ਹੁਣ ਹੋਰ ਜ਼ੋਰ-ਸ਼ੋਰ ਨਾਲ ਲਾਗੂ ਹੋਣ ਲੱਗੇ ਨਵ-ਉਦਾਰਵਾਦੀ ਸੁਧਾਰ -ਸੀਤਾਰਾਮ ਯੇਚੁਰੀ
Posted on:- 29-11-2014
ਹੁਣ ਤਕ ਪ੍ਰਧਾਨ ਮੰਤਰੀ ਮੋਦੀ ਉੱਚੀਆਂ ਆਵਾਜ਼ਾਂ ’ਚ ਜੋ ਭਾਸ਼ਨ ਜਾਂ ਪ੍ਰਚਾਰ ਕਰ ਰਹੇ ਹਨ, ਉਸ ਤੋਂ ਸਾਫ਼ ਹੋ ਗਿਆ ਹੈ ਕਿ ਉਹ ਪਿਛਲੀ ਸਰਕਾਰ ਵੱਲੋਂ ਵਿਰਸੇ ਵਿੱਚ ਮਿਲੀਆਂ ਨਵ-ਉਦਾਰਵਾਦੀ ਆਰਥਿਕ ਨੀਤੀਆਂ ਨੂੰ ਬੜੇ ਜ਼ੋਰ-ਸ਼ੋਰ ਨਾਲ ਅੱਗੇ ਲੈ ਕੇ ਜਾ ਰਹੇ ਹਨ। ਇਸ ਦੀ ਸ਼ੁਰੂਆਤ ਵੀ ਉਸੇ ਤਰ੍ਹ੍ਹਾਂ ਚੰਗੇ ਦਿਨਾਂ ਦੇ ਆਉਣ ਦੇ ਸੁਪਨੇ ਦਿਖਾ ਕੇ ਕੀਤੀ ਹੈ ਜਿਵੇਂ ਡਾ. ਮਨਮੋਹਨ ਸਿੰਘ ਨੇ ‘ਖੁਸ਼ਹਾਲੀ ਦਾ ਯੁੱਗ ’ ਅਤੇ ਭਾਰਤ ਦੀ ਭੂਮੀ ਨੂੰ ‘ਸ਼ਹਿਦ ਤੇ ਦੁੱਧ’ ਦੀ ਭੁਮੀ ਬਣਾ ਦੇਣ ਦੇ ਖੁਆਬ ਦਿਖਾਏ ਸਨ। ਮਨਮੋਹਨ ਸਿੰਘ ਦੇ ਦੌਰ ਨਾਲੋਂ ਮਹਤੱਵਪੂਰਨ ਫ਼ਰਕ ਇਹ ਹੈ ਕਿ ਇਸ ਵਾਰ ਜੋ ਮਾਇਆ-ਜਾਲ ਲੋਕਾਂ ਨੂੰ ਵੇਚਿਆ ਜਾ ਰਿਹਾ ਹੈ ਉਹ ਵਿਸ਼ਾਲ ਹੈ ਅਤੇ ਕੌਮਾਂਤਰੀ ਵਿੱਤੀ ਸਰਮਾਏ ਦੀ ਸਰਗਰਮ ਮਦਦ ਨਾਲ ਕੀਤਾ ਜਾ ਰਿਹਾ ਹੈ।
ਭਾਰਤ ਦਾ ਕਾਰਪੋਰੇਟ ਜਗਤ ਵੀ ਮੋਦੀ ਸਰਕਾਰ ਦੀ ਪੂਰੀ ਜੈ ਜੈ ਕਾਰ ਕਰ ਰਿਹਾ ਹੈ। ਇਕ ਵਕਤ ਸੀ ਜਦ ਡਾ. ਮਨਮੋਹਨ ਸਿੰਘ ਦੀ ਖੂਬ ਉਸਤਤ ਕੀਤੀ ਜਾ ਰਹੀ ਸੀ ਕਿ ਉਹ ਦੇਸ਼ ਨੂੰ ਉਭਰ ਰਹੀ ਆਰਥਿਕ ਸ਼ਕਤੀ ਦੇ ਰੂਪ ਵਿੱਚ ਵੱਲ ਲਿਜਾ ਰਿਹਾ ਹੈ। ਸਿਫ਼ਤ ਕੀਤੀ ਗਈ ਕਿ ਉਸ ਨੇ ਅਮਰੀਕਾ ਨਾਲ ਪ੍ਰਮਾਣੂ ਸੰਧੀ ਕਰਕੇ ਅੰਤਰ-ਰਾਸ਼ਟਰੀ ਐਟਮੀ ਜਗਤ ਵਿੱਚ ਭਾਰਤ ਦੀ ਇਕੱਲਤਾ ਨੂੰ ਖ਼ਤਮ ਕਰ ਦਿੱਤਾ ਹੈ। ਜੀ-20 ਦੇਸ਼ਾਂ ਦੇ ਨੇਤਾਵਾਂ ਨਾਲ ਜਦ ਉਹ ਮਿਲਣੀਆਂ ਕਰਦਾ ਸੀ ਤਾਂ ਕਿਹਾ ਜਾਂਦਾ ਸੀ ਕਿ ਭਾਰਤ ਦੀ ਕੌਮ ਨੂੰ ਸਨਮਾਨ ਮਿਲ ਰਿਹਾ ਹੈ। ਇਹ ਸਨਮਾਨ ਮਿਲਣੇ ਛੇਤੀ ਬੰਦ ਹੋ ਗਏ ਜਦ ਸਰਕਾਰ ਨੇ ਖੱਬੇਪੱਖੀਆਂ ਦੇ ਦਬਾਅ ਹੇਠ ਦੇਸ਼ ਵਿੱਚ ਕੁੱਝ ਜਨਤਾ-ਪੱਖੀ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ।
ਇਨ੍ਹਾਂ ਜਨਤਕ ਭਲਾਈ ਦੀਆਂ ਨੀਤੀਆਂ ਨੂੰ ਆਰਥਿਕ ਸੁਧਾਰਾਂ ਦੇ ਵਿਰੁਧ ਕਿਹਾ ਗਿਆ ਕਿਉਂਕਿ ਇਹ ਕਾਰਪੋਰੇਟ ਜਗਤ ਦਾ ਮੁਨਾਫ਼ੇ ਦੇ ਰਾਹ ਵਿੱਚ ਰੋੜਾ ਬਣਦੇ ਸਨ। ਕੌਮਾਂਤਰੀ ਵਿੱਤੀ ਸਰਮਾਏ ਅਤੇ ਭਾਰਤੀ ਕਾਰਪੋਰੇਟ ਜਗਤ ਦੀਆਂ ਆਸ਼ਾਵਾਂ ਅਨੁਕੂਲ ਨਹੀਂ ਸਨ। ਇਸ ਲਈ ਦੋਹਾਂ ਨੇ ਹੀ ਮੋਦੀ ਦੀ ਅਗਵਾਈ ਹੇਠ ਮਨਮੋਹਨ ਸਿੰਘ ਸਰਕਾਰ ਵਿਰੁਧ ਤੇਜ਼ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਇਹ ਅਧਰੰਗ ਦੀ ਮਾਰੀ ਸਰਕਾਰ ਹੈ। ਚੋਣ ਮੁਹਿੰਮ ਦੇ ਮੌਕੇ ਮੋਦੀ ਕਦੇ ਇਹ ਕਹਿਣ ਤੋਂ ਨਹੀਂ ਝਿਜਕਿਆ ਕਿ ਭਾਰਤ ਦਾ ਪ੍ਰਧਾਨ ਮੰਤਰੀ ‘ਮੋਨਮੋਹਨ ਸਿੰਘ’ ਬਣ ਗਿਆ ਹੈ ਜੋ ਵਿਦੇਸ਼ਾਂ ਵਿਚ ਹੀ ਬੋਲਦਾ ਹੈ, ਦੇਸ਼ ਵਿਚ ਮੌਨ ਰਹਿੰਦਾ ਹੈ। ਇਸ ਬੋਲਣ ਦੇ ਵਿਸ਼ੇਸ਼ ਗੁਣ ਦਾ ਮੋਦੀ ਹੁਣ ਪੂਰਾ ਇਸਤੇਮਾਲ ਕਰ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਵਿਦੇਸ਼ ਦੌਰੇ ਦੌਰਾਨ ਦਿੱਤੇ ਗਏ ਭਾਸ਼ਨਾਂ ਦਾ ਪ੍ਰਸਾਰਨ ਟੀ ਵੀ ਚੈਨਲ ਲਗਾਤਾਰ 24 ਘੰਟੇ ਕਰ ਰਹੇ ਸਨ।
ਮੋਦੀ, ਕਿਸੇ ਹੋਰ ਮਹਤੱਵਪੂਰਨ ਏਜੰਡੇ ਨੂੰ ਲਾਂਭੇ ਕਰਨ ਵਿੱਚ ਮਾਹਿਰ ਹੋ ਗਿਆ ਹੈ। ਜਵਾਹਰ ਲਾਲ ਨਹਿਰੂ ਦੀ 125ਵੀਂ ਬਰਸੀ ਵਿਗਿਆਨ ਭਵਨ ਵਿੱਚ ਮਨਾਈ ਜਾ ਰਹੀ ਸੀ। ਪਰ ਮੀਡੀਆ ਨੇ ਸਿਡਨੀ ਵਿੱਚ ਭਾਰਤੀ ਮੂਲ ਦੇ ਲੋਕਾਂ ਸਾਹਮਣੇ ਮੋਦੀ ਦੀ ਤਕਰੀਰ ਨੂੰ ਜ਼ਿਆਦਾ ਮਹਤੱਵ ਦਿੱਤਾ। ਵਿਦੇਸ਼ੀ ਦੌਰੇ ਦੌਰਾਨ ਲੋਕਾਂ ਦੇ ਛੋਟੇ ਇਕੱਠ ਨੂੰ ਵੀ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਹੈ। ਮੀਡੀਆ ਵਿੱਚ ਬੈਠੇ ਮੋਦੀ ਦੇ ਚਹੇਤੇ ਉਸ ਦੀ ਚਮਚਾਗਿਰੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੰਦੇ। ਕੁਝ ਪੱਤਰਕਾਰਾਂ ਨੇ ਸੰਪਾਦਕੀਆਂ ਰਾਹੀਂ ਵੀ ਆਪਣੀ ਭਗਤੀ ਦਾ ਪ੍ਰਦਰਸ਼ਨ ਕੀਤਾ ਹੈ।
ਟਾਈਮਜ਼ ਆਫ਼ ਇੰਡੀਆ ਲਿਖਦਾ ਹੈ, ‘‘ਸਿਡਨੀ ਵਿਚ ਪ੍ਰਧਾਨ ਮੰਤਰੀ ਦੇ ਸਮਾਗਮ ਵਿਚ ਹੋਏ ਲੋਕਾਂ ਦੇ ਇਕੱਠ ਨੇ ਨਿਊਯਾਰਕ ਦੇ ਮੈਡੀਸਨ ਸੁਕੇਅਰ ਇਕੱਠ ਦੀ ਬਰਾਬਰੀ ਕੀਤੀ ਹੈ। ਜਿਸ ਤੋਂ ਜਾਹਿਰ ਹੁੰਦਾ ਹੈ ਕਿ ਸਭਿਅਕ ਭਾਰਤ ਦੀ ਪਹੁੰਚ ਇਕ ਗਜ਼ ਵਜੋਂ ਭਾਰਤ ਨਾਲੋਂ ਜ਼ਿਆਦਾ ਹੈ।”
ਇਸ ਲਈ ਇਹ ਜ਼ਿਆਦਾ ਆਰਥਿਕ ਸੁਧਾਰਾਂ ਦੀ ਵਕਾਲਤ ਵੀ ਕਰ ਰਿਹਾ ਹੈ, ‘‘ਦੇਸ਼ ਵਿੱਚ ਨਿਵੇਸ਼ ਦਾ ਮਾਹੌਲ ਸੁਧਰਨਾ ਚਾਹੀਦਾ ਹੈ। ਜੋ ਸੁਧਾਰ ਘਰੇਲੂ ਨੀਤੀ ਨੂੰ ਜ਼ਿਆਦਾ ਉਦਾਰਵਾਦੀ ਤੇ ਪਾਰਦਰਸ਼ਕ ਬਣਾਉਂਦੇ ਹਨ, ਜਲਦੀ ਹੋਣੇ ਚਾਹੀਦੇ ਹਨ। ‘‘ਹਿੰਦੁਸਤਾਨ ਟਾਈਮਜ਼ ਵੀ ਆਪਣੇ ਸੰਪਾਦਕੀ ਵਿੱਚ ਲਿਖਦਾ ਹੈ, ‘‘ਜ਼ੀ-20 ਦੇਸ਼ਾਂ ਦੀ ਬੈਠਕ ਵਿੱਚ ਮੋਦੀ ਦੀ ਸ਼ਮੂਲੀਅਤ ਉਸ ਦੀ ਇਕ ਹੋਰ ਕੂਟਨੀਤਕ ਜਿੱਤ ਹੈ ਜੋ ਵਿਦੇਸ਼ੀ ਸਟੇਜ਼ ਤੇ ਬੜੇ ਆਰਾਮ ਨਾਲ ਨਜ਼ਰ ਆ ਰਹੀ ਹੈ।” ‘‘ਦੇਸ਼ ਵਿਚ ਉਸ ਨੂੰ ਸੁਣ ਰਹੇ ਲੱਖਾਂ ਲੋਕਾਂ ਦਾ ਧਿਆਨ ਰੱਖਦਿਆਂ ਉਸ ਨੇ ਸਰੋਤਿਆਂ ਨੂੰ ਆਪਣੀਆਂ ਪ੍ਰਾਪਤੀਆਂ ਤੇ ਉਦੇਸ਼ਾਂ ਅਤੇ ਕਦਰਾਂ ਕੀਮਤਾਂ ਜੋ ਉਹ ਅਪਣਾਉਣਾ ਚਾਹੁੰਦਾ ਹੈ , ਬਾਰੇ ਜਾਣੂ ਕਰਵਾਇਆ। ‘‘ਤੇਜ਼ ਸੁਧਾਰਾਂ ਦੀ ਵਕਾਲਤ ਕਰਦਿਆਂ ਲਿਖਦਾ ਹੈ, ‘‘ਹੋਰ ਦੇਸ਼ ਨਵੇਂ ਨਵੇਂ ਕਾਨੂੰਨ ਬਨਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਮੋਦੀ ਉਹ ਸਾਰੇ ਕਾਨੂੰਨ ਖ਼ਤਮ ਕਰਨ ਦੀ ਸੋਚਦਾ ਹੈ ਜੋ ਨਾਗਰਿਕਾਂ ਦੇ ਰਾਹ ਵਿਚ ਰੁਕਾਵਟ ਬਣਦੇ ਹਨ (ਮੁਜਾਫੇ ਵਧਾਉਣ ਦੇ ਰਾਹ ਵਿਚ)। ਉਸ ਦੇ ਇਸ ਫ਼ਲਸਫ਼ੇ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ।”
ਇੰਡੀਅਨ ਐਕਸਪਰੈਸ ਨੇ ਜ਼ੀ-20 ਦੇਸ਼ਾਂ ਦੇ ਸਿਖਰ ਸੰਮੇਲਨ ਵੱਲੋਂ ਕੁੱਲ ੳਤਪਾਦਨ ਵਿੱਚ ਦੋ ਫ਼ੀਸਦੀ ਵਾਧੇ ਦੇ ਟੀਚੇ ਦਾ ਸਵਾਗਤ ਕੀਤਾ ਹੈ ਪਰ ਕੁਲ ਕਾਰੋਬਾਰ ਵਿਚ ਦੋ ਟਰਿਲੀਅਨ ਡਾਲਰ ਵਧਾਉਣ ਨੂੰ ਮੁਸ਼ਕਲ ਦੱਸਿਆ ਹੈ। ਅੱਗੇ ਇਸ ਨੇ ਵੀ ਸਰਕਾਰ ਨੂੰ ਨਿਵੇਸ਼ ਲਈ ਮਾਹੌਲ ਨੂੰ ਸੁਧਾਰਨ ਦੀ ਅਪੀਲ ਕੀਤੀ ਹੈ, ‘‘ਇਹ ਕੁਝ ਭਾਰਤ ਦੇ ਆਪਣੇ ਵੱਸ ਹੈ, ਜੇ ਅਸੀਂ ਵਿਕਾਸ ਦਰ ਤੇਜ਼ ਕਰਨ ਤੇ ਰੋਜ਼ਗਾਰ ਪੈਦਾ ਕਰਨਾ ਚਾਹੁੰਦੇ ਹਾਂ।” ਇਸ ਸਭ ਕੁਝ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਚੋਣ ਮਹਿੰਮ ਦੌਰਾਨ ਮੋਦੀ ਦਾ ‘ਯੇਹ ਦਿਲ ਮਾਂਗੇ ਮੋਰ’ ਅਸਲ ਵਿੱਚ ਭਾਰਤੀ ਕਾਰਪੋਰੇਟ ਜਗਤ ਦੀ ਖਾਹਿਸ਼ ਦਾ ਹੀ ਪ੍ਰਤੀਬਿੰਬ ਸੀ ਜੋ ਕਿ ਤੇਜ਼ ਗਤੀ ਨਾਲ ਹੋਰ ਆਰਥਿਕ ਸੁਧਾਰਾਂ ਦੀ ਮੰਗ ਕਰ ਰਹੇ ਹਨ। ਤਾਂ ਹੀ ਉਹ ਬੜੇ ਖੁੱਲ੍ਹੇ ਦਿਲ ਨਾਲ ਮੋਦੀ ਦੀ ਮੁਹਿੰਮ ਦੀ ਸਹਾਇਤਾ ਕਰ ਰਹੇ ਸਨ। ਹੁਣ ਭਾਜੀ ਮੋੜਣ ਦਾ ਵਕਤ ਆ ਗਿਆ ਹੈ। ਮੋਦੀ ਦੀ ਜੈ ਜੈ ਕਾਰ ਕਰਨ ਵਾਲਿਆਂ ਵਿੱਚੋਂ ਪ੍ਰਮੁੱਖ ਅਡਾਨੀ ਗਰੁੱਪ ਸੀ। ਉਨ੍ਹਾਂ ਦੇ ਹਵਾਈ ਜੈਟ ’ਤੇ ਚੜ ਕੇ ਹੀ ਮੋਦੀ ਨੇ ਸਾਰੇ ਦੇਸ਼ ਦੇ ਚਕੱਰ ਕਟੇ ਸੀ। ਅਡਾਨੀ ਗਰੁੱਪ ਦੇਸ਼ ਦਾ ਪਹਿਲਾ ਕਾਰੋਬਾਰੀ ਹੈ ਜਿਸ ਨੂੰ ਕਿਸੇ ਵਿਦੇਸ਼ੀ ਸੌਦੇ ਦੇ ਲਈ ਭਾਰਤੀ ਸਟੇਟ ਬੈਂਕ ਵਲੋਂ ਇਕ ਬਿਲੀਅਨ ਡਾਲਰ (ਤਕਰੀਬਨ 6000 ਕਰੋੜ ਤੋਂ ਵੀ ਜਿਆਦਾ) ਦਾ ਕਰਜ਼ ਦਿੱਤਾ ਜਾ ਰਿਹਾ ਹੈ। ਪਹਿਲਾਂ ਹੀ ਅਡਾਨੀ ਗਰੁੱਪ ਦੇ ਸਿਰ ਬੈਂਕਾਂ ਦਾ 65000 ਕਰੋੜ ਰੁਪਇਆ ਖੜ੍ਹਾ ਹੈ। ਇਹ ਕਰਜ਼ਾ ਯੋਜਨਾ ਦੀ ਵਪਾਰ ਯੋਗਤਾ ਦੀ ਜਾਂਚ ਤੋਂ ਬਿਨਾਂ ਹੀ ਦਿੱਤਾ ਜਾ ਰਿਹਾ ਹੈ ਜਦਕਿ ਕੰਪਨੀ ਪਹਿਲਾਂ ਹੀ ਐਨੀ ਕਰਜ਼ਾਈ ਹੈ, ਅਜੇ ਵਾਤਾਵਰਣ ਸਬੰਧੀ ਪ੍ਰਵਾਨਗੀਆਂ ਵੀ ਲੈਣੀਆਂ ਹਨ ਅਤੇ ਕੋਲੇ ਦੇ ਮਾਮਲੇ ਵਿਚ ਭਾਰਤ ਨੂੰ ਆਤਮ ਨਿਰਭਰ ਮੰਨਿਆ ਜਾਂਦਾ ਹੈ। ਕੇਂਦਰੀ ਊਰਜ਼ਾ ਮੰਤਰੀ ਦਾ ਬਿਆਨ ਹੈ ਕਿ ਦੇਸ਼ ਅਗਲੇ ਤਿੰਨ ਸਾਲਾਂ ਤੱਕ ਥਰਮਲ ਕੋਲੇ ਦੀ ਬਰਾਮਦ ਬੰਦ ਕਰ ਦੇਵੇਗਾ।
ਅਡਾਨੀ ਗਰੁੱਪ ਦੀ ਅਸਟਰੇਲੀਆ ਦੀ ਕਾਰਮੀਕਲ ਖਾਣ ਦੇ ਕੁਲ ਉਤਪਾਦਨ ਦਾ ਦੋ ਤਿਹਾਈ ਭਾਰਤ ਭੇਜਣ ਦੀ ਯੋਜਨਾ ਹੈ। ਅਖਬਾਰ ਸਿਡਨੀ ਮਾਰਨਿੰਗ ਹੈਰਾਲਡ ਦੀ, ਅਡਾਨੀ ਗਰੁੱਪ ਦੀ ਅਸਟਰੇਲੀਆ ਵਿਚਲੀ ਕੰਪਨੀ ਅਡਾਨੀ ਮਾਈਨਿੰਗ ਬਾਰੇ ਰਿਪੋਰਟ ਹੈ, ‘‘ਇਕ ਬਿਲੀਅਨ ਡਾਲਰ ਕਰਜ਼ਾ ਹੈ, ਨਾਪੱਖੀ ਸ਼ੇਅਰ ਹੋਲਡਰ ਫ਼ੰਡ, ਕਮਾਈ ਕੋਈ ਨਹੀਂ ਅਤੇ ਹਾਈ ਕੈਸ਼ ਬਰਨ (ਫ਼ਜ਼ੂਲ-ਖਰਚੀ)”। ਅਸਟਰੇਲੀਆ ਦੀ ਕਵੀਨਲੈਂਡ ਸਟੇਟ ਨੇ ਭਾਂਵੇ ਸਾਰੀ ਵਾਤਾਵਰਣ ਸਬੰਧੀ ਮਨਜ਼ੂਰੀ ਦੇ ਦਿੱਤੀ ਹੈ ਪਰ ਕੰਪਨੀ ਅਦਾਲਤ ਵਿਚ ਗਰੀਨ ਉਦਮੀਆਂ ਨਾਲ ਵਾਤਾਵਰਣ ਸਬੰਧੀ ਕੇਸ ਲੜ ਰਹੀ ਹੈ : ਗਰੀਨ ਮੂਵਮੈਂਟ ਵਾਲਿਆਂ ਦਾ ਕਹਿਣਾ ਹੈ ਕਿ ਇਹ ਕੋਲਾ ਖਾਣ ਦੀ ਯੋਜਨਾ ਗਰੇਟ ਬੈਰੀਅਰ ਰੀਫ਼ ਨੂੰ ਨੁਕਸਾਨ ਪਹੁੰਚਾਵੇਗੀ। ਇਸ ਕਾਰਨ ਯੋਜਨਾ 2022 ਤਕ ਪੂਰਾ ੳਤਪਾਦਨ ਨਹੀਂ ਕਰ ਪਾਵੇਗੀ ਅਤੇ ਜੇ 2017 ਤਕ ਇਹ ਪੂਰੀ ਸਮਰਥਾ ਨਾਲ ਕੰਮ ਨਹੀਂ ਕਰਦੀ ਤਾਂ ਸਾਲਾਨਾ ਇਕ ਅਰਬ ਡਾਲਰ ਦਾ ਘਾਟਾ ਸਹਿਣਾ ਪਵੇਗਾ। ਤੇ ਇਸ ਵਕਤ ਅੰਤਰ-ਰਾਸ਼ਟਰੀ ਮੰਡੀ ਵਿੱਚ ਕੋਲੇ ਦੀਆਂ ਕੀਮਤਾਂ ਪਿਛਲੇ ਪੰਜ ਸਾਲਾਂ ਵਿਚ ਸਭ ਤੋਂ ਹੇਠਲੀ ਪਧੱਰ ਤੇ ਹਨ (70 ਡਾਲਰ ਪ੍ਰਤੀ ਟਨ)।
ਜੇ ਹਾਲਾਤ ਇਹ ਹੀ ਰਹਿੰਦੇ ਹਨ ਤਾਂ ਭਵਿਖ ਵਿਚ ਕੋਲੇ ਤੋਂ ਹੋਣ ਵਾਲੀ ਆਮਦਨ ਤੋਂ ਲਾਗਤ ਵਧ ਜਾਵੇਗੀ। ਇਨ੍ਹਾਂ ਸਭ ਊਣਤਾਈਆਂ ਨੂੰ ਦੇਖਦਿਆਂ ਹੋਇਆਂ ਵੀ ਅਡਾਨੀ ਗਰੁਪ ਨੂੰ ਐਨੀ ਵੱਡੀ ਰਕਮ ਦਾ ਕਰਜ਼ ਮਨਜ਼ੂਰ ਕਰ ਦਿੱਤਾ ਗਿਆ ਹੈ। ਭਾਜੀ ਮੋੜਣ ਦਾ ਵਕਤ ਹੈ ਨਾ? ਕੌਮਾਂਤਰੀ ਵਿੱਤੀ ਸਰਮਾਏ ਅਤੇ ਭਾਰਤੀ ਕਾਰਪੋਰੇਟ ਜਗਤ ਦੇ ਹਿੱਤਾਂ ਨੂੰ ਮੁੱਖ ਰਖਦਿਆਂ ਸੁਧਾਰ ਕੀਤੇ ਜਾ ਰਹੇ ਹਨ ; ਦੂਸਰੇ ਪਾਸੇ ਮਨਰੇਗਾ ਤੇ ਖਰਚ ਹੋਣ ਵਾਲੀ ਰਕਮ ਘਟਾਈ ਜਾ ਰਹੀ ਹੈ, ਤੇਲ ਪਦਾਰਥਾਂ ਦੇ ਕਰ ਤੇ ਰੇਲ ਕਰਾਏ ਵਧਾਏ ਜਾ ਰਹੇ ਹਨ, ਜਨਤਕ ਖੇਤਰ ਦਾ ਨਿੱਜੀ ਕਰਨ ਕੀਤਾ ਜਾ ਰਿਹਾ ਹੈ ਆਦਿ ਆਦਿ। ਇਹ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਆਰਥਿਕ ਏਜੰਡਾ ਹੈ। ਇਸ ਦੇ ਖਿਲਾਫ਼ ਜਨਤਾ ਵਿੱਚ ਅਸੰਤੋਸ਼ ਉਠਣਾ ਸੁਭਾਵਕ ਹੈ। ਇਸ ਲਈ ਜਨਤਾ ਦਾ ਧਿਆਨ ਪਾਸੇ ਲਾਉਣ ਦੇ ਲਈ ਆਰ ਆਰ ਐਸ ਆਪਣੇ ਫ਼ਿਰਕੂ ਹੱਥ ਕੰਢੇ ਵਰਤ ਰਹੀ ਹੈ। ਰਾਮ ਮੰਦਰ ਦੀ ਚਰਚਾ ਤੇਜ਼ ਹੋ ਰਹੀ ਹੈ, ਵਿਸ਼ਵ ਹਿੰਦੂ ਸੰਮੇਲਨ ਕੀਤੇ ਜਾ ਰਹੇ ਹਨ। ਇਸ ਸਭ ਕੁਝ ਦਾ ਮਨੋਰਥ ਧਰਮ-ਨਿਰਪੱਖ ਭਾਰਤ ਦੀ ਜ਼ਮਹੂਰੀਅਤ ਨੂੰ ਖਤਮ ਕਰਕੇ ਹਿੰਦੂ-ਰਾਸ਼ਟਰ ਦੀ ਉਸਾਰੀ ਹੈ। ਦੇਸ਼ ਦੇ ਸਾਰੇ ਅਗਾਂਹਵਧੂ ਲੋਕਾਂ ਨੂੰ ਚੌਕੰਨੇ ਹੋਣ ਦੀ ਲੋੜ ਹੈ।