ਇਰਾਨ ਦੀ ਬਹਾਦਰ ਲੜਕੀ ਰੇਹਾਨਾ ਜਿਸਨੇ ਬਲਾਤਕਾਰ ਤੋਂ ਬਚਣ ਲਈ ਜੋ ਕੀਤਾ ਉਸਦੀ ਸਜ਼ਾ ਦੇ ਰੂਪ ’ਚ ਮਿਲੀ ਮੌਤ
Posted on:- 26-12-2014
(ਨੋਟ- ਕੌਮਾਂਤਰੀ ਪੱਧਰ ਤੇ ਹੋ ਰਹੇ ਜਬਰਦਸਤ ਵਿਰੋਧ ਦੀ ਅਣਦੇਖੀ ਕਰਦੇ ਹੋਏ ਇਰਾਨ ਦੇ ਹਾਕਮਾਂ ਨੇ 25 ਅਕਤੂਬਰ ਨੂੰ ਰੇਹਾਨਾ ਜ਼ੇਬਾਰੀ ਨੂੰ ਫਾਂਸੀ ਦੇ ਦਿੱਤੀ। ਰੇਹਾਨਾ ਤਿਹਰਾਨ ਦੀ ਇਕ ਇੰਟੀਰੀਅਰ ਡਿਜ਼ਾਇਨਰ ਸੀ ਜਿਸਦੇ ਨਾਲ 2007 ਵਿਚ ਇਕ ਭਿਆਨਕ ਹਾਦਸਾ ਵਾਪਰਿਆ ਸੀ। ਉਸ ਸਾਲ ਇਰਾਨ ਸਰਕਾਰ ਦੇ ਖੁਫਿਆ ਵਿਭਾਗ ਦੇ ਇਕ ਅਧਿਕਾਰੀ ਮੁਰਤਰਜਾ ਸਰਬੰਦੀ ਨੇ ਆਪਣੇ ਘਰ ਦੀ ਸਜਾਵਟ ਕਰਵਾਉਣ ਦੇ ਬਹਾਨੇ ਉਸਨੂੰ ਬੁਲਾਇਆ ਅਤੇ ਬਲਾਤਕਾਰ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਰੇਹਾਨਾ ਦੀ ਉਮਰ ਸਿਰਫ 19 ਸਾਲ ਦੀ ਸੀ। ਰੇਹਾਨਾ ਨੇ ਵਿਰੋਧ ਕੀਤਾ ਅਤੇ ਆਪਣੀ ਜੇਬ ਵਿਚੋਂ ਇਕ ਚਾਕੂ ਕੱਢਕੇ ਉਸਦੀ ਪਿੱਠ ’ਤੇ ਵਾਰ ਕੀਤਾ। ਉਹ ਚਾਕੂ ਦਾ ਵਾਰ ਕਿਸੇ ਵੀ ਹਾਲਤ ਵਿਚ ਜਾਨਲੇਵਾ ਨਹੀਂ ਹੋ ਸਕਦਾ ਸੀ ਪਰ ਸਰਬੰਦੀ ਦੀ ਮੌਤ ਹੋ ਗਈ। ਰੇਹਾਨਾ ਨੇ ਆਪਣੇ ਬਿਆਨ ਵਿਚ ਪੂਰਾ ਘਟਨਾਕ੍ਰਮ ਅਦਾਲਤ ਨੂੰ ਦੱਸਿਆ ਅਤੇ ਇਹ ਵੀ ਦੱਸਿਆ ਕਿ ਜਿਸ ਸਮੇਂ ਉਹ ਚਾਕੂ ਦੇ ਵਾਰ ਕਰਨ ਤੋਂ ਬਾਅਦ ਉਹ ਕਮਰੇ ਵਿੱਚ ਸੀ ਸਰਬੰਦੀ ਨੂੰ ਮਿਲਣ ਕੋਈ ਆਇਆ ਅਤੇ ਦੋਵਾਂ ਵਿੱਚ ਝੜਪ ਹੋ ਗਈ ਜਿਸਦਾ ਫਾਇਦਾ ਉਠਾਕੇ ਉਹ ਭੱਜ ਸਕੀ। ਅਨੁਮਾਨ ਹੈ ਕਿ ਉਸ ਅਜਨਬੀ ਨੇ ਸਰਬੰਦੀ ਦੀ ਹੱਤਿਆ ਕੀਤੀ। ਅਦਾਲਤ ਨੇ ਰੇਹਾਨਾ ਦੀਆਂ ਦਲੀਲਾਂ ਨੂੰ ਮਨਜੂਰ ਨਹੀਂ ਕੀਤਾ ਸਿੱਟੇ ਵਜੋਂ ਇਕ ਵਾਰ ਮੁਲਤਵੀ ਹੋਣ ਦੇ ਬਾਅਦ ਅੰਤ : 25 ਅਕਤੂਬਰ 2014 ਨੂੰ ਉਸਨੂੰ ਫਾਂਸੀ ਦੇ ਦਿੱਤੀ ਗਈ...ਰੇਹਾਨਾ ਨੇ ਮੌਤ ਤੋਂ ਪਹਿਲਾਂ ਆਪਣੀ ਮਾਂ ਨੂੰ ਸੰਦੇਸ਼ ਭੇਜਿਆ ਅਤੇ ਬੇਨਤੀ ਕੀਤੀ ਕਿ ਉਸਦੇ ਸਰੀਰ ਦੇ ਸਾਰੇ ਅੰਗ ਦਾਨ ਕਰ ਦਿੱਤੇ ਜਾਣ। ਪੇਸ਼ ਹੈ ਰੇਹਾਨਾ ਦਾ ਉਹ ਅੰਤਿਮ ਸੰਦੇਸ਼ :-
ਪਿਆਰੀ ਸ਼ੋਲੇਹ,
ਅੱਜ ਮੈਨੂੰ ਪਤਾ ਲੱਗਿਆ ਕਿ ਹੁਣ ‘ਕਿ ਸਾਸ’ (ਇਰਾਨੀ ਨਿਆਇਕ ਪ੍ਰਬੰਧ ਵਿਚ ਬਦਲੇ ਦਾ ਕਾਨੂੰਨ) ਦੇ ਰੂਬਰੂ ਹੋਣ ਦੀ ਮੇਰੀ ਵਾਰੀ ਆ ਗਈ ਹੈ। ਮੈਨੂੰ ਸੋਚ ਕੇ ਦੁੱਖ ਹੁੰਦਾ ਹੈ ਕਿ ਤੁਸੀਂ ਮੈਨੂੰ ਕਿਉਂ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਮੈਂ ਆਪਣੀ ਜ਼ਿੰਦਗੀ ਦੀ ਕਿਤਾਬ ਦੇ ਆਖਰੀ ਪੰਨੇ ਤੇ ਪਹੁੰਚ ਗਈ ਹਾਂ। ਤੁਹਾਨੂੰ ਨਹੀਂ ਲਗਦਾ ਕਿ ਮੈਨੂੰ ਇਹ ਜਾਨਣਾ ਚਾਹੀਦਾ ਸੀ ? ਤੁਹਾਨੂੰ ਪਤਾ ਹੈ ਕਿ ਤੁਹਾਨੂੰ ਦੁਖੀ ਵੇਖਕੇ ਮੈਂ ਕਿੰਨੀ ਸ਼ਰਮ ਮਹਿਸੂਸ ਕਰ ਰਹੀ ਹਾਂ। ਤੁਸੀਂ ਕਿਉਂ ਨਹੀਂ ਮੈਨੂੰ ਉਹ ਮੌਕਾ ਦਿੱਤਾ ਕਿ ਮੈਂ ਤੁਹਾਡੇ ਅਤੇ ਪਾਪਾ ਦੇ ਹੱਥ ਚੁੰਮ ਸਕਾ ? ਦੁਨੀਆ ਨੇ ਮੈਨੂੰ 19 ਸਾਲ ਤੱਕ ਹੀ ਜਿੰਦਾ ਰਹਿਣ ਦੀ ਇਜਾਜਤ ਦਿੱਤੀ। ਉਸ ਮਨਹੂਸ ਰਾਤ ਨੂੰ ਮੇਰੀ ਮੌਤ ਹੋ ਜਾਣੀ ਚਾਹੀਦੀ ਸੀ। ਮੇਰਾ ਸਰੀਰ ਸ਼ਹਿਰ ਦੀ ਕਿਸੇ ਨੁੱਕਰ ‘ਚ ਸੁੱਟ ਦਿੱਤਾ ਜਾਂਦਾ ਅਤੇ ਕੁਝ ਦਿਨਾਂ ਬਾਅਦ ਪੁਲਿਸ ਉਸਨੂੰ ਬਰਾਮਦ ਕਰਦੀ ਅਤੇ ਤੁਹਾਨੂੰ ਮੇਰੀ ਸ਼ਨਾਖਤ ਕਰਨ ਲਿਜਾਇਆ ਜਾਂਦਾ ਜਿੱਥੇ ਤੁਹਾਨੂੰ ਪਤਾ ਚਲਦਾ ਕਿ ਮੇਰੇ ਨਾਲ ਬਲਾਤਕਾਰ ਵੀ ਹੋਇਆ ਸੀ। ਕਾਤਲਾਂ ਦਾ ਸੁਰਾਗ ਕਦੇ ਨਾ ਮਿਲਦਾ ਕਿਉਂਕਿ ਨਾ ਤਾਂ ਆਪਣੀ ਮਾਲੀ ਹੈਸੀਅਤ ਐਸੀ ਹੈ ਤੇ ਨਾ ਆਪਣੇ ਕੋਲ ਤਾਕਤ ਹੈ। ਇਸਤੋਂ ਬਾਅਦ ਤੁਸੀਂ ਆਪਣੀ ਪੂਰੀ ਜ਼ਿੰਦਗੀ ਜਲਾਲਤ ਅਤੇ ਸ਼ਰਮਿੰਦਗੀ ਨਾਲ ਬਿਤਾਉਂਦੇ ਰਹਿੰਦੇ ਅਤੇ ਕੁਝ ਸਾਲਾਂ ਬਾਅਦ ਤੁਸੀਂ ਇਸ ਤਕਲੀਫ ਨਾਲ ਹੀ ਮਰ ਜਾਂਦੇ ਅਤੇ ਬਸ ਸਭ ਕੁਝ ਖਤਮ ਹੋ ਜਾਂਦਾ।ਪਰ ਉਸ ਬਦਸ਼ਗਨ ਭਰੇ ਪਲ ਨੇ ਸਾਰੀ ਕਹਾਣੀ ਬਦਲ ਦਿੱਤੀ। ਮੇਰਾ ਸਰੀਰ ਸੜਕ ਤੇ ਨਹੀਂ ਸੁਟਿਆ ਗਿਆ ਸਗੋਂ ਉਸ ਨੂੰ ਏਵੀਨ ਜੇਲ੍ਹ ਦੀ ਕਬਰ ਵਿਚ ਅਤੇ ਉਸਦੇ ਵਾਰਡ ਦੀ ਤਨਹਾਈ ਵਿਚ ਸੁੱਟ ਦਿੱਤਾ ਗਿਆ ਅਤੇ ਹੁਣ ਉਸਨੂੰ ਸ਼ਹਿਰ-ਏ-ਰਾਏ ਦੀ ਕਬਰਨੁਮਾ ਜੇਲ੍ਹ ਵਿਚ ਰੱਖ ਦਿੱਤਾ ਗਿਆ ਹੈ। ਪਰ ਇਸਨੂੰ ਕਿਸਮਤ ਦੀ ਖੇਡ ਮੰਨ ਲੈਣਾ ਅਤੇ ਕੋਈ ਸ਼ਿਕਾਇਤ ਨਾ ਕਰਨਾ। ਤੁਸੀਂ ਮੈਥੋਂ ਬਿਹਤਰ ਜਾਣਦੇ ਹੋ ਕਿ ਮੌਤ ਹੀ ਜ਼ਿੰਦਗੀ ਦਾ ਅੰਤ ਨਹੀਂ ਹੁੰਦੀ।ਤੁਸੀਂ ਮੈਨੂੰ ਸਿਖਾਇਆ ਸੀ ਕਿ ਆਦਮੀ ਇਸ ਦੁਨੀਆ ਵਿਚ ਇਸ ਲਈ ਆਉਂਦਾ ਹੈ ਤਾਂ ਕਿ ਉਹ ਕੁਝ ਤਜਰਬੇ ਹਾਸਲ ਕਰੇ ਅਤੇ ਕੋਈ ਸਬਕ ਸਿੱਖੇ ਅਤੇ ਹਰ ਜਨਮ ਦੇ ਨਾਲ ਆਦਮੀ ਦੇ ਮੋਢਿਆਂ ਤੇ ਕੁਝ ਜਿੰਮੇਵਾਰੀਆਂ ਦਾ ਬੋਝ ਆ ਜਾਂਦਾ ਹੈ। ਮੈਂ ਇਹ ਵੀ ਸਿੱਖਿਆ ਕਿ ਕਦੇ-ਕਦੇ ਜ਼ਿੰਦਗੀ ਵਿਚ ਲੜਾਈ ਵੀ ਲੜਣੀ ਪੈਂਦੀ ਹੈ। ਮੈਨੂੰ ਯਾਦ ਹੈ ਕਿ ਜਦੋਂ ਤੁਸੀਂ ਮੈਨੂੰ ਦੱਸਿਆ ਸੀ ਕਿ ਇਕ ਗੱਡੀ ਵਾਲੇ ਨੇ ਉਸ ਵਿਅਕਤੀ ਦਾ ਵਿਰੋਧ ਕੀਤਾ ਜਿਹੜਾ ਮੈਨੂੰ ਚਾਬੁਕ ਮਾਰ ਰਿਹਾ ਸੀ ਪਰ ਚਾਬੁਕ ਮਾਰਨ ਵਾਲੇ ਨੇ ਗੱਡੀ ਵਾਲੇ ਦੇ ਸਿਰ ਤੇ ਅਜਿਹਾ ਚਾਬੁਕ ਮਾਰਿਆ ਕਿ ਉਸਦੀ ਮੌਤ ਹੋ ਗਈ। ਇਸੇ ਸਿਲਸਿਲੇ ਵਿਚ ਤੁਸੀਂ ਇਹ ਵੀ ਦੱਸਿਆ ਸੀ ਕਿ ਕਿਸੇ ਅਸੂਲ ਦੀ ਰੱਖਿਆ ਲਈ ਅਖੀਰ ਤੱਕ ਲੜਣਾ ਚਾਹੀਦਾ ਹੈ ਭਾਵੇਂ ਨਤੀਜੇ ਦੇ ਤੌਰ ਤੇ ਮੌਤ ਕਿਉਂ ਨਾ ਮਿਲੇ।ਜਿਨ੍ਹਾਂ ਦਿਨਾਂ ‘ਚ ਅਸੀਂ ਸਕੂਲ ਜਾਂਦੇ ਸੀ ਕਿ ਲੜਾਈ ਝਗੜੇ ਤੇ ਸ਼ਿਕਵੇ ਸ਼ਿਕਾਇਤਾ ਦੇ ਸਮੇਂ ਸਾਨੂੰ ਔਰਤਾਨਾ ਹੋਣਾ ਚਾਹੀਦਾ ਹੈ। ਕਿਉਂਕਿ ਤੁਹਾਨੂੰ ਯਾਦ ਹੈ ਕਿ ਸਾਡੇ ਤੌਰ ਤਰੀਕੇ ’ਤੇ ਤੁਸੀਂ ਕਿੰਨੀ ਵਾਰ ਉਂਗਲ ਉਠਾਈ ਸੀ? ਤੁਹਾਡਾ ਤਜਰਬਾ ਗਲਤ ਸੀ। ਜਦੋਂ ਇਹ ਘਟਨਾ ਹੋਈ ਤਾਂ ਇਹ ਸਾਰੀਆਂ ਹਦਾਇਤਾਂ ਮੇਰੇ ਕਿਸੇ ਕੰਮ ਨਾ ਆਈਆਂ। ਅਦਾਲਤ ਵਿਚ ਮੈਨੂੰ ਇੰਝ ਪੇਸ਼ ਕੀਤਾ ਗਿਆ ਕਿ ਮੈਂ ਕੋਈ ਬੇਰਹਿਮ ਕਾਤਲ ਅਤੇ ਬਰਬਰ ਅਪਰਾਧੀ ਹੋਵਾਂ। ਮੈਂ ਹੰਝੂ ਨਹੀਂ ਵਹਾਏ, ਮੈਂ ਹੱਥ ਨਹੀਂ ਜੋੜੇ, ਮੈਂ ਚੀਕੀ ਚਿਲਾਈ ਨਹੀਂ ਕਿਉਂਕਿ ਕਾਨੂੰਨ ’ਤੇ ਮੈਨੂੰ ਭਰੋਸਾ ਸੀ।ਪਰ ਮੇਰੇ ਉੱਤੇ ਦੋਸ਼ ਲਗਾਇਆ ਗਿਆ ਕਿ ਮੈਂ ਆਪਣੇ ਅਪਰਾਧ ਪ੍ਰਤੀ ਬੇਪ੍ਰਵਾਹ ਹਾਂ। ਤੁਸੀਂ ਤਾਂ ਜਾਣਦੇ ਹੋ ਕਿ ਮੈਂ ਕਦੇ ਇਕ ਮੱਛਰ ਵੀ ਨਹੀਂ ਮਾਰਿਆ ਅਤੇ ਜੇ ਕੋਈ ਕਾਕਰੋਚ ਦਿਖ ਜਾਂਦਾ ਤਾਂ ਮੈਂ ਉਸਦੇ ਖੰਭ ਫੜ ਬਾਹਰ ਸੁੱਟ ਆਉਂਦੀ ਸੀ। ਹੁਣ ਮੈਂ ਇਕ ਅਜਿਹੇ ਕਾਤਲ ਦੇ ਤੌਰ ਤੇ ਪੇਸ਼ ਕੀਤੀ ਗਈ ਹਾਂ ਜਿਸਨੇ ਕਾਫੀ ਸੋਚ-ਸਮਝ ਕੇ ਹੱਤਿਆ ਕੀਤੀ। ਜਾਨਵਰਾਂ ਪ੍ਰਤੀ ਮੇਰੇ ਵਿਵਹਾਰ ਸਬੰਧੀ ਕਿਹਾ ਜਾਂਦਾ ਸੀ ਕਿ ਮੈਂ ਮੁੰਢਿਆਂ ਦੀ ਤਰ੍ਹਾਂ ਵਿਵਹਾਰ ਕਰਦੀ ਹਾਂ ਅਤੇ ਅਦਾਲਤ ਵਿਚ ਜੱਜ ਨੇ ਇਸ ਸੱਚਾਈ ਦੇ ਰੂਬਰੂ ਹੋਣ ਦੀ ਜਹਿਮਤ ਵੀ ਨਹੀਂ ਉਠਾਈ ਕਿ ਜਿਸ ਸਮੇਂ ਇਹ ਹਾਦਸਾ ਹੋਇਆ ਮੇਰੇ ਹੱਥਾਂ ਤੇ ਪਾਲਿਸ਼ ਲੱਗੇ ਲੰਮੇ ਨਹੁੰ ਸਨ। ਜੱਜ ਤੋਂ ਨਿਆਂ ਦੀ ਉਮੀਦ ਕਰਦੇ ਸਮੇਂ ਕੋਈ ਵੀ ਆਦਮੀ ਕਿੰਨ੍ਹਾ ਆਸ਼ਾਵਾਨ ਹੁੰਦਾ ਹੈ ! ਜੱਜ ਨੇ ਕਦੇ ਇਹ ਸਮਝਣ ਦੀ ਜਹਿਮਤ ਨਹੀਂ ਚੁੱਕੀ ਕਿ ਮੇਰੇ ਹੱਥ ਕਿਸੇ ਖਿਡਾਰੀ ਦੀ ਤਰ੍ਹਾਂ-ਖਾਸ ਤੌਰ ਤੇ ਕਿਸੇ ਮੁੱਕੇਬਾਜ ਦੀ ਤਰ੍ਹਾਂ ਸਖਤ ਨਹੀਂ ਹਨ ਅਤੇ ਇਸ ਮੁਲਕ ਨੇ ਜਿਸਦੇ ਬਾਰੇ ਵਿਚ ਤੂੰ ਮੇਰੇ ਅੰਦਰ ਬੇਥਾਹ ਮੁਹੱਬਤ ਭਰੀ ਉਸਨੇ ਮੈਨੂੰ ਕਦੇ ਨਹੀਂ ਚਾਹਿਆ ਅਤੇ ਉਸ ਸਮੇਂ ਵੀ ਜਦ ਅਦਾਲਤ ਵਿਚ ਬਹਿਸ ਦੌਰਾਨ ਮੈਂ ਚੀਕ ਰਹੀ ਸੀ ਅਤੇ ਤਮਾਮ ਬੇਹੂਦਾ ਗੱਲਾਂ ਆਪਣੇ ਬਾਰੇ ਸੁਣ ਰਹੀ ਸੀ, ਕਿਸੇ ਨੇ ਮੇਰੀ ਹਮਾਇਤ ਨਹੀਂ ਕੀਤੀ। ਜਿਸ ਸਮੇਂ ਮੈਂ ਆਪਣੀ ਖੂਬਸੂਰਤੀ ਦੀ ਆਖਰੀ ਨਿਸ਼ਾਨੀ ਆਪਣੇ ਲੰਮੇ-ਲੰਮੇ ਵਾਲਾਂ ਨੂੰ ਪੂਰੀ ਤਰ੍ਹਾਂ ਕੱਟ ਦਿੱਤਾ, ਮੈਨੂੰ ਇਕ ਇਨਾਮ ਮਿਲਿਆ : ਗਿਆਰ੍ਹਾਂ ਦਿਨਾਂ ਦੀ ਕੈਦ ਤਨਹਾਈ।ਪਿਆਰੀ ਸ਼ੋਲੇਹ, ਜੋ ਕੁਝ ਮੈਂ ਬਿਆਨ ਕਰ ਰਹੀਂ ਹਾਂ ਉਸਨੂੰ ਸੁਣ ਕੇ ਤੁਸੀਂ ਰੋਣਾ ਨਹੀਂ। ਪੁਲਿਸ ਦੇ ਦਫਤਰ ਵਿਚ ਪਹਿਲੇ ਹੀ ਦਿਨ ਇਕ ਬੁੱਢੇ ਅਣਵਿਆਹੇ ਇਕ ਸਰਕਾਰੀ ਏਜੰਟ ਨੇ ਮੇਰੇ ਨਹੂੰਆਂ ਨੂੰ ਵੇਖਕੇ ਮੈਨੂੰ ਸੱਟ ਪਹੁੰਚਾਈ ਤਦ ਮੈਂ ਸਮਝਿਆ ਕਿ ਇਸ ਜ਼ਮਾਨੇ ਵਿਚ ਖੂਬਸੂਰਤੀ ਦੀ ਕੋਈ ਕਦਰ ਨਹੀਂ। ਕੋਈ ਨਹੀਂ ਚਾਹੁੰਦਾ ਨਜ਼ਰਾਂ ਦੀ ਸੁੰਦਰਤਾ, ਜਜਬਾਤਾਂ ਅਤੇ ਖਾਹਿਸ਼ਾਂ ਦੀ ਸੁੰਦਰਤਾ, ਸੁੰਦਰ ਲਿਖਾਵਟ, ਅੱਖਾਂ ਦੀ ਸੁੰਦਰਤਾ ਅਤੇ ਇੱਥੋਂ ਤੱਕ ਕਿ ਖੁਬਸੂਰਤ ਅਵਾਜ਼ ਦੀ ਖਿੱਚ, ਮੇਰੀ ਪਿਆਰੀ ਮਾਂ, ਮੇਰੇ ਖਿਆਲ ਬਦਲ ਗਏ ਹਨ। ਤੁਸੀਂ ਇਸ ਲਈ ਜਿੰਮੇਵਾਰ ਨਹੀਂ ਹੋ। ਮੇਰੇ ਬੋਲ ਕਦੇ ਖਤਮ ਨਹੀਂ ਹੋਣ ਵਾਲੇ ਅਤੇ ਇਹ ਸਭ ਮੈਂ ਇਕ ਵਿਅਕਤੀ ਨੂੰ ਦੇ ਰਹੀ ਹਾਂ ਤਾਂ ਕਿ ਤੁਹਾਡੀ ਗੈਰ ਮੌਜੂਦਗੀ ਵਿਚ ਅਤੇ ਜਾਣਕਾਰੀ ਬਗੈਰ ਜਦੋਂ ਮੈਨੂੰ ਫਾਂਸੀ ਦੇ ਦਿੱਤੀ ਗਈ ਹੋਵੇ ਤਦ ਇਹ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਵੇ। ਆਪਣੀ ਵਸੀਹਤ ਦੇ ਤੌਰ ਤੇ ਮੈਂ ਕਾਫੀ ਕੁਝ ਆਪਣੀ ਲਿਖਾਵਟ ਵਿਚ ਤੁਹਾਡੇ ਲਈ ਛੱਡ ਰੱਖਿਆ ਹੈ।ਜੋ ਵੀ ਹੋਵੇ, ਮੌਤ ਤੋਂ ਪਹਿਲਾਂ ਮੈਂ ਤੁਹਾਥੋਂ ਕੁਝ ਚਾਹੁੰਦੀ ਹਾਂ ਅਤੇ ਤੁਹਾਨੂੰ ਕਿਸੇ ਵੀ ਹਾਲਤ ਵਿਚ ਮੇਰੀ ਇੱਛਾ ਪੂਰੀ ਕਰਨੀ ਹੀ ਹੋਵੇਗੀ। ਅਸਲ ਵਿਚ ਇਹੋ ਇਕਲੌਤੀ ਚੀਜ ਹੈ ਜੋ ਮੈਂ ਇਸ ਦੁਨੀਆ ਤੋਂ ਇਸ ਮੁਲਕ ਤੋਂ ਅਤੇ ਤੁਹਾਡੇ ਤੋਂ ਮੰਗ ਰਹੀ ਹਾਂ। ਮੈਨੂੰ ਪਤਾ ਹੈ ਕਿ ਤੁਹਾਨੂੰ ਇਸ ਲਈ ਥੋੜਾ ਵਕਤ ਚਾਹੀਦਾ। ਲਿਹਾਜਾ ਆਪਣੀ ਵਸੀਅਤ ਦਾ ਇਕ ਹਿੱਸਾ ਜਲਦੀ ਹੀ ਮੈਂ ਤੁਹਾਨੂੰ ਦੱਸਦੀ ਹਾਂ। ਕ੍ਰਿਪਾ ਕਰਕੇ ਰੋਣਾ ਨਹੀਂ ਅਤੇ ਧਿਆਨ ਨਾਲ ਸੁਣਨਾ। ਮੈਂ ਚਾਹੁੰਦੀ ਹਾਂ ਕਿ ਤੁਸੀਂ ਖੁਦ ਅਦਾਲਤ ਜਾਵੋਂ ਅਤੇ ਮੇਰੀ ਇਸ ਇੱਛਾ ਨੂੰ ਉਥੇ ਰੱਖੋਂ। ਮੈਂ ਜੇਲ੍ਹ ਤੋਂ ਕਿਸੇ ਖਤ ਵਿਚ ਇਹ ਗੱਲਾਂ ਨਹੀਂ ਲਿਖ ਸਕਦੀ ਕਿਉਂਕਿ ਜੇਲ੍ਹ ਦੇ ਹੁਕਮਰਾਨਾ ਤੋਂ ਇਸਦੀ ਇਜਾਜਤ ਲੈਣੀ ਹੋਵੇਗੀ। ਇਸ ਲਈ ਤੁਹਾਨੂੰ ਇਕ ਵਾਰ ਫਿਰ ਮੇਰੇ ਕਰਕੇ ਤਕਲੀਫ ਉਠਾਉਣੀ ਹੀ ਪਵੇਗੀ। ਇਹੀ ਇਕ ਅਜਿਹੀ ਚੀਜ਼ ਹੈ ਜਿਸਨੂੰ ਪੂਰਾ ਕਰਨ ਲਈ ਤੁਸੀਂ ਹੱਥ ਵੀ ਜੋੜੋਂ ਤਾਂ ਮੈਂ ਬੇਚੈਨੀ ਨਹੀਂ ਮਹਿਸੂਸ ਕਰਾਂਗੀ ਹਾਲਾਂਕਿ ਮੈਂ ਕਈ ਵਾਰ ਤੁਹਾਨੂੰ ਇਹ ਗੁਜ਼ਾਰਿਸ਼ ਕੀਤੀ ਕਿ ਫਾਂਸੀ ਦੇ ਫੰਦੇ ਤੋਂ ਮੈਨੂੰ ਬਚਾਉਣ ਲਈ ਤੁਸੀਂ ਹਰਗਿਜ਼ ਕਿਸੇ ਅੱਗੇ ਹੱਥ ਨਾ ਜੋੜਨਾ। ਮੇਰੀ ਪਿਆਰੀ ਮਾਂ ਸ਼ੋਲੇਹ, ਤੁਸੀਂ ਜੋ ਮੇਰੀ ਜ਼ਿੰਦਗੀ ਤੋਂ ਵੀ ਜਿਆਦਾ ਮੇਰੇ ਲਈ ਪਿਆਰੇ ਹੋ, ਮੈਂ ਕਹਿਣਾ ਚਾਹੁੰਦੀ ਹਾਂ ਕਿ ਮੈਂ ਮਿੱਟੀ ਦੇ ਥੱਲੇ ਦਫਨ ਹੋ ਕੇ ਸੜਨਾ ਨਹੀਂ ਚਾਹੁੰਦੀ ਕਿ ਮੇਰੀਆਂ ਅੱਖਾਂ ਤੇ ਮੇਰਾ ਜਵਾਨ ਦਿਲ ਧੂੜ ਵਿਚ ਮਿਲ ਜਾਵੇ। ਤੁਸੀਂ ਉਹਨਾਂ ਨੂੰ ਹੱਥ ਜੋੜਕੇ ਕਹਿਣਾ ਕਿ ਉਹ ਕੋਈ ਅਜਿਹਾ ਇੰਤਜਾਮ ਕਰਨ ਕਿ ਜਿਵੇਂ ਹੀ ਮੈਨੂੰ ਫਾਂਸੀ ਦੇ ਦਿੱਤੀ ਜਾਵੇ ਮੇਰਾ ਦਿਲ, ਗੁਰਦਾ, ਅੱਖਾਂ, ਹੱਡੀਆਂ ਅਤੇ ਅਜਿਹਾ ਕੋਈ ਵੀ ਅੰਗ ਜਿਸਨੂੰ ਕਿਸੇ ਜਰੂਰਤਮੰਦ ਨੂੰ ਦਿੱਤਾ ਜਾ ਸਕੇ ਮੇਰੇ ਸਰੀਰ ‘ਚੋਂ ਕੱਢ ਲਿਆ ਜਾਵੇ ਤੇ ਉਸਨੂੰ ਦਾਨ ਵਿੱਚ ਦੇ ਦਿੱਤਾ ਜਾਵੇ। ਮੈਂ ਨਹੀਂ ਚਾਹੁੰਦੀ ਕਿ ਜਿਸਨੂੰ ਇਹ ਦਿੱਤਾ ਜਾ ਰਿਹਾ ਹੋਵੇ ਉਹ ਮੇਰਾ ਨਾਮ ਵੀ ਜਾਣੇ, ਮੇਰੇ ਲਈ ਇਕ ਫੁੱਲਾਂ ਦਾ ਗੁਲਦਸਤਾ ਲਵੇ ਜਾਂ ਇਥੋਂ ਤੱਕ ਕਿ ਮੇਰੇ ਲਈ ਦੁਆ ਵੀ ਕਰੇ। ਇਹ ਮੈਂ ਤੁਹਾਨੂੰ ਆਪਣੇ ਦਿਲ ਦੀਆਂ ਗਹਿਰਾਈਆਂ ‘ਚੋਂ ਕਹਿ ਰਹੀ ਹਾਂ ਕਿ ਮੈਂ ਨਹੀਂ ਚਾਹੰੁਦੀ ਕਿ ਮੇਰੀ ਕੋਈ ਕਬਰ ਹੋਵੇ ਜਿੱਥੇ ਆ ਕੇ ਤੁਸੀਂ ਸੋਗ ਮਨਾਵੋਂ ਅਤੇ ਤਕਲੀਫ ਉਠਾਵੋਂ। ਮੈਂ ਨਹੀਂ ਚਾਹੂੰਦੀ ਕਿ ਤੁਸੀਂ ਮੇਰੇ ਲਈ ਕਾਲੀ ਪੁਸ਼ਾਕ ਪਹਿਨਂੋ। ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰੋ ਕਿ ਮੇਰੇ ਇਨ੍ਹਾਂ ਮੁਸ਼ਕਿਲ ਦਿਨਾਂ ਨੂੰ ਤੁਸੀਂ ਭੁੱਲ ਸਕੋਂ। ਹਵਾ ਨੂੰ ਕਹੋ ਕਿ ਉਹ ਮੈਨੂੰ ਦੂਰ ਵਹਾ ਲੈ ਜਾਵੇ। ਦੁਨੀਆ ਨੇ ਸਾਨੂੰ ਪਿਆਰ ਨਹੀਂ ਦਿੱਤਾ। ਉਸਨੂੰ ਮੇਰੀ ਕਿਸਮਤ ਪਾਸੰਦ ਨਹੀਂ ਸੀ ਅਤੇ ਹੁਣ ਮੈਂ ਇਸਦੇ ਅੱਗੇ ਪਸਤ ਮਹਿਸੂਸ ਕਰ ਰਹੀ ਹਾਂ। ਅਤੇ ਮੌਤ ਨੂੰ ਗਲੇ ਲਗਾ ਰਹੀ ਹਾਂ। ਅੱਲ੍ਹਾ ਦੀ ਅਦਾਲਤ ਵਿਚ ਮੈਂ ਉਹਨਾਂ ਇੰਸਪੈਕਟਰਾਂ ’ਤੇ ਇਲਜਾਮ ਮੜ੍ਹਾਂਗੀ। ਮੈਂ ਇੰਸਪੈਕਟਰ ਸ਼ਾਮਲੂ ਨੂੰ ਕਟਹਿਰੇ ‘ਚ ਖੜਾ ਕਰਾਂਗੀ, ਮੈਂ ਜੱਜ ਨੂੰ ਆਰੋਪ ਦੇ ਦਾਇਰੇ ‘ਚ ਲਿਆਂਵਾਂਗੀ ਅਤੇ ਦੇਸ਼ ਦੀ ਸੁਪਰੀਮ ਕੋਰਟ ਦੇ ਉਨ੍ਹਾਂ ਜੱਜਾਂ ਨੂੰ ਵੀ ਜਿਨ੍ਹਾਂ ਨੇ ਉਸ ਸਮੇਂ ਮੈਨੂੰ ਤਾੜਨਾ ਦਿੱਤੀ ਜਦੋਂ ਮੈਂ ਜਾਗ ਚੁੱਕੀ ਸੀ ਅਤੇ ਮੈਨੂੰ ਤਬਾਹ ਕਰਨ ਤੋਂ ਬਾਜ਼ ਨਹੀਂ ਆਏ। ਉਸ ਅਦਾਲਤ ਵਿਚ ਮੈਂ ਡਾਕਟਰ ਫਰਵੰਡੀ ਨੂੰ ਕਟਹਿਰੇ ‘ਚ ਖੜਾ ਕਰਾਂਗੀ। ਮੈਂ ਕਾਸਿਮ ਸ਼ਿਬਾਨੀ ਅਤੇ ਉਨ੍ਹਾਂ ਸਾਰੇ ਲੋਕਾਂ ਉੱਤੇ ਦੋਸ਼ ਲਾਵਾਂਗੀ ਜਿੰਨ੍ਹਾਂ ਨੇ ਆਪਣੀ ਨਾਸਮਝੀ ਅਤੇ ਆਪਣੇ ਝੂਠ ਦੀ ਵਜ੍ਹਾ ਕਰਕੇ ਮੈਨੂੰ ਗਲਤ ਠਹਿਰਾਇਆ ਅਤੇ ਮੇਰੇ ਅਧਿਕਾਰਾਂ ਨੂੰ ਪੈਰਾਂ ਥੱਲੇ ਮਸਲਦੇ ਹੋਏ ਇਸ ਸੱਚਾਈ ’ਤੇ ਧਿਆਨ ਨਹੀਂ ਦਿੱਤਾ ਕਿ ਕਦੇ-ਕਦੇ ਜੋ ਸੱਚਾਈ ਵਿਖਾਈ ਦਿੰਦੀ ਹੈ ਉਹ ਹਕੀਕਤ ਨਾਲੋਂ ਵੱਖਰੀ ਹੁੰਦੀ ਹੈ।ਮੇਰੀ ਨਰਮ ਦਿਲ ਸ਼ੋਲੇਹ, ਉਸ ਦੂਸਰੀ ਦੁਨੀਆ ਵਿਚ ਅਸੀਂ ਤੇ ਤੁਸੀਂ ਹੋਵਾਂਗੇ ਜੋ ਦੋਸ਼ ਲਾਵਾਂਗੇ। ਦੂਜੇ ਲੋਕ ਕਟਹਿਰੇ ‘ਚ ਖੜੇ ਹੋਣਗੇ। ਵੇਖਣਾ ਹੈ ਕਿ ਅੱਲ੍ਹਾ ਦੀ ਮਰਜੀ ਕੀ ਹੈ। ਮੇਰੀ ਇੱਛਾ ਹੈ ਕਿ ਮਰਦੇ ਦਮ ਤੱਕ ਤੁਹਾਨੂੰ ਗਲੇ ਲਗਾਈ ਰੱਖਾਂ। ਮੈਂ ਤੁਹਾਡੇ ਨਾਲ ਬਹੁਤ-ਬਹੁਤ ਪਿਆਰ ਕਰਦੀ ਹਾਂ।- ਰੇਹਾਨਾ
1 ਅਪ੍ਰੈਲ 2014
‘ਸਮਕਾਲੀਨ ਤੀਸਰੀ ਦੁਨੀਆ’ ’ਚੋਂ ਧੰਨਵਾਦ ਸਹਿਤ
ਅਨੁਵਾਦ: ਮਨਦੀਪ
ਸੰਪਰਕ: +91 98764 42052
Raj Singh
slam hai is bhadr ldki nun..slam