ਇੰਡੋ-ਕੈਨੇਡੀਅਨ ਔਰਤਾਂ ਦੇ ਕਤਲਾਂ ਦੀ ਦਾਸਤਾਨ - ਸੁਖਵੰਤ ਹੁੰਦਲ
Posted on:- 03-01-2015
ਕੈਨੇਡਾ ਦੇ ਭਾਰਤੀ ਸਮਾਜ ਵਿੱਚ ਔਰਤਾਂ ਵਿਰੁੱਧ ਹਿੰਸਾ ਦਾ ਵਰਤਾਰਾ ਇਕ ਗੰਭੀਰ ਸਮੱਸਿਆ ਹੈ। ਬੇਸ਼ੱਕ ਸਮੇਂ ਸਮੇਂ ਇਸ ਸਮੱਸਿਆ ਬਾਰੇ ਕਮਿਉਨਿਟੀ ਵਿੱਚ ਗੱਲਬਾਤ ਚਲਦੀ ਆਈ ਹੈ, ਪਰ ਇਹ ਗੱਲਬਾਤ ਉਨੀ ਸ਼ਿੱਦਤ, ਗੰਭੀਰਤਾ ਅਤੇ ਲਗਾਤਾਰਤਾ ਨਾਲ ਨਹੀਂ ਚੱਲ ਸਕੀ ਜਿੰਨੀ ਸ਼ਿੱਦਤ, ਗੰਭੀਰਤਾ ਅਤੇ ਲਗਾਤਾਰਤਾ ਨਾਲ ਇਸ ਬਾਰੇ ਗੱਲ ਕਰਨ ਦੀ ਲੋੜ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਕੈਨੇਡੀਅਨ ਭਾਰਤੀ ਸਮਾਜ ਇਸ ਸਮੱਸਿਆ ਨੂੰ ਸਮੁੱਚਤਾ ਵਿੱਚ ਦੇਖਣ ਤੋਂ ਅਸਮਰਥ ਰਿਹਾ ਹੈ। ਜਦੋਂ ਕੈਨੇਡੀਅਨ ਭਾਰਤੀ ਪਰਿਵਾਰਾਂ ਵਿੱਚ ਇਹ ਸਮੱਸਿਆ ਆਪਣੇ ਅੰਤਿਮ ਚਰਮ ਤੇ ਪਹੁੰਚ ਜਾਂਦੀ ਹੈ, ਭਾਵ ਪਰਿਵਾਰ ਦੇ ਕਿਸੇ ਮਰਦ ਮੈਂਬਰ ਵਲੋਂ ਕਿਸੇ ਔਰਤ ਦਾ ਕਤਲ ਹੋ ਜਾਂਦਾ ਹੈ, ਤਾਂ ਉਸ ਸਮੇਂ ਕਮਿਉਨਿਟੀ ਵਲੋਂ ਇਸ ਬਾਰੇ ਸਦਮੇ ਵਾਲਾ ਪ੍ਰਤੀਕਰਮ ਹੁੰਦਾ ਹੈ। ਇਹਨਾਂ ਕਤਲਾਂ ਬਾਰੇ ਹਾਅ ਦਾ ਨਾਹਰਾ ਮਾਰਿਆ ਜਾਂਦਾ ਹੈ। ਪਰ ਕਤਲ ਵਾਪਰਨ ਤੋਂ ਕੁਝ ਸਮਾਂ ਬਾਅਦ ਹੀ ਕਮਿਉਨਟੀ ਇਸ ਸਮੱਸਿਆ ਦੀ ਚਿੰਤਾ ਨੂੰ ਭੁੱਲ ਭੁਲਾ ਜਾਂਦੀ ਹੈ ਅਤੇ “ਸਭ ਅੱਛਾ ਹੈ” ਦੇ ਆਲਮ ਹੇਠ ਜਿਉਣ ਲੱਗਦੀ ਹੈ।
ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਲੇਖ ਵਿੱਚ ਕੈਨੇਡਾ ਵਿੱਚ ਪਿਛਲੇ 42 ਸਾਲਾਂ (1972-2014) ਦੌਰਾਨ ਭਾਰਤੀ ਮੂਲ ਦੇ ਪ੍ਰੀਵਾਰਾਂ ਵਿੱਚ ਹੋਏ ਔਰਤਾਂ ਦੇ ਕਤਲਾਂ ਅਤੇ ਔਰਤਾਂ `ਤੇ ਹੋਏ ਕੁਝ ਸੰਗੀਨ ਹਮਲਿਆਂ ਦਾ ਸੰਖੇਪ ਵੇਰਵਾ ਦੇਣ ਦੀ ਕੋਸਿ਼ਸ਼ ਕੀਤੀ ਗਈ ਹੈ। ਆਸ ਹੈ ਕਿ ਅਜਿਹਾ ਵੇਰਵਾ ਭਾਰਤੀ ਕੈਨੇਡੀਅਨ ਔਰਤਾਂ ਵਿਰੁੱਧ ਵਾਪਰਦੀ ਹਿੰਸਾ ਨੂੰ ਸਮੁੱਚਤਾ ਵਿੱਚ ਅਤੇ ਗੰਭੀਰਤਾ ਨਾਲ ਦੇਖਣ ਵਿੱਚ ਸਾਡੀ ਮਦਦ ਕਰੇਗਾ।
ਔਰਤਾਂ ਦੇ ਕੀਤੇ ਗਏ ਕਤਲ ਜਿਹਨਾਂ ਲਈ ਪਤੀਆਂ ਜਾਂ ਪਰਿਵਾਰ ਦੇ ਦੂਸਰੇ ਮੈਂਬਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜਾਂ ਉਹਨਾਂ ਨੂੰ ਚਾਰਜ ਕੀਤਾ ਗਿਆ ਹੈ ਜਾਂ ਉਹਨਾਂ ਨੂੰ ਜਿ਼ੰਮੇਵਾਰ ਠਹਿਰਾਇਆ ਗਿਆ ਹੈ। 13 ਜੁਲਾਈ 2014 ਬਰੁੱਕਸਾਈਡ ਸਰੀ ਸਿੱਖ ਟੈਂਪਲ ਦੇ ਪ੍ਰਧਾਨ 66 ਸਾਲਾ ਬਲਦੇਵ ਸਿੰਘ ਕਲਸੀ ਨੂੰ ਆਪਣੀ 67 ਸਾਲਾ ਪਤਨੀ ਨਰਿੰਦਰ ਕੌਰ ਕਲਸੀ `ਤੇ ਸੰਗੀਨ ਹਮਲਾ ਕਰਨ ਦੇ ਜੁਰਮ ਦੇ ਦੋਸ਼ਾਂ ਅਧੀਨ ਹਿਰਾਸਤ ਵਿੱਚ ਲੈ ਲਿਆ ਗਿਆ। ਨਰਿੰਦਰ ਕੌਰ ਕਲਸੀ ਨੂੰ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਅਤੇ ਲਾਈਫ ਸੁਪੋਰਟ ਉੱਤੇ ਰੱਖਿਆ ਗਿਆ। ਪੁਲੀਸ ਅਨੁਸਾਰ ਇਹ ਘਟਨਾ ਪਰਿਵਾਰਕ ਹਿੰਸਾ ਨਾਲ ਸੰਬੰਧਤ ਹੈ। ਐਤਵਾਰ 20 ਜੁਲਾਈ ਨੂੰ ਨਰਿੰਦਰ ਕੌਰ ਕਲਸੀ ਦੀ ਲਾਈਪ ਸੁਪੋਰਟ ਲਾਹ ਦਿੱਤੀ ਗਈ ਅਤੇ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ। ਨਤੀਜੇ ਵਜੋਂ ਉਸ ਦੇ ਪਤੀ `ਤੇ ਸੈਕਿੰਡ ਡਿਗਰੀ ਕਤਲ ਦੇ ਦੋਸ਼ ਲਾ ਦਿੱਤੇ ਗਏ। 28 ਸਤੰਬਰ 2011ਸਰੀ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿੱਚ ਪੜ੍ਹਦੀ 19 ਸਾਲਾ ਮੇਪਲ ਬੁਟਾਲੀਆ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਕ ਲੰਮੀ ਜਾਂਚ ਬਾਅਦ ਦਸੰਬਰ 2012 ਵਿੱਚ ਪੁਲੀਸ ਨੇ ਇਸ ਮਾਮਲੇ ਵਿੱਚ ਦੋ ਨੌਜਵਾਨਾਂ - 20 ਸਾਲਾ ਗੁਰਜਿੰਦਰ (ਗੈਰੀ) ਧਾਲੀਵਾਲ ਅਤੇ 22 ਸਾਲਾ ਗੁਰਸਿਮਰ ਬੇਦੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਗੁਰਜਿੰਦਰ ਧਾਲੀਵਾਲ ਉੱਤੇ ਫਸਟ ਡਿਗਰੀ ਕਤਲ ਦਾ ਅਤੇ ਗੁਰਸਿਮਰ ਬੇਦੀ `ਤੇ ਮੈਨਸਲਾਟਰ ਦਾ ਦੋਸ਼ ਲਾਇਆ। ਧਾਲੀਵਾਲ ਮੇਪਲ ਬੁਟਾਲੀਆ ਦਾ ਸਾਬਕਾ ਪ੍ਰੇਮੀ ਸੀ। ਫਰਵਰੀ 2014 ਵਿੱਚ ਅਦਾਲਤ ਨੇ ਮੁਢਲੀ ਸੁਣਵਾਈ ਦੌਰਾਨ ਫੈਸਲਾ ਦਿੱਤਾ ਕਿ ਉਹਨਾਂ ਦੋਹਾਂ ਉੁੱਤੇ ਮੁਕੱਦਮਾ ਚਲੇਗਾ। ਇਸ ਦੇ ਨਾਲ ਹੀ ਅਦਾਲਤ ਨੇ ਮੁਢਲੀ ਸੁਣਵਾਈ ਦੌਰਾਨ ਪੇਸ਼ ਕੀਤੀਆਂ ਗਵਾਹੀਆਂ ਬਾਰੇ ਛਾਪਣ `ਤੇ ਬੈਨ ਲਾ ਦਿੱਤਾ, ਇਸ ਲਈ ਇਸ ਕੇਸ ਬਾਰੇ ਬਹੁਤੀ ਜਾਣਕਾਰੀ ਪ੍ਰਾਪਤ ਨਹੀਂ ਹੈ।28 ਜੁਲਾਈ 2011ਸਵੇਰ ਸਾਢੇ 11 ਵਜੇ ਦੇ ਕਰੀਬ ਮਨਮੀਤ ਸਿੰਘ ਭੰਗੂ ਨੇ ਸਰੀ ਤੋਂ ਨਿਕਲਦੇ ਇਕ ਅਖਬਾਰ ਦੇ ਦਫਤਰ ਵਿੱਚ ਜਾ ਆਪਣੀ ਪਤਨੀ ਰਵਿੰਦਰ ਕੌਰ ਭੰਗੂ ਦਾ ਕਤਲ ਕਰ ਦਿੱਤਾ। 23 ਸਾਲਾ ਰਵਿੰਦਰ ਇਸ ਅਖਬਾਰ ਵਿੱਚ ਹਫਤੇ ਦੇ ਤਿੰਨ ਦਿਨ ਇਕ ਪ੍ਰਬੰਧਕੀ ਸਹਾਇਕ ਵਜੋਂ ਕੰਮ ਕਰਦੀ ਸੀ। ਮਨਮੀਤ ਸਿੰਘ ਇਕ ਕੁਹਾੜੇ ਅਤੇ ਦੋ ਚਾਕੂਆਂ ਨਾਲ ਲੈਸ ਹੋ ਕੇ ਇਸ ਅਖਬਾਰ ਦੇ ਦਫਤਰ ਵਿੱਚ ਆਇਆ ਅਤੇ ਰਵਿੰਦਰ ਕੋਲ ਗਿਆ ਅਤੇ ਫਿਰ ਉਸ ਨੇ ਰਵਿੰਦਰ ਦੇ ਸਿਰ ਉੱਤੇ ਕੁਹਾੜੇ ਨਾਲ ਵਾਰ ਕਰ ਦਿੱਤਾ। ਫਿਰ ਮਨਮੀਤ ਨੇ ਕੁਹਾੜਾ ਸੁੱਟ ਕੇ ਚਾਕੂ ਕੱਢਿਆ ਅਤੇ ਰਵਿੰਦਰ ਉੱਤੇ ਚਾਕੂ ਨਾਲ 30 ਵਾਰ ਕੀਤੇ। ਇਸ ਹਮਲੇ ਕਾਰਨ ਰਵਿੰਦਰ ਦੀ ਥਾਂ `ਤੇ ਹੀ ਮੌਤ ਹੋ ਗਈ। ਮਨਮੀਤ ਉੱਥੇ ਪੁਲੀਸ ਆਉਣ ਦੀ ਉਡੀਕ ਕਰਦਾ ਰਿਹਾ।ਮਨਮੀਤ ਅਤੇ ਰਵਿੰਦਰ ਦਾ ਭਾਰਤ ਵਿੱਚ ਕਾਲਜ ਪੜ੍ਹਦਿਆਂ ਪਿਆਰ ਹੋ ਗਿਆ ਸੀ ਅਤੇ ਉਹਨਾਂ ਦੋਹਾਂ ਦਾ ਸੰਨ 2008 ਵਿੱਚ ਵਿਆਹ ਹੋ ਗਿਆ ਸੀ। ਵਿਆਹ ਤੋਂ ਪਹਿਲਾਂ ਮਨਮੀਤ ਆਪਣੇ ਮਾਪਿਆਂ ਨਾਲ ਕੈਨੇਡਾ ਆ ਚੁੱਕਾ ਸੀ। ਵਿਆਹ ਤੋਂ ਬਾਅਦ ਉਸ ਨੇ ਸਪਾਂਸਰ ਕਰਕੇ ਰਵਿੰਦਰ ਨੂੰ ਅਗਸਤ 2009 ਵਿੱਚ ਕੈਨੇਡਾ ਸੱਦ ਲਿਆ ਸੀ। ਉਹ ਦੋਵੇਂ ਅਪ੍ਰੈਲ 2011 ਤੱਕ ਇਕੱਠੇ ਰਹੇ। ਇਸ ਸਮੇਂ ਦੌਰਾਨ ਉਹਨਾਂ ਵਿਚਕਾਰ ਅਣਬਣ ਰਹਿਣੀ ਸ਼ੁਰੂ ਹੋ ਗਈ ਅਤੇ ਅਪ੍ਰੈਲ ਵਿੱਚ ਰਵਿੰਦਰ ਨੇ ਮਨਮੀਤ ਤੋਂ ਵੱਖਰੀ ਰਹਿਣਾ ਸ਼ੁਰੂ ਕਰ ਦਿੱਤਾ। ਮਨਮੀਤ ਇਹ ਜ਼ਰ ਨਾ ਸਕਿਆ ਅਤੇ ਨਤੀਜੇ ਵਜੋਂ ਦਿਨ ਦਿਹਾੜੇ ਲੋਕਾਂ ਦੇ ਸਾਹਮਣੇ ਉਸ ਦਾ ਕਤਲ ਕਰ ਦਿੱਤਾ।ਜੂਨ 2013 ਵਿੱਚ ਆਪਣੇ ਮੁਕੱਦਮੇ ਦੀ ਸੁਣਵਾਈ ਦੇ ਪਹਿਲੇ ਦਿਨ ਮਨਮੀਤ ਨੇ ਜੱਜ ਅੱਗੇ ਆਪਣੇ ਜੁਰਮ ਦਾ ਇਕਬਾਲ ਕਰ ਲਿਆ। ਅਦਾਲਤ ਵਿੱਚ ਇਸ ਕਤਲ ਬਾਰੇ ਗੱਲ ਕਰਦਿਆਂ ਸਰਕਾਰੀ ਵਕੀਲ ਨੇ ਕਿਹਾ ਕਿ ਇਹ ਅਸਾਧਾਰਣ ਕਤਲ ਤਾਂ ਹੋਇਆ ਕਿਉਂਕਿ ਮਨਮੀਤ ਵਿਸ਼ਵਾਸ ਕਰਦਾ ਸੀ ਕਿ ਉਸ ਨੂੰ ਛੱਡ ਕੇ ਜਾਣ ਬਦਲੇ ਆਪਣੀ ਪਤਨੀ ਤੋਂ ਬਦਲਾ ਲੈਣ ਦਾ ਹੱਕ ਹੈ। ਮਨਮੀਤ ਦੇ ਵਕੀਲ ਨੇ ਕਿਹਾ ਕਿ ਭਾਵੇਂ ਇਹ ਗੱਲ ਕਿਸੇ ਵੀ ਤਰ੍ਹਾਂ ਮਨਮੀਤ ਦੇ ਕਾਰੇ ਨੂੰ ਠੀਕ ਨਹੀਂ ਠਹਿਰਾਉਂਦੀ, ਫਿਰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮਨਮੀਤ ਅਜਿਹੇ “ਔਰਤ ਵਿਰੋਧੀ” ਸਮਾਜ ਦੀ ਪੈਦਾਵਰ ਹੈ, ਜਿਸ ਸਮਾਜ ਵਿੱਚ ਔਰਤ ਨੂੰ ਮਰਦ ਦੀ ਜਾਇਦਾਦ ਸਮਝਿਆ ਜਾਂਦਾ ਹੈ।ਜੱਜ ਨੇ ਮਨਮੀਤ ਨੂੰ ਇਸ ਕਤਲ ਬਦਲੇ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਇਹ ਸ਼ਰਤ ਲਾਈ ਕਿ ਉਹ 16 ਸਾਲ ਦੀ ਸਜ਼ਾ ਭੁਗਤਣ ਤੋਂ ਪਹਿਲਾਂ ਪੈਰੋਲ `ਤੇ ਬਾਹਰ ਨਹੀਂ ਆ ਸਕਦਾ। ਸਜ਼ਾ ਸੁਣਾਉਂਦੇ ਵਕਤ ਮਾਨਯੋਗ ਜੱਜ ਨੇ ਆਪਣੇ ਫੈਸਲੇ ਵਿੱਚ ਕਿਹਾ, “ਕੈਨੇਡਾ ਵਿੱਚ, ਅਸਲ ਵਿੱਚ ਕਿਸੇ ਵੀ ਸਭਿਅਕ ਸਮਾਜ ਵਿੱਚ, ਔਰਤਾਂ ਇਨਸਾਨਾਂ ਵਜੋਂ ਬਰਾਬਰ ਹਨ ਅਤੇ ਉਹਨਾਂ ਨੂੰ ਕਾਨੂੰਨ ਦੀ ਪੂਰੀ ਸੁਰੱਖਿਆ ਪ੍ਰਾਪਤ ਹੈ ਅਤੇ ਉਹਨਾਂ ਦੇ ਇਸ ਨਾਲ ਸੰਬੰਧਤ ਅਧਿਕਾਰ ਅਤੇ ਜਿ਼ੰਮੇਵਾਰੀਆਂ ਹਨ, ਜਿਹਨਾਂ ਵਿੱਚ ਇਨਸਾਨਾਂ ਦੇ ਤੌਰ `ਤੇ ਆਪਣੇ ਫੈਸਲੇ ਆਪ ਕਰਨ ਦੀ ਅਜ਼ਾਦੀ ਵੀ ਸ਼ਾਮਲ ਹੈ, ਜਿਸ ਤਰ੍ਹਾਂ ਕਿ ਇਹ ਅਜ਼ਾਦੀ ਬਾਕੀ ਸਾਰਿਆਂ ਨੂੰ ਉਪਲਬਧ ਹੈ।” 21 ਜੂਨ 2009ਸਰੀ ਵਿੱਚ ਮਹਿੰਦਰ ਸਿੰਘ ਜੌਹਲ ਨੇ ਆਪਣੇ ਦੋ ਮਤਰਏ ਪੁੱਤਰਾਂ - 17 ਸਾਲਾ ਅਮਰਜੀਤ ਗਿੱਲ ਅਤੇ 15 ਸਾਲਾ ਰਣਜੀਤ ਗਿੱਲ- ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਸ ਤੋਂ ਬਾਅਦ ਅਮਰਜੀਤ ਅਤੇ ਰਣਜੀਤ ਦੀ ਮਾਂ ਅਤੇ ਆਪਣੀ ਪਤਨੀ ਸੁਖਵਿੰਦਰ ਕੌਰ ਜੌਹਲ `ਤੇ ਕਾਤਲਾਨਾ ਹਮਲਾ ਕੀਤਾ। ਫਿਰ ਉਸ ਨੇ ਇਸ ਬਾਰੇ ਪੁਲੀਸ ਨੂੰ ਫੋਨ ਕੀਤਾ ਅਤੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਨਤੀਜੇ ਵਜੋਂ ਉਸ ਉੱਤੇ ਅਮਰਜੀਤ ਅਤੇ ਰਣਜੀਤ ਦੇ ਕਤਲ ਲਈ ਸੈਕਿੰਡ ਡਿਗਰੀ ਕਤਲ ਦੇ ਚਾਰਜ ਲਾਏ ਗਏ ਅਤੇ ਸੁਖਵਿੰਦਰ ਕੌਰ ਜੌਹਲ `ਤੇ ਹਮਲਾ ਕਰਨ ਲਈ ਇਰਾਦਾ ਕਤਲ ਦੇ ਚਾਰਜ ਲਾਏ ਗਏ। 17 ਸਤੰਬਰ 2010 ਨੂੰ 67 ਸਾਲਾ ਮਹਿੰਦਰ ਸਿੰਘ ਜੌਹਲ ਨੇ ਅਦਾਲਤ ਸਾਹਮਣੇ ਅਮਰਜੀਤ ਅਤੇ ਰਣਜੀਤ ਦੇ ਕਤਲਾਂ ਦੇ ਸੰਬੰਧ ਵਿੱਚ ਸੈਕਿੰਡ ਡਿਗਰੀ ਕਤਲ ਦੇ ਦੋਸ਼ਾਂ ਅਤੇ ਸੁਖਵਿੰਦਰ ਕੌਰ ਜੌਹਲ `ਤੇ ਹਮਲੇ ਦੇ ਸੰਬੰਧ ਵਿੱਚ ਇਰਾਦਾ ਕਤਲ ਦੇ ਦੋਸ਼ ਲਈ ਆਪਣੇ ਜੁਰਮਾਂ ਦਾ ਇਕਬਾਲ ਕਰ ਲਿਆ। ਨਤੀਜੇ ਵਜੋਂ ਜੱਜ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਇਹ ਸ਼ਰਤ ਲਾਈ ਕਿ ਉਹ 17 ਸਾਲ ਦੀ ਸਜ਼ਾ ਕੱਟਣ ਤੋਂ ਪਹਿਲਾਂ ਪੈਰੋਲ `ਤੇ ਬਾਹਰ ਨਹੀਂ ਆ ਸਕਦਾ।ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਦੀ ਮਾਨਯੋਗ ਜੱਜ ਮੈਡਮ ਜਸਟਿਸ ਐੱਲ ਸਮਿੱਥ ਨੇ ਇਸ ਕੇਸ ਵਿੱਚ ਸਜ਼ਾ ਸੁਣਾਉਂਦਿਆਂ ਇਸ ਕੇਸ ਦੇ ਪਿਛੋਕੜ ਬਾਰੇ ਇਹ ਜਾਣਕਾਰੀ ਦਿੱਤੀ ਹੈ: 68 ਸਾਲਾ ਮਹਿੰਦਰ ਸਿੰਘ ਜੌਹਲ 1975 ਵਿੱਚ ਕੈਨੇਡਾ ਆਇਆ ਸੀ ਅਤੇ ਉਸ ਨੇ ਆਪਣੀ ਸਾਰੀ ਜਿ਼ੰਦਗੀ ਇਕ ਟੈਕਸੀ ਡਰਾਈਵਰ ਜਾਂ ਟਰੱਕ ਡਰਾਈਵਰ ਵਜੋਂ ਕੰਮ ਕੀਤਾ ਹੈ। ਉਸ ਦਾ ਪਹਿਲਾ ਵਿਆਹ ਸੰਨ 1965 ਵਿੱਚ ਹੋਇਆ ਸੀ ਜਿਹੜਾ ਸੰਨ 1999 ਦੇ ਨੇੜੇ ਤੇੜੇ ਤਲਾਕ ਨਾਲ ਖਤਮ ਹੋ ਗਿਆ। ਇਸ ਵਿਆਹ ਤੋਂ ਉਸ ਦੇ ਤਿੰਨ ਬੱਚੇ ਹਨ, ਪਰ ਇਹਨਾਂ ਬੱਚਿਆਂ ਦੀ ਉਸ ਨਾਲ ਕੋਈ ਬੋਲਚਾਲ ਨਹੀਂ।ਸੰਨ 1999 ਵਿੱਚ ਉਸ ਨੇ ਆਪਣਾ ਦੂਸਰਾ ਵਿਆਹ ਆਪਣੇ ਭਰਾ ਦੀ ਵਿਧਵਾ ਨਾਲ ਕਰਾਇਆ, ਜਿਹੜੀ ਉਸ ਸਮੇਂ ਪੰਜਾਬ ਵਿੱਚ ਰਹਿ ਰਹੀ ਸੀ। ਜੌਹਲ ਵਲੋਂ ਸਪਾਂਸਰ ਕਰਨ `ਤੇ ਉਸ ਦੀ ਦੂਸਰੀ ਪਤਨੀ ਅਤੇ ਉਸ ਦੇ ਤਿੰਨ ਬੱਚੇ ਕੈਨੇਡਾ ਆ ਗਏ। ਕੈਨੇਡਾ ਆ ਕੇ ਉਸ ਦੀ ਦੂਸਰੀ ਪਤਨੀ ਬਹੁਤ ਜਲਦੀ ਉਸ ਨੂੰ ਛੱਡ ਗਈ ਕਿਉਂਕਿ ਉਸ ਦੇ ਜੌਹਲ ਦੇ ਛੋਟੇ ਭਰਾ ਨਾਲ ਸੰਬੰਧ ਸਨ।ਸੰਨ 2005 ਵਿੱਚ ਜੌਹਲ ਪੰਜਾਬ ਵਿੱਚ ਦੋਸਤਾਂ ਰਾਹੀਂ ਸੁਖਵਿੰਦਰ ਕੌਰ ਨੂੰ ਮਿਲਿਆ ਅਤੇ 24 ਅਕਤੂਬਰ 2005 ਵਿੱਚ ਉਸ ਨੇ ਸੁਖਵਿੰਦਰ ਕੌਰ ਨਾਲ ਵਿਆਹ ਕਰਵਾ ਲਿਆ। ਉਸ ਸਮੇਂ ਸੁਖਵਿੰਦਰ ਕੌਰ 30 ਕੁ ਸਾਲਾਂ ਦੀ ਵਿਧਵਾ ਸੀ ਅਤੇ ਉਸ ਦੇ ਦੋ ਪੁੱਤਰ ਸਨ। 7 ਸਤੰਬਰ 2008 ਵਿੱਚ ਸੁਖਵਿੰਦਰ ਕੌਰ ਅਤੇ ਉਸ ਦੇ ਦੋ ਪੁੱਤਰ, ਜੌਹਲ ਕੋਲ ਕੈਨੇਡਾ ਦੇ ਸਰੀ ਸ਼ਹਿਰ ਆ ਗਏ। ਜੌਹਲ ਨੇ ਅਦਾਲਤ ਨੂੰ ਦੱਸਿਆ ਕਿ ਕੈਨੇਡਾ ਆ ਕੇ ਸੁਖਵਿੰਦਰ ਕੌਰ ਨੇ ਮਹਿੰਦਰ ਸਿੰਘ ਜੌਹਲ ਨਾਲ ਇਕ ਪਤਨੀ ਦੇ ਤੌਰ `ਤੇ ਰਹਿਣ ਤੋਂ ਇਨਕਾਰ ਕਰ ਦਿੱਤਾ। ਇਸ ਕਰਕੇ ਜੌਹਲ ਨੂੰ ਬਹੁਤ ਨਿਰਾਸ਼ਾ ਹੋਈ ਅਤੇ ਗੁੱਸਾ ਆਇਆ ਅਤੇ ਉਸ ਨੇ ਮਹਿਸੂਸ ਕੀਤਾ ਕਿ ਉਸ ਦਾ ਫਾਇਦਾ ਉਠਾਇਆ ਗਿਆ ਹੈ ਅਤੇ ਉਸ ਨੂੰ ਵਰਤਿਆ ਗਿਆ ਹੈ। ਮਹਿੰਦਰ ਸਿੰਘ ਜੌਹਲ ਅਤੇ ਸੁਖਵਿੰਦਰ ਕੌਰ ਵੱਖਰੇ ਵੱਖਰੇ ਕਮਰਿਆਂ ਵਿੱਚ ਸੌਣ ਲੱਗੇ ਅਤੇ ਘਰ ਵਿੱਚ ਹਮੇਸ਼ਾਂ ਲੜਾਈ ਰਹਿਣ ਲੱਗੀ। 21 ਜੂਨ 2009 ਤੋਂ ਪਹਿਲਾਂ ਸੁਖਵਿੰਦਰ ਕੌਰ ਨੇ ਮਹਿੰਦਰ ਸਿੰਘ ਜੌਹਲ ਦਾ ਘਰ ਛੱਡ ਕੇ ਜਾਣ ਦਾ ਫੈਸਲਾ ਕਰ ਲਿਆ ਅਤੇ ਇਸ ਬਾਰੇ ਮਹਿੰਦਰ ਸਿੰਘ ਨੂੰ ਵੀ ਪਤਾ ਲੱਗ ਗਿਆ।ਕਤਲਾਂ ਦੀ ਵਾਰਦਾਤ ਵਾਲੇ ਦਿਨ ਜੌਹਲ ਨੇ ਉਸ ਦਿਨ ਜੋ ਕੁੱਝ ਵਾਪਰਿਆ ਉਸ ਸਭ ਕੁਝ ਨੂੰ ਇਕ ਆਡੀਓ ਟੇਪ ਉੱਤੇ ਰਿਕਾਰਡ ਕਰਨ ਦਾ ਯਤਨ ਕੀਤਾ ਅਤੇ ਇਹ ਟੇਪ ਅਦਾਲਤ ਵਿੱਚ ਪੇਸ਼ ਕੀਤੀ ਗਈ। ਇਸ ਟੇਪ ਦੇ ਸ਼ੁਰੂ ਵਿੱਚ ਜੌਹਲ ਕੁਝ ਇਸ ਤਰ੍ਹਾਂ ਕਹਿੰਦਾ ਹੈ, “ਮੇਰਿਆ ਰੱਬਾ ਮੈਨੂੰ ਮਾਫ ਕਰੀਂ। ਮੈਂ ਇਸ ਤਰ੍ਹਾਂ ਦੀ ਜਿ਼ੰਦਗੀ ਨੌਂ ਮਹੀਨਿਆਂ ਤੋਂ ਜੀਅ ਰਿਹਾ ਹਾਂ। ... ਅੱਜ ਮੈਂ ਆਪਣਾ ਰਾਹ ਆਪ ਚੁਣ ਰਿਹਾ ਹਾਂ। ਮੈਨੂੰ ਮਾਫ ਕਰੀਂ…ਮੈਂ ਇਹ ਕਦਮ ਆਪਣੇ ਆਪ ਚੁੱਕ ਰਿਹਾ ਹਾਂ। ਇਸ ਔਰਤ ਨੇ ਮੈਨੂੰ ਬਹੁਤ ਤੰਗ ਕੀਤਾ ਹੈ। ਪਹਿਲਾਂ ਕਦੇ ਵੀ ਇਸ ਤ੍ਹਰਾਂ ਦੇ ਸਮੇਂ ਵਿੱਚ ਦੀ ਨਹੀਂ ਲੰਘਿਆ। ਇਸ ਤੋਂ ਬਿਨਾਂ ਮੈਨੂੰ ਹੋਰ ਕਿਸੇ ਰਾਹ ਦਾ ਪਤਾ ਨਹੀਂ। ਇਸ ਲਈ ਮੈਨੂੰ ਮਾਫ ਕਰੀਂ…।ਅੱਜ... ਮੈਨੂੰ ਪਤਾ ਨਹੀਂ ਕਿ ਮੈਂ ਕੀ ਕਰ ਰਿਹਾ ਹਾਂ ਜਾਂ ਮੈਂ ਕੀ ਕਰਨ ਲੱਗਾ ਹਾਂ। ਮੈਂ ਆਪਣੀ ਜਿ਼ੰਦਗੀ ਵਿੱਚ ਕਦੇ ਵੀ ਏਨੀ ਸਟਰੈੱਸ ਵਿੱਚ ਨਹੀਂ ਰਿਹਾ ਜਿੰਨਾ ਪਿਛਲੇ 9-10 ਮਹੀਨਿਆਂ ਵਿੱਚ ਰਿਹਾ ਹਾਂ… ਇਸ ਔਰਤ ਨੇ ਮੈਨੂੰ ਏਨਾ ਨੁੱਕਰੇ ਲਾ ਦਿੱਤਾ ਹੈ... ਮੈਂ ਇਹਨਾਂ ਨੂੰ ਇੱਥੇ ਲਿਆਂਦਾ ਅਤੇ ਉਹਨਾਂ `ਤੇ ਏਨਾ ਪੈਸਾ ਖਰਚ ਕੀਤਾ। ਮੈਂ ਉਹਨਾਂ ਦਾ ਸਤਿਕਾਰ ਕੀਤਾ। ਮੈਂ ਉਹਨੂੰ ਇੱਥੇ ਰੱਖਿਆ। ਮੈਂ ਉਹਨਾਂ ਨੂੰ ਹਰ ਚੀਜ਼ ਦੇਣ ਦੀ ਕੋਸਿ਼ਸ਼ ਕੀਤੀ, ਇਕ ਚੰਗੀ ਅਤੇ ਖੁਸ਼ੀ ਭਰੀ ਜਿ਼ੰਦਗੀ। ਕੱਲ੍ਹ ਉਸ ਨੇ ਮੈਨੂੰ ਮਾਂ-ਭੈਣ ਦੀਆਂ ਗਾਲ੍ਹਾਂ ਕੱਢੀਆਂ ਅਤੇ ਮੈਨੂੰ ਧਮਕੀ ਦਿੱਤੀ ਕਿ ਮੈਂ ਜੋ ਕੁਝ ਕਰਨਾ ਕਰ ਲਵਾਂ। ਇਸ ਲਈ ਅੱਜ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਮੈਂ ਕਾਉਂਸਲਿੰਗ `ਤੇ ਜਾਣ ਦੀ ਕੋਸਿ਼ਸ਼ ਕੀਤੀ। ਪਰ ਮੈਂ ਕਰ ਨਹੀਂ ਸਕਿਆ। ਇਸ ਕਰਕੇ ਤੂੰ ਮੈਨੂੰ ਇਹ ਕਰਨ ਲਈ ਮਜ਼ਬੂਰ ਕੀਤਾ ਹੈ... ਸਰਕਾਰ ਨੂੰ ਕਾਨੂੰਨ ਬਦਲਣੇ ਪੈਣਗੇ।”ਮੈਡਮ ਜਸਟਿਸ ਅਨੁਸਾਰ, ਬਾਅਦ ਦੀ ਰਿਕਾਰਡਿੰਗ ਤੋਂ ਇਸ ਤਰ੍ਹਾਂ ਪਤਾ ਲੱਗਦਾ ਹੈ ਕਿ ਜੌਹਲ ਨੇ ਪਹਿਲਾਂ ਅਮਰਜੀਤ ਗਿੱਲ ਦੇ ਗੋਲੀ ਮਾਰੀ ਜੋ ਕਿ ਇਕੱਲਾ ਆਪਣੇ ਕਮਰੇ ਵਿੱਚ ਸੌਂ ਰਿਹਾ ਸੀ। ਉਸ ਤੋਂ ਕੁਝ ਸਕਿੰਟਾਂ ਬਾਅਦ ਰਣਜੀਤ ਦੇ ਗੋਲੀ ਮਾਰੀ ਜੋ ਕਿ ਆਪਣੀ ਮਾਂ ਸੁਖਵਿੰਦਰ ਕੌਰ ਦੇ ਨਾਲ ਵੱਖਰੇ ਕਮਰੇ ਵਿੱਚ ਸੀ।ਪੁਲੀਸ ਨੂੰ ਦਿੱਤੇ ਬਿਆਨ ਵਿੱਚ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਨੂੰ ਨਾਲ ਦੇ ਕਮਰੇ ਵਿੱਚ ਹੋਏ ਖੜਾਕ ਨਾਲ ਜਾਗ ਆ ਗਈ ਅਤੇ ਜਦੋਂ ਉਹ ਅਤੇ ਰਣਜੀਤ ਮੰਜੇ ਤੋਂ ਉੱਠ ਰਹੇ ਸਨ, ਉਸ ਸਮੇਂ ਜੌਹਲ ਉਹਨਾਂ ਦੇ ਕਮਰੇ ਵਿੱਚ ਆਇਆ ਅਤੇ ਉਸ ਨੇ ਰਣਜੀਤ ਦੇ ਗੋਲੀ ਮਾਰ ਦਿੱਤੀ। ਰਣਜੀਤ ਨੂੰ ਗੋਲੀ ਮਾਰਨ ਬਾਅਦ ਜੌਹਲ ਸੁਖਵਿੰਦਰ ਨੂੰ ਰਫਲ ਨਾਲ ਕੁੱਟਣ ਲੱਗਾ।ਜੱਜ ਅਨੁਸਾਰ ਟੇਪ ਦੀ ਰਿਕਾਰਡਿੰਗ ਤੋਂ ਪਤਾ ਲੱਗਦਾ ਹੈ ਕਿ ਜੌਹਲ ਸੁਖਵਿੰਦਰ ਕੌਰ ਨੂੰ 20 ਮਿਨਟਾਂ ਤੱਕ ਰਫਲ ਨਾਲ ਕੁੱਟਦਾ ਰਿਹਾ, ਜਿਸ ਨਾਲ ਉਸ ਦਾ ਸਿਰ ਪਾਟ ਗਿਆ। ਫਿਰ ਜੌਹਲ ਨੇ ਸੁਖਵਿੰਦਰ ਦੀ ਗਰਦਨ `ਤੇ ਚਾਕੂ ਨਾਲ ਵਾਰ ਕੀਤੇ। ਇਸ ਸਾਰੀ ਵਾਰਦਾਤ ਦੌਰਾਨ ਦੋਹਾਂ ਮੁੰਡਿਆਂ ਦੀ ਥਾਂ `ਤੇ ਹੀ ਮੌਤ ਹੋ ਗਈ ਅਤੇ ਸੁਖਵਿੰਦਰ ਦੇ ਸਿਰ ਅਤੇ ਗਰਦਨ `ਤੇ ਗੰਭੀਰ ਸੱਟਾਂ ਲੱਗੀਆਂ। ਇਸ ਹਮਲੇ ਕਾਰਨ ਸੁਖਵਿੰਦਰ ਨੂੰ ਬੋਲਣ ਅਤੇ ਖਾਣ ਵਿੱਚ ਮੁਸ਼ਕਿਲ ਆਉਣ ਲੱਗੀ ਹੈ।ਅਦਾਲਤ ਨੂੰ ਦਿੱਤੇ ਬਿਆਨ ਵਿੱਚ ਸੁਖਵਿੰਦਰ ਨੇ ਕਿਹਾ ਕਿ ਉਸ ਦੇ ਬੱਚਿਆਂ ਦੀ ਮੌਤ ਨਾਲ ਉਸ ਕੋਲੋਂ ਉਸ ਦੇ ਜੀਉਣ ਦਾ ਮਕਸਦ ਖੋਹ ਲਿਆ ਗਿਆ ਹੈ।ਮਹਿੰਦਰ ਸਿੰਘ ਜੌਹਲ ਦੇ ਵਕੀਲ ਨੇ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਕਿ ਜੌਹਲ ਨੂੰ ਪਹਿਲੇ ਦੋ ਵਿਆਹਾਂ ਵਿੱਚ ਕੌੜਾ ਤਜਰਬਾ ਹੋਇਆ ਸੀ ਅਤੇ ਜਦੋਂ ਉਹ ਇਹ ਵਿਸ਼ਵਾਸ ਕਰਨ ਲੱਗਾ ਕਿ ਇਕ ਵਾਰ ਫਿਰ ਉਸ ਦੀ ਤੀਸਰੀ ਪਤਨੀ ਨੇ ਉਸ ਨੂੰ ਧੋਖਾ ਦਿੱਤਾ ਹੈ ਅਤੇ ਉਸ ਦਾ ਫਾਇਦਾ ਉਠਾਇਆ ਹੈ। ਵਕੀਲ ਨੇ ਕਿਹਾ ਕਿ ਕਿ ਇਹ ਹਾਲਤਾਂ ਜੌਹਲ ਦੇ ਵਰਤਾਅ ਨੂੰ ਠੀਕ ਨਹੀਂ ਠਹਿਰਾਉਂਦੀਆਂ ਪਰ ਸ਼ਾਇਦ ਇਸ ਗੱਲ ਵਿੱਚ ਸਹਾਈ ਹੋਣ ਕਿ ਇਹ ਸਭ ਕੁਝ ਕਿਉਂ ਵਾਪਰਿਆ। ਉਸ ਨੇ ਅਗਾਂਹ ਕਿਹਾ ਕਿ ਇਸ ਕੇਸ ਵਿੱਚ ਅਜਿਹੀ ਕੋਈ ਗਵਾਹੀ ਨਹੀਂ, ਜੋ ਦਸਦੀ ਹੋਵੇ ਕਿ ਇਹ ਕਤਲ ਅਤੇ ਕਾਤਲਾਨਾ ਹਮਲਾ ਸੋਚ ਸਮਝ ਕੇ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਹੈ। ਇਹ ਸਭ ਕੁਝ ਨਿਰਾਸ਼ਾ ਵਿੱਚ ਘਿਰੇ ਇਕ ਵਿਅਕਤੀ ਵਲੋਂ ਬਿਨਾਂ ਸੋਚੇ ਸਮਝੇ ਹੋ ਗਿਆ ਜੁਰਮ ਹੈ।ਮਹਿੰਦਰ ਸਿੰਘ ਜੌਹਲ ਨੂੰ ਸਜ਼ਾ ਸੁਣਾਉਂਦੇ ਵਕਤ ਜੱਜ ਨੇ ਜੌਹਲ ਦੇ ਵਕੀਲ ਦੀ ਦਲੀਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਫੈਸਲੇ ਵਿੱਚ ਲਿਖਿਆ ਕਿ ਸੁਖਵਿੰਦਰ ਕੌਰ ਨੇ ਜੌਹਲ ਨਾਲ ਜੋ ਕੁੱਝ ਵੀ ਕੀਤਾ ੳਹ ਸਭ ਕੁੱਝ ਜੌਹਲ ਵਲੋਂ ਸੁਖਵਿੰਦਰ ਉੱਤੇ ਕੀਤੇ ਹਮਲੇ ਨੂੰ ਠੀਕ ਨਹੀਂ ਠਹਿਰਾਉਂਦਾ ਅਤੇ ਇਸ ਸਭ ਕੁਝ ਦਾ ਦੋ ਮੁੰਡਿਆਂ ਦੇ ਕਤਲਾਂ ਨਾਲ ਕੋਈ ਸੰਬੰਧ ਨਹੀਂ।27 ਅਪ੍ਰੈਲ 2009ਇਸ ਦਿਨ ਸ਼ਾਮ ਦੇ ਸਾਢੇ ਕੁ ਸੱਤ ਵਜੇ ਐਬਟਸਫੋਰਡ ਨਿਵਾਸੀ 42 ਸਾਲਾ ਕੁਲਵਿੰਦਰ ਕੌਰ ਗਿੱਲ ਅਤੇ ਉਸ ਦਾ 45 ਸਾਲਾ ਪਤੀ ਇਕਬਾਲ ਗਿੱਲ ਸੜਕ `ਤੇ ਸੈਰ ਕਰ ਰਹੇ ਸਨ। ਇਸ ਸਮੇਂ ਇਕ ਪਿੱਕ ਅੱਪ ਟਰੱਕ ਨੇ ਪਿੱਛਿਉਂ ਆ ਕੇ ਕੁਲਵਿੰਦਰ ਕੌਰ ਗਿੱਲ ਵਿੱਚ ਟੱਕਰ ਮਾਰੀ ਅਤੇ ਡਰਾਈਵਰ ਹਾਦਸੇ ਵਾਲੀ ਥਾਂ `ਤੇ ਰੁਕੇ ਬਿਨਾਂ ਦੌੜ ਗਿਆ। ਟੱਕਰ ਕਾਰਨ ਕੁਲਵਿੰਦਰ ਕੌਰ ਗਿੱਲ ਸੜਕ ਨਾਲ ਪਾਣੀ ਦੀ ਭਰੀ ਖਾਈ ਵਿਚ ਡਿਗ ਪਈ ਅਤੇ ਉਸ ਦੀ ਥਾਂ `ਤੇ ਹੀ ਮੌਤ ਹੋ ਗਈ। ਜਦੋਂ ਪੁਲੀਸ ਹਾਦਸੇ ਵਾਲੀ ਥਾਂ `ਤੇ ਪਹੁੰਚੀ ਤਾਂ ਕੁਲਵਿੰਦਰ ਦਾ ਪਤੀ ਇਕਬਾਲ ਉੱਥੇ ਪੁਲੀਸ ਦੀ ਉਡੀਕ ਕਰ ਰਿਹਾ ਸੀ। ਥੋੜ੍ਹੀ ਦੇਰ ਬਾਅਦ ਪੁਲੀਸ ਨੂੰ ਥੋੜ੍ਹੀ ਹੀ ਦੂਰੀ `ਤੇ ਸ਼ੱਕੀ ਪਿਕ ਅੱਪ ਟਰੱਕ ਮਿਲ ਗਿਆ ਪਰ ਡਰਾਈਵਰ ਦਾ ਕੋਈ ਪਤਾ ਨਾ ਲੱਗਾ।ਸਰਾਸਰੀ ਨਜ਼ਰ ਦੇਖਿਆਂ ਇਹ ਹਾਦਸਾ ਹਿੱਟ ਐਂਡ ਰੰਨ (ਹਾਦਸਾ ਕਰ ਕੇ ਦੌੜ ਜਾਣ) ਦਾ ਲੱਗਦਾ ਸੀ। ਪਰ ਕਿਸੇ ਕਾਰਨ ਪੁਲੀਸ ਨੂੰ ਸ਼ੱਕ ਪੈ ਗਈ ਅਤੇ ਉਹਨਾਂ ਇਸ ਕੇਸ ਦੀ ਪੈਰਵਾਈ ਜਾਰੀ ਰੱਖੀ। ਅਖੀਰ 4 ਸਾਲਾਂ ਦੀ ਲੰਮੀ ਜਾਂਚ ਤੋਂ ਬਾਅਦ ਪੁਲੀਸ ਇਸ ਨਤੀਜੇ `ਤੇ ਪਹੁੰਚੀ ਕਿ ਇਹ ਹਾਦਸਾ ਕਰਵਾਉਣ ਪਿੱਛੇ ਕੁਲਵਿੰਦਰ ਦੇ ਪਤੀ ਇਕਬਾਲ ਗਿੱਲ ਦਾ ਹੱਥ ਹੈ ਅਤੇ ਉਹਨਾਂ ਨੇ ਅਪ੍ਰੈਲ 2013 ਵਿੱਚ ਇਕਬਾਲ ਗਿੱਲ `ਤੇ ਫਸਟ ਡਿਗਰੀ ਕਤਲ ਦੇ ਦੋਸ਼ ਲਾ ਕੇ ਗ੍ਰਿਫਤਾਰ ਕਰ ਲਿਆ। ਇਕਬਾਲ ਦੇ ਨਾਲ ਨਾਲ ਪੁਲੀਸ ਨੇ ਇਸ ਕੇਸ ਵਿੱਚ ਐਬਟਸਫੋਰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਅਟਵਾਲ ਅਤੇ ਸਰੀ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਸੋਹੀ ਨੂੰ ਵੀ ਫਸਟ ਡਿਗਰੀ ਕਤਲ ਦੇ ਦੋਸ਼ ਅਧੀਨ ਗ੍ਰਿਫਤਾਰ ਕਰ ਲਿਆ। ਇਹ ਦੋਸ਼ ਲੱਗਣ ਤੋਂ ਪਹਿਲਾਂ ਇਕਬਾਲ ਗਿੱਲ ਨਸਿ਼ਆਂ ਦੀ ਤਸਕਰੀ ਦੇ ਸੰਬੰਧ ਵਿੱਚ ਵੀ ਕਈ ਦੋਸ਼ਾਂ ਦਾ ਵੀ ਸਾਹਮਣਾ ਕਰ ਰਿਹਾ ਸੀ। ਮਾਰਚ 2009ਪੰਜਾਬ ਪੁਲੀਸ ਨੇ ਵੈਨਕੂਵਰ ਦੇ ਟਰੱਕ ਡਰਾਈਵਰ ਮਨਜੀਤ ਸਿੰਘ ਬਦਿਆਲ ਨੂੰ ਇਸ ਦੋਸ਼ ਅਧੀਨ ਗ੍ਰਿਫਤਾਰ ਕਰ ਲਿਆ ਕਿ ਉਸ ਨੇ ਆਪਣੀ ਪਤਨੀ ਕੁਲਦੀਪ ਕੌਰ ਬਦਿਆਲ ਦਾ ਸੁਪਾਰੀ ਦੇ ਕੇ ਕਤਲ ਕਰਵਾਇਆ ਹੈ। ਮਨਜੀਤ ਅਤੇ ਕੁਲਦੀਪ ਦੇ ਵਿਆਹ ਹੋਏ ਨੂੰ 10 ਸਾਲ ਹੋ ਚੁੱਕੇ ਸਨ ਅਤੇ ਉਹਨਾਂ ਦੇ ਦੋ ਪੁੱਤਰ ਸਨ। ਜਨਵਰੀ 2009 ਵਿੱਚ ਇਹ ਪਰਿਵਾਰ ਆਪਣੀ ਪੰਜਾਬ ਫੇਰੀ `ਤੇ ਆਇਆ ਸੀ। ਇਸ ਕਤਲ ਦੇ ਸੰਬੰਧ ਵਿੱਚ ਮਨਜੀਤ ਸਿੰਘ ਦੇ ਨਾਲ ਨਾਲ ਉਸ ਦੇ ਭਰਾ ਚਰਨਜੀਤ ਸਿੰਘ, ਜੋ ਸਥਾਨਕ ਪੱਧਰ ਦਾ ਸਿਆਸਤਦਾਨ ਸੀ ਅਤੇ ਇਕ ਬੇਰੁਜ਼ਗਾਰ ਨੌਜਵਾਨ ਸਤਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੁਲਦੀਪ ਦਾ ਕਤਲ ਬਹੁਤ ਥੋੜ੍ਹੀ ਵਿੱਥ ਤੋਂ ਉਸ ਦੀ ਛਾਤੀ ਵਿੱਚ ਗੋਲੀ ਮਾਰ ਕੇ ਕੀਤਾ ਗਿਆ। ਇਹ ਕਤਲ ਪਿੰਡ ਲੇਹਲੀ ਖੁਰਦ, ਜਿ਼ਲ੍ਹਾ ਹੁਸਿ਼ਆਰਪੁਰ ਵਿੱਚ ਹੋਇਆ। ਪੁਲੀਸ ਸੂਤਰਾਂ ਅਨੁਸਾਰ ਮਨਜੀਤ ਸਿੰਘ ਦੇ ਕੈਨੇਡਾ ਵਿੱਚ ਇਕ ਹੋਰ ਔਰਤ ਨਾਲ ਸੰਬੰਧ ਸਨ ਅਤੇ ਉਹ ਕੁਲਦੀਪ ਦਾ ਕਤਲ ਕਰਵਾ ਕੇ ਉਸ ਔਰਤ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਇਸ ਦੇ ਨਾਲ ਨਾਲ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਕੈਨੇਡਾ ਤੋਂ ਪੰਜਾਬ ਜਾਣ ਤੋਂ ਪਹਿਲਾਂ ਉਸ ਨੇ ਆਪਣੀ ਪਤਨੀ ਦੀ 4 ਲੱਖ ਡਾਲਰ ਦੀ ਇੰਸ਼ੋਰੈਂਸ ਵੀ ਕਰਵਾਈ ਸੀ। ਇਸ ਲਈ ਇਸ ਕਤਲ ਦਾ ਇਕ ਹੋਰ ਮਕਸਦ ਇਸ ਇੰਸ਼ੋਰੈਂਸ ਤੋਂ ਮਿਲਣ ਵਾਲੇ ਪੈਸੇ ਪ੍ਰਾਪਤ ਕਰਨਾ ਵੀ ਸੀ ਜਿਹੜੇ ਮਨਜੀਤ ਨੇ ਆਪਣੇ ਭਰਾ ਨਾਲ ਸਾਂਝੇ ਕਰਨੇ ਸਨ। ਜੂਨ 2012 ਵਿੱਚ ਪੰਜਾਬ ਵਿੱਚ ਅਦਾਲਤ ਨੇ ਮਨਜੀਤ ਸਿੰਘ ਬਦਿਆਲ ਨੂੰ ਇਸ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਵਾਈ। 1 ਜਨਵਰੀ 2009ਓਨਟੇਰੀਓ ਸੂਬੇ ਦੇ ਸ਼ਹਿਰ ਮਾਲਟਨ ਦੇ ਇਕ ਗਰੌਸਰੀ ਸਟੋਰ ‘ਏਅਰਪੋਰਟ ਫੂਡਜ਼’ ਦੀ ਬੇਸਮੈਂਟ ਦੇ ਵਾਸ਼ਰੂਮ ਵਿੱਚੋਂ 22 ਸਾਲਾ ਅਮਨਦੀਪ ਕੌਰ ਢਿੱਲੋਂ ਦੀ ਲਾਸ਼ ਮਿਲੀ। ਅਮਨਦੀਪ ਨੂੰ ‘ਏਅਰਪੋਰਟ ਫੂਡਜ਼ ਦੇ ਮਾਲਕ ਅਤੇ ਅਮਨਦੀਪ ਦੇ 47 ਸਾਲਾ ਸਹੁਰੇ ਕਮਿੱਕਰ ਸਿੰਘ ਢਿੱਲੋਂ ਨੇ ਚਾਕੂ ਮਾਰ ਮਾਰ ਕਤਲ ਕਰ ਦਿੱਤਾ ਸੀ।ਨਵੰਬਰ 2005 ਵਿੱਚ ਅਮਨਦੀਪ ਦਾ ਵਿਆਹ ਕੈਨੇਡਾ ਤੋਂ ਹਿੰਦੁਸਤਾਨ ਗਏ 26 ਸਾਲਾ ਗੁਰਜਿੰਦਰ ਸਿੰਘ ਢਿੱਲੋਂ (ਕਮਿੱਕਰ ਸਿੰਘ ਢਿੱਲੋਂ ਦੇ ਪੁੱਤਰ) ਨਾਲ ਹੋਇਆ ਸੀ। ਉਸ ਸਮੇਂ ਉਹ 18 ਕੁ ਸਾਲਾਂ ਦੀ ਸੀ ਅਤੇ ਪੰਜਾਬ ਵਿੱਚ ਇਕ ਕਾਲਜ ਵਿੱਚ ਪੜ੍ਹਦੀ ਸੀ। ਮਾਰਚ 2006 ਵਿੱਚ ਉਹ ਆਪਣੇ ਪਤੀ ਕੋਲ ਕੈਨੇਡਾ ਆ ਗਈ ਅਤੇ ਮਾਰਚ 2007 ਵਿੱਚ ਉਸ ਦੇ ਇਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਮਨਮੋਹਨ ਰੱਖਿਆ ਗਿਆ। ਜਨਵਰੀ 2008 ਵਿੱਚ ਮਨਮੋਹਨ ਨੂੰ ਉਸ ਦੇ ਨਾਨਕਿਆਂ ਕੋਲ ਹਿੰਦੁਸਤਾਨ ਭੇਜ ਦਿੱਤਾ ਗਿਆ। ਉਸ ਸਮੇਂ ਉਹ ਅਜੇ 10 ਮਹੀਨਿਆਂ ਦਾ ਹੀ ਸੀਕੈਨੇਡਾ ਵਿੱਚ ਅਮਨਦੀਪ ਦੀ ਵਿਆਹੁਤਾ ਜਿ਼ੰਦਗੀ ਬਹੁਤੀ ਸੌਖੀ ਨਹੀਂ ਸੀ। ਸਹੁਰੇ ਅਤੇ ਪਤੀ ਵਲੋਂ ਉਸ `ਤੇ ਪੂਰਾ ਕੰਟਰੋਲ ਰੱਖਿਆ ਜਾਂਦਾ ਸੀ। ਉਸ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨਾਲ ਮਿਲਣ ਨਾ ਦਿੱਤਾ ਜਾਂਦਾ। ਜੇ ਉਹ ਘਰ ਤੋਂ ਕਿਸੇ ਨੂੰ ਫੋਨ ਵੀ ਕਰਦੀ ਤਾਂ ਉਸ ਦੇ ਫੋਨ ਨੂੰ ਸਪੀਕਰ ਫੋਨ `ਤੇ ਕਰਕੇ ਜਾਂ ਦੂਜੀ ਐਕਸਟੈਨਸ਼ਨ ਲਾਈਨ ਤੋਂ ਸੁਣਿਆ ਜਾਂਦਾ। ਸਹੁਰਾ ਪਰਿਵਾਰ ਉਸ ਦੇ ਮਾਪਿਆਂ ਤੋਂ ਹਮੇਸ਼ਾਂ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ। ਵੱਖ ਵੱਖ ਰਿਪੋਰਟਾਂ ਅਨੁਸਾਰ ਉਸ ਦੇ ਵਿਆਹ ਵਿੱਚ ਉਸ ਦੇ ਘਰਦਿਆਂ ਨੇ 50-60 ਹਜ਼ਾਰ ਡਾਲਰ ਤੱਕ ਦਾ ਦਾਜ ਦਿੱਤਾ ਸੀ। ਬਾਅਦ ਵਿੱਚ ਅਮਨਦੀਪ ਨੂੰ ਕੈਨੇਡਾ ਮੰਗਵਾਉਣ ਲਈ ਸਪਾਂਸਰ ਕਰਨ ਸਮੇਂ ਇਹ ਕਿਹਾ ਗਿਆ ਕਿ ਉਸ ਦੇ ਪੇਪਰ ਤਾਂ ਹੀ ਭਰੇ ਜਾਣਗੇ ਜੇ ਅਮਨਦੀਪ ਦੇ ਮਾਪੇ ਉਸ ਦੇ ਸਹੁਰਿਆਂ ਨੂੰ ਇਕ ਲੱਖ ਰੁਪਏ ਹੋਰ ਦੇਣਗੇ। ਇਹ ਪੈਸੇ ਅਮਨਦੀਪ ਦੇ ਘਰਦਿਆਂ ਨੇ ਉਸ ਦੇ ਸਹੁਰਿਆਂ ਨੂੰ ਦਿੱਤੇ।ਕੈਨੇਡਾ ਆ ਕੇ ਪਹਿਲਾਂ ਉਹ ਇਕ ਫੈਕਟਰੀ ਵਿੱਚ ਕੰਮ ਕਰਨ ਲੱਗੀ ਅਤੇ ਬਾਅਦ ਵਿੱਚ ਜਦੋਂ ਉਸ ਦੇ ਸਹੁਰੇ ਪਰਿਵਾਰ ਨੇ ਗਰੋਸਰੀ ਸਟੋਰ ਖ੍ਰੀਦ ਲਿਆ ਤਾਂ ਉਹ ਆਪਣੇ ਸਹੁਰੇ ਨਾਲ ਇਸ ਸਟੋਰ ਵਿੱਚ ਕੰਮ ਕਰਨ ਲੱਗੀ। ਮਾਲਟਨ ਵਿੱਚ ਰਹਿੰਦੇ ਉਸ ਦੇ ਗੁਆਂਢੀਆਂ ਅਨੁਸਾਰ ਉਹ ਇਕ ਮਿਲਣਸਾਰ ਪਰ ਚੁੱਪ ਰਹਿਣ ਵਾਲੀ ਕੁੜੀ ਸੀ। ਉਹ ਹਰ ਰੋਜ਼ ਸਵੇਰੇ 7 ਵਜੇ ਤੋਂ ਵੀ ਪਹਿਲਾਂ ਆਪਣੇ ਸਹੁਰੇ ਨਾਲ ਕੰਮ ਲਈ ਘਰੋਂ ਨਿਕਲ ਜਾਂਦੀ ਸੀ। ਉਸ ਦੇ ਸਹੁਰੇ ਪਰਿਵਾਰ ਦੇ ਗਰੌਸਰੀ ਸਟੋਰ ਨਾਲ ਦੇ ਕੁਝ ਦੁਕਾਨ ਮਾਲਕਾਂ ਦਾ ਕਹਿਣਾ ਹੈ ਕਿ ਉਹ ਸਖਤ ਮਿਹਨਤ ਕਰਨ ਵਾਲੀ ਕੁੜੀ ਸੀ।ਅਮਨਦੀਪ ਦੇ ਕਤਲ ਤੋਂ ਬਾਅਦ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਕਮਿੱਕਰ ਸਿੰਘ ਢਿੱਲੋਂ ਨੇ ਕਿਹਾ ਕਿ ਉਸ ਨੇ ਅਮਨਦੀਪ ਦਾ ਕਤਲ ਤਾਂ ਕੀਤਾ ਕਿਉਂਕਿ ਉਸ ਨੂੰ ਵਿਸ਼ਵਾਸ ਸੀ ਕਿ ਅਮਨਦੀਪ ਦੇ ਕਿਸੇ ਹੋਰ ਬੰਦੇ ਨਾਲ ਸੰਬੰਧ ਸਨ ਅਤੇ ਉਹ ਉਸ ਦੇ ਮੁੰਡੇ ਨੂੰ ਛੱਡ ਕੇ ਚਲੀ ਜਾਵੇਗੀ ਅਤੇ ਇਸ ਨਾਲ ਪਰਿਵਾਰ ਦੀ ਬੇਇਜ਼ਤੀ ਹੋਵੇਗੀ। ਕਮਿੱਕਰ ਸਿੰਘ ਅਨੁਸਾਰ ਉਸ ਨੇ ਜੋ ਕੀਤਾ ਹੈ, ਉਹ ਠੀਕ ਕੀਤਾ ਹੈ ਅਤੇ ਆਪਣੇ ਪਰਿਵਾਰ ਦੀ ਇੱਜ਼ਤ ਬਚਾਉਣ ਲਈ ਕੀਤਾ ਹੈ। ਪਰ ਇਸ ਕੇਸ ਦੀ ਜਾਂਚ ਕਰਨ ਵਾਲੇ ਅਧਿਕਾਰੀਆਂ ਨੇ ਅਦਾਲਤ ਸਾਹਮਣੇ ਕਮਿੱਕਰ ਸਿੰਘ ਦੇ ਦਾਅਵੇ ਨੂੰ ਬੇਸਿਰ ਪੈਰ ਦੱਸਿਆ। ਉਹਨਾਂ ਅਨੁਸਾਰ ਜਾਂਚ ਦੌਰਾਨ ਅਜਿਹਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਜੋ ਇਹ ਦਰਸਾਉਂਦਾ ਹੋਵੇ ਕਿ ਅਮਨਦੀਪ ਦੇ ਕਿਸੇ ਹੋਰ ਆਦਮੀ ਨਾਲ ਸੰਬੰਧ ਸਨ। ਅਮਨਦੀਪ ਦੇ ਪਰਿਵਾਰ ਦੇ ਮੈਂਬਰਾਂ ਨੇ ਵੀ ਕਮਿੱਕਰ ਸਿੰਘ ਦੇ ਇਲਜ਼ਾਮਾਂ ਨੂੰ ਬਿਲਕੁਲ ਝੂਠ ਕਰਾਰ ਦਿੱਤਾ। ਉਹਨਾਂ ਅਨੁਸਾਰ ਅਮਨਦੀਪ ਦਾ ਸਹੁਰਾ ਅਤੇ ਪਤੀ ਉਸ ਨੂੰ ਕਦੇ ਵੀ ਆਪਣੀਆਂ ਅੱਖਾਂ ਤੋਂ ਉਹਲੇ ਨਹੀਂ ਸਨ ਹੋਣ ਦਿੰਦੇ, ਇਸ ਲਈ ਉਸ ਦਾ ਕਿਸੇ ਹੋਰ ਵਿਅਕਤੀ ਨਾਲ ਸੰਬੰਧ ਹੋਣਾ ਬਿਲਕੁਲ ਹੀ ਸੰਭਵ ਨਹੀਂ ਹੈ।ਆਪਣੇ ਨਾਲ ਹੁੰਦੀ ਬਦਸਲੂਕੀ ਬਾਰੇ ਅਮਨਦੀਪ ਦੂਸਰੇ ਲੋਕਾਂ ਨਾਲ ਬਹੁਤ ਘੱਟ ਗੱਲ ਕਰਦੀ ਸੀ। ਉਹ ਆਪਣੇ ਪੇਕੇ ਪਰਿਵਾਰ ਨੂੰ ਸਪਾਂਸਰ ਕਰਕੇ ਕੈਨੇਡਾ ਮੰਗਵਾਉਣੀ ਚਾਹੁੰਦੀ ਸੀ। ਇਸ ਲਈ ਉਸ ਨੇ ਆਪਣੀ ਹਾਲਤ ਬਾਰੇ ਪੁਲੀਸ ਕੋਲ ਵੀ ਗੱਲ ਨਹੀਂ ਕੀਤੀ। ਉਸ ਦੀ ਇਕ ਰਿਸ਼ਤੇਦਾਰ ਅਨੁਸਾਰ, ਅਮਨਦੀਪ ਸੋਚਦੀ ਸੀ ਕਿ ‘ਮੇਰੇ ਮਾਪਿਆਂ ਨੇ ਏਨਾ ਪੈਸਾ ਖਰਚ ਕੀਤਾ ਹੈ। ਜੇ ਸਾਡਾ ਤਲਾਕ ਹੋ ਗਿਆ ਤਾਂ ਉਹ ਸਾਰਾ ਅੰਜ਼ਾਈ ਚਲਾ ਜਾਵੇਗਾ।’ ਜੂਨ 2010 ਵਿੱਚ ਕਮਿੱਕਰ ਸਿੰਘ ਢਿੱਲੋਂ ਨੇ ਅਦਾਲਤ ਸਾਹਮਣੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਸ਼ਰਤ ਲਾਈ ਕਿ ਉਹ 15 ਸਾਲਾਂ ਦੀ ਸਜ਼ਾ ਕੱਟਣ ਤੋਂ ਪਹਿਲਾਂ ਪੈਰੋਲ `ਤੇ ਬਾਹਰ ਨਹੀਂ ਆ ਸਕਦਾ। ਉਸ ਨੂੰ ਸਜ਼ਾ ਸੁਣਾਉਂਦਿਆਂ ਜੱਜ ਬਰੂਸ ਬਰੂਨੋ ਨੇ ਕਿਹਾ, “ ਆਪਣੀ ਪ੍ਰੇਰਨਾ ਅਤੇ ਆਪਣੇ ਕਾਰਿਆਂ ਨੂੰ ਠੀਕ ਦੱਸਣ ਦੇ ਮਾਮਲੇ ਵਿੱਚ ਕਮਿੱਕਰ ਢਿੱਲੋਂ ਨੇ ਇਕ ਭਿਅੰਕਰ ਇਰਾਦੇ ਦਾ ਪ੍ਰਗਟਾਵਾ ਕੀਤਾ ਹੈ। ਨਾ ਹੀ ਹੁਣ ਅਤੇ ਨਾ ਹੀ ਭਵਿੱਖ ਇਹ ਕਦਮ ਇਕ ਸਹੀ ਕਦਮ ਹੋਵੇਗਾ। ਇਸ ਤਰ੍ਹਾਂ ਕਰਨ ਵਾਲੇ ਹਰ ਇਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ।”ਅਖਬਾਰਾਂ ਦੀਆਂ ਰਿਪੋਰਟਾਂ ਵਿੱਚ ਗੁਰਜਿੰਦਰ ਢਿੱਲੋਂ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ। ਸਿਰਫ ਏਨਾ ਹੀ ਪਤਾ ਮਿਲਦਾ ਹੈ ਕਿ ਆਪਣੀ ਪਤਨੀ ਅਮਨਦੀਪ ਢਿੱਲੋਂ ਦੇ ਕਤਲ ਤੋਂ ਬਾਅਦ ਉਸ ਨੇ ਕੰਮ ਛੱਡ ਦਿੱਤਾ ਸੀ ਅਤੇ ਅਪਸੈੱਟ ਰਹਿਣ ਲੱਗ ਪਿਆ ਸੀ ਅਤੇ ਜਿ਼ਆਦਾ ਸ਼ਰਾਬ ਪੀਣ ਲੱਗ ਪਿਆ ਸੀ। ਇਸ ਗੱਲ ਬਾਰੇ ਪਤਾ ਨਹੀਂ ਕਿ ਉਹ ਇਸ ਗੱਲ ਤੋਂ ਅਪਸੈੱਟ ਸੀ ਕਿ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਸੀ ਜਾਂ ਇਸ ਗੱਲ ਤੋਂ ਅਪਸੈੱਟ ਸੀ ਕਿ ਉਸ ਦੀ ਪਤਨੀ ਦਾ ਕਾਤਲ ਉਸ ਦਾ ਪਿਤਾ ਜੇਲ੍ਹ ਚਲਾ ਗਿਆ ਸੀ। ਅਗਸਤ 2010 ਵਿੱਚ ਗੁਰਜਿੰਦਰ ਦੀ ਮੌਤ ਹੋ ਗਈ ਅਤੇ ਮੌਤ ਦਾ ਕਾਰਨ ਸੀ ਸ਼ਰਾਬ ਪੀਣ ਕਾਰਨ ਸਰੀਰ ਵਿੱਚ ਜ਼ਹਿਰ ਫੈਲ ਜਾਣਾ।19 ਅਗਸਤ 2008ਸਰੀ ਦੇ ਰਹਿਣ ਵਾਲੇ 53 ਸਾਲਾ ਹਰਪਾਲਜੀਤ ਸੰਧੂ ਨੇ ਆਪਣੀ ਪਤਨੀ ਮਨਜੀਤ ਸੰਧੂ ਨੂੰ ਗੋਲੀਆਂ ਮਾਰ ਕੇ ਹਲਾਕ ਅਤੇ ਆਪਣੀ 22 ਸਾਲਾ ਧੀ ਨੂੰ ਜ਼ਖਮੀ ਕਰ ਦਿੱਤਾ। ਜਦੋਂ ਪੁਲੀਸ ਉਸ ਦੇ ਘਰ ਪਹੁੰਚੀ ਤਾਂ ਉਹ ਆਪਣੇ ਛੋਟੇ ਪੁੱਤਰ ਨਾਲ ਲੜ ਰਿਹਾ ਸੀ। 14 ਅਕਤੂਬਰ 2009 ਨੂੰ ਸੰਧੂ ਨੇ ਅਦਾਲਤ ਅੱਗੇ ਆਪਣੇ ਜੁਰਮਾਂ ਦਾ ਇਕਬਾਲ ਕਰ ਲਿਆ ਅਤੇ ਅਦਾਲਤ ਨੇ ਉਸ ਨੂੰ 9 ਸਾਲਾਂ ਦੀ ਸਜ਼ਾ ਸੁਣਾਈ।18 ਜਨਵਰੀ 200847 ਸਾਲਾਂ ਲਖਵਿੰਦਰ ਸਿੰਘ ਕਾਹਲੋਂ ਨੇ ਆਪਣੀਆਂ ਤਿੰਨਾਂ ਧੀਆਂ ਵਿੱਚੋਂ ਸਭ ਤੋਂ ਛੋਟੀ ਧੀ ਰਾਜਵਿੰਦਰ ਕਾਹਲੋਂ ਨੂੰ ਚਾਕੂਆਂ ਦੇ ਵਾਰਾਂ ਨਾਲ ਮਾਰ ਦਿੱਤਾ। ਉਸ ਸਮੇਂ ਰਾਜਵਿੰਦਰ ਦੀ ਉਮਰ 2 ਸਾਲ ਸੀ। ਫਰਵਰੀ 2009 ਵਿੱਚ ਲਖਵਿੰਦਰ ਨੇ ਅਦਾਲਤ ਸਾਹਮਣੇ ਆਪਣਾ ਜੁਰਮ ਦਾ ਇਕਬਾਲ ਕਰ ਲਿਆ। ਨਤੀਜੇ ਵਜੋਂ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਸ਼ਰਤ ਲਾਈ ਕਿ ਉਹ ਉਦੋਂ ਤੱਕ ਪੇਰੋਲ `ਤੇ ਬਾਹਰ ਨਹੀਂ ਆ ਸਕਦਾ ਜਿੰਨਾ ਚਿਰ ਤੱਕ ਉਹ 11 ਸਾਲ ਦੀ ਸਜ਼ਾ ਨਹੀਂ ਕੱਟ ਲੈਂਦਾ।ਕਤਲ ਸਮੇਂ ਕੁਝ ਅਖਬਾਰਾਂ ਦੀਆਂ ਰਿਪੋਰਟਾਂ ਵਿੱਚ ਇਹ ਕਿਹਾ ਗਿਆ ਸੀ ਕਿ ਉਸ ਨੇ ਰਾਜਵਿੰਦਰ ਦਾ ਕਤਲ ਇਸ ਲਈ ਕੀਤਾ ਕਿਉਂਕਿ ਉਹ ਉਸ ਦੀ ਤੀਜੀ ਕੁੜੀ ਸੀ ਅਤੇ ਉਸ ਦੇ ਕੋਈ ਮੁੰਡਾ ਨਹੀਂ ਸੀ। ਤਿੰਨ ਕੁੜੀਆਂ ਦਾ ਬਾਪ ਹੋਣ ਕਾਰਨ ਉਹ ਡਿਪਰੈੱਸ (ਉਦਾਸ) ਰਹਿਣ ਲੱਗਾ ਸੀ ਅਤੇ ਇਸ ਡਿਪਰੈਸ਼ਨ ਵਿੱਚ ਹੁੰਦੇ ਹੋਏ ਉਸ ਨੇ ਰਾਜਵਿੰਦਰ ਦਾ ਕਤਲ ਕੀਤਾ। ਪਰ ਲਖਵਿੰਦਰ ਕਾਹਲੋਂ ਦੀ ਪਤਨੀ ਨੇ ਇਸ ਗੱਲ ਦਾ ਖੰਡਨ ਕੀਤਾ ਸੀ। ਉਸ ਦਾ ਕਹਿਣਾ ਸੀ ਕਿ ਲਖਵਿੰਦਰ ਰਾਜਵਿੰਦਰ ਦੇ ਜਨਮ ਤੋਂ ਕਈ ਮਹੀਨੇ ਪਹਿਲਾਂ ਤੋਂ ਹੀ ਡਿਪਰੈੱਸ (ਉਦਾਸ) ਰਹਿਣ ਲੱਗ ਪਿਆ ਸੀ। ਉਸ ਦਾ ਕਹਿਣਾ ਸੀ ਕਿ ਲਖਵਿੰਦਰ ਨੇ ਰਾਜਵਿੰਦਰ ਦਾ ਕਤਲ ਇਸ ਕਰਕੇ ਕੀਤਾ ਕਿਉਂਕਿ ਉਹ ਮਾਨਸਿਕ ਰੋਗੀ ਸੀ ਇਸ ਕਰਕੇ ਨਹੀਂ ਕਿ ਰਾਜਵਿੰਦਰ ਇਕ ਕੁੜੀ ਸੀ।ਅਦਾਲਤ ਵਿੱਚ ਸਾਈਕਿਐਟ੍ਰਿਸਟ ਡਾ: ਸ਼ੈਬਰਹਮ ਨੇ ਦੱਸਿਆ ਕਿ ਉਸ ਨੇ ਰਾਜਵਿੰਦਰ ਦੇ ਕਤਲ ਤੋਂ ਦੋ ਕੁ ਹਫਤੇ ਬਾਅਦ ਲਖਵਿੰਦਰ ਨੂੰ ਇੰਟਰਵਿਊ ਕੀਤਾ ਸੀ। ਡਾ: ਅਨੁਸਾਰ ਰਾਜਵਿੰਦਰ ਦੇ ਕਤਲ ਸਮੇਂ ਲਖਵਿੰਦਰ ਮਾਨਸਿਕ ਤੌਰ `ਤੇ ਬੀਮਾਰ ਸੀ ਅਤੇ ਉਸ ਦੀ ਮਾਨਸਕ ਸਿਹਤ ਬਹੁਤ ਖਰਾਬ ਸੀ ਪਰ ਇਹ ਕਹਿਣਾ ਮੁਸ਼ਕਿਲ ਹੈ ਕਿ ਉਸ ਦੀ ਹਾਲਤ “ਸਾਈਕੌਟਿਕ” ਹੋਣ ਦੀ ਪੱਧਰ ਤੱਕ ਪਹੁੰਚ ਚੁੱਕੀ ਸੀ ਜਾਂ ਨਹੀਂ। ਡਾ: ਨੇ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦੇ ਗੰਭੀਰ ਡਿਪਰੈਸ਼ਨ ਦੇ ਕੇਸਾਂ ਵਿੱਚ ਬੰਦੇ ਨੂੰ ਆਪਣੇ ਆਪ ਨੂੰ ਮਾਰਨ ਜਾਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਮਾਰਨ ਦੇ ਵਿਚਾਰ ਆ ਸਕਦੇ ਹਨ। ਡਾ: ਨੇ ਅੱਗੇ ਕਿਹਾ ਕਿ ਇੰਟਰਵਿਊ ਦੌਰਾਨ ਲਖਵਿੰਦਰ ਇਹ ਨਹੀਂ ਦੱਸ ਸਕਿਆ ਕਿ ਉਸ ਨੇ ਇਹ ਕਤਲ ਕਿਉਂ ਕੀਤਾ। ਅਦਾਲਤ ਵਿੱਚ ਪੇਸ਼ ਹੋਏ ਇਕ ਅੰਡਰਕਵਰ ਪੁਲੀਸ ਅਫਸਰ ਨੇ ਗਵਾਹੀ ਦਿੱਤੀ ਕਿ ਕਾਹਲੋਂ ਨੇ ਉਸ ਅੱਗੇ ਆਪਣੇ ਜੁਰਮ ਦਾ ਇਕਬਾਲ ਕੀਤਾ ਸੀ। ਇਹ ਪੁਲੀਸ ਅਫਸਰ ਜੇਲ੍ਹ ਵਿੱਚ ਕਾਹਲੋਂ ਦੇ ਨਾਲ ਇਕ ਕੈਦੀ ਵਜੋਂ ਰੱਖਿਆ ਗਿਆ ਸੀ। ਅਫਸਰ ਅਨੁਸਾਰ ਕਾਹਲੋਂ ਨੇ ਉਸ ਨੂੰ ਦੱਸਿਆ ਕਿ ਰਾਜਵਿੰਦਰ, “ਉਸ ਦੀਆਂ ਨਿਰਾਸ਼ਾਵਾਂ ਦਾ ਸਿ਼ਕਾਰ ਬਣੀ। ਇਹਨਾਂ ਨਿਰਾਸ਼ਾਵਾਂ ਦਾ ਕਾਰਨ ਉਹਨਾਂ ਦੀ ਮਾਇਕ ਹਾਲਤ ਬਾਰੇ ਉਸ ਅਤੇ ਉਸ ਦੀ ਪਤਨੀ ਵਿਚਕਾਰ ਲਗਾਤਾਰ ਹੁੰਦੀ ਰਹਿੰਦੀ ਲੜਾਈ ਸੀ।” ਅਫਸਰ ਨੇ ਅੱਗੇ ਦੱਸਿਆ ਕਿ ਕਤਲ ਤੋਂ ਇਕ ਰਾਤ ਪਹਿਲਾਂ ਲਖਵਿੰਦਰ ਡਿਪਰੈੱਸ ਸੀ ਅਤੇ ਸਾਰੀ ਰਾਤ ਇਸ ਗੱਲ ਬਾਰੇ ਸੋਚਦਾ ਰਿਹਾ ਸੀ ਕਿ ਉਹ ਆਪਣੇ ਆਪ ਨੂੰ ਖਤਮ ਕਰ ਲਵੇ ਜਾਂ ਆਪਣੀਆਂ ਧੀਆਂ ਵਿੱਚੋਂ ਕਿਸੇ ਇਕ ਨੂੰ।10 ਦਸੰਬਰ 2007ਮਿਸੀਸਾਗਾ ਦੀ ਗਿਆਰਵੀਂ ਜਮਾਤ ਵਿੱਚ ਪੜ੍ਹਦੀ 16 ਸਾਲ ਵਿਦਿਆਰਥਣ ਅਕਸਾ ਪਰਵੇਜ਼ ਨੂੰ ਉਸ ਦੇ ਪਿਤਾ 57 ਸਾਲਾ ਮੁਹੰਮਦ ਪਰਵੇਜ਼ ਅਤੇ 26 ਸਾਲਾ ਭਰਾ ਵਕਸ ਪਰਵੇਜ਼ ਨੇ ਗੱਲ ਘੁੱਟ ਕੇ ਮਾਰ ਦਿੱਤਾ ਕਿਉਂਕਿ ਅਕਸਾ ਹਿਜਾਬ ਨਹੀਂ ਪਾਉਣੀ ਚਾਹੁੰਦੀ ਸੀ ਅਤੇ ਪਰਿਵਾਰ ਵਲੋਂ ਆਪਣੇ ਉੱਤੇ ਲਾਈਆਂ ਜਾਂਦੀਆਂ ਹੋਰ ਬੰਦਸ਼ਾਂ ਮੰਨਣ ਤੋਂ ਇਨਕਾਰੀ ਸੀ। ਕਤਲ ਤੋਂ ਪਹਿਲਾਂ ਉਹ ਦੋ ਵਾਰ ਆਪਣਾ ਘਰ ਛੱਡ ਕੇ ਜਾ ਚੁੱਕੀ ਸੀ ਅਤੇ ਪਾਰਟ ਟਾਈਮ ਕੰਮ ਲੱਭਣ ਦੀ ਕੋਸਿ਼ਸ਼ ਕਰ ਰਹੀ ਸੀ ਤਾਂ ਕਿ ਉਹ ਅਜ਼ਾਦੀ ਨਾਲ ਰਹਿ ਸਕੇ।ਜੂਨ 2010 ਵਿੱਚ ਮੁਹੰਮਦ ਪਰਵੇਜ਼ ਅਤੇ ਵਕਸ ਪਰਵੇਜ਼ ਨੇ ਅਦਾਲਤ ਸਾਹਮਣੇ ਆਪਣੇ ਜੁਰਮ ਦਾ ਇਕਬਾਲ ਕਰ ਲਿਆ ਅਤੇ ਜੱਜ ਨੇ ਦੋਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਵਾਈ ਅਤੇ ਇਹ ਸ਼ਰਤ ਲਾਈ ਕਿ ਉਹ ਉਨਾ ਚਿਰ ਪੈਰੋਲ `ਤੇ ਬਾਹਰ ਨਹੀਂ ਆ ਸਕਦੇ ਜਿੰਨਾ ਚਿਰ ਤੱਕ ਉਹ 16 ਸਾਲ ਦੀ ਸਜ਼ਾ ਨਹੀਂ ਕੱਟ ਲੈਂਦੇ।ਅਕਸਾ ਦੇ ਕਤਲ ਵਾਲੇ ਦਿਨ ਉਸ ਦੀ ਮਾਂ, ਅਨਵਰ ਜਾਨ, ਨੇ ਪੁਲੀਸ ਨੂੰ ਦਿੱਤੀ ਇੰਟਰਵਿਊ ਵਿੱਚ ਰੋਂਦਿਆਂ, ਕੁਰਲਾਉਂਦਿਆਂ ਕਿਹਾ ਕਿ ਉਹ ਸੋਚਦੀ ਸੀ ਕਿ ਉਸ ਦਾ ਪਤੀ ਅਕਸਾ ਦਾ ਕਤਲ ਕਰਨ ਦੀ ਥਾਂ ਸਿਰਫ ਉਸ ਦੀਆਂ “ਲੱਤਾਂ ਬਾਹਾਂ ਹੀ ਤੋੜੇਗਾ”। ਜਦੋਂ ਉਸ ਨੂੰ ਇਹ ਪੁੱਛਿਆ ਗਿਆ ਕਿ ਉਸ ਦੇ ਪਤੀ ਨੇ ਉਸ ਨੂੰ ਕਿਉਂ ਮਾਰਿਆ ਤਾਂ ਉਸ ਨੇ ਕਿਹਾ ਕਿ ਉਸ ਦੇ ਪੁੱਛਣ `ਤੇ ਉਸ ਦੇ ਪਤੀ ਨੇ ਕਿਹਾ “ਇਹ ਮੇਰੀ ਬੇਇਜ਼ਤੀ ਹੈ। ਮੇਰਾ ਭਾਈਚਾਰਾ ਕਹੇਗਾ ਕਿ ਤੂੰ ਆਪਣੀ ਧੀ ਨੂੰ ਕੰਟਰੋਲ ਵਿੱਚ ਨਹੀਂ ਰੱਖ ਸਕਿਆ। ਇਹ ਮੇਰੀ ਬੇਇਜ਼ਤੀ ਹੈ। ਉਹ ਮੈਨੂੰ ਨੰਗਾ ਕਰ ਰਹੀ ਸੀ।”21 ਨਵੰਬਰ 2007ਓਟਵਾ:- ਅਮਰਜੀਤ ਕੌਰ ਬਰਾੜ ਅਤੇ ਉਸ ਦੀਆਂ ਦੋ ਬੇਟੀਆਂ ਮਨਮੀਤ (ਉਮਰ 20 ਸਾਲ) ਅਤੇ ਦਿਲਦੀਪ (ਉਮਰ 22 ਸਾਲ) ਦੀਆਂ ਲਾਸ਼ਾਂ ਉਹਨਾਂ ਦੇ ਘਰ ਵਿੱਚੋਂ ਮਿਲੀਆਂ। ਪੁਲੀਸ ਦਾ ਵਿਸ਼ਵਾਸ ਹੈ ਕਿ ਸੰਤਬੀਰ ਸਿੰਘ ਬਰਾੜ (ਅਮਰਜੀਤ ਕੌਰ ਬਰਾੜ ਦੇ ਪਤੀ) ਨੇ ਪਹਿਲਾਂ ਆਪਣੀ ਪਤਨੀ ਅਤੇ ਬੇਟੀਆਂ ਨੂੰ ਗੋਲੀ ਮਾਰੀ ਅਤੇ ਫਿਰ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। 5 ਜੁਲਾਈ 2007ਪੰਜਾਬ ਵਿੱਚ ਪੁਲੀਸ ਨੇ ਕੈਲਗਰੀ ਦੇ ਰਹਿਣ ਵਾਲੇ 32 ਸਾਲਾ ਜਗਤਾਰ ਸਿੰਘ ਮੱਲ੍ਹੀ ਨੂੰ ਇਸ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਕਿ ਮੱਲ੍ਹੀ ਨੇ ਆਪਣੀ 26 ਸਾਲਾ ਪਤਨੀ ਕਿਰਨਪਾਲ ਕੌਰ ਮੱਲ੍ਹੀ ਨੂੰ ਕਤਲ ਕਰਵਾਉਣ ਦਾ ਪ੍ਰਬੰਧ ਕੀਤਾ ਸੀ ਅਤੇ ਕਿਰਨਪਾਲ ਨੂੰ 26 ਜੂਨ ਨੂੰ ਕਤਲ ਕਰ ਦਿੱਤਾ ਗਿਆ ਸੀ। ਰਿਪੋਰਟਾਂ ਅਨੁਸਾਰ ਜਗਤਾਰ ਸਿੰਘ ਮੱਲੀ ਨੇ ਆਪਣੀ ਪਤਨੀ ਦਾ ਕਤਲ ਇਸ ਲਈ ਕਰਵਾਇਆ ਕਿਉਂਕਿ ਕਿਰਨਪਾਲ ਕੌਰ ਮੱਲ੍ਹੀ ਅਤੇ ਉਸ ਦੇ ਪਰਿਵਾਰ ਨੇ ਕਿਰਨਪਾਲ ਦੀ ਪੜ੍ਹੀ ਲਿਖੀ ਛੋਟੀ ਭੈਣ ਦਾ ਸਾਕ ਜਗਤਾਰ ਸਿੰਘ ਦੇ ਅਨਪੜ੍ਹ ਭਤੀਜੇ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕਿਰਨਪਾਲ ਅਤੇ ਜਗਤਾਰ ਦਾ ਵਿਆਹ ਪੰਜ ਸਾਲ ਪਹਿਲਾਂ ਹੋਇਆ ਸੀ। ਉਹਨਾਂ ਦੇ ਇਕ ਤਿੰਨ ਸਾਲਾਂ ਦੀ ਬੱਚੀ ਸੀ।13 ਜੁਲਾਈ ਨੂੰ ਪੁਲੀਸ ਨੇ ਸੁਪਾਰੀ ਲੈ ਕੇ ਇਹ ਕਤਲ ਨੂੰ ਅੰਜ਼ਾਮ ਦੇਣ ਵਾਲੇ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਪੁਲੀਸ ਅਨੁਸਾਰ ਕਾਤਲ ਨੂੰ 6530 ਡਾਲਰ ਦੇ ਕਰੀਬ ਰਕਮ ਦਿੱਤੀ ਗਈ ਸੀ। ਕਿਰਨਪਾਲ ਦੇ ਕਤਲ ਨੂੰ ਇਕ ਟਰੱਕ ਨਾਲ ਹਾਦਸੇ ਦਾ ਰੂਪ ਦੇਣ ਦੀ ਕੋਸਿ਼ਸ਼ ਕੀਤੀ ਗਈ ਸੀ। ਐਕਸੀਡੈਂਟ ਤੋਂ ਪਹਿਲਾਂ ਉਸ ਨੂੰ ਨੀਂਦ ਦੀਆਂ ਗੋਲੀਆਂ ਖਵਾਈਆਂ ਗਈਆਂ ਸਨ ਅਤੇ ਐਕਸੀਡੈਂਟ ਤੋਂ ਬਾਅਦ ਉਸ ਨੂੰ ਕਾਰ ਵਿੱਚੋਂ ਕੱਢ ਕੇ ਉਸ ਦੇ ਸਿਰ `ਤੇ ਕਾਰ ਦੇ ਜੈਕ ਨਾਲ ਕਈ ਵਾਰ ਕੀਤੇ ਗਏ ਸਨ।
7 ਫਰਵਰੀ 2007 ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਅਮਨਦੀਪ ਕੌਰ ਬਾਹੀਆ ਦੀ ਆਪਣੇ ਘਰ ਵਿੱਚ ਬੁਰੀ ਤਰ੍ਹਾਂ ਕੱਟੀ-ਵੱਢੀ ਲਾਸ਼ ਮਿਲੀ। ਉਸ ਸਮੇਂ ਉਸ ਦੀਆਂ ਦੋ ਛੋਟੀਆਂ ਬੱਚੀਆਂ ਘਰ ਵਿੱਚ ਸਨ। ਜਦੋਂ ਅਮਨਦੀਪ ਦੇ ਸਹੁਰਿਆਂ ਨੇ ਘਰ ਆ ਕੇ ਅਮਨਦੀਪ ਦੀ ਲਾਸ਼ ਦੇਖੀ, ਉਸ ਸਮੇਂ ਅਮਨਦੀਪ ਦੀ ਇਕ ਸਾਲਾ ਛੋਟੀ ਬੱਚੀ ਆਪਣੀ ਮਾਂ ਦੀ ਲਹੂ-ਭਿੱਜੀ ਲਾਸ਼ ਕੋਲ ਬੈਠੀ ਸੀ। ਲੰਮੀ ਤਫਤੀਸ਼ ਮਗਰੋਂ ਜਨਵਰੀ 2011 ਅਮਨਦੀਪ ਦੇ ਕਤਲ ਲਈ ਉਸ ਦੇ ਪਤੀ ਬਲਜਿੰਦਰ ਸਿੰਘ ਬਾਹੀਆ, ਤਨਪ੍ਰੀਤ ਕੌਰ ਅਠਵਾਲ ਅਤੇ ਐਡੂਅਰਡ ਵਿਕਟਰਵਿਚ ਬਾਰਨੈਕ ਨੂੰ ਚਾਰਜ ਕਰ ਲਿਆ ਗਿਆ। ਪੁਲੀਸ ਦੀ ਰਾਇ ਵਿੱਚ ਬਲਜਿੰਦਰ ਸਿੰਘ ਬਾਹੀਆ ਨੇ ਅਮਨਦੀਪ ਦਾ ਕਤਲ ਵਿਕਟਰਵਿਚ ਬਾਰਨੈਕ ਨੂੰ ਸੁਪਾਰੀ ਦੇ ਕੇ ਕਰਵਾਇਆ ਸੀ। 29 ਅਕਤੂਬਰ 2006ਸਰੀ ਦੀ ਰਹਿਣ ਵਾਲੀ 27 ਸਾਲਾ ਨਵਰੀਤ ਕੌਰ ਵੜੈਚ ਨੂੰ ਉਸ ਦੇ ਪਤੀ ਜਤਿੰਦਰ ਸਿੰਘ ਵੜੈਚ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸੰਬੰਧ ਵਿੱਚ ਜਤਿੰਦਰ ਵੜੈਚ ਉੱਪਰ ਸੈਕਿੰਡ ਡਿਗਰੀ ਦੇ ਕਤਲ ਦਾ ਚਾਰਜ ਲਾਇਆ ਗਿਆ ਹੈ। ਕਤਲ ਤੋਂ ਤਿੰਨ ਕੁ ਸਾਲ ਪਹਿਲਾਂ ਨਵਰੀਤ ਦਾ ਵਿਆਹ ਜਤਿੰਦਰ ਨਾਲ ਹੋਇਆ ਸੀ ਅਤੇ ਵਿਆਹ ਤੋਂ 5 ਮਹੀਨੇ ਬਾਅਦ ਉਹ ਕੈਨੇਡਾ ਆ ਗਈ ਸੀ। ਕਤਲ ਸਮੇਂ ਨਵਰੀਤ ਅਤੇ ਜਤਿੰਦਰ ਦਾ 4 ਮਹੀਨਿਆਂ ਦਾ ਇਕ ਬੇਟਾ ਸੀ। ਜੁਲਾਈ 2008 ਵਿੱਚ ਜਤਿੰਦਰ ਵੜੈਚ ਨੂੰ ਨਵਰੀਤ ਦੇ ਕਤਲ ਲਈ ਘੱਟੋ ਘੱਟ 10 ਸਾਲ ਜ਼ਰੂਰੀ ਕੈਦ (ਮੈਨੇਡਟਰੀ ਮਿਨੀਮੱਮ ਆਫ 10 ਯੀਅਰਜ਼) ਦੀ ਸਜ਼ਾ ਸੁਣਾਈ ਗਈ। 23 ਅਕਤੂਬਰ 2006ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਾਊਥ ਡੈਲਟਾ ਦੀ ਇਕ ਬੀਚ `ਤੇ 30 ਸਾਲਾ ਐਲਮੈਂਟਰੀ ਸਕੂਲ ਟੀਚਰ ਮਨਜੀਤ ਪਾਂਗਲੀ ਦੀ ਜਲੀ ਹੋਈ ਲਾਸ਼ ਮਿਲੀ। ਬਾਅਦ ਵਿੱਚ ਇਸ ਕਤਲ ਦੇ ਸੰਬੰਧ ਵਿੱਚ ਉਸ ਦੇ ਪਤੀ ਮੁਖਤਿਆਰ ਪਾਂਗਲੀ ਉਰਫ ਐਮ ਪੀ ਉੱਤੇ ਸੈਕਿੰਡ ਡਿਗਰੀ ਕਤਲ ਦੇ ਚਾਰਜ ਲਾਏ ਗਏ ਅਤੇ ਉਸ ਦੇ ਭਰਾ ਸੁਖਵਿੰਦਰ ਪਾਂਗਲੀ ਉੱਪਰ ਕਤਲ ਤੋਂ ਬਾਅਦ ਅਪਰਾਧ ਵਿਚ ਸਹਿਯੋਗੀ ਹੋਣ (ਬਿਇੰਗ ਐਨ ਐਕਸੈਸਰੀ ਆਫਟਰ ਦਾ ਫੈਕਟ) ਦੇ ਚਾਰਜ ਲਾਏ ਗਏ। 35 ਸਾਲਾ ਮੁਖਤਿਆਰ ਪਾਂਗਲੀ ਹਾਈ ਸਕੂਲ ਵਿੱਚ ਸਾਇੰਸ ਦਾ ਟੀਚਰ ਸੀ। ਕਤਲ ਕੀਤੇ ਜਾਣ ਸਮੇਂ ਮਨਜੀਤ ਪਾਂਗਲੀ ਗਰਭਵਤੀ ਸੀ। ਮਾਰਚ 2011 ਵਿੱਚ ਮੁਖਤਿਆਰ ਪਾਂਗਲੀ ਨੂੰ ਮਨਜੀਤ ਨੂੰ ਕਤਲ ਕਰਨ ਬਦਲੇ ਉਮਰ ਕੈਦ ਦੀ ਸਜ਼ਾ ਸੁਣਵਾਈ ਗਈ। 30 ਜੁਲਾਈ 2003ਕਿਟੀਮੈੱਟ ਦੇ ਰਹਿਣ ਵਾਲੇ 48 ਸਾਲਾ ਰਾਜਿੰਦਰ ਸਿੰਘ ਅਟਵਾਲ ਨੇ ਆਪਣੀ 17 ਸਾਲਾ ਬੇਟੀ ਅਮਨਦੀਪ ਅਟਵਾਲ ਨੂੰ ਬ੍ਰਿਟਿਸ਼ ਕੋਲੰਬੀਆ ਦੇ ਇਕ ਕਸਬੇ ਬੋਸਟਨ ਬਾਰ ਦੇ ਨੇੜੇ ਚਾਕੂ ਦੇ 17 ਵਾਰ ਕਰਕੇ ਕਤਲ ਕਰ ਦਿੱਤਾ। ਉਸ ਸਮੇਂ ਉਹ ਉਹ ਨਿਊਵੈਸਟਮਨਿਸਟਰ ਤੋਂ ਪ੍ਰਿੰਸ ਜੌਰਜ ਨੂੰ ਜਾ ਰਹੇ ਸਨ। ਅਟਵਾਲ ਨੇ ਆਪਣੀ ਬੇਟੀ ਨੂੰ ਇਸ ਲਈ ਕਤਲ ਕੀਤਾ ਕਿਉਂਕਿ ਉਸ ਨੂੰ ਅਮਨਦੀਪ ਦਾ ਇਕ ਨੇਟਿਵ ਇੰਡੀਅਨ ਮੁੰਡੇ ਨਾਲ ਡੇਟਿੰਗ ਕਰਨਾ ਅਤੇ ਫਿਰ ੳਸ ਮੁੰਡੇ ਨਾਲ ਰਹਿਣ ਲੱਗ ਪੈਣਾ ਪਸੰਦ ਨਹੀਂ ਸੀ। ਮਾਰਚ 2005 ਵਿੱਚ ਬੀ ਸੀ ਦੀ ਸੁਪਰੀਮ ਕੋਰਟ ਨੇ ਅਟਵਾਲ ਨੂੰ ਸੈਕਿੰਡ ਡਿਗਰੀ ਮਰਡਰ ਲਈ ਦੋਸ਼ੀ ਕਰਾਰ ਦਿੱਤਾ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਇਹ ਸ਼ਰਤ ਲਾਈ ਕਿ ਉਹ 16 ਸਾਲ ਤੋਂ ਪਹਿਲਾਂ ਪੈਰੋਲ `ਤੇ ਨਹੀਂ ਆ ਸਕਦਾ। ਨਵੰਬਰ 2006 ਵਿੱਚ ਬੀ ਸੀ ਦੀ ਅਪੀਲ ਕੋਰਟ ਨੇ ਅਟਵਾਲ ਵਲੋਂ ਪੈਰੋਲ ਦੀ ਸ਼ਰਤ ਵਿਰੁੱਧ ਕੀਤੀ ਅਪੀਲ ਨੂੰ ਰੱਦ ਕਰ ਦਿੱਤਾ। 19 ਮਈ 2001ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ 22 ਸਾਲਾ ਕੰਵਲਜੀਤ ਨਾਹਰ ਨੂੰ ਉਸ ਦੀ ਬੇਸਮੈਂਟ ਵਿੱਚ ਕਤਲ ਕਰ ਦਿੱਤਾ ਗਿਆ। ਇਸ ਕਤਲ ਦੇ ਸੰਬੰਧ ਵਿੱਚ ਉਸ ਦੇ 24 ਸਾਲਾ ਪਤੀ ਦਿਲਬਾਗ ਸਿੰਘ ਨਾਹਰ ਨੂੰ ਸੈਕਿੰਡ ਡਿਗਰੀ ਕਤਲ ਦੇ ਦੋਸ਼ ਅਧੀਨ ਚਾਰਜ ਕੀਤਾ ਗਿਆ। ਸੰਨ 2002 ਦੀਆਂ ਗਰਮੀਆਂ ਵਿੱਚ ਇਸ ਕਤਲ ਲਈ ਦਿਲਬਾਗ ਨਾਹਰ ਨੂੰ ਦੋਸੰੀ ਠਹਿਰਾਇਆ ਗਿਆ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਜਿਸ ਵਿੱਚ ਕਿਹਾ ਗਿਆ ਕਿ ਉਹ 10 ਸਾਲਾਂ ਲਈ ਪੈਰੋਲ `ਤੇ ਨਹੀਂ ਆ ਸਕਦਾ। ਮੁਕੱਦਮੇ ਦੌਰਾਨ ਨਾਹਰ ਨੇ ਮੰਨਿਆ ਕਿ ਉਸ ਨੇ ਕੰਵਲਜੀਤ ਦੇ ਚਾਕੂ ਮਾਰੇ ਸਨ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਕੰਵਲਜੀਤ ਨੇ ਆਪਣੇ ਕੰਮਾਂ ਨਾਲ ਦਿਲਬਾਗ ਨੂੰ ਅਜਿਹਾ ਕਰਨ ਲਈ ਉਕਸਾਇਆ ਸੀ। ਦਿਲਬਾਗ ਨੇ ਕਿਹਾ ਕਿ ਕੰਵਲਜੀਤ ਨੇ ਉਸ ਕੋਲ ਮੰਨਿਆ ਸੀ ਕਿ ਉਹ ਸਿਗਰਟਾਂ ਅਤੇ ਸ਼ਰਾਬ ਪੀਂਦੀ ਸੀ ਅਤੇ ਉਸਦੇ ਦੂਸਰੇ ਮਰਦਾਂ ਨਾਲ ਸੰਬੰਧ ਸਨ। ਸਰਕਾਰੀ ਵਕੀਲ ਅਤੇ ਕੰਵਲਜੀਤ ਦੇ ਪਿਤਾ ਨੇ ਦਿਲਬਾਗ ਦੇ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਕਤਲ ਹੋਣ ਸਮੇਂ ਆਪਣੇ ਪਤੀ ਨਾਲ ਹੋਈ ਅਣਬਣ ਕਾਰਨ ਕੰਵਲਜੀਤ ਇਕ ਬੇਸਮੈਂਟ ਵਿੱਚ ਆਪਣੀ ਬੱਚੀ ਨਾਲ ਇਕੱਲੀ ਰਹਿੰਦੀ ਸੀ। ਫਰਵਰੀ 2004 ਵਿੱਚ ਬੀ ਸੀ ਦੀ ਅਪੀਲ ਕੋਰਟ ਨੇ ਨਾਹਰ ਵਲੋਂ ਆਪਣੀ ਸਜ਼ਾ ਘਟਾਉਣ ਲਈ ਕੀਤੀ ਅਪੀਲ ਨੂੰ ਰੱਦ ਕਰ ਦਿੱਤਾ।
ਜੂਨ 2000ਪੰਜਾਬ ਵਿੱਚ ਮੇਪਲ ਰਿੱਜ ਦੀ 25 ਸਾਲਾ ਜਸਵਿੰਦਰ (ਜੱਸੀ) ਸਿੱਧੂ ਦਾ ਪੰਜਾਬ ਵਿੱਚ ਕਤਲ ਕਰ ਦਿੱਤਾ ਗਿਆ ਕਿਉਂਕਿ ਉਸ ਨੇ ਆਪਣੇ ਘਰਦਿਆਂ ਦੀ ਮਰਜ਼ੀ ਦੇ ਉਲਟ ਵਿਆਹ ਕੀਤਾ ਸੀ। ਇਸ ਕਤਲ ਦੀ ਸਾਜ਼ਸ ਲਈ ਪੰਜਾਬ ਪੁਲੀਸ ਨੇ 9 ਲੋਕਾਂ `ਤੇ ਚਾਰਜ ਲਾਏ ਜਿਹਨਾਂ ਵਿੱਚ ਜੱਸੀ ਦੀ ਮਾਂ ਮਲਕੀਅਤ ਕੌਰ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਵੀ ਸ਼ਾਮਲ ਹਨ। ਜੱਸੀ ਦੀ ਮਾਂ ਅਤੇ ਉਸ ਦਾ ਮਾਮਾ ਦੋਵੇਂ ਕੈਨੇਡਾ ਵਿੱਚ ਰਹਿੰਦੇ ਹਨ। ਅਕਤੂਬਰ 2005 ਵਿੱਚ ਭਾਰਤ ਵਿੱਚਲੇ 7 ਵਿਅਕਤੀਆਂ ਨੂੰ ਦੋਸ਼ੀ ਪਾਇਆ ਗਿਆ ਅਤੇ ਉਹਨਾਂ ਨੂੰ ਉਮਰ ਕੈਦ ਹੋਈ। ਜਨਵਰੀ 2011 ਨੂੰ ਜੱਸੀ ਦੀ ਮਾਤਾ ਮਲਕੀਅਤ ਕੌਰ ਸਿੱਧੂ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਨੂੰ ਮੇਪਲ ਰਿੱਜ ਬੀ ਸੀ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਮਈ 2014 ਵਿਚ ਬੀ ਸੀ ਦੀ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਮਲਕੀਅਤ ਕੌਰ ਅਤੇ ਸੁਰਜੀਤ ਸਿੰਘ ਬਦੇਸ਼ਾ ਨੂੰ ਭਾਰਤ ਦੇ ਹਵਾਲੇ ਕਰ ਦੇਣ ਦੇ ਹੁਕਮ ਦਿੱਤੇ। ਫੈਸਲਾ ਸੁਣਾਉਂਦੇ ਵਕਤ ਜੱਜ ਨੇ ਕਿਹਾ ਕਿ ਕਾਫੀ ਸਬੂਤ ਮੌਜੂਦ ਹਨ ਜਿਹਨਾਂ ਦੇ ਆਧਾਰ `ਤੇ ਜੂਰੀ ਸੁਰਜੀਤ ਸਿੰਘ ਬਦੇਸ਼ਾ ਨੂੰ ਇਸ ਕਤਲ ਲਈ ਦੋਸ਼ੀ ਠਹਿਰਾ ਸਕਦੀ ਹੈ। ਜਸਵਿੰਦਰ ਦੀ ਮਾਤਾ ਮਲਕੀਅਤ ਕੌਰ ਦੇ ਸੰਬੰਧ ਵਿੱਚ ਜੱਜ ਨੇ ਕਿਹਾ ਕਿ ਬੇਸ਼ੱਕ ਉਸ ਦੇ ਵਿਰੁੱਧ ਕੇਸ ਏਨਾ ਮਜ਼ਬੂਤ ਨਹੀਂ ਫਿਰ ਵੀ ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਪੇਸ਼ ਕੀਤੇ ਗਏ ਸਬੂਤਾਂ ਦੇ ਆਧਾਰ `ਤੇ ਇਕ ਜੂਰੀ ਉਸ ਨੂੰ ਵੀ ਇਸ ਕਤਲ ਵਿੱਚ ਹਿੱਸੇਦਾਰ ਹੋਣ ਲਈ ਦੋਸ਼ੀ ਕਰਾਰ ਦੇ ਸਕਦੀ ਹੈ।ਇਸ ਸਮੇਂ ਸੁਰਜੀਤ ਸਿੰਘ ਬਦੇਸ਼ਾ ਅਤੇ ਮਲਕੀਅਤ ਕੌਰ ਜੇਲ੍ਹ ਵਿੱਚ ਹਨ ਅਤੇ ਉਹਨਾਂ ਨੇ ਸੁਪਰੀਪ ਕੋਰਟ ਦੇ ਇਸ ਫੈਸਲੇ ਵਿਰੁੱਧ ਅਪੀਲ ਕਰਨ ਦਾ ਫੈਸਲਾ ਕੀਤਾ ਹੈ।
19 ਅਪ੍ਰੈਲ 1998 19 ਅਪ੍ਰੈਲ 1998 ਨੂੰ ਲੈਂਗਲੀ ਵਿੱਚ 37 ਸਾਲਾ ਬਲਜੀਤ ਕੌਰ ਗਰੇਵਾਲ ਨੂੰ ਉਸ ਦੇ ਘਰ ਦੀ ਕਾਰ -ਪੋਰਟ ਵਿੱਚ ਗੋਲੀ ਮਾਰ ਦਿੱਤੀ ਗਈ। ਇਸ ਕਤਲ ਦੇ ਸੰਬੰਧ ਵਿੱਚ ਸਤੰਬਰ 1998 ਵਿੱਚ ਉਸ ਦੇ ਪਤੀ ਅਜੀਤ ਗਰੇਵਾਲ, ਮਤਰੇਏ ਪੁੱਤਰ ਸੁਖਜੀਤ ਗਰੇਵਾਲ ਅਤੇ ਉਸ ਦੇ ਸਾਥੀ ਸੰਦੀਪ ਸਿੰਘ ਤੂਰ ਉੱਤੇ ਫਸਟ ਡਿਗਰੀ ਮਰਡਰ ਅਤੇ ਕਤਲ ਦੀ ਸਾਜਿਸ਼ ਬਣਾਉਣ ਦੇ ਚਾਰਜ ਲਾਏ ਗਏ। ਪੁਲੀਸ ਦਾ ਇਲਜ਼ਾਮ ਸੀ ਕਿ ਸੁਖਜੀਤ ਗਰੇਵਾਲ ਨੇ ਬਲਜੀਤ ਕੌਰ ਦੇ ਗੋਲੀ ਮਾਰੀ ਪਰ ਉਸ ਦੇ ਕਤਲ ਦੀ ਯੋਜਨਾ ਅਜੀਤ ਗਰੇਵਾਲ ਨੇ ਬਣਾਈ ਕਿਉਂਕਿ ਉਹ ਆਪਣੀ ਪਤਨੀ ਦੀ ਦੌਲਤ ਉੱਪਰ ਕੰਟਰੋਲ ਕਰਨਾ ਚਾਹੁੰਦਾ ਸੀ। 5 ਅਪ੍ਰੈਲ 1996ਬੀ ਸੀ ਦੇ ਸ਼ਹਿਰ ਵਰਨਨ ਵਿਖੇ ਮਾਰਕ ਵਿਜੇ ਚਾਹਲ ਨੇ ਆਪਣੇ ਸਹੁਰਿਆਂ ਦੇ ਘਰ ਆਪਣੀ ਵੱਖ ਹੋਈ ਪਤਨੀ ਰਾਜਵਾਰ ਗਾਖਲ ਅਤੇ ਉਸ ਦੇ ਪਰਿਵਾਰ ਦੇ ਅੱਠ ਮੈਂਬਰਾਂ ਨੂੰ ਗੋਲੀ ਮਾਰਕੇ ਕਤਲ ਕਰ ਦਿੱਤਾ। ਇਸ ਗੋਲੀਕਾਂਡ ਵਿੱਚ ਮਰਨ ਵਾਲੇ ਵਿਅਕਤੀਆਂ ਵਿੱਚ ਸਨ: ਕਰਨੈਲ ਸਿੰਘ ਗਾਖਲ (ਰਾਜਵਾਰ ਦੇ ਪਿਤਾ), ਦਰਸ਼ਨ ਕੌਰ ਗਾਖਲ (ਰਾਜਵਰ ਦੀ ਮਾਤਾ), ਬਲਵਿੰਦਰ ਕੌਰ ਗਾਖਲ (ਰਾਜਵਰ ਦੀ ਭੈਣ), ਜਸਪਾਲ ਸਿੰਘ ਗਾਖਲ (ਰਾਜਵਰ ਦਾ ਭਰਾ), ਹਰਵਿੰਦਰ ਕੌਰ ਗਾਖਲ (ਰਾਜਵਰ ਦੀ ਭੈਣ), ਕੁਲਵਿੰਦਰ ਕੌਰ ਗਾਖਲ (ਰਾਜਵਰ ਦੀ ਭੈਣ), ਬਲਜੀਤ ਸਿੰਘ ਸਰਾਂ, ਜਸਬੀਰ ਕੌਰ ਸਰਾਂ, ਅਤੇ ਰਾਜਵਰ ਕੌਰ ਗਾਖਲ। ਮਰਨ ਵਾਲੇ ਇਹਨਾਂ ਲੋਕਾਂ ਤੋਂ ਬਿਨਾਂ ਗੁਰਮੇਲ ਕੌਰ ਸਰਾਂ ਅਤੇ 6 ਸਾਲ ਦੀ ਉਮਰ ਦੀ ਬੱਚੀ ਜਸਟਿਨ ਜ਼ਖਮੀ ਹੋਏ। ਇਸ ਵਾਰਦਾਤ ਵਾਲੇ ਦਿਨ ਗਾਖਲ ਪਰਿਵਾਰ ਰਾਜਵਰ ਦੀ ਭੈਣ ਬਲਵਿੰਦਰ ਗਾਖਲ ਦੇ ਵਿਆਹ ਦੀ ਤਿਆਰੀ ਕਰ ਰਿਹਾ ਸੀ ਜਿਹੜਾ ਕਿ ਅਗਲੇ ਦਿਨ 6 ਅਪ੍ਰੈਲ ਨੂੰ ਹੋਣਾ ਸੀ। ਪੁਲੀਸ ਦੇ ਅੰਦਾਜ਼ੇ ਮੁਤਾਬਕ ਮਾਰਕ ਵਿਜੇ ਚਾਹਲ ਘਰ ਤਿੰਨ ਮਿਨਟ ਰਿਹਾ ਅਤੇ ਇਸ ਸਮੇਂ ਦੌਰਾਨ ਉਸ ਨੇ 28 ਗੋਲੀਆਂ ਚਲਾਈਆਂ। ਇਸ ਕਾਂਡ ਬਾਅਦ ਉਹ ਆਪਣੀ ਕਿਰਾਏ ਉੱਤੇ ਕੀਤੀ ਕਾਰ ਵਿੱਚ ਬੈਠ ਆਪਣੇ ਮੋਟਲ ਵਿੱਚ ਚਲਾ ਗਿਆ, ਜਿੱਥੇ ਉਸ ਨੇ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। 17 ਜਨਵਰੀ 199429 ਸਾਲਾ ਹਰਜਿੰਦਰ ਕੌਰ ਨਿੱਜਰ ਦੀ ਲਾਸ਼ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ ਦੀ ਲੈਂਡਫਿੱਲ (ਸ਼ਹਿਰ ਦਾ ਕੂੜਾ ਸੁੱਟਣ ਵਾਲੀ ਥਾਂ) ਵਿੱਚ ਇਕ ਬੈਗ ਵਿੱਚ ਮਿਲੀ। ਇਸ ਕਤਲ ਦੇ ਸੰਬੰਧ ਵਿੱਚ ਮਈ 1995 ਵਿੱਚ ਹਰਜਿੰਦਰ ਦੇ ਪਤੀ ਬਾਜ ਨਿੱਜਰ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਅਤੇ 25 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ। ਬਾਜ ਨੇ ਹਰਜਿੰਦਰ ਨੂੰ ਇਸ ਲਈ ਕਤਲ ਕੀਤਾ ਕਿਉਂਕਿ ਬਾਜ ਦੇ ਇਕ ਹੋਰ ਔਰਤ ਅਮਰਜੀਤ ਢੇਸੀ ਨਾਲ ਸੰਬੰਧ ਸਨ। ਹਰਜਿੰਦਰ ਬਾਜ ਦੀ ਤੀਸਰੀ ਪਤਨੀ ਸੀ। ਪੁਲੀਸ ਬਾਜ ਨਿੱਜਰ ਨੂੰ ਦੋ ਹੋਰ ਔਰਤਾਂ ਦੇ ਲਾਪਤਾ ਹੋਣ ਬਾਰੇ ਵੀ ਸੱ਼ਕ ਦੀ ਨਿਗ੍ਹਾ ਨਾਲ ਦੇਖਦੀ ਸੀ। ਲਾਪਤਾ ਹੋਈਆਂ ਇਹਨਾਂ ਔਰਤਾਂ ਵਿੱਚੋਂ ਇਕ ਉਸ ਦੀ ਪਹਿਲੀ ਪਤਨੀ ਦਲਜੀਤ ਕੌਰ ਲੋਤੇ ਸੀ ਜੋ ਟਰਾਂਟੋ ਦੇ ਇਲਾਕੇ ਵਿੱਚੋਂ 1986 ਵਿੱਚ ਲਾਪਤਾ ਹੋ ਗਈ ਸੀ ਅਤੇ ਦੂਸਰੀ ਔਰਤ ਸੀ ਹਰਬਖਸ਼ ਕੌਰ ਸਿੰਘ, ਜਿਹੜੀ ਮਾਰਚ 1992 ਵਿੱਚ ਲਾਪਤਾ ਹੋ ਗਈ ਸੀ। 11 ਦਸੰਬਰ 1993ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵੈਸਟ ਵੈਨਕੂਵਰ ਵਿਖੇ 23 ਸਾਲਾ ਨਜ਼ੀਸ਼ ਖਾਨ ਦੀ ਪਰਦਿਆਂ ਵਿੱਚ ਲਪੇਟੀ ਅਤੇ ਕੂੜਾ ਸਾਂਭਣ ਵਾਲੇ ਬੈਗਾਂ ਨਾਲ ਢਕੀ ਲਾਸ਼ ਉਸ ਦੇ ਸਹੁਰੇ ਪਰਿਵਾਰ ਦੀ ਇਕ ਕਾਰ ਵਿੱਚੋਂ ਮਿਲੀ। ਸੰਨ 1995/1996 ਵਿੱਚ ਨਜ਼ੀਸ਼ ਦੇ ਕਤਲ ਲਈ ਅਦਾਲਤ ਨੇ ਨਜ਼ੀਸ਼ ਦੇ ਸਹੁਰੇ ਅਬਦੁਰ ਰਸ਼ੀਦ ਖਾਨ ਅਤੇ ਸੱਸ ਰਸ਼ੀਦਾ ਖਾਨ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਦੋਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਪਰ 1998 ਵਿੱਚ ਬੀ ਸੀ ਅਪੀਲ ਕੋਰਟ ਨੇ ਰਸ਼ੀਦਾ ਖਾਨ ਨੂੰ ਇਸ ਕਤਲ ਤੋਂ ਬਰੀ ਕਰ ਦਿੱਤਾ। ਨਜ਼ੀਸ, ਅਬਦੁਰ ਰਸ਼ੀਦ ਖਾਨ ਅਤੇ ਰਸ਼ੀਦਾ ਖਾਨ ਦੇ ਪੁੱਤਰ ਫੈਜ਼ਲ ਦੀ ਪਤਨੀ ਸੀ ਅਤੇ ਉਹਨਾਂ ਦਾ ਵਿਆਹ ਮਾਰਚ 1993 ਵਿੱਚ ਹੋਇਆ ਸੀ। ਅਬਦੁਰ ਰਸ਼ੀਦ ਖਾਨ ਅਤੇ ਰਸ਼ੀਦਾ ਖਾਨ ਆਪਣੇ ਪੁੱਤਰ ਦੇ ਇਸ ਵਿਆਹ ਤੋਂ ਖੁਸ਼ ਨਹੀਂ ਸਨ। ਸਰਕਾਰੀ ਵਕੀਲ ਅਨੁਸਾਰ, ਅਬਦੁਰ ਰਸ਼ੀਦ ਖਾਨ ਨੇ ਨਜ਼ੀਸ ਦੇ ਸਿਰ ਵਿੱਚ ਵੇਲਣੇ ਨਾਲ ਸੱਟ ਮਾਰੀ ਅਤੇ ਫਿਰ ਉਸ ਦਾ ਗਲ ਘੁੱਟ ਦਿੱਤਾ। 3 ਮਈ 1986ਓਨਟੇਰੀਓ ਦੇ ਸ਼ਹਿਰ ਨੌਰਥ ਯੋਰਕ ਵਿਖੇ 40 ਸਾਲਾ ਕਮਲਜੀਤ ਰੱਤੀ ਨੇ ਆਪਣੀ 40 ਸਾਲਾ ਪਤਨੀ ਸਵਦੇਸ਼ ਰੱਤੀ ਦੀ ਕੁਹਾੜੇ ਨਾਲ ਹੱਤਿਆ ਕਰ ਦਿੱਤੀ। ਹੱਤਿਆ ਕਰਨ ਤੋਂ ਬਾਅਦ ਕਮਲਜੀਤ ਨੇ ਲਾਸ਼ ਦੇ ਛੋਟੇ ਛੋਟੇ ਟੁਕੜੇ ਕਰ ਕੇ ਇਕ ਕੂੜਾ ਸਾਂਭਣ ਵਾਲੇ ਬੈਗ ਵਿੱਚ ਪਾ ਕੇ ਨਾਲੇ ਵਿੱਚ ਸੁੱਟ ਦਿੱਤੇ। 18 ਸਤੰਬਰ 1991 ਨੂੰ ਓਨਟੇਰੀਓ ਕੋਰਟ ਦੀ ਇਕ ਜਿਊਰੀ ਨੇ ਉਸ ਨੂੰ ਆਪਣੀ ਪਤਨੀ ਦੇ ਕਤਲ ਲਈ ਦੋਸ਼ੀ ਪਾਇਆ ਅਤੇ ਉਸ ਨੂੰ 25 ਸਾਲ ਦੀ ਸਜ਼ਾ ਸੁਣਾਈ। ਮੁਕੱਦਮੇ ਦੌਰਾਨ ਸਰਕਾਰੀ ਵਕੀਲ ਨੇ ਦੱਸਿਆ ਕਿ ਕਮਲਜੀਤ ਨੇ ਕਤਲ ਤੋਂ ਕੁਝ ਦਿਨ ਪਹਿਲਾਂ ਭਾਰਤ ਨੂੰ ਜਾਣ ਲਈ ਆਪਣੇ ਅਤੇ ਆਪਣੇ ਦੋ ਬੱਚਿਆਂ ਲਈ ਟਿਕਟਾਂ ਖ੍ਰੀਦੀਆਂ ਸਨ। ਇਸ ਦੇ ਨਾਲ ਹੀ ਉਸ ਨੇ ਇਕ ਕੁਹਾੜਾ ਵੀ ਖ੍ਰੀਦਿਆ ਸੀ। ਕਤਲ ਤੋਂ ਬਾਅਦ ਕਮਲਜੀਤ ਆਪਣੇ ਇਕ ਦੋਸਤ ਦੇ ਘਰ ਗਿਆ ਅਤੇ ਉਸ ਤੋਂ ਸਵਦੇਸ਼ ਨੂੰ ਹਸਪਤਾਲ ਲਿਜਾਣ ਲਈ ਮਦਦ ਮੰਗੀ। ਦੋਸਤ ਨੇ ਹਸਪਤਾਲ ਲਿਜਾਣ ਦਾ ਕਾਰਨ ਪੁੱਛਿਆ ਤਾਂ ਕਮਲਜੀਤ ਨੇ ਕਿਹਾ ਕਿ ਉਹ ਡਿੱਗ ਪਈ ਹੈ। ਜਦੋਂ ਦੋਸਤ ਰੱਤੀ ਦੇ ਘਰ ਪਹੁੰਚਿਆ ਤਾਂ ਕਮਲਜੀਤ ਰੱਤੀ ਨੇ ਉਸ ਨੂੰ ਦੱਸਿਆ ਕਿ ਸਵਦੇਸ਼ ਗਾਰਬੇਜ ਬੈਗ ਵਿੱਚ ਹੈ। ਦੋਸਤ ਨੇ ਪੁੱਛਿਆ “ਕਿਉਂ” ਤਾਂ ਕਮਲਜੀਤ ਨੇ ਕਿਹਾ ਕਿ ਉਹ ਮਰ ਗਈ ਹੈ।
1986ਅਲਬਰਟਾ ਸੂਬੇ ਵਿੱਚ ਬਰਿੰਦਰ ਰੰਧਾਵਾ ਦੇ ਪਤੀ ਗੁਰਦਰਸ਼ਨਪਾਲ ਸਿੰਘ ਰੰਧਾਵਾ ਨੇ ਬਰਿੰਦਰ ਉੱਪਰ ਕੁਹਾੜੇ ਦਾ ਵਾਰ ਕਰਕੇ ਉਸ ਨੂੰ ਕਤਲ ਕਰ ਦਿੱਤਾ। ਇਸ ਦੇ ਨਤੀਜੇ ਵਜੋਂ ਗੁਰਦਰਸ਼ਨਪਾਲ ਸਿੰਘ ਰੰਧਾਵਾ ਨੂੰ ਉਮਰ ਕੈਦ ਦੀ ਸਜ਼ਾ ਹੋਈ। ਬਰਿੰਦਰ ਅਲਬਰਟਾ ਦੇ ਭਾਰਤੀ ਮੂਲ ਦੇ ਸਾਬਕਾ ਐਮ ਐਲ ਏ ਰਾਜ ਪੰਨੂ ਦੀ ਛੋਟੀ ਭੈਣ ਸੀ।
11 ਜੂਨ 1981ਵੈਨਕੂਵਰ ਦੀ 30 ਸਾਲਾ ਰਵਿੰਦਰ ਕੌਰ ਜੌਹਲ ਨੂੰ ਉਸ ਦੇ ਪਤੀ ਦਵਿੰਦਰ ਸਿੰਘ ਜੌਹਲ (ਉਮਰ 35 ਸਾਲ) ਨੇ ਕਾਰ ਹੇਠਾਂ ਕੁਚਲ ਕੇ ਮਾਰ ਦਿੱਤਾ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਵਿੰਦਰ ਦੋ ਹੋਰ ਔਰਤਾਂ (ਰੇਸ਼ਮ ਕੌਰ ਹੇਅਰ ਅਤੇ ਧਰਮਪਾਲ ਕੰਗ) ਅਤੇ ਇਕ ਬੱਚੇ ਨਾਲ ਵੈਨਕੂਵਰ ਦੀ ਰੌਸ ਸਟਰੀਟ `ਤੇ ਸਥਿੱਤ ਗੁਰਦਵਾਰੇ ਨੂੰ ਜਾ ਰਹੀ ਸੀ। ਪੁਲੀਸ ਦੀ ਰਿਪੋਰਟ ਅਨੁਸਾਰ ਦਵਿੰਦਰ ਸਿੰਘ ਜੌਹਲ ਨੇ ਸਾਈਡ ਵਾਕ `ਤੇ ਤੁਰੀਆਂ ਜਾ ਰਹੀਆਂ ਔਰਤਾਂ ਉੱਪਰ ਕਾਰ ਚਾੜ੍ਹ ਦਿੱਤੀ। ਕਾਰ ਦੇ ਧੱਕੇ ਨਾਲ ਜਦੋਂ ਇਹ ਔਰਤਾਂ ਹੇਠਾਂ ਡਿਗ ਪਈਆਂ ਤਾਂ ਦਵਿੰਦਰ ਕਾਰ ਖੜੀ ਕਰ ਕੇ ਬਾਹਰ ਨਿਕਲਿਆ, ਅਤੇ ਆਪਣੀ ਪਤਨੀ ਰਵਿੰਦਰ ਕੋਲ ਗਿਆ, ਫਿਰ ਕਾਰ ਵਿੱਚ ਵਾਪਸ ਆਇਆ `ਤੇ ਕਾਰ ਨੂੰ ਬੈਕ ਕਰ ਕੇ ਇਕ ਵਾਰ ਫਿਰ ਉਸ ਉੱਪਰ ਦੀ ਲੰਘਾ ਦਿੱਤੀ। ਇਸ ਵਾਰਦਾਤ ਸਮੇਂ ਰਵਿੰਦਰ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ। ਇਸ ਵਾਰਦਾਤ ਕਾਰਨ ਰਵਿੰਦਰ ਦੀ ਮੌਤ ਹੋ ਗਈ ਅਤੇ ਰੇਸ਼ਮ ਕੌਰ ਹੇਅਰ ਦੀ ਲੱਤ ਟੁੱਟ ਗਈ, ਧਰਮਪਾਲ ਕੰਗ ਦੇ ਕੁਝ ਸੱਟਾਂ ਲੱਗੀਆਂ ਅਤੇ ਉਸ ਦੇ 2 ਮਹੀਨਿਆਂ ਦੇ ਬੇਟੇ ਕਿਰਨਦੀਪ ਦੇ ਸਿਰ ਵਿੱਚ ਵੀ ਸੱਟਾਂ ਲੱਗੀਆਂ। ਇਸ ਵਾਰਦਾਤ ਤੋਂ ਬਾਅਦ ਦਵਿੰਦਰ ਸਿੰਘ ਜੌਹਲ `ਤੇ ਸੈਕਿੰਡ ਡਿਗਰੀ ਕਤਲ ਦੇ ਚਾਰਜ ਲਾਏ ਗਏ ਅਤੇ ਉਸ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾਈ ਗਈ। ਬਾਅਦ ਵਿੱਚ ਆਪਣੀ ਸਜ਼ਾ ਭੁਗਤਦੇ ਸਮੇਂ ਦਵਿੰਦਰ ਸਿੰਘ ਜੌਹਲ ਨੇ ਜੇਲ੍ਹ ਵਿੱਚ ਆਤਮਹੱਤਿਆ ਕਰ ਲਈ। 26 ਅਗਸਤ 1980ਵੈਨਕੂਵਰ ਨਿਵਾਸੀ 61 ਸਾਲਾ ਦਲੀਪ ਸਿੰਘ ਧਾਲੀਵਾਲ ਨੇ ਆਪਣੀ ਵੱਖ ਰਹਿ ਰਹੀ ਪਤਨੀ ਰਾਜਿੰਦਰ ਕੌਰ ਧਾਲੀਵਾਲ ਉੱਪਰ 5 ਗੋਲੀਆਂ ਚਲਾਈਆਂ ਅਤੇ ਉਹਨਾਂ ਵਿੱਚੋਂ 2 ਗੋਲੀਆਂ ਉਸ ਦੇ ਲੱਗੀਆਂ ਅਤੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ। ਇਸ ਕਤਲ ਦੇ ਸੰਬੰਧ ਵਿੱਚ ਮਾਰਚ 1981 ਵਿੱਚ ਜਿਊਰੀ ਨੇ ਦਲੀਪ ਸਿੰਘ ਧਾਲੀਵਾਲ ਨੂੰ ਸੈਕਿੰਡ ਡਿਗਰੀ ਕਤਲ ਲਈ ਦੋਸ਼ੀ ਪਾਇਆ। ਜਸਟਿਸ ਕੇ. ਈ. ਮੈਰੇਡਿੱਥ ਨੇ ਦਲੀਪ ਸਿੰਘ ਧਾਲੀਵਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਪੈਰੋਲ ਦਾ ਹੱਕਦਾਰ ਹੋਣ ਲਈ ਧਾਲੀਵਾਲ ਲਈ 10 ਸਾਲ ਦੀ ਸਜ਼ਾ ਕੱਟਣੀ ਜ਼ਰੂਰੀ ਸੀ। ਧਾਲੀਵਾਲ ਵਲੋਂ ਰਾਜਿੰਦਰ ਕੌਰ ਦੇ ਗੋਲੀ ਮਾਰਨ ਦਾ ਕਾਰਨ ਇਹ ਸੀ ਕਿ ਉਹ ਸਮਝਦਾ ਸੀ ਕਿ ਰਾਜਿੰਦਰ ਕੌਰ ਉਸ ਦੀ ਵਫਾਦਾਰ ਨਹੀਂ।
3 ਨਵੰਬਰ 1978ਵਿਨੀਪੈੱਗ ਦੀ ਅਦਾਲਤ ਵਿੱਚ ਜਿਊਰੀ ਨੇ 33 ਸਾਲਾ ਗੁਰਮੇਲ ਸਿੰਘ ਨੂੰ ਆਪਣੀ ਪਤਨੀ ਜੋਗਿੰਦਰ ਕੌਰ ਦੇ ਕਤਲ ਲਈ ਦੋਸ਼ੀ ਪਾਇਆ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਵਾਈ। ਜੋਗਿੰਦਰ 10 ਮਾਰਚ 1978 ਨੂੰ ਉਹਨਾਂ ਦੇ ਘਰ ਵਿੱਚ ਲੱਗੀ ਅੱਗ ਵਿੱਚ ਜਲ ਗਈ ਸੀ ਅਤੇ ਉਸ ਦੀ 29 ਮਾਰਚ ਨੂੰ ਹਸਪਤਾਲ ਵਿੱਚ ਮੌਤ ਹੋ ਗਈ ਸੀ। ਮੁਕੱਦਮੇ ਦੌਰਾਨ ਸਰਕਾਰੀ ਵਕੀਲ ਨੇ ਦਾਅਵਾ ਕੀਤਾ ਕਿ 10 ਮਾਰਚ 1978 ਨੂੰ ਗੁਰਮੇਲ ਸਿੰਘ ਨੇ ਰਾਤ ਦੇ ਵਕਤ ਆਪਣੀ ਪਤਨੀ ਦੇ ਸੱਟ ਮਾਰ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਫਿਰ ਉਸ ਦੇ ਕਮਰੇ ਵਿੱਚ ਪੈਟਰੋਲ ਛਿੜਕ ਕੇ ਉਸ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਫਿਰ ਰਸੋਈ ਵਿੱਚ ਇਕ ਹੋਰ ਅੱਗ ਲਾਈ ਅਤੇ ਬੱਚਿਆਂ ਨੂੰ ਇਕ ਨੇੜਲੇ ਰੈਸਟੋਰੈਂਟ ਵਿੱਚ ਲੈ ਗਿਆ। ਸਰਕਾਰੀ ਵਕੀਲ ਦਾ ਕਹਿਣਾ ਸੀ ਕਿ ਗੁਰਮੇਲ ਸਿੰਘ ਨੇ ਆਪਣੀ ਪਤਨੀ ਦਾ ਕਤਲ 72,000 ਡਾਲਰ ਦੀ ਇੰਸੌ਼ਰੈਂਸ ਦੀ ਰਕਮ ਲੈਣ ਲਈ ਅਤੇ ਘਰ ਦੀ ਇੰਸ਼ੋਰੈਂਸ ਲੈਣ ਲਈ ਕੀਤਾ। ਨਵੰਬਰ 1977ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਬਰਨਬੀ ਵਿੱਚ 18 ਸਾਲਾ ਫਿਜੀਅਨ ਕੁੜੀ ਪੈਟ ਵਾਗਾ ਦੀ ਉਸ ਦੇ 72 ਸਾਲਾ ਪਤੀ ਨੇਥਨ ਬਿੰਗਮ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਨੇਥਨ ਬਿੰਗਮ ਨੂੰ ਪੈਟ ਦੇ ਕਤਲ ਲਈ ਚਾਰਜ ਕਰ ਲਿਆ। ਪੈਟ ਅਗਸਤ 1977 ਵਿੱਚ ਕੈਨੇਡਾ ਆਈ ਸੀ ਅਤੇ ਸਤੰਬਰ 1977 ਵਿੱਚ ਉਸ ਦਾ ਨੇਥਨ ਨਾਲ ਵਿਆਹ ਹੋਇਆ ਸੀ। 23 ਅਕਤੂਬਰ 197218 ਸਾਲਾ ਪਰਮਜੀਤ ਕੌਰ ਸਿੱਧੂ ਅਤੇ 23 ਸਾਲਾ ਗੁਰਮੇਲ ਸਿੰਘ ਸਿੱਧੂ 1331 ਈਊਨ ਐਵਨਿਊ, ਨਿਊਵੈਸਟਮਿਨਸਟਰ ਸਥਿੱਤ ਆਪਣੀ ਬੇਸਮੈਂਟ ਵਿੱਚ ਫਟੇ ਬੰਬ ਨਾਲ ਮਾਰੇ ਗਏ। ਰਿਪੋਰਟਾਂ ਅਨੁਸਾਰ, ਜਦੋਂ ਇਸ ਨਵੀਂ ਵਿਆਹੀ ਜੋੜੀ ਨੇ ਤੋਹਫੇ ਵਜੋਂ ਆਈ ਇਕ ਚਾਹ ਬਣਾਉਣ ਵਾਲੀ ਬਿਜਲੀ ਦੀ ਕੇਤਲੀ ਨੂੰ ਪਲੱਗ ਵਿੱਚ ਲਾਇਆ ਤਾਂ ਕੇਤਲੀ ਵਿੱਚ ਫਿੱਟ ਕੀਤਾ ਵਿਸਫੋਟਕ ਪਦਾਰਥ ਫਟ ਗਿਆ। ਇਹ ਕੇਤਲੀ ਇਸ ਜੋੜੀ ਨੂੰ ਇਕ ਪਾਰਸਲ ਵਿੱਚ ਡਾਕ ਰਾਹੀਂ ਭੇਜੀ ਗਈ ਸੀ। ਇਸ ਹਾਦਸੇ ਵਿੱਚ ਪਰਮਜੀਤ ਥਾਂ `ਤੇ ਹੀ ਮਾਰੀ ਗਈ ਅਤੇ ਗੁਰਮੇਲ ਸਿੱਧੂ ਦੀ ਰੌਇਲ ਕੋਲੰਬੀਅਨ ਹਸਪਤਾਲ ਪਹੁੰਚਣ `ਤੇ ਮੌਤ ਹੋ ਗਈ। ਲੰਮੀ ਤਫਤੀਸ਼ ਬਾਅਦ 6 ਫਰਵਰੀ 1976 ਨੂੰ ਇਹਨਾਂ ਦੋ ਕਤਲਾਂ ਲਈ ਮੇਰਟ ਵਿੱਚ ਰਹਿ ਰਹੇ ਪਰਮਜੀਤ ਦੇ ਪਿਤਾ ਸੰਤਾ ਸਿੰਘ ਤਾਤਲਾ ਨੂੰ ਗ੍ਰਿਫਤਾਰ ਕਰਕੇ ਚਾਰਜ ਕੀਤਾ ਗਿਆ। ਸੰਤਾ ਸਿੰਘ ਤਾਤਲਾ ਦੇ ਨਾਲ ਹੀ ਇਹਨਾਂ ਕਤਲਾਂ ਲਈ ਜੇਮਜ਼ ਵਿਲਬਰੋਡ ਲਿਊਸ ਨੂੰ ਵੀ ਚਾਰਜ ਕੀਤਾ ਗਿਆ। ਸਰਕਾਰ ਦਾ ਦੋਸ਼ ਸੀ ਕਿ ਲਿਊਸ ਤਾਤਲੇ ਨਾਲ ਕੰਮ ਕਰਦਾ ਸੀ ਅਤੇ ਉਸ ਨੇ ਇਸ ਕਤਲ ਵਿੱਚ ਤਾਤਲੇ ਦੀ ਮਦਦ ਕੀਤੀ ਸੀ। ਮੁਕੱਦਮੇ ਦੌਰਾਨ 30 ਨਵੰਬਰ 1976 ਨੂੰ ਅਸਿਸਟੈਂਟ ਪ੍ਰੌਸੀਕਿਊਟਰ ਵਾਲੀ ਉੱਪਲ (ਜੋ ਬਾਅਦ ਵਿੱਚ ਬੀ ਸੀ ਦੇ ਅਟਾਰਨੀ ਜਨਰਲ ਬਣੇ) ਨੇ ਇਲਜ਼ਾਮ ਲਾਇਆ ਕਿ ਤਾਤਲੇ ਨੇ ਆਪਣੀ ਧੀ ਦਾ ਕਤਲ ਇਸ ਲਈ ਕੀਤਾ ਸੀ ਕਿਉਂਕਿ ਉਸ ਨੇ ਅਜਿਹੇ ਵਿਅਕਤੀ ਨਾਲ ਵਿਆਹ ਕਰਵਾਇਆ ਸੀ ਜਿਹੜਾ ਤਾਤਲੇ ਨੂੰ ਪਸੰਦ ਨਹੀਂ ਸੀ। ਮੁਕੱਦਮੇ ਦੌਰਾਨ ਪੇਸ਼ ਕੀਤੀ ਡਾਕਟਰੀ ਗਵਾਹੀ ਵਿੱਚ ਇਹ ਵੀ ਦੱਸਿਆ ਗਿਆ ਕਿ ਮਰਨ ਸਮੇਂ ਪਰਮਜੀਤ ਥੋੜ੍ਹੇ ਸਮੇਂ ਦੀ ਗਰਭਵਤੀ ਸੀ। ਮੁਕੱਦਮੇ ਦੇ ਅਖੀਰ ਵਿੱਚ ਆਪਣੀ ਦਲੀਲ ਦਿੰਦਿਆ ਸਰਕਾਰੀ ਵਕੀਲ, ਡੱਗ ਹੌਗਾਰਥ ਨੇ ਕਿਹਾ ਕਿ ਤਾਤਲਾ ਇਕ “ਪਾਗਲ ਅਤਿਆਚਾਰੀ” ਹੈ। 15 ਦਸੰਬਰ 1976 ਨੂੰ ਸੰਤਾ ਸਿੰਘ ਤਾਤਲੇ ਅਤੇ ਜੇਮਜ਼ ਵਿਲਬਰੋਡ ਲਿਊਸ ਨੂੰ ਇਹਨਾਂ ਕਤਲਾਂ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ।ਕਤਲ ਕੀਤੀਆਂ ਔਰਤਾਂ ਜਿਹਨਾਂ ਦੇ ਕਤਲਾਂ ਲਈ ਇਸ ਸਮੇਂ ਕਿਸੇ ਨੂੰ ਵੀ ਚਾਰਜ ਨਹੀਂ ਕੀਤਾ ਗਿਆ।25 ਦਸੰਬਰ 2007ਮਾਂਟਰੀਅਲ ਸ਼ਹਿਰ ਦੀ ਇਕ ਅਪਾਰਟਮੈਂਟ ਵਿੱਚੋਂ 30 ਸਾਲਾ ਦੇ ਕਰੀਬ ਉਮਰ ਦੀ ਗੁਰਪ੍ਰੀਤ ਕੌਰ ਦੀ ਲਾਸ਼ ਮਿਲੀ। ਉਸ ਦੀ ਗਰਦਨ ਉੱਪਰ ਉਸ ਨਾਲ ਵਾਪਰੀ ਹਿੰਸਾ ਦੇ ਨਿਸ਼ਾਨ ਸਨ। ਉਸ ਦੇ ਕਤਲ ਤੋਂ ਬਾਅਦ ਪੁਲੀਸ ਨੂੰ ਉਸ ਦੇ ਪਤੀ ਹਰਿੰਦਰ ਸਿੰਘ ਚੀਮਾ ਦੀ ਤਲਾਸ਼ ਸੀ। ਪੁਲੀਸ ਹਰਿੰਦਰ ਸਿੰਘ ਚੀਮਾ ਨੂੰ ਇਕ ਕਾਤਲ ਨਹੀਂ ਸਮਝ ਰਹੀ ਸਗੋਂ ਉਸ ਨੂੰ ਇਕ ਗਵਾਹ ਸਮਝ ਰਹੀ ਹੈ। ਗੁਰਪ੍ਰੀਤ ਕੌਰ ਦਾ ਕਤਲ ਕਿਸ ਨੇ ਕੀਤਾ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਹੈ। 5 ਜੁਲਾਈ 2007 ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਬਰਨਬੀ ਵਿੱਚ ਨਵੀਂ ਵਿਆਹੀ, 40 ਸਾਲਾ, ਸਰੀ ਦੇ ਇਕ ਸਕੂਲ ਦੀ ਪ੍ਰਿੰਸੀਪਲ ਸ਼ਮੀਨਾ ਹਿਰਜੀ ਦਾ ਬਰਨਬੀ ਵਿੱਚ ਆਪਣੇ ਘਰ ਵਿੱਚ ਕਤਲ ਹੋ ਗਿਆ। ਉਸ ਦੇ ਪਤੀ ਪਾਲ ਚੀਮਾ ਨੇ ਪੁਲੀਸ ਨੂੰ ਕਿਹਾ ਕਿ ਤਿੰਨ ਹਮਲਾਵਾਰ ਉਸ ਦੇ ਘਰ ਦਾਖਲ ਹੋਏ ਅਤੇ ਉਹਨਾਂ ਉਸ ਦੀ ਨਵੀਂ ਵਿਆਹੀ ਪਤਨੀ ਨੂੰ ਮਾਰ ਦਿੱਤਾ ਅਤੇ ਉਸ ਉੱਪਰ ਵੀ ਹਮਲਾ ਕੀਤਾ। ਪਰ ਚੀਮਾ ਦੇ ਲੱਗੀਆਂ ਸੱਟਾਂ ਏਨੀਆਂ ਮਾਮੂਲੀ ਸਨ ਕਿ ਉਸ ਨੂੰ ਥੋੜ੍ਹੀ ਦੇਰ ਬਾਅਦ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ। 14 ਜੁਲਾਈ ਨੂੰ ਪੁਲੀਸ ਨੇ ਪਾਲ ਚੀਮਾ ਨੂੰ ਗ੍ਰਿਫਤਾਰ ਕੀਤਾ ਪਰ ਬਿਨਾਂ ਦੋਸ਼ ਲਾਇਆਂ ਛੱਡ ਦਿੱਤਾ। ਇਸ ਸਮੇਂ ਪੁਲੀਸ ਨੇ ਕਿਹਾ ਕਿ ਚੀਮਾ ਇਸ ਕਤਲ ਲਈ “ਮੁੱਖ ਅਤੇ ਇਕੋ ਇਕ ਸ਼ੱਕੀ ਵਿਅਕਤੀ ਹੈ”। ਪਰ ਪਾਲ ਚੀਮਾ ਦੇ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਚੀਮਾ ਸ਼ਮੀਨਾ ਦਾ ਕਤਲ ਨਹੀਂ ਕਰ ਸਕਦਾ। 27 ਅਗਸਤ 2007 ਨੂੰ ਪਾਲ ਚੀਮਾ ਨੇ ਆਪਣੇ ਮਾਪਿਆਂ ਦੇ ਘਰ ਦੀ ਬੇਸਮੈਂਟ ਵਿੱਚ ਆਤਮ ਹੱਤਿਆ ਕਰ ਲਈ।24 ਜਨਵਰੀ 2006ਕੈਨੇਡਾ ਦੇ ਸ਼ਹਿਰ ਵਿਨੀਪੈੱਗ ਦੀ ਰਹਿਣ ਵਾਲੀ ਰਾਣੀ ਸੰਧੂ ਦੀ ਪੰਜਾਬ ਫੇਰੀ ਦੌਰਾਨ ਮੌਤ ਹੋ ਗਈ। ਰਾਣੀ ਦੇ ਮਾਪਿਆਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਪੰਜਾਬ ਵਿੱਚ ਰਾਣੀ ਦੀ ਜ਼ਹਿਰ ਦੇ ਕੇ ਹੱਤਿਆ ਕੀਤੀ ਗਈ ਹੈ। ਰਾਣੀ ਦੇ ਮਾਪਿਆਂ ਨੇ ਇਸ ਸੰਬੰਧ ਵਿੱਚ ਵਿਨੀਪੈੱਗ ਪੁਲੀਸ ਕੋਲ ਰਿਪੋਰਟ ਕੀਤੀ ਅਤੇ ਉਸ ਸਮੇਂ ਕੈਨੇਡਾ ਦੇ ਡਿਪਾਰਟਮੈਂਟ ਆਫ ਫੌਰਨ ਅਫੇਅਰਜ਼ ਨੇ ਰਾਣੀ ਦੇ ਮਾਪਿਆਂ ਦੇ ਦਾਅਵੇ ਦੀ ਜਾਂਚ ਕਰਨ ਲਈ ਇਕ ਕੇਸ ਵਰਕਰ ਨਿਯੁਕਤ ਕੀਤਾ ਸੀ ਅਤੇ ਫੈਡਰਲ ਅਧਿਕਾਰੀਆਂ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਹ ਪੰਜਾਬ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਰਾਣੀ ਆਪਣੇ ਪਤੀ ਅਮਨਦੀਪ ਸੰਧੂ ਅਤੇ ਆਪਣੀ 10-ਮਹੀਨਿਆਂ ਦੀ ਬੇਟੀ ਸਿਮਰਨ ਨਾਲ 21 ਜਨਵਰੀ, 2006 ਨੂੰ ਪੰਜਾਬ ਗਈ ਸੀ ਅਤੇ 24 ਜਨਵਰੀ ਨੂੰ ਉਸ ਦੀ ਮੌਤ ਹੋ ਗਈ। ਜਨਵਰੀ 2005ਕੈਨੇਡਾ ਦੇ ਸ਼ਹਿਰ ਐਡਮੰਟਨ ਦੀ ਰਹਿਣ ਵਾਲੀ 34 ਸਾਲਾ ਜਗਜੀਤ ਕੌਰ ਆਪਣੇ ਪਤੀ ਨਾਲ ਇਕ ਵਿਆਹ ਵਿੱਚ ਸ਼ਾਮਲ ਹੋਣ ਲਈ ਜਨਵਰੀ ਵਿੱਚ ਪੰਜਾਬ ਗਈ। ਪੰਜਾਬ ਪਹੁੰਚਣ ਤੋਂ 10 ਦਿਨ ਬਾਅਦ ਉਸ ਦੀ ਭੇਤ ਭਰੀ ਹਾਲਤ ਵਿੱਚ ਮੌਤ ਗਈ। ਉਸ ਦੇ ਪੋਸਟ ਮਾਰਟਮ ਤੋਂ ਪਤਾ ਲੱਗਾ ਕਿ ਉਸ ਨੂੰ ਜ਼ਹਿਰ ਦਿੱਤੀ ਗਈ ਸੀ। ਜਗਜੀਤ ਦੇ ਵੱਡੇ ਭਰਾ ਗੁਰਸੇਵਕ ਸੇਖੋਂ ਦਾ ਕਹਿਣਾ ਸੀ ਕਿ ਅਜਿਹਾ ਨਹੀਂ ਹੋ ਸਕਦਾ ਕਿ ਉਸ ਦੀ ਭੈਣ ਨੇ ਆਪ ਜ਼ਹਿਰ ਖਾਧੀ ਹੋਵੇ। ਸੇਖੋਂ ਨੇ ਮੀਡੀਆ ਨੂੰ ਅਗਾਂਹ ਦੱਸਿਆ ਕਿ ਪੰਜਾਬ ਵਿੱਚ ਪੁਲੀਸ ਨੇ ਜਗਜੀਤ ਦੇ ਪਤੀ ਅਤੇ ਉਸ ਦੇ ਪਰਿਵਾਰ ਵਾਲਿਆਂ ਤੋਂ ਪੁੱਛ-ਗਿੱਛ ਕੀਤੀ ਸੀ, ਪਰ ਕਿਸੇ `ਤੇ ਕੋਈ ਚਾਰਜ ਨਹੀਂ ਲਾਇਆ ਸੀ। 3 ਫਰਵਰੀ 1991 25 ਸਾਲਾ ਸਵਰਨਜੀਤ ਕੌਰ ਥਾਂਦੀ ਦੀ ਲਾਸ਼ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਮੇਰਟ ਨੇੜੇ ਇਕ ਸੜਕ ਦੇ ਕਿਨਾਰੇ ਮਿਲੀ। ਸਵਰਨਜੀਤ ਦੇ ਕਤਲ ਦੇ ਸੰਬੰਧ ਵਿੱਚ ਕਿਸੇ ਨੂੰ ਚਾਰਜ ਨਹੀਂ ਕੀਤਾ ਗਿਆ ਪਰ ਉਸ ਦੀ ਮੌਤ ਬਾਰੇ ਕੌਰਨਰ ਵਲੋਂ ਕੀਤੀ ਇਕ ਜਾਂਚ ਵਿੱਚ ਪੇਸ਼ ਗਵਾਹੀਆਂ ਅਨੁਸਾਰ ਸਵਰਨਜੀਤ ਸਤੰਬਰ 1985 ਵਿੱਚ ਜਗਤਾਰ ਪਾਲ ਢਿੱਲੋਂ ਨਾਲ ਵਿਆਹ ਕਰਵਾ ਕੇ ਅਲਡਰਗਰੋਵ ਕੈਨੇਡਾ ਵਿਖੇ ਆਈ ਸੀ। ਇਥੇ ਆਉਣ ਤੋਂ ਬਾਅਦ ਛੇਤੀ ਹੀ ਉਸ ਨੇ ਪਾਲ ਢਿੱਲੋਂ ਤੋਂ ਤਲਾਕ ਲੈ ਲਿਆ ਕਿਉਂਕਿ ਉਸ ਦੇ ਅਤੇ ਢਿੱਲੋਂ ਪਰਿਵਾਰ ਵਿਚਕਾਰ ਸਮਝੌਤਾ ਸੀ ਕਿ ਸਵਰਨਜੀਤ ਦਾ ਇੰਡਿਆ ਵਿੱਚ ਰਹਿ ਰਹੇ ਪਾਲ ਦੇ ਵੱਡੇ ਭਰਾ ਨਿਰਮਲ ਢਿੱਲੋਂ ਨਾਲ ਵਿਆਹ ਕੀਤਾ ਜਾਵੇਗਾ। ਇਸ ਲਈ ਤਲਾਕ ਲੈਣ ਤੋਂ ਬਾਅਦ ਵੀ ਸਵਰਨਜੀਤ ਆਪਣੇ ਸਾਬਕਾ ਪਤੀ ਦੇ ਹੀ ਘਰ ਰਹੀ। ਜਾਂਚ ਵਿੱਚ ਭੁਗਤੀਆਂ ਗਵਾਹੀਆਂ ਵਿੱਚ ਇਹ ਵੀ ਕਿਹਾ ਗਿਆ ਕਿ ਉਸ ਘਰ ਵਿੱਚ ਸਵਰਨਜੀਤ ਨਾਲ ਬਦਸਲੂਕੀ ਕੀਤੀ ਜਾਂਦੀ ਸੀ, ਉਸ ਨੂੰ ਬੇਸਮੈਂਟ ਵਿੱਚ ਫਰਸ਼ `ਤੇ ਸੁਲਾਇਆ ਜਾਂਦਾ ਸੀ ਅਤੇ ਖਾਣ ਲਈ ਰੋਟੀ ਦੇ ਬਚੇ ਖੁਚੇ ਟੁੱਕੜੇ ਦਿੱਤੇ ਜਾਂਦੇ ਸਨ ਅਤੇ ਉਸ ਨਾਲ ਕੁੱਟ ਮਾਰ ਕੀਤੀ ਜਾਂਦੀ ਸੀ। ਓਸ਼ੀਅਨ ਪਾਰਕ ਪੀਜ਼ਾ, ਜਿੱਥੇ ਸਵਰਨਜੀਤ ਕੰਮ ਕਰਦੀ ਸੀ, ਦੇ ਮੈਨੇਜਰ ਅਤੇ ਕੁੱਕ ਨੇ ਗਵਾਹੀ ਦਿੰਦਿਆਂ ਕਿਹਾ ਕਿ ਕਈ ਵਾਰ ਸਵਰਨਜੀਤ ਦੀਆਂ ਬਾਹਾਂ `ਤੇ ਨੀਲ ਪਏ ਹੁੰਦੇ ਸਨ। ਇਸ ਤੋਂ ਇਲਾਵਾ ਉਸ ਘਰ ਵਿੱਚ ਸਵਰਨਜੀਤ ਦਾ ਲਿੰਗਕ ਸੋਸ਼ਣ ਵੀ ਕੀਤਾ ਜਾਂਦਾ ਸੀ। ਸਵਰਨਜੀਤ ਤੋਂ ਗੁਲਾਮਾਂ ਵਾਂਗ ਕੰਮ ਕਰਵਾਇਆ ਜਾਂਦਾ ਸੀ। ਪਰ ਇਸ ਜਾਂਚ ਵਿੱਚ ਢਿੱਲੋਂ ਪਰਿਵਾਰ ਦੇ ਮੈਂਬਰਾਂ ਨੇ ਗਵਾਹੀ ਦਿੰਦਿਆਂ ਇਹਨਾਂ ਸਾਰੇ ਇਲਜ਼ਾਮਾਂ ਦਾ ਖੰਡਨ ਕੀਤਾ ਸੀ।
ਔਰਤਾਂ ਉੱਤੇ ਕੀਤੇ ਗਏ ਹਮਲੇ ਜਿਹਨਾਂ ਲਈ ਪਰਿਵਾਰ ਦੇ ਮੈਂਬਰਾਂ ਨੂੰ ਦੋਸ਼ੀ ਪਾਇਆ ਗਿਆ ਜਾਂ ਉਹਨਾਂ ਨੂੰ ਚਾਰਜ ਕੀਤਾ ਗਿਆ ਹੈ। 19 ਅਕਤੂਬਰ 2006ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਪੋਰਟ ਕੁਕਿਟਲਮ ਵਿੱਚ ਪਰਮਜੀਤ ਘੁੰਮਣ ਨੇ ਆਪਣੀ ਪਤਨੀ ਗੁਰਜੀਤ ਘੁੰਮਣ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਕਾਰਨ ਗੁਰਜੀਤ ਛੇ ਹਫਤੇ ਬੇਹੋਸ਼ੀ (ਕੋਮੇ) ਵਿੱਚ ਰਹੀ। ਬੇਸ਼ੱਕ ਛੇ ਹਫਤਿਆਂ ਬਾਅਦ ਉਸ ਨੂੰ ਹੋਸ਼ ਆ ਗਈ ਪਰ ਇਸ ਹਮਲੇ ਕਾਰਨ ਉਸਦੀ ਨਿਗ੍ਹਾ ਚਲੀ ਗਈ। ਗੁਰਜੀਤ ਨੂੰ ਗੋਲੀ ਮਾਰਨ ਬਾਅਦ ਉਸ ਦੇ ਪਤੀ ਨੇ ਆਪਣੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਪਰਮਜੀਤ ਅਤੇ ਗੁਰਜੀਤ ਘੁੰਮਣ 18 ਸਾਲ ਤੋਂ ਵਿਆਹੇ ਹੋਏ ਸਨ, ਪਰ ਉਹਨਾਂ ਦਾ ਵਿਆਹੁਤਾ ਜੀਵਨ ਸਮੱਸਿਆਵਾਂ ਭਰਪੂਰ ਸੀ। ਸੰਨ 2006 ਦੀਆਂ ਗਰਮੀਆਂ ਵਿੱਚ ਜਦੋਂ ਗੁਰਜੀਤ ਨੇ ਆਪਣੇ ਪਤੀ ਤੋਂ ਤਲਾਕ ਲੈਣ ਦੀ ਗੱਲ ਕੀਤੀ ਤਾਂ ਸਥਿਤੀ ਵਿਗੜਨੀ ਸ਼ੁਰੂ ਹੋ ਗਈ। 23 ਨਵੰਬਰ 2004ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਪੋਰਟ ਕੁਕਿਟਲਮ ਵਿੱਚ ਸੁਰਿੰਦਰ ਕੌਰ ਤੂਰ ਆਪਣੀ ਨੂੰਹ ਰੀਨਾ ਤੂਰ ਨੂੰ ਬੱਸ ਸਟਾਪ ਉੱਤੇ ਮਿਲੀ ਅਤੇ ਉਸ ਨੂੰ ਨੇੜੇ ਹੀ ਪਾਰਕ ਕੀਤੀ ਕਾਰ ਵਿੱਚ ਲੈ ਗਈ। ਉਸ ਕਾਰ ਵਿੱਚ ਪਹਿਲਾਂ ਹੀ ਪਰਵਿੰਦਰ ਤੂਰ (ਸੁਰਿੰਦਰ ਕੌਰ ਤੂਰ ਦੀ ਬੇਟੀ) ਅਤੇ ਰਾਜਵੰਸ਼ ਨਿੱਜਰ (ਸੁਰਿੰਦਰ ਕੌਰ ਦੀ ਭਤੀਜੀ ਜਾਂ ਭਾਣਜੀ) ਬੈਠੀਆਂ ਹੋਈਆਂ ਸਨ। ਕਾਰ ਵਿੱਚ ਸੁਰਿੰਦਰ ਕੌਰ, ਰਾਜਵੰਸ਼ ਅਤੇ ਪਰਵਿੰਦਰ ਨੇ ਰੀਨਾ ਨੂੰ ਕੁੱਟਿਆ ਅਤੇ ਇਕ ਛੋਟੇ ਚਾਕੂ ਨਾਲ ਉਸ ਉੱਪਰ ਵਾਰ ਕੀਤਾ। ਸਤੰਬਰ 2007 ਵਿੱਚ ਜੱਜ ਨੇ ਇਹਨਾਂ ਤਿੰਨਾਂ ਨੂੰ ਇਸ ਜੁਰਮ ਲਈ ਦੋਸ਼ੀ ਕਰਾਰ ਦਿੱਤਾ ਅਤੇ ਸੁਰਿੰਦਰ ਕੋਰ ਨੂੰ 14 ਮਹੀਨਿਆਂ, ਪਰਵਿੰਦਰ ਕੌਰ ਤੂਰ ਅਤੇ ਰਾਜਵੰਸ਼ ਕੌਰ ਨਿੱਜਰ ਨੂੰ 10-10 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ। ਮੁਕੱਦਮੇ ਦੌਰਾਨ ਗਵਾਹੀ ਦਿੰਦਿਆਂ ਰੀਨਾ ਤੂਰ ਨੇ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਉਹਨਾਂ ਦੇ ਬਿਸਤਰੇ ਦੇ ਉਸ ਪਾਸੇ ਟੁੱਟੇ ਸੀਸ਼ੇ ਰੱਖ ਦਿੱਤੇ ਸਨ ਜਿਸ ਪਾਸੇ ਉਹ ਸੌਂਦੀ ਸੀ, ਉਸ ਦੀਆਂ ਦਵਾਈਆਂ ਬਦਲੀਆਂ ਸਨ ਅਤੇ ਉਸ ਦੇ ਖਾਣੇ ਵਿੱਚ ਜ਼ਹਿਰ ਪਾਇਆ ਸੀ। 18 ਜਨਵਰੀ 2001ਸਰੀ ਵਿੱਚ ਇਕ ਘਰੇਲੂ ਲੜਾਈ ਦੌਰਾਨ, ਸੁਖਜਿੰਦਰ ਸਿੰਘ ਢਿੱਲੋਂ ਨੇ ਆਪਣੀ ਪਤਨੀ ਰਣਜੀਤ ਕੌਰ ਢਿੱਲੋਂ ਨੂੰ ਕੁੱਟਿਆ। ਨਤੀਜੇ ਵਜੋਂ ਅਗਸਤ 2001 ਵਿੱਚ ਸੁਖਜਿੰਦਰ ਸਿੰਘ ਢਿੱਲੋਂ ਨੂੰ ਅਦਾਲਤ ਨੇ ਇਕ ਸਾਲ ਦੀ ਸ਼ਰਤੀਆ ਸਜ਼ਾ ਸੁਣਾਈ। ਮੁਕੱਦਮੇ ਦੌਰਾਨ ਰਣਜੀਤ ਕੌਰ ਢਿੱਲੋਂ ਨੇ ਇਲਜ਼ਾਮ ਲਾਇਆ ਸੀ ਕਿ ਉਸ ਨੂੰ ਇਸ ਕਰਕੇ ਕੁੱਟਿਆ ਗਿਆ ਕਿਉਂਕਿ ਉਸ ਨੇ ਦੋ ਕੁੜੀਆਂ ਨੂੰ ਜਨਮ ਦਿੱਤਾ ਸੀ ਅਤੇ ਉਸ ਦੇ ਕੋਈ ਪੁੱਤਰ ਨਹੀਂ ਸੀ ਹੋਇਆ। ਸੁਖਜਿੰਦਰ ਸਿੰਘ ਢਿੱਲੋਂ ਨੇ ਮੰਨਿਆ ਕਿ ਉਸ ਨੇ ਰਣਜੀਤ ਦੇ ਮੁੱਕਾ ਮਾਰਿਆ ਸੀ, ਪਰ ਉਸ ਦਾ ਕਹਿਣਾ ਸੀ ਕਿ ਉਸ ਨੇ ਅਜਿਹਾ ਇਸ ਕਰਕੇ ਨਹੀਂ ਕੀਤਾ ਕਿ ਰਣਜੀਤ ਕੌਰ ਦੇ ਕੋਈ ਪੁੱਤਰ ਨਹੀਂ ਸੀ ਹੋਇਆ, ਸਗੋਂ ਲੜਾਈ ਤਿੰਨ ਔਰਤਾਂ (ਰਣਜੀਤ ਕੌਰ, ਉਸ ਦੀ ਸੱਸ ਬਲਵੀਰ ਢਿੱਲੋਂ ਅਤੇ ਉਸ ਦੀ ਨਨਾਣ ਦਵਿੰਦਰ ਢਿੱਲੋਂ) ਵਿਚਕਾਰ ਸ਼ੁਰੂ ਹੋਈ ਸੀ।
ਮਈ 17, 2000ਉਨਟੇਰੀਓ ਦੇ ਸ਼ਹਿਰ ਟਰਾਂਟੋ ਵਿੱਚ 67 ਸਾਲਾ ਪਿਆਰਾ ਸਿੰਘ ਰਾਇ ਨੇ ਆਪਣੀ ਬੇਟੀ ਅਮਰਪ੍ਰਦੀਪ ਕੌਰ ਰਾਇ ਉੱਪਰ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਕਿਉਂਕਿ ਅਮਰਪ੍ਰਦੀਪ ਨੇ ਮਾਪਿਆਂ ਵਲੋਂ ਕੀਤੇ ਵਿਆਹ ਵਿੱਚੋਂ ਨਿਕਲ ਕੇ ਆਪਣੇ ਮਨਪਸੰਦ ਮੁੰਡੇ ਨਾਲ ਵਿਆਹ ਕਰ ਲਿਆ ਸੀ। ਸੰਨ 1999 ਵਿੱਚ ਅਮਰਪ੍ਰਦੀਪ ਕੌਰ ਆਪਣੇ ਭਰਾਵਾਂ ਨੂੰ ਮਿਲਣ ਭਾਰਤ ਗਈ ਸੀ, ਜਿੱਥੇ ਉਸ ਦਾ ਵਿਆਹ ਉਸ ਦੇ ਕਜ਼ਨ ਨਾਲ ਕਰ ਦਿੱਤਾ ਗਿਆ ਤਾਂ ਕਿ ਉਸ ਦਾ ਕਜ਼ਨ ਕੈਨੇਡਾ ਆ ਸਕੇ। ਇਸ ਵਿਆਹ ਵਿੱਚ ਅਮਰਪ੍ਰਦੀਪ ਅਤੇ ਉਸ ਦੇ ਕਜ਼ਨ ਵਿਚਕਾਰ ਪਤੀ/ਪਤਨੀ ਵਾਲੇ ਸੰਬੰਧ ਨਹੀਂ ਬਣੇ ਸਨ। ਮਾਰਚ 2000 ਵਿੱਚ ਅਮਰਪ੍ਰਦੀਪ ਦੁਬਾਰਾ ਭਾਰਤ ਗਈ ਅਤੇ ਉਸ ਨੇ ਆਪਣੀ ਪਸੰਦ ਦੇ ਮੁੰਡੇ ਨਾਲ ਚੋਰੀ ਵਿਆਹ ਕਰਵਾ ਲਿਆ। ਅਮਰਪ੍ਰਦੀਪ ਦੇ ਵਾਪਸ ਕੈਨੇਡਾ ਆਉਣ ਤੇ ਜਦੋਂ ਉਸ ਦੇ ਪਿਤਾ ਪਿਆਰਾ ਸਿੰਘ ਰਾਇ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਅਮਰਪ੍ਰਦੀਪ ਉੱਤੇ ਹਮਲਾ ਕਰ ਦਿੱਤਾ ਅਤੇ ਜਿਸ ਦੇ ਨਤੀਜੇ ਵਜੋਂ ਅਮਰਪ੍ਰਦੀਪ ਦੀ ਗਰਦਨ ਉੱਪਰ ਡੂੰਘੇ ਜ਼ਖਮ ਹੋਏ। ਇਸ ਹਮਲੇ ਦੇ ਨਤੀਜੇ ਵਲੋਂ ਅਦਾਲਤ ਨੇ ਜੂਨ 2001 ਵਿੱਚ ਪਿਆਰਾ ਸਿੰਘ ਰਾਇ ਨੂੰ ਕਤਲ ਕਰਨ ਦੇ ਇਰਾਦੇ ਦੇ ਦੋਸ਼ ਵਿੱਚ ਦੋਸ਼ੀ ਕਰਾਰ ਦਿੱਤਾ ਅਤੇ ਉਸ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ। ਅਦਾਲਤ ਵਿੱਚ ਆਪਣੇ ਪਿਤਾ ਵਿਰੁੱਧ ਗਵਾਹੀ ਦਿੰਦਿਆਂ ਅਮਰਪ੍ਰਦੀਪ ਰਾਇ ਨੇ ਕਿਹਾ, “ਮੈਂ ਉਸ ਵੱਲ ਦੇਖਣਾ ਵੀ ਨਹੀਂ ਚਾਹੁੰਦੀ ਕਿਉਂਕਿ ਉਸ ਨੇ ਮੈਨੂੰ ਮਾਰਨ ਦੀ ਕੋਸਿ਼ਸ਼ ਕੀਤੀ ਸੀ।”ਜੂਨ 1999 ਅਲਬਰਟਾ ਦੇ ਸ਼ਹਿਰ ਐਡਮੰਟਨ ਵਿਖੇ ਇਕ ਦਿਨ ਜਦੋਂ ਪੁਲੀਸ ਸਵੇਰ ਦੇ 4:30 ਵਜੇ ਮਿੱਲਵੁੱਡ ਵਿੱਚ ਰਹਿਣ ਵਾਲੀ 30 ਸਾਲਾ ਪਰਵੀਨ ਬਾਸੀ ਦੇ ਘਰ ਪਹੁੰਚੀ ਤਾਂ ਪਰਵੀਨ ਉਹਨਾਂ ਨੂੰ ਇਕ ਰਜ਼ਾਈ ਵਿੱਚ ਲਿਪਟੀ ਘਰ ਤੋਂ ਬਾਹਰ ਮਿਲੀ। ਉਸ ਦੀ ਛਾਤੀ, ਪੇਟ ਅਤੇ ਪੁੜਿਆਂ ਵਿੱਚ ਲੱਗੀਆਂ ਗੋਲੀਆਂ ਨਾਲ ਹੋਏ ਜ਼ਖਮਾਂ ਵਿੱਚੋਂ ਖੂਨ ਵਗ ਰਿਹਾ ਸੀ। ਇਸ ਹਮਲੇ ਦੇ ਸੰਬੰਧ ਵਿੱਚ ਪੁਲੀਸ ਨੇ ਪਰਵੀਨ ਦੇ ਪਤੀ 38 ਸਾਲਾ ਗੁਰਦੀਪ ਸਿੰਘ ਬਾਸੀ ਉੱਪਰ ਇਰਾਦਾ ਕਤਲ ਅਤੇ ਸੰਗੀਨ ਹਮਲੇ ਦੇ ਦੋਸ਼ ਲਾਏੇ। ਫਰਵਰੀ 1999 ਸਰੀ ਦੀ ਇਕ ਅਦਾਲਤ ਵਿੱਚ ਇਕ ਜੱਜ ਅਤੇ ਜਿਊਰੀ ਦੇ 12 ਮੈਂਬਰਾਂ ਸਾਹਮਣੇ ਇਕ 26 ਸਾਲਾ ਪੰਜਾਬੀ ਔਰਤ ਨੇ ਚਾਰ ਦਿਨ ਆਪਣੇ ਪਤੀ ਵਿਰੁੱਧ ਗਵਾਹੀ ਦਿੱਤੀ। ਉਸ ਦੇ ਪਤੀ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ ਅਤੇ ਉਸ ਨਾਲ ਬਲਾਤਕਾਰ ਕੀਤਾ ਸੀ। ਉਸ ਦੀ ਗਵਾਹੀ ਦੇ ਨਤੀਜੇ ਵਜੋਂ ਜਿਊਰੀ ਨੇ ਉਸ ਦੇ ਪਤੀ ਨੂੰ ਇਰਾਦਾ ਕਤਲ, ਸੰਗੀਨ ਹਮਲੇ, ਧਮਕੀਆਂ ਦੇਣ ਅਤੇ ਲਿੰਗਕ ਹਮਲੇ ਲਈ ਦੋਸ਼ੀ ਕਰਾਰ ਦਿੱਤਾ। ਇਸ ਹਮਲੇ ਵਿੱਚ ਪਤੀ ਨੇ ਇਸ ਔਰਤ `ਤੇ ਇਕ ਹਥੋੜੇ ਜਾਂ ਸੱਬਲ ਨਾਲ ਹਮਲਾ ਕੀਤਾ ਸੀ। ਇਸ ਔਰਤ ਦਾ 1995 ਵਿੱਚ ਪੰਜਾਬ ਵਿੱਚ ਵਿਆਹ ਹੋਇਆ ਸੀ ਅਤੇ ਉਹ 10 ਜਨਵਰੀ 1998 ਨੂੰ ਕੈਨੇਡਾ ਆਈ ਸੀ। ਉਸ ਦਾ ਪਤੀ ਉਸ ਦੇ ਕੈਨੇਡਾ ਆਉਣ `ਤੇ ਖੁਸ਼ ਨਹੀਂ ਸੀ ਅਤੇ ਉਸ ਨੇ ਦੋ ਵਾਰ ਆਪਣੀ ਪਤਨੀ ਦੀ ਅਰਜ਼ੀ ਕੈਂਸਲ ਕਰਵਾਈ ਸੀ। ਕਿਉਂਕਿ ਇਸ ਮਾਮਲੇ ਵਿੱਚ ਪਤੀ ਉੱਪਰ ਇਕ ਦੋਸ਼ ਲਿੰਗਕ ਹਮਲੇ ਦਾ ਸੀ ਇਸ ਲਈ ਅਦਾਲਤ ਨੇ ਇਸ ਔਰਤ ਦਾ ਨਾਂ ਛਾਪਣ `ਤੇ ਪਾਬੰਦੀ ਲਾ ਦਿੱਤੀ ਸੀ। ਔਰਤ ਦੀ ਪਛਾਣ ਹੋਣ ਤੋਂ ਬਚਣ ਲਈ ਪ੍ਰਕਾਸਿ਼ਤ ਖਬਰਾਂ ਵਿੱਚ ਉਸ ਦੇ ਪਤੀ ਦਾ ਨਾਂ ਵੀ ਨਹੀਂ ਛਾਪਿਆ ਗਿਆ ਸੀ। 30 ਅਗਸਤ 1998ਸਰੀ, ਵਿੱਚ 40 ਸਾਲਾ ਬਲਬੀਰ ਸਿੰਘ ਗੋਸਲ ਨੇ ਆਪਣੀ ਪਤਨੀ ਜਸਬੀਰ ਗੋਸਲ `ਤੇ ਇਕ ਹਥੋੜੇ ਨਾਲ ਹਮਲਾ ਕਰ ਦਿੱਤਾ। ਗੋਸਲ ਆਪਣੀ ਪਤਨੀ ਮਗਰ ਹਥੋੜਾ ਲੈ ਕੇ ਆਇਆ ਅਤੇ ਉਸ ਨੂੰ ਕਹਿਣ ਲੱਗਾ ਕਿ ਉਹ ਉਸ ਨੂੰ ਅਤੇ ਉਹਨਾਂ ਦੇ ਦੋ ਬੱਚਿਆਂ ਨੂੰ ਕਤਲ ਕਰਨ ਲੱਗਾ ਹੈ। ਫਿਰ ਉਸ ਨੇ ਜਸਬੀਰ `ਤੇ ਹਥੋੜੇ ਨਾਲ ਵਾਰ ਕੀਤਾ। ਜਸਬੀਰ ਨੇ ਆਪਣੇ ਪਤੀ ਤੋਂ ਛੁੱਟ ਕੇ ਪੁਲੀਸ ਨੂੰ ਫੋਨ ਕਰਨ ਦੀ ਕੋਸਿ਼ਸ਼ ਕੀਤੀ ਪਰ ਫੋਨ ਲਾਈਨ ਕੱਟੀ ਹੋਈ ਸੀ। ਕਿਸੇ ਗਵਾਂਢੀ ਵਲੋਂ ਫੋਨ ਕਰਨ `ਤੇ ਪੁਲੀਸ ਉੱਥੇ ਪਹੁੰਚੀ ਅਤੇ ਉਹਨਾਂ ਨੇ ਜਸਬੀਰ ਨੂੰ ਬਲਵੀਰ ਸਿੰਘ ਕੋਲੋਂ ਛੁਡਵਾਇਆ। ਉਸ ਸਮੇਂ ਤੱਕ ਬਲਵੀਰ ਸਿੰਘ ਆਪਣੀ ਪਤਨੀ `ਤੇ ਹਥੋੜੇ ਨਾਲ ਕਈ ਵਾਰ ਕਰ ਚੁੱਕਿਆ ਸੀ ਅਤੇ ਜਸਬੀਰ ਦਾ ਗਲਾ ਘੁੱਟ ਰਿਹਾ ਸੀ। ਬਾਅਦ ਵਿੱਚ ਬਲਬੀਰ ਸਿੰਘ ਗੋਸਲ ਨੇ ਅਦਾਲਤ ਸਾਹਮਣੇ ਆਪਣਾ ਕਸੂਰ ਮੰਨ ਲਿਆ, ਜਿਸ ਦੇ ਨਤੀਜੇ ਵਜੋਂ ਉਸ ਨੂੰ 13 ਜੁਲਾਈ 2000 ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਵਾਈ ਗਈ। ਜੁਲਾਈ 1998 ਅਲਬਰਟਾ ਦੇ ਸ਼ਹਿਰ ਕੈਲਗਰੀ ਵਿੱਚ ਗੁਰਦੀਪ ਗਰੇਵਾਲ ਨੂੰ ਪੁਲੀਸ ਨੇ ਉਸ ਵੇਲੇ ਗੋਲੀ ਮਾਰ ਕੇ ਮਾਰ ਦਿੱਤਾ ਜਿਸ ਸਮੇਂ ਉਸ ਨੇ ਆਪਣੀ ਸੱਸ ਬਲਵਿੰਦਰ ਕੌਰ ਤੂਰ ਉੱਤੇ ਚਾਕੂ ਨਾਲ ਹਮਲਾ ਕੀਤਾ। ਗੁਰਦੀਪ ਗਰੇਵਾਲ ਦੀ ਵੱਖ ਹੋਈ ਪਤਨੀ ਸਤਵਿੰਦਰ ਆਪਣੀ ਮਾਂ ਨਾਲ ਰਹਿ ਰਹੀ ਸੀ। ਉੱਥੇ ਆਕੇ ਗੁਰਦੀਪ ਗਰੇਵਾਲ ਦੀ ਸਤਵਿੰਦਰ ਨਾਲ ਲੜਾਈ ਹੋਈ। ਇਸ ਦੌਰਾਨ ਸਤਵਿੰਦਰ ਗੁਰਦੀਪ ਤੋਂ ਛੁੱਟ ਕੇ ਗਵਾਂਢੀਆਂ ਦੇ ਚਲੀ ਗਈ ਜਿੱਥੋਂ ਜਾ ਕੇ ਉਸ ਨੇ ਪੁਲੀਸ ਨੂੰ ਫੋਨ ਕੀਤਾ। ਪੁਲੀਸ ਦੋ ਮਿੰਟਾਂ ਵਿੱਚ ਉੱਥੇ ਪਹੁੰਚ ਗਈ। ਆਉਣ ਬਾਅਦ ਪੁਲੀਸ ਨੇ ਗੁਰਦੀਪ ਨਾਲ ਗੱਲ ਕੀਤੀ ਪਰ ਜਦੋਂ ਗੁਰਦੀਪ ਨੇ ਆਪਣੀ ਸੱਸ `ਤੇ ਚਾਕੂ ਨਾਲ ਵਾਰ ਕੀਤਾ ਤਾਂ ਪੁਲੀਸ ਨੇ ਪਹਿਲਾਂ ਇਕ ਗੋਲੀ ਚਲਾਈ ਅਤੇ ਫਿਰ ਪੰਜ ਹੋਰ ਗੋਲੀਆਂ ਚਲਾਈਆਂ। ਨਤੀਜੇ ਵਜੋਂ ਗੁਰਦੀਪ ਗਰੇਵਾਲ ਦੀ ਮੌਤ ਹੋ ਗਈ। ਦਸੰਬਰ 1994/ ਫਰਵਰੀ 1995 ਦਸੰਬਰ 1994 ਵਿੱਚ ਪਾਲ ਚੀਮਾ ਵਿਨੀਪੈੱਗ ਦੀ ਇਕ ਔਰਤ ਪਰਮਜੀਤ ਦੇ ਕੰਮ `ਤੇ ਗਿਆ ਅਤੇ ਉਸ ਨੂੂੰ ਅਗਵਾ ਕਰ ਲਿਆ ਅਤੇ 10 ਘੰਟਿਆਂ ਲਈ ਉਸ ਨੂੰ ਚਾਕੂ ਦੀ ਨੋਕ `ਤੇ ਆਪਣੇ ਕਬਜ਼ੇ ਵਿੱਚ ਰੱਖਿਆ। ਚੀਮਾ ਨੇ ਅਜਿਹਾ ਉਦੋਂ ਕੀਤਾ ਜਦੋਂ ਪਰਮਜੀਤ ਨੇ ਪਾਲ ਚੀਮਾ ਅਤੇ ਉਸ ਵਿਚਕਾਰ ਚੱਲ ਰਹੀ ਵਿਆਹ ਦੀ ਗੱਲਬਾਤ ਨੂੰ ਤੋੜ ਦਿੱਤਾ ਸੀ। ਇਸ ਲਈ ਚੀਮਾ ਉੱਤੇ ਚਾਰਜ ਲਾਏ ਗਏ। ਜਮਾਨਤ `ਤੇ ਹੁੰਦਾ ਹੋਇਆ ਚੀਮਾ ਫਰਵਰੀ 1995 ਵਿੱਚ ਇਕ ਵਾਰ ਫਿਰ ਪਰਮਜੀਤ ਦੇ ਘਰ ਗਿਆ ਅਤੇ ਉਸ ਨੂੰ ਇਕ ਵਾਰ ਫਿਰ ਫੜਨ ਦੀ ਕੋਸਿ਼ਸ਼ ਕੀਤੀ। ਉਸ ਦੇ ਹੱਥ ਵਿੱਚ ਆਟੋਮੈਟਕ ਗੰਨ ਸੀ। ਉਸ ਨੇ ਗੰਨ ਪਰਮਜੀਤ ਦੀ ਮਾਤਾ ਵੱਲ ਕੀਤੀ ਅਤੇ ਤਿੰਨ ਜਾਂ ਚਾਰ ਵਾਰ ਘੋੜਾ ਦੱਬਿਆ ਪਰ ਗੰਨ ਨਹੀਂ ਚੱਲੀ। ਜੂਨ 1995 ਵਿੱਚ ਪਾਲ ਚੀਮਾ ਨੂੰ ਪਰਮਜੀਤ ਨੂੰ ਅਗਵਾ ਕਰਨ ਦੀ ਕੋਸਿ਼ਸ਼ ਲਈ ਦੋਸ਼ੀ ਕਰਾਰ ਦਿੱਤਾ ਗਿਆ ਅਤੇ 3 ਸਾਲ ਦੀ ਸਜ਼ਾ ਸੁਣਾਈ ਗਈ। ਜੁਲਾਈ 2007 ਵਿੱਚ ਉੱਪਰ ਬਿਆਨ ਕੀਤੇ ਗਏ ਇਕ ਕੇਸ ਵਿੱਚ ਪੁਲੀਸ ਵਲੋਂ ਪਾਲ ਚੀਮਾ ਨੂੰ ਆਪਣੀ ਪਤਨੀ ਸ਼ਮੀਨਾ ਹਿਰਜੀ ਦੀ ਹੱਤਿਆ ਲਈ ਸੱ਼ਕੀ ਸਮਝਿਆ ਜਾ ਰਿਹਾ ਸੀ। ਪਰ 27 ਅਗਸਤ 2007 ਨੂੰ ਪਾਲ ਚੀਮਾ ਨੇ ਆਪਣੇ ਮਾਪਿਆਂ ਦੇ ਘਰ ਦੀ ਬੇਸਮੈਂਟ ਵਿੱਚ ਆਤਮਹੱਤਿਆ ਕਰ ਲਈ।ਜੁਲਾਈ 1994ਸਰੀ ਵਿੱਚ 52 ਸਾਲਾ ਕੁੰਦਨ ਸਿੰਘ ਸੰਘਾ ਨੇ ਆਪਣੀ 20 ਸਾਲਾ ਧੀ ਸੁਖਜੀਤ ਸੰਘਾ ਉੱਪਰ ਕਾਰ ਚਾੜ੍ਹ ਦਿੱਤੀ ਕਿਉਂਕਿ ਉਹ ਘਰ ਛੱਡ ਕੇ ਚਲੇ ਗਈ ਸੀ। ਕੁੰਦਨ ਸਿੰਘ ਸੰਘਾ ਦਾ ਵਿਚਾਰ ਸੀ ਕਿ ਸੁਖਜੀਤ ਦੇ ਘਰ ਛੱਡ ਕੇ ਜਾਣ ਕਾਰਨ ਪਰਿਵਾਰ ਦੀ ਬੇਇਜ਼ਤੀ ਹੋਈ ਸੀ। ਸੰਘਾ ਵਲੋਂ ਸੁਖਜੀਤ ਉੱਤੇ ਕਾਰ ਚਾੜ੍ਹਨ ਕਾਰਨ ਸੁਖਜੀਤ ਦੀ ਲੱਤ ਟੁੱਟ ਗਈ। ਬਾਅਦ ਵਿੱਚ 23 ਅਗਸਤ 1994 ਨੂੰ ਕੰੁਦਨ ਸੰਘਾ ਨੇ ਅਦਾਲਤ ਸਾਹਮਣੇ ਆਪਣਾ ਕਸੂਰ ਮੰਨ ਲਿਆ ਸੀ ਜਿਸ ਦੇ ਨਤੀਜੇ ਵਜੋਂ ਸਤੰਬਰ 1994 ਵਿੱਚ ਉਸ ਨੂੰ 15 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ।ਦਸੰਬਰ 1991ਬਰਨਬੀ ਦੀ ਪ੍ਰੋਵਿੰਸਿ਼ਅਲ ਅਦਾਲਤ ਨੇ ਰਾਜੇਸ਼ ਸੈਮੀ ਨੂੰ ਆਪਣੀ 35 ਸਾਲਾ ਪਤਨੀ ਕ੍ਰਿਸਟੀਨਾ ਸੈਮੀ `ਤੇ ਸੰਗੀਨ ਹਮਲਾ ਕਰਨ ਲਈ ਦੋਸ਼ੀ ਕਰਾਰ ਦਿੱਤਾ। ਅਗਸਤ 1991 ਵਿੱਚ ਰਾਜੇਸ਼ ਨੇ ਆਪਣੀ ਪਤਨੀ ਨੂੰ ਪਹਿਲਾਂ ਕੁੱਟਿਆ ਅਤੇ ਫਿਰ ਅੱਗ ਲਾ ਦਿੱਤੀ। ਅੱਗ ਲੱਗਣ ਕਾਰਨ ਕ੍ਰਿਸਟੀਨਾ ਦੇ ਹੱਥਾਂ, ਬਾਹਾਂ ਅਤੇ ਚਿਹਰੇ `ਤੇ ਜਲਣ ਕਾਰਨ ਸੈਕਿੰਡ ਡਿਗਰੀ ਦੇ ਜ਼ਖਮ ਹੋਏ। ਰਾਜੇਸ਼ ਨੇ ਅਜਿਹਾ ਇਸ ਕਰ ਕੇ ਕੀਤਾ ਕਿਉਂਕਿ ਕ੍ਰਿਸਟੀਨਾ ਨੇ ਰਾਜੇਸ਼ ਅਤੇ ਉਸ ਦੇ ਕਜ਼ਨ ਨਾਲ ਹਮਬਿਸਤਰ ਹੋਣ ਤੋਂ ਇਨਕਾਰ ਕਰ ਦਿੱਤਾ ਸੀ।ਦਸੰਬਰ 1987ਅਲਬਰਟਾ ਦੇ ਸ਼ਹਿਰ ਕੈਲਗਰੀ ਵਿੱਚ 42 ਸਾਲਾ ਮੱਖਣ ਸਿੰਘ ਬਰਾੜ ਨੂੰ ਅਦਾਲਤ ਨੇ 14 ਸਾਲ ਦੀ ਸਜ਼ਾ ਸੁਣਾਈ ਕਿਉਂਕਿ ਬਰਾੜ ਨੇ ਆਪਣੀ ਪਤਨੀ ਨੂੰ ਮਾਰਨ ਦੀ ਸਾਜਸ਼ ਰਚੀ ਸੀ ਤਾਂ ਕਿ ਬਰਾੜ ਆਪਣੀ ਪਤਨੀ ਦੀ 2.1 ਮਿਲੀਅਨ ਡਾਲਰ ਦੀ ਲਾਇਫ ਇੰਸ਼ੋਰੈਂਸ ਲੈ ਸਕੇ। ਇਕ ਵੇਲੇ ਬਰਾੜ ਕੈਲਗਰੀ ਵਿੱਚ ਇਕ ਥਿਏਟਰ, ਟ੍ਰੈਵਲ ਏਜੰਸੀ ਅਤੇ ਕੰਨਸਟਰਕਸ਼ਨ ਕੰਪਨੀ ਦਾ ਮਾਲਕ ਸੀ। ਸਜ਼ਾ ਸੁਣਾਉਂਦੇ ਵਕਤ ਜੱਜ ਨੇ ਅਦਾਲਤ ਵਿੱਚ ਦੱਸਿਆ ਕਿ ਬਰਾੜ ਨੇ ਵੈਨਕੂਵਰ ਵਿੱਚ ਇਕ ਭਾੜੇ ਦੇ ਕਾਤਲ ਰਾਹੀਂ ਆਪਣੀ ਪਤਨੀ ਬੇਅੰਤ ਬਰਾੜ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਸੀ। ਇਹ ਕਤਲ ਉਦੋਂ ਹੋਣਾ ਸੀ ਜਦੋਂ ਮੱਖਣ ਬਰਾੜ ਨੇ ਭਾਰਤ ਦੇ ਦੌਰੇ ਤੇ ਗਿਆ ਹੋਣਾ ਸੀ। ਬਰਾੜ ਦੀ ਇਹ ਯੋਜਨਾ ਉਸ ਸਮੇਂ ਫੇਲ੍ਹ ਹੋ ਗਈ ਜਦੋਂ ਇਕ ਅੰਡਰਕਵਰ ਪੁਲੀਸ ਅਫਸਰ ਨੂੰ ਇਸ ਦਾ ਪਤਾ ਲੱਗ ਗਿਆ।
ਮਾਰਚ 1985ਓਨਟੇਰੀਓ ਦੇ ਸ਼ਹਿਰ ਟਰਾਂਟੋ ਵਿੱਚ 31 ਸਾਲਾ ਸਈਦ ਅਸਲਮ ਨੇ ਆਪਣੇ 4 ਮਹੀਨਿਆਂ ਦੇ ਬੇਟੇ ਨੂੰ 17 ਮੰਜਿ਼ਲ ਦੀ ਬਾਲਕੋਨੀ ਤੋਂ ਹੇਠਾਂ ਲਮਕਾਇਆ ਅਤੇ ਆਪਣੀ ਪਤਨੀ ਪਰਵੀਨ ਨੂੰ ਧਮਕੀ ਦਿੱਤੀ ਕਿ ਜੇ ਉਸ ਨੇ ਆਪਣੀ ਕਾਰ ਸਈਦ ਅਸਲਮ ਦੇ ਨਾਂ ਨਾ ਕੀਤੀ ਤਾਂ ਉਹ ਬੱਚੇ ਨੂੰ ਹੇਠਾਂ ਸੁੱਟ ਦੇਵੇਗਾ। ਇਸ ਵਾਰਦਾਤ ਦੇ ਸੰਬੰਧ ਵਿੱਚ ਅਦਾਲਤ ਨੇ 17 ਦਸੰਬਰ ਨੂੰ ਸਈਦ ਅਸਲਮ ਨੂੰ ਆਪਣੇ ਬੱਚੇ `ਤੇ ਹਮਲਾ ਕਰਨ ਦੇ 2 ਦੋਸ਼ਾਂ, ਆਪਣੀ ਪਤਨੀ ਨੂੰ ਜਿਸਮਾਨੀ ਨੁਕਸਾਨ ਪਹੁੰਚਾਉਣ ਦੇ 1 ਦੋਸ਼ ਅਤੇ ਧੱਕੇ ਨਾਲ ਜਾਇਦਾਦ ਖੋਹਣ ਦੇ 1 ਦੋਸ਼ ਲਈ ਦੋਸ਼ੀ ਕਰਾਰ ਦਿੱਤਾ ਅਤੇ ਫਿਰ 30 ਜਨਵਰੀ 1985 ਨੂੰ ਉਸ ਨੂੰ 5 ਸਾਲ ਦੀ ਸਜ਼ਾ ਸੁਣਾਈ। ਸਜ਼ਾ ਸੁਣਾਉਂਦੇ ਵਕਤ ਜੱਜ ਨੇ ਇਸ ਵਾਰਦਾਤ ਦੀ “ਘਰੇਲੂ ਦਹਿਸ਼ਤਵਾਦ” ਨਾਲ ਤੁਲਨਾ ਦਿੱਤੀ। ਅੰਤਿਕਾ ਉਪਰਲੇ ਤੱਥਾਂ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇੰਡੋ-ਕੈਨੇਡੀਅਨ ਸਮਾਜ ਵਿੱਚ ਔਰਤਾਂ ਵਿਰੁੱਧ ਹਿੰਸਾ ਦਾ ਇਕ ਲੰਮਾ ਇਤਿਹਾਸ ਹੈ। ਭਾਈਚਾਰੇ ਵਿੱਚ ਔਰਤਾਂ ਵਿਰੁੱਧ ਵਾਪਰਦੇ ਇਸ ਜੁਲਮ ਨੂੰ ਖਤਮ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਇਸ ਨਮੋਸ਼ੀ ਭਰੇ ਇਤਿਹਾਸ ਨੂੰ ਸਵੀਕਾਰ ਕਰੀਏ ਅਤੇ ਇਸ ਤੋਂ ਸ਼ਰਮ ਮਹਿਸੂਸ ਕਰੀਏ। ਇਸ ਇਤਿਹਾਸ ਨੂੰ ਸਵੀਕਾਰ ਕਰਕੇ ਅਸੀਂ ਸਮਝ ਸਕਾਂਗੇ ਕਿ ਇਹ ਸਮੱਸਿਆ ਸਾਡੇ ਸਮਾਜ ਵਿੱਚ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਅਤੇ ਇਸ ਨੂੰ ਖਤਮ ਕਰਨ ਲਈ ਸਾਨੂੰ ਲੰਮੇ ਸਮੇਂ ਤੱਕ ਲੜਾਈ ਲੜਨ ਦੀ ਲੋੜ ਹੈ।
Ballraj Cheema
A serious writer whose pen stands for no nonsense look at life and its multifaceted meandering complexities through humane glasses. Not bitter yet humanely critical of what goes on around in the name of polite political drama of life.