ਆਵਾਜਾਈ ਦੇ ਸਾਧਨਾਂ ਦੀ ਵਧਦੀ ਗਿਣਤੀ: ਤਰੱਕੀ ਜਾਂ ਵਿਨਾਸ਼ - ਗੁਰਚਰਨ ਪੱਖੋਕਲਾਂ
      
      Posted on:- 29-11-2014
      
      
      								
				   
                                    
      
ਕਹਿਣ ਨੂੰ ਤਾਂ ਭਾਵੇਂ ਕੁਝ ਵੀ ਕਹੀ ਜਾਈਏ, ਪਰ ਸਾਡੀਆਂ ਸਰਕਾਰਾਂ ਦਾ ਦਿਵਾਲੀਆਪਨ ਹੀ ਸਾਡੇ ਦੁੱਖਾਂ ਦਾ ਵੱਡਾ ਕਾਰਨ ਹੈ। ਜਿਸ ਕਾਰਨ ਸਾਡੇ ਦੇਸ਼ ਵਾਸੀ ਦੁੱਖਾਂ ਦੀ ਪੰਡ ਸਿਰ ਤੇ ਚੁੱਕਕੇ ਜ਼ਿੰਦਗੀ ਬਸਰ ਕਰ ਰਹੇ ਹਨ । ਕਿਸੇ ਵੀ ਖੇਤਰ ਬਾਰੇ ਦੇਖੋ ਰਾਜਨੇਤਾਵਾਂ ਨੂੰ ਕੋਈ ਫਿਕਰ ਨਹੀਂ ਹੈ ਬੱਸ ਆਪੋ ਆਪਣੇ ਕੋੜਮਿਆਂ ਦੇ ਮਸਲੇ ਹੱਲ ਕਰਨ ਤਾਈਂ ਲੱਗੇ ਹੋਏ ਹਨ । ਆਮ ਲੋਕਾਂ ਨਾਲ ਕੀ ਬੀਤਦੀ ਹੈ ਬਾਰੇ ਕੋਈ ਜਵਾਬਦੇਹੀ ਨਹੀਂ ਹੈ । ਨਿੱਤ ਦਿਨ ਸੜਕਾ ਤੇ ਵਾਪਰਦੇ ਹਾਦਸਿਆਂ  ਬਾਰੇ ਸਰਕਾਰਾਂ ਦੀ ਕੋਈ ਠੋਸ ਨੀਤੀ ਨਹੀਂ ਹੈ । 
                             
ਹਾਦਸਾ ਕਿੰਨਾਂ ਵੀ ਵੱਡਾ ਕਿਉਂ ਨਾ ਹੋਵੇ ਰਸਮੀ ਕਾਰਵਾਈਆਂ ਤੋਂ ਅੱਗੇ ਕਦੇ ਵੀ ਨਹੀਂ ਜਾਇਆ ਜਾਂਦਾ । ਸਭ ਤੋਂ ਪਹਿਲੀ ਗੱਲ ਕਿਸੇ ਵੀ ਹਾਦਸੇ ਤੋਂ ਬਾਅਦ ਕਿਸੇ ਜ਼ੁੰਮੇਵਾਰ ਤੇ ਠੋਸ ਕਾਰਵਾਈ ਬਹੁਤ ਮੁਸ਼ਕਲਾਂ ਨਾਲ ਹੁੰਦੀ ਹੈ । ਹਾਦਸੇ ਲਈ ਜ਼ੁੰਮੇਵਾਰ ਨੂੰ ਅਦਾਲਤ ਜਾਣ ਦੀ ਵੀ ਲੋੜ ਨਹੀਂ ਕਿਉਂਕਿ ਸਾਡੇ ਕਾਨੂੰਨ ਅਨੁਸਾਰ ਉਸਨੂੰ ਪੁਲੀਸ ਹੀ ਆਪਣੇ ਅਧਿਕਾਰ ਵਰਤਕੇ ਜ਼ਮਾਨਤ ਤੇ ਛੱਡ ਸਕਦੀ ਹੈ, ਬਸ਼ਰਤੇ ਕਿ ਕੋਈ ਰਾਜਨੀਤਕ ਦਬਾਉ ਨਾ ਹੋਵੇ । ਦੂਸਰਾ ਕੀ ਅਸੀਂ ਕਦੇ ਦੇਖਿਆ ਹੈ ਕਿ ਕਿਸੇ ਹਾਦਸੇ ਕਰਨ ਵਾਲੇ ਉੱਪਰ ਡਰਾਈਵਿੰਗ ਨਾ ਕਰਨ ਦੀ ਸਜ਼ਾ ਹੋਈ ਹੋਵੇ । ਕਿਸੇ ਵੀ ਹਾਦਸੇ ਲਈ ਜ਼ੁੰਮੇਵਾਰ ਵਿਅਕਤੀ ਦੇ ਡਰਾਈਵਿੰਗ ਲਾਈਸੰਸ ਤੇ ਕਦੇ ਵੀ ਕੋਈ ਕੁਝ ਦਰਜ ਨਹੀਂ ਕਰਦਾ ।  ਭਾਵੇਂ ਦਿੱਲੀ ਵਰਗੇ ਸ਼ਹਿਰ ਵਿੱਚ ਜ਼ਰੂਰ ਇਸ ਤਰਾਂ ਦਾ ਵਿਦੇਸ਼ੀ ਨਿਯਮ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਦੀ ਆੜ ਵਿੱਚ ਵੀ ਪੁਲੀਸ ਬਲੈਕਮੇਲਿੰਗ ਦਾ ਖੇਲ ਖੇਡ ਰਹੀ ਹੈ ਅਤੇ ਮੋਟੀ ਕਮਾਈ ਕਰੀ ਜਾ ਰਹੀ ਹੈ ।                      ਦੂਸਰੇ ਪਾਸੇ ਜਿਸ ਤਰਾਂ ਪਿਛਲੇ ਕੁਝ ਸਾਲਾਂ ਵਿੱਚ ਮਸ਼ੀਨਰੀ ਦੇ ਵੱਧਣ ਦੀ ਰਫਤਾਰ ਉੱਪਰ ਕੋਈ ਰੋਕ ਨਹੀਂ ਹੈ ਜੋ ਕਿ ਆਵਾਜਾਈ ਦੇ ਰਾਹਾਂ ਦੀ ਕਪੈਸਟੀ ਅਨੁਸਾਰ ਵਧਣ ਦੇਣੀ ਚਾਹੀਦੀ ਹੈ ਪਰ ਸੜਕਾਂ ਬਣਾਉਣ ਦੀ ਰਫਤਾਰ ਬਹੁਤ ਹੀ ਘੱਟ ਹੈ ਜਦਕਿ ਆਵਾਜਾਈ ਸਾਧਨ ਅੰਨੀ ਗਿਣਤੀ ਵਿੱਚ ਵੱਧ ਰਹੇ ਹਨ । ਆਮ ਲੋਕ ਵਿਗਿਆਨ ਦੇ ਵਿਕਾਸ ਅਤੇ ਨਵੀਆਂ ਲੋੜਾਂ ਦੇ ਕਾਰਨ ਪਾਗਲਾਂ ਵਰਗੇ ਹੋਈ ਜਾ ਰਹੇ ਹਨ, ਜੋ ਸੜਕਾ ਤੇ ਡਰਾਈਵਿੰਗ ਕਰਦਿਆਂ ਵੀ  ਸੋਚਾਂ ਵਿੱਚ ਗਲਤਾਨ ਹੋਏ ਹਾਦਸਿਆਂ ਨੂੰ ਜਨਮ ਦਿੰਦੇ ਹਨ । ਅਦਾਲਤੀ ਸਿਸਟਮ ਵਿੱਚ ਕਿਸੇ ਹਾਦਸੇ ਲਈ ਜ਼ੁੰਮੇਵਾਰ ਵਿਅਕਤੀ ਨੂੰ ਸਜ਼ਾ ਕਰਵਾਉਣਾ ਹਾਦਸਾ ਗਰਸਤ ਪਰੀਵਾਰਾਂ ਲਈ ਇੱਕ ਹੋਰ ਵੱਡੀ ਸਜ਼ਾ ਹੈ, ਜਿਸ ਕਾਰਨ ਗਰੀਬ ਲੋਕ ਤਾਂ ਸਮਝੌਤਾ ਕਰਨਾ ਹੀ ਬਿਹਤਰ ਸਮਝਦੇ ਹਨ ਜਦੋਂ ਕਿ ਅਮੀਰ ਲੋਕ ਕਿਸੇ ਛੋਟੇ ਜਿਹੇ ਹਾਦਸੇ ਨੂੰ ਵਰਤਕੇ ਵੀ ਮਜਬੂਰ ਲੋਕਾਂ ਦਾ ਸ਼ੋਸ਼ਣ ਕਰਦੇ ਹਨ । ਦੇਸ਼ ਦਾ ਟਰੈਫਿਕ ਵਿਭਾਗ ਵੀ  ਵੱਡੇ ਭਰਿਸ਼ਟ ਮਹਿਕਮਿਆਂ ਵਿੱਚ ਸ਼ਾਮਲ ਹੈ । ਦੇਸ ਦੇ ਰਾਜਨੇਤਾਵਾਂ ਨੇ ਜਦ ਵੀ ਕੋਈ ਫੰਡ ਇਕੱਠਾ ਕਰਨਾ ਹੁੰਦਾ ਹੈ ਤਦ ਇਸ ਲਈ ਵੀ ਟਰੈਫਿਕ ਮਹਿਕਮੇ ਦੀ ਹੀ ਸੇਵਾ ਲਈ ਜਾਂਦੀ ਹੈ ਜਿਸਦੀ ਆੜ ਵਿੱਚ ਆਮ ਲੋਕਾਂ ਦੀ ਦੁਗਣੀ  ਲੁੱਟ ਸ਼ੁਰੂ ਹੋ ਜਾਂਦੀ ਹੈ ।  ਦੇਸ਼ ਦੇ ਰਾਜਨੇਤਾਵਾਂ ਦੀਆਂ ਗੱਡੀਆਂ ਨੂੰ ਕਿੱਧਰੇ ਵੀ ਕੋਈ ਰੋਕ ਨਹੀਂ ਹੈ, ਜੋ ਹੂਟਰ ਮਾਰਦੀਆਂ ਆਮ ਲੋਕਾਂ ਨੂੰ ਡਰਾਉਂਦੀਆਂ ਹੋਈਆਂ ਦਨਦਨਾਉਂਦੀਆਂ ਲੰਘਦੀਆਂ ਹਨ । ਇਹਨਾਂ ਦੇ ਲੰਘਾਉਣ ਲਈ ਆਮ ਲੋਕਾਂ ਦੀ ਕਦੇ ਵੀ ਪਰਵਾਹ ਨਹੀਂ ਕੀਤੀ ਜਾਂਦੀ ।  ਸਾਡੇ ਦੇਸ ਦੇ ਰਾਜਨੇਤਾ ਉਦਯੋਗਿਕ ਘਰਾਣਿਆਂ ਨੂੰ ਕਿਸੇ ਵੀ ਕਿਸਮ ਦਾ ਹੁਕਮ ਦੇਣ ਦੀ ਸਮੱਰਥਾਂ ਹੀ ਨਹੀਂ ਰੱਖਦੇ , ਸਗੋਂ ਉਹਨਾਂ ਦੇ ਗੁਲਾਮ ਹੋਕੇ ਉਹਨਾਂ ਦੇ ਹੁਕਮ ਉਡੀਕਦੇ ਮਿਲਦੇ ਹਨ । ਉਦਯੋਗਿਕ ਘਰਾਣੇ ਆਪੋ ਆਪਣਾ ਉਤਪਾਦਨ ਬਿਨਾਂ ਕਿਸੇ ਰੋਕ ਦੇ ਵੇਚਕੇ ਹੱਦ ਤੋਂ ਵੱਧ ਗਿਣਤੀ ਆਵਾਜਾਈ ਸਾਧਨਾਂ ਦੀ ਨੂੰ ਵਧਾਈ ਜਾ ਰਹੇ ਹਨ । ਹਰ ਘਰ ਵਿੱਚ ਲੋੜ ਤੋਂ ਵੱਧ ਆਵਾਜਾਈ ਦੇ ਸਾਧਨ ਹੋਈ ਜਾ ਰਹੇ ਹਨ, ਜਿਨ੍ਹਾਂ ਲਈ ਪਾਰਕਿੰਗ ਦਾ ਵੀ ਲੋੜੀਦਾਂ ਪਰਬੰਧ ਨਹੀਂ ਹੈ । ਸ਼ਹਿਰਾਂ ਵਿੱਚ ਸਾਂਝੀਆਂ ਥਾਵਾਂ ਅਤੇ ਸੜਕਾਂ ਕਿਨਾਰੇ ਜਾਂ ਗਲੀਆਂ  ਨੂੰ ਵੀ ਪਾਰਕਿੰਗਾਂ ਹੀ ਬਣਾ ਦਿੱਤਾ ਗਿਆ ਹੈ । ਗਲੀਆਂ ਅਤੇ ਸੜਕਾਂ ਤੇ ਇਹਨਾਂ ਪਾਰਕਿੰਗ ਕੀਤੇ ਵਾਹਨਾਂ ਕਾਰਨ ਲੰਘਣਾ ਵੀ ਮੁਸ਼ਕਲ ਹੋਈ ਜਾ ਰਿਹਾ ਹੈ। ਇਹ ਕੋਹੋ ਜਿਹਾ ਵਿਕਾਸ ਹੈ । ਇਸ ਹਨੇਗਰਦੀ ਨਾਲ ਜਿੱਥੇ ਦੇਸ ਦਾ ਵਾਤਵਰਣ ਗੰਧਲਾਂ ਹੋ ਰਿਹਾ ਹੈ ਉੱਥੇ ਦੇਸ ਦੀ ਵਿਦੇਸ਼ੀ ਕਰੰਸੀ ਦਾ ਭੰਡਾਰ ਵੀ ਖਤਰੇ ਵਿੱਚ ਹੀ ਰਹਿੰਦਾਂ ਹੈ । ਇਸ ਤਰਾਂ ਦੇ ਹਾਲਾਤ ਜੇ ਇਸ ਤਰਾਂ ਹੀ ਵਧਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਹੀ ਵੱਡੀਆਂ ਸਮੱਸਿਆਵਾਂ ਪੈਦਾ ਹੋਣਗੀਆਂ ।  ਸਾਡੇ ਰਾਜਨੇਤਾਵਾਂ ਨੂੰ ਇਹ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਨਾਲ ਅਮਲਾਂ ਦੇ ਹੋਵਦੇ ਨਿਬੇੜੇ ਬਾਤ ਕਿਸੇ ਪੁਛਣੀ ਨਹੀਂ । ਸਰਕਾਰਾਂ ਅਤੇ ਅਮੀਰਾਂ ਦੇ ਸਤਾਏ ਆਮ ਲੋਕ ਜਿਸ ਦਿਨ ਵੀ ਉੱਠਣਗੇ ਸਭ ਤੋਂ ਪਹਿਲਾਂ ਅੱਗ ਵੀ ਇਹਨਾਂ ਆਵਾਜਾਈ ਦੇ ਸਾਧਨਾਂ ਨੂੰ ਹੀ ਲਾਉਣਗੇ ਅਤੇ ਲਾਉਂਦੇ ਹਨ । ਦੁਨੀਆਂ ਜਿੱਤ ਲੈਣ ਵਾਲੇ ਮਨੁੱਖ ਨੂੰ ਅਪਾਹਜ ਬਣਾਉਣ ਵਾਲੇ ਇਹ ਆਵਾਜਾਈ ਦੇ ਸਾਧਨ ਅਤੇ ਸੜਕੀ ਪਰਬੰਧ ਦਾ ਬੈਲੈਸ ਜ਼ਰੂਰ ਬਣਾਇਆ ਜਾਣਾਂ ਚਾਹੀਦਾ ਹੈ । ਨਿੱਤ ਦਿਨ ਹਾਦਸਿਆਂ ਦੇ ਸ਼ਿਕਾਰ ਹੋਕੇ ਜਾਂਦੀਆਂ ਹਜ਼ਾਰਾਂ ਜਾਨਾਂ ਵੀ ਨਿਯਮਬੱਧ ਹੋਕੇ ਹੀ ਬਚਾਈਆਂ ਜਾ ਸਕਦੀਆਂ ਹਨ । ਸੰਪਰਕ: +91 94177 27245