ਵਰਤਮਾਨ ਕੇਂਦਰੀ ਸਰਕਾਰ ਨੂੰ ਹੁਣ ਕਿਸੇ ਮਖੌਟੇ ਦੀ ਲੋੜ ਨਹੀਂ -ਸੀਤਾਰਾਮ ਯੇਚੁਰੀ
Posted on:- 02-12-2014
ਜਦ ਨਰੇਂਦਰ ਮੋਦੀ ਨੇ ਪਾਰਟੀ ਵਿਚ ਅੰਦਰੂਨੀ ਲੜਾਈਆਂ ਜਿੱਤ ਲਈਆਂ ਸਨ ਅਤੇ ਇਹ ਨਿਰਣਾ ਹੋ ਗਿਆ ਸੀ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਮੋਦੀ ਨੂੰ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਬਣਾਇਆ ਜਾਏਗਾ ਤਾਂ ਉਸ ਵਕਤ ਇਸ ਕਾਲਮ ਵਿਚ ਲਿਖਿਆ ਗਿਆ ਸੀ ਕਿ ਆਖਰਕਾਰ ਆਰ ਐਸ ਐਸ ਨੇ ਆਪਣਾ ਮੁਖੌਟਾ ਉਤਾਰਨ ਦਾ ਫ਼ੈਸਲਾ ਕਰ ਲਿਆ ਹੈ। ਜਦ ਗੁਜਰਾਤ ਦੇ 2002 ਦੇ ਕਤਲੇਆਮ ਦੇ ਮੁੱਖ ਦੋਸ਼ੀ ਨੂੰ ਇਹ ਕੰਮ ਸੌਂਪ ਦਿੱਤਾ ਗਿਆ ਤਾਂ ਸੱਪਸ਼ਟ ਸੀ ਕਿ ਸੰਘ ਨੂੰ ਹੁਣ ਆਪਣੇ ਅਸਲ ਉਦੇਸ਼ ਨੂੰ ਛੁਪਾਉਣ ਦੀ ਜ਼ਰੂਰਤ ਨਹੀਂ ਹੈ - ਭਾਰਤ ਦੇ ਧਰਮ ਨਿਰਪੱਖ, ਜਮਹੂਰੀ, ਆਧੁਨਿਕ ਗਣਤੰਤਰ ਨੂੰ ਸੰਘ ਦੀ ਦਿ੍ਰਸ਼ਟੀ ਮੁਤਾਬਕ ਅਸਹਿਣਸ਼ੀਲ, ਫ਼ਾਸ਼ੀਵਾਦੀ, ‘ਹਿੰਦੂ ਰਾਸ਼ਟਰ’ ਵਿਚ ਤਬਦੀਲ ਕਰਨਾ।
ਜਦੋਂ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਐਨ ਡੀ ਏ ਨੇ ਪਹਿਲੀ ਵਾਰ ਕੇਂਦਰ ਸਰਕਾਰ ਸੰਭਾਲੀ ਸੀ ਤਾਂ ਉਸ ਵਕਤ ਸੰਘ ਦੇ ਇਕ ਪ੍ਰਭਾਵਸ਼ਾਲੀ ਪ੍ਰਚਾਰਕ ਨੇ ਵਾਜਪਾਈ ਨੂੰ ਇਕ ਮੁਖੌਟੇ ਦਾ ਰੁਤਬਾ ਦਿੱਤਾ ਸੀ। ਉਸ ਨੂੰ ਸੰਘ ਦੇ ਸਾਰੇ ਅਹੁਦਿਆਂ ਤੋਂ ਲਾਹ ਦਿੱਤਾ ਗਿਆ ਸੀ, ਹੁਣ ਤੱਕ ਉਹ ਬਨਵਾਸ ਕੱਟ ਰਿਹਾ ਹੈ। ਉਸ ਦੀ ਗਲਤੀ ਇਹ ਸੀ ਕਿ ਸੱਚ ਬੋਲ ਬੈਠਾ ਸੀ।
ਅਟਲ ਬਿਹਾਰੀ ਵਾਜਪਾਈ, ਕੇਂਦਰ ਵਿਚ ਸਰਕਾਰ ਬਨਾਉਣ ਲਈ ਜ਼ਰੂਰੀ ਸਿਆਸੀ ਪਾਰਟੀਆਂ ਨੂੰ ਖਿੱਚਣ ਲਈ, ਸੰਘ ਦੇ ਮਖੌਟੇ ਦਾ ਕੰਮ ਕਰ ਰਿਹਾ ਸੀ। ਇਸ ਪਰਦੇ ਪਿੱਛੇ ਸੰਘ ਪੂਰੀ ਸ਼ਕਤੀ ਨਾਲ ਆਪਣਾ ਕੰਮ ਕਰੀ ਜਾ ਰਿਹਾ ਸੀ। ਹੁਣ ਜਦ ਭਾਜਪਾ ਇਕੱਲੀ ਨੂੰ ਹੀ ਲੋਕ ਸਭਾ ਵਿਚ ਬਹੁਮਤ ਮਿਲ ਗਿਆ ਹੈ, ਭਾਵੇਂ ਕਿ ਵੋਟਾਂ 31 ਪ੍ਰਤੀਸ਼ਤ ਹੀ ਪ੍ਰਾਪਤ ਹੋਈਆਂ ਹਨ, ਆਰ ਐਸ ਐਸ ਨੂੰ ਮੁਖੌਟੇ ਦੀ ਲੋੜ ਨਹੀਂ ਰਹੀ। ਜੇ ਇਸ ਦੇ ਲਈ ਕਿਸੇ ਹੋਰ ਸਬੂਤ ਦੀ ਜ਼ਰੂਰਤ ਸੀ ਤਾਂ ਉਹ ਮਿਲ ਗਿਆ ਹੈ । 21 ਨਵੰਬਰ, 2014 ਨੂੰ ਨਵੀਂ ਦਿੱਲੀ ਵਿਚ ਵਿਸ਼ਵ ਹਿੰਦੂ ਕਾਂਗਰਸ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਅਸ਼ੋਕ ਸਿੰਘਲ ਨੇ ਨਰੇਂਦਰ ਮੋਦੀ ਦੀ ਬਹੁਤ ਤਾਰੀਫ਼ ਕੀਤੀ ਜਿਸ ਨੇ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਦੀ ਅਗਵਾਈ ਕੀਤੀ ਸੀ । ਉਸ ਨੇ ਕਿਹਾ ਕਿ ਅੱਠ ਸਦੀਆਂ ਬਾਅਦ ‘‘ਸੱਤਾ ਮੁੜ’’ ਹਿੰਦੂ ਸਵੈਅਭਿਮਾਨ ਕੋਲ ਪਰਤੀ ਹੈ। ” 800 ਸਾਲ ਦੇ ਬਾਅਦ, ਜਦੋਂ ਪਿ੍ਰਥਵੀ-ਰਾਜ ਚੌਹਾਨ ਕੋਲੋਂ ਦਿਲੀ ਦੀ ਸੱਤਾ ਖੁਸ ਗਈ ਸੀ ਇਹ ਵਾਪਸ ਕਿਸੇ ਸਵੈਮਾਨੀ ਹਿੰਦੂ ਕੋਲ ਵਾਪਸ ਨਹੀਂ ਆਈ ਸੀ। 800 ਸਾਲ ਬਾਦ ਇਹ ਵਾਪਰਿਆ ਹੈ”, ਸਿੰਘਲ ਨੇ ਕਿਹਾ। ਇਸ ਕਾਂਗਰਸ ਨੇ ਆਖੀਰ ਵਿਚ ਸੱਦਾ ਦਿੱਤਾ, ‘‘ਹਿੰਦੂ ਇਕੱਠੇ ਹੋ ਕੇ ਨੇਤਾਗਿਰੀ ਦੀ ਭੂਮਿਕਾ ਨਿਭਾ ਕੇ ਵਿਸ਼ਵ ਦੀ ਅਗਵਾਈ ਕਰਨ ।
ਇਸ ਬਿਆਨ ਦੀ ਪਰੋੜਤਾ ਦੇਸ਼ ਦੇ ਗ੍ਰੁਹਿ ਮੰਤਰੀ ਰਾਜ ਨਾਥ ਸਿੰਘ ਨੇ ਵੀ ਕਰ ਦਿੱਤੀ ਹੈ । ਇਨਾਂ੍ਹ ਦੋਸ਼ਾਂ ਨੂੰ ਨਕਾਰਦੇ ਹੋਏ ਕਿ ਭਾਜਪਾ ਦੀ ਸਰਕਾਰ ਨੂੰ ਆਰ ਐਸ ਐਸ ਚਲਾ ਰਿਹਾ ਹੈ ਉਸ ਨੇ ਸਪੱਸ਼ਟ ਕੀਤਾ ਕਿ ‘‘ਇਸ ਦੀ ਜ਼ਰੂਰਤ ਹੀ ਨਹੀਂ ਹੈ, ਆਰ ਐਸ ਐਸ ਕੋਈ ਬਾਹਰੀ ਤਾਕਤ ਨਹੀਂ ਹੈ। ਮੈਂ ਆਰ ਐਸ ਐਸ ਵਿਚੋਂ ਹਾਂ , ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਸੰਘ ਦਾ ਕਾਰਕੁਨ ਹੈ। ਅਸੀਂ ਬਚਪਨ ਤੋਂ ਹੀ ਸੰਘ ਦੇ ਮੈਂਬਰ ਹਾਂ ਅਤੇ ਸਾਰੀ ਉਮਰ ਰਹਾਂਗੇ।” ਇਹ ਸ਼ਬਦ ਰਾਜਨਾਥ ਸਿੰਘ ਨੇ ਹਿੰਦੁਸਤਾਨ ਟਾਈਮਜ਼ ਦੇ ਲੀਡਰਸ਼ਿਪ ਸਮਾਗਮ ਦੇ ਮੌਕੇ ਬੋਲੇ ਹਨ । ਉਸ ਨੇ ਅੱਗੇ ਕਿਹਾ, ‘‘ਜਦੋਂ ਅਸੀਂ ਸੰਘ ਪਰਿਵਾਰ ਵਿਚੋਂ ਹਾਂ ਤਾਂ ਫ਼ਿਰ ਇਸ ਦੇ ਹੋਰ ਪ੍ਰਭਾਵ ਦੀ ਕੀ ਲੋੜ ਹੈ? ਇਸ ਬਾਹਰੀ ਪ੍ਰਭਾਵ ਦੇ ਤਰਕ ਦੀ ਤਾਂ ਹੀ ਸਮਝ ਆਉਂਦੀ ਜੇ ਇਸ ਦੀ ਕੋਈ ਵੱਖਰੀ ਪਹਿਚਾਣ ਹੁੰਦੀ ਜਾਂ ਵੱਖਰੀ ਵਿਚਾਰਧਾਰਾ ਹੁੰਦੀ।” ਸਾਫ਼ ਹੈ, ਸਰਕਾਰ ਹੀ ਆਰ ਐਸ ਐਸ ਦੀ ਹੈ। ਇਨਾਂ੍ਹ ਬਿਆਨਾਂ ਨੂੰ ਸੰਘ ਦੇ ਮੁਖੀ ਮੋਹਨ ਭਗਵਤ ਦੇ ਬਿਆਨਾਂ ਨਾਲ ਮਿਲਾ ਕੇ ਦੇਖਣਾ ਚਾਹੀਦਾ ਹੈ। ਉਸ ਨੇ ਕਿਹਾ ਸੀ ਕਿ ਜਿਵੇਂ ਬਰਤਾਨੀਆ ਵਿਚ ਰਹਿਣ ਵਾਲੇ ਬਰਤਾਨਵੀ ਕਹਿਲਾਉਂਦੇ ਹਨ, ਅਮਰੀਕਾ ਵਿਚ ਰਹਿਣ ਵਾਲੇ ਅਮਰੀਕੀ ਇਸੇ ਤਰ੍ਹਾਂ ਹਿੰਦੁਸਤਾਨ ਵਿਚ ਵਸਣ ਵਾਲੇ ਹਿੰਦੂ ਹੀ ਹਨ। ਉਸ ਨੇ ਹੋਰ ਕਿਹਾ ਕਿ ਹਿੰਦੁਸਤਾਨ ਦੀਆਂ ਜ਼ਮੀਨਾਂ ਤੇ ਰਹਿਣ ਵਾਲੇ ਸਾਰੇ ਲੋਕਾਂ ਦਾ ਸਭਿਆਚਾਰ ਹਿੰਦੁਤੱਵ ਨਾਲ ਹੀ ਸਬੰਧ ਰੱਖਦਾ ਹੈ।
ਵਿਸ਼ਵ ਹਿੰਦੂ ਕਾਂਗਰਸ ਦੇ ਵੱਖ-ਵੱਖ ਇਜਲਾਸਾਂ ਸ਼ੈਸ਼ਨਾਂ ਦੌਰਾਨ ਇਸ ਗੱਲ ’ਤੇ ਖਾਸ ਜ਼ੋਰ ਦਿੱਤਾ ਗਿਆ ਕਿ ਸਭਿਅਤਾ (ਹਿੰਦੂਤਵ) ਦੇ ਪੁਨਰ-ਜਾਗਰਣ ਦੇ ਲਈ ਵਿਦਿਆ ਦੇ ਪਸਾਰ ਲਈ ਵਿਵਸਥਾ ਕਾਇਮ ਕੀਤੀ ਜਾਵੇ। ਹਿੰਦੂ ਕਦਰਾਂ ਕੀਮਤਾਂ ਦੇ ਪੁਨਰ-ਨਿਰਮਾਣ ਦੇ ਲਈ ਦੇਸ਼ ਦੇ ਵਿਦਿਅਕ ਪ੍ਰਬੰਧ ਵਿਚ ਤਬਦੀਲੀਆਂ ਕਰਨ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ। ਆਰ ਐਸ ਐਸ ਨੇ ਹਮੇਸ਼ਾਂ ਕੇਂਦਰ ਸਰਕਾਰ ਵਿਚ ਆਪਣੀ ਤਾਕਤ ਸਿਲੇਬਸ ਨੂੰ ਤਬਦੀਲ ਕਰਨ ਤੇ ਇਤਿਹਾਸ ਨੂੰ ਆਪਣੀ ਸੋਚ ਮੁਤਾਬਕ ਸੋਧਣ ਲਈ ਵਰਤੀ ਹੈ। ਪਹਿਲੇ ਦੌਰ ਦੌਰਾਨ ਮਨੁੱਖੀ ਸਰੋਤ ਮੰਤਰੀ ਨੇ ਸਕੂਲਾਂ ਤੇ ਕਾਲਜਾਂ ਦੇ ਸਿਲੇਬਸ ਨੂੰ ਹਿੰਦੂ ਦਰਸ਼ਨ ਮੁਤਾਬਕ ਸੋਧਣ ਦੇ ਲਈ ਮੁਹਿੰਮ ਚਲਾਈ ਸੀ। ਜੋਤਿਸ਼ , ਵੇਦਿਕ ਅਰਥਸ਼ਾਸ਼ਤਰ, ਵਸਤੂ ਸ਼ਾਸ਼ਤਰ ਵਰਗੇ ਨਵੇਂ ਕੋਰਸ ਚਾਲੂ ਕੀਤੇ ਗਏ ਸਨ। ਵਿਦਿਆ ਦੇ ਹਰ ਪਾਠਕ੍ਰਮ ਵਿਚ ਹਿੰਦੂਤਵ ਦੇ ਸਭਿਆਚਾਰ, ਅੰਧਕਾਰਵਾਦ ਤੇ ਹਿੰਦੂਆਂ ਦੀ ਮਹਿਮਾ ਗਾਉਣ ਦੀ ਹਰ ਕੋਸ਼ਿਸ਼ ਕੀਤੀ ਗਈ ਸੀ ।
ਰਿਪੋਰਟ ਮਿਲੀ ਹੈ ਕਿ ਇਸ ਦਲੀਲ ਨੂੰ ਮਜ਼ਬੂਤ ਕਰਨ ਲਈ ਹੀ ਸ਼ਾਇਦ ਵਰਤਮਾਨ ਮਨੁੱਖੀ ਸਰੋਤ ਵਿਕਾਸ ਮੰਤਰੀ ਵਿਸ਼ੇਸ਼ ਕਰਕੇ ਇਕ ਪੰਡਤ ਜੀ ਕੋਲ ਆਪਣਾ ਭਵਿੱਖ ਜਾਨਣ ਦੇ ਲਈ ਗਈ ਹੈ। ਇਹ ਮੰਤਰੀ ਜੀ ਇਸ ਵੇਲੇ ਦੇਸ਼ ਦੇ ਵਿਦਿਆ ਮੰਤਰੀ ਹਨ । ਸਵਿੰਧਾਨ ਅਨੁਸਾਰ ਜਿਨਾਂ੍ਹ ਦਾ ਫ਼ਰਜ਼ ਹੈ ਕਿ ਅਜਿਹਾ ਵਿਦਿਅਕ ਢਾਚਾਂ ਉਸਾਰਿਆ ਜਾਵੇ ਜੋ ਬਚਿਆਂ ਵਿਚ ਵਿਗਿਆਨਕ ਸੁਭਾਅ ਦਾ ਵਿਕਾਸ ਕਰੇ । ਅਜਿਹੇ ਵਕਤ ਵਿਚ ਅੱਜ਼ ਕਲ੍ਹ ਅਸੀਂ ਜੀਅ ਰਹੇ ਹਾਂ ।
ਅੰਧਕਾਰਵਾਦ ਅਤੇ ਧਾਰਮਿਕ ਕਟਛਵਾਦ ਨੂੰ ਉਤਸ਼ਾਹ ਦੇਣ ਦਾ ਮਕਸਦ, ਘੱਟ ਗਿਣਤੀ ਜਾਤੀਆਂ, ਖਾਸਕਰ ਮੁਸਲਮਾਨਾਂ, ਵਿਰੁੱਧ ਨਫ਼ਰਤ ਪੈਦਾ ਕਰਨਾ ਹੈ। ਸਾਫ਼ ਹੈ ਕਿ ਸੰਘ ਤੇ ਭਾਜਪਾ ਵਾਲੇ ਦੇਸ਼ ਦੇ ਵਿਦਿਅਕ ਪ੍ਰਬੰਧ ਨੂੰ ਬਦਲਣ ਵਿਚ ਲਗੇ ਹੋਏ ਹਨ ਤਾਂ ਕਿ ‘ਹਿੰਦੂ ਰਾਸ਼ਟਰ’ ਦੀ ਸਥਾਪਨਾ ਲਈ ਉਪਯੁਕਤ ਮਾਹੌਲ ਤਿਆਰ ਕੀਤਾ ਜਾ ਸਕੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਭਾਜਪਾ ਧਾਰਮਿਕ ਭਾਵਨਾਵਾਂ ਉਭਾਰਨ ਅਤੇ ਫ਼ਿਰਕੂ ਨਫ਼ਰਤ ਪੈਦਾ ਕਰਨ ਦਾ ਹਰ ਹੀਲਾ ਵਰਤ ਰਹੀ ਹੈ। ਸਮਾਜ ਨੂੰ ਫ਼ਿਰਕੂ ਲਹਿਾਂ ਤੇ ਵੰਡ ਰਹੀ ਹੈ। ਆਪਣੇ ਵੋਟ ਬੈਂਕ ਨੂੰ ਪੱਕਾ ਕਰਨ ਦੇ ਲਈ ਹਿੰਦੂਵਾਦ ਦਾ ਨਾਹਰਾ ਲਾ ਰਹੀ ਹੈ । ਲਵ-ਜਹਾਦ ਤੇ ਨਾਂ ’ਤੇ ਲੋਕਾਂ ਨੂੰ ਭੜਕਾ ਰਹੀ ਹੈ।
ਇਹ ਆਰਥਿਕ ਵਿਕਾਸ ਦੇ ਸੁਪਨੇ ਦਿਖਾਉਣ ਅਤੇ ਧਾਰਮਿਕ ਕਟੜਵਾਦ ਦੀ ਖਤਰਨਾਕ ਕਾਕਟੇਲ ਹੈ ਜੋ ਸਾਡੇ ਦੇਸ਼ ਦੀ ਜਨਤਾ ਨੂੰ ਪਿਲਾਈ ਜਾ ਰਹੀ ਹੈ ਅਤੇ ਨਾਲ ਹੀ ਲੋਕਾਂ ਉਪਰ ਆਰਥਿਕ ਬੋਝ ਵੀ ਵਧਾਇਆ ਜਾ ਰਿਹਾ ਹੈ। ਸਾਡੇ ਦੇਸ਼ ਨੂੰ ਇਸ ਕਾਕਟੇਲ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣਾ ਬਹੁਤ ਜ਼ਰੁਰੀ ਹੈ। ਨਹੀਂ ਤਾਂ ਸਾਡੇ ਸਮਾਜ ਦਾ ਸਦੀਆਂ ਪੁਰਾਣਾ ਭਾਈਚਾਰਾ , ਏਕਤਾ ਤੇ ਸਹਿਚਾਰ ਬਰਬਾਦ ਹੋ ਜਾਵੇਗਾ। ਭਾਰਤੀ ਸਭਿਆਚਾਰ ਅਤੇ ਸਾਂਝੀਆਂ ਕਦਰਾਂ ਕੀਮਤਾਂ ਦਾ ਸਮਾਜ ਵੰਡਿਆ ਜਾਵੇਗਾ। ਭਾਰਤ ਦੀ ਏਕਤਾ ਨੂੰ ਮਜ਼ਬੂਤ ਕਰਨ ਦੇ ਲਈ ਅਜਿਹੇ ਖਤਰਿਆਂ ਦੇ ਖਿਲਾਫ਼ ਲੜਣਾ ਤੇ ਇਨ੍ਹਾਂ ਨੂੰ ਹਰਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ।
Sartaj Sidhu
Very good ,sahi kiha ji.