਰਿਵਾਰਕ ਮੈਂਬਰਾਂ, ਅਤੇ ਆਲੇ ਦੁਆਲੇ ੳੱੁਪਰ ਤਸ਼ੱਦਦ ਕਰਦੇੇ ਹਨ। ਸਾਮਰਾਜੀ ਕਬਜ਼ਿਆਂ ਨੂੰ ਸਥਾਈ ਬਣਾਉਣ ਦੀਆਂ ਨੀਤੀਆਂ ਦਾ ਤਸ਼ੱਦਦ ਇੱਕ ਅਟੁੱਟ ਹਿੱਸਾ ਬਣ ਜਾਂਦਾ ਹੈ। ਲੰਬੇ ਕਬਜ਼ੇ ਨਾਲ ਹੋਈ, ਰੁਜ਼ਗਾਰ ਅਤੇ ਵਸੇਬੇ ਦੀ, ਤਬਾਹੀ ਨੂੰ ਸਾਮਰਾਜੀ ਮੱਦਦ ਨਾਲ ਪੂਰਿਆ ਨਹੀਂ ਜਾ ਸਕਦਾ। ਇਸਦਾ ਵੱਡਾ ਹਿੱਸਾ ਸਥਾਨਕ ਗ਼ੱਦਾਰਾਂ ਦੀਆਂ ਜੇਬਾਂ ਭਰਦਾ ਹੈ। ਗ਼ੱਦਾਰ ਸਥਾਨਕ ਆਬਾਦੀ ਤੋਂ ਨਿੱਖੜੇ ਹੋਣ ਕਰਕੇ ਜ਼ਿਆਦਾ ਜਾਣਕਾਰੀ ਦੇ ਸਰੋਤ ਨਹੀਂ ਹੋ ਸਕਦੇ। ਇਸ ਲਈ ਕੁੱਝ ਕੁ ਲਈ ਲਾਲਚ ਅਤੇ ਵਿਰੋਧੀਆਂ ਚੋਂ ਬਹੁਤਿਆਂ ਲਈ ਡੰਡਾ ਜਾਂ ਡੰਡੇ ਦਾ ਡਰ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ।
    
ਗਲੀ ਗੁਆਂਢ ਵਿੱਚੋਂ ਸ਼ੱਕੀਆਂ ਦੀ ਗਿ੍ਰਫ਼ਤਾਰੀਆਂ ਅਤੇ ਤਸ਼ੱਦਦ ਵਿਰੋਧੀ ਧਿਰ, ਰਿਸ਼ਤੇਦਾਰਾਂ, ਜਾਣਕਾਰਾਂ, ਗੁਆਂਢੀਆਂ ਅਤੇ ਸਾਥੀਆਂ ਵਿੱਚ ਡਰ ਪੈਦਾ ਕਰਨ ਦਾ ਹਥਿਆਰ ਬਣਦਾ ਹੈ। ਤਸ਼ੱਦਦ ਗ਼ੈਰਸਰਗਰਮ ਹਮਦਰਦਾਂ ਦੀ ਬਹੁ ਗਿਣਤੀ ਅਤੇ ਟਾਕਰਾ ਕਰ ਰਹੇ ਲੜਾਕਿਆਂ ਦੇ ਸੀਮਤ ਗਿਣਤੀ ਵਿੱਚ ਸਹਿਯੋਗ ਘਟਾਉਣ ਦਾ ਯਤਨ ਅਤੇ ਬਹੁ ਗਿਣਤੀ ਵਿੱਚ ਡਰ ਪੈਦਾ ਕਰਨ ਦਾ ਅਟੁੱਟ ਤੱਤ ਹੈ। ਭਾਵੇਂ ਰਿਪੋਰਟ ਅਨੁਸਾਰ ਭੇਦ ਜਾਨਣ ਪੱਖੋਂ ਤਸ਼ੱਦਦ ਦੇ ਵਿਅਰਥ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪਰ ਸੀ.ਆਈ.ਏ. ਦਾ ਡਾਇਰੈਕਟਰ ਜੋਹਨ ਬਰੈਨਨ ਦੇ ਦਾਅਵੇ, ਕਿ ਤਸ਼ੱਦਦ ਵਿਅਰਥ ਨਹੀਂ ਹੈ, ਨੂੰ ਇਸੇ ਸੰਦਰਭ ਵਿੱਚ ਸਮਝਣ ਦੀ ਲੋੜ ਹੈ। ਉਸ ਅਨੁਸਾਰ ਮਨੁੱਖੀ ਜ਼ਿੰਦਗੀ, ਪਰਿਵਾਰਕ ਮੈਬਰਾਂ ਅਤੇ ਗੁਆਂਢੀਆਂ ਉੱਪਰ ਜ਼ਬਰ ਤਸ਼ੱਦਦ ਨੂੰ ਸਿਧਾਂਤਕ ਤੌਰ ’ਤੇ ਬੁਰਾਈ ਵਜੋਂ ਜਾਂ ਨੈਤਿਕ ਅਤੇ ਰਾਜਨੀਤਕ ਤੌਰ ਤੇ ਅਜੋੜ ਨਹੀਂ ਸਮਝਣਾ ਚਾਹੀਦਾ। ਬਰੈਨਨ ਦੇ ਕੰਮ ਢੰਗ ਦੇ ਲੰਬੇ ਚੌੜੇ ਨਿਯਮ ਅਤੇ ਸੈਨੇਟ ਦੇ ਗੁਪਤ ਵਿਸ਼ਵਾਸਾਂ ਅਨੁਸਾਰ ਤਸ਼ੱਦਦ ਉੱਪਰ ਨਿਗਰਾਨੀ ਦੀ ਲੋੜ ਹੈ ਜੇ ਤਸ਼ੱਦਦ ਕਿਸੇ ਤੋਂ ਦਹਿਸ਼ਤਗਰਦ ਕਾਰਵਾਈ ਜਾਂ ਉਸਦੇ ਸਾਥੀ ਦਾ ਪਤਾ ਲਗਾਉਣ ਵਿੱਚ ਸਫ਼ਲ ਹੁੰਦਾ ਹੈ ਤਾਂ ਸੈਨੇਟ ਰਿਪੋਰਟ ਦੀ ਕਸੌਟੀ ਅਨੁਸਾਰ ਤਸ਼ੱਦਦ ਜਾਇਜ਼ ਹੈ। ਫਿਰ ਉਹਨਾਂ ਅਨੁਸਾਰ ਕੌਮਾਂਤਰੀ ਕਾਨੂੰਨ ਅਤੇ ਜਨੇਵਾ ਕਨਵੈਨਸ਼ਨ, ਜੋ ਕਿ ਤਸ਼ੱਦਦ ਦੀ ਵਿਆਪਕ ਤੌਰ ਤੇ ਨਿੰਦਾ ਅਤੇ ਤਸ਼ੱਦਦਕਾਰ ਨੂੰ ਸਜ਼ਾ ਦੀ ਮੰਗ ਕਰਦੀ ਹੈ, ਵਿੱਚ ਸੋਧ ਕਰਨੀ ਹੋਵੇਗੀ। ਅਮਰੀਕੀ ਸੈਨੇਟ ਅਨੁਸਾਰ ਵਿਅਰਥ ਤਸ਼ੱਦਦ ਹੀ ਨਿੰਦਣਯੋਗ ਹੈ ਅਤੇ ਇਸ ਦਾ ਫ਼ੈਸਲਾ ਤਸ਼ੱਦਦਕਾਰਾਂ ਦਾ ਹੈੱਡ ਕੁਆਟਰ ਸੀ.ਆਈ.ਏ. ਦਾ ਡਾਇਰੈਕਟਰ ਹੀ ਕਰ ਸਕਦਾ ਹੈ।
    
ਅਮਰੀਕੀ ਰਾਸ਼ਟਰਪਤੀ ਉਬਾਮਾ, ਬਰੈਨਨ ਦੇ ਪੱਖ ਵਿੱਚ ਬੋਲਦਾ ਕਹਿੰਦਾ ਹੈ ਕਿ ਕੇਵਲ ਕੁਝ ਕੁ ਗ਼ਲਤੀਆਂ ਹੋਈਆਂ ਹਨ। ਇਹ ਮੀਸਣੀ ਕਬੂਲਗੀ ਵੀ ਉਸ ਵੱਲੋਂ ਕਈ ਸਾਲਾਂ ਤੋਂ ਚੱਲ ਰਹੀ ਪੜਤਾਲ ਵਿੱਚ ਖੜ੍ਹੀਆਂ ਕੀਤੀਆਂ ਰੁਕਾਵਟਾਂ ਅਤੇ ਮਹੀਨਿਆਂ ਤੋਂ ਪ੍ਰਕਾਸ਼ਨ ’ਤੇ ਰੋਕ ਲਾਕੇ ਅਤੇ ਫਿਰ ਵੀ ਨਾਟੋ ਸਹਿਯੋਗੀਆਂ ਪ੍ਰਤੀ ਮਹੱਤਵਪੂਰਨ ਅਤੇ ਗੰਭੀਰ ਟਿੱਪਣੀਆਂ ਦੇ ਬਹੁਤੇ ਹਿੱਸੇ ਨੂੰ ਕੱਢਣ ਤੋਂ ਪਿੱਛੋਂ ਆਈ ਹੈ। ਸੀ.ਆਈ.ਏ., ਸਰਕਾਰੀ ਵਕੀਲ ਆਮ ਤੌਰ ’ਤੇ ਇਜਰਾਈਲੀ ਸੁਪਰੀਮ ਕੋਰਟ ਦੀ 1999 ਦੀ ਰੂਲਿੰਗ ਦਾ ਸਹਾਰਾ ਲੈਂਦੇ ਹਨ ਜਿਸ ਵਿੱਚ ਗ਼ੈਰ ਯਹੂਦੀਆਂ ਉੱਪਰ ਤਸ਼ੱਦਦ ਨਾਲ ਦਹਿਸ਼ਤਗਰਦ ਕਾਰਵਾਈ ਰੋਕਣ ਲਈ ਜਾਣਕਾਰੀ ਪ੍ਰਾਪਤ ਕਰਨਾ ਨਾਵਾਜਬ ਨਹੀਂ ਹੈ। ਸੀ.ਆਈ.ਏ. ਅਤੇ ਹਾਵਰਡ ਕਾਨੂੰਨ ਪ੍ਰੋਫੈਸਰ ਅਤੇ ਕੱਟੜ ਯਹੂਦੀਵਾਦੀ ਐਲਾਨ ਦਰਸੋਵਿਟਜ਼ ਇੱਕ ਸ਼ੱਕੀ ਬੱਚੇ ਉੱਪਰ ਇਜਰਾਈਲੀ ਤਸ਼ੱਦਦਕਾਰਾਂ ਦੀ ਕਾਬਲੀਅਤ ਦਾ ਆਮ ਵਰਨਣ ਕਰਦਾ ਹੈ। ਸੀ.ਆਈ.ਏ. ਅਤੇ ਇਜਰਾਈਲੀ ਖ਼ੁਫ਼ੀਆ ਏਜੰਸੀ ਮੌਸਾਦ ਤਸ਼ੱਦਦ ਦੇ ਢੰਗਾਂ ਨੂੰ ਆਪਸ ਵਿੱਚ ਸਾਂਝਾ ਕਰਦੇ ਰਹਿੰਦੇ ਹਨ ਜਿਸ ਵਿੱਚ ਅਰਬੀਆਂ ਦੇ ਗੌਰਵ ਨੂੰ ਤੋੜਨ ਦੇ ਢੰਗ ਵੀ ਸ਼ਾਮਲ ਹਨ। ਸੀ.ਆਈ.ਏ. ਤਸ਼ੱਦਦ ਲਈ ਪੋਲੈਂਡ, ਸਵੀਡਨ, ਇਟਲੀ, ਮਕਡੋਨੀਆਂ, ਰੋਮਾਨੀਆਂ ਆਦਿ ਹੋਰ ਅਨੇਕਾਂ ਦੇਸ਼ਾਂ ਵਿੱਚ ਖ਼ੁਫ਼ੀਆਂ ਜੇਲ੍ਹਾਂ ਦੀ ਵਰਤੋਂ ਕਰਦੀ ਹੈ।
    
ਇਹ ਰਿਪੋਰਟ ਤਸ਼ੱਦਦ ਦੇ ਖੋਜੀਆਂ, ਪ੍ਰਮੁੱਖ ਅਧਿਕਾਰੀਆਂ ਅਤੇ ਰਾਜਨੀਤਕ ਆਗੂਆਂ ਦੀ ਭੂਮਿਕਾ ਪ੍ਰਤੀ ਚੁੱਪ ਹੈ। ਸਿਖਰਲੇ ਨੇਤਾ, ਜਾਰਜ ਡਬਲਯੂ ਬੁਸ਼ ਅਤੇ ਬਾਰਾਕ ਉਬਾਮਾ ਅਤੇ ਸੈਨੇਟ ਇਨਟੈਲੀਜੈਂਸ ਕਮੇਟੀ ਦਾ ਚੇਅਰਮੈਨ ਡਾਈਨ ਫੈਨਸਟਾਈਨ ਨੇ ਨਾਜੀ ਜੰਗੀ ਅਪਰਾਧੀਆਂ ਵਾਂਗ ਇਸ ਦਲੀਲ, “ਸਾਨੂੰ ਪਤਾ ਨਹੀਂ, ਸਾਨੂੰ ਗੁੰਮਰਾਹ ਕੀਤਾ ਗਿਆ ਅਤੇ ਸੀ.ਆਈ.ਏ. ਨੇ ਸਾਨੂੰ ਦੱਸਿਆ ਨਹੀਂ” ਦਾ ਸਹਾਰਾ ਲਿਆ ਹੈ। ਪਰ ਸਾਬਕਾ ਅਮਰੀਕੀ ਉੱਪ ਰਾਸ਼ਟਰਪਤੀ ਡਿੱਕ ਚੈਨੀ ਨੇ ਅਮਰੀਕੀ ਟੈਲੀਵੀਜ਼ਨ ਉੱਪਰ ਆਪਣੇ ਭਾਸ਼ਣ ਵਿੱਚ ਇਸ ਪ੍ਰਣਾਲੀ ਨੂੰ ਵਡਿਆਕੇ ਅਤੇ ਦੁਬਾਰਾ ਸੱਤਾ ’ਚ ਆਉਣ ’ਤੇ ਇਹਨਾਂ ਨੂੰ ਮੁੜ ਵਰਤਣ ’ਤੇ ਜ਼ੋਰ ਦੇ ਕੇ ਇਹਨਾਂ ਰਾਜਨੀਤਕ ਆਗੂਆਂ ਦੀ ਅਣਭੋਲਤਾ ਦਾ ਪੋਲ ਖੋਲ੍ਹ ਦਿੱਤਾ ਹੈ। ਬੁਸ਼ ਜੂਨੀਅਰ ਦੇ ਕਾਰਜਕਾਲ ਦੌਰਾਨ ਸੀ.ਆਈ.ਏ. ਵੱਲੋਂ ਰੋਜ਼ਮਰਾ ’ਚ ਖ਼ੁਫ਼ੀਆ ਜਾਣਕਾਰੀ, ਇਸਦੇ ਸਰੋਤਾਂ, ਅਤੇ ਜਾਣਕਾਰੀ ਇਕੱਤਰ ਕਰਨ ਦੇ ਢੰਗ ਤਰੀਕਿਆਂ ਨੂੰ ਵੀਡੀਓਜ਼ ਅਤੇ ਰਾਜਸੀ ਆਗੂਆਂ ਦੇ ਵਿਚਾਰਨ ਲਈ ਸਿੱਧੇ ਕਾਰਵਾਈਆਂ ਦੀ ਪੇਸ਼ਕਾਰੀ ਰਾਹੀਂ ਜਾਣੂ ਕਰਵਾਇਆ ਜਾਂਦਾ ਰਿਹਾ ਹੈ। ਜੋਹਨ ਬਰੈਨਨ ਅਨੁਸਾਰ ਕੁੱਝ ਵੀ ਛੁਪਾਇਆ ਨਹੀਂ ਗਿਆ। 2001 ਤੋਂ ਅੱਗੇ ਅਬੂ ਗਰੀਬ ਜੇਲ੍ਹ ਦੀ ਪੜਤਾਲ ਦੌਰਾਨ ਉੱਚ ਫ਼ੌਜੀ ਅਧਿਕਾਰੀਆਂ ਨੇ ਆਪਣੀ ਗਵਾਹੀ ਵਿੱਚ ਦੱਸਿਆ ਕਿ ਤਸ਼ੱਦਦ ਤਾਂ ਲੋੜ ਅਨੁਸਾਰ ਕੀਤਾ ਹੀ ਜਾਂਦਾ ਸੀ। ਰਾਸ਼ਟਰਪਤੀ ਦੁਆਰਾ ਅਟੈਂਡ ਕੀਤੀਆਂ ਨੈਸ਼ਨਲ ਸਕਿੳਰਿਟੀ ਏਜੰਸੀ ਦੀਆਂ ਮੀਟਿੰਗਾਂ ਵਿੱਚ ਸੀ.ਆਈ.ਏ ਦੁਆਰਾ ਤਫ਼ਤੀਸ਼ਾਂ ਰਾਹੀਂ ਹਾਸਲ ਕੀਤੀਆਂ ਰਿਪੋਰਟਾਂ ਵਿਸਥਾਰ ਵਿੱਚ ਪੇਸ਼ ਕੀਤੀਆਂ ਗਈਆਂ। ਜੇ ਉਹਨਾਂ ਉੱਥੇ ਸਵਾਲ ਨਹੀਂ ਉਠਾਇਆ ਤਾਂ ਸਾਫ਼ ਹੈ ਕਿ ਉਹਨਾਂ ਨੇ ਤਸ਼ੱਦਦ ਨੂੰ ਪ੍ਰਚੱਲਤ ਢੰਗ ਵਜੋਂ ਕਬੂਲ ਕਰ ਲਿਆ। ਤਸ਼ੱਦਦ ਦੀ ਰਾਜਨੀਤਕ ਅਵਸਥਾ ਵਿੱਚ ਇਸਲਾਮਿਕ ਅੱਤਵਾਦੀ ਅਤੇ ਅਮਰੀਕਾ ਸਮੇਤ ਸਾਰੇ ਸਾਮਰਾਜੀ ਇੱਕੋ ਜਿਹੇ ਹਨ। ਇਸਲਾਮਿਕ ਅੱਤਵਾਦੀ ਸ਼ਹਿਰੀਆਂ ਦੇ ਧੜ ਲਾਹੁਣ ਦੀਆਂ ਵੀਡੀਓਜ਼ ਜਾਰੀ ਕਰਦੇ ਹਨ ਅਤੇ ਸੀ.ਆਈ.ਏ. ਵੱਲੋਂ ਸ਼ੱਕੀ ਰਾਜਸੀ ਵਿਰੋਧੀਆਂ ਨੂੰ ਨੰਗੇ ਕਰਕੇ ਬਰਫਾਂ ’ਚ ਲਾਉਣ ਦੇ ਤਸੀਹਿਆਂ ਦੀਆਂ ਕਾਰਵਾਈਆਂ ਇਹਨਾਂ ਰਿਪੋਰਟਾਂ ਰਾਹੀਂ ਉਜਾਗਰ ਹੁੰਦੀਆਂ ਹਨ।
    
ਅਸਲ ਵਿੱਚ ਸੈਨੇਟ ਵੱਲੋਂ ਸੀ.ਆਈ.ਏ. ਦੀਆਂ ਤਸ਼ੱਦਦ ਲਿਪਤ ਕਾਰਵਾਈਆਂ ਦੀ ਪੜਤਾਲ ਕਰਨ ਨੂੰ ਰੋਕਣਾ ਨਹੀਂ, ਸਗੋਂ ਸੀ.ਆਈ.ਏ. ਵੱਲੋਂ ਸੈਨੇਟਰਾਂ ਦੀ ਜਾਸੂਸੀ ਰਾਹੀ ਸੈਨੇਟ ਦੇ ਅਧਿਕਾਰ ਖੇਤਰ ਨੂੰ ਉਲੰਘਣ ਤੋਂ ਰੋਕਣ ਤੱਕ ਸੀਮਤ ਹੈ। ਨੰਗੀਆਂ ਚਿੱਟੀਆਂ ਰਿਪੋਰਟਾਂ ਨਾਲ ਵੀ ਕੋਈ ਅਸਤੀਫ਼ੇ ਲਏ ਦਿੱਤੇ ਨਹੀਂ ਜਾਣਗੇ, ਨਾ ਹੀ ਕਿਸੇ ਵਿਰੁੱਧ ਕੋਈ ਕਾਰਵਾਈ ਹੋਵੇਗੀ ਕਿਉਂਕਿ ਉਹਨਾਂ ਨੂੰ ਕਾਨੂੰਨੀ ਛਤਰੀ ਹਾਸਲ ਹੈ। ਉਬਾਮਾ ਦਾ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਤੋਂ ਇਨਕਾਰ ਕਰਨਾ ਅਮਰੀਕੀ ਸਾਮਰਾਜ ਦੇ ਉਹਨਾਂ ਦੋਹਰੇ ਮਾਪਦੰਡਾਂ ਦਾ ਖੁਲਾਸਾ ਹੈ ਜਦੋਂ ਇੱਕ ਪਾਸੇ ਉਹ ਆਪਣੇ ਅਪਰਾਧਾਂ ਨੂੰ ਛੁਿਟਆਉਂਦਾ ਹੈ ਪਰ ਦੁਨੀਆਂ ਵਿੱਚ ਮਨੁੱਖੀ ਅਧਿਕਾਰਾਂ ਦਾ ਝੰਡਾਬਰਦਾਰ ਬਣਕੇ ਇਰਾਕ, ਅਫਗਾਨਿਸਤਾਨ, ਸੀਰੀਆ ਅਤੇ ਲਿਬੀਆ ਆਦਿ ਦੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਨੂੰ ਰੋਕਣ ਲਈ ਫ਼ੌਜੀ ਕਾਰਵਾਈਆਂ ਕਰਦਾ ਹੈ।
    
ਅਸਲ ਵਿੱਚ ਭਾਰਤ ਸਮੇਤ ਸਾਰੀਆਂ ਲੋਕ ਵਿਰੋਧੀ ਹਕੂਮਤਾਂ ਆਪਣੇ ਲੋਟੂ ਰਾਜ ਨੂੰ ਕਾਇਮ ਰੱਖਣ ਲਈ ਅਜਿਹੇ ਤਸ਼ੱਦਦ ਅਤੇ ਜ਼ਬਰ ਦਾ ਸਹਾਰਾ ਲੈਂਦੀਆਂ ਆ ਰਹੀਆਂ ਹਨ। ਭਾਰਤ ਸਰਕਾਰ ਨੇ ਸੰਯੁਕਤ ਰਾਸ਼ਟਰ ਦੀ ਤਸੀਹਿਆਂ ਵਿਰੋਧੀ ਕਨਵੈੱਨਸ਼ਨ ੳੱੁਪਰ ਸਹੀ ਨਹੀਂ ਪਾਈ ਜਿਸ ਅਨੁਸਾਰ ਹਰ ਤਰ੍ਹਾਂ ਦਾ ਤਸ਼ੱਦਦ ਨਾਵਾਜਬ ਅਤੇ ਗ਼ੈਰਕਾਨੂੰਨੀ ਹੈ। ਇਹ ਕਨਵੈਨਸ਼ਨ ਸਪੱਸ਼ਟ ਕਰਦੀ ਹੈ ਕਿ ਤਸੀਹੇ ਤਸ਼ੱਦਦ ਲਈ ਕੋਈ ਵੀ ਅਸਾਧਾਰਨ ਸਥਿਤੀਆਂ ਦਾ ਬਹਾਨਾ ਜੰਗ ਜਾਂ ਜੰਗ ਦਾ ਡਰ, ਅੰਦਰੂਨੀ ਸਿਆਸੀ ਅਸਥਿਰਤਾ ਜਾਂ ਕੋਈ ਜਨਤਕ ਹੰਗਾਮੀ ਹਾਲਤ ਤਸ਼ੱਦਦ ਨੂੰ ਵਾਜਬ ਠਹਿਰਾਉਣ ਲਈ ਬਹਾਨਾ ਨਹੀਂ ਬਣ ਸਕਦੀ।
    
ਨਾਜੀਆਂ ਵਿਰੁੱਧ ਚੱਲੇ ਨਿਉਰਮਬਰਗ ਮੁਕੱਦਮਿਆਂ ’ਚ ਸਪੱਸ਼ਟ ਕੀਤਾ ਗਿਆ ਸੀ ਕਿ ਮਨੱੁਖਤਾ ਉੱਪਰ ਜੁਰਮ ਕੌਮਾਂਤਰੀ ਜੁਰਮ ਹਨ ਭਾਵੇ ਕਿਸੇ ਦੇਸ਼ ਦੇ ਕਾਨੂੰਨ ਹੇਠ ਅਜਿਹੀਆਂ ਕਾਰਵਾਈਆਂ ਨੂੰ ਜੁਰਮ ਨਾ ਵੀ ਸਮਝਿਆ ਜਾਵੇ। ਤਸ਼ੱਦਦ ਦੇ ਖ਼ਾਤਮੇ ਲਈ ਦੋਸ਼ੀਆਂ ਨੂੰ ਕੌਮਾਂਤਰੀ ਨਿਯਮਾਂ ਤਹਿਤ ਸਜ਼ਾਵਾਂ ਦੀ ਮੰਗ ਕਰਨੀ ਅਤੇ ਤਸ਼ੱਦਦ ਦੇ ਸਰੋਤ ਲੁੱਟ ਅਧਾਰਿਤ ਰਾਜ ਦੇ ਖ਼ਾਤਮੇ ਲਈ ਜੱਦੋਜਹਿਦ ਮਨੁੱਖਤਾ ਨੂੰ ਤਸ਼ੱਦਦ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਕ ਹੋਵੇਗੀ।

***

Comments

gurpreet singh khokher

veer ji please apna contact no. jroor dya kro nal

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ