ਸੰਘ ਦੀਆਂ ਵੱਧ ਰਹੀਆਂ ਸਰਗਰਮੀਆਂ ਕਾਰਨ ਪੰਜਾਬ ’ਚ ਭਾਰੀ ਸਿਆਸੀ ਹਲਚਲ -ਰਾਜਨ ਮਾਨ
Posted on:- 02-12-2014
ਕੇਂਦਰ ਵਿੱਚ ਭਾਜਪਾ ਦੀ ਨਿਰੋਲ ਸਰਕਾਰ ਬਣਨ ਤੋਂ ਬਾਅਦ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਵਲੋਂ ਹੁਣ ਪੰਜਾਬ ਵਿੱਚ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਜਾਣ ਕਾਰਨ ਪੰਜਾਬ ਦੀ ਸਿਆਸਤ ਵਿੱਚ ਇੱਕ ਨਵੀਂ ਹਲਚਲ ਮੱਚ ਗਈ ਹੈ।ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੀਆਂ ਰਾਜ ਵਿੰਚ ਵੱਧ ਰਹੀਆਂ ਗਤੀਵਿਧੀਆਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੋਹਾਂ ਨੂੰ ਬੇਚੈਨ ਕਰ ਦਿੱਤਾ ਹੈ । ਪੰਜਾਬ ਦੀਆਂ ਦੂਸਰੀਆਂ ਸਿੱਖ ਜਥੇਬੰਦੀਆਂ ਵਲੋਂ ਵੀ ਇਸਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਭਾਜਪਾ ਵਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਇਹ ਪੈਂਤੜਾ ਤਿਆਰ ਕੀਤਾ ਜਾ ਰਿਹਾ ਹੈ। ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਵਲੋਂ ਪੰਜਾਬ ਵਿੱਚ ਆਪਣਾ ਆਧਾਰ ਮਜ਼ਬੂਤ ਕਰਨ ਲਈ ਸਮਾਜ ਭਲਾਈ ਦੇ ਮਾਧਿਅਮ ਰਾਹੀਂ ਲੋਕਾਂ ਨਾਲ ਰਾਬਤਾ ਬਣਾਉਣ ਲਈ ਦੋ ਦਰਜਨ ਦੇ ਕਰੀਬ ਜਥੇਬੰਦੀਆਂ, ਜਿੰਨਾਂ ਵਿੱਚ ਧਾਰਮਿਕ ਡੇਰੇ ਞੀ ਸ਼ਾਮਿਲ ਹਨ ਦਾ ਸਹਾਰਾ ਲਿਆ ਜਾ ਰਿਹਾ ਹੈ।
ਪੰਜਾਬ ਵਿੱਚ ਚੱਲੀ ਅੱਤਵਾਦ ਦੀ ਹਨੇਰੀ ਤੋਂ ਬਾਅਦ ਪਹਿਲੀਵਾਰ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਵਲੋਂ ਇੰਨੇ ਵੱਡੇ ਪੱਧਰ ਤੇ ਪੰਜਾਬ ਵਿੱਚ ਆਪੇ ਪੈਰ ਪਸਾਰਣ ਲਈ ਯੋਜਨਾ ਬਣਾਈ ਗਈ ਹੈ। ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਤੁਰੰਤ ਬਾਅਦ ਹੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਵਲੋਂ ਮਾਨਸਾ ‘ਚ 20 ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ ਸੀ। ਸੰਘ ਮੁੱਖੀ ਮੋਹਨ ਭਾਗਵਤ ਨੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਨਾਲ ਵੀ ਬੰਦ ਕਮਰਾ ਮੁਲਾਕਾਤ ਕੀਤੀ ਸੀ। ਪਿਛਲੇ ਮਹੀਨੇ ਸੀਨੀਅਰ ਭਾਜਪਾ ਨੇਤਾ ਐਲ.ਕੇ. ਅਡਵਾਨੀ ਵੀ ਡੇਰਾ ਮੁਖੀ ਗੁਰਿੰਦਰ ਸਿੰਘ ਨੂੰ ਮਿਲਣ ਆਏ ਸਨ। ਇਸ ਤੋਂ ਬਾਅਦ ਸੰਘ ਵਲੋਂ ਪੰਜਾਬ ਦੇ ਹੋਰਨਾਂ ਖੇਤਰਾਂ ਵਿੱਚ ਵੀ ਕੈਂਪ ਲਗਾਏ ਗਏ। ਆਰਐਸਐਸ ਵਲੋਂ ਮਾਝੇ ਦੇ ਖੇਤਰ ਤਰਨ ਤਾਰਨ ਵਿੱਚ ਵੀ ਕੈਂਪ ਲਾਇਆ ਗਿਆ ਸੀ। ਸੰਘ ਵਲੋਂ ਸਰਹੱਦੀ ਖੇਤਰ ਵਿੱਚ ਆਪਣਾ ਆਧਾਰ ਬਣਾਉਣ ਲਈ ਪਿੰਡਾਂ ਵਿੱਚ ਭਰਤੀ ਸ਼ੁਰੂ ਕੀਤੀ ਗਈ ਹੈ। ਮਾਝਾ ਜਿਸਨੂੰ ਹਮੇਸ਼ਾਂ ਹੀ ਪੰਥਕ ਖੇਤਰ ਮੰਨਿਆ ਜਾਂਦਾ ਰਿਹਾ ਹੈ ਅੱਜ ਸੰਘ ਦੇ ਪ੍ਰਭਾਵ ਹੇਠ ਆਉਂਦਾ ਨਜ਼ਰ ਆ ਰਿਹਾ ਹੈ। ਸੂਤਰਾਂ ਅਨੁਸਾਰ ਸੰਘ ਵਲੋਂ ਮਾਝਾ ਖੇਤਰ ਵੱਲ ਜ਼ਿਆਦਾ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੀ ਸਿਆਸਤ ਵਿੱਚ ਹਮੇਸ਼ਾਂ ਹੀ ਮਾਝੇ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਸਿੱਖ ਸਰਗਰਮੀਆਂ ਦਾ ਗੜ੍ਹ ਵੀ ਇਹੀ ਖੇਤਰ ਹੈ।
ਸ਼੍ਰੋਮਣੀ ਅਕਾਲੀ ਦਲ ਜੋ ਹਮੇਸ਼ਾਂ ਹੀ ਪੰਥਕ ਹਣ ਦਾ ਦਾਅਵਾ ਕਰਕੇ ਸੱਤਾ ਤੇ ਕਾਬਜ਼ ਹੁੰਦਾ ਰਿਹਾ ਹੈ ਅੱਜ ਆਰਐਸਐਸ ਦੀਆਂ ਪੰਜਾਬ ਵਿੱਚ ਵੱਧ ਰਹੀਆਂ ਸਰਗਰਮੀਆਂ ਬਾਰੇ ਚੁੱਪ ਧਾਰੀ ਬੈਠਾ ਹੈ। ਅਕਾਲੀ ਦਲ ਸਿਰਫ ਸੱਤਾ ਦੀ ਸਾਂਝ ਕਾਰਨ ਮੂੰਹ ਨਹੀਂ ਖੋਲ ਰਿਹਾ। ਅੱਤਵਾਦ ਦੌਰਾਨ ਸਰਗਰਮੀਆਂ ਦਾ ਗੜ੍ਹ ਰਹੇ ਮਾਝਾ ਖੇਤਰ ਤੇ ਸੰਘ ਵਲੋਂ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੀ ਤਰਫੋਂ ਆਰਐਸਐਸ ਸਿਆਸੀ ਪਿੜ ਵਿੱਚ ਸਰਗਰਮ ਹੋ ਰਹੀ ਹੈ। ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਲੋਕਾਂ ਦੇ ਵੱਧ ਰਹੇ ਰੋਹ ਦਾ ਫਾਇਦਾ ਕਾਂਗਰਸ ਨਹੀਂ ਉਠਾ ਪਾ ਰਹੀ ਜਿਸ ਕਾਰਨ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਨੇ ਆਪਣੇ ਪੈਰ ਪਸਾਰਨੇ ਸ਼ੁਰ ਕਰ ਦਿੱਤੇ ਹਨ ਅਤੇ ਲੋਕ ਮੁੱਦਿਆਂ ਨੂੰ ਲੈ ਕੇ ਲੋਕਾਂ ਨੂੰ ਨਾਲ ਜੋੜਣ ਲਈ ਕਈ ਧਾਰਮਿਕ ਡੇਰਿਆਂ ਦਾ ਸਾਥ ਲਿਆ ਜਾ ਰਿਹਾ ਹੈ। ਪੰਜਾਬ ਵਿੱਚ ਇਸ ਸਮੇਂ ਲੋਕ ਨਸ਼ਿਆਂ ਦੀ ਮਾਰ ਤੋਂ ਬਹੁਤ ਪੀੜਤ ਹਨ ਅਤੇ ਆਰਐਸਐਸ ਇਸ ਮੁੱਦੇ ਤੇ ਜ਼ਿਆਦਾ ਧਿਆਨ ਦੇ ਰਹੀ ਹੈ। ਹਾਲ ਹੀ ਵਿੱਚ ਅਕਾਲੀ ਦਲ ਤੇ ਭਾਜਪਾ ਦੇ ਨੇਤਾਞਾਂ ਵਿੱਚਕਾਰ ਤੇਜ਼ ਹੋਈ ਜੰਗ ਨੇ ਇਹ ਸੰਕੇਤ ਦੇ ਦਿੱਤਾ ਹੈ ਕਿ ਭਾਜਪਾ ਤੇ ਅਕਾਲੀ ਦਲ ਵਿੱਚ ਹੁਣ ਤੋੜ ਵਿਛੋੜਾ ਹੋਣ ਞਾਲਾ ਹੈ। ਦੋਹਾਂ ਪਾਰਟੀਆਂ ਦੇ ਆਗੂਆਂ ਵਲੋਂ ਇੱਕ ਦੂਸਰੇ ਤੇ ਨਸ਼ਾ ਤਸਕਰੀ ਤੇ ਭਿ੍ਰਸ਼ਟਾਚਾਰ ਦੇ ਦੋਸ ਲਾਏ ਜਾ ਰਹੇ ਹਨ। ਪੰਜਾਬ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਭਾਜਪਾ ਨੇ ਸਮਾਜਿਕ ਸੰਸਥਾਵਾਂ ਰਾਹੀਂ ਲੋਕ ਰਾਬਤੇ ਦੀ ਆਪਣੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਆਰਐਸਐਸ ਦੇ ਮੁਖੀ ਮੋਹਨ ਭਾਗਵਤ ਇਸ ਸਾਲ ਹੁਣ ਤੱਕ ਚਾਰ ਵਾਰ ਪੰਜਾਬ ਦਾ ਦੌਰਾ ਕਰ ਚੁੱਕੇ ਹਨ।
ੳੂਧਰ ਆਰਐਸਐਸ ਦੇ ਅਹੁਦੇਦਾਰ ਦਾ ਕਹਿਣਾ ਹੈ ਕਿ ਫਿਰਕੂ ਸਦਭਾਵਨਾ ਕਾਇਮ ਰੱਖਣ ਅਤੇ ਸਮਾਜ ਭਲਾਈ ਦਾ ਕੰਮ ਜਾਰੀ ਰੱਖਣ ਦੇ ਮੰਤਵ ਨਾਲ ਹੀ ਇਹ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ।ਸੂਤਰਾਂ ਅਨੁਸਾਰ ਆਰਐਸਐਸ ਵਰਕਰਾਂ ਵੱਲੋਂ ਦਸਵੀਂ ਤੋਂ ਬਾਅਦ ਵਜ਼ੀਫਾ ਆਦਿ ਸਮਾਜ ਭਲਾਈ ਸਕੀਮਾਂ ਰਾਹੀਂ ਮਾਝਾ ਤੇ ਦੋਆਬਾ ਖੇਤਰ ਵਿੱਚ ਕੁਝ ਹੋਰ ਡੇਰਿਆਂ ਨਾਲ ਸਾਂਝ ਪਾ ਰਹੇ ਹਨ। ਆਰਐਸਐਸ ਵਲੋਂ ਪੰਜਾਬ ਦੇ ਉਨ੍ਹਾਂ ਖੇਤਰਾਂ ਵਿੱਚ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ ਜੋ ਇਸ ਸਮੇਂ ਨਸ਼ਿਆਂ ਅਤੇ ਬੇਕਾਰੀ ਦੀ ਮਾਰ ਹੇਠ ਆਏ ਹੋਏ ਹਨ। ਆਰਐਸਐਸ ਵਲੋਂ ਪੰਜਾਬ ਨੂੰ 6ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਮੁਹਾਲੀ, ਪਟਿਆਲਾ, ਫਤਹਿਗੜ੍ਹ ਸਾਹਿਬ, ਬਰਨਾਲਾ, ਬਠਿੰਡਾ ਅਤੇ ਮੋਗਾ ਵਿੱਚ ਆਰਐਸਐਸ ਦੀ ਨਵੀਂ ਪੈਂਠ ਜਮਾਈ ਜਾ ਰਹੀ ਹੈ। ਰਾਸ਼ਟਰੀ ਸਿੱਖ ਸੰਗਤ ਨੂੰ ਮੁੜ ਸਰਗਰਮ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਵਿਦਿਆਰਥੀ ਵਿੰਗ ਏਬੀਵੀਪੀ ਅਤੇ ਭਾਰਤੀ ਮਜ਼ਦੂਰ ਸੰਘ, ਸੇਵਾ ਭਾਰਤੀ ਅਤੇ ਭਾਰਤ ਵਿਕਾਸ ਪ੍ਰੀਸ਼ਦ ਜਿਹੀਆਂ ਜਥੇਬੰਦੀਆਂ ‘ਚ ਨਵੀਂ ਰੂਹ ਫੂਕਣ ਦੇ ਯਤਨ ਹੋ ਰਹੇ ਹਨ। ਇਸ ਵੇਲੇ ਪੰਜਾਬ ਵਿੱਚ ਆਰਐਸਐਸ ਦੀਆਂ 630 ਸ਼ਾਖਾਵਾਂ ਹਨ ਅਤੇ ਪੇਂਡੂ ਤੇ ਨੀਮ ਸ਼ਹਿਰੀ ਖੇਤਰਾਂ ਵਿੱਚ 200 ਹੋਰ ਸ਼ਾਖਾਵਾਂ ਕਾਇਮ ਕੀਤੀਆਂ ਜਾ ਰਹੀਆਂ ਹਨ। ਆਰਐਸਐਸ ਦੇ ਕੁਝ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਮੁਹਿੰਮ ਨੂੰ ਰਾਜ ਵਿੱਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਪੰਜਾਬ ਵਿੱਚ ਰਾਸ਼ਟਰੀ ਸੋਇਮਸੇਵਕ ਸੰਘ ਦੇਢਾਂਚੇ ਨੂੰ ਬ੍ਰਜ ਭੂਸ਼ਨ ਬੇਦੀ ਚਲਾ ਰਹੇ ਹਨ। ਪੰਜਾਬ ਵਿੱਚ ਸੰਘ ਨੂੰ ਸੱਤ ਵਿਭਾਗਾਂ ਵਿੱਚ ਵੰਡਿਆ ਗਿਆ ਹੈ ਜਿਸ ਵਿੱਚ ਪਟਿਆਲਾ ਵਿਭਾਗ (ਚੰਡੀਗੜ੍ਹ, ਮੁਹਾਲੀ, ਪਟਿਆਲਾ, ਰੋਪੜ ਤੇ ਫਤਹਿਗੜ੍ਹ ਸਾਹਿਬ); ਅੰਮਿ੍ਰਤਸਰ ਵਿਭਾਗ (ਗੁਰਦਾਸਪੁਰ, ਬਟਾਲਾ ਤੇ ਅੰਮਿ੍ਰਤਸਰ); ਬਠਿੰਡਾ ਵਿਭਾਗ (ਬਰਨਾਲਾ, ਬਠਿੰਡਾ ਤੇ ਮਾਨਸਾ); ਲੁਧਿਆਣਾ ਵਿਭਾਗ (ਮਾਲੇਰਕੋਟਲਾ, ਲੁਧਿਆਣਾ, ਸੰਗਰੂਰ ਤੇ ਮੋਗਾ); ਫਿਰੋਜ਼ਪੁਰ ਵਿਭਾਗ ਅਬੋਹਰ, ਫਿਰੋਜ਼ਪੁਰ, ਫਾਜ਼ਿਲਕਾ); ਪਠਾਨਕੋਟ ਵਿਭਾਗ।ਸੰਘ ਵਲੋਂ ਇੱਨੇ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਸਰਗਰਮੀਆਂ ਨੇ ਪੰਜਾਬ ਦੀ ਸਿਆਸਤ ਵਿੱਚ ਪੂਰੀ ਖਲਬਲੀ ਮਚਾਈ ਹੋਈ ਹੈ।
ਭਾਜਪਾ ਤੇ ਅਕਾਲੀ ਦਲ ਵਿੱਚ ਵੱਧ ਰਹੀਆਂ ਦਰਾੜਾਂ ਕਾਰਨ ਹੀ ਭਾਜਪਾ ਨੇ ਹੁਣ ਪੰਜਾਬ ਵਿੱਚ ਦਲਿਤ ਵੋਟ ਬੈਂਕ ਨੂੰ ਨਾਲ ਜੋੜਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੁਸ਼ਿਆਰਪੁਰ ਸੀਟ ਤੋਂ ਵਿਜੇ ਸਾਂਪਲਾ ਅਤੇ ਭਾਜਪਾ ਦੀ ਪੰਜਾਬ ਇਕਾਈ ਦੇ ਮਾਮਲਿਆਂ ਦੇ ਇੰਚਾਰਜ ਤੇ ਆਗਰਾ ਤੋਂ ਐਮ.ਪੀ. ਰਾਮ ਸੁੰਦਰ ਕਥੇਰੀਆ (ਦੋਵੇਂ ਦਲਿਤ ਆਗੂ) ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਪੰਜਾਬ ਦੀ ਲਗਪਗ 31.9 ਫੀਸਦੀ ਦਲਿਤ ਆਬਾਦੀ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਤੇ ਅਕਾਲੀ ਦਲ ਦੀ ਲੜਾਈ ਹੁਣ ਪੂਰੀ ਤਰ੍ਹਾਂ ਜੱਗ ਜ਼ਾਹਰ ਹੋ ਚੁੱਕੀ ਹੈ।