ਹਨੇਰੇ ਦਿਨਾਂ ਦੀ ਆਹਟ- ਰੋਮਿਲਾ ਥਾਪਰ
Posted on:- 11-12-2014
ਅਨੁਵਾਦ : ਬਲਬੀਰ ਚੰਦ ਲੌਂਗੋਵਾਲ
ਬੀਤੀ ਲੱਗਭੱਗ ਅੱਧੀ ਸਦੀ ਵਿੱਚ ਭਾਰਤ ਨੇ ਦੁਨੀਆਂ ਨੂੰ ਬਿਹਤਰੀਨ ਇਤਿਹਾਸਕਾਰ ਦਿੱਤੇ ਹਨ। ਉਹਨਾਂ ਰਾਸ਼ਟਰੀ ਹੀ ਨਹੀਂ, ਅੰਤਰ-ਰਾਸ਼ਟਰੀ ਪੱਧਰ ’ਤੇ ਪਛਾਣ ਬਣਾਈ ਹੈ। ਇਹਨਾਂ ਇਤਿਹਾਸਕਾਰਾਂ ਦੇ ਹੁੰਦੇ ਹੋਏ ਵੀ ਭਾਰਤੀ ਇਤਿਹਾਸ ਖੋਜ ਪ੍ਰੀਸ਼ਦ (ਐੱਨ ਸੀ ਐੱਚ ਆਰ) ਦੇ ਪ੍ਰਧਾਨ ਦੇ ਤੌਰ ’ਤੇ ਸੁਦਰਸ਼ਨ ਰਾਵ ਦੀ ਨਿਯੁਕਤੀ ਹੈਰਾਨ ਕਰਨ ਵਾਲੀ ਹੈ। ਹੋਰ ਇਤਿਹਾਸਕਾਰਾਂ ਵਾਂਗ ਸੁਦਰਸ਼ਨ ਰਾਵ ਕੋਈ ਜਾਣਿਆ-ਪਛਾਣਿਆ ਨਾਂਅ ਨਹੀਂ, ਅਜਿਹੀ ਵੀ ਕੋਈ ਜਾਣਕਾਰੀ ਨਹੀਂ ਕਿ ਉਸ ਨੇ ਕੋਈ ਖੋਜ ਕਾਰਜ ਕੀਤਾ ਹੋਵੇ। ਭਾਰਤੀ ਮਹਕਾਵਾਂ ਬਾਰੇ ਉਸ ਦੇ ਕੁਝ ਲੇਖ ਜ਼ਰੂਰ ਪ੍ਰਕਾਸ਼ਤ ਹੋਏ ਹਨ। ਲੇਖ ਅਜਿਹੇ ਜਰਨਲਾਂ ਵਿੱਚ ਵੀ ਨਹੀਂ ਛਪੇ, ਜਿਨ੍ਹਾਂ ਵਿੱਚ ਲੇਖ ਹੋਰ ਇਤਿਹਾਸਕਾਰਾਂ ਦੇ ਆਂਕਲਣ ਬਾਅਦ ਹੀ ਛਪਦੇ ਹਨ। ਇਹ ਮਹੱਤਵਪੂਰਨ ਜ਼ਿੰਮੇਵਾਰੀ ਹੁਣ ਰਾਵ ਦੀ ਹੋਵੇਗੀ ਕਿ ਕਿਨ੍ਹਾਂ ਲੇਖਾਂ ਨੂੰ ਅਕਾਦਮਿਕ ਪੱਧਰ ਦਾ ਮੰਨਣਾ ਹੈ। ਰਾਵ ਬਾਰੇ ਇਹ ਖਬਰ ਵੀ ਸੁਣਨ ਵਿੱਚ ਆ ਰਹੀ ਹੈ ਕਿ ਉਹ ਕਈ ਪ੍ਰਾਜੈਕਟਾਂ ’ਤੇ ਇੱਕੋ ਸਮੇਂ ਕੰਮ ਕਰ ਰਹੇ ਹਨ, ਇਸ ਲਈ ਉਹਨਾਂ ਦੀ ਪਛਾਣ ਬਣਾਉਣ ਵਾਲਾ ਕੋਈ ਖੋਜ ਕਾਰਜ ਅਜੇ ਤੱਕ ਸਾਹਮਣੇ ਨਹੀਂ ਆਇਆ।
ਇਹ ਪ੍ਰਾਜੈਕਟ ਅਧਿਆਤਮ, ਯੋਗ, ਭਾਰਤ ਅਤੇ ਦੱਖਣੀ ਪੂਰਬੀ ਏਸ਼ੀਆ ਵਿਚਕਾਰ ਅਧਿਆਤਮਕ ਸੰਪਰਕ ਅਤੇ ਲੱਗਭੱਗ ਇਸ ਤਰ੍ਹਾਂ ਦੇ ਹੋਰ ਵਿਸ਼ਿਆਂ ਬਾਰੇ ਹਨ। ਇਹਨਾਂ ਵਿਸ਼ਿਆਂ ਅਤੇ ਇਤਿਹਾਸ ਦੇ ਮੂਲ ਖੋਜ ਕਾਰਜਾਂ ਵਿਚਕਾਰ ਕੋਈ ਸਪੱਸ਼ਟ ਸਰੋਕਾਰ ਨਜ਼ਰ ਨਹੀਂ ਆਉਂਦਾ। ਇਸ ਲਈ ਅਜਿਹੇ ਵਿਚਾਰਾਂ ਨੂੰ ਆਪਸ ਵਿੱਚ ਜੋੜਨ ਲੲੀ ਅਨੋਖੀ ਸੋਚ ਅਤੇ ਮਿਹਨਤ ਦੀ ਲੋੜ ਹੋਵੇਗੀ। ਰਾਵ ਨੇ ਅਖਬਾਰਾਂ ਨੂੰ ਇਹ ਵੀ ਦੱਸਿਆ ਕਿ ਉਹ ਰਾਸ਼ਟਰੀ ਸਵੈ-ਸੇਵਕ ਸੰਘ (ਆਰ ਐੱਸ ਐੱਸ) ਨਾਲ ਜੁੜੇ ਹੋਏ ਨਹੀਂ, ਫਿਰ ਵੀ ਉਹ ਆਪਣੇ ਦੇਸ਼ ਅਤੇ ਇੱਥੋਂ ਦੀ ਪੁਰਾਣੀ ਸੰਸਕ੍ਰਿਤੀ ਨੂੰ ਪ੍ਰੇਮ ਕਰਦੇ ਹਨ, ਤਾਂ ਕੀ ਦੇਸ਼ ਨੂੰ ਪ੍ਰੇਮ ਕਰਨ ਲਈ ਆਰ ਐੱਸ ਐੱਸ ਦਾ ਮੈਂਬਰ ਹੋਣਾ ਜ਼ਰੂਰੀਹੈ?
ਪ੍ਰੈੱਸ ਨੂੰ ਦਿੱਤੇ ਬਿਆਨ ਵਿੱਚ ਉਹਨ ਨੇ ਬਤੌਰ ਪ੍ਰਧਾਨ ਆਪਣੇ ਏਜੰਡੇ ਵਿੱਚ ਦੋ ਮੁੱਦਿਆਂ ਨੂੰ ਉਭਾਰਿਆ ਹੈ। ਦੋਵੇਂ ਹੀ ਭਾਰਤੀ ਇਤਿਹਾਸ ਦੀ ਹਿੰਦੂਵਾਦੀ ਵਿਚਾਰਧਾਰਾ ਵਿੱਚ ਖਾਸ ਸਥਾਨ ਰੱਖਦੇ ਹਨ। ਉਨ੍ਹ ਕਿਹਾ ਕਿ ਇਸ ਗੱਲ ਦੇ ਪੁਰਾਤੱਤਵ ਪ੍ਰਮਾਣ ਮੌਜੂਦ ਹਨ ਕਿ ਉੱਥੇ ਪਹਿਲਾਂ ਕਦੇ ਮੰਦਰ ਹੋਇਆ ਕਰਦਾ ਸੀ, ਜਿੱਥੇ ਬਾਬਰੀ ਮਸਜਿਦ ਸੀ। ਇਹ ਬਿਆਨ ਪੂਰੀ ਤਰ੍ਹਾਂ ਨਾਲ ਰਾਜਨੀਤਕ ਹੈ। ਅਯੁੱਧਿਆ ਵਿੱਚ ਉਸ ਜਗ੍ਹਾ ਦੀ ਖੁਦਾਈ ਦੀ ਰਿਪੋਰਟ ਜਨਤਕ ਰੂਪ ਵਿੱਚ ਉਪਲੱਬਧ ਨਹੀਂ ਹੈ, ਪਰ ਰਾਵ ਦੇ ਬਿਆਨ ਨਾਲ ਉਹ ਚੋਣਵੇਂ ਲੋਕ ਸਹਿਮਤ ਨਹੀਂ ਹੋਣਗੇ, ਜਿਨ੍ਹਾਂ ਨੂੰ ਉਹ ਰਿਪੋਰਟ ਪੜ੍ਹਨ ਦਾ ਮੌਕਾ ਮਿਲਿਆ ਹੈ। ਪ੍ਰਾਚੀਨ ਮਹਾਕਾਵਾਂ ਦਾ ਮਸਲਾ : ਰਾਵ ਦੁਆਰਾ ਉਭਾਰਿਆ ਗਿਆ ਦੂਸਰਾ ਮੁੱਦਾ ਹੈ-ਮਹਾਭਾਰਤ ਅਤੇ ਰਮਾਇਣ ਵਰਗੇ ਗ੍ਰੰਥਾਂ ਦੀ ਇਤਿਹਾਸਕਤਾ ਨੂੰ ਸਾਬਤ ਕਰਨਾ। ਉਹਨਾਂ ਨਾਲ ਜੁੜੀਆਂ ਪ੍ਰਮੁੱਖ ਘਟਨਾਵਾਂ ਅਤੇ ਤਾਰੀਖਾਂ ਨੂੰ ਪ੍ਰਮਾਣਿਤ ਕਰਨਾ। ਇਹ ਉਹ ਵਿਸ਼ੇ ਹਨ, ਜਿਨ੍ਹਾਂ ’ਤੇ ਲੰਘੀਆਂ ਦੋ ਸਦੀਆਂ ਵਿੱਚ ਅੰਤਹੀਣ ਖੋਜ ਹੋ ਚੁੱਕੀ ਹੈ। ਇਹਨਾਂ ਗ੍ਰੰਥਾਂ ਦੇ ਸਹੀ ਕਾਲ ਦੀ ਗਣਨਾ ਕਰਨ ਲਈ ਇੰਡੋਲਾਜਿਸਟ (ਪ੍ਰਾਚੀਨ ਵਿੱਦਿਆ ਵਿਦਵਾਨ) ਅਤੇ ਇਤਿਹਾਸਕਾਰ ਭਾਸ਼ਾ ਸ਼ਾਸਤਰ, ਪੁਰਾਤਨ ਵਿਗਿਆਨ, ਮਾਨਵ-ਸ਼ਾਸਤਰ ਅਤੇ ਜੋਤਿਸ਼ ਸ਼ਾਸਤਰ ਤੱਕ ’ਤੇ ਚਰਚਾ ਅਤੇ ਹਰ ਸੰਭਾਵਿਤ ਖੋਜ ਕਰ ਚੁੱਕੇ ਹਨ, ਪਰ ਉਹਨਾਂ ਦੀ ਮਿਹਨਤ ਸਫਲ ਨਹੀਂ ਹੋਈ। ਉਹ ਸਹੀ ਤਾਰੀਖ ਦਾ ਪਤਾ ਅੱਜ ਤੱਕ ਨਹੀਂ ਲਗਾ ਸਕੇ। ਕਿਸੇ ਠੋਸ ਪ੍ਰਮਾਣ ਤੋਂ ਬਿਨਾਂ ਫਿਰ ਤੋਂ ਤਾਰੀਖ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨ ਦਾ ਮਤਲਬ ਹੋਵੇਗਾ-ਉਸ ਸਾਰੀ ਪ੍ਰਕ੍ਰਿਆ ਨੂੰ ਦੁਹਰਾਉਣਾ, ਜੋ ਕਿਸੇ ਨਤੀਜੇ ’ਤੇ ਨਹੀਂ ਪਹੁੰਚ ਸਕੀ ਸੀ।
ਇਹ ਪ੍ਰਕਿਰਿਆ ਰਾਵ ਲਈ ਜ਼ਰੂਰ ਨਵੀਂ ਹੋ ਸਕਦੀ ਹੈ, ਪਰ ਪੁਣੇ ਦੇ ਭੰਡਾਰਕਰ ਓਰੀਐਂਟਲ ਰਿਸਰਚ ਇੰਸਟੀਚਿੳੂਟ ਦੇ ਵੀ ਐੱਸ ਸੁਖਥਣਕਰ ਨੇ 1957 ਵਿੱਚ ਮਹਾਭਾਰਤ ਦੇ ਸਮੇਕਿਤ ਸੰਸਕਰਣ ਦਾ ਸੰਪਾਦਨ ਕਰਨ ਦੌਰਾਨ ਕਿਹਾ ਸੀ ਕਿ ਸਹੀ-ਸਹੀ ਪਤਾ ਨਹੀਂ ਲਗਾਇਆ ਜਾ ਸਕਦਾ ਕਿ ਇਹ ਗ੍ਰੰਥ ਕਦੋਂ ਲਿਖਿਆ ਗਿਆ। ਮੂਲ ਗ੍ਰੰਥ ਦੀ ਰਚਨਾ ਬਾਅਦ ਇਸ ਵਿੱਚ ਹੋਰ ਵੀ ਕਈ ਜਾਣਕਾਰੀਆਂ ਅਤੇ ਰਚਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਾਰਨ ਮੂਲ ਗ੍ਰੰਥ ਦੀ ਤਾਰੀਖ ਪਤਾ ਕਰਨ ਵਿੱਚ ਹੋਰ ਵੀ ਕਠਿਨਾਈ ਆਉਂਦੀ ਹੈ। ਬਾਲਮੀਕ ਰਮਾਇਣ ਨਾਲ ਵੀ ਇਸੇ ਤਰਕ ਨੂੰ ਪੇਸ਼ ਕੀਤਾ ਜਾਂਦਾ ਹੈ। ਭੰਡਾਰਕਰ ਇੰਸਟੀਚਿੳੂਟ ਦੇ ਨਾਲ-ਨਾਲ ਓਰੀਐਂਟਲ ਇੰਸਟੀਚਿੳੂਟ, ਵਡੋਦਰਾ ਦੇ ਸੰਸਕ੍ਰਿਤ ਵਿਦਵਾਨਾਂ ਨੇ ਇਸ ਪ੍ਰਕ੍ਰਿਆ ਨੂੰ ਅਪਣਾ ਕੇ ਕੰਮ ਕੀਤਾ ਹੈ। ਇਹ ਮਹਾਕਾਵਿ ਇੱਕ ਦਿਨ ਵਿੱਚ ਨਹੀਂ ਰਚੇ ਗਏ। ਇਹਨਾਂ ਦੀ ਰਚਨਾ ਦੀਆਂ ਤਾਰੀਖਾਂ ਜਾਨਣ ਵਿੱਚ ਕੁਝ ਲੋਕਾਂ ਦੀ ਦਿਲਚਸਪੀ ਜ਼ਰੂਰ ਹੋ ਸਕਦੀ ਹੈ, ਪਰ ਇਹਨਾਂ ਦਾ ਭੈਅ ਹੈ ਕਿ ਜ਼ਿਆਦਾਤਰ ਇਤਿਹਾਸਕਾਰ ਇਤਿਹਾਸ ਨੂੰ ਹੋਰ ਅਧਿਕ ਵਿਆਪਕ ਪਰਿਪੇਖ ਵਿੱਚ ਵੇਖਣ ਅਤੇ ਸਮਝਣ ਵਿੱਚ ਜ਼ਿਆਦਾ ਰੁਚੀ ਲੈਣਗੇ।
ਇਸ ਵਿੱਚ ਕੁਝ ਇਸ ਤਰ੍ਹਾਂ ਦੇ ਅਧਿਐਨ ਸ਼ਾਮਲ ਹੋਣਗੇ : ਉੱਪ-ਮਹਾਂਦੀਪ ਦੇ ਵੱਖ-ਵੱਖ ਹਿੱਸਿਆਂ ਵਿੱਚ ਸਮਾਜ ਕਿਸ ਤਰ੍ਹਾਂ ਬਣੇ? ਸਮਾਂ ਅਤੇ ਸਦੀਆਂ ਬਦਲਣ ਨਾਲ ਉਹ ਕਿਸ ਤਰ੍ਹਾਂ ਵਿਕਸਤ ਹੋਏ? ਉਹਨਾਂ ਵਿੱਚ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਆਈਆਂ ਅਤੇ ਉੱਥੋਂ ਤੱਕ ਅਸੀਂ ਕਿਵੇਂ ਅਤੇ ਕਿਸ ਤਰ੍ਹਾਂ ਪਹੁੰਚੇ, ਜਿੱਥੇ ਅਸੀਂ ਅੱਜ ਹਾਂ? ਇਤਿਹਾਸ ਨੂੰ ਸਮਾਜਿਕ ਵਿਗਿਆਨ ਮੰਨ ਕੇ ਉਸ ਦਾ ਅਧਿਐਨ ਵੀ ਉਸੇ ਤਰ੍ਹਾਂ ਕੀਤਾ ਜਾਵੇ ਤਾਂ ਇਸ ਕੰਮ ਵਿੱਚ ਬਹੁਤ ਮਦਦ ਮਿਲ ਸਕਦੀ ਹੈ। ਇਤਿਹਾਸ ਦੀਆਂ ਘਟਨਾਵਾਂ ਅਤੇ ਵਿਅਕਤੀਤਵ, ਇਤਿਹਾਸ ਦੀ ਕਹਾਣੀ ਵਿੱਚ ਮਹੱਤਵਪੂਰਨ ਬਦਲਾਅ ਲਿਆ ਸਕਦੇ ਹਨ। ਭਾਰਤ ਦੇ ਇਤਿਹਾਸ ਸੰਬੰਧੀ ਖੋਜ ਨੂੰ ਸੀਮਤ ਨਹੀਂ ਕੀਤਾ ਜਾ ਸਕਦਾ। ਹੁਣ ਅਸੀਂ ਆਪਣੇ ਪ੍ਰਾਚੀਨ ਸਮਾਜ ਅਤੇ ਸੰਸਕ੍ਰਿਤੀਆਂ ਬਾਰੇ ਜ਼ਿਆਦਾ ਜਾਨਣਾ ਚਾਹੁੰਦੇ ਹਾਂ। ਇਸ ਜਾਣਕਾਰੀ ਦੇ ਵਿਸ਼ਲੇਸ਼ਣ ਲਈ ਨਵੇਂ-ਨਵੇਂ ਤਰੀਕੇ ਖੋਜੇ ਜਾ ਰਹੇ ਹਨ। ਇਹਨਾਂ ਵਿੱਚੋਂ ਕੁਝ ਤਾਂ ਇਤਿਹਾਸਕਾਰਾਂ ਅਤੇ ਹੋਰ ਸਮਾਜ ਵਿਗਿਆਨੀਆਂ ਦਰਮਿਆਨ ਚਰਚਾ ਵਿੱਚੋਂ ਈਜਾਦ ਹੁੰਦੇ ਹਨ। ਇਸ ਦਾ ਮਤਲਬ ਹੈ-ਇਤਿਹਾਸ ਦੇ ਪੰਨੇ ਪੜ੍ਹਨ ਲਈ ਵਰਤੇ ਗਏ ਸਰੋਤਾਂ ਤੱਕ ਆਪਣੀ ਬੌਧਿਕ ਸਮਝ ਦਾ ਵਿਸਥਾਰ ਕਰਨਾ, ਪਰ ਅਜਿਹਾ ਲੱਗਦਾ ਹੈ ਕਿ ਐੱਨ ਸੀ ਐੱਚ ਆਰ ਬੀਤੇ ਸਮੇਂ ਵਿੱਚ ਵਾਪਸ ਹੋ ਕੇ ਸਧਾਰਨ ਕਹਾਣੀਆਂ ਦੇ ਸਟੀਕ ਇਤਿਹਾਸ ਨੂੰ ਜਾਨਣ ਵੱਲ ਹੀ ਧਿਆਨ ਦੇਵੇਗੀ।
ਮਾਰਕਸਵਾਦੀ ਤਰੀਕਿਆਂ ’ਤੇ ਇਤਰਾਜ਼ : ਅਖਬਾਰਾਂ ਵਿੱਚ ਪ੍ਰਕਾਸ਼ਤ ਖਬਰਾਂ ਮੁਤਾਬਕ ਰਾਵ ਨੇ ਐੱਨ ਸੀ ਐੱਚ ਆਰ ਦੇ ਖੋਜ ਦੇ ਖੇਤਰ ਵਿੱਚ ਮਾਰਕਸਵਾਦੀ ਤਰੀਕਿਆਂ ਦੇ ਇਸਤੇਮਾਲ ’ਤੇ ਇਤਰਾਜ਼ ਪ੍ਰਗਟ ਕੀਤਾ ਹੈ। ਇਹ ਤਰੀਕੇ ਰਾਮਸ਼ਰਣ ਸ਼ਰਮਾ ਅਤੇ ਇਰਫਾਨ-ਹਬੀਬ ਦੇ ਪ੍ਰਧਾਨਗੀ ਸਮੇਂ ਵਿੱਚ ਲਾਗੂ ਕੀਤੇ ਗਏ ਸਨ। ਰਾਵ ਦੀ ਐੱਨ ਸੀ ਐੱਚ ਆਰ ਬਾਰੇ ਜਾਣਕਾਰੀ ਬਿਹਤਰ ਹੋਣੀ ਚਾਹੀਦੀ ਹੈ। ਆਖਿਰ ਪਹਿਲੀ ਭਾਜਪਾ ਸਰਕਾਰ (1999-2004) ਨੇ ਉਹਨਾਂ ਨੂੰ ਪ੍ਰੀਸ਼ਦ ਵਿੱਚ ਨਿਯੁਕਤ ਕੀਤਾ ਸੀ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਅਦਾਰੇ ਦੀ ਸਥਾਪਨਾ ਤੋਂ ਬਾਅਦ ਇਸ ਦੇ ਜ਼ਿਆਦਾਤਰ ਪ੍ਰਧਾਨ ਗ਼ੈਰ-ਮਾਰਕਸਵਾਦੀ ਰਹੇ ਹਨ, ਜਿਵੇਂ ਕਿ ਲੋਕੇਸ਼ ਚੰਦਰ, ਐੱਮ ਸ਼ੇਟਾਰ, ਐੱਮ ਜੀ ਐੱਮ ਨਰਾਇਨਣ ਅਤੇ ਹੋਰ ਵੀ ਕਈ। ਉਹ ਚਾਹੁੰਦੇ ਤਾਂ ਖੋਜ ਦੇ ਮਾਰਕਸਵਾਦੀ ਤਰੀਕਿਆਂ ਨੂੰ ਹਟਾ ਸਕਦੇ ਸੀ।
ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਜਿਸ ਇਤਿਹਾਸ ਨੂੰ ਹਿੰਦੂਵਾਦੀ ਵਿਚਾਰਧਾਰਾ ਦੇ ਲੋਕ ਮਾਰਕਸਵਾਦੀ ਕਹਿ ਕੇ ਨਕਾਰਦੇ ਹਨ, ਉਸ ’ਤੇ ਮੋਹਰ ਸਮਾਜ ਵਿਗਿਆਨ ਨੇ ਲਗਾਈ ਹੈ। ਇਤਿਹਾਸ ਨੂੰ ਸਮਝਣ ਵਿੱਚ ਮਾਰਕਸਵਾਦ ਦਾ ਮਹੱਤਵ ਹੈ। ਹਿੰਦੂਵਾਦੀ ਇਹ ਸਵੀਕਾਰ ਕਰਨਾ ਨਹੀਂ ਚਾਹੁੰਦੇ। ਉਹਨਾਂ ਨੂੰ ਇਹ ਜਾਣਕਾਰੀ ਹੀ ਨਹੀਂ ਕਿ ਇਤਿਹਾਸ ਵਿੱਚ ਮਾਰਕਸਵਾਦੀ ਨਜ਼ਰੀਆ ਕੀ ਹੁੰਦਾ ਹੈ। ਇਸ ਲਈ ਉਹ ਇਸ ਦਾ ਮਹੱਤਵ ਸਮਝ ਹੀ ਨਹੀਂ ਸਕਦੇ। ਉਹਨਾਂ ਲਈ ਮਾਰਕਸਵਾਦੀ ਦਾ ਮਤਲਬ-ਹਿੰਦੂਵਾਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲੇ ਲੋਕ ਹੁੰਦੇ ਹਨ।
ਇਤਿਹਾਸਕਾਰਾਂ ’ਤੇ ਸਿੱਧਾ ਹਮਲਾ : ਪਿਛਲੀ ਐੱਨ ਡੀ ਏ ਸਰਕਾਰ ਵਿੱਚ ਉਸ ਸਮੇਂ ਦੇ ਮਨੁੱਖੀ ਸਰੋਤ ਮੰਤਰੀ ਮੁਰਲੀ ਮਨੋਹਰ ਜੋਸ਼ੀ ਨੇ ਇਤਿਹਾਸਕਾਰਾਂ ’ਤੇ ਸਿੱਧਾ ਹਮਲਾ ਬੋਲਿਆ ਸੀ। ਇਹ ਹਮਲਾ ਦੋ ਤਰ੍ਹਾਂ ਦੇ ਇਤਿਹਾਸ ਲੇਖਣ ’ਤੇ ਕੀਤਾ ਗਿਆ ਸੀ। ਪਹਿਲਾ ਹਮਲਾ-1999 ਤੋਂ ਪਹਿਲਾਂ ਦੀਆਂ ਐੱਨ ਸੀ ਈ ਆਰ ਟੀ ਦੀਆਂ ਸਕੂਲੀ ਕਿਤਾਬਾਂ ਦੇ ਵਿਸ਼ੇ ਵਸਤੂ ਨੂੰ ਲੈ ਕੇ ਸੀ। ਦੂਸਰਾ ਐੱਨ ਸੀ ਐੱਚ ਆਰ ਦੇ ਟੂਵਾਰਡਜ਼ ਫਰੀਡਮ ਪ੍ਰਾਜੈਕਟ ਵਰਗੀਆਂ ਪ੍ਰਕਾਸ਼ਨ ਯੋਜਨਾਵਾਂ ਨੂੰ ਰੋਕਣ ਦੇ ਯਤਨ ਸਨ। ਮੌਜੂਦਾ ਮਨੁੱਖੀ ਸਰੋਤ ਮੰਤਰੀ ਨੂੰ ਦੁਖਾਂਤ ਹੈ ਕਿ ਸਕੂਲੀ ਪੱਧਰ ਤੋਂ ਅੱਗੇ ਦੇ ਵਿੱਦਿਅਕ ਸਤਰ ਅਤੇ ਖੋਜ ਦੀ ਜਾਣਕਾਰੀ ਹੀ ਨਹੀਂ ਹੈ। ਉਸ ਵੱਲੋਂ ਮਿਲ ਰਹੇ ਸੰਕੇਤਾਂ ਤੋਂ ਪਤਾ ਲੱਗਦਾ ਹੈ ਕਿ ਉਹ ਵੀ ਉਹੀ ਕੁਝ ਕਰਨ ਵਾਲੀ ਹੈ, ਜਿਸ ਲਈ ਉਸ ਨੂੰ ਬਹਾਲ ਕੀਤਾ ਗਿਆ ਹੈ। ਉਹ ਹੈ-ਭਾਜਪਾਈ ਵਿਚਾਰਧਾਰਾ ਵਾਲੇ ਇਤਿਹਾਸਕਾਰਾਂ ਨੂੰ ਫਿਰ ਤੋਂ ਮੌਕਾ ਦੇਣਾ ਅਤੇ ਉਹ ਖੁਦ ਵੀ ਇਸ ਲਈ ਕਮਰਕੱਸੇ ਕਰ ਰਹੇ ਹਨ। ਇਹ ਪੈਟਰਨ ਬਿਲਕੁੱਲ ਸਾਫ ਸਮਝ ਆ ਰਿਹਾ ਹੈ ਕਿ ਪੇਸ਼ੇਵਰ ਸੰਗਠਨਾਂ ਦੀ ਸਿਫਾਰਸ਼ ਨੂੰ ਦਰ-ਕਿਨਾਰ ਕਰਕੇ ਪੇਸ਼ੇਵਰ ਵਿਚਾਰਾਂ ਨੂੰ ਗੁਪਤ ਸੰਕੇਤਾਂ ਵਿੱਚ ਬਦਲਿਆ ਜਾ ਰਿਹਾ ਹੈ। ਨਿਆਂ ਪਾਲਿਕਾ ਵਰਗੇ ਮਹੱਤਵਪੂਰਨ ਖੇਤਰ ਵਿੱਚ ਵੀ ਅਜਿਹਾ ਹੋ ਚੁੱਕਾ ਹੈ। ਖਬਰ ਤਾਂ ਇਹ ਵੀ ਹੈ ਕਿ ਐੱਨ ਸੀ ਐੱਚ ਆਰ ਨੇ ਪ੍ਰਧਾਨ ਪਦ ਲਈ ਕੁਝ ਨਾਵਾਂ ਦੀ ਸੂਚੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੂੰ ਭੇਜੀ ਸੀ। ਇਸ ਸੂਚੀ ਵਿੱਚ ਉਹਨਾਂ ਇਤਿਹਾਸਕਾਰਾਂ ਦੇ ਵੀ ਨਾਂਅ ਸਨ, ਜਿਨ੍ਹਾਂ ਨੇ ਐੱਨ ਸੀ ਐੱਚ ਆਰ ਨੂੰ ਖੋਜ ਸੰਸਥਾਵਾਂ ਬਣਾਉਣ ਵਿੱਚ ਮਦਦ ਕੀਤੀ ਸੀ। ਸ਼ਾਇਦ ਉਸ ਸੂਚੀ ਨੂੰ ਮੰਤਰਾਲੇ ਨੇ ਸੋਚ-ਸਮਝ ਕੇ ਠਿਕਾਣੇ ਲਗਾ ਦਿੱਤਾ ਹੈ। ਇਸ ਤੋਂ ਬਾਅਦ ਅਚਾਨਕ ਹੀ ਇੱਕ ਅਣ-ਜਾਣਿਆ ਨਾਂਅ ਨਿਕਲ ਆਇਆ ਅਤੇ ਉਹ ਸ਼ਖਸ ਇਸ ਮਹੱਤਵਪੂਰਨ ਸੰਸਥਾ ਦਾ ਪ੍ਰਧਾਨ ਵੀ ਬਣ ਗਿਆ। ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਇਹ ਹਨੇਰੇ ਦਿਨਾਂ ਦੀ ਆਹਟ ਹੈ।