Thu, 21 November 2024
Your Visitor Number :-   7256175
SuhisaverSuhisaver Suhisaver

ਸਮਕਾਲੀ ਪੂੰਜੀਵਾਦ ’ਚ ਫਾਸ਼ੀਵਾਦ ਦੀ ਵਾਪਸੀ - ਸਮੀਰ ਅਮੀਨ

Posted on:- 13-12-2014

ਅਨੁਵਾਦ: ਮਨਦੀਪ
ਸੰਪਰਕ: +91 98764 42052

ਫਾਸ਼ੀਵਾਦ ‘ਚ ਏਕਤਾ ਅਤੇ ਅਨੇਕਤਾ ਦੇ ਤੱਤ : ਜਿਨ੍ਹਾਂ ਰਾਜਨੀਤਿਕ ਸੰਘਰਸ਼ਾਂ ਨੂੰ ਸਹੀ ਮਾਅਨਿਆਂ ‘ਚ ਫਾਸ਼ੀਵਾਦ ਕਿਹਾ ਜਾ ਸਕਦਾ ਹੈ, ਉਹ ਵਿਸ਼ੇਸ਼ ਤੌਰ ਤੇ 1930 ਦੇ ਦਹਾਕੇ ਤੋਂ ਲੈ ਕੇ 1945 ਵਿਚਕਾਰ ਕੁਝ ਯੂਰਪੀ ਦੇਸ਼ਾਂ ਅਧੀਨ ਸਨ ਅਤੇ ਕਿਤੇ-ਕਿਤੇ ਸੱਤਾ ‘ਚ ਵੀ ਸਨ। ਇਹਦੇ ਵਿੱਚ ਇਟਲੀ ਦੇ ਬੇਨਿਟੋ ਮੁਸੋਲਿਨੀ, ਜਰਮਨੀ ਦੇ ਅਡੋਲਫ਼ ਹਿਟਲਰ, ਸਪੇਨ ਦੇ ਫਰਾਂਸਿਸਕੋ ਫਰਾਂਕੋ, ਪੁਰਤਗਾਲ ਦੇ ਐਨਤੋਨੀਓ ਡੀ ਓਲੀਵੀਏਰਾ ਸਾਲਜਾਰ, ਫਰਾਂਸ ਦੇ ਫਿਲਿਪ ਪੇਤਾਇਨ, ਹੰਗਰੀ ਦੇ ਮਾਈਕਲੀ ਹੋਥਰੀ, ਰੋਮਾਨੀਆ ਦੇ ਈਆਨ ਅੰਤਾਨੇਸਕੋ ਅਤੇ ਕੋਰੀਏਸ਼ੀਆ ਦੇ ਏਂਤੇ ਪਾਵੇਲੀ ਨੂੰ ਗਿਣਿਆ ਜਾ ਸਕਦਾ ਹੈ। ਜੋ ਵੀ ਸਮਾਜ ਫਾਸ਼ੀਵਾਦ ਦਾ ਸ਼ਿਕਾਰ ਰਹੇ ਹਨ, ਚਾਹੇ ਉਹ ਯੁੱਧ ’ਚ ਜਿੱਤੇ ਜ਼ਿਆਦਾ ਵਿਕਸਿਤ ਪੂੰਜੀਵਾਦੀ ਸਮਾਜ ਰਹੇ ਹੋਣ ਜਾਂ ਉਹਨਾਂ ਦੀ ਅਧੀਨਤਾ ਹੇਠ ਜਿਊਣ ਵਾਲੇ ਹਾਰੇ ਹੋਏ ਕਮਜ਼ੋਰ ਸਮਾਜ, ਸਾਰੇ ਆਪਣੇ ਚਰਿੱਤਰ ‘ਚ ਐਨੀਆਂ ਅਨੇਕਤਾਵਾਂ ਵਾਲੇ ਸਨ ਕਿ ਉਹਨਾਂ ਨੂੰ ਬਰਾਬਰ ਰੱਖ ਕੇ ਨਹੀਂ ਵੇਖਿਆ ਜਾ ਸਕਦਾ। ਮੈਂ ਇਸ ਲਿਹਾਜ ਨਾਲ ਇਨ੍ਹਾਂ ਦੇਸ਼ਾਂ ‘ਚ ਮੌਜੂਦ ਢਾਂਚਾਗਤ ਅਨੇਕਤਾ ‘ਚ ਵੱਖ-ਵੱਖ ਪ੍ਰਭਾਵਾਂ ਨੂੰ ਅਲਗ-ਅਲਗ ਰੱਖਕੇ ਵੇਖਣਾ ਚਾਹਾਂਗਾ। ਬਾਵਯੂਦ ਇਸਦੇ, ਇਸ ਅਨੇਕਤਾ ਦੇ ਪਾਰ ਇਨ੍ਹਾਂ ਫਾਸ਼ੀਵਾਦੀ ਸ਼ਾਸ਼ਨਾਂ ‘ਚ ਦੋ ਚੀਜ਼ਾਂ ਸਮਾਨ ਸਨ :

1.    ਤੱਤਕਾਲੀ ਸਥਿਤੀਆਂ ‘ਚ ਇਹ ਸਾਰੇ ਸ਼ਾਸ਼ਨ ਸਰਕਾਰ ਅਤੇ ਸਮਾਜ ਦਾ ਇਸ ਢੰਗ ਨਾਲ ਪ੍ਰਬੰਧ ਕਰਨ ਨੂੰ ਰਾਜੀ ਸਨ ਤਾਂ ਕਿ ਪੂੰਜੀਵਾਦ ਦੇ ਬੁਨਿਆਦੀ ਸਿਧਾਂਤਾਂ, ਖਾਸਕਰ ਨਿੱਜੀ ਜਾਇਦਾਦ ਅਤੇ ਆਧੁਨਿਕ ਇਜਾਰੇਦਾਰੀ ਪੂੰਜੀਵਾਦ ਤੇ ਕੋਈ ਸਵਾਲ ਨਾ ਖੜਾ ਕੀਤਾ ਜਾ ਸਕੇ। ਇਹੀ ਕਾਰਨ ਹੈ ਕਿ ਮੈਂ ਫਾਸ਼ੀਵਾਦ ਦੇ ਇਨ੍ਹਾਂ ਅਨੇਕਾਂ ਰੂਪਾਂ ਨੂੰ ਪੂੰਜੀਵਾਦ ਦੇ ਪ੍ਰਬੰਧਨ ਦੇ ਵਿਸ਼ੇਸ਼ ਢੰਗਾਂ ਦਾ ਨਾਮ ਦਿੰਦਾ ਹਾਂ ਨਾ ਕਿ ਉਸਦੀ ਪ੍ਰਮਾਣਿਕਤਾ ਨੂੰ ਚੁਣੌਤੀ ਦੇਣ ਵਾਲੇ ਰੂਪਾਂ ਦਾ, ਭਲੇ ਹੀ ਇਹ ਗੱਲ ਜਾਹਰ ਹੈ ਕਿ ਫਾਸ਼ੀਵਾਦੀਆਂ ਦੇ ਭਾਸ਼ਣਾ ‘ਚ ‘ਪੂੰਜੀਵਾਦ’ ਅਤੇ ‘ਧਨਤੰਤਰ’ ਦੀ ਨਿੰਦਾ ‘ਚ ਲੰਮੇ-ਲੰਮੇ ਮੁਹਾਵਰੇ ਛੱਡੇ ਜਾਂਦੇ ਸਨ। ਫਾਸ਼ੀਵਾਦ ਦੇ ਇਨ੍ਹਾਂ ਅਨੇਕਾਂ ਰੂਪਾਂ ਦੁਆਰਾ ਪੇਸ਼ ‘ਬਦਲ’ ਦੀ ਜੇਕਰ ਤੁਸੀਂ ਪੜਤਾਲ ਕਰੋਂ, ਤਾਂ ਇਨ੍ਹਾਂ ਦੇ ਭਾਸ਼ਣਾਂ ‘ਚ ਛੁਪਿਆ ਝੂਠ ਤੁਰੰਤ ਉਜਾਗਰ ਹੋ ਜਾਂਦਾ ਹੈ। ਨਿੱਜੀ ਪੂੰਜੀਵਾਦੀ ਜਾਇਦਾਦ ਨੂੰ ਲੈ ਕੇ ਇਨ੍ਹਾਂ ਭਾਸ਼ਣਾ ‘ਚ ਹਮੇਸ਼ਾਂ ਹੀ ਤੁਹਾਨੂੰ ਇਕ ਚੁੱਪ ਨਜ਼ਰ ਆਵੇਗੀ। ਇਸਤੋਂ ਇਕ ਗੱਲ ਸਮਝ ਆਉਂਦੀ ਹੈ ਕਿ ਇਕ ਪੂੰਜੀਵਾਦੀ ਸਮਾਜ ਦੇ ਰਾਜਨੀਤਕ ਪ੍ਰਬੰਧ ਦੀਆਂ ਚੁਣੌਤੀਆਂ ਦਾ ਇਕੋ-ਇਕ ਜਵਾਬ ਫਾਸ਼ੀਵਾਦ ਦੀ ਚੋਣ ਨਹੀਂ ਹੋ ਸਕਦਾ। ਕੇਵਲ ਬੇਹੱਦ ਡੂੰਘੇ ਅਤੇ ਹਿੰਸਕ ਸੰਕਟ ਦੀਆਂ ਸਥਿਤੀਆਂ ‘ਚ ਹੀ ਫਾਸ਼ੀਵਾਦੀ ਹੱਲ ਸ਼ਾਇਦ ਪੂੰਜੀ ਦੀ ਅਧੀਨਤਾ ਦਾ ਸਰਵਉੱਚ ਤੇ ਇਕੋ-ਇਕ ਬਦਲ ਸਮਝ ਪਵੇ, ਇਸ ਲਈ ਸਾਡਾ ਵਿਸ਼ਲੇਸ਼ਣ ਇਸ ਸੰਕਟ ਤੇ ਕੇਂਦਰਿਤ ਹੋਣਾ ਚਾਹੀਦਾ ਹੈ।

2.    ਇੱਕ ਸੰਕਟਗ੍ਰਸਤ ਪੂੰਜੀਵਾਦੀ ਸਮਾਜ ਦਾ ਪ੍ਰਬੰਧ ਕਰਨ ਲਈ ਫਾਸ਼ੀਵਾਦ ਦੀ ਚੋਣ ਹਮੇਸ਼ਾਂ (ਪ੍ਰੀਭਾਸ਼ਾ ਦੇ ਹਿਸਾਬ ਨਾਲ ਵੀ) ‘ਲੋਕਤੰਤਰ’ ਨੂੰ ਸਪੱਸ਼ਟ ਨਾ ਮਨਜੂਰ ਕਰਨ ਉਪਰ ਟਿਕੀ ਹੋਈ ਹੈ। ਫਾਸ਼ੀਵਾਦ ਹਮੇਸ਼ਾਂ ਉਨ੍ਹਾਂ ਵਿਆਪਕ ਸਿਧਾਂਤਾਂ ਦੀ ਥਾਂ ਲੈ ਲੈਂਦਾ ਹੈ ਜਿਨ੍ਹਾਂ ‘ਤੇ ਆਧੁਨਿਕ ਲੋਕਤੰਤਰਾਂ ਦਾ ਦਾਰੋਮਦਾਰ ਟਿਕਿਆ ਹੁੰਦਾ ਹੈ ਜਿਵੇਂ, ਵਿਚਾਰਾਂ ਦੀ ਅਨੇਕਤਾ ਨੂੰ ਮਾਨਤਾ, ਬਹੁਮਤ ਸਾਬਤ ਕਰਨ ਲਈ, ਚੋਣ ਵਿਧੀਆਂ ਨੂੰ ਅੰਗੀਕਾਰ ਕਰਨਾ, ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਗਰੰਟੀ, ਆਦਿ। ਨਾਲ ਹੀ ਸਰਵਉੱਚ ਨੇਤਾ ਅਤੇ ਉਸਦੇ ਪ੍ਰਮੁੱਖ ਗੁਰਗਿਆਂ ਦੀ ਸੱਤਾ ਅਤੇ ਉਹਨਾਂ ਦੁਆਰਾ ਥੋਪੇ ਗਏ ਸਮੂਹਿਕ ਅਨੁਸ਼ਾਸ਼ਨ ਦੀਆਂ ਸ਼ਰਤਾਂ ਦੇ ਸਾਹਮਣੇ ਝੁਕਣ ਦੇ ਵਿਰੋਧ ਨੂੰ ਵੀ ਇਸ ਵਿਚੋਂ ਦਰਕਿਨਾਰ ਕਰ ਦਿੱਤਾ ਜਾਂਦਾ ਹੈ। ਇਨ੍ਹਾਂ ਕਦਰਾਂ ਨੂੰ ਉਲਟਾਏ ਜਾਣ ਦੇ ਨਾਲ-ਨਾਲ ਹੀ ਪ੍ਰਤੀਗਾਮੀ ਵਿਚਾਰਾਂ ਨੂੰ ਉਤਸਾਹਿਤ ਕੀਤਾ ਜਾਂਦਾ ਹੈ ਜੋ ਥੋਪੀ ਗਈ ਅਧੀਨਤਾ ਦੇ ਤਰੀਕਿਆਂ ਨੂੰ ਪ੍ਰਮਾਣਿਕਤਾ ਦੇ ਪਾਉਣ ਦੇ ਸਮਰੱਥ ਹੋਵੇ। ਫਾਸ਼ੀਵਾਦੀ ਸੱਤਾਵਾਂ ਜਿਸ ਕਿਸਮ ਦਾ ਵਿਚਾਰਧਾਰਾਈ ਵਿਵਾਦ ਖੜਾ ਕਰਦੀਆਂ ਹਨ, ਉਸਦੇ ਬੁਰਕੇ ਦੇ ਤੌਰ ਤੇ ਉਹ ਅਤੀਤ (ਮੱਧਕਾਲੀਨ) ਵੱਲ ਵਾਪਸ ਮੁੜਨ ਦੇ ਕਥਿਤ ਜਰੂਰੀ ਸੱਦੇ, ਅਤੇ ਰਾਜਕੀ ਧਰਮ ਭਾਵ ‘ਨਸਲ’ ਜਾਂ ‘ਰਾਸ਼ਟਰ’ (ਜਾਤੀ) ਦੇ ਕਿਸੇ ਕਾਰਕ ਦੀ ਵਰਤੋਂ ਕਰਦੀਆਂ ਹਨ।


ਆਧੁਨਿਕ ਯੂਰਪੀ ਇਤਿਹਾਸ ‘ਚ ਪਾਏ ਜਾਣ ਵਾਲੇ ਫਾਸ਼ੀਵਾਦ ਦੇ ਅਨੇਕਾਂ ਰੂਪਾਂ ਵਿਚਕਾਰ ਦੋ ਸਮੱਸਿਆਵਾਂ ਹੁੰਦੀਆਂ ਹਨ ਅਤੇ ਉਹ ਨਿਮਨਲਿਖਤ ਚਾਰ ਵਰਗਾਂ ਚੋਂ ਕਿਸੇ ਇਕ ‘ਚ ਆਉਂਦੇ ਹਨ :

(1) ਪ੍ਰਮੁੱਖ ਵਿਕਸਿਤ ਪੂੰਜੀਵਾਦੀ ਸ਼ਕਤੀਆਂ ਦਾ ਫਾਸ਼ੀਵਾਦ, ਜਿਸਦੀ ਚੌਧਰ ਪੂਰੀ ਦੁਨੀਆਂ ਜਾਂ ਘੱਟ ਤੋਂ ਘੱਟ ਖੇਤਰੀ ਦਾਇਰੇ ‘ਚ ਅਧੀਨਤਾ ਅਤੇ ਇਜਾਰੇਦਾਰੀ ਹਾਸਲ ਕਰਨ ਦੀ ਸੀ।

ਇਸ ਕਿਸਮ ਦੇ ਫਾਸ਼ੀਵਾਦ ਦਾ ਮਾਡਲ ਨਾਜੀਵਾਦ ਹੈ। ਜਰਮਨੀ 1870 ਦੇ ਸ਼ੁਰੂ ‘ਚ ਇਕ ਪ੍ਰਮੁੱਖ ਉਦਯੋਗਿਕ ਸ਼ਕਤੀ ਦੇ ਰੂਪ ‘ਚ ਉਭਰਿਆ ਤੇ ਉਸਨੇ ਉਸ ਦੌਰ ਦੀਆਂ ਅਧੀਨ ਤਾਕਤਾਂ (ਗ੍ਰੇਟ ਬ੍ਰਿਟੇਨ ਅਤੇ ਫਰਾਂਸ) ਅਤੇ ਇਜਾਰੇਦਾਰੀ ਅਧੀਨਤਾ ਦੀ ਇੱਛਾ ਰੱਖਣ ਵਾਲੇ ਸੰਯੁੰਕਤ ਰਾਜ ਅਮਰੀਕਾ ਨੂੰ ਮੁਕਾਬਲਾ ਦਿੱਤਾ। 1918 ਦੀ ਹਾਰ ਦੇ ਬਾਅਦ ਉਹਨਾਂ ਨੂੰ ਆਪਣੀਆਂ ਪਸਾਰਵਾਦੀ ਇਛਾਵਾਂ ਨੂੰ ਪੂਰਾ ਕਰਨ ਲਈ ਹਾਰ ਦੇ ਸਿੱਟਿਆਂ ਨਾਲ ਜੂਝਣਾ ਪਿਆ। ਹਿਟਲਰ ਨੇ ਇਸ ਲਈ ਆਪਣੀ ਇਕ ਸਪੱਸ਼ਟ ਯੋਜਨਾ ਤਿਆਰ ਕੀਤੀ : ਰੂਸ ਅਤੇ ਉਸਦੇ ਪਾਰ ਸਮੁੱਚੇ ਯੂਰਪ ਤੇ ‘ਜਰਮਨੀ’ ਦਾ ਅਧਾਰ ਕਾਇਮ ਕਰਨ ਦੀ ਯੋਜਨਾ ਯਾਨਿ ਉਨ੍ਹਾਂ ਇਜਾਰੇਦਾਰ ਤਾਕਤਾਂ ਦਾ ਪੂੰਜੀਵਾਦ ਜਿਨ੍ਹਾਂ ਨੇ ਨਾਜੀਵਾਦ ਦੇ ਉਭਾਰ ਨੂੰ ਸਹਿਯੋਗ ਦਿੱਤਾ ਸੀ। ਆਪਣੇ ਪ੍ਰਮੁੱਖ ਵਿਰੋਧੀਆਂ ਨਾਲ ਉਸਨੂੰ ਇਕ ਸਮਝੌਤਾ ਕਰਨ ਲਈ ਮਜ਼ਬੂਰ ਹੋਣਾ ਪਿਆ। ਸਮਝੌਤਾ ਇਹ ਸੀ ਕਿ ਯੂਰਪ ਅਤੇ ਰੂਸ ਉਸਦੀ ਝੋਲੀ ‘ਚ ਆਉਣਗੇ, ਚੀਨ ਦਾ ਜਿੰਮਾ ਜਪਾਨ ਨੂੰ ਸੰਭਾਲ ਦਿੱਤਾ ਜਾਵੇਗਾ, ਬਾਕੀ ਅਫਰੀਕਾ ਅਤੇ ਏਸ਼ੀਆਂ ਗ੍ਰੇਟ ਬ੍ਰਿਟੇਨ ਨੇ ਅਧੀਨ ਰਹਿਣਗੇ ਅਤੇ ਦੱਖਣੀ ਅਮਰੀਕੀ ਦੇਸ਼ ਸੰਯੁਕਤ ਅਮਰੀਕਾ ਕੋਲ ਰਹਿਣਗੇ। ਉਸਨੇ ਇਹ ਸੋਚ ਕੇ ਹੀ ਗਲਤੀ ਕਰ ਲਈ ਕਿ ਇਸ ਕਿਸਮ ਦਾ ਕੋਈ ਸਮਝੌਤਾ ਮੌਜੂਦਾ ਸਮੇਂ ‘ਚ ਸਾਕਾਰ ਹੋ ਸਕਦਾ ਸੀ। ਗ੍ਰੇਟ ਬ੍ਰਿਟੇਨ ਅਤੇ ਅਮਰੀਕਾ ਨੇ ਇਸਨੂੰ ਸਵੀਕਾਰ ਨਹੀਂ ਕੀਤਾ ਜਦਕਿ ਜਪਾਨ ਨੇ ਉਸਦਾ ਸਾਥ ਦਿੱਤਾ ਸੀ।

ਜਪਾਨੀ ਫਾਸ਼ੀਵਾਦ ਇਸੇ ਸ਼੍ਰੇਣੀ ‘ਚ ਆਉਂਦਾ ਹੈ। ਆਧੁਨਿਕ ਪੂੰਜੀਵਾਦੀ ਜਪਾਨ ਨੇ 1895 ਦੇ ਸਮੁੱਚੇ ਪੂਰਬੀ ਏਸ਼ੀਆ ਤੇ ਆਪਣਾ ਅਧਿਕਾਰ ਕਾਇਮ ਕਰਨ ਦੀ ਇੱਛਾ ਪਾਲ ਲਈ। ਫਾਸ਼ੀਵਾਦ ਦੀ ਦਿਸ਼ਾ ‘ਚ ਇੱਥੇ ਜੋ ਵਿਕਾਸ ਹੋਇਆ, ਉਹ ਉਭਰਦੇ ਹੋਏ ਰਾਸ਼ਟਰੀ ਪੂੰਜੀਵਾਦ ਨੂੰ ਰੋਕਣ ਵਾਲੇ ਇਕ ‘ਸਾਮਰਾਜਵਾਦੀ’ ਸਰੂਪ-ਜੋ ਪ੍ਰਤੱਖ : ‘ਉਦਾਰ’ ਸੰਸਥਾਵਾਂ (ਚੁਣੀ ਹੋਈ ਡਾਇਟ) ਤੇ ਆਧਾਰਿਤ ਸੀ ਮੌਜੂਦਾ ਸਮੇਂ ‘ਚ ਸਮਾਰਟ ਅਤੇ ਆਧੁਨਿਕਤਾ ‘ਚ ਢਲੀ ਉਸਦੀ ਰਾਜਾਸ਼ਾਹੀ ਦੁਆਰਾ ਕੰਟਰੋਲ ਸੀ-ਤੋਂ ਇਕ ਅਜਿਹੇ ਬਰਬਰ ਚਿਹਰੇ ਵੱਲ `ਨਰਮ` ਤਬਦੀਲੀ ਸੀ ਜਿਸਦਾ ਪ੍ਰਬੰਧ ਸਿੱਧਾ ਹਵਾਈ ਸੈਨਾ ਦੇ ਹੱਥ ‘ਚ ਸੀ। ਨਾਜੀ ਜਰਮਨੀ ਨੇ ਸਾਮਰਾਜਵਾਦੀ/ਫਾਸ਼ੀਵਾਦੀ ਜਪਾਨ ਨਾਲ ਇਕ ਗੱਠਜੋੜ ਕੀਤਾ ਜਦਕਿ ਗ੍ਰੇਟ ਬ੍ਰਿਟੇਨ ਸੰਯੁਕਤ ਰਾਜ ਅਮਰੀਕਾ ਦਾ ਟੋਕੀਓ ਨਾਲ ਸੰਘਰਸ਼ ਛਿੜ ਗਿਆ (1941 ‘ਚ ਪਰਲ ਹਾਰਬਰ ਦੀ ਘਟਨਾ ਦੇ ਬਾਅਦ)। ਠੀਕ ਇਹੀ ਵਿਰੋਧ ਚੀਨ ‘ਚ ਵੀ ਰਿਹਾ ਜਿੱਥੇ ਕੌਮਿਨਤਾਂਗ ਦੀਆਂ ਕਮੀਆਂ ਦੀ ਭਰਪਾਈ ਮਾਓਵਾਦੀ ਕਮਿਊਨਿਸਟਾਂ ਦੇ ਸਹਿਯੋਗ ਨਾਲ ਪੂਰੀ ਕੀਤੀ ਗਈ।

(2) ਦੂਜੇ ਦਰਜੇ ਦੀਆਂ ਪੂੰਜੀਵਾਦੀ ਤਾਕਤਾਂ ਦਾ ਫਾਸ਼ੀਵਾਦ : ਇਸਦਾ ਬੁਨਿਆਦੀ ਉਦਾਹਰਨ ਇਟਲੀ ਦਾ ਮੁਸੋਲਿਨੀ ਹੈ ( ਜਿਸਨੇ ਫਾਸ਼ੀਵਾਦ ਦੇ ਨਾਮ ਸਮੇਤ ਇਸਦੀ ਖੋਜ ਕੀਤੀ) ਮੁਸੋਲਿਨੀਵਾਦ 1920 ਦੇ ਸੰਕਟ ਅਤੇ ਕਮਿਊਨਿਸਟਾਂ ਦੇ ਵੱਧਦੇ ਖਤਰੇ ਤੇ ਇਟਲੀ ਦੇ ਦੱਖਣਪੰਥ (ਪੁਰਾਣੀ ਰਾਜਾਸ਼ਾਹੀ, ਨਵੀਂ ਬੁਰਜੂਆਜ਼ੀ, ਮੱਧ ਵਰਗ) ਦੀ ਪ੍ਰਤੀਕਿਰਿਆ ਤੋਂ ਪੈਦਾ ਹੋਇਆ ਸੀ, ਪਰ ਨਾ ਤਾਂ ਇਤਾਲਵੀ ਪੂੰਜੀਵਾਦ ਅਤੇ ਨਾ ਹੀ ਉਸਦੇ ਰਾਜਨੀਤਿਕ ਸੰਦ ਯਾਨਿ ਮੁਸੋਲਿਨੀ ਦੇ ਫਾਸ਼ੀਵਾਦ ਦੀ ਅਜਿਹੀ ਕੋਈ ਇੱਛਾ ਸੀ ਕਿ ਉਹ ਯੂਰਪ ‘ਤੇ ਰਾਜ ਕਰੇ, ਦੁਨੀਆਂ ਦੀ ਤਾਂ ਗੱਲ ਹੀ ਛੱਡੋ। ਰੋਮਨ ਸਾਮਰਾਜ ਨੂੰ ਪੁਨਰਗਠਿਤ ਕਰਨ ਸਬੰਧੀ ਡਿਊਕ ਦੀਆਂ ਸਾਰੀਆਂ ਗਤੀਵਿਧੀਆਂ ਦੇ ਬਾਵਯੂਦ ਮੁਸੋਲਿਨੀ ਇਸ ਗੱਲ ਨੂੰ ਸਮਝਦਾ ਸੀ ਕਿ ਉਸਦੇ ਪ੍ਰਬੰਧ ਦੀ ਸਥਿਰਤਾ ਦਰਅਸਲ ਉਸਦੇ ਇਸ ਗੱਠਜੋੜ ‘ਤੇ ਟਿਕੀ ਹੋਈ ਹੈ ਕਿ ਉਹ ਗ੍ਰੇਟ ਬ੍ਰਿਟੇਨ ਦਾ ਸੇਵਾਦਾਰ ਹੋਣਾ ਸਵੀਕਾਰ ਕਰਦਾ ਹੈ (ਜੋ ਮੈਡੀਟੇਰਟਨੀਅਨ ਦਾ ਮਾਲਕ ਸੀ) ਜਾਂ ਫਿਰ ਨਾਜੀ ਜਰਮਨੀ ਦਾ। ਦੋ ਸੰਭਾਵਿਤ ਗੱਠਜੋੜਾਂ ਨੂੰ ਲੈ ਕੇ ਮੁਸੋਲਿਨੀ ਦਾ ਇਹ ਦਵੰਦ ਦੂਜੇ ਵਿਸ਼ਵ ਯੁੱਧ ਦੀ ਸਵੇਰ ਤੱਕ ਬਰਕਰਾਰ ਰਿਹਾ।

ਸਾਲਾਜਾਰ ਅਤੇ ਫਰਾਂਕੋ ਦਾ ਫਾਸ਼ੀਵਾਦ ਇਸ ਸ਼੍ਰੇਣੀ ‘ਚ ਆਉਂਦਾ ਹੈ। ਇਹ ਦੋਨੋ ਤਾਨਾਸ਼ਾਹ ਰਿਪਬਲਿਕਨ ਉਦਾਰਵਾਦੀਆਂ ਜਾਂ ਸਮਾਜਵਾਦੀ ਰਿਪਬਲਿਕਨਾਂ ਦੇ ਖਤਰੇ ਦੇ ਜਵਾਬ ‘ਚ ਦੱਖਣਪੰਥੀਆਂ ਅਤੇ ਕੈਥੋਲਿਕ ਚਰਚ ਦੁਆਰਾ ਖੜੇ ਕੀਤੇ ਗਏ ਸਨ। ਕੇਵਲ ਇਹੀ ਕਾਰਨ ਰਹੇ ਹਨ ਕਿ ਇਹ ਦੋਵੇਂ ਆਪਣੀ ਭਰਪਾਈ ਹਿੰਸਾ (ਕਮਿਊਨਿਜ਼ਮ ਵਿਰੋਧ ਦੇ ਨਾਮ) ਦੇ ਬਾਵਯੂਦ ਪ੍ਰਮੁੱਖ ਸਾਮਰਾਜਵਾਦੀ ਤਾਕਤਾਂ ਦੇ ਹਮਲੇ ਤੋਂ ਬਚੇ ਰਹੇ। ਪਹਿਲਾਂ ਅਮਰੀਕਾ ਨੇ 1945 ਦੇ ਬਾਅਦ ਇਨ੍ਹਾਂ ਨੂੰ ਪਨਾਹ ਦਿੱਤੀ (ਸਾਲਾਜਾਰ ਨਾਟੋ ਦਾ ਸੰਸਥਾਪਕ ਮੈਂਬਰ ਬਣਿਆ ਅਤੇ ਸਪੇਨ ਆਪਣੇ ਇੱਥੇ ਅਮਰੀਕੀ ਸੈਨਾ ਬੇਸ ਸਥਾਪਿਤ ਕਰਨ ਲਈ ਰਾਜੀ ਹੋ ਗਿਆ। ਅਤੇ ਬਾਅਦ ‘ਚ ਯੂਰਪੀ ਸਮੂਹ ਨੇ ਵੀ ਇਹੀ ਰੁਖ ਅਪਣਾਇਆ, ਜੋ ਆਪਣੇ ਸੁਭਾਅ ਤੋਂ ਹੀ ਪਿਛਾਖੜੀ ਪੂੰਜੀਵਾਦ ਦਾ ਪਾਲਕ ਰਿਹਾ ਹੈ। ਕਾਨਰੇਸ਼ਨ ਕਾਂ੍ਰਤੀ (1974) ਅਤੇ ਫਰਾਂਕੋ ਦੀ ਮੌਤ (1980) ਦੇ ਬਾਅਦ ਇਨ੍ਹਾਂ ਦੋਨਾਂ ਪ੍ਰਬੰਧਾਂ ਨੇ ਸਾਡੇ ਦੌਰ ਦੇ ਇਕ ਨਵੇਂ ‘ਲੋਕਤੰਤਰ’ ਦਾ ਖੇਮਾ ਫੜ ਲਿਆ।

(3) ਹਾਰੀਆਂ ਸੱਤਾਵਾਂ ਦਾ ਫਾਸ਼ੀਵਾਦ : ਇਸ ਵਿਚ ਫਰਾਂਸ ਦੀ ਵਿਚੀ ਸਰਕਾਰ, ਬੈਲਜੀਅਮ ਦੇ ਲਿਓਨ ਦੇਗਰੇਲੇ ਅਤੇ ‘ਫਲੇਮਿਸ਼’ ਕਪਟੀ ਸਰਕਾਰ ਸ਼ਾਮਿਲ ਸੀ ਜਿਸਨੇ ਨਾਜੀਆਂ ਦਾ ਸਮਰੱਥਨ ਹਾਸਲ ਕੀਤਾ। ਫਰਾਂਸ ‘ਚ ਉੱਚ ਵਰਗ ਨੇ ਪਾਪੂਲਰ ਫਰੰਟ ਦੀ ਜਗ੍ਹਾ ਹਿਟਲਰ ਨੂੰ ਚੁਣਿਆ’ (ਇਸ ਵਿਸ਼ੇ ਤੇ ਏਨੀ ਲੈਕਾਰੀਆ-ਰਿਜ ਦੀ ਪੁਸਤਕ ਵੇਖੋ) ਇਸ ਕਿਸਮ ਦਾ ਫਾਸ਼ੀਵਾਦ ਜੋ ਕਿ ‘ਜਰਮਨ ਅਧਿਕਾਰ ਵਾਲੇ ਯੂਰਪ’ ਦੇ ਹੱਥੋਂ ਹਾਰ ਅਤੇ ਗੁਲਾਮੀ ਨਾਲ ਸਬੰਧਿਤ ਸੀ, ਉਹ ਨਾਜੀਆਂ ਦੀ ਹਾਰ ਦੇ ਬਾਅਦ ਪਿੱਛੇ ਹਟਣ ਲਈ ਮਜ਼ਬੂਰ ਹੋ ਗਿਆ। ਫਰਾਂਸ ‘ਚ ਉਸਦੀ ਜਗ੍ਹਾ ਰਜਿਸਟੈਂਸ ਕਾਊਸਲਾਂ ਦਾ ਉਭਾਰ ਹੋਇਆ ਜੋ ਕੁਝ ਸਮੇਂ ਤੱਕ ਏਕੀਕ੍ਰਿਤ ਕਮਿਊਨਿਸਟਾਂ ਅਤੇ ਹੋਰ ਵਿਰੋਧੀ ਸੰਘਰਸ਼ਸ਼ੀਲ ਤਾਕਤਾਂ ਨੂੰ ਇਕਜੁਟ ਕਰਨ ਦਾ ਮੰਚ ਬਣੀ (ਖਾਸਕਰ ਚਾਰਲਸ ਡੀ ਗਾਲ)। ਉਸ ਸਮੇਂ ਯੂਰਪ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਚੁੱਕਿਆ ਸੀ ਅਤੇ ਫਰਾਂਸ ਨਾਟੋ ਅਤੇ ਮਾਰਸ਼ਲ ਪਲਾਨ ਦਾ ਹਿੱਸਾ ਬਣ ਚੁਕਿਆ ਸੀ ਯਾਨਿ ਅਮਰੀਕੀ ਇਜਾਰੇਦਾਰੀ ਦੇ ਸਾਹਮਣੇ ਉਸਨੇ ਸਵੈ-ਇੱਛਾ ਗੋਡੇ ਟੇਕ ਦਿੱਤੇ ਸਨ। ਲਿਹਾਜਾ ਰਜਿਸਟਰੈਂਸ ਕਾਊਸਲਾਂ ਨੂੰ ਆਪਣੇ ਅਗਾਮੀ ਵਿਸਥਾਰ ਲਈ ਤਦ ਤੱਕ ਉਡੀਕ ਕਰਨੀ ਪਈ ਜਦ ਤੱਕ ਕਿ ਉਸਦੇ ਫਾਸ਼ੀਵਾਦ ਤੇ ਪੂੰਜੀਵਾਦੀ ਵਿਰੋਧੀ ਸਖਤ ਵਿਰੋਧ ‘ਚ ਤਪ ਕੇ ਇਨਕਲਾਬੀ ਖੱਬੀ ਧਾਰਾ ਸਾਹਮਣੇ ਆਈ ਅਤੇ ਦੱੱਖਣਪੰਥੀ, ਕਮਿਊਨਿਸਟ ਵਿਰੋਧੀ ਅਤੇ ਸਮਾਜਿਕ ਲੋਕਪੱਖੀ ਤਾਕਤਾਂ ਉਸ ਨਾਲੋਂ ਪੂਰੀ ਤਰ੍ਹਾਂ ਕੱਟੀਆਂ ਨਹੀਂ ਗਈਆਂ।

(4) ਪੂਰਬੀ ਯੂਰਪ ਦੇ ਨਿਰਭਰ ਸਮਾਜਾਂ ‘ਚ ਫਾਸ਼ੀਵਾਦ : ਪੂਰਬੀ ਯੂਰਪ ਦੇ ਪੂੰਜੀਵਾਦੀ ਸਮਾਜਾਂ (ਪੋਲੈਂਡ, ਬਾਲਟਿਕ ਦੇਸ਼, ਰੋਮਾਨਿਆ, ਹੰਗਰੀ, ਯੁਗੋਸਲਾਵੀਆ, ਗ੍ਰੀਸ ਅਤੇ ਪੋਲਿਸ਼ ਦੌਰ ਦਾ ਪੱਛਮੀ ਓਕਰੇਨ) ਦਾ ਅਧਿਐਨ ਕਰਦੇ ਸਮੇਂ ਅਸੀਂ ਫਾਸ਼ੀਵਾਦ ਦੀ ਪੌੜੀ ਤੇ ਕਈ ਡੰਡੇ ਹੇਠਾਂ ਆ ਜਾਂਦੇ ਹਾਂ। ਇੱਥੇ ਅਸੀਂ ਇਕ ਪੱਛੜੇ ਅਤੇ ਨਤੀਜਨ ਨਿਰਭਰ ਪੂੰਜੀਵਾਦ ਦੀ ਗੱਲ ਕਰਦੇ ਹਾਂ। ਇਨ੍ਹਾਂ ਦੇਸ਼ਾਂ ਦੇ ਪਿਛਾਖੜੀ ਸੱਤਾਧਾਰੀ ਵਰਗਾਂ ਨੇ ਯੁੱਧ ਵਿਚਕਾਰਲੇ ਸਮੇਂ ‘ਚ ਨਾਜੀ ਜਰਮਨੀ ਦਾ ਸਾਥ ਦਿੱਤਾ ਸੀ। ਇਕ-ਇਕ ਕਰਕੇ ਇਹ ਜਾਂਚਣਾ ਹੋਵੇਗਾ ਕਿ ਆਖਰ ਇਨ੍ਹਾਂ ਦੇਸ਼ਾਂ ਦਾ ਹਿਟਲਰ ਦੇ ਪ੍ਰੋਜੈਕਟ ਨਾਲ ਵਿਸ਼ੇਸ਼ ਰਾਜਨੀਤਿਕ ਜੋੜ ਕੀ ਸੀ।

ਪੋਲੈਂਡ ਰੂਸੀ ਅਧਿਕਾਰ (ਜ਼ਾਰ ਸ਼ਾਸ਼ਨ ਦਾ ਰੂਸ) ਦੇ ਪ੍ਰਤੀ ਪੁਰਾਣੀ ਨਫਰਤ- ਜੋ ਕਿ ਬਾਅਦ ‘ਚ ਕਮਿਊਨਿਸਟ ਸੋਵੀਅਤ ਸੰਘ ਪ੍ਰਤੀ ਨਫਰਤ ‘ਚ ਬਦਲ ਗਈ-ਅਤੇ ਨਾਲ ਹੀ ਕੈਥੋਲਿਕ ਪੋਪ ਦੀ ਹਰਮਨਪਿਆਰਤਾ ਨਾਲ ਉਸਨੂੰ ਮਿਲੇ ਹੁੰਗਾਰੇ ਨੇ ਸੁਭਾਵਿਕ ਤੌਰ ਤੇ ਇਸ ਦੇਸ਼ ਨੂੰ ਜਰਮਨੀ ਦੇ ਵਿਚੀ ਮਾਡਲ ਦਾ ਹਾਮੀ ਬਣਾਇਆ ਹੁੰਦਾ। ਹਿਟਲਰ ਹਾਂਲਾਕਿ ਇਸ ਦੇਸ਼ ਨੂੰ ਇਵੇਂ ਨਹੀਂ ਵੇਖਦਾ ਸੀ। ਉਸਦਾ ਮੰਨਣਾ ਸੀ ਕਿਰੂਸੀਆਂ, ਓਕਰੇਨੀਆਂ, ਸਰਬਾਂ, ਯਹੂਦੀਆਂ, ਰੋਮਨਾਂ ਤੇ ਹੋਰਾਂ ਦੀ ਤਰ੍ਹਾਂ ਹੀ ਪੋਲਿਸ਼ ਲੋਕਾਂ ਦੀ ਹੋਣੀ ਵੀ ਖਤਮ ਹੋ ਜਾਣਾ ਸੀ। ਜਾਹਰ ਹੈ, ਫਿਰ ਜਰਮਨੀ ਨਾਲ ਪੋਲਿਸ਼ ਫਾਸ਼ੀਵਾਦ ਦਾ ਕੋਈ ਵੀ ਗੱਠਜੋੜ ਬਣਨਾ ਨਾਮੁਮਕਿਨ ਸੀ।

ਇਸਦੇ ਉਲਟ ਹਾਰਥੀ ਦੇ ਹੰਗਰੀ ਅਤੇ ਅੰਨੇਸਕੂ ਦੇ ਰੋਮਾਨੀਆ ਨੂੰ ਨਾਜੀ ਜਰਮਨੀ ਦੇ ਸੇਵਾਦਾਰ ਦੇ ਤੌਰ ਤੇ ਵਰਤਿਆ ਗਿਆ। ਇਨ੍ਹਾਂ ਦੋ ਦੇਸ਼ਾਂ ‘ਚ ਅਲੱਗ ਫਾਸ਼ੀਵਾਦ ਹਰੇਕ ਦੇ ਵਿਸ਼ੇਸ਼ ਸਮਾਜਿਕ ਸੰਕਟ ਦੀ ਉਪਜ ਸੀ : ਹੰਗਰੀ ‘ਚ ਬੇਲਰਾ ਕੁਨ ਦੌਰ ਦੇ ਬਾਅਦ ਕਮਿਊਨਿਜ਼ਮ ਦਾ ਡਰ ਅਤੇ ਰੋਮਾਨੀਆ ‘ਚ ਹੰਗਰੀਅਨਾਂ ਤੇ ਰੂਸੀਅਨਾਂ ਦੇ ਖਿਲਾਫ ਕੱਟੜ ਰਾਸ਼ਟਰਵਾਦੀ ਉਭਾਰ।

ਯੂਗੋਸਲਾਵੀਆ ‘ਚ ਮੁਸੋਲਿਨੀ ਸ਼ਾਸਤ ਇਟਲੀ ਦੇ ਬਾਅਦ ਹਿਟਲਰ ਸ਼ਾਸਤ ਜਰਮਨੀ ਨੇ ਵੀ ਇਕ ਸੁਤੰਤਰ ‘ਕੋਰੀਏਸ਼ੀਆ’ ਦਾ ਸਮੱਰਥਨ ਕੀਤਾ ਜਿਸਦੇ ਪ੍ਰਬੰਧਨ ਦਾ ਕੰਮ ਕੈਥੋਲਿਕ ਚਰਚ ਦੇ ਸਮਰੱਥਨ ਦੇ ਸਰਬ ਵਿਰੋਧੀ ਉਤਾਸ਼ੀ ਦੇ ਹੱਥ ‘ਚ ਹੋਣਾ ਸੀ। ਦੂਜੇ ਪਾਸੇ ਸਰਬਾਂ ਨੂੰ ਬਰਬਾਦੀ ਲਈ ਟਿਕ ਲਿਆ ਗਿਆ ਸੀ।

ਮਜ਼ਦੂਰ ਜਮਾਤ ਦੇ ਸੰਘਰਸ਼ ਅਤੇ ਪਿਛਾਖੜੀ ਕੁਲੀਨ ਤਬਕਿਆਂ ਦੇ ਪਲਟਵਾਰ ਦੇ ਸੰਦਰਭ ‘ਚ ਰੂਸੀ ਇਨਕਲਾਬ ਨੇ ਨਾ ਸਿਰਫ 1939 ਤੋਂ ਪਹਿਲਾਂ ਦੇ ਸੋਵੀਅਤ ਖੇਤਰ ਬਲਕਿ ਹਾਰੇ ਜਾ ਚੁੱਕੇ ਇਲਾਕਿਆਂ ਯਾਨਿ ਬਾਲਟਿਕ ਦੇਸ਼ਾਂ ਤੇ ਪੋਲੈਂਡ ‘ਚ ਵੀ ਸਥਿਤੀਆਂ ਨੂੰ ਜਾਹਰਾ ਤੌਰ ਤੇ ਬਦਲ ਕੇ ਰੱਖ ਦਿੱਤਾ ਸੀ। 1921 ‘ਚ ਹੋਈ ਰਿਗਾ ਸੰਧੀ ਦੇ ਬਾਅਦ ਪੋਲੈਂਡ ਨੇ ਬੇਲਾਰੂਸ ਦੇ ਪੱਛਮੀ ਹਿੱਸੇ (ਬੋਲੀਨਿਆ) ਅਤੇ ਓਕਰੇਨ (ਦੱਖਣੀ ਗੈਲੀਸ਼ਿਆ, ਜੋ ਪਹਿਲਾਂ ਆਸਟਰੀਆ ‘ਚ ਸੀ, ਅਤੇ ਉੱਤਰੀ ਗੈਲਸ਼ੀਆ, ਜੋ ਜ਼ਾਰ ਦੇ ਸਾਮਰਾਜ ਦਾ ਹਿੱਸਾ ਸੀ) ਨੂੰ ਆਪਣੇ ‘ਚ ਮਿਲਾ ਲਿਆ।

ਇਸ ਸਮੁੱਚੇ ਖੇਤਰ ‘ਚ 1917 (ਬਲਕਿ ਪਹਿਲੇ ਰੂਸੀ ਇਨਕਲਾਬ ਨਾਲ 1905 ਤੋਂ ਹੀ) ਤੋਂ ਦੋ ਖੇਮਿਆਂ ਨੇ ਸ਼ਕਲ ਲੈ ਲਈ ਸੀ : ਇਕ ਸਮਾਜਵਾਦ ਸਮਰੱਥਕ ਖੇਮਾ (ਜੋ ਬਾਲਸ਼ਵਿਕ ਸਮੱਰਥਕ ਬਣ ਗਿਆ) ਜੋ ਕਿਸਾਨਾਂ (ਜੋ ਆਪਣੇ ਲਾਭ ਲਈ ਇਨਕਲਾਬੀ ਖੇਤੀ ਸੁਧਾਰ ਦੀ ਇੱਛਾ ਰੱਖਦੇ ਸਨ) ਅਤੇ ਬੌਧਿਕਾਂ (ਖਾਸਕਰ ਯਹੂਦੀਆਂ) ਦੇ ਵੱਡੇ ਤਬਕੇ ‘ਚ ਕਾਫੀ ਹਰਮਨਪਿਆਰਾ ਸੀ। ਦੂਸਰਾ ਖੇਮਾ ਸਮਾਜਵਾਦ ਵਿਰੋਧੀ ਸੀ (ਨਤੀਜਨ ਫਾਸ਼ੀਵਾਦੀ ਪ੍ਰਭਾਵ ਵਾਲੀਆਂ ਲੋਕਤੰਤਰ ਵਿਰੋਧੀ ਸਰਕਾਰਾਂ ਪ੍ਰਤੀ ਨਰਮ) ਜਿਸ ਵਿਚ ਸਾਰੇ ਭੂ-ਮਾਲਕ ਆਉਂਦੇ ਸਨ। 1939 ‘ਚ ਸੋਵੀਅਤ ਸੰਘ ਨਾਲ ਬਾਲਟਿਕ ਦੇਸ਼ਾਂ, ਬੇਲਾਰੂਸ ਅਤੇ ਓਕਰੇਨ ਦੇ ਏਕੀਕਰਨ ਨੇ ਇਸ ਭੁੱਲ ਜਾਂ ਗਲਤੀ ਨੂੰ ਪ੍ਰਕਾਸ਼ਿਤ ਕੀਤਾ।

ਪੂਰਬੀ ਯੂਰਪ ਦੇ ਇਸ ਹਿੱਸੇ ‘ਚ ਫਾਸ਼ੀਵਾਦ ਸਮਰਥਕਾਂ ਤੇ ਫਾਸ਼ੀਵਾਦ ਵਿਰੋਧੀਆਂ ਵਿਚਕਾਰ ਸੰਘਰਸ਼ਾਂ ਦਾ ਰਾਜਨੀਤਿਕ ਨਕਸ਼ਾ ਇਕ ਪਾਸੇ ਕੱਟੜ ਪੋਲਿਸ਼ ਰਾਸ਼ਟਰਵਾਦ (ਜੋ ਮਿਲਾਏ ਗਏ ਬੇਲਾਰੂਸ ਅਤੇ ਓਕਰੇਨ ਦੇ ਖੇਤਰਾਂ ਨੂੰ ਪੋਲਿਸ਼ ਸ਼ਾਸਨ ਦੇ ਤਹਿਤ ਲਿਆਉਣ ਲਈ ਉੱਥੇ ਬਸਤੀਆਂ ਵਸਾ ਰਿਹਾ ਸੀ) ਤੇ ਉਸਦੇ ਸ਼ਿਕਾਰ ਲੋਕਾਂ ਵਿਚ ਸੰਘਰਸ਼ ਦੇ ਚਲਦੇ ਧੁੰਦਲਾ ਹੋ ਗਿਆ ; ਦੂਸਰਾ, ਇਸਨੂੰ ਧੁੰਦਲਾ ਕਰਨ ਦਾ ਕੰਮ ਓਕਰੇਨੀ ‘ਰਾਸ਼ਟਰਵਾਦੀਆਂ’ (ਜੋ ਸਾਮਵਾਦ ਵਿਰੋਧ ਦੇ ਚਲਦੇ ਪੋਲੈਂਡ ਵਿਰੋਧੀ ਅਤੇ ਰੂਸ ਵਿਰੋਧੀ ਦੋਨੋਂ ਹੀ ਸਨ) ਤੇ ਹਿਟਲਰ ਦੇ ਉਸ ਪ੍ਰੋਜੈਕਟ ਵਿਚਕਾਰ ਚੱਲੇ ਸੰਘਰਸ਼ ਨੇ ਕੀਤਾ ਜੋ ਕਿਸੇ ਵੀ ਓਕਰੇਨੀ ਰਾਜ ਨੂੰ ਆਪਣਾ ਸੇਵਾਦਾਰ ਸਹਿਯੋਗੀ ਨਹੀਂ ਮੰਨਦਾ ਸੀ ਕਿਉਂਕਿ ਉੱਥੋਂ ਦੇ ਲੋਕਾਂ ਦੀ ਪਹਿਚਾਣ ਸਿਰਫ ਤਬਾਹੀ ਲਈ ਹੀ ਕੀਤੀ ਗਈ ਸੀ।

ਮੈਂ ਇਸ ਸੰਦਰਭ ‘ਚ ਪਾਠਕਾਂ ਨੂੰ ਸੁਝਾਅ ਦੇਵਾਂਗਾ ਕਿ ਉਹ ਓਲਾ ਆਸਤਰਚੁਕ ਦੀ ਪੁਸਤਕ ਲ਼ੲਸ ੂਕਰੳਨਿਇਨਸ ਡੳਚੲ ੳ ਲੲੁਰ ਪੳਸਸੲ ਨੂੰ ਪੜ੍ਹਨ। ਇਸ ਖੇਤਰ (ਆਸਟਰੀਅਨ ਗੈਲਸ਼ੀਆ, ਪੋਲਿਸ਼, ਓਕਰੇਨ, ਲਿਟਿਲ ਰਸ਼ਿਆ, ਜੋ ਬਾਅਦ ‘ਚ ਸੋਵੀਅਤ ਓਕਰੇਨ ਦੇ ਨਾਮ ਨਾਲ ਜਾਣਿਆ ਗਿਆ) ਦੇ ਸਮਕਾਲੀ ਇਤਿਹਾਸ ਦਾ ਓਲਾ ਦੁਆਰਾ ਕੀਤਾ ਗਿਆ ਡੂੰਘਾ ਵਿਸ਼ਲੇਸ਼ਣ ਪਾਠਕਾਂ ਨੂੰ ਅੱਜ ਵੀ ਜਾਰੀ ਸੰਘਰਸ਼ਾਂ ‘ਚ ਦਾਅ ਤੇ ਲੱਗੇ ਮਸਲਿਆਂ ਦੀ ਸਮਝਦਾਰੀ ਮੁੱਹਈਆ ਕਰਾਉਣ ਦੇ ਨਾਲ-ਨਾਲ ਸਥਾਨਕ ਫਾਸ਼ੀਵਾਦ ਦੀ ਭੂਮਿਕਾ ਨਾਲ ਵੀ ਜਾਣੂ ਕਰਵਾਏਗਾ।

ਅਤੀਤ ਅਤੇ ਵਰਤਮਾਨ ਦੇ ਫਾਸ਼ੀਵਾਦ ਪ੍ਰਤੀ ਪੱਛਮੀ ਦੱਖਣਪੰਥ ਦਾ ਵਿਸ਼ੇਸ਼ ਨਜ਼ਰੀਆ : ਦੋ ਵਿਸ਼ਵ ਯੁੱਧਾਂ ਵਿਚਕਾਰ ਯੂਰਪੀ ਸਾਂਸਦਾਂ ਦੇ ਅੰਦਰ ਮੌਜੂਦ ਦੱਖਣਪੰਥ ਹਮੇਸ਼ਾਂ ਹੀ ਫਾਸ਼ੀਵਾਦ ਪ੍ਰਤੀ ਕੁਝ ਆਗਿਆਕਾਰ ਅਤੇ ਇੱਥੋਂ ਤੱਕ ਕਿ ਕਿਤੇ ਜਿਆਦਾ ਘ੍ਰਿਣਾਪਸੰਦ ਨਾਜੀਵਾਦ ਪ੍ਰਤੀ ਨਰਮ ਬਣਿਆ ਰਿਹਾ ਸੀ। ਆਪਣੀ ਅੱਤਵਾਦੀ ‘ਅੰਗਰੇਜੀਅਤ’ ਦੇ ਬਾਵਯੂਦ ਖੁਦ ਚਰਚਿਲ ਨੇ ਮੁਸੋਲਿਨੀ ਪ੍ਰਤੀ ਆਪਣੀ ਹਮਦਰਦੀ ਨੂੰ ਕਦੀ ਨਹੀਂ ਲੁਕੋਇਆ। ਕਾਫੀ ਬਾਅਦ ‘ਚ ਜਾ ਕੇ ਅਮਰੀਕੀ ਰਾਸ਼ਟਰਪਤੀਆਂ ਅਤੇ ਡੈਮੋਕਰੇਟਾਂ ਤੇ ਰਿਪਬਲਿਕਨ ਪਾਰਟੀਆਂ ਨੂੰ ਹਿਟਲਰ ਦੀ ਜਰਮਨੀ ਨਾਲ ਜੁੜੇ ਹੋਣ ਵਾਲਾ ਖਤਰਾ ਅਤੇ ਕਿਤੇ ਜਿਆਦਾ ਸਾਮਰਾਜਵਾਦੀ/ ਫਾਸ਼ੀਵਾਦ ਜਪਾਨ ਨਾਲ ਪੈਦਾ ਖਤਰਾ ਸਮਝ ‘ਚ ਆਇਆ। ਟਰੂਮੈਨ ਨੇ ਅਮਰੀਕੀ ਸੱਤਾ ਮੂਲ ਦੇ ਉਸ ਨਿਰਾਸ਼ਾਵਾਦ ਨੂੰ ਖੁੱਲ੍ਹੇ ਤੌਰ ਤੇ ਪੇਸ਼ ਕੀਤਾ ਜਿਸਨੂੰ ਦੁਸਰੇ ਨੇਤਾ ਚੁੱਪਚਾਪ ਸਵੀਕਾਰ ਕਰਦੇ ਸਨ : ਉਸਦਾ ਖੁੱਲ੍ਹੇ ਤੌਰ ਤੇ ਮੰਨਣਾ ਸੀ ਕਿ ਯੁੱਧ ਹੋਣ ਦਿੱਤਾ ਜਾਵੇ ਤਾਂ ਕਿ ਜਰਮਨੀ, ਸੋਵੀਅਤ ਰੂਸ ਅਤੇ ਹਾਰੇ ਹੋਏ ਯੂਰਪੀਆਂ ਦਾ ਸਫਾਇਆ ਹੋ ਸਕੇ ਅਤੇ ਦਾਖਲ ਹੋਣ ‘ਚ ਜਿਆਦਾ ਤੋਂ ਜਿਆਦਾ ਦੇਰੀ ਕੀਤੀ ਜਾਵੇ, ਤਾਂ ਕਿ ਯੁੱਧ ਦੇ ਲਾਭਾਂ ਨੂੰ ਤੁੜਾਇਆ ਜਾ ਸਕੇ। ਇਹ ਇਕ ਫਾਸ਼ੀਵਾਦ ਵਿਰੋਧੀ ਪੱਖ ਦਾ ਸਿਧਾਂਤਕ ਪ੍ਰਗਟਾਵਾ ਤਾਂ ਕਦੇ ਨਹੀਂ ਹੋ ਸਕਦਾ। ਸਾਲਾਜਾਰ ਅਤੇ ਫਰਾਂਕੋ ਦੇ 1945 ‘ਚ ਪੁਨਰਵਾਸ ‘ਚ ਕੋਈ ਸੰਕੋਚ ਨਹੀਂ ਵਰਤਿਆ ਗਿਆ। ਇਨ੍ਹਾਂ ਹੀ ਨਹੀਂ, ਕੈਥੋਲਿਕ ਚਰਚ ਦੀਆਂ ਨੀਤੀਆਂ ‘ਚ ਯੂਰਪੀ ਫਾਸ਼ੀਵਾਦ ਨਾਲ ਗੱਠਜੋੜ ਇਕ ਸਥਾਈ ਕਾਰਕ ਹੈ। ਮੁਸੋਲਿਨੀ ਅਤੇ ਹਿਟਲਰ ਨਾਲ 12 ਅਹੁਦਿਆਂ ਦੇ ਸਹਿਯੋਗ ਦਾ ਐਲਾਨ ਉਸਦੀ ਭਰੋਸੇਯੋਗਤਾ ਨੂੰ ਕੋਈ ਚੋਟ ਨਹੀਂ ਪਹੁੰਚਾਉਂਦਾ ਸੀ।

ਹਿਟਲਰ ਦਾ ਯਹੂਦੀ ਵਿਰੋਧ ਬਹੁਤ ਬਾਅਦ ‘ਚ ਜਾ ਕੇ ਉਸਦੀ ਬਦਨਾਮੀ ਦਾ ਸਬੱਬ ਬਣਿਆ ਜਦ ਉਹ ਸਨਕਪੂਰਨ ਹੱਤਿਆਵਾਂ ਤੱਕ ਪਹੁੰਚ ਗਿਆ। ਹਿਟਲਰ ਦੇ ਸੰਬੋਧਨਾਂ ‘ਚ ਯਹੂਦੀਆਂ ਅਤੇ ਬਾਲਸ਼ਵਿਕਾਂ ਪ੍ਰਤੀ ਨਫਰਤ ‘ਤੇ ਦਿੱਤਾ ਜਾਣ ਵਾਲਾ ਜੋਰ ਕਈ ਰਾਜਨੇਤਾਵਾਂ ਦੇ ਭਾਸ਼ਣਾ ‘ਚ ਦਿਖਦਾ ਸੀ। ਉਸਦਾ ਨਾਜੀਵਾਦ ਦੀ ਹਾਰ ਦੇ ਬਾਅਦ ਹੀ ਯਹੂਦੀ ਵਿਰੋਧ ਦੀ ਨਿੰਦਾ ਕਰਨਾ ਸਿਧਾਂਤਕ ਤੌਰ ਤੇ ਲਾਜ਼ਮੀ ਬਣ ਗਿਆ। ਇਹ ਕੰਮ ਇਸ ਲਈ ਵੀ ਸੌਖਾ ਹੋ ਗਿਆ ਕਿਉਂਕਿ ‘ਸ਼ੋਆ ਦੇ ਸ਼ਿਕਾਰ’ ਕਹੇ ਜਾਣ ਵਾਲਿਆਂ ਦੇ ਉਤਰਾਧਿਕਾਰੀ ਇਸਰਾਇਲ ਦੇ ਜ਼ਿਊਨਿਸਟ ਬਣ ਗਏ ਸਨ ਜੋ ਫਲਸਤੀਨ ਅਤੇ ਅਰਬ ਲੋਕਾਂ ਦੇ ਖਿਲਾਫ ਪੱਛਮੀ ਸਾਮਰਾਜਵਾਦ ਦਾ ਸਹਿਯੋਗੀ ਸੀ-ਹਾਲਾਂਕਿ ਉਹ ਕਦੇ ਵੀ ਯੂਰਪੀ ਯਹੂਦੀ ਵਿਰੋਧਾਂ ਦੀ ਆਤੰਕਤਾ ’ਚ ਲਿਪਤ ਨਹੀਂ ਸੀ।

ਜਾਹਰਾ ਤੌਰ ਤੇ ਨਾਜੀਆਂ ਅਤੇ ਮੁਸੋਲਿਨੀ ਦੇ ਇਟਲੀ ਦੇ ਪਤਨ ਨੇ ਪੱਛਮੀ ਯੂਰਪ ਦੀ ਦੱਖਣਪੰਥੀ ਰਾਜਨੀਤਿਕ ਤਾਕਤਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਲੋਕਾਂ ਨਾਲੋਂ ਖੁਦ ਨੂੰ ਵੱਖ ਕਰ ਲੈਣ ਜੋ ਆਪਣੇ ਹੀ ਸਮੂਹ ਦੇ ਅੰਦਰ ਫਾਸ਼ੀਵਾਦ ਦੇ ਸਹਿਯੋਗੀ ਅਤੇ ਹਿੱਸੇਦਾਰ ਸਨ। ਇਸਦੇ ਬਾਵਯੂਦ, ਫਾਸ਼ੀਵਾਦ ਸੰਘਰਸ਼ ਪਰਦੇ ਤੋਂ ਗਾਇਬ ਨਹੀਂ ਹੋਏ ਬਲਕਿ ਪਿੱਠਭੂਮੀ ‘ਚ ਸਿਰਫ ਲੁਕ ਜਾਣ ਨੂੰ ਮਜ਼ਬੂਰ ਹੋ ਗਏ।

ਪੱਛਮੀ ਜਰਮਨੀ ‘ਚ ਮੁੜ-ਸਥਾਪਨਾ ਦੇ ਨਾਮ ਤੇ ਸਥਾਨਕ ਸਰਕਾਰ ਅਤੇ ਉਸਦੇ ਰੱਖਿਅਕਾਂ ਨੇ (ਸੰਯੁਕਤ ਰਾਜ ਅਮਰੀਕਾ ਅਤੇ ਉਸਦੇ ਬਾਅਦ ਦੂਸਰੇ ਨੰਬਰ ਤੇ ਗ੍ਰੇਟ ਬ੍ਰਿਟੇਨ ਅਤੇ ਫਰਾਂਸ) ਉਨ੍ਹਾਂ ਸਾਰਿਆਂ ਨੂੰ ਬਣੇ ਰਹਿਣ ਦਿੱਤਾ ਜਿਨ੍ਹਾਂ ਨੇ ਯੁੱਧ ਅਪਰਾਧ ਅਤੇ ਮਨੁੱਖ ਵਿਰੋਧੀ ਅਪਰਾਧਾਂ ਨੂੰ ਅੰਜਾਮ ਦਿੱਤਾ। ਫਰਾਂਸ ‘ਚ ਅੰਤੋਨ ਪਿਨਾਈ ਦੇ ਰੂਪ ‘ਚ ਵਿਚੀਵਾਦੀਆਂ ਦੇ ਰਾਜਨੀਤਿਕ ਦ੍ਰਿਸ਼ ਤੇ ਉਭਰਨ ਦੇ ਨਾਲ ਹੀ ‘ਗੱਠਜੋੜ ਲਈ ਨਿੰਦਾਮਈ ਹੱਤਿਆਵਾਂ’ ਦੇ ਦੋਸ਼ ‘ਚ ਰਜਿਸਟੈਂਸ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਟਲੀ ‘ਚ ਫਾਸ਼ੀਵਾਦ ਬਸ ਠੰਡਾ ਪੈ ਗਿਆ। ਉਹ ਇਸਾਈ ਲੋਕਤੰਤਰ ਅਤੇ ਕੈਥੋਲਿਕ ਚਰਚ ਦੇ ਅੰਦਰ ਹੁਣ ਵੀ ਮੌਜੂਦ ਸੀ। ਸਪੇਨ ‘ਚ ਯੂਰਪੀ ਸਮੂਹ (ਜੋ ਬਾਅਦ ‘ਚ ਯੂਰਪੀ ਸੰਘ ਬਣਿਆ) ਦੁਆਰਾ 1980 ‘ਚ ‘ਮੁੜ-ਸਥਾਪਨਾ’ ਲਈ ਥੋਪੇ ਗਏ ਸਮਝੌਤੇ ਨੇ ਫਰਾਂਕੋ ਰਾਜ ਲਈ ਕੀਤੇ ਗਏ ਅਪਰਾਧਾਂ ਦੇ ਕਿਸੇ ਵੀ ਸਿਮਰਨ ਨੂੰ ਸਿੱਧੇ ਤੌਰ ਵਰਜ ਦਿੱਤਾ।

ਬਾਅਦ ‘ਚ ਫਾਸ਼ੀਵਾਦ ਦੀ ਵਾਪਸੀ ਲਈ ਸਾਂਝੇ ਤੌਰ ਤੇ ਜਿੰਮੇਵਾਰ ਪੱਛਮੀ ਅਤੇ ਮੱਧ ਯੂਰਪ ਦੀਆਂ ਉਹ ਸਮਾਜਵਾਦੀ ਅਤੇ ਸਮਾਜਿਕ ਲੋਕਵਾਦੀ ਪਾਰਟੀਆਂ ਰਹੀਆਂ ਜਿੰਨ੍ਹਾ ਨੇ ਸੁਰੱਖਿਆਵਾਦੀ ਦੱਖਣਪੰਥ ਦੁਆਰਾ ਚਲਾਈਆਂ ਗਈਆਂ ਸਾਮਵਾਦ ਵਿਰੋਧੀ ਮੁਹਿੰਮਾਂ ਨੂੰ ਸਮਰਥਨ ਦਿੱਤਾ। ਇਨ੍ਹਾਂ ਪਾਰਟੀਆਂ ਨੂੰ ਖੱਬੇਪੰਥ ਦਾ ‘ਨਰਮਪੰਥੀ’ ਧੜਾ ਮੰਨਿਆ ਜਾਂਦਾ ਸੀ, ਵੈਸੇ ਇਹ ਪਾਰਟੀਆਂ ਵਿਸ਼ਵਵਿਆਪੀ ਤੌਰ ਤੇ ਫਾਸ਼ੀਵਾਦ ਵਿਰੋਧੀ ਸਨ। ਇਸਦੇ ਬਾਵਯੂਦ ਇਹ ਸਭ ਕੁਝ ਭੁਲਾ ਦਿੱਤਾ ਗਿਆ। ਸਮਾਜਿਕ ਉਦਾਰਵਾਦ ‘ਚ ਇਨ੍ਹਾਂ ਪਾਰਟੀਆਂ ਦੇ ਰੁਪਾਂਤਰਨ, ਯੂਰਪੀ ਨਿਰਮਾਣ (ਜੋ ਪਿਛਾਖੜੀ ਪੂੰਜੀਵਾਦੀ ਤੰਤਰ ਦੀ ਗਰੰਟੀ ਦਾ ਇਕ ਸੁਨਿਸ਼ਚਿਤ ਛੜਯੰਤਰ ਸੀ) ਲਈ ਇਸਦੇ ਬੇਸ਼ਰਤ ਸਮਰਥਨ ਅਤੇ ਅਮਰੀਕੀ ਏਕਾਧਿਕਾਰ ਦੇ ਤੁਲ ਬੇਸ਼ਰਤ ਗੋਡੇ ਟੇਕ ਦੇਣ (ਨਾਟੋ ਤੇ ਹੋਰ ਮਾਧਿਅਮਾਂ ਨਾਲ) ਦੇ ਚਲਦੇ ਇਕ ਅਜਿਹਾ ਪਿਛਾਖੜੀ ਖੇਮਾ ਹੋਂਦ ‘ਚ ਆਇਆ ਜਿਸ ਵਿਚ ਕਲਾਸਿਕੀ ਦੱਖਣਪੰਥੀ ਅਤੇ ਸਮਾਜਿਕ ਉਦਾਰਵਾਦੀਆਂ ਦਾ ਮਿਲਗੋਭਾ ਸੀ। ਇਸ ਵਿਚ ਇਹ ਗੁਜਾਇੰਸ ਵੀ ਸੀ ਕਿ ਜਰੂਰਤ ਪੈਣ ਤੇ ਇਹ ਨਵੇਂ ਦੱਖਣਪੰਥੀ ਕੱਟੜਪੰਥ ਨੂੰ ਖੁਦ ‘ਚ ਸ਼ਾਮਲ ਕਰ ਸਕਦਾ ਸੀ।

ਇਸ ਪ੍ਰਕਿਰਿਆ ਦਾ ਸਿੱਟਾ ਸੀ ਕਿ 1990 ਤੋਂ ਹੀ ਯੂਰਪੀ ਫਾਸ਼ੀਵਾਦ ਨੂੰ ਪੁਨਰਸਥਾਪਤ ਕਰਨ ਦਾ ਇਕ ਕੰਮ ਚਾਲੂ ਹੋਇਆ। ਇਨ੍ਹਾਂ ਸਾਰਿਆਂ ਦੇਸ਼ਾਂ ਦੇ ਫਾਸ਼ੀਵਾਦੀ ਸੰਘਰਸ਼ ਵੱਖ-ਵੱਖ ਪੱਧਰਾਂ ਤੇ ਹਿਟਲਰਵਾਦ ਦੇ ਸਮਰਥਕ ਜਾਂ ਸਹਿਯੋਗੀ ਰਹੇ ਸਨ। ਹਾਰ ਸਾਹਮਣੇ ਆਉਂਦੀ ਵੇਖ ਉਨ੍ਹਾਂ ਦੇ ਕਈ ਸਰਗਰਮ ਨੇਤਾਵਾਂ ਨੂੰ ਪੱਛਮ ‘ਚ ਲੈ ਜਾ ਕੇ ਤੈਨਾਤ ਕਰ ਦਿੱਤਾ ਗਿਆ ਅਤੇ ਇਸ ਲਈ ਇਹ ਜਰੂਰੀ ਸੀ ਕਿ ਉਹ ਅਮਰੀਕੀ ਸੈਨਾ ਬਲਾਂ ਦੇ ਸਾਹਮਣੇ ‘ਆਤਮਸਮਰਪਣ’ ਕਰਦੇ। ਇਸ ਵਿਚ ਕਿਸੇ ਨੂੰ ਵੀ ਦੁਬਾਰਾ ਨਵੇਂ ਲੋਕਤੰਤਰਾਂ ‘ਚ ਕਾਇਮ ਹੋਈ ਸੋਵੀਅਤ, ਯੂਗੋਸਲਾਵ ਜਾਂ ਹੋਰ ਸਰਕਾਰਾਂ ਦਾ ਹਿੱਸਾ ਬਣਾਕੇ ਉਨ੍ਹਾਂ ਤੇ ਯੁੱਧ ਅਪਰਾਧ ਲਈ (ਇਲਾਇਡ ਸੰਧੀਆਂ ਦੇ ਉਲੰਘਣ ਦੇ ਦੋਸ਼ ‘ਚ) ਮੁਕਦਮਾਂ ਚਲਾਉਣ ਲਈ ਨਹੀਂ ਭੇਜਿਆ ਗਿਆ। ਇਨ੍ਹਾਂ ਸਾਰਿਆਂ ਨੂੰ ਅਮਰੀਕਾ ਅਤੇ ਕੈਨੇਡਾ ‘ਚ ਪਨਾਹ ਦੇ ਦਿੱਤੀ ਗਈ ਜਿੱਥੇ ਉਨ੍ਹਾਂ ਦੇ ਕੱਟੜ ਸਾਮਵਾਦ ਵਿਰੋਧ ਦੇ ਨਾਤੇ ਉਹਨਾਂ ਦੀ ਪੂਰੀ ਦੁਰਗਤ ਕੀਤੀ ਗਈ।

ਆਪਣੀ ਪੁਸਤਕ Les Ukrainiens face a leur pass  ‘ਚ ਆਸਤਰਚੁਕ ਹਰ ਉਹ ਤੱਥ ਦਿੰਦਾ ਹੈ ਜੋ ਅਮਰੀਕੀ ਨੀਤੀ (ਅਤੇ ਉਸਦੇ ਪਿੱਛੇ ਖੜੀ ਯੂਰਪੀ ਨੀਤੀ) ਦੇ ਉਦੇਸ਼ਾਂ ਅਤੇ ਪੂਰਬੀ ਯੂਰਪ ਦੇ ਸਥਾਨਿਕ ਫਾਸ਼ੀਵਾਦੀਆਂ (ਵਿਸ਼ੇਸ਼ਕਰ ਓਕਰੇਨ) ਵਿਚਕਾਰ ਛੜਯੰਤਰਕਾਰੀ ਗੱਠਜੋੜ ਨੂੰ ਸਥਾਪਿਤ ਕਰ ਸਕੇ। ਮਸਲਨ, ‘ਪ੍ਰੋਫੈਸਰ’ ਦਮਿਤਰੀ ਦੋਸਤਸੋਵ ਨੇ ਆਪਣੀ ਮੌਤ ਤੱਕ (1975) ਆਪਣੇ ਸਾਰੇ ਕੰਮ ਕੈਨੇਡਾ ‘ਚ ਪ੍ਰਕਾਸ਼ਿਤ ਕੀਤੇ ਜੋ ਨਾ ਸਿਰਫ ਹਿੰਸਕ ਢੰਗ ਨਾਲ ਸਾਮਵਾਦ ਵਿਰੋਧੀ ਹਨ (‘ਜੁਡਿਯੋ-ਬਾਲਸ਼ਵਿਕ’ ਪਦਵੀ ਦਾ ਉਪਯੋਗ ਉਹ ਪਰੰਪਰਿਕ ਢੰਗ ਨਾਲ ਆਪਣੇ ਲਿਖੇ ‘ਚ ਕਰਦਾ ਹੈ) ਬਲਕਿ ਬੁਨਿਆਦੀ ਤੌਰ ਤੇ ਲੋਕਤੰਤਰ ਵਿਰੋਧੀ ਵੀ ਹੈ। ਪੱਛਮ ਦੇ ਤਥਾਕਥਿਤ ਲੋਕਤੰਤਰਿਕ ਰਾਜਾਂ ਦੀਆਂ ਸਰਕਾਰਾਂ ਨੇ ਓਕਰੇਨ ਦੀ ਨਾਰੰਗੀ ਕਾਂ੍ਰਤੀ ਨੂੰ ਨਾ ਸਿਰਫ ਸਹਿਯੋਗ ਦਿੱਤਾ ਬਲਕਿ ਵਿੱਤੀ ਸਹਾਇਤਾ ਅਤੇ ਸੰਗਠਿਤ ਵੀ ਕੀਤਾ। ਇਹ ਸਭ ਕੁਝ ਹੁਣ ਤੱਕ ਜਾਰੀ ਹੈ। ਇਸਤੋਂ ਪਹਿਲਾਂ ਯੂਗੋਸਲਾਵੀਆ ‘ਚ ਕੈਨੇਡਾ ਨੇ ਹੀ ਕੋਰੀਏਸ਼ਨ ਉਤਾਸ਼ੀਆਂ ਦਾ ਰਾਹ ਸੌਖਾ ਬਣਾਇਆ ਸੀ।

ਜਿਸ ਚਲਾਕ ਢੰਗ ਨਾਲ ‘ਮੱਧਵਰਗੀ’ ਮੀਡੀਆ ( ਜੋ ਖੁੱਲ੍ਹੇ ਤੌਰ ਤੇ ਘੋਸ਼ਿਤ ਫਾਸ਼ੀਵਾਦੀਆਂ ਨੂੰ ਆਪਣਾ ਸਹਿਯੋਗ ਸਵੀਕਾਰ ਨਹੀਂ ਕਰ ਸਕਦਾ) ਇਨ੍ਹਾਂ ਫਾਸ਼ੀਵਾਦੀਆਂ ਨੂੰ ਆਪਣਾ ਸਮਰਥਨ ਲੁਕੋਂਦਾ ਹੈ ਉਸਨੂੰ ਸਮਝਨਾ ਕਾਫੀ ਸੌਖਾ ਹੈ : ਉਹ ਫਾਸ਼ੀਵਾਦੀ ਦੀ ਜਗ੍ਹਾਂ ‘ਰਾਸ਼ਟਰਵਾਦੀ’ ਸ਼ਬਦ ਦਾ ਪ੍ਰਯੋਗ ਕਰਦਾ ਹੈ। ਇਸ ਤਰ੍ਹਾਂ ਪ੍ਰੋਫੈਸਰ ਦਮਿਤਸੋਵ ਹੁਣ ਫਾਸ਼ੀਵਾਦੀ ਨਹੀਂ ਰਹੇ ਬਲਕਿ ਓਕਰੇਨ ‘ਰਾਸ਼ਟਰਵਾਦੀ’ ਹੋ ਗਏ ਹਨ। ਬਿਲਕੁਲ ਉਵੇਂ ਹੀ ਜਿਵੇਂ ਮਰੀਨੇ ਲਾ ਪੇਨ ਹੁਣ ਫਾਸ਼ੀਵਾਦੀ ਨਹੀਂ ਬਲਕਿ ਰਾਸ਼ਟਰਵਾਦੀ ਕਹੇ ਜਾਂਦੇ ਹਨ (ਜਿਵੇਂ ਲਾ ਮੋਦੇ ਨੇ ਉਨ੍ਹਾਂ ਬਾਰੇ ਲਿਖਿਆ ਹੈ)।

ਕੀ ਇਹ ਫਾਸ਼ੀਵਾਦੀ ਅਸਲ ‘ਚ ‘ਰਾਸ਼ਟਰਵਾਦੀ’ ਹਨ, ਸਿਰਫ ਇਸ ਲਈ ਕਿ ਉਨ੍ਹਾਂ ਨੂੰ ਅਜਿਹਾ ਕਿਹਾ ਜਾਂਦਾ ਹੈ ? ਇਸ ਵਿਚ ਸ਼ੰਕਾ ਹੈ। ਰਾਸ਼ਟਰਵਾਦੀਆਂ ਲਈ ਇਹ ਨਾਮ ਅੱਜ ਤਦ ਤਾਂ ਉਪਯੋਗੀ ਹੋ ਸਕਦਾ ਹੈ ਜੇਕਰ ਉਹ ਸਮਕਾਲੀ ਦੁਨੀਆ ‘ਚ ਅਸਲ ਪਸਾਰਵਾਦੀ ਤਾਕਤਾਂ ਦੀ ਸੱਤਾ ਨੂੰ ਚੁਣੌਤੀ ਦਿੰਦੇ ਹੋਣ ਯਾਨਿ ਅਮਰੀਕਾ ਅਤੇ ਯੂਰਪ ਦੇ ਏਕਾਧਿਕਾਰਵਾਦ ਨੂੰ। ਇਹ ਕਥਿਤ ‘ਰਾਸ਼ਟਰਵਾਦ’ ਦਾ ਅਰਥ ਜਿਆਦਾਤਰ ਅਜਿਹੇ ਨਿਰਦੋਸ਼ ਗਵਾਂਢੀਆਂ ਪ੍ਰਤੀ ਉਨ੍ਹਾਂ ਦੀ ਜਾਤੀ ਨਫਰਤ ਹੈ ਜੋ ਕਦੇ ਵੀ ਉਨ੍ਹਾਂ ਦੀ ਖਰਾਬ ਕਿਸਮਤ ਲਈ ਜਿੰਮੇਵਾਰ ਨਹੀਂ ਰਹੇ : ਮਸਲਨ ਓਕਰੇਨੀਆਂ ਲਈ ਰੂਸੀ (ਜ਼ਾਰ ਨਹੀਂ) (ਕੋਰੀਏਸ਼ੀਆ ਦੇ ਲੋਕਾਂ ਲਈ ਸਰਭ ਅਤੇ ਫਰਾਂਸ, ਆਸਟਰੀਆ, ਸਵਿਟਰਜ਼ਲੈਂਡ, ਗ੍ਰੀਸ ਤੇ ਹੋਰਾਂ ਲਈ ‘ਪ੍ਰਵਾਸੀ)।

ਅਮਰੀਕਾ (ਰਿਪਬਲਿਕ ਅਤੇ ਡੈਮੋਕਰੇਟ) ਅਤੇ ਯੂਰਪ (ਸੰਸਦੀ ਦੱਖਣਪੰਥੀ ਅਤੇ ਸਮਾਜਿਕ ਉਦਾਰਵਾਦੀ) ਦੀ ਪ੍ਰਮੁੱਖ ਰਾਜਨੀਤਿਕ ਤਾਕਤਾਂ ਵਿਚਕਾਰ ਇਕ ਪਾਸੇ ਗੱਠਜੋੜ ਅਤੇ ਦੂਜੇ ਪਾਸੇ ਪੂਰਬ ਦੇ ਫਾਸ਼ੀਵਾਦੀਆਂ ਨਾਲ ਉਨ੍ਹਾਂ ਦੀ ਇਕਜੁਟਤਾ ਨੂੰ ਘੱਟ ਕਰਕੇ ਨਹੀਂ ਵੇਖਿਆ ਜਾਣਾ ਚਾਹੀਦਾ ਹੈ। ਹਿਲੇਰੀ ਕਲਿੰਟਨ ਨੇ ਇਸ ਗੱਠਜੋੜ ਦਾ ਖੁਦ ਨੂੰ ਬੁਲਾਰਾ ਬਣਾ ਲਿਆ ਹੈ ਜੋ ਜੰਗ ਦੀ ਸਨਕ ਨੂੰ ਉਸਦੇ ਆਖਰੀ ਮੁਕਾਮ ਤੱਕ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਇਥੋਂ ਤੱਕ ਕਿ ਜਾਰਜ ਡਬਲਿਯੂ ਬੁਸ਼ ਨਾਲੋਂ ਵੀ ਕਿਤੇ ਅੱਗੇ ਜਾ ਕੇ ਜੇਕਰ ਸੰਭਵ ਹੋਵੇ ਤਾਂ ਉਹ ਬਦਲੇ ਲਈ ਰੂਸ (ਸ਼ੀਤ ਯੁੱਧ ਦਾ ਦੁਹਰਾਅ ਨਹੀਂ), ਚੀਨ ਅਤੇ ਏਸ਼ੀਆ, ਅਫਰੀਕਾ ਤੇ ਲਾਤੀਨੀ ਅਮਰੀਕਾ ਦੇ ਬਾਗੀ ਲੋਕਾਂ ਖਿਲਾਫ ਇਕ ਰੱਖਿਆਤਮਕ ਯੁੱਧ ਦਾ ਐਲਾਨ ਕਰਦੀ ਹੈ ਜਦਕਿ ਕਿਤੇ ਜਿਆਦਾ ਖੁੱਲ੍ਹੇ ਤੌਰ ਤੇ ਓਕਰੇਨ, ਜਾਰਜ਼ੀਆ ਅਤੇ ਮੋਲਦੋਵਾ ਸਮੇਤ ਹੋਰ ਥਾਵਾਂ ਤੇ ਖੁੱਲੇ੍ਹ ਦਖਲ ਦੀ ਪੈਰੋਕਾਰੀ ਤਾਂ ਕਰਦੀ ਹੀ ਹੈ। ਹੋ ਸਕਦਾ ਹੈ ਕਿ ਅਮਰੀਕਾ ਦੇ ਪਤਨ ਦੇ ਜਵਾਬ ‘ਚ ਉਹਨਾਂ ਦੇ ਇਹ ਹਵਾਈ ਹਮਲੇ ਉਨ੍ਹਾਂ ਨੂੰ ‘ਅਮਰੀਕਾ ਦੀ ਪਹਿਲੀ ਔਰਤ ਰਾਸ਼ਟਰਪਤੀ’ ਬਣਨ ਦੇ ਲਾਇਕ ਉਥੋਂ ਦੇ ਲੋਕਾਂ ਦਾ ਉਨ੍ਹਾਂ ਨੂੰ ਸਮਰਥਨ ਦਿਵਾਇਆ ਜਾਵੇ। ਇਸ ਝੂਠੇ ਨਾਰੀਵਾਦ ਦੇ ਲੁਕਵੇਂ ਮਨਸੂਬੇ ਕੀ ਹਨ, ਸਾਨੂੰ ਇਹ ਨਹੀਂ ਭੁਲਣਾ ਚਾਹੀਦਾ !

ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਫਾਸ਼ੀਵਾਦੀ ਖਤਰਾ ਅੱਜ ਵੀ ਅਮਰੀਕਾ ਅਤੇ ਪੱਛਮੀ ਯੂਰਪ ਦੀ ‘ਲੋਕਤੰਤਰੀ’ ਵਿਵਸਥਾ ਲਈ ਖੁਦ ‘ਚ ਕੋਈ ਖਤਰਾ ਨਾ ਨਜ਼ਰ ਆਏ। ਕਲਾਸਕੀ ਸੰਸਦੀ ਦੱਖਣਪੰਥ ਅਤੇ ਸਮਾਜਿਕ ਉਦਾਰਵਾਦੀਆਂ ਵਿਚਕਾਰਲਾ ਗੱਠਜੋੜ ਇਜਾਰੇਦਾਰ ਪੂੰਜੀ ਲਈ ਇਸ ਗੱਲ ਨੂੰ ਲਾਜਮੀਂ ਬਣਾਉਂਦਾ ਹੈ ਕਿ ਉਹ ਦੱਖਣਪੰਥੀ ਕੱਟੜਪੰਥ ਦੀਆਂ ਸੇਵਾਵਾਂ ਲੈਣ, ਜੋ ਇਤਿਹਾਸਕ ਫਾਸ਼ੀਵਾਦੀ ਸ਼ੰਘਰਸ਼ਾਂ ਦੀ ਸੂਰਤ ‘ਚ ਉਭਾਰਦਾ ਹੈ। ਤਦ ਸਵਾਲ ਉਠਦਾ ਹੈ ਕਿ ਆਖਰ ਪਿਛਲੇ ਇਕ ਦਹਾਕੇ ਦੌਰਾਨ ਦੱਖਣਪੰਥੀ ਕੱਟੜਪੰਥ ਚੁਣਾਵੀ ਕਾਮਯਾਬੀ ਨੂੰ ਅਸੀਂ ਕਿਸ ਰੂਪ ‘ਚ ਦੇਖੀਏ ? ਇਜਾਰੇਦਾਰ ਪੂੰਜੀਵਾਦ ਦੇ ਸ਼ਿਕਾਰ ਤਾਂ ਯੂਰਪੀ ਵੀ ਸਾਫ ਤੌਰ ਤੇ ਹਨ। ਇਸ ਤੋਂ ਸਾਨੂੰ ਸਮਝ ਆ ਸਕਦਾ ਹੈ ਕਿ ਜਦ ਉਨ੍ਹਾਂ ਦੇ ਸਾਹਮਣੇ ਦੱਖਣਪੰਥੀ ਤੇ ਸਮਾਜਵਾਦੀ ਖੱਬੇ ਧੜੇ ਦੇ ਗਠਜੋੜ ਨਾਲ ਨਿਪਟਨ ਦਾ ਸਵਾਲ ਆਉਂਦਾ ਹੈ ਤਾਂ ਉਹ ਕਿਉਂ ਜਾਂ ਤਾਂ ਚੋਣਾਂ ‘ਚ ਹਿੱਸਾ ਨਹੀਂ ਲੈਂਦੇ ਜਾਂ ਫਿਰ ਦੱਖਣੀ ਕੱਟੜਪੰਥ ਨੂੰ ਵੋਟ ਦਿੰਦੇ ਹਨ। ਇਸ ਸੰਦਰਭ ‘ਚ ਇਨਕਲਾਬੀ ਖੱਬਿਆਂ ਦੀ ਜਿੰਮੇਵਾਰੀ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ ; ਜੇਕਰ ਇਨ੍ਹਾਂ ਖੱਬਿਆਂ ਕੋਲ ਮੌਜੂਦਾ ਪੂੰਜੀਵਾਦ ਤੋਂ ਅੱਗੇ ਜਾ ਕੇ ਕੁਝ ਕਰ ਵਿਖਾਉਣ ਦਾ ਸਾਹਸ ਹੁੰਦਾ ਤਾਂ ਉਸ ਨਾਲ ਉਹ ਭਰੋਸੇਯੋਗਤਾ ਹਾਸਲ ਹੋ ਜਾਂਦੀ ਜੋ ਫਿਲਹਾਲ ਨਦਾਰਦ ਹੈ। ਅੱਜ ਕੱਲ ਆਪ ਮੁਹਾਰੇ ਪੈਦਾ ਹੋਣ ਵਾਲੇ ਸੰਘਰਸ਼ਾਂ ਅਤੇ ਰੱਖਿਆਤਮਕ ਸੰਘਰਸ਼ਾਂ ‘ਚ ਜਿਸਦੀ ਘਾਟ ਦਿਖਾਈ ਦਿੰਦੀ ਹੈ, ਉਸ ਲਈ ਇਨਕਲਾਬੀ ਖੱਬੇਪੱਖੀਆਂ ਦਾ ਸਾਹਸੀ ਹੋਣਾ ਲਾਜ਼ਮੀ ਹੈ ਤਾਂ ਕਿ ਉਹ ਇਸ ਕਮੀ ਨੂੰ ਪੂਰਾ ਕਰ ਸਕਣ। ਤਾਂ ਹੀ ਇਹ ਸੰਭਵ ਹੋਵੇਗਾ ਕਿ ਇਹ ‘ਸੰਘਰਸ਼’ ਸੱਤਾ ਦੇ ਸਮਾਜਿਕ ਸੰਤੁਲਨ ਨੂੰ ਮਿਹਨਤਕਸ਼ ਤਬਕੇ ਵੱਲ ਝੁਕਾ ਸਕਣ ਅਤੇ ਉਸ ਦੇ ਅਧਾਰ ਦਾ ਵਿਸ਼ਲੇਸ਼ਣ ਕਰਦੇ ਹੋਏ ਆਪਣਾ ਵਿਸਥਾਰ ਕਰ ਸਕਣ। ਦੱਖਣੀ ਅਮਰੀਕਾ ਦੇ ਹਰਮਨਪਿਆਰੇ ਸੰਘਰਸ਼ਾਂ ਤੋਂ ਮਿਲੀ ਕਾਮਯਾਬੀ ਇਸ ਗੱਲ ਦਾ ਸਬੂਤ ਹੈ।

ਮੌਜੂਦਾ ਹਾਲਤਾਂ ‘ਚ ਦੱਖਣਪੰਥੀ ਕੱਟੜਪੰਥ ਦੀਆਂ ਚੁਣਾਵੀ ਕਾਮਯਾਬੀਆਂ ਸਮਕਾਲੀ ਪੂੰਜੀਵਾਦ ਦੀ ਹੀ ਆਪਣੀ ਉਪਜ ਹੈ। ਇਨ੍ਹਾਂ ਕਾਮਯਾਬੀਆਂ ਦੇ ਚਲਦੇ ਮੀਡੀਆ ਨੂੰ ਮੌਕਾ ਮਿਲ ਜਾਂਦਾ ਹੈ ਕਿ ਉਹ ਇਕ ਹੀ ਸਾਹ ‘ਚ ਇਕ ਬਰਾਬਰ ਤ੍ਰਿਸਕਾਰ ਨਾਲ ‘ਅਤਿ ਦੱਖਣੀ ਤੇ ਅਤਿ ਖੱਬੇ ਦੇ ਲੋਕਰੰਜਤਾਵਾਦ’ ਨੂੰ ਵਰਤਦਾ ਹੈ ਤੇ ਇਸ ਤਰ੍ਹਾਂ ਉਸ ਵੰਡ ਨੂੰ ਧੁੰਦਲਾ ਕਰ ਦਿੰਦਾ ਹੈ ਕਿ ਅਤਿ ਦੱਖਣਪੰਥ ਪੂੰਜੀਵਾਦ ਸਮਰਥਕ (ਜਿਵੇਂ ਕਿ ਨਾਮ ਤੋਂ ਜਾਹਰ ਹੈ) ਤੇ ਪੂੰਜੀ ਦਾ ਸੁਭਾਵਿਕ ਸੇਵਾਦਾਰ ਹੈ ਜਦਕਿ ਅਤਿ ਖੱਬੇ ਪੂੰਜੀਵਾਦ ਸੱਤਾ ਤੰਤਰ ਦਾ ਖਤਰਨਾਕ ਦੁਸ਼ਮਣ ਹੈ।

ਅਮਰੀਕਾ ‘ਚ ਵੀ ਅਜਿਹੀ ਹੀ ਨਿਰਅਧਾਰ ਕਲਪਨਾ ਦੇਖਣ ‘ਚ ਆਉਂਦੀ ਹੈ ਹਾਲਾਂਕਿ ਉਥੋਂ ਦੇ ਦੱਖਣਪੰਥੀ ਕੱਟੜਪੰਥ ਨੂੰ ਕਦੇ ਵੀ ਫਾਸ਼ੀਵਾਦ ਨਹੀਂ ਕਿਹਾ ਜਾਂਦਾ। ਅਤੀਤ ਦਾ ਮੈਕਾਰਥੀਵਾਦ ਹੋਵੇ ਜਾਂ ਚਾਹ ਪਾਰਟੀ ਦੀ ਮੌਜੂਦਾ ਸਨਕਪੂਰਨ ਰਾਜਨੀਤੀ ਅਤੇ ਯੁੱਧਪਸੰਦ ਲੋਕ (ਜਿਵੇਂ ਹਿਲੇਰੀ ਕਲਿੰਟਨ), ਇਹ ਸਾਰੇ ‘ਸਰਕਾਰ’ ਦੇ ਬਰਅਕਸ ਖੁਲ੍ਹੇਆਮ ‘ਲਿਬਰਟੀ’ ਦਾ ਬਚਾਅ ਕਰਦੇ ਹਨ ਕਿਉਂਕਿ ਇਨ੍ਹਾਂ ਲਈ ਲਿਬਰਟੀ ਦਾ ਅਰਥ ਇਜਾਰੇਦਾਰ ਪੂੰਜੀ ਦੇ ਮਾਲਕਾਂ ਅਤੇ ਪ੍ਰਬੰਧਕਾਂ ਦੀ ਅਜਾਦੀ ਹੈ ਜਦਕਿ ਸਰਕਾਰ ਤੇ ਇੰਨ੍ਹਾਂ ਨੂੰ ਸੰਦੇਹ ਹੈ ਕਿ ਕਿਤੇ ਉਹ ਇਸ ਪ੍ਰਬੰਧ ਦੇ ਸ਼ਿਕਾਰ ਲੋਕਾਂ ਦੀ ਮੰਗ ਦੇ ਅੱਗੇ ਝੁਕ ਨਾ ਜਾਏ।

ਫਾਸ਼ੀਵਾਦੀ ਸੰਘਰਸ਼ਾਂ ਬਾਰੇ ਇਕ ਆਖਰੀ ਗੱਲ : ਅਜਿਹਾ ਲਗਦਾ ਹੈ ਕਿ ਉਹ ਇਹ ਜਾਣਨ ‘ਚ ਅਸਮਰੱਥ ਹੁੰਦੇ ਜਾ ਰਹੇ ਹਨ ਕਿ ਆਪਣੀਆਂ ਮੰਗਾਂ ਤੇ ਕਦ ਅਤੇ ਕਿਵੇਂ ਰੋਕ ਲਾਈ ਜਾਵੇ। ਉਨ੍ਹਾਂ ਦੇ ਆਗੂਆਂ ਦਾ ਮੱਤ ਤੇ ਉਸਦੇ ਅੰਨੇ ਭਗਤ, ਕੱਟੜਤਾ ਦਾ ਸੰਚਾਰ ਕਰਨ ਵਾਲੀਆਂ ਕਪਟੀ ਜਾਤੀਆਂ ਤੇ ਕਪਟੀ ਧਾਰਮਿਕ ਮਿਥਕ ਕਮੇਟੀਆਂ ਨੂੰ ਬੜਾਵਾ ਅਤੇ ਹਿੰਸਕ ਕਾਰਵਾਈਆਂ ਲਈ ਨਾਗਰਿਕ ਸੈਨਾ ਦੀ ਬਹਾਲੀ- ਇਹ ਸਭ ਮਿਲਕੇ ਫਾਸ਼ੀਵਾਦ ਨੂੰ ਇਕ ਅਜਿਹੀ ਤਾਕਤ ਦਾ ਰੂਪ ਦਿੰਦੇ ਹਨ ਜਿਸਤੇ ਕੰਟਰੋਲ ਕਾਇਮ ਕਰਨਾ ਮੁਸ਼ਕਿਲ ਹੁੰਦਾ ਹੈ। ਅਜਿਹੇ ‘ਚ ਗਲਤੀਆਂ ਦਾ ਹੋਣਾ ਲਾਜ਼ਮੀ ਹੁੰਦਾ ਹੈ। ਅਜਿਹੀਆਂ ਗਲਤੀਆਂ ਕਦੇ-ਕਦੇ ਫਾਸ਼ੀਵਾਦੀਆਂ ਦੇ ਸਮਾਜਿਕ ਹਿੱਤ ਦੇ ਲਿਹਾਜ ਨਾਲ ਵਿਵੇਕਹੀਣਤਾ ਦੀਆਂ ਸੀਮਾਵਾਂ ਨੂੰ ਵੀ ਪਾਰ ਕਰ ਜਾਂਦੀਆਂ ਹਨ। ਹਿਟਲਰ ਸੱਚੀਂ ਦਿਮਾਗੀ ਤੌਰ ਤੇ ਬਿਮਾਰ ਬੰਦਾ ਸੀ, ਇਸਦੇ ਬਾਵਯੂਦ ਉਸਨੇ ਉਨ੍ਹਾਂ ਵੱਡੇ ਪੂੰਜੀਪਤੀਆਂ ਨੂੰ ਆਪਣੀ ਸਨਕ ਦੀ ਹੱਦ ਤੱਕ ਆਪਣੇ ਨਾਲ ਖੜੇ ਰਹਿਣ ਲਈ ਮਜ਼ਬੂਰ ਕੀਤਾ ਜੋ ਉਸਨੂੰ ਸੱਤਾ ‘ਚ ਲੈ ਕੇ ਆਏ ਸਨ ਅਤੇ ਜਿਥੋਂ ਤੱਕ ਵਸੋਂ ਦੇ ਇਕ ਵੱਡੇ ਹਿੱਸੇ ਦਾ ਸਮਰਥਨ ਵੀ ਉਸਨੂੰ ਹਾਸਲ ਹੋਇਆ। ਇਹ ਹਾਲਾਂਕਿ ਆਪਣੇ ਕਿਸਮ ਦਾ ਇਕਲੌਤਾ ਅੱਤਵਾਦੀ ਮਾਮਲਾ ਸੀ, ਪਰ ਮੁਸੋਲਿਨੀ, ਫਰਾਂਕੋ, ਸਾਲਾਜਾਰ ਅਤੇ ਪੇਤਾਈਨ ਦਿਮਾਗੀ ਤੌਰ ਤੇ ਬਿਮਾਰ ਲੋਕ ਨਹੀਂ ਸਨ ਫਿਰ ਵੀ ਉਨ੍ਹਾਂ ਦੇ ਅਜਿਹੇ ਸਹਿਯੋਗੀਆਂ ਅਤੇ ਗੁਰਗਿਆਂ ਦੀ ਵੱਡੀ ਸੰਖਿਆ ਸੀ ਜਿਨ੍ਹਾਂ ਨੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ‘ਚ ਕੋਈ ਸੰਕੋਚ ਨਹੀਂ ਕੀਤਾ।

ਦੱਖਣੀ ਦੇਸ਼ਾਂ ਵਿਚ ਫਾਸ਼ੀਵਾਦ :- ਉਨੀਵੀਂ ਸਦੀ ਦੇ ਵਿਸ਼ਵੀ ਪੂੰਜੀਵਾਦ ਦੇ ਅੰਦਰ ਲਾਤੀਨੀ ਅਮਰੀਕਾ ਦਾ ਏਕੀਕਰਨ ਕਿਸਾਨਾਂ ਦੇ ਸ਼ੋਸ਼ਣ ਉੱਤੇ ਟਿਕਿਆ ਸੀ ਜਿੰਨ੍ਹਾਂ ਨੂੰ ‘ਚਪੜਾਸੀ’ ਦੀ ਹਾਲਤ ਤੱਕ ਨੀਵਾਂ ਸੁੱਟ ਦਿੱਤਾ ਗਿਆ ਸੀ ਅਤੇ ਵੱਡੇ ਭੂਮੀਪਤੀਆਂ ਦੀਆਂ ਕਰੂਰਤਾਵਾਂ ਅੱਗੇ ਗੋਡੇ ਟੇਕਣ ਲਈ ਜਿੰਨ੍ਹਾਂ ਨੂੰ ਮਜ਼ਬੂਰ ਕਰ ਦਿੱਤਾ ਗਿਆ ਸੀ। ਮੈਕਸੀਕੋ ਦਾ ਪਾਫੀਰੋ ਡਿਆਜ਼ ਸ਼ਾਸ਼ਨ ਇਸਦਾ ਚੰਗਾ ਉਦਾਹਰਨ ਹੈ। ਵੀਹਵੀਂ ਸਦੀ ਦੇ ਇਸ ਏਕੀਕਰਨ ਦੇ ਵਿਸਥਾਰ ਨੇ ‘ਗਰੀਬੀ ਦੇ ਆਧੁਨੀਕੀਕਰਨ’ ਨੂੰ ਪੈਦਾ ਕੀਤਾ।

ਪਿੰਡਾਂ ਤੋਂ ਤੀਬਰ ਵਿਊਂਤਬੰਦੀ :- ਜੋ ਕਿ ਏਸ਼ੀਆ ਅਤੇ ਅਫਰੀਕਾ ਦੇ ਮੁਕਾਬਲੇ ਲਾਤੀਨੀ ਅਮਰੀਕਾ ‘ਚ ਕਿਤੇ ਜਿਆਦਾ ਪਹਿਲਾਂ ਤੇ ਜਿਆਦਾ ਗਿਣਤੀ ‘ਚ ਹੋਇਆ ਉਸਨੇ ਸਮਕਾਲੀਨ ਸ਼ਹਿਰੀ ਕੇਂਦਰਾਂ ‘ਚ ਗਰੀਬਾਂ ਦੇ ਅਜਿਹੇ ਨਵੇਂ ਰੂਪਾਂ ਨੂੰ ਪੈਦਾ ਕੀਤਾ ਜਿਸਨੇ ਪੇਂਡੂ ਗਰੀਬਾਂ ਦੇ ਪੁਰਾਣੇ ਰੂਪਾਂ ਦੀ ਜਗ੍ਹਾ ਲੈ ਲਈ। ਇਸਦੇ ਬਾਅਦ ਲੋਕਾਂ ਦੇ ਰਾਜਨੀਤਿਕ ਕੰਟਰੋਲ ਦੇ ਰੂਪਾਂ ਦਾ ਵੀ ‘ਆਧੁਨਿਕੀਕਰਨ’ ਕੀਤਾ ਗਿਆ ਜਿਸ ਲਈ ਚੁਣਾਵੀ ਲੋਕਤੰਤਰ ਨੂੰ ਹਟਾਕੇ, ਪਾਰਟੀਆਂ ਤੇ ਟਰੇਡ ਯੂਨੀਅਨਾਂ ਨੂੰ ਖਤਮ ਕਰਕੇ ਤਾਨਾਸ਼ਾਹੀਆਂ ਦੀ ਸਥਾਪਨਾ ਕੀਤੀ ਗਈ ਅਤੇ ‘ਆਧੁਨਿਕ’ ਗੁਪਤਚਰ ਸੇਵਾਵਾਂ ਨੂੰ ਇੰਟੈਲੀਜੈਂਸ ਦੀਆਂ ਤਕਨੀਕਾਂ ਦੇ ਸਹਾਰੇ ਹਿਰਾਸਤ ‘ਚ ਲੈਣ ਅਤੇ ਨਪੀੜਨ ਦੇ ਅਧਿਕਾਰ ਸੌਂਪੇ ਗਏ। ਜਾਹਰ ਹੈ, ਰਾਜਨੀਤਿਕ ਪ੍ਰਬੰਧ ਦੇ ਇਹ ਤਰੀਕੇ ਪੂਰਬੀ ਯੂਰਪ ਦੇ ਨਿਰਭਰ ਪੂੰਜੀਵਾਦ ਵਾਲੇ ਦੇਸ਼ਾਂ ‘ਚ ਪਾਏ ਜਾਣ ਵਾਲੇ ਫਾਸ਼ੀਵਾਦ ਦੇ ਤੁਲ ਸਨ। ਵੀਹਵੀਂ ਸਦੀ ‘ਚ ਲਾਤੀਨੀ ਅਮਰੀਕਾ ਦੀਆਂ ਤਾਨਾਸ਼ਾਹੀ ਸੱਤਾਵਾਂ ਸਥਾਨਿਕ ਪਿਛਾਖੜੀ ਖੇਮਿਆਂ ਦੀ ਸੇਵਾ ਕਰ ਰਹੀਆਂ ਸਨ ( ਵੱਡੇ ਭੂਮੀਪਤੀ, ਦਲਾਲ ਬੁਰਜੂਆਜ਼ੀ ਅਤੇ ਹੋਰ ਇਸ ਕਿਸਮ ਦੇ ਲੰਪਨ ਵਿਕਾਸ ਤੋਂ ਲਾਭ ਲੈਣ ਵਾਲੇ ਮੱਧਵਰਗ)। ਇਨ੍ਹਾਂ ਸਾਰਿਆਂ ਦੇ ਉੁਪਰ ਹਾਲਾਂਕਿ ਇਹ ਸੱਤਾਵਾਂ ਪਸਾਰਵਾਦੀ ਵਿਦੇਸ਼ੀ ਪੂੰਜੀ ਦੀ ਚਾਕਰੀ ‘ਚ ਲੱਗੀਆਂ ਸਨ, ਖਾਸਕਰ ਅਮਰੀਕੀ ਪੂੰਜੀ ਦੀ, ਜਿਸਦੇ ਚਲਦੇ ਅਮਰੀਕਾ ਨੇ ਹਰਮਨਪਿਆਰੇ ਸ਼ੰਘਰਸ਼ਾਂ ਦੇ ਹਾਲੀਆ ਵਿਸਫੋਟ ਤੱਕ ਇਨ੍ਹਾਂ ਸੱਤਾਵਾਂ ਦਾ ਸਮਰਥਣ ਕੀਤਾ। ਇਨ੍ਹਾਂ ਸੰਘਰਸ਼ਾਂ ਦੀ ਤਾਕਤ ਅਤੇ ਇਨ੍ਹਾਂ ਦੁਆਰਾ ਕੀਤੇ ਗਏ ਸਮਾਜਿਕ ਅਤੇ ਲੋਕਤੰਤਤਰੀ ਅਗਾਂਹਵਧੂ ਵਿਕਾਸ ਨੇ ਘੱਟ ਤੋਂ ਘੱਟ ਅੱਧੇ ਸਮੇਂ ਲਈ ਹੀ ਸਹੀ ਅਰਧ-ਫਾਸ਼ੀਵਾਦੀ ਤਾਨਾਸ਼ਾਹੀਆਂ ਦੀ ਵਾਪਸੀ ਦੀ ਗੁਜਾਇੰਸ਼ ਨੂੰ ਖਤਮ ਕਰ ਦਿੱਤਾ ਹੈ। ਇਨ੍ਹਾਂ ਦਾ ਭਵਿੱਖ ਹਾਲਾਂਕਿ ਅਨਿਸ਼ਚਿਤ ਹੈ : ਮਜ਼ਦੂਰ ਜਮਾਤ ਅਤੇ ਸਥਾਨਕ ਤੇ ਵਿਸ਼ਵੀ ਪੂੰਜੀਵਾਦ ਵਿਚਕਾਰ ਸੰਘਰਸ਼ ਇੱਥੇ ਹੁਣੇ-ਹੁਣੇ ਸ਼ੁਰੂ ਹੋਇਆ ਹੈ। ਜਿਵੇਂ ਕਿ ਹਰ ਕਿਸਮ ਦੇ ਫਾਸ਼ੀਵਾਦ ਦੇ ਨਾਲ ਹੁੰਦਾ ਹੈ, ਲਾਤੀਨੀ ਅਮਰੀਕਾ ਦੀਆਂ ਤਾਨਾਸ਼ਾਹ ਸੱਤਾਵਾਂ ਵੀ ਗਲਤੀਆਂ ਤੋਂ ਨਹੀਂ ਬਚ ਸਕੀਆਂ, ਜਿਸ ਵਿਚੋਂ ਕੁਝ ਤਾਂ ਉਨ੍ਹਾਂ ਲਈ ਆਤਮਘਾਤੀ ਸਾਬਤ ਹੋਏ। ਉਦਾਹਰਨ ਵਜੋਂ, ਮੈਨੂੰ ਜਾਰਜ ਰਾਫੇਲ ਵੇਦੇਲਾ ਦਾ ਉਦਾਹਰਨ ਯਾਦ ਆਉਂਦਾ ਹੈ ਜੋ ਆਰਜਨਟੀਨਾ ਦੀ ਰਾਸ਼ਟਰਵਾਦੀ ਭਾਵਨਾ ਨੂੰ ਕੁਚਲਣ ਲਈ ਮਾਲ ਨਿਵਾਸ ਦੀਪ ਦੇ ਮਸਲੇ ਤੇ ਖੁਦ ਨੂੰ ਲਾਭ ਪਹੁੰਚਾਉਣ ਲਈ ਜੰਗ ਵਿਚ ਚਲਾ ਗਿਆ ਸੀ।

ਅਜਾਰੇਦਾਰ ਪੂੰਜੀਵਾਦ ਦੇ ਵਿਸਥਾਰ ਦੇ ਲੰਪਟ ਵਿਕਾਸ ਦੀ ਪ੍ਰਕਿਰਤੀ ਵਿਚ ਬਦਲ ਜਾਣਾ 80ਵਿਆਂ ਦੇ ਦਹਾਕੇ ‘ਚ ਸ਼ੁਰੂ ਹੋਇਆ ਜਿਸਤੋਂ ਪਹਿਲਾ ਏਸ਼ੀਆ ਅਤੇ ਅਫਰੀਕਾ ਵਿਚ ਬਾਡੁੰਗ ਦੌਰ ਦੇ ਹਰਮਨਪਿਆਰੇ ਰਾਸ਼ਟਰੀ ਪ੍ਰਬੰਧਾਂ ਦਾ ਪ੍ਰਚਲਣ ਰਿਹਾ ਸੀ (1955-80)। ਇਸ ਲੰਪਟ ਵਿਕਾਸ ਨੇ ਗਰੀਬੀ ਅਤੇ ਦਮਨਕਾਰੀ ਹਿੰਸਾ ਦੇ ਆਧੁਨੀਕੀਕਰਨ ਦੇ ਨਵੇਂ ਸੰਸਕਰਣਾਂ ਨੂੰ ਪੈਦਾ ਕੀਤਾ। ਇਸਦੀ ਵਧੀਆ ਉਦਾਹਰਣ ਸਾਨੂੰ ਅਰਬ ਜਗਤ ਵਿਚ ਨਾਸਿਰ ਅਤੇ ਬਾਥ ਸ਼ਾਸ਼ਨ ਦੇ ਬਾਅਦ ਹੋਈਆਂ ਵਧੀਕੀਆਂ ਵਿਚੋਂ ਮਿਲਦੀ ਹੈ। ਕੇਵਲ ਇਸ ਲਈ ਕਿ ਦੋਨੋਂ ਹੀ ‘ਅਲੋਕਤੰਤਰਿਕ’ ਸੀ, ਇਸ ਅਧਾਰ ਤੇ ਸਾਨੂੰ ਬਾਡੁੰਗ ਦੌਰ ਦੇ ਹਰਮਨਪਿਆਰੇ ਰਾਸ਼ਟਰੀ ਪ੍ਰਬੰਧਾਂ ਅਤੇ ਉਸਦੇ ਬਾਅਦ ਦੇ ਉਨ੍ਹਾਂ ਪ੍ਰਬੰਧਾਂ ਨੂੰ ਇਕੱਠੇ ਰੱਖਕੇ ਨਹੀਂ ਵੇਖਣਾ ਚਾਹੀਦਾ ਜਿਨ੍ਹਾਂ ਨੇ ਅੱਖਾਂ ਬੰਦ ਕਰਕੇ ਵਿਸ਼ਵੀਕ੍ਰਿਤ ਉਦਾਰਵਾਦ ਦਾ ਪੱਲਾ ਫੜ ਲਿਆ ਸੀ। ਬਾਡੁੰਗ ਦੌਰ ਦੀਆਂ ਸੱਤਾਵਾਂ ਨੂੰ ਉਨ੍ਹਾਂ ਦੇ ਏਕਾਧਿਕਾਰੀ ਰਾਜਨੀਤਿਕ ਆਹੁਦਿਆਂ ਦੇ ਬਾਵਯੂਦ ਕੁਝ ਹਰਮਨਪਿਆਰੀ ਉਚਤਤਾ ਹਾਸਲ ਸੀ, ਇਕ ਤਾਂ ਉਨ੍ਹਾਂ ਦੀਆਂ ਪ੍ਰਾਪਤੀਆ ਅਮਲੀ ਅਤੇ ਦੂਜਾ ਉਨ੍ਹਾਂ ਦੇ ਬਹੁਗਿਣਤੀ ਕਾਮਿਆਂ ਨੂੰ ਲਾਭ ਵੀ ਮਿਲਦਾ ਸੀ ਅਤੇ ਜਿਸਦੇ ਚੱਲਦੇ ਉਨ੍ਹਾਂ ਦੀ ਸਾਮਰਾਜ ਵਿਰੋਧੀ ਐਲਾਨੀਆਂ ਸਥਿਤੀ ਸਿੱਧ ਹੁੰਦੀ ਸੀ। ਇਨ੍ਹਾਂ ਤੋਂ ਬਾਅਦ ਆਈਆਂ ਤਾਨਾਸ਼ਾਹੀ ਸੱਤਾਵਾਂ ਨੇ ਜਿਵੇਂ ਹੀ ਵਿਸ਼ਵੀਕ੍ਰਿਤ ਉਦਾਰਵਾਦੀ ਮਾਡਲ ਦੀ ਆਧੀਨਤਾ ਸਵੀਕਾਰੀ ਅਤੇ ਲੰਪਟ ਵਿਕਾਸ ਦਾ ਪੱਲਾ ਫੜਿਆ ਉਨ੍ਹਾਂ ਨੇ ਤੁਰੰਤ ਇਹ ਪ੍ਰਮਾਣਿਕਤਾ ਗਵਾ ਦਿੱਤੀ। ਇਨ੍ਹਾਂ ਅਲੋਕਤੰਤਰ ਹਰਮਨਪਿਆਰੀਆਂ ਰਾਸ਼ਟਰੀ ਸੱਤਾਵਾਂ ਨੇ ਨਵਉਦਾਰਵਾਦੀ, ਲੋਕਪ੍ਰਿਅਤਾ-ਵਿਰੋਧੀ ਅਤੇ ਰਾਸ਼ਟਰੀਅਤਾ-ਵਿਰੋਧ ਪ੍ਰੋਜੈਕਟ ਦੇ ਹਿੱਤ ਵਿਚ ਪੁਲਸੀਆ ਹਿੰਸਾ ਦਾ ਰਾਹ ਖੋਲ ਦਿੱਤਾ।

ਹੁਣੇ ਹੀ 2011 ਦੇ ਸ਼ੁਰੂ ਹੋਏ ਹਰਮਨਪਿਆਰੇ ਉਭਾਰਾ ਨੇ ਤਾਨਾਸ਼ਾਹੀਆਂ ਤੇ ਸਵਾਲ ਉਠਾਏ ਹਨ, ਪਰ ਮਾਮਲਾ ਸਿਰਫ ਸਵਾਲ ਉਠਾਉਣ ਤੱਕ ਹੀ ਸੀਮਤ ਰਿਹਾ ਹੈ। ਕੋਈ ਵੀ ਬਦਲ ਸਥਿਰਤਾ ਹਾਸਲ ਕਰਕੇ ਰਾਹ ਤਦ ਹੀ ਦੇ ਪਾਏਗਾ ਜਦੋਂ ਉਹ ਉਨ੍ਹਾਂ ਤਿੰਨ ਉਦੇਸ਼ਾਂ ਨੂੰ ਇਕੱਠਾ ਕਰ ਪਾਉਣ ਵਿਚ ਕਾਮਯਾਬ ਹੋਏ ਜਿਨ੍ਹਾਂ ਦੇ ਆਲੇ-ਦੁਆਲੇ ਇਨ੍ਹਾਂ ਬਗਾਵਤਾਂ ਨੂੰ ਸੰਗਠਿਤ ਕੀਤਾ ਗਿਆ ਸੀ : ਸਮਾਜ ਅਤੇ ਰਾਜਨੀਤੀ ਦੇ ਲੋਕਤੰਤਰੀਕਰਨ ਦੀ ਨਿਰੰਤਰਤਾ, ਪ੍ਰਗਤੀਸ਼ੀਲ ਸਮਾਜਿਕ ਵਿਕਾਸ ਅਤੇ ਰਾਸ਼ਟਰੀ ਅਧਿਕਾਰ ਦੀ ਸਕਾਰਤਮਕ ਪੁਸ਼ਟੀ।

ਅਸੀਂ ਹਾਲੇ ਇਸ ਮੰਜਿਲ ਤੋਂ ਦੂਰ ਹਾਂ। ਇਸ ਲਈ ਨੇੜਲੇ ਭਵਿੱਖ ਵਿਚ ਇਕ ਤੋਂ ਜਿਆਦਾ ਬਦਲ ਸੰਭਵ ਵਿਖਾਈ ਦੇ ਰਹੇ ਹਨ। ਕੀ ਬਾਡੁੰਗ ਦੌਰ ਦੇ ਹਰਮਨਪਿਆਰੇ ਰਾਸ਼ਟਰੀ ਮਾਡਲ ਵੱਲ ਸੰਭਾਵਿਤ ਵਾਪਸੀ ਕੀਤੀ ਜਾ ਸਕਦੀ ਹੈ, ਜਿਸ ਵਿਚ ਲੋਕਤੰਤਰ ਦਾ ਵੀ ਇਕ ਦਾਇਰਾ ਹੋਵੇ ? ਜਾਂ ਫਿਰ ਲੋਕਤੰਤਰਿਕ, ਲੋਕਪ੍ਰਿਅਤਾਵਾਦੀ ਅਤੇ ਰਾਸ਼ਟਰ ਦਾ ਕਿਤੇ ਜਿਆਦਾ ਠੋਸ ਕੋਈ ਰੂਪ ? ਜਾਂ ਫਿਰ ਇਕ ਪ੍ਰਤੀਗਾਮੀ ਭਰਮ ਦੇ ਖੂਹ ਵਿਚ ਛਲਾਂਗ, ਜੋ ਇਸ ਸੰਦਰਭ ਵਿਚ, ਰਾਜਨੀਤੀ ਅਤੇ ਸਮਾਜ ਦੇ ਇਸਲਾਮੀਕਰਨ ਦਾ ਰੂਪ ਅਖਿਤਿਆਰ ਕਰ ਲੈਂਦਾ ਹੈ?

ਇਨ੍ਹਾਂ ਤਿੰਨ ਸੰਭਾਵਨਾਵਾਂ ਦੇ ਦਵੰਦ ਵਿਚ ਪੱਛਮੀ ਤਾਕਤਾਂ ਨੇ (ਅਮਰੀਕਾ ਅਤੇ ਉਸਦੇ ਸੇਵਾਦਾਰ ਯੂਰਪੀ ਸਹਿਯੋਗੀ) ਆਪਣੇ ਲਈ ਚੋਣ ਕਰ ਲਈ ਹੈ; ਉਹਨਾਂ ਨੇ ਮੁਸ਼ਲਿਮ ਬ੍ਰਦਰਹੁੱਡ ਅਤੇ ਜਾਂ ਰਾਜਨੀਤਿਕ ਇਸਲਾਮ ਦੇ ਹੋਰ ‘ਸਲਾਫੀ’ ਸੰਗਠਨਾਂ ਨੂੰ ਆਪਣਾ ਤਰਜੀਹੀ ਸਮਰਥਣ ਦੇ ਦਿੱਤਾ ਹੈ। ਇਸਦੀ ਵਜ੍ਹਾ ਬਹੁਤ ਜਾਹਰ ਅਤੇ ਸਹਿਜ ਹੈ; ਇਹ ਪਿਛਾਖੜੀ ਰਾਜਨੀਤਿਕ ਤਾਕਤਾਂ ਵਿਸ਼ਵੀਕ੍ਰਿਤ ਉਦਾਰਵਾਦ ਦੇ ਦਾਇਰੇ ਵਿਚ ਰਹਿੰਦੇ ਹੋਏ ਹੀ ਆਪਣੀ ਸੱਤਾ ਚਲਾਉਣਾ ਸਵੀਕਾਰ ਕਰਦੀਆਂ ਹਨ (ਇਸ ਤਰ੍ਹਾਂ ਸਮਾਜਿਕ ਨਿਆਂ ਤੇ ਰਾਸ਼ਟਰੀ ਅਜ਼ਾਦੀ ਦੀ ਕਿਸੇ ਵੀ ਗੁਜਾਇੰਸ਼ ਦਾ ਖਾਤਮਾ ਕਰ ਦਿੰਦੀਆਂ ਹਨ)। ਸਾਮਰਾਜਵਾਦੀ ਤਾਕਤਾਂ ਦੇ ਫੈਸਲੇ ਦੇ ਪਿੱਛੇ ਇਕੱਲਾ ਇਹੀ ਉਦੇਸ਼ ਕੰਮ ਕਰ ਰਿਹਾ ਹੈ।

ਸਿੱਟੇ ਦੇ ਤੌਰ ਤੇ, ਰਾਜਨੀਤਿਕ ਇਸਲਾਮ ਦਾ ਪ੍ਰੋਜੈਕਟ ਨਿਰਭਰ ਪੂੰਜੀਵਾਦ ਵਿਚ ਪਾਏ ਜਾਣ ਵਾਲੇ ਫਾਸ਼ੀਵਾਦ ਵਿਚ ਆਏਗਾ। ਅਸਲ ਵਿਚ, ਇਹ ਹਰ ਕਿਸਮ ਦੇ ਫਾਸ਼ੀਵਾਦ ਦੇ ਨਾਲ ਉਨ੍ਹਾਂ ਦੇ ਦੋ ਬੁਨਿਆਦੀ ਕਾਰਕਾਂ ਨੂੰ ਸਾਂਝਾ ਕਰਦਾ ਹੈ ; (1) ਪੂੰਜੀਵਾਦ ਪ੍ਰਬੰਧ ਦੇ ਜਰੂਰੀ ਵਿਸਥਾਰਾਂ ਖਿਲਾਫ ਕਿਸੇ ਵੀ ਚੁਣੌਤੀ ਦਾ ਨਾ ਹੋਣਾ (ਤੇ ਇਸ ਸੰਦਰਭ ਵਿਚ ਇਸ ਦਾ ਅਰਥ ਇਹ ਹੈ ਕਿ ਵਿਸ਼ਵੀ ਨਵਉਦਾਵਾਦੀ ਪੂੰਜੀਵਾਦ ਵਿਚ ਜੁੜੇ ਲੰਪਟ ਵਿਕਾਸ ਮਾਡਲ ਨੂੰ ਕੋਈ ਚੁਣੌਤੀ ਨਾ ਦਿੱਤੇ ਜਾਣਾ) ; ਅਤੇ (2) ਰਾਜਨੀਤਿਕ ਪ੍ਰਬੰਧਨ ਦੇ ਲੋਕਤੰਤਰ ਵਿਰੋਧੀ, ਪੁਲਸੀਆ ਰਾਜ ਜਿਹੇ ਰੂਪ ਦੀ ਚੋਣ (ਜਿਵੇਂ ਕਿ ਪਾਰਟੀਆਂ ਅਤੇ ਸੰਗਠਨਾਂ ਉੱਤੇ ਪਾਬੰਧੀ ਅਤੇ ਇਸਲਾਮਿਕ ਸੰਹਿਤਾਵਾਂ ਨੂੰ ਜਬਰੀ ਲਾਗੂ ਕੀਤਾ ਜਾਣਾ)।

ਇਸ ਤਰ੍ਹਾਂ ਸਾਮਰਾਜਵਾਦੀ ਤਾਕਤਾਂ ਦੁਆਰਾ ਚੁਣਿਆ ਗਿਆ ਇਹ ਲੋਕਤੰਤਰ ਵਿਰੋਧੀ ਬਦਲ (ਜੋ ਉਨ੍ਹਾਂ ਦੇ ਲੋਕਤੰਤਰ ਸਮਰਥਕ ਮੁਹਾਵਰੇ ਨੂੰ ਸਾਫ ਤੌਰ ਤੇ ਰੱਦ ਕਰਦਾ ਹੈ ਜੋ ਕੂੜ ਪ੍ਰਚਾਰ ਦੇ ਸੈਲਾਬ ਤੱਕ ਸਾਡੇ ਤੱਕ ਪਹੁੰਚਾਇਆ ਜਾਂਦਾ ਹੈ) ਇਸਲਾਮਕ ਸੱਤਾਵਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਸੰਭਾਵਿਤ ਵਧੀਕੀਆਂ ਨੂੰ ਸਵੀਕਾਰ ਕਰ ਲੈਂਦਾ ਹੈ। ਫਾਸ਼ੀਵਾਦ ਦੀਆਂ ਦੂਜੀਆਂ ਕਿਸਮਾਂ ਦੀ ਤਰ੍ਹਾਂ ਤੇ ਬਿਲਕੁਲ ਉਨ੍ਹਾਂ ਹੀ ਕਾਰਨਾਂ ਦੇ ਚੱਲਦੇ ਇਹ ਵਧੀਕੀਆਂ ਦਰਅਸਲ ਉਨ੍ਹਾਂ ਦੀ ਵਿਚਾਰ ਵਿਧੀ ਵਿਚ ‘ਅਨੁਵੰਸ਼ਕ’ (ਪੀੜੀ-ਦਰ-ਪੀੜੀ) ਤੌਰ ਤੇ ਪਰਿਪੂਰਨ ਹਨ : ਜਿਵੇਂ, ਨੇਤਾ ਦੇ ਸਾਹਮਣੇ ਕੋਈ ਸਵਾਲ ਕੀਤੇ ਬਗੈਰ ਸਮਰਪਣ ਕਰ ਦੇਣਾ, ਰਾਜਕੀ ਧਰਮ ਪ੍ਰਤੀ ਆਧੀਨਤਾ ਦਾ ਸਨਕਪੂਰਨ ਉਤਸ਼ਾਹ ਅਤੇ ਇਸ ਆਧੀਨਤਾ ਨੂੰ ਥੋਪਣ ਲਈ ਨਾਗਰਿਕ ਸੈਨਾ ਜੱਥਿਆਂ ਦਾ ਗਠਨ। ਅਸਲ ਵਿਚ, ਇਸ ਗੱਲ ਨੂੰ ਸਮਝਣ ਵਿਚ ਅੜਚਨ ਨਹੀਂ ਹੋਣੀ ਚਾਹੀਦੀ ਕਿ ‘ਇਸਲਾਮਿਕ’ ਮੁਹਿੰਮ ਦੇ ਬਦਲੇ ਹੋਏ ਵਿਕਾਸ ਇਕ ਘਰੇਲੂ ਯੁੱਧ ਦੇ ਤੌਰ ਤੇ ਹੀ ਹੋਣੀ ਹੈ (ਸੁੰਨੀ ਅਤੇ ਸ਼ੀਆ ਸਮੇਤ ਹੋਰਾਂ ਵਿਚ) ਅਤੇ ਇਸਦਾ ਨਤੀਜਾ ਇਕ ਸਥਾਈ ਅਪ੍ਰਬੰਧ ਤੋਂ ਇਲਾਵਾ ਕੁਝ ਵੀ ਨਹੀਂ ਨਿਕਲਣਾ ਹੈ। ਇਸ ਦਾ ਅਰਥ ਕਿ ਅਜਿਹੀਆਂ ਇਸਲਾਮਿਕ ਤਾਕਤਾਂ ਇਸ ਗੱਲ ਦੀ ਗਰੰਟੀ ਦਿੰਦੀਆਂ ਹਨ ਕਿ ਇਸਦੇ ਆਧੀਨ ਜੋ ਸਮਾਜ ਹੋਵੇਗਾ ਉਹ ਵਿਸ਼ਵ ਪਰਦੇ ਤੇ ਆਪਣੀ ਅਵਾਜ਼ ਉਠਾਉਣ ਤੋਂ ਬਿਲਕੁਲ਼ ਅਸਮਰੱਥ ਹੋਣਗੇ। ਯਾਨਿ ਇਹ ਸਾਫ ਹੈ ਕਿ ਪਤਨਮੁੱਖ ਅਮਰੀਕਾ ਨੇ ਇਕ ਸਥਿਰ ਅਤੇ ਕੰਮਜੋਰ ਸਥਾਨਕ ਸਰਕਾਰ ਦੇ ਰੂਪ ਵਿਚ ਕੁਝ ਬੇਹਤਰ ਦੇਣ ਦਾ ਕੰਮ ਹੀ ਛੱਡ ਦਿੱਤਾ ਹੈ ਕਿਉਂਕਿ ਉਸਦਾ ਸਮਰਥਨ ‘ਦੂਸਰੇ ਬਿਹਤਰ’ ਨੂੰ ਹੈ।

ਕੁਝ ਅਜਿਹੀ ਗਤੀ ਅਰਬ-ਮੁਸਲਿਮ ਜਗਤ ਦੇ ਬਾਹਰ ਵੀ ਵੇਖਣ ਨੂੰ ਮਿਲ ਰਹੀ ਹੈ, ਜਿਵੇਂ ਭਾਰਤ ਵਿੱਚ। ਹਾਲ ਹੀ ਵਿਚ ਆਪ ਚੋਣਾਂ ਜਿੱਤੀ ਭਾਰਤੀ ਜਨਤਾ ਪਾਰਟੀ ਇਕ ਪਿਛਾਖੜੀ ਹਿੰਦੂ ਧਾਰਮਿਕ ਪਾਰਟੀ ਹੈ ਜੋ ਵਿਸ਼ਵੀ ਨਵਉਦਾਰਵਾਦ ਦੇ ਅੰਦਰ ਆਪਣੀ ਸਰਕਾਰ ਦੇ ਦਖਲ ਨੂੰ ਸਵੀਕਾਰ ਕਰਦੀ ਹੈ। ਉਹ ਇਸ ਗੱਲ ਦੀ ਗਰੰਟੀ ਦਿੰਦੀ ਹੈ ਕਿ ਉਸਦੀ ਸਰਕਾਰ ਦੇ ਅੰਤਰਗਤ ਭਾਰਤ ਉਭਰਦੀ ਹੋਈ ਤਾਕਤ ਬਣਨ ਦੇ ਆਪਣੇ ਪ੍ਰੋਜੈਕਟ ਤੋਂ ਪਿੱਛੇ ਹਟ ਜਾਏਗਾ। ਇਸਦਾ ਮਤਲਬ ਕਿ ਇਸਨੂੰ ਫਾਸ਼ੀਵਾਦੀ ਕਹਿਣਾ ਅਸਲ ਵਿਚ ਬਹੁਤ ਗਲਤ ਨਹੀਂ ਹੋਵੇਗਾ।

ਸਿੱਟੇ ਦੇ ਤੌਰ ਤੇ ਕਿਹਾ ਜਾਵੇ ਤਾਂ ਪੱਛਮ, ਪੂਰਬ ਅਤੇ ਦੱਖਣ ਵਿਚ ਫਾਸ਼ੀਵਾਦ ਵਾਪਸ ਆ ਗਿਆ ਹੈ ਅਤੇ ਉਹ ਵਾਪਸੀ ਸੁਭਾਵਕ ਤੌਰ ਤੇ ਵਿੱਤੀਕ੍ਰਿਤ ਵਿਸ਼ਵੀਕ੍ਰਿਤ ਏਕਾਧਿਕਾਰੀ ਪੂੰਜੀਵਾਦ ਦੇ ਅੰਦਰੂਨੀ ਸੰਕਟਾਂ ਦੇ ਵਿਸਥਾਰ ਨਾਲ ਜੁੜੀ ਹੈ। ਭਾਰੀ ਦਭਾਅ ਹੇਠ ਕੰਮ ਕਰ ਰਹੇ ਇਸ ਪ੍ਰਬੰਧ ਪਸਾਰਵਾਦੀ ਕੇਂਦਰਾਂ ਦੁਆਰਾ ਅਸਲ ਵਿਚ ਜਾਂ ਸੁਭਾਵਿਕ ਤੌਰ ਤੇ ਵੀ ਫਾਸ਼ੀਵਾਦੀ ਅੰਦੋਲਨਾਂ ਦੇ ਔਜਾਰਾਂ ਵੱਲ ਕੋਈ ਵੀ ਵਾਪਸੀ ਸਾਡੇ ਵੱਲੋਂ ਸਭ ਤੋਂ ਜਿਆਦਾ ਚੁਕੰਨੇ ਹੋਣ ਦੀ ਮੰਗ ਕਰਦੀ ਹੈ। ਇਸ ਸੰਕਟ ਦੀ ਨੀਤੀ ਹੈ ਕਿ ਇਹ ਹੋਰ ਬੁਰਾ ਹੋਵੇਗਾ, ਵਧੇਗਾ ਅਤੇ ਨਤੀਜਨ ਫਾਸ਼ੀਵਾਦੀ ਹੱਲ ਦੀ ਪਨਾਹ ‘ਚ ਜਾਣ ਦਾ ਭੈਅ ਇਕ ਅਸਲ ਖਤਰਾ ਬਣਦਾ ਜਾਵੇਗਾ। ਨੇੜਲੇ ਭਵਿੱਖ ਵਿਚ ਫਿਲਹਾਲ ਅਮਰੀਕਾ ਦੁਆਰਾ ਯੁੱਧ ਥੋਪਣ ਦੀ ਇਛਾ ਨੂੰ ਹਿਲੇਰੀ ਕਲਿੰਟਨ ਦਾ ਸਮਰਥਨ ਬੁਰੀ ਖਬਰ ਲੈ ਕੇ ਆ ਰਿਹਾ ਹੈ।

‘ਸਮਕਾਲੀ ਤੀਸਰੀ ਦੁਨੀਆ’ ‘ਚੋਂ ਧੰਨਵਾਦ ਸਹਿਤ

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ