ਬਰਵਾਲਾ ਦੇ ਸਤਲੋਕ ਆਸ਼ਰਮ ’ਤੇ ਉਠੀਆਂ ਉਂਗਲਾਂ -ਇੰਦਰਜੀਤ ਸਿੰਘ
Posted on:- 03-12-2014
18 ਨਵੰਬਰ ਦੀਆਂ ਹਿੰਸਕ ਘਟਨਾਵਾਂ ਦੇ ਬਾਅਦ ਇਕ ਵਾਰ ਫਿਰ ਬਰਵਾਲਾ ਵਿਖੇ ਸੰਤ ਰਾਮਪਾਲ ਦਾ ਆਸ਼ਰਮ ਸੁਰਖੀਆਂ ਵਿਚ ਆ ਗਿਆ। ਕਈ ਦਿਨਾਂ ਤੱਕ ਪੁਲਿਸ ਅਤੇ ਆਸ਼ਰਮ ਦੇ ਚੇਲਿਆਂ ਵਿਚਕਾਰ ਜੋ ਤਣਾਅ ਚੱਲ ਰਿਹਾ ਸੀ, ਉਸ ਦੀਆਂ ਖ਼ਬਰਾਂ ਕਵਰ ਕਰਨ ਗਏ ਅਖ਼ਬਾਰ ਤੇ ਟੀਵੀ ਚੈਨਲਾਂ ਦੇ ਪੱਤਰਕਾਰਾਂ ’ਤੇ ਵੀ ਪੁਲਿਸ 18 ਨਵੰਬਰ ਨੂੰ ਡਾਂਗ ਵਾਹ ਕੇ ਆਪਣਾ ਗੁੱਸਾ ਕੱਢਿਆ। ਜਿਸ ਵਿਚ 1820 ਮੀਡੀਆਕਰਮੀਆਂ ਨੂੰ ਸੱਟਾਂ ਲੱਗੀਆਂ। ਉਨ੍ਹਾਂ ਦੇ ਮਹਿੰਗੇ ਕੈਮਰੇ ਤੋੜ ਦਿੱਤੇ ਗਏ। ਇਸ ਮੁਕਾਬਲੇ ਦੌਰਾਨ ਆਸ਼ਰਮ ਵਿਚ ਚਾਰ ਔਰਤਾਂ ਅਤੇ ਦੋ ਹੋਰ ਦੀ ਮੌਤ ਹੋ ਗਈ। ਅਖੌਤੀ ਬਾਬੇ ਰਾਮਪਾਲ ਦੁਆਰਾ ਚਲਾਏ ਜਾਂਦੇ ਆਸ਼ਰਮਾਂ ਨੂੰ ਲੈ ਕੇ ਪਹਿਲਾਂ ਵੀ ਹਿੰਸਕ ਟਕਰਾਅ ਹੁੰਦਾ ਰਿਹਾ ਹੈ।
ਮਈ 2013 ਵਿਚ ਰੋਹਤਕ ਜ਼ਿਲ੍ਹਾ ਦੇ ਕਰੌਥਾ ਵਿਖੇ ਸੰਤਲੋਕ ਆਸ਼ਰਮ ਵਿਚ ਅਜਿਹੇ ਹੀ ਇਕ ਹਿੰਸਕ ਮਾਮਲੇ ’ਚ ਪੁਲਿਸ ਫਾਇਰਿੰਗ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋਈ ਸੀ। ਸੰਨ 2006 ਵਿਚ ਇਸੇ ਆਸ਼ਰਮ ਵਿਚ ਆਰੀਆ ਸਮਾਜੀਆਂ ਅਤੇ ਰਾਮਪਾਲ ਦੇ ਸਮਰਥਕਾਂ ਵਿਚਕਾਰ ਲੜਾਈ ਹੋਈ ਸੀ। ਲੜਾਈ ਵਿਚ ਸਥਾਨਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।
ਕਈ ਦਿਨ ਤੱਕ ਚੱਲੀ ਨਾਟਕਬਾਜ਼ੀ ਦੇ ਬਾਅਦ ਆਖ਼ਿਰ ਰਾਮਪਾਲ ਨੂੰ ਪੁਲਿਸ ਅੱਗੇ ਆਤਮ ਸਮਰਪਣ ਕਰਨਾ ਪਿਆ। 14 ਏਕੜ ਵਿਚ ਫੈਲੇ ਸੰਤਲੋਕ ਆਸ਼ਰਮ ਦੀ ਤਲਾਸ਼ੀ ਦੌਰਾਨ ਦਰਜਨਾਂ ਬੰਦੂਕਾਂ, ਪਿਸਤੌਲ, ਬੰਬ, ਡਾਂਗਾਂ ਬਰਾਮਦ ਹੋਈਆਂ ਹਨ। ਰਾਮਪਾਲ ਤੇ ਉਸ ਦੇ ਸੈਂਕੜਿਆਂ ਦੀ ਗਿਣਤੀ ਵਿਚ ਚੇਲਿਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਪੁਲਿਸ ’ਤੇ ਛੱਤ ਤੋਂ ਗੋਲੀਆਂ ਚਲਾਈਆਂ ਅਤੇ ਇੱਟਾਂਪੱਥਰਾਂ ਦੀ ਬਰਸਾਤ ਵੀ ਕੀਤੀ ਸੀ। ਇਸ ਆਸ਼ਰਮ ’ਚੋਂ ਬੁਲਟ ਪਰੂਫ ਜੈਕਟਾਂ ਅਤੇ ਵੱਡੀਆਂ ਮਹਿੰਗੀਆਂ ਕਾਰਾਂ ਵੀ ਮਿਲੀਆਂ ਹਨ। ਸੰਤ ਕਬੀਰ ਦੇ ਨਾਂ ’ਤੇ ਚਲਾਏ ਜਾ ਰਹੇ ਇਸ ਪੰਥ ਵਿਚੋਂ ਹਥਿਆਰਾਂ ਦਾ ਵੱਡਾ ਜਖ਼ੀਰਾ ਅਤੇ ਵਿਲਾਸਤਾ ਦੇ ਸਾਧਨਾਂ ਦਾ ਮਿਲਣਾ ਆਮ ਆਦਮੀ ਦੀ ਸਮਝ ਤੋਂ ਕੋਹਾਂ ਦੂਰ ਹੈ। ਆਸ਼ਰਮ ਵਿਚ ਆਉਣਜਾਣ ਵਾਲੇ ਲੋਕ ਦੱਸਦੇ ਹਨ ਕਿ ਘਰੇਲੂ ਮੁਸੀਬਤਾਂ ਲਾਇਲਾਜ ਬਿਮਾਰੀਆਂ, ਅਪੰਗਤਾ ਤੋਂ ਜਿਹੜੇ ਸਾਧਾਰਨ ਨਿਮਨ ਵਰਗ ਦੁਖੀ ਹੁੰਦੇ ਸਨ, ਉਨ੍ਹਾਂ ਵਿਚ ਇਹ ਭਰਮ ਫੈਲਾਇਆ ਜਾਂਦਾ ਸੀ ਕਿ ਬਾਬੇ ਦੇ ਦਰਸ਼ਨ ਕਰਨ ਨਾਲ, ਪ੍ਰਵਚਨ ਸੁਣਨ ਅਤੇ ਆਸ਼ੀਰਵਾਦ ਨਾਲ ਸਾਰੇ ਦੁੱਖ ਛੂਮੰਤਰ ਹੋ ਜਾਣਗੇ। ਪਰ ਬਾਬੇ ਦੀ ਗਿ੍ਰਫ਼ਤਾਰੀ ’ਤੇ ਜਿਸ ਤਰ੍ਹਾਂ ਪੁਲਿਸ ਨੂੰ ਪਸੀਨਾ ਵਹਾਉਣਾ ਪਿਆ, ਇਸ ਨੂੰ ਦੇਖ ਕੇ ਹਰ ਆਦਮੀ ਦੰਦਾਂ ਥੱਲੇ ਜੀਭ ਲੈ ਲੈਂਦਾ ਹੈ।
ਧਰਮ ਦਾ ਸਹਾਰਾ ਲੈ ਕੇ ਅਜਿਹੀ ਅਖੌਤੀ ਗੁਰੂਆਂ, ਬਾਬਿਆਂ ਤੇ ਸਵਾਮੀਆਂ ਦੀਆਂ ਭੂਮਿਕਾਵਾਂ ’ਤੇ ਦੇਸ਼ ਵਿਚ ਉਂਗਲੀਆਂ ਉਠਣ ਲੱਗੀਆਂ ਹਨ ਅਤੇ ਮੀਡੀਆ ਦੇ ਕਰੀਬ ਹਰ ਚੈਨਲ ’ਤੇ ਵੱਖਵੱਖ ਧਰਮਾਂ ਦੇ ਵਿਦਵਾਨਾਂ ਨੂੰ ਲੈ ਕੇ ਤਕੜੀ ਬਹਿਸ ਹੋ ਰਹੀ ਹੈ। ਇਹ ਗੱਲ ਦਰੁਸਤ ਹੈ ਕਿ ਆਮ ਪੜ੍ਹੇਲਿਖੇ ਵਰਗ ਵਿਚ ਇਨ੍ਹਾਂ ਅਖੌਤੀ ਬਾਬਿਆਂ, ਡੇਰਿਆਂ ਅਤੇ ਆਸ਼ਰਮਾਂ ਬਾਰੇ ਤਰ੍ਹਾਂਤਰ੍ਹਾਂ ਦੇ ਸਵਾਲ ਮਨਾਂ ਵਿਚ ਉਠੇ ਹਨ।
ਸੋਨੀਪਤ ਜ਼ਿਲ੍ਹੇ ਦੇ ਧਨਾਨਾ ਪਿੰਡ ਨਾਲ ਸਬੰਧ ਰੱਖਣ ਵਾਲੇ ਰਾਮਪਾਲ ਪਹਿਲਾਂ ਹਰਿਆਣਾ ਦੇ ਸਿੰਚਾਈ ਵਿਭਾਗ ਵਿਚ ਡਿਪਲੋਮਾ ਹੋਲਡਰ ਇੰਜੀਨੀਅਰ ਸਨ। ਸੰਨ 2000 ਵਿਚ ਉਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਗਿਆ। 63 ਸਾਲਾ ਰਾਮਪਾਲ ਆਪਣੇੇ ਆਪ ਨੂੰ ਪ੍ਰਮਾਤਮਾ ਦਾ ਅਵਤਾਰ ਮੰਨਦਾ ਹੈ। ਆਸਥਾ ਚੈਨਲ ’ਤੇ ਪ੍ਰਵਚਨ ਕਰਦੇ ਨੂੰ ਦੇਖ ਕੇ ਜਾਗਰੂਕ ਲੋਕ ਸਮਝ ਸਕਦੇ ਹਨ ਕਿ ਰਾਮਪਾਲ ਇਕ ਆਮ ਬੁੱਧੀ ਵਾਲਾ ਆਦਮੀ ਹੈ। ਉਸ ਦਾ ਦਾਅਵਾ ਹੈ ਕਿ ਆਸ਼ਰਮ ਕਬੀਰ ਪੰਥ ਨਾਲ ਸਬੰਧਤ ਹੈ। ਪ੍ਰੰਤੂ ਉਸ ਦਾ ਭਗਤ ਕਬੀਰ ਦੇ ਮੌਲਿਕ ਦਰਸ਼ਨ ਨਾਲ ਅਤੇ ਉਸ ਦੀਆਂ ਸਿਖਿਆਵਾਂ ਨਾਲ ਦੂਰ ਦਾ ਵਾਸਤਾ ਵੀ ਨਹੀਂ ਲੱਗਦਾ। ਰਾਮਪਾਲ ਇਹ ਦਾਅਵੇ ਕਰਦਾ ਹੈ ਕਿ ਸੰਤ ਕਬੀਰ ਅਤੇ ਬਾਬਾ ਗੁਰੂ ਨਾਨਕ ਦੇਵ ਦੇ ਬਾਅਦ ਉਹ ਖੁਦ ਤੀਜੇ ਅਵਤਾਰ ਹਨ, ਜਿਨ੍ਹਾਂ ਨੂੰ ਮੁਕਤੀ ਮਾਰਗ ਦਾ ਗਿਆਨ ਪ੍ਰਾਪਤ ਹੈ। ਇਨ੍ਹਾਂ ਦਾਅਵਿਆਂ ਨੂੰ ਰਾਮਪਾਲ ਦੁਆਰਾ ਚਲਾਈ ਜਾ ਰਹੀ ਸੰਸਥਾ ਰਾਸ਼ਟਰੀ ਸਮਾਜ ਸੇਵਾ ਕਮੇਟੀ ਦੇ ਪ੍ਰਕਾਸ਼ਨਾ ’ਚ ਅਜਿਹੀਆਂ ਕਈ ਉਦਾਹਰਨਾਂ ਅਤੇ ਦਾਅਵੇ ਵੀ ਪੇਸ਼ ਕੀਤੇ ਗਏ ਹਨ। ਉਸ ਦਾ ਕਹਿਣਾ ਹੈ ਕਿ ਵਿਸ਼ਵ ਦੇ ਅਨੇਕਾਂ ਮੰਨੇਪ੍ਰਮੰਨੇ ਭਵਿੱਖਕਰਤਾਵਾਂ ਨੇ ਪਹਿਲਾਂ ਹੀ ਰਾਮਪਾਲ ਦੇ ਅਵਤਾਰਿਤ ਹੋਣ ਬਾਰੇ ਭਵਿੱਖਬਾਣੀਆਂ ਕੀਤੀਆਂ ਸਨ। ਉਹ ਬਾਲੀ ਤੇ ਮਰਦਾਨੇ ਦੀ ਜ਼ਿੰਦਗੀ ’ਤੇ ਆਧਾਰਤ ਜਨਮਸਾਖੀ ਦਾ ਹਵਾਲਾ ਦਿੰਦਾ ਹੋਇਆ ਦੱਸਦਾ ਹੈ ਕਿ ਸੰਤ ਪ੍ਰਹਿਲਾਦ ਨੇ ਗੁਰੂ ਨਾਨਕ ਦੇਵ ਜੀ ਨੁੂੰ ਦੱਸਿਆ ਸੀ ਕਿ ਭਾਰਤ ਵਿਚ ਪੰਜਾਬ ਦੇ ਬਟਾਲਾ ਵਿਚ ਕਬੀਰ ਤੇ ਨਾਨਕ ਦਾ ਉਤਰਾਧਿਕਾਰੀ ਪ੍ਰਮਾਤਮਾ ਪੈਦਾ ਹੋਵੇਗਾ, ਜੋ ਜੱਟ ਭਾਈਚਾਰੇ ’ਚੋਂ ਹੋਵਗਾ। ਅਸਲ ਵਿਚ ਬਟਾਲਾ ਗਲਤੀ ਨਾਲ ਛਪ ਗਿਆ, ਜਦੋਂ ਕਿ ਅਸਲ ਵਿਚ ਬਰਵਾਲਾ ਸੀ।
ਆਪਣੇ ਪ੍ਰਕਾਸ਼ਨਾ ਵਿਚ ਫਰਾਂਸ ਦੇ ਭਵਿੱਖਕਰਤਾ ਨਾਸਤਰਦੇਮਸ਼ ਦੀ ਭਵਿੱਖਬਾਣੀ ਬਾਰੇ ਵੀ ਉਨ੍ਹਾਂ ਦਾਅਵਾ ਕੀਤਾ ਹੈ। ਇਸੇ ਤਰ੍ਹਾਂ ਅਮਰੀਕਾ ਦੇ ਕਥਿਤ ਭਵਿੱਖਕਰਤਾ ਫਲੋਰੈਂਸ ਦਾ ਹਵਾਲਾ ਉਨ੍ਹਾਂ ਦਿੱਤਾ ਹੈ। ਰਾਮਪਾਲ ਨੇ ਕਿਹਾ ਕਿ ਉਹ ਬਾਈਬਲ ਅਤੇ ਕੁਰਾਨ ਨੂੰ ਵੀ ਬੜੀ ਡੂੰਘਾਈ ਨਾਲ ਸਮਝਦੇ ਹਨ, ਜਿੰਨਾ ਇਸ ਧਰਮ ਨੂੰ ਮੰਨਣ ਵਾਲੇ ਸੰਤ ਵੀ ਨਹੀਂ ਜਾਣਦੇ। ਰਾਮਪਾਲ ਆਸ਼ਰਮ ਤੋਂ ਪ੍ਰਕਾਸ਼ਿਤ ਸਾਹਿਤ ਵਿਚ ਆਰੀਆ ਸਮਾਜੀਆਂ ਦੇ ਮੁਖੀ ਸਵਾਮੀ ਦਿਆਨੰਦ ਦੇ ਆਚਰਣ ਬਾਰੇ ਨਿੰਦਾਜਨਕ ਟਿੱਪਣੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਨੂੰ ਤੰਬਾਕੂ ਤੇ ਭੰਗ ਪੀਣ ਵਾਲੇ ਨਸ਼ੇੜੀ ਤੇ ਭਗੌੜੇ ਦੇ ਤੌਰ ’ਤੇ ਪੇਸ਼ ਕੀਤਾ ਗਿਆ ਹੈ। ਅਜਿਹੀਆਂ ਹੋਸ਼ੀਆਂ ਕਰਤੂਤਾਂ ਕਰਕੇ ਰਾਮਪਾਲ ਕੀ ਹਾਸਲ ਕਰਨਾ ਚਾਹੁੰਦਾ ਹੈ। ਇਹ ਸਮਝ ਤੋਂ ਪਰ੍ਹੇ ਹੈ।
ਬੇਸ਼ੱਕ ਇਹ ਸੱਚ ਹੈ ਕਿ ਸਵਾਮੀ ਦਿਆਨੰਦ ਦੁਆਰਾ ਰਚੇ ਸਤਿਆਰਥ ਪ੍ਰਕਾਸ਼ ਵਿਚ ਬਾਬੇ ਨਾਨਕ, ਭਗਤ ਕਬੀਰ, ਦਾਦੂ ਪੰਥ, ਇਸਲਾਮ, ਜੈਨ ਆਦਿ ਧਰਮਾਂ ਦੀ ਰੱਜ ਕੇ ਆਲੋਚਨਾ ਕੀਤੀ ਗਈ ਸੀ। ਇਹ ਆਲੋਚਨਾ ਵੀ ਕੁੱਲ ਮਿਲਾ ਕੇ ਹੋਛੇ ਪੱਧਰ ਦੀ ਸੀ।
ਇੱਥੇ ਸਿਰਸਾ ਵਿਖੇ ਸਥਿਤ ਸੱਚਾ ਸੌਦਾ ਡੇਰੇ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ, ਕਿਉਂਕਿ ਹੁਣੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਬਾਬੇ ਅੱਗੇ ਗੋਡੇ ਰਗੜੇ ਅਤੇ ਬਾਬੇ ਦੇ ਚੇਲਿਆਂ ਨੇ ਭਾਜਪਾ ਨੂੰ ਕੁਰਸੀ ’ਤੇ ਬਿਠਾਉਣ ਵਿਚ ਤਕੜੀ ਭੂਮਿਕਾ ਨਿਭਾਈ। ਜਦ ਕਿ ਬਾਬਾ ਖੁਦ ਹੱਤਿਆ, ਬਲਾਤਕਾਰ ਦੇ ਕਈ ਮਾਮਲਿਆਂ ਵਿਚ ਪੇਸ਼ੀਆਂ ਭੁਗਤ ਰਿਹਾ ਹੈ। ਇਸ ਦੇ ਬਾਵਜੂਦ ਨਰੇਂਦਰ ਮੋਦੀ ਨੇ ਆਪਣੇ ਭਾਸ਼ਣ ਵਿਚ ਡੇਰਾਮੁਖੀ ਦੀ ਜੈਜੈਕਾਰ ਕਰਦੇ ਹੋਏ ਉਸ ਤੋਂ ਆਸ਼ੀਰਵਾਦ ਵੀ ਮੰਗਿਆ ਹੈ ਅਤੇ ਸਰਕਾਰ ਬਣਨ ਤੋਂ ਬਾਅਦ ਭਾਜਪਾ ਦੇ ਮੰਤਰੀ, ਵਿਧਾਇਕ ਅਤੇ ਇੱਥੋਂ ਤੱਕ ਸਪੀਕਰ ਵੀ ਡੇਰਾਮੁਖੀ ਦਾ ਧੰਨਵਾਦ ਕਰਨ ਗਏ।
ਇਸੇ ਤਰ੍ਹਾਂ ਯੋਗਾ ਗੁਰੂ ਬਾਬਾ ਰਾਮਦੇਵ ਨੇ ਆਪਣਾ ਬੜਾ ਵੱਡਾ ਸਾਮਰਾਜ ਖੜ੍ਹਾ ਕਰ ਲਿਆ ਹੈ ਅਤੇ ਰਾਸ਼ਟਰੀ ਸਵੈਮਾਨ ਮੰਚ ਬਣਾ ਕੇ ਸ਼ਰੇਆਮ ਸਾਰੇ ਦੇਸ਼ ਵਿਚ ਫਿਰਕਾਪ੍ਰਸਤੀ ਦੀ ਮੁਹਿੰਮ ਚਲਾਈ। ਹੁਣ ਰਾਮਦੇਵ ਨੂੰ ਮੋਦੀ ਸਰਕਾਰ ਵੱਲੋਂ ਜੈਡ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਹੈ। ਰਾਮਪਾਲ ਦੇ ਹਰਿਆਣਾ ਤੋਂ ਬਿਨਾਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਪੰਜਾਬ, ਹਿਮਾਚਲ, ਰਾਜਸਥਾਨ, ਯੂਪੀ, ਬਿਹਾਰ, ਝਾਰਖੰਡ ਅਤੇ ਨੇਪਾਲ ਵਿਚ ਲੱਖਾਂ ਚੇਲੇ ਹਨ।
ਮੱਧ ਪ੍ਰਦੇਸ਼ ਦੇ ਬੈਤੂਲ ਵਿਚ ਵੀ ਤਕਰੀਬਨ ਸੱਤਰ ਏਕੜ ਵਿਚ ਇਕ ਵੱਡਾ ਆਸ਼ਰਮ ਬਣ ਰਿਹਾ ਹੈ। ਜੇਕਰ ਇਨ੍ਹਾਂ ਹਿੰਸਕ ਘਟਨਾਵਾਂ ’ਤੇ ਸਰਸਰੀ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਹਰਿਆਣਾ ਸਰਕਾਰ ਅਤੇ ਆਸ਼ਰਮ ਪ੍ਰਬੰਧਕ ਦੋਨੋਂ ਹੀ ਦੋਸ਼ੀ ਹਨ। ਰਾਮਪਾਲ ਦੇ ਸੈਂਕੜੇ ਲਠਮਾਰ ਅਤੇ ਅਖੌਤੀ ਕਮਾਂਡੋ ਸ਼ਰ੍ਹੇਆਮ ਸ਼ਕਤੀ ਪ੍ਰਦਰਸ਼ਨ ਕਰਦੇ ਰਹੇ ਅਤੇ ਉਨ੍ਹਾਂ ਆਸ਼ਰਮ ਦੇ ਅੰਦਰ ਇਕੱਠੇ ਕੀਤੇ ਇਸ ਤੋਂ ਵੀ ਪਹਿਲਾਂ ਵੀ ਆਸ਼ਰਮ ਵਿਚ ਕੀ ਹੁੰਦਾ ਰਿਹਾ ਹੈ, ਇਸ ਦੇ ਬਾਰੇ ਪ੍ਰਸ਼ਾਸਨ ਨੂੰ ਕੋਈ ਸੂਹ ਨਹੀਂ ਸੀ। ਸਾਰੀਆਂ ਘਟਨਾਵਾਂ ਹੋਣ ਤੋਂ ਬਚ ਸਕਦੀਆਂ ਸਨ, ਜੇਕਰ ਪ੍ਰਸ਼ਾਸਨ ਬਣਦੀ ਕਾਰਵਾਈ ਕਰਦਾ। ਆਖ਼ਿਰ ਰਾਮਪਾਲ ਨੇ ਅਦਾਲਤ ਦੀ ਮਾਣਹਾਨੀ ਦੇ ਕੇਸ ਵਿਚ ਹਾਈ ਕੋਰਟ ਵਿਚ ਪੇਸ਼ ਨਾ ਹੋਣ ਦੀ ਜ਼ਿੱਦ ਕਿਉਂ ਕੀਤੀ, ਇਸ ਪਿੱਛੇ ਕੀ ਕਾਰਨ ਸੀ? ਮਾਣਹਾਨੀ ਦਾ ਕੇਸ ਉਦੋਂ ਬਣਿਆ ਜਦੋਂ ਪਿਛਲੀ 14 ਜੁਲਾਈ ਨੂੰ ਹਿਸਾਰ ਦੀ ਜ਼ਿਲ੍ਹਾ ਅਦਾਲਤ ਵਿਚ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਹੋਣ ਵਾਲੀ ਪੇਸ਼ੀ ਦੇ ਦੌਰਾਨ ਰਾਮਪਾਲ ਦੇ ਸੈਂਕੜੇ ਸਮਰਥਕਾਂ ਨੇ ਅਦਾਲਤ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਵਕੀਲਾਂ ਨਾਲ ਬਦਸਲੂਕੀ ਅਤੇ ਕੁੱਟਮਾਰ ਕੀਤੀ। ਇਸ ਦੇ ਵਿਰੁੱਧ 14 ਤੋਂ 21 ਜੁਲਾਈ ਦੇ ਦੌਰਾਨ ਵਕੀਲਾਂ ਨੇ ਹੜਤਾਲ ਕਰਕੇ ਹਾਈ ਕੋਰਟ ਵਿਚ ਇਸ ਦੀ ਸ਼ਿਕਾਇਤ ਵੀ ਕੀਤੀ ਸੀ। ਇਸ ਤੋਂ ਬਿਨਾਂ ਰਾਮਪਾਲ ’ਤੇ ਕਈ ਹੋਰ ਕੇਸ ਵੀ ਚੱਲ ਰਹੇ ਹਨ, ਜਿਨ੍ਹਾਂ ਵਿਚੋਂ ਉਹ ਜ਼ਮਾਨਤ ’ਤੇ ਹੈ। ਇਸ ਤੋਂ ਬਿਨਾਂ ਰੋਹਤਕ ਦੀ ਅਦਾਲਤ ਵਿਚ ਇਕ ਹੋਰ ਕੇਸ ਕਰੌਥਾ ਆਸ਼ਰਮ ਦੀ ਜ਼ਮੀਨ ਦੇ ਫਰਜ਼ੀਵਾੜੇ ਦਾ ਵੀ ਰਾਮਪਾਲ ’ਤੇ ਚੱਲ ਰਿਹਾ ਹੈ। ਪਰ ਇੱਥੇ ਇਕ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਜੇਕਰ ਰਾਮਪਾਲ ਹਾਈ ਕੋਰਟ ਵਿਚ ਤਲਬ ਕੀਤੇ ਜਾਣ ’ਤੇ ਪੇਸ਼ ਹੋ ਜਾਂਦਾ ਤਾਂ ਇਸ ਆਸ਼ਰਮ ਬਾਰੇ ਜੋ ਘਟਨਾਵਾਂ ਹੁਣ ਜੱਗ ਜਾਹਿਰ ਹੋਈਆਂ ਹਨ, ਉਸ ਦਾ ਕੀ ਹੁੰਦਾ?
ਇੱਥੇ ਮਤਲਬ ਸਾਫ਼ ਹੈ ਕਿ ਇਸ ਆਸ਼ਰਮ ਵਿਚ ਅਤੇ ਹੋਰਾਂ ਆਸ਼ਰਮਾਂ ਵਿਚ ਜੋ ਕੁਝ ਹੋ ਰਿਹਾ ਹੈ, ਕੀ ਉਹ ਸਾਰਾ ਕੁਝ ਠੀਕਠਾਕ ਹੈ ਅਤੇ ਜੇਕਰ ਨਹੀਂ ਤਾਂ ਇਸ ਪੂਰੇ ਗੋਰਖਧੰਦੇ ’ਤੇ ਵੱਡੀ ਬਹਿਸ ਕਿਉਂ ਨਹੀਂ ਹੋਣੀ ਚਾਹੀਦੀ। ਕੀ ਉਨ੍ਹਾਂ ਵਿਸ਼ਿਆਂ ਅਤੇ ਘਟਨਾਵਾਂ ’ਤੇ ਬਹਿਸ ਹੋ ਸਕਦੀ ਹੈ, ਜੋ ਮੀਡੀਆ ਚਾਹੁੰਦਾ ਹੈ। ਧਰਮ ਦੀ ਆੜ੍ਹ ਵਿਚ ਅਜਿਹੀਆਂ ਘਟਨਾਵਾਂ ਨੂੰ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਠਹਿਰਾਇਆ ਜਾ ਸਕਦਾ। ਹਰ ਸਾਲ ਦੁਸਹਿਰੇ ਦੇ ਮੌਕੇ ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਸ਼ਸ਼ਤਰ ਪੂਜਾ ਦੇ ਨਾਂ ’ਤੇ ਬੰਦੂਕਾਂ, ਤਲਵਾਰਾਂ, ਪਿਸਤੌਲਾਂ, ਲਾਠੀਆਂ ਆਦਿ ਦਾ ਜੋ ਖੁੱਲ੍ਹੇਆਮ ਜਨਤਕ ਪ੍ਰਦਰਸ਼ਨ ਕੀਤਾ ਜਾਂਦਾ ਅਤੇ ਉਹ ਹਥਿਆਰ ਵੀ ਆਰਐਸਐਸ ਦੇ ਦਫ਼ਤਰਾਂ ਵਿਚ ਰੱਖੇ ਜਾਂਦੇ ਹਨ। ਜਿੱਥੇ ਨਾ ਕੋਈ ਛਾਪਾ ਮਾਰਦਾ ਹੈ, ਨਾ ਹੀ ਮੀਡੀਆ ਇਸ ਨੂੰ ਲੈ ਕੇ ਕੋਈ ਟਿੱਪਣੀ ਕਰਦਾ ਹੈ। ਕਾਨੂੰਨ ਨੂੰ ਨਿਰਪੱਖ ਤੌਰ ’ਤੇ ਆਪਣਾ ਕੰਮ ਕਰਨਾ ਚਾਹੀਦਾ ਹੈ। ਧਰਮ ਤੇ ਰਾਜਨੀਤੀ ਦੇ ਰਲਗੱਡਪੁਣੇ ਨੂੰ ਰੋਕਣਾ ਜ਼ਰੂਰੀ ਹੈ। ਅੰਧਵਿਸ਼ਵਾਸ ਤੇ ਰੂੜੀਵਾਦ ਦੇ ਖ਼ਿਲਾਫ਼ ਇਕ ਤਕੜੇ ਸਮਾਜ ਸੁਧਾਰ ਅੰਦੋਲਨ ਛੇੜਨੇ ਜ਼ਰੂਰੀ ਹਨ। ਪ੍ਰਚਾਰ ਮਾਧਿਅਮ, ਸਿੱਖਿਆ ਸੰਸਥਾਵਾਂ, ਸਰਕਾਰੀ ਸੰਸਥਾਵਾਂ ’ਚ ਗੈਰਵਿਗਿਆਨਕ ਜਾਤੀਵਾਦ ਸੰਪ੍ਰਦਾਇਕ ਅਤੇ �ਿਗ ਭੇਦ ਦੇ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਅਜਿਹੀਆਂ ਜਨ ਸੰਪਰਕ ਮੁਹਿੰਮਾਂ ਦੁਆਰਾ ਹੀ ਆਮ ਆਦਮੀ ਨੂੰ ਧਰਮ ਅਤੇ ਆਸਥਾ ਦੇ ਨਾਮ ’ਤੇ ਚੱਲ ਰਹੇ ਧਾਰਮਿਕ ਗੋਰਖਧੰਦਿਆਂ ਨੂੰ ਰੋਕਿਆ ਜਾ ਸਕਦਾ ਹੈ।