ਮਾਸੂਮਾਂ ਦੀ ਹੱਤਿਆ ਤੋਂ ਦੁਨੀਆਂ ਨੂੰ ਸਬਕ ਸਿੱਖਣ ਦੀ ਜ਼ਰੂਰਤ- ਗੁਰਚਰਨ ਪੱਖੋਕਲਾਂ
Posted on:- 20-12-2014
ਪੇਸ਼ਾਵਰ ਵਿੱਚ ਅੰਨੇਵਾਹ ਵਿਦਿਆਰਥੀਆਂ ਦੀਆਂ ਹੱਤਿਆਵਾਂ ਨਾਲ ਸਮੁੱਚੇ ਸੰਸਾਰ ਦੇ ਲੋਕ ਭੈਅਭੀਤ ਹੋਏ ਮਹਿਸੂਸ ਕਰਦੇ ਹਨ, ਕਿਉਂਕਿ ਜਦ ਮਨੁੱਖੀ ਜ਼ਿੰਦਗੀ ਦੀ ਅਹਿਮੀਅਤ ਤੋਂ ਕੋਰੇ ਲੋਕ ਵਹਿਸ਼ਤ ਦਾ ਨੰਗਾ ਨਾਚ ਨੱਚਦੇ ਹਨ, ਤਦ ਉਹਨਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ । ਇਹ ਵਰਤਾਰਾ ਕਿਸੇ ਵੀ ਦੇਸ਼ ਵਿੱਚ ਕਿਸੇ ਵੀ ਥਾਂ ਵਰਤ ਸਕਦਾ ਹੈ। ਇਸ ਤਰ੍ਹਾਂ ਦੇ ਵਰਤਾਰੇ ਕਿਉਂ ਵਰਤਦੇ ਹਨ ? ਦੁਨੀਆਂ ਦੀਆਂ ਕਿਹੜੀਆਂ ਤਾਕਤਾਂ ਹਨ, ਜੋ ਇਹੋ ਜਿਹੇ ਵਰਤਾਰਿਆਂ ਦੇ ਵਾਪਰਨ ਦੇ ਬੀਅ ਬੀਜਦੀਆਂ ਹਨ ?
ਵਰਿਆਂ ਪੁਰਾਣੀਆਂ ਘਟਨਾਵਾਂ ਤੇ ਜਦ ਨਜ਼ਰ ਮਾਰਦੇ ਹਾਂ, ਜਦੋਂ ਅਮਰੀਕਾ ਅਤੇ ਰੂਸ ਦੇ ਲਾਲਚੀ ਖੁਦਗਰਜ਼ ਸਿਕੰਦਰਾਂ ਨੇ ਸੰਸਾਰ ਤੇ ਆਪਣੀ ਧੌਂਸ ਜਮਾਉਣ ਲਈ ਦੁਨੀਆਂ ਦੇ ਉਪਰ ਕਬਜ਼ਾ ਕਰਨਾ ਸ਼ੁਰੂ ਕੀਤਾ ਸੀ, ਯਾਦ ਆ ਜਾਂਦਾ ਹੈ । ਸੱਤਰਵਿਆਂ ਤੋਂ ਸ਼ੁਰੂ ਕਰਕੇ ਅਮਰੀਕਾ ਨੇ ਵੀਅਤਨਾਮ ਅਤੇ ਰੂਸ ਨੇ ਅਫਗਾਨਿਸਤਾਨ ਤੇ ਕਬਜ਼ਾ ਕਰਕੇ ਦੁਨੀਆਂ ਜਿੱਤਣ ਦੀ ਨਵੇਂ ਸਿਰੇ ਤੋਂ ਸ਼ੁਰੂਆਤ ਕੀਤੀ ਸੀ । ਰੂਸ ਵੱਲੋਂ ਅਮਰੀਕੀ ਸੈਨਾ ਨੂੰ ਵੀਅਤਨਾਮ ਵਿੱਚੋਂ ਭਜਾਉਣ ਲਈ ਵੀਅਤਨਾਮੀਆਂ ਦੇ ਬਾਗੀਆਂ ਦੀ ਖੁੱਲੀ ਮਦਦ ਕਰਕੇ ਅਮਰੀਕੀਆਂ ਨੂੰ ਵੀਅਤਨਾਮ ਵਿੱਚੋਂ ਨਿਕਲਣ ਲਈ ਮਜਬੂਰ ਕਰ ਦਿੱਤਾ ਸੀ । ਇਸ ਦੇ ਬਦਲੇ ਵਿੱਚ ਜਦ ਰੂਸੀ ਸੈਨਾ ਅਫਗਾਨਿਸਤਾਨ ਵਿੱਚ ਦਾਖਲ ਹੋਈ ਸੀ, ਤਦ ਅਮਰੀਕੀ ਨੀਤੀ ਨੇ ਰੂਸ ਨੂੰ ਭਾਜੀ ਮੋੜਨ ਲਈ ਅਫਗਾਨੀ ਬਾਗੀਆਂ ਨੂੰ ਮਦਦ ਕੀਤੀ ਸੀ, ਜਿਸ ਦੇ ਲਈ ਪਾਕਿਸਤਾਨ ਨੂੰ ਮੋਹਰਾ ਬਣਾਇਆ ਗਿਆ ਸੀ । ਇਹ ਦੋ ਵੱਡੇ ਬਾਂਦਰਾਂ ਦੀ ਲੜਾਈ ਸੀ, ਜਿਸ ਵਿੱਚੋਂ ਪਾਕਿਸਤਾਨ ਨੇ ਬਿੱਲੀ ਬਣਕੇ ਮੁਫਤ ਦਾ ਮਾਲ ਛਕਣ ਲਈ ਸਾਮਲ ਹੋਣਾ ਪਰਵਾਨ ਕਰ ਲਿਆ ਸੀ । ਅਮਰੀਕੀਆ ਨੇ ਪਾਕਿਸਤਨ ਵਿੱਚ ਅਫਗਾਨਿਸਤਾਨ ਦੇ ਲੋਕਾਂ ਨੂੰ ਹਥਿਆਰ ਦੇਣ ਲਈ ਟਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ । ਪਾਕਿਸਤਾਨ ਸਰਕਾਰਾਂ ਨੂੰ ਆਰਥਿਕ ਮਦਦ ਦੇਣ ਦੇ ਨਾਂ ਤੇ ਕਰਜ਼ਾਈ ਕਰ ਦਿੱਤਾ ਗਿਆ । ਵਿਕਾਸ ਪਰੋਜੈਕਟ ਸ਼ੁਰੂ ਕਰਨ ਦੇ ਨਾਂ ਥੱਲੇ ਪਾਕਿਸਤਾਨ ਦੇ ਹਰ ਖੇਤਰ ਵਿੱਚ ਵਿਦੇਸ਼ੀ ਗਲਬਾ ਕਾਬਜ਼ ਹੁੰਦਾ ਰਿਹਾ । ਅਫਗਾਨੀ ਲੜਾਕਿਆਂ ਨੂੰ ਹਥਿਆਰ ਬੰਦ ਕਰਨ ਲਈ ਪੇਸ਼ਾਵਰ ਅਤੇ ਹੋਰ ਕਬਾਇਲੀ ਵਸੋਂ ਵਾਲੇ ਇਲਾਕੇ ਹਥਿਆਰਾਂ ਨਾਲ ਭਰ ਗਏ ਸਨ । ਦੁਨੀਆਂ ਦੇ ਬੇਹਤਰੀਨ ਹਥਿਆਰ ਇਸ ਇਲਾਕੇ ਵਿੱਚ ਆਮ ਮਿਲ ਸਕਦੇ ਸਨ ਜਿਹਨਾਂ ਵਿੱਚ ਮਿਜ਼ਾਈਲਾਂ ਅਤੇ ਟੈਂਕ ਤੱਕ ਵੀ ਹਾਸਲ ਕੀਤੇ ਜਾ ਸਕਦੇ ਸਨ ।ਅੱਸੀਵਿਆਂ ਦੇ ਵਿੱਚ ਭਾਰਤੀ ਪੰਜਾਬ ਦੇ ਖਾਲਿਸਤਾਨੀ ਵੀ ਇਸ ਇਲਾਕੇ ਵਿੱਚੋਂ ਹਥਿਆਰ ਖਰੀਦ ਕੇ ਪੰਜਾਬ ਵਿੱਚ ਤਬਾਹੀ ਮਚਾਕੇ ਖਾਲਿਸਤਾਨ ਬਣਾਉਣ ਦੇ ਦਮਗਜੇ ਮਾਰ ਰਹੇ ਸਨ । ਵਕਤ ਬੀਤਣ ਦੇ ਨਾਲ ਰੂਸ ਤਬਾਹ ਹੋ ਗਿਆ ਅਤੇ ਅਫਗਾਨਿਸਤਾਨ ਵਿੱਚੋਂ ਵੀ ਭੱਜ ਨਿਕਲਿਆ ਪਰ ਇਸ ਇਲਾਕੇ ਵਿੱਚ ਹਥਿਆਰਾਂ ਦਾ ਜਖੀਰਾ ਅਤੇ ਆਮ ਅਫਗਾਨੀਆਂ ਦੀ ਬਿਰਤੀ ਵਿੱਚ ਸ਼ਾਮਲ ਹੋਇਆ ਵਹਿਸ਼ੀਪੁਣਾ ਆਪਣਾ ਕਹਿਰ ਦਿਖਾਉਂਦਾ ਰਿਹਾ । ਇਸ ਦੇ ਕਾਰਣ ਹੀ ਅਫਗਾਨਿਸਤਾਨ ਵਿੱਚ ਕੋਈ ਸਰਕਾਰ ਸਥਿਰ ਨਾ ਰਹਿ ਸਕੀ ਅਤੇ ਅਫਗਾਨਿਸਤਾਨ ਤਬਾਹ ਹੁੰਦਾ ਰਿਹਾ । ਵਰਤਮਾਨ ਦੁਨੀਆਂ ਦੀ ਸਭ ਤੋਂ ਵੱਡੀ ਊਰਜਾ ਦੀ ਲੋੜ ਤੇਲ ਤੇ ਕਬਜ਼ਾ ਕਰਨ ਲਈ ਅਮਰੀਕਾ ਨੂੰ ਅਰਬ ਮੁਲਕਾਂ ਅਤੇ ਅਫਗਾਨਿਸਤਾਨ ਤੇ ਕਬਜ਼ਾ ਕਰਨ ਦੀ ਲੋੜ ਪਈ ਹੈ ਜਿਸ ਲਈ ਸਭ ਤੋਂ ਅਸਾਨ ਸ਼ਿਕਾਰ ਵੀ ਤਬਾਹ ਹੋਇਆ ਅਫਗਾਨਿਸਤਾਨ ਹੀ ਬਣਿਆ ਹੈ। ਇਸ ਮੁਲਕ ਤੇ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਅਮਰੀਕੀ ਫੌਜ ਨੇ ਬਾਗੀ ਅਫਗਾਨੀਆਂ ਨੂੰ ਇਸ ਮੁਲਕ ਤੋਂ ਬਾਹਰ ਰਹਿਣ ਲਈ ਹੀ ਮਜਬੂਰ ਕਰ ਦਿੱਤਾ ਜਿਹਨਾਂ ਨੂੰ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਅਤੇ ਪਹਾੜੀਆਂ ਭਰੇ ਇਲਾਕੇ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਇਹ ਖੂੰਖਾਰ ਲੋਕ ਹੁਣ ਪਾਕਿਸਤਾਨ ਵਿੱਚ ਵੀ ਖੂਨੀ ਹੋਲੀ ਖੇਡਣ ਲਈ ਮਜਬੂਰ ਹਨ । ਪਾਕਿਸਤਾਨ ਸਰਕਾਰ ਅਤੇ ਆਮ ਲੋਕਾਂ ਨੂੰ ਹੁਣ ਇਸਦਾ ਸ਼ਿਕਾਰ ਹੋਣ ਪੈ ਰਿਹਾ ਹੈ । ਤਕੜਿਆਂ ਦੀ ਲੜਾਈ ਵਿੱਚ ਪਾਕਿਸਤਾਨ ਦੇ ਸ਼ਾਮਲ ਹੋਣ ਦਾ ਉਸਨੂੰ ਹੁਣ ਮੁੱਲ ਮੋੜਨਾ ਪੈ ਰਿਹਾ ਹੈ । ਅਮਰੀਕੀ ਸਰਕਾਰ ਦੇ ਮਕਸਦ ਤਾਂ ਹੁਣ ਤੇਲ ਅਤੇ ਅਰਬ ਮੁਲਕਾਂ ਨੂੰ ਲੁੱਟਣ ਦੇ ਪੂਰੇ ਹੋ ਰਹੇ ਹਨ ਪਰ ਪਾਕਿਸਤਾਨ ਤਬਾਹ ਹੋਈ ਜਾ ਰਿਹਾ ਹੈ ਅਤੇ ਆਮ ਪਾਕਿਸਤਾਨੀ ਨਿੱਤ ਦਿਨ ਆਪਣਾ ਖੂਨ ਦੇਕੇ ਇਸਦੀ ਕੀਮਤ ਤਾਰ ਰਹੇ ਹਨ । ਵਰਤਮਾਨ ਸਮੇਂ ਪਾਕਿਸਤਾਨੀ ਸੈਨਾ ਇਹਨਾਂ ਬਾਗੀਆਂ ਨੂੰ ਫੌਜ ਦੇ ਰਾਹੀਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸਦੇ ਵਿਰੋਧ ਵਿੱਚ ਬਾਗੀ ਲੋਕਾਂ ਨੇ ਵੀ ਫੌਜੀਆਂ ਤੋਂ ਬਦਲਾ ਲੈਣ ਲਈ ਅਸਾਨ ਨਿਸ਼ਾਨਾ ਫੌਜੀਆਂ ਬੱਚਿਆਂ ਨੂੰ ਪੜਾਉਣ ਵਾਲੇ ਸਕੂਲ ਤੇ ਹਮਲਾ ਕੀਤਾ ਹੈ ਜਿਸ ਵਿੱਚ ਡੇਢ ਸੌ ਦੇ ਕਰੀਬ ਦਾ ਮਾਰਿਆ ਜਾਣਾ ਅਤੇ ਦੌ ਸੌ ਦੇ ਕਰੀਬ ਦਾ ਜ਼ਖਮੀ ਹੋ ਜਾਣਾ ਅਤਿ ਕਰੂਰ ਬੇਰਹਿਮ ਕਾਰਨਾਮਾ ਕੀਤਾ ਗਿਆ ਹੈ । ਇਤਿਹਾਸ ਦੇ ਕਾਲੇ ਪੰਨਿਆਂ ਦੀ ਇਹ ਇੱਕ ਹੋਰ ਦਾਸਤਾਨ ਹੈ । ਪਾਕਿਸਤਾਨ ਸਰਕਾਰ ਦੇ ਦੋਹਰੇ ਰਵੱਈਏ ਨੂੰ ਹੁਣ ਆਪਣੇ ਦੋਗਲੇਪਨ ਦੀ ਕੀਮਤ ਤਾਰਨੀ ਹੀ ਪਵੇਗੀ । ਚੰਗਾ ਹੋਵੇ ਜੇ ਹਾਲੇ ਵੀ ਪਾਕਿਸਤਾਨੀ ਹੁਕਮਰਾਨ ਅੱਗੇ ਤੋਂ ਅੱਗ ਨਾਲ ਖੇਡਣਾ ਬੰਦ ਕਰ ਦੇਣ ਤਾਂ ਕਿ ਭਵਿੱਖ ਵਿੱਚ ਇਹੋ ਜਿਹੇ ਬੇਰਹਿਮ ਕਾਂਡ ਰੋਕੇ ਜਾ ਸਕਣ । ਦੂਸਰੇ ਦੇਸ਼ਾ ਤੇ ਜਦ ਤੱਕ ਅਮੀਰ ਮੁਲਕ ਦਖਲ ਅੰਦਾਜੀ ਕਰਦੇ ਰਹਿਣਗੇ ਤਦ ਤੱਕ ਬਦਅਮਨੀ ਵੀ ਰੋਕੀ ਨਹੀਂ ਜਾ ਸਕੇਗੀ । ਦੁਨੀਆਂ ਦੇ ਵਿਕਾਸਸ਼ੀਲ ਮੁਲਕਾਂ ਨੂੰ ਵੱਡੀਆਂ ਤਾਕਤਾਂ ਦੇ ਮੋਹਰੇ ਬਣਨ ਦੀ ਥਾਂ ਵਿਰੋਧ ਕਰਨਾ ਚਾਹੀਦਾ ਹੈ । ਆਪਣੇ ਗੁਆਂਢੀਆਂ ਦੇ ਘਰ ਤਬਾਹ ਕਰਵਾਉਣ ਦੀ ਥਾਂ ਗੁਆਂਢ ਵਿੱਚ ਅਮਨ ਦੀਆਂ ਨੀਤੀਆਂ ਲਾਗੂ ਕਰਕੇ ਹੀ ਆਪਣੇ ਘਰਾਂ ਵਿੱਚ ਸਾਂਤੀ ਰੱਖੀ ਜਾ ਸਕੇਗੀ । ਗੁਆਂਢੀ ਮੁਲਕਾਂ ਵਿੱਚ ਅੱਗ ਲਗਵਾਕਿ ਆਪਣਾ ਮੁਲਕ ਨਹੀਂ ਬਚਾਇਆ ਜਾ ਸਕਦਾ ਸੇਕ ਤੋਂ । ਭਾਰਤ ਨੂੰ ਵੀ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈ ਅਤੇ ਪਾਕਿਸਤਾਨ ਵਿੱਚ ਸ਼ਾਂਤੀ ਸਥਾਪਤ ਕਰਵਾਉਣ ਲਈ ਮਦਦ ਵੀ ਕਰਨੀ ਚਾਹੀਦੀ ਹੈ ।ਸੰਪਰਕ: +91 94177 27245