Wed, 30 October 2024
Your Visitor Number :-   7238304
SuhisaverSuhisaver Suhisaver

ਔਰਤ ਤੇ ਮਰਦ ਦੇ ਆਪਸੀ ਝਗੜੇ ਅਤੇ ਖਪਤਕਾਰੀ ਸੱਭਿਆਚਾਰ -ਡਾ. ਸਵਰਾਜ ਸਿੰਘ

Posted on:- 02-12-2014

suhisaver

ਹੁਣੇ-ਹੁਣੇ ਕੈਨੇਡਾ ਵਿਚ ਪੰਜਾਬੀ ਭਾਈਚਾਰੇ ਵਿਚ ਤਿੰਨ ਬਹੁਤ ਦੁਖਦਾਈ ਘਟਨਾਵਾਂ ਵਾਪਰੀਆਂ। ਇਨ੍ਹਾਂ ਤਿੰਨਾਂ ਘਟਨਾਵਾਂ ਵਿਚ ਤਿੰਨ ਪੰਜਾਬੀ ਬਜ਼ੁਰਗਾਂ ਨੇ ਜਿਨ੍ਹਾਂ ਦੀਆਂ ਪਤਨੀਆਂ ਦੀ ਉਮਰ ਵੀ ਲਗਭਗ ਉਨ੍ਹਾਂ ਵਰਗੀ ਹੀ ਸੀ। (ਸੱਠਵਿਆਂ ਵਿਚ), ਨੂੰ ਕਤਲ ਕਰ ਦਿੱਤਾ। ਭਾਵੇਂ ਕਿ ਪਹਿਲਾਂ ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿਚ ਕਈ ਅਜਿਹੀਆਂ ਘਟਨਾਵਾਂ ਵਾਰਪੀਆਂ ਹਨ, ਜਿਨ੍ਹਾਂ ਵਿਚ ਪਤੀ ਨੇ ਪਤਨੀ ਦਾ ਕਤਲ ਕਰ ਦਿੱਤਾ ਪਰ ਇਹ ਘਟਨਾਵਾਂ ਆਮ ਤੌਰ ’ਤੇ ਜਵਾਨ ਪਤੀ-ਪਤਨੀਆਂ ਵਿਚ ਵਾਪਰੀਆਂ ਹਨ। ਪੰਜਾਬੀ ਲੋਕ ਵੀ ਹੈਰਾਨ ਹਨ ਅਤੇ ਸਰਾਕਰੀ ਏਜੰਸੀਆਂ ਵੀ ਇਹ ਮਹਿਸੂਸ ਕਰ ਰਹੀਆਂ ਹਨ ਕਿ ਕਿਤੇ ਇਸ ਪ੍ਰੋੜ ਉਮਰ ਵਿਚ ਅਜਿਹਾ ਹੋਇਆ ਹੈ।

ਪੱਛਮੀ ਦੇਸ਼ਾਂ ਵਿਚ ਹੋਰ ਦੇਸ਼ਾਂ ਵਿਚ ਜਿੱਥੇ ਹੁਣ ਪੱਛਮੀ ਢੰਗ ਦਾ ਜੀਵਨ ਪ੍ਰਦੂਸ਼ਿਤ ਹੋ ਚੁੱਕਾ ਹੈ। ਔਰਤ ਦੇ ਮਰਦ ਦੇ ਰਿਸ਼ਤਿਆਂ ਵਿਚ ਬੁਨਿਆਦੀ ਤਬਦੀਲੀ ਆ ਗਈ ਹੈ। ਔਰਤਾਂ ਮਰਦਾਂ ਵਿਚ ਇਸ ਤਰ੍ਹਾਂ ਦੀ ਭਾਵਨਾ ਪੈਦਾ ਹੋ ਗਈ ਹੈ ਕਿ ਉਹ ਇਕ ਦੂਜੇ ਦੇ ਵਿਰੋਧੀ ਹਨ। ਅਮਰੀਕਾ ਤੇ ਕੈਨੇਡਾ ਵਿਚ ਕਈ ਮਰਦਾਂ ਨੇ ਮੇਰੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਉਥੇ ਜਾ ਕੇ ਔਰਤਾਂ ਦਾ ਰਵੱਈਆ ਬਦਲ ਗਿਆ ਹੈ ਅਤੇ ਉਹ ਉਨ੍ਹਾਂ ਦੀ ਗੱਲ ਨਹੀਂ ਸੁਣਦੀਆਂ, ਆਪਣੀ ਮਨਮਾਨੀ ਕਰਦੀਆਂ ਹਨ ਜਾਂ ਫਿਰ ਜੋਰ ਨਾਲ ਉਨ੍ਹਾਂ ਤੋਂ ਆਪਣੀ ਗੱਲ ਮਨਵਾਉਂਦੀਆਂ ਹਨ। ਕਾਫ਼ੀ ਸਾਲ ਪਹਿਲਾਂ ਜਦੋਂ ਅਸੀਂ ਨਿਊਯਾਰਕ ਸ਼ਹਿਰ ਦੇ ਨੇੜੇ ਰਹਿ ਰਹੇ ਸੀ ਤਾਂ ਸਾਡੇ ਗੁਆਂਢੀ ਇਕ ਭਾਰਤੀ ਪਰਿਵਾਰ ਦੇ ਮਰਦ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ, ਇਸ ਤੋਂ ਪਹਿਲਾਂ ਮੈਂ ਉਸ ਨਾਲ ਕਦੇ ਗੱਲ ਨਹੀਂ ਕੀਤੀ ਸੀ।

ਅਸੀਂ ਨਵੇਂ-ਨਵੇਂ ਉਥੇ ਆਏ ਸੀ। ਉਸ ਨੇ ਕਿਹਾ ਕਿ ਮੈਂ ਆਪਣੀ ਔਰਤ ਤੋਂ ਬਹੁਤ ਦੁਖੀ ਹਾਂ, ਅਮਰੀਕਾ ਆਉਣ ਤੋਂ ਬਾਅਦ ਇਹ ਔਰਤ ਬਿਲਕੁਲ ਬਦਲ ਗਈ ਹੈ। ਮੇਰੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਮੇਰਾ ਇਕ ਲੜਕਾ ਹੈ ਉਹ ਵੀ ਆਪਣੀ ਮਾਂ ਦੀ ਸਾਈਡ ਜਾਂਦਾ ਹੈ । ਮੈਂ ਇਕੱਲਾ ਮਹਿਸੂਸ ਕਰਦਾ ਹਾਂ। ਮੇਰਾ ਜੀਅ ਕਰਦਾ ਹੈ ਕਿ ਮੈਂ ਵਾਪਸ ਭਾਰਤ ਚਲਾ ਜਾਵਾਂ। ਮੈਂ ਸੋਚਿਆ ਕਿ ਇਹ ਆਦਮੀ ਸੱਚਮੁੱਚ ਬਹੁਤ ਦੁਖੀ ਹੋਵੇਗਾ, ਕਿਉਂਕਿ ਮੇਰੇ ਨਾਲ ਕੋਈ ਉਸ ਦੀ ਜਾਣ-ਪਹਿਚਾਣ ਨਹੀਂ ਇਹ ਪਹਿਲੀ ਨਾ ਹੀ ਮੇਰੇ ਨਾਲ ਗੱਲਬਾਤ ਕਰ ਰਿਹਾ ਹੈ। ਪਰ ਇਹ ਮੈਨੂੰ ਆਪਣੇ ਨਿੱਜੀ ਤੇ ਪਰਿਵਾਰਕ ਮਸਲੇ ਦੱਸ ਰਿਹਾ ਹੈ, ਫਿਰ ਅਸੀਂ ਸਿਆਟਲ ਦੇ ਨੇੜੇ ਚਲੇ ਗਏ ਅਤੇ ਕੈਨੇਡਾ ਦੇ ਸ਼ਹਿਰ ਵੈਨਕੂਵਰ ਜੋ ਕਿ ਉਥੋਂ ਬਹੁਤ ਨੇੜੇ ਹੈ, ਅਕਸਰ ਆਉਣ-ਜਾਣ ਲੱਗ ਪਏ। ਬਹੁਤ ਸਾਰੇ ਮਰਦਾਂ ਤੋਂ ਉਥੇ ਵੀ ਅਜਿਹੀਆਂ ਹੀ ਗੱਲਾਂ ਸੁਣਨੀਆਂ ਪਈਆਂ।

ਮੈਨੂੰ ਬਹੁਤ ਹੈਰਾਨੀ ਹੋਈ ਕਿ ਬਿਲਕੁਲ ਅਜਿਹੀਆਂ ਗੱਲਾਂ ਹੁਣ ਪਟਿਆਲੇ ਵਿਚ ਸੁਣਨੀਆਂ ਪੈ ਰਹੀਆਂ ਹਨ। ਇਕ ਆਦਮੀ ਜਿਸ ਨੂੰ ਮੈਂ ਜ਼ਿੰਦਗੀ ਵਿਚ ਪਹਿਲੀ ਵਾਰੀ ਮਿਲਿਆ, ਨੇ ਮੈਨੂੰ ਆਪਣੀ ਦਰਦ ਕਹਾਣੀ ਸੁਣਾਈ ਕਿ ਕਿਵੇਂ ਉਸ ਦੀ ਪਤਨੀ ਉਸ ਨਾਲ ਬਹੁਤ ਮਾੜਾ ਵਰਤਾਅ ਕਰਦੀ ਸੀ। ਆਖ਼ਰ ਉਨ੍ਹਾਂ ਦਾ ਤਲਾਕ ਹੋ ਗਿਆ ਪਰ ਤਲਾਕ ਵੇਲੇ ਉਸ ਦੀ ਪਤਨੀ ਤੇ ਉਸ ਦੇ ਮਾਪਿਆਂ ਨੇ ਉਸ ਨੂੰ ਮਾਨਸਿਕ ਤੇ ਆਰਥਿਕ ਤੌਰ ’ਤੇ ਬਹੁਤ ਪ੍ਰੇਸ਼ਾਨ ਕਰਨ ਕੀਤਾ। ਤਲਾਕ ਹੋਣ ਤੋਂ ਬਾਅਦ ਵੀ ਉਸ ਦੀ ਸਾਬਕਾ ਪਤਨੀ ਅਤੇ ਉਸ ਦੇ ਮਾਪੇ ਉਸ ਨੂੰ ਪ੍ਰੇਸ਼ਾਨ ਕਰਨ ਦਾ ਕੋਈ ਮੌਕਾ ਨਹੀਂ ਗੁਆਂਦੇ। ਹੈਰਾਨੀ ਦੀ ਗੱਲ ਹੈ ਕਿ ਅਜਿਹੀਆਂ ਭਾਵਨਾਵਾਂ ਦਾ ਪ੍ਰਗਟਾਵਾ ਸਮਾਜ ਦੇ ਹਰ ਵਰਗ ਦੇ ਪਿਛੋਕੜ ਵਾਲੇ ਮਰਦ ਕਰ ਰਹੇ ਹਨ, ਗਰੀਬ, ਮੱਧ ਵਰਗ ਅਤੇ ਅਮੀਰ ਇਸੇ ਤਰ੍ਹਾਂ ਅਜਿਹੀਆਂ ਭਾਵਨਾਵਾਂ ਦਾ ਪ੍ਰਗਟਾਵਾ ਵੱਖ-ਵੱਖ ਵਿਚਾਰਧਾਰਾਵਾਂ ਵਾਲੇ ਮਰਦਾਂ ਤੋਂ ਹੋ ਰਿਹਾ ਹੈ। ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਮਰਦ ਜਾਂ ਉਨ੍ਹਾਂ ਵੱਲ ਝੁਕਾਅ ਰੱਖਣ ਵਾਲੇ ਮਰਦ ਅਜਿਹੀਆਂ ਭਾਵਨਾਵਾਂ ਪ੍ਰਗਟ ਕਰਦੇ ਦੇਖੇ। ਪੰਜਾਬੀ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ, ਜੋ ਕਿ ਖੱਬੇਪੱਖੀ ਵਿਚਾਰਾਂ ਦੇ ਧਾਰਨੀ ਸਮਝੇ ਜਾਂਦੇ ਹਨ, ਨੇ ਮੈਨੂੰ ਕਿਹਾ ਕਿ ਅੱਜ-ਕੱਲ੍ਹ ਕੁੜੀਆਂ ਦਾ ਨਜ਼ਰੀਆ ਅਤੇ ਵਤੀਰਾ ਬਹੁਤ ਬਦਲ ਗਿਆ ਹੈ। ਸਾਨੂੰ ਬਹੁਤ ਚੇਤੰਨ ਰਹਿਣ ਦੀ ਲੋੜ ਹੈ। ਜਿਵੇਂ ਥੋੜ੍ਹੇ ਅਵੇਸਲੇ ਹੋਣ ਨਾਲ ਇਹ ਸਾਡੇ ਲਈ ਵੱਡੀ ਸਮੱਸਿਆ ਖੜ੍ਹੀ ਕਰ ਸਕਦੀਆਂ ਹਨ। ਪਿੱਛੇ ਜਿਹੇ ਪਟਿਆਲੇ ਵਿਚ ਇਕ ਸੰਸਥਾ ਨੇ ਅੰਤਰਾਰਸ਼ਟਰੀ ਪੁਰਸ਼ ਦਿਵਸ ਮਨਾਇਆ। ਸੰਸਥਾ ਦੇ ਕੁਝ ਮੈਂਬਰ ਮੁੱਖ ਮਹਿਮਾਨ ਬਣਨ ਲਈ ਮੈਨੂੰ ਕਹਿਣ ਸਾਡੇ ਘਰ ਆਏ। ਇਹ ਜ਼ਿਆਦਾਤਰ ਮੱਧ ਵਰਗ ਦੇ ਪਿਛੋਕੜ ਦੇ ਮਰਦ ਸਨ। ਕਹਿਣ ਲੱਗੇ ਕਿ ਅੱਜ-ਕੱਲ੍ਹ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਮਰਦਾਂ ਨਾਲ ਮਾੜਾ ਸਲੂਕ ਕਰਦੇ ਹਨ ਅਤੇ ਕਾਨੂੰਨ ਵਿਵਸਥਾ ਵੀ ਉਨ੍ਹਾਂ ਦਾ ਸਾਥ ਦਿੰਦੀ ਹੈ। ਭਾਵੇਂ ਕਿ ਜ਼ਿਆਦਾਤਰ ਅਜਿਹੀਆਂ ਗੱਲਾਂ ਮੱਧ ਵਰਗ ਅਤੇ ਉਪਰਲੇ ਵਰਗ ਤੋਂ ਸੁਣੀਆਂ ਜਾਦੀਆਂ ਹਨ, ਪਰ ਗਰੀਬ ਅਤੇ ਹੇਠਲੇ ਵਰਗਾਂ ਵਿਚ ਵੀ ਬਦਲਾਅ ਨਜ਼ਰ ਆ ਰਿਹਾ ਹੈ। ਸਾਡੇ ਗੁਆਂਢ ਵਿਚ ਇਕ ਘਰੇਲੂ ਕੰਮ ਕਰਨ ਵਾਲੀ ਮਾਈ ਨੇ ਕਿਹਾ ਕਿ ਮੈਂ ਆਪਣੇ ਮੁੰਡੇ ਨੂੰ ਬਹੁਤ ਸਮਝਾਇਆ ਕਿ ਆਪਣੀ ਔਰਤ ਨੂੰ ਨਾ ਕੁੱਟੀਂ, ਪਰ ਇਹ ਨਹੀਂ ਮੰਨਿਆ। ਔਰਤ ਨੇ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ, ਨਾਲੇ ਉਨ੍ਹਾਂ ਨੇ ਕੁਟਾਪਾ ਚਾੜ੍ਹਿਆ ਅਤੇ ਨਾਲੇ ਅੰਦਰ ਕਰ ਦਿੱਤਾ। ਬਹੁਤ ਮੁਸ਼ਕਲ ਨਾਲ ਛੁਡਾਇਆ, ਹੁਣ ਉਹ ਛੱਡ ਕੇ ਚਲੀ ਗਈ ਹੈ। ਹੁਣ ਮਾਂ ਦੀਆਂ ਮਿੰਨਤਾ ਕਰ ਰਿਹਾ ਹੈ ਕਿ ਮਨਾ ਕੇ ਲਿਆ।

ਭਾਵੇਂ ਪੱਛਮੀ ਸਮਾਜ ਸੀ ਜਾਂ ਹੁਣ ਪੱਛਮੀ ਜੀਵਨ ਢੰਗ ਅਪਣਾਉਣ ਵਾਲਾ ਭਾਰਤ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਰਮਾਏਦਾਰੀ ਜਾਣਬੁੱਝ ਕੇ ਔਰਤਾਂ ਨੂੰ ਮਰਦਾਂ ਵਿਰੁੱਧ ਚੁੱਕ ਰਹੀ ਹੈ। ਆਖ਼ਰ ਸਰਮਾਏਦਾਰੀ ਅਜਿਹਾ ਕਿਉਂ ਕਰਨਾ ਚਾਹੁੰਦੀ ਹੈ? ਸਰਮਾਏਦਾਰੀ ਮਨੁੱਖ ਦੀ ਹੋਂਦ ਨੂੰ ਸਿਰਫ਼ ਖਪਤਕਾਰ ਤੱਕ ਹੀ ਸੀਮਤ ਕਰਨਾ ਚਾਹੁੰਦੀ ਹੈ। ਆਪਣੇ ਇਸ ਮੰਤਵ ਨੂੰ ਪੂਰਾ ਕਰਨ ਵਿਚ ਉਸ ਨੂੰ ਦੋ ਰੁਕਾਵਟਾਂ ਨਜ਼ਰ ਆਉਂਦੀਆਂ ਹਨ। ਪਹਿਲੀ ਕੁਦਰਤ ਅਤੇ ਦੂਜਾ ਪਰਿਵਾਰ। ਇਹ ਦੋਵੇਂ ਸਰਮਾਏਦਾਰੀ ਦੀ ਅਮਾਨਵੀਕਰਨ ਦੀ ਪ੍ਰਕਿਰਿਆ ਵਿਚ ਰੁਕਾਵਟ ਪਾਉਂਦੇ ਹਨ। ਕੁਦਰਤ ਅਤੇ ਪਰਿਵਾਰ ਨਾਲ ਜੁੜਿਆ ਮਨੁੱਖ ਪੂਰਾ ਖਪਤਕਾਰ ਨਹੀਂ ਬਣ ਸਕਦਾ। ਉਸ ਵਿਚ ਕੁਝ ਮਨੁੱਖੀ ਤੱਤ ਬਚੇ ਰਹਿੰਦੇ ਹਨ। ਇਸ ਲਈ ਮਨੁੱਖ ਨੂੰ ਕੁਦਰਤ ਦੇ ਪਰਿਵਾਰ ਨਾਲੋਂ ਤੋੜਨ ਲਈ ਸਰਮਾਏਦਾਰੀ ਉਸ ਨੂੰ ਕੁਦਰਤ ਦੇ ਵਿਰੋਧ ਵਿਚ ਖੜ੍ਹਾ ਕਰਦੀ ਹੈ ਅਤੇ ਔਰਤ ਨੂੰ ਮਰਦ ਦੇ ਵਿਰੋਧ ਵਿਚ ਖੜ੍ਹਾ ਕਰਦੀ ਹੈ। ਇਹ ਦੋਵੇਂ ਭਾਵਨਾਵਾਂ ਸੁਤੇ-ਸਿਧ ਪੈਦਾ ਨਹੀਂ ਹੁੰਦੀਆਂ, ਸਗੋਂ ਸਰਮਾਏਦਾਰੀ ਸੁਚੇਤ ਤੌਰ ’ਤੇ ਅਜਿਹੀਆਂ ਭਾਵਨਾਵਾਂ ਉਕਸਾਉਂਦੀ ਹੈ। ਕੁਦਰਤ ਨੇ ਔਰਤ ਦੇ ਮਰਦ ਦਾ ਰਿਸ਼ਤਾ ਆਪਸੀ ਵਿਰੋਧ ਵਾਲਾ ਨਹੀਂ, ਸਗੋਂ ਇਕ ਦੂਜੇ ਦੇ ਪੂਰਕ ਵਜੋਂ ਬਣਾਇਆ ਹੈ। ਦੋਵੇਂ ਮਿਲ ਕੇ ਇਕ ਮੁਕੰਮਲ ਇਕਾਈ ਬਣਦੇ ਹਨ। ਇਸ ਲਈ ਔਰਤ ਤੋਂ ਬਿਨਾਂ ਮਰਦ ਅਧੂਰਾ ਹੈ ਅਤੇ ਮਰਦ ਤੋਂ ਔਰਤ ਅਧੂਰੀ ਹੈ। ਸਰਮਾਏਦਾਰੀ ਔਰਤਾਂ ਵਿਚ ਇਹ ਭਾਵਨਾ ਪੈਦਾ ਕਰਦੀ ਹੈ ਕਿ ਉਨ੍ਹਾਂ ਨਾਲ ਜੋ ਮਾੜਾ ਹੋ ਰਿਹਾ ਹੈ, ਉਸ ਲਈ ਸਰਮਾਏਦਾਰੀ ਵਿਵਸਥਾ ਨਹੀਂ, ਸਗੋਂ ਮਰਦ ਜ਼ਿੰਮੇਵਾਰ ਹਨ। ਅਜਿਹੀ ਭਾਵਨਾ ਜਗਾਉਣ ਲਈ ਸਰਮਾੲੈਦਾਰੀ ਆਪਣੇ ਆਪ ਨੂੰ ਔਰਤਾਂ ਦੀ ਹਮਦਰਦ ਵਜੋਂ ਪੇਸ਼ ਕਰਦੀ ਹੈ, ਜਦੋਂ ਕਿ ਸਚਾਈ ਇਹ ਹੈ ਕਿ ਸਰਮਾਏਦਾਰੀ ਨੇ ਔਰਤ ਨੂੰ ਇਕ ਵਸਤੂ ਬਣਾ ਦਿੱਤਾ ਹੈ। ਟੀਵੀ, ਫਿਲਮਾਂ ਤੇ ਇਸ਼ਤਿਹਾਰਾਂ ਵਿਚ ਔਰਤਾਂ ਨੂੰ ਵਿਕਰੀ ਵਧਾਉਣ ਦਾ ਸਾਧਨ ਬਣਾਇਆ ਜਾਂਦਾ ਹੈ।

ਸਰਮਾਏਦਾਰੀ ਦੀ ਮੰਡੀ ਵਿਚ ਮੁੱਖ ਤੌਰ ’ਤੇ ਔਰਤ ਦੇ ਗੁਣਾਂ ਦੀ ਨਹੀਂ, ਸਗੋਂ ਉਸ ਦੇ ਜਿਸਮ ਦੀ ਹੀ ਕੀਮਤ ਲਗਾਈ ਜਾਂਦੀ ਹੈ। ਦੂਜੇ ਪਾਸੇ ਬਾਕੀ ਔਰਤਾਂ ਨੂੰ ਹਰ ਵੇਲੇ ਕੁਝ ਨਾ ਕੁਝ ਖਰੀਦਣ ਲਈ ਉਕਸਾਇਆ ਜਾਂਦਾ ਹੈ। ਦੋਵੇਂ ਪਾਸੇ ਔਰਤਾਂ ਹੀ ਮੁੱਖ ਤੌਰ ’ਤੇ ਸਰਮਾਏਦਾਰੀ ਦੀ ਮੰਡੀ ਨੂੰ ਵਧਾਉਣ ਵਿਚ ਸਹਾਈ ਹੁੰਦੀਆਂ ਹਨ। ਮੇਰੇ ਖ਼ਿਆਲ ’ਚ ਪਤਨੀਆਂ ਦੇ ਕਤਲਾਂ ਪਿੱਛੇ ਵੀ ਸਿੱਧੇ ਅਤੇ ਅਸਿੱਧੇ ਤੌਰ ’ਤੇ ਸਰਮਾਏਦਾਰੀ ਹੀ ਜ਼ਿੰਮੇਵਾਰ ਹੈ। ਉਮਰ ਦੇ ਇਸ ਪੜਾਅ ਵਿਚ ਜਦੋਂ ਇਹ ਮਰਦ ਆਪਣੇ ਜੀਵਨ ਦਾ ਲੇਖਾ-ਜੋਖਾ ਕਰਦੇ ਹਨ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਆਪਣਾ ਜੀਵਨ ਵਿਅਰਥ ਗੁਆ ਦਿੱਤਾ ਹੈ। ਇਸ ਲਈ ਉਹ ਨਿਰਾਸ਼ਾ ਦਾ ਸ਼ਿਕਾਰ ਹੋ ਜਾਂਦੇ ਹਨ। ਦੂਜੇ ਪਾਸੇ ਔਰਤਾਂ ਇਸ ਉਮਰ ਵਿਚ ਵੀ ਸਰਮਾਏਦਾਰੀ ਦੇ ਖਪਤਕਾਰੀ ਸਭਿਅਚਾਰ ਵਿਚ ਘਿਰੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਨੂੰ ਸਿਰਫ਼ ਮਰਦਾਂ ਦੀ ਨਿਰਾਸ਼ਾ ਦੀ ਸਮਝ ਨਹੀਂ ਆਉਂਦੀ, ਸਗੋਂ ਉਨ੍ਹਾਂ ਨੂੰ ਉਨ੍ਹਾਂ ’ਤੇ ਹੋਰ ਗੁੱਸਾ ਆਉਂਦਾ ਹੈ ਕਿ ਉਹ ਉਨ੍ਹਾਂ ਦੇ ਰਾਹ ਵਿਚ ਰੁਕਾਵਟਾਂ ਖੜ੍ਹੀਆਂ ਕਰ ਰਹੇ ਹਨ। ਤਿੱਖੀ ਹੰੁਦੀ ਵਿਰੋਧਤਾਈ ਦਾ ਨਤੀਜਾ ਹਿੰਸਾ ਅਤੇ ਦੁਖਾਂਤ ਨਿਕਲ ਸਕਦਾ ਹੈ। ਇਨ੍ਹਾਂ ਮਰਦਾਂ ਦਾ ਤੁਲਨਾਤਮਿਕ ਤੌਰ ’ਤੇ ਖਪਤਕਾਰੀ ਸਭਿਆਚਾਰ ਵੱਲ ਉਤਸ਼ਾਹ ਘਟ ਜਾਂਦਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ