ਤਿੜਕ ਰਿਹਾ ਅਕਾਲੀ-ਭਾਜਪਾ ਗੱਠਜੋੜ- ਮੁਖਤਿਆਰ ਪੂਹਲਾ
Posted on:- 12-12-2014
ਲੋਕ ਸਭਾ ਚੋਣਾਂ ਤੋਂ ਬਾਅਦ ਅਕਾਲੀ ਦਲ ਬਾਦਲ ਅਤੇ ਭਾਜਪਾ ਦਰਮਿਆਨ ਆਪਸੀ ਵਿਰੋਧ ਖੁੱਲ੍ਹਮ-ਖੁੱਲ੍ਹੇ ਰੂਪ ਵਿੱਚ ਜਿਸ ਤਰ੍ਹਾਂ ਸਾਹਮਣੇ ਆਉਣ ਲੱਗੇ ਉਸ ਤੋਂ ਸਿਆਸੀ ਹਲਕਿਆਂ ਅੰਦਰ ਇਹ ਚਰਚਾ ਆਮ ਹੋਣ ਲੱਗੀ ਕਿ ਕੀ ਉਨ੍ਹਾਂ ਵਿਚਕਾਰ ਬਣਿਆ ਗੱਠਜੋੜ ਆਖ਼ਰੀ ਘੜੀਆਂ ਗਿਣ ਰਿਹਾ ਹੈ? ਪੰਜਾਬ ਪੀਪਲਜ਼ ਪਾਰਟੀ ਦੇ ਆਗੂ ਮਨਪ੍ਰੀਤ ਬਾਦਲ ਅਤੇ ਉਸ ਵਰਗੇ ਕੁੱਝ ਹੋਰ ਆਗੂਆਂ ਨੇ ਤਾਂ ਇਹ ਐਲਾਨ ਕਰ ਦਿੱਤੇ ਕਿ ਪੰਜਾਬ ਅੰਦਰ ਮੱਧਕਾਲੀ ਚੋਣਾਂ ਹੋਣ ਵਾਲੀਆਂ ਹਨ ਕਿਉਕਿ ਬਾਦਲ ਸਰਕਾਰ ਹੁਣ ਕੁੱਝ ਦਿਨਾਂ ਦੀ ਪਰਾਹੁਣੀ ਹੈ। ਉਹਨਾਂ ਨੇ ਤਾਂ ਆਪਣੇ ਵਰਕਰਾਂ ਨੂੰ ਇਨ੍ਹਾਂ ਚੋਣਾਂ ਲਈ ਤਿਆਰ ਕਰਨ ਦੀ ਮੁਹਿੰਮ ਵਿੱਢ ਦਿੱਤੀ ਹੈ ਭਾਵੇਂ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੋਵਾਂ ਵੱਲੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੈ।
ਪਰ ਅਕਾਲੀ ਦਲ (ਬਾਦਲ) ਭਾਜਪਾ ਗੱਠਜੋੜ ਨੂੰ ਚੱਟਾਨ ਵਰਗਾ ਪੱਕਾ ਹੋਣ ਦਾ ਦਾਅਵਾ ਕਰਨ ਵਾਲੇ ਵੱਡੇ ਬਾਦਲ ਵਰਗੇ ਘਾਗ ਆਗੂਆਂ ਦੀ ਜ਼ਬਾਨ ਭਰੜਾਉਣ ਲੱਗੀ ਹੈ। ਹੁਣ ਉਹਨਾਂ ਦੇ ਬੋਲਾਂ ਵਿੱਚ ਪਹਿਲਾਂ ਵਰਗੀ ਬੜ੍ਹਕ ਗ਼ਾਇਬ ਹੈ ਭਾਵੇਂ ਅਜੇ ਵੀ ਉਨ੍ਹਾਂ ਵੱਲੋਂ ਇਸ ਗੱਠਜੋੜ ਦੇ ਪਾਏਦਾਰ ਹੋਣ ਦੀ ਗੱਲ ਕਹੀ ਜਾ ਰਹੀ ਹੈ। ਗੱਠਜੋੜ ’ਚ ਸ਼ਾਮਲ ਦੋਨਾਂ ਪਾਰਟੀਆਂ ਦੇ ਆਗੂਆਂ ਵੱਲੋਂ ਇੱਕ ਦੂਜੇ ਦੇ ਖ਼ਿਲਾਫ਼ ਕੀਤੀ ਗਈ ਅਤੇ ਅਜੇ ਵੀ ਕਿਸੇ ਨਾ ਕਿਸੇ ਰੂਪ ’ਚ ਜਾਰੀ ਬਿਆਨਬਾਜ਼ੀ ਤੋਂ ਸਪੱਸ਼ਟ ਹੁੰਦਾ ਹੈ ਕਿ ਇਸ ਗੱਠਜੋੜ ’ਚ ਆਪਣੇ ਜੰਮਣ ਸਮੇਂ ਤੋਂ ਮੌਜੂਦ ਤਰੇੜਾਂ ਹੋਰ ਚੁੜੇਰੀਆਂ ਹੋ ਗਈਆਂ ਹਨ। ਆਪਸੀ ਵਿਰੋਧਾਂ ਦੀ ਧੁਖਦੀ ਅੱਗ ਦਾ ਧੰੂਆਂ ਭਾਵੇਂ ਸਾਫ਼ ਦਿਸ ਰਿਹਾ ਹੈ ਪਰ ਦੋਨਾਂ ਪਾਰਟੀਆਂ ਦੇ ਆਗੂਆਂ ਵੱਲੋਂ ਆਪਣੀਆਂ ਸਿਆਸੀ ਲੋੜਾਂ ਦੇ ਤਹਿਤ ਇਸ ਨੂੰ ਨੱਪਣ ਜਾਂ ਇਸ ਨੂੰ ਧੁਖਦਾ ਰੱਖਣ ਦੀ ਪੈਂਤਰੇਬਾਜ਼ੀ ਕੀਤੀ ਜਾ ਰਹੀ ਹੈ।
ਅਕਾਲੀ-ਭਾਜਪਾ ਗੱਠਜੋੜ ਅੰਦਰ ਇੱਕ ਦੂਸਰੇ ਖ਼ਿਲਾਫ਼ ਅੰਦਰੋ ਅੰਦਰੀ ਪਰ ਛਿੱਟਪੁੱਟ ਰੂਪ ਵਿੱਚ ਜ਼ਾਹਿਰਾ ਤੌਰ ਤੇ ਪੈਦਾ ਹੋਇਆ ਰੋਸ ਲੋਕ ਸਭਾ ਚੋਣਾਂ ਸਮੇਂ ਜਿਆਦਾ ਪ੍ਰਤੱਖ ਰੂਪ ’ਚ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਲੋਕ ਸਭਾ ਚੋਣਾਂ ਮੌਕੇ ਪੰਜਾਬ ਅੰਦਰ ਅਕਾਲੀ ਦਲ (ਬਾਦਲ)-ਭਾਜਪਾ ਨਾਲ ਗੱਠਜੋੜ ਬਣਾਕੇ ਚੱਲ ਰਿਹਾ ਸੀ ਪਰ ਹਰਿਆਣੇ ਅੰਦਰ ਇਸ ਨੇ ਚੌਟਾਲੇ ਦੀ ਅਗਵਾਈ ਵਾਲੇ ਇਨੈਲੋ ਨਾਲ ਆਪਣੀ ਸਿਆਸੀ ਸਾਂਝ ਬਣਾ ਲਈ। ਇਸ ਸਾਂਝ ਨੂੰ ਹਰਿਆਣੇ ਅੰਦਰ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਹੋਰ ਅੱਗੇ ਵਧਾਇਆ ਗਿਆ। ਇਸ ਸਮੇਂ ਅਕਾਲੀ ਦਲ (ਬਾਦਲ) ਅਤੇ ਪੰਜਾਬ ਦੀ ਭਾਜਪਾ ਇਕਾਈ ਦੇ ਮੁੱਖ ਆਗੂਆਂ ਦੇ ਵਿਰੋਧ ’ਚ ਖੜ੍ਹੇ ਭਾਜਪਾ ਆਗੂ ਅਤੇ ਸਾਬਕਾ ਲੋਕ ਸਭਾ ਮੈਂਬਰ ਨਵਜੋਤ ਸਿੱਧੂ ਨੂੰ ਹਰਿਆਣੇ ਦੀ ਚੋਣ ਮੁਹਿੰਮ ’ਚ ਭਾਜਪਾ ਦੀ ਕੇਂਦਰੀ ਲੀਡਰਸ਼ਿੱਪ ਵੱਲੋਂ ਗਿਣੀ ਮਿਥੀ ਸਕੀਮ ਮੁਤਾਬਿਕ ਸ਼ਿੰਗਾਰਿਆ ਗਿਆ। ਸਿੱਧੂ ਨੇ ਹਰਿਆਣੇ ਅੰਦਰ ਚੋਣ ਪ੍ਰਚਾਰ ਸਮੇਂ ਅਕਾਲੀ ਦਲ (ਬਾਦਲ) ਨੂੰ ਰੱਜਕੇ ਭੰਡਿਆ। ਉਸ ਨੇ ਅਤੇ ਭਾਜਪਾ ਦੇ ਹੋਰ ਬਹੁਤ ਸਾਰੇ ਆਗੂਆਂ ਨੇ ਬਾਦਲਾਂ ਉੱਪਰ ਪੰਜਾਬ ਅੰਦਰ ਭਿ੍ਰਸ਼ਟਾਚਾਰ ਫੈਲਾਉਣ, ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਨੂੰ ਹੱਲਾ ਸ਼ੇਰੀ ਦੇਣ ਅਤੇ ਰੇਤਾ ਬਜਰੀ ਵਰਗੇ ਕਾਰੋਬਾਰਾਂ ਵਿੱਚ ਮਨ ਆਈਆਂ ਕਰਨ ਦੇ ਦੋਸ਼ ਲਾਏ। ਉਨ੍ਹਾਂ ਵੱਲੋਂ ਅਜਿਹੇ ਦੋਸ਼ਾਂ ਦੀ ਬੁਛਾੜ ਅਜੇ ਵੀ ਜਾਰੀ ਹੈ। ਭਾਜਪਾ ਦੀ ਹਾਈ ਕਮਾਨ ਵੱਲੋਂ ਜਿੱਥੇ ਸਿੱਧੂ ਨੂੰ ਬਾਦਲ ਦੇ ਖ਼ਿਲਾਫ਼ ਆਪਣੇ ਮਨ ਦੀ ਪੂਰੀ ਭੜਾਸ ਕੱਢਣ ਦਾ ਮੌਕਾ ਮੁਹੱਈਆ ਕੀਤਾ ਗਿਆ ਉੱਥੇ ਇਸ ਨੇ ਬਾਦਲਾਂ ਵੱਲੋਂ ਚੌਟਾਲੇ ਦੀ ਅਗਵਾਈ ਵਾਲੀ ਪਾਰਟੀ ਦੀ ਹਮਾਇਤ ਕਰਨ ਨੂੰ ‘ਬਰਦਾਸ਼ਤ’ ਕਰਨ ਦਾ ਪੈਂਤਰਾ ਲਿਆ। ਇਹ ਇਸ ਕਰਕੇ ਕੀਤਾ ਗਿਆ ਕਿਉਂਕਿ ਵੱਡਾ ਬਾਦਲ ਭਾਜਪਾ ਹਾਈਕਮਾਨ ਨੂੰ ਯਕੀਨ ਦਵਾ ਰਿਹਾ ਸੀ ਕਿ ਚੋਣਾਂ ਤੋਂ ਬਾਅਦ ਜੇਕਰ ਭਾਜਪਾ ਦੀਆਂ ਸੀਟਾਂ ਦੀ ਗਿਣਤੀ ਸਰਕਾਰ ਬਣਾਉਣ ਲਈ ਘੱਟ ਰਹਿੰਦੀ ਹੈ ਤਾਂ ਉਹ ਇਨੈਲੋ ਦੀ ਹਮਾਇਤ ਜੁਟਾਉਣਾ ਯਕੀਨੀ ਬਣਾਏਗਾ। ਇਸ ਕਰਕੇ ਭਾਜਪਾ ਦੀ ਹਾਈ ਕਮਾਨ ਨੂੰ ਅਕਾਲੀ ਦਲ (ਬਾਦਲ) ਵੱਲੋਂ ਹਰਿਆਣਾ ਅੰਦਰ ਲਿਆ ਜਾ ਰਿਹਾ ਪੈਂਤਰਾ ਜ਼ਿਆਦਾ ਰੜਕਣ ਵਾਲਾ ਨਹੀਂ ਸੀ ਲੱਗਦਾ। ਉਹ ਕੁੱਲ ਮਿਲਾਕੇ ਇਸ ਨੂੰ ਆਪਣੇ ਵੱਲੋਂ ਬਣਾਏ ਜਾ ਰਹੇ ਦੇਸ਼ ਪੱਧਰੇ ਗੱਠਜੋੜ ਦੇ ਚੌਖਟੇ ਵਿੱਚ ਹੀ ਫਿੱਟ ਹੋਇਆ ਮਹਿਸੂਸ ਕਰਦੀ ਸੀ।
ਹੁਣ ਲੋਕ ਸਭਾ ਅਤੇ ਹਰਿਆਣਾ ਤੇ ਮਹਾਰਾਸ਼ਟਰ ਦੇ ਰਾਜਾਂ ਦੀਆ ਵਿਧਾਨ ਸਭਾ ਚੋਣਾਂ ਬਾਅਦ ਜੋ ਸਿਆਸੀ ਹਾਲਤ ਉੱਭਰ ਕੇ ਸਾਹਮਣੇ ਆਈ ਹੈ ਉਸ ਤੋਂ ਭਾਜਪਾ ਦੀ ਚੋਟੀ ਦੀ ਲੀਡਰਸ਼ਿੱਪ ਇਹ ਮਹਿਸੂਸ ਕਰਨ ਲੱਗੀ ਹੈ ਕਿ ਉਹ ਹਿੰਦੋਸਤਾਨ ਪੱਧਰ ’ਤੇ ਕਾਂਗਰਸ ਵਾਂਗ ਇੱਕ ਅਜਿਹੀ ਸਿਆਸੀ ਪਾਰਟੀ ਦੇ ਤੌਰ ’ਤੇ ਉੱਭਰ ਸਕਦੀ ਹੈ ਜਿਸਨੂੰ ਅਗਰ ਸਿਆਸੀ ਗੱਠਜੋੜ ਬਣਾਉਣਾ ਵੀ ਪਵੇ ਤਾਂ ਉਹ ਗੱਠਜੋੜ ਅੰਦਰ ਵੱਡੀ ਧਿਰ ਹੋਵੇ ਅਤੇ ਉਸ ਦੇ ਹਮਾਇਤੀ ਛੋਟੇ ਭਾਈਵਾਲ ਬਣਨ। ਉਹ ਦੇਸ਼ ਦੇ ਕੋਨੇ ਕੋਨੇ ’ਚ ਆਪਣੀ ਅਜਿਹੀ ਸਿਆਸੀ ਪੁੱਗਤ ਬਣਾਉਣ ਦੇ ਯਤਨ ’ਚ ਹੈ। ਪੰਜਾਬ ਅੰਦਰ ਵੀ ਉਹ ਆਪਣੇ ਲਈ ਲਾਹੇਵੰਦ ਮੌਕਾ ਪੈਦਾ ਹੋਇਆ ਦੇਖਦੀ ਹੈ। ਇੱਥੇ ਰਾਸ਼ਟਰੀ ਸੋਇਮ ਸੇਵਕ ਸੰਘ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਸੰਘ ਆਗੂਆਂ ਵੱਲੋਂ ਵਾਰ ਵਾਰ ਪੰਜਾਬ ਦੇ ਦੌਰੇ ਕੀਤੇ ਜਾ ਰਹੇ ਹਨ ਅਤੇ ਸੰਘ ਵਰਕਰਾਂ ਵੱਲੋਂ ਸ਼ਹਿਰਾਂ ਅੰਦਰ ਹਥਿਆਰਬੰਦ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਵੱਲੋਂ ਪਿੰਡਾਂ ਅੰਦਰ ਵੀ ਇਕਾਈਆਂ ਬਣਾਉਣ ਦੇ ਐਲਾਨ ਕੀਤੇ ਗਏ ਹਨ। ਇਸ ਤਰ੍ਹਾਂ ਫੈਲਾਈ ਜਾ ਰਹੀ ਹਿੰਦੂਤਵੀ ਵਿਚਾਰਧਾਰਾ ਭਾਜਪਾ ਨੂੰ ਸਿਆਸੀ ਤੌਰ ’ਤੇ ਸਹਾਈ ਹੋਣ ’ਚ ਆਪਣਾ ਰੋਲ ਅਦਾ ਕਰੇਗੀ। ਇਸ ਤੋਂ ਇਲਾਵਾ ਭਾਜਪਾ ਪੰਜਾਬ ਅੰਦਰ ਇੱਕ ਵੱਡੀ ਅਤੇ ਮੁੱਖ ਧਿਰ ਵਜੋਂ ਉੱਭਰਨ ਲਈ ਪੇਂਡੂ ਖ਼ਿੱਤੇ ਅੰਦਰ ਆਪਣੇ ਨਵੇਂ ਮੈਂਬਰ ਭਰਤੀ ਕਰ ਕੇ ਆਪਣੇ ਸੰਪਰਕਾਂ ਵਿੱਚ ਵਾਧਾ ਕਰ ਰਹੀ ਹੈ। ਉਹ ਚਾਹੁੰਦੀ ਹੈ ਕਿ ਉਸ ਦੀ ਕੇਵਲ ਸ਼ਹਿਰੀ ਅਤੇ ਹਿੰਦੂਆਂ ਅੰਦਰ ਆਧਾਰ ਵਾਲੀ ਪਾਰਟੀ ਹੋਣ ਦੀ ਦਿੱਖ ਤੋਂ ਅੱਗੇ ਉਸਦਾ ਪਿੰਡਾਂ ਅੰਦਰ ਵੀ ਆਧਾਰ ਕਾਇਮ ਹੋਵੇ। ਇਸ ਮਕਸਦ ਲਈ ਉਹ ਦਲਿਤਾਂ ਅਤੇ ਕਿਸਾਨਾਂ ਅੰਦਰ ਆਪਣਾ ਵੋਟ ਬੈਂਕ ਬਣਾਉਣ ਲਈ ਯਤਨਸ਼ੀਲ ਹੈ। ਉਸ ਵੱਲੋਂ ਪਰਮਦੀਪ ਸਿੰਘ ਗਿੱਲ ਵਰਗੇ ਪੰਜਾਬ ਦੇ ਸਾਬਕਾ ਪੁਲੀਸ ਮੁਖੀ ਅਤੇ ਅਕਾਲੀ ਦਲ ਬਾਦਲ ਤੋਂ ਨਾਰਾਜ਼ ਹੋਰ ਲੋਕਾਂ ਨੂੰ ਆਪਣੀਆਂ ਸਫ਼ਾਂ ’ਚ ਸ਼ਾਮਿਲ ਕਰਨ ਦਾ ਅਰਥ ਅਕਾਲੀ ਦਲ (ਬਾਦਲ) ਦੇ ਪੇਂਡੂ ਆਧਾਰ ਨੂੰ ਸੰਨ੍ਹ ਲਾਉਣਾ ਹੈ। ਇਸ ਮਕਸਦ ਲਈ ਉਸ ਵੱਲੋਂ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਪੰਜਾਬੀ ਭਾਸ਼ਾ ਦੇ ਮੁੱਦਈ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ ਇਹ ਗੱਲ ਜੱਗ ਜ਼ਾਹਿਰ ਹੈ ਕਿ ਭਾਜਪਾ ਦਾ ਪਹਿਲਾ ਰੂਪ ਜਨ ਸੰਘ ਹਮੇਸ਼ਾ ਹੀ ਪੰਜਾਬੀ ਸੂਬੇ ਦਾ ਵਿਰੋਧ ਕਰਦਾ ਰਿਹਾ, ਹਿੰਦੂਆਂ ਦੀ ਮਾਤ ਭਾਸ਼ਾ ਪੰਜਾਬੀ ਦੀ ਬਜਾਏ ਹਿੰਦੀ ਲਿਖਵਾਉਣ ਲਈ ਪ੍ਰਚਾਰ ਮੁਹਿੰਮ ਚਲਾਉਂਦਾ ਰਿਹਾ ਅਤੇ ਹੁਣ ਤੱਕ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ ਦੀ ਆਵਾਜ਼ ਨਾ ਉਠਾਉਣ ਦੀ ਦੋਸ਼ੀ ਰਹੀ ਹੈ। ਹੁਣ ਇਹ ਸਾਰਾ ਕੁੱਝ ਕਰਨ ਦਾ ਅਰਥ ਇਹੀ ਹੈ ਕਿ ਭਾਜਪਾ ਪੂਰੇ ਪੰਜਾਬ ਅੰਦਰ ਆਪਣੇ ਆਪ ਨੂੰ ਵੱਡੀ ਪਾਰਟੀ ਬਣਾਉਣ ਲਈ ਯਤਨਸ਼ੀਲ ਹੈ।
ਭਾਜਪਾ ਵੱਲੋਂ ਪੇਂਡੂ ਖ਼ਿੱਤੇ ਅੰਦਰ ਪੈਰ ਪਸਾਰਨ ਅਤੇ ਆਪਣਾ ਘੇਰਾ ਵਿਸ਼ਾਲ ਕਰਨ ਦੇ ਯਤਨ ਤੋਂ ਅਕਾਲੀ ਦਲ (ਬਾਦਲ) ਦਾ ਬੇਚੈਨ ਹੋਣਾ ਕੁਦਰਤੀ ਹੈ। ਭਾਜਪਾ ਦੀਆਂ ਕਾਰਵਾਈਆਂ ਖ਼ਾਸ ਕਰਕੇ ਅਕਾਲੀਆਂ ਤੋਂ ਨਾਰਾਜ਼ ਤੱਤਾਂ ਨੂੰ ਭਾਜਪਾ ਅੰਦਰ ਸ਼ਾਮਿਲ ਕਰਨ ਨੂੰ ਲੈ ਕੇ ਅਕਾਲੀ ਦਲ (ਬਾਦਲ) ਵੱਲੋਂ ਭਾਜਪਾ ਖ਼ਿਲਾਫ਼ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਪਰ ਬਦਲੀਆਂ ਹਾਲਤਾਂ ਕਰਕੇ ਭਾਜਪਾ ਵੱਲੋਂ ਇਸਦੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ। ਪੰਜਾਬ ਅੰਦਰ ਭਾਜਪਾ ਦੇ ਜਥੇਬੰਦਕ ਤਾਣੇ ਬਾਣੇ ਨੂੰ ਮਜ਼ਬੂਤ ਕਰਨ ਲਈ ਲਾਏ ਗਏ ਨਵੇਂ ਇੰਚਾਰਜ ਨੇ ਪੰਜਾਬ ਦੇ ਦੌਰੇ ਮੌਕੇ ਬਾਦਲਾਂ ਨੂੰ ਮਿਲਣ ਦੀ ਜ਼ਰੂਰਤ ਹੀ ਮਹਿਸੂਸ ਨਹੀਂ ਕੀਤੀ। ਇਸੇ ਤਰ੍ਹਾਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਅਕਾਲੀ ਦਲ ਬਾਦਲ ਵੱਲੋਂ ਮੰਗੀ ਆਰਥਕ ਸਹਾਇਤਾ ਤੋਂ ਕੋਰਾ ਜਵਾਬ ਦੇ ਕੇ ਬਾਦਲਾਂ ਲਈ ਨਮੋਸ਼ੀ ਵਾਲੀ ਹਾਲਤ ਪੈਦਾ ਕਰ ਦਿੱਤੀ। ਮੋਦੀ ਸਰਕਾਰ ਭਾਜਪਾ ਵੱਲੋਂ ਬਾਦਲਾਂ ਨੂੰ ਬਹੁਤਾ ਵਜ਼ਨ ਨਾ ਦੇਣ ਦੇ ਬਾਵਜੂਦ ਬਾਦਲਾਂ ਦੀ ਮਜਬੂਰੀ ਹੈ ਕਿ ਉਹ ਭਾਜਪਾ ਨਾਲ ਆਪਣਾ ਸਿਆਸੀ ਗੱਠਜੋੜ ਕਾਇਮ ਰੱਖਣ। ਉਨ੍ਹਾਂ ਦੀ ਇਹ ਸਮੱਸਿਆ ਹੈ ਕਿ ਉਹ ਆਪਣੇ ਬਲਬੂਤੇ ਸਰਕਾਰ ਨਹੀਂ ਬਣਾ ਸਕਦੇ। ਉਹ ਆਪਣੇ ਤੌਰ ’ਤੇ ਹੋਰਾਂ ਨਾਲ ਚੋਣ ਗੱਠਜੋੜ ਤੋਂ ਬਿਨਾਂ ਚੋਣਾਂ ਜਿੱਤਣ ਵਾਲੀ ਹਾਲਤ ਵਿੱਚ ਨਹੀਂ ਹਨ। ਉਹਨਾਂ ਦੀ ਅਗਵਾਈ ਵਾਲੇ ਬਾਦਲ ਦਲ ਦਾ ਸਿਆਸੀ ਆਧਾਰ ਪੰਜਾਬ ਦੀ ਜੱਟ ਕਿਸਾਨੀ ਵਿੱਚ ਹੈ ਜਦੋਂ ਕਿ ਇੱਥੋਂ ਦਾ ਸ਼ਹਿਰੀ ਤਬਕਾ ਜੋ ਜ਼ਿਆਦਾਤਰ ਹਿੰਦੂ ਹੈ ਅਤੇ ਪਿੰਡਾਂ ਦੇ ਦਲਿਤ ਵਰਗਾਂ ਦੇ ਵਡੇਰੇ ਹਿੱਸੇ ਅਕਾਲੀ ਦਲਾਂ ਤੋਂ ਦੂਰ ਹੀ ਰਹੇ ਹਨ। ਇਸ ਕਰਕੇ ਚੋਣਾਂ ਜਿੱਤਣ ਅਤੇ ਸੱਤਾ ਦੀ ਕੁਰਸੀ ’ਤੇ ਬਿਰਾਜਮਾਨ ਹੋਣ ਲਈ ਅਕਾਲੀ ਦਲ (ਬਾਦਲ) ਦੀ ਇਹ ਅਣਸਰਦੀ ਲੋੜ ਹੈ ਕਿ ਉਹ ਅਜਿਹੀਆਂ ਪਾਰਟੀਆਂ ਨਾਲ ਚੋਣ ਗੱਠਜੋੜ ਬਣਾਵੇ ਜਿਨ੍ਹਾਂ ਦਾ ਆਧਾਰ ਸ਼ਹਿਰੀ ਅਤੇ ਦਲਿਤ ਤਬਕਿਆਂ ਵਿੱਚ ਹੋਵੇ। ਇਸ ਲੋੜ ਵਿੱਚੋਂ ਅਕਾਲੀ ਦਲ (ਬਾਦਲ) ਨੇ 1996 ਦੀਆਂ ਲੋਕ ਸਭਾ ਚੋਣਾਂ ਮੌਕੇ ਬਹੁਜਨ ਸਮਾਜ ਪਾਰਟੀ ਨਾਲ ਚੋਣ ਗੱਠਜੋੜ ਬਣਾਇਆ ਜਿਸ ਨੂੰ ਉਸਨੇ ਕਿਸਾਨ-ਮਜ਼ਦੂਰ ਗੱਠਜੋੜ ਦਾ ਨਾਂ ਦਿੱਤਾ ਸੀ ਅਤੇ ਇਸ ਤੋਂ ਬਾਅਦ 1997, 2007 ਅਤੇ 2012 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਭਾਜਪਾ ਨਾਲ ਗੱਠਜੋੜ ਬਣਾ ਕੇ ਅਤੇ ਇਸ ਨੂੰ ਹਿੰਦੂ ਸਿੱਖ ਏਕਤਾ ਦਾ ਨਾਂ ਦੇ ਕੇ ਹਕੂਮਤੀ ਕੁਰਸੀ ਹਥਿਆਉਣ ’ਚ ਕਾਮਯਾਬ ਹੋਇਆ। ਭਾਵੇਂ ਇਹ ਗੱਠਜੋੜ 2002 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਤੋਂ ਮਾਤ ਖਾ ਗਿਆ ਸੀ। ਸ਼ਹਿਰਾਂ ਅਤੇ ਦਲਿਤਾਂ ਅੰਦਰ ਅਕਾਲੀ ਦਲ (ਬਾਦਲ) ਆਪਣੇ ਵੋਟ ਬੈਂਕ ਦੀ ਘਾਟ ਬਾਰੇ ਭਲੀ ਭਾਂਤ ਜਾਣੂ ਹੈ। ਆਪਣੀ ਇਸ ਘਾਟ ਨੂੰ ਦੂਰ ਕਰਨ ਵਾਸਤੇ ਹੀ ਬਾਦਲ ਸਰਕਾਰ ਵੱਲੋਂ ਦਲਿਤਾਂ ਵਾਸਤੇ ਸਸਤੀ ਆਟਾ ਦਾਲ ਦੀ ਸਕੀਮ ਚਲਾਈ ਸੀ ਜਿਸ ਦਾ ਕੁੱਝ ਹੱਦ ਤੱਕ ਉਸ ਨੂੰ ਫ਼ਾਇਦਾ ਵੀ ਹੋਇਆ ਹੈ। ਇਸੇ ਤਰ੍ਹਾਂ ਸ਼ਹਿਰਾਂ ਅੰਦਰ ਵਪਾਰੀ ਤਬਕੇ ਨੂੰ ਆਪਣੇ ਵੱਲ ਖਿੱਚਣ ਲਈ ਬਾਦਲ ਸਰਕਾਰ ਨੇ ਬਹੁਤ ਸਾਰੀਆਂ ਟੈਕਸ ਛੋਟਾਂ ਦੇਣ, ਸਨਅਤੀ ਸੰਮੇਲਨ ਕਰਕੇ ਸਨਅਤਾਂ ਅਤੇ ਸ਼ਹਿਰਾਂ ਦਾ ਵਿਕਾਸ ਕਰਨ, ਸੜਕਾਂ ਚੌੜੀਆਂ ਕਰਨ ਅਤੇ ਵੱਡੇ ਵੱਡੇ ਮਾਲ ਉਸਾਰਨ ਦੇ ਵਾਅਦੇ ਕੀਤੇ ਹਨ। ਇਸ ਤੋਂ ਇਲਾਵਾ ਬਾਦਲਾਂ ਨੇ ਸ਼ਹਿਰੀ ਧਨਾਢਾਂ ਨੂੰ ਖ਼ਾਸ ਕਰਕੇ ਹਿੰਦੂ ਧਰਮ ਨਾਲ ਸਬੰਧਿਤ ਧਨੀ ਵਿਅਕਤੀਆਂ ਨੂੰ ਅਕਾਲੀ ਦਲ (ਬਾਦਲ) ਅੰਦਰ ਸ਼ਾਮਲ ਕਰਕੇ ਅਤੇ ਚੋਣਾਂ ਵਿੱਚ ਆਪਣੇ ਉਮੀਦਵਾਰ ਬਣਾਕੇ ਸ਼ਹਿਰਾਂ ਅੰਦਰ ਪੈਰ ਪਸਾਰਨ ਦੇ ਖ਼ੂਬ ਯਤਨ ਕੀਤੇ ਹਨ। ਬਾਦਲਾਂ ਦੀਆਂ ਅਜਿਹੀਆਂ ਕਾਰਵਾਈਆਂ ਨੂੰ ਹਜ਼ਮ ਕਰਨ ਵਿੱਚ ਭਾਜਪਾ ਨੂੰ ਕਾਫ਼ੀ ਮੁਸ਼ਕਲ ਆ ਰਹੀ ਹੈ। ਹੁਣ ਤੱਕ ਆਪਣੀ ਕਮਜ਼ੋਰ ਹਾਲਤ ਕਰਕੇ ਉਹ ਅਕਾਲੀ ਦਲ (ਬਾਦਲ) ਦੇ ਸਾਰੇ ਫ਼ੈਸਲਿਆਂ ਨੂੰ ਖ਼ੁਸ਼ ਜਾਂ ਨਾਖ਼ੁਸ਼ ਹੋਣ ਦੇ ਬਾਵਜੂਦ ਸਵੀਕਾਰ ਕਰਦੀ ਆ ਰਹੀ ਹੈ ਪਰ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਹਾਸਲ ਹੋਈ ਜਿੱਤ ਕਰਕੇ ਉਸਨੇ ਬਾਦਲਾਂ ਉੱਪਰ ਆਪਣਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ (ਬਾਦਲ) ਮੌਕੇ ਦੀ ਨਜ਼ਾਕਤ ਨੂੰ ਸਮਝਦਾ ਹੋਇਆ ਭਾਜਪਾ ਨਾਲ ਜੋੜਮੇਲ ਕਾਇਮ ਰੱੱਖਣ ਲਈ ਕਾਫ਼ੀ ਹੱਦ ਤੱਕ ਲਿਫਣ ਲਈ ਮਜਬੂਰ ਹੈ ਪਰ ਅੰਦਰੋਗਤੀ ਆਉਣ ਵਾਲੇ ਖ਼ਤਰੇ ਨੂੰ ਭਾਂਪਦਿਆਂ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਵੀ ਰੱਸੇ ਪੈੜੇ ਵੱਟ ਰਿਹਾ ਹੈ। ਉਸਨੇ ਭਾਜਪਾ ’ਤੇ ਦਬਾਅ ਪਾਉਣ ਲਈ ਆਪਣੇ ਵੱਲੋਂ ਉਠਾਏ ਜਾਂਦੇ ਪੁਰਾਣੇ ਮੁੱਦਿਆਂ ਨੂੰ ਛੇੜਦੇ ਹੋਏ ਮੋਦੀ ਸਰਕਾਰ ਵੱਲੋਂ ਇਹਨਾਂ ਦੇ ਹੱਲ ਦੀ ਮੰਗ ਕੀਤੀ ਹੈ। ਹਾਲਾਂਕਿ ਉਸ ਨੂੰ ਬਾਖ਼ੂਬੀ ਪਤਾ ਹੈ ਕਿ ਮੋਦੀ ਸਰਕਾਰ ਲਈ ਇਹਨਾਂ ਦਾ ਹੱਲ ਕਰਨਾ ਆਸਾਨ ਨਹੀਂ।
ਇਸਦੇ ਬਾਵਜੂਦ ਵੱਡਾ ਬਾਦਲ ਕਹਿ ਰਿਹਾ ਹੈ ਕਿ ਹੁਣ ਚੰਡੀਗੜ੍ਹ ਅਤੇ ਪੰਜਾਬ ਦੇ ਹੋਰ ਮੁੱਦਿਆਂ ਦੇ ਹੱਲ ਦਾ ਢੁਕਵਾਂ ਸਮਾਂ ਹੈ। ਇਸ ਤੋਂ ਇਲਾਵਾ ਉਸ ਵੱਲੋਂ ਅਕਾਲੀ ਦਲ (ਬਾਦਲ)-ਭਾਜਪਾ ਗੱਠਜੋੜ ਨੂੰ ਹਿੰਦੂ ਸਿੱਖ ਏਕਤਾ ਲਈ ਜ਼ਰੂਰੀ ਦੱਸ ਕੇ ਇਸ ਦੇ ਟੁੱਟਣ ਨਾਲ ਅੱਤਵਾਦ ਦੇ ਦਿਨਾਂ ਦੀ ਵਾਪਸੀ ਦੇ ਖ਼ਤਰੇ ਦਾ ਡਰਾਵਾ ਦਿੱਤਾ ਜਾ ਰਿਹਾ ਹੈ। ਬਾਦਲਾਂ ਵੱਲੋਂ ਚੱਲੀਆਂ ਜਾ ਰਹੀਆਂ ਇਨ੍ਹਾਂ ਚਾਲਾਂ ਦਾ ਮਕਸਦ ਆਪਣੀ ਸਰਕਾਰ ਨੂੰ ਚੱਲਦਾ ਰੱਖਣ ਲਈ ਭਾਜਪਾ ਨੂੰ ਆਪਣੇ ਨਾਲ ਰੱਖਣਾ ਹੈ। ਦੂਸਰੇ ਪਾਸੇ ਹਾਲ ਦੀ ਘੜੀ ਪੰਜਾਬ ਅੰਦਰ ਭਾਜਪਾ ਦੀ ਅਕਾਲੀ ਦਲ (ਬਾਦਲ) ਨਾਲ ਸਿਆਸੀ ਗੱਠਜੋੜ ਕਾਇਮ ਰੱਖਣ ਦੀ ਜ਼ਰੂਰਤ ਹੈ ਪਰ ਆਉਣ ਵਾਲੇ ਸਮੇਂ ਅੰਦਰ ਜੇਕਰ ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਉਹ ਆਪਣੇ ਬਲ ਉੱਤੇ ਚੋਣਾਂ ਜਿੱਤਣ ਵਾਲੀ ਹਾਲਤ ਵਿੱਚ ਹੈ ਤਾਂ ਉਹ ਇਸ ਗੱਠਜੋੜ ਨੂੰ ਅਲਵਿਦਾ ਕਹਿ ਸਕਦੀ ਹੈ। ਮੋਦੀ ਲਹਿਰ ਦੀ ਗ਼ਲਤ ਵਹਿਮੀ ਵੀ ਉਸਨੂੰ ਅਜਿਹੀ ਹਾਲਤ ਵੱਲ ਧੱਕ ਸਕਦੀ ਹੈ। ਲਗਦਾ ਹੈ ਕਿ ਭਾਜਪਾ ਪੰਜਾਬ ਅੰਦਰ ਮੱਧਕਾਲੀ ਚੋਣਾਂ ਦਾ ਜੂਆ ਖੇਡਣ ਤੋਂ ਅਜੇ ਗੁਰੇਜ਼ ਹੀ ਕਰੇਗੀ। ਇਸ ਦੀ ਬਜਾਏ ਉਹ ਆਪਣੇ ਆਪ ਨੂੰ ਜਥੇਬੰਦਕ ਤੌਰ ’ਤੇ ਤਕੜਾ ਕਰਨ ਵੱਲ ਧਿਆਨ ਦੇਵੇਗੀ। ਆਪਣੇ ਕਾਟੋ ਕਲੇਸ਼ ਦੇ ਬਾਵਜੂਦ ਮੱਧਕਾਲੀ ਚੋਣਾਂ ਤੋਂ ਬਚਣਾ ਅਤੇ ਆਪਣੇ ਆਪ ਨੂੰ ਤਕੜਾ ਕਰਨਾ ਭਾਜਪਾ ਅਤੇ ਅਕਾਲੀ ਦਲ (ਬਾਦਲ) ਦੋਵਾਂ ਦੀ ਮਜਬੂਰੀ ਅਤੇ ਲੋੜ ਵੀ ਹੈ।
ਅਕਾਲੀ-ਭਾਜਪਾ ਗੱਠਜੋੜ ਦੀਆਂ ਚੂਲਾਂ ਹਿੱਲ ਰਹੀਆਂ ਹਨ ਪਰ ਆਪਣੀ ਡਿੱਗ ਰਹੀ ਸ਼ਾਖਾ ਨੂੰ ਬਚਾਉਣ ਅਤੇ ਆਪਣੇ ਆਪ ਨੂੰ ਸਥਿਰ ਕਰਨ ਲਈ ਉਹ ਕੋਈ ਨਵੇਂ ਲੋਕ-ਲਭਾਊ ਕਦਮ ਚੁੱਕਣ ਦੀ ਹਾਲਤ ਵਿੱਚ ਵੀ ਨਹੀਂ। ਬਾਦਲ ਸਰਕਾਰ ਪਹਿਲਾਂ ਹੀ ਆਰਥਕ ਸੰਕਟ ਵਿੱਚ ਬੁਰੀ ਤਰ੍ਹਾਂ ਘਿਰ ਚੁੱਕੀ ਹੈ। ਉਸਦਾ ਕਰਜ਼ਾ ਅਮਰਵੇਲ ਵਾਂਗ ਵੱਧ ਕੇ ਇਸ ਦੇ ਸੱਤਾ ਦੇ ਦਰੱਖ਼ਤ ਨੂੰ ਚੱਟਮ ਕਰ ਰਿਹਾ ਹੈ। ਮਹੀਨਿਆਂ ਬੱਧੀ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਲਟਕ ਰਹੀਆਂ ਹਨ। ਰੁਜ਼ਗਾਰ ਲਈ ਨਵੀਆਂ ਅਸਾਮੀਆਂ ਪੈਦਾ ਕਰਨਾ ਤਾਂ ਕਿਤੇ ਰਿਹਾ, ਖ਼ਾਲੀ ਹੋ ਰਹੀਆਂ ਅਸਾਮੀਆਂ ਨੂੰ ਪੂਰਾ ਕਰਨਾ ਬਾਦਲ ਸਰਕਾਰ ਦੇ ਵਸੋਂ ਬਾਹਰ ਹੋ ਰਿਹਾ ਹੈ। ਬੁੱਢੇ, ਅਪਾਹਜ਼ ਲੋਕਾਂ ਅਤੇ ਵਿਧਵਾ ਤੇ ਬੇਸਹਾਰਾ ਔਰਤਾਂ ਲਈ ਪੈਨਸ਼ਨਾਂ ਵਧਾਉਣਾ ਤਾਂ ਕੀ ਸੀ ਪਹਿਲਾਂ ਮਿਲ ਰਹੀਆਂ ਮਾਮੂਲੀ ਪੈਨਸ਼ਨਾਂ ਨੂੰ ਵੀ ਦੇਣ ਤੋਂ ਆਨਾ ਕਾਨੀ ਕਰਕੇ ਸਮਾਜ ਦੇ ਸੱਭ ਤੋਂ ਕਮਜ਼ੋਰ ਅਤੇ ਲੋੜਵੰਦ ਲੋਕਾਂ ਨੂੰ ਤਰਸਾਇਆ ਜਾ ਰਿਹਾ ਹੈ। ਖੇਤੀਬਾੜੀ ਦਾ ਧੰਦਾ ਗ਼ਰੀਬ ਅਤੇ ਦਰਮਿਆਨੀ ਕਿਸਾਨਾਂ ਲਈ ਲਾਹੇਵੰਦਾ ਨਾ ਹੋਣ ਦੇ ਬਾਵਜੂਦ ਕਿਸਾਨਾਂ ਉੱਤੇ 50 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜਲ ਟੈਕਸ ਲਾ ਕੇ ਉਹਨਾਂ ਉੱਪਰ ਇੱਕ ਹੋਰ ਬੋਝ ਲੱਦ ਦਿੱਤਾ ਹੈ। ਗੱਲ ਸਿਰਫ਼ ਏਨੀ ਹੀ ਨਹੀਂ, ਕੌਮਾਂਤਰੀ ਪੱਧਰ ’ਤੇ ਡੀਜ਼ਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਡੀਜ਼ਲ ਉੱਪਰ ਪੰਜਾਬ ਅਤੇ ਕੇਂਦਰ ਸਰਕਾਰਾਂ ਨੇ ਹੋਰ ਟੈਕਸ ਲਾ ਕੇ ਇਸਨੂੰ ਹੋਰ ਮਹਿੰਗਾ ਕਰ ਦਿੱਤਾ ਹੈ। ਸ਼ਹਿਰਾਂ ਅੰਦਰ ਛੋਟੇ ਅਤੇ ਦਰਮਿਆਨੇ ਸ਼ਹਿਰੀਆਂ ਉੱਤੇ ਵੀ ਜਾਇਦਾਦ ਟੈਕਸ ਲਾਕੇ ਬਾਦਲ ਸਰਕਾਰ ਉਹਨਾਂ ਨੂੰ ਪਹਿਲਾਂ ਹੀ ਮੁੱਛ ਚੁੱਕੀ ਹੈ। ਰੇਤਾ, ਬਜਰੀ, ਕੇਬਲ, ਟਰਾਂਸਪੋਰਟ ਆਦਿ ਦੇ ਕਾਰੋਬਾਰਾਂ ’ਚ ਆਪਣੇ ਹੱਥ ਰੰਗਣ ਅਤੇ ਵੱਡੇ ਪੱਧਰ ’ਤੇ ਨਸ਼ੀਲੇ ਪਦਾਰਥਾਂ ਦੀ ਵਿੱਕਰੀ ਅਤੇ ਭਿ੍ਰਸ਼ਟਾਚਾਰ ਦੇ ਘੁਟਾਲਿਆਂ ’ਚ ਇਸਦੇ ਵਜ਼ੀਰਾਂ ਦੀ ਸ਼ਮੂਲੀਅਤ ਨੇ ਬਾਦਲ ਸਰਕਾਰ ਦੀ ਸਿਆਸੀ ਪੜ੍ਹਤ ਨੂੰ ਬੁਰੀ ਤਰ੍ਹਾਂ ਖੋਰਾ ਲਾ ਦਿੱਤਾ ਹੈ। ਅਜਿਹੀ ਹਾਲਤ ’ਚ ਪੰਜਾਬ ਦੇ ਲੋਕਾਂ ਅੰਦਰ ਬੇਚੈਨੀ ਦਾ ਪਸਾਰਾ ਹੋਣਾ ਕੁਦਰਤੀ ਹੈ। ਇਸਨੇ ਹਾਕਮਾਂ ਦੇ ਅੰਦਰੂਨੀ ਵਿਰੋਧਾਂ ਨੂੰ ਵੀ ਤੇਜ਼ ਕਰਨਾ ਹੈ ਜਿਸ ਕਰਕੇ ਹਾਕਮ ਜਮਾਤਾਂ ਦੀਆਂ ਪਾਰਟੀਆਂ ਇਸ ਹਾਲਤ ਦਾ ਦੋਸ਼ ਇੱਕ ਦੂਸਰੇ ਸਿਰ ਮੜ੍ਹਨ ਲਈ ਤਰਲੋ ਮੱਛੀ ਹੋਣਗੀਆਂ। ਲੋਕਾਂ ਨੂੰ ਇਹਨਾਂ ਦੀਆਂ ਚਾਲਾਂ ਤੋਂ ਸੁਚੇਤ ਹੋ ਕੇ ਆਪਣੀ ਭੈੜੀ ਹਾਲਤ ਦੀਆਂ ਜ਼ੁੰਮੇਵਾਰ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਨੂੰ ਟਿੱਕ ਕੇ ਇਸ ਲੁਟੇਰੇ ਅਤੇ ਜਾਬਰ ਪ੍ਰਬੰਧ ਵਿਰੁੱਧ ਸੰਘਰਸ਼ ਕਰਨ ਲਈ ਯਤਨਸ਼ੀਲ਼ ਹੋਣਾ ਚਾਹੀਦਾ ਹੈ।