ਅਮਰੀਕਾ ਤੇ ਭਾਰਤ ’ਚ ਵਧ ਰਹੀ ਨੇੜਤਾ ਦੋਵਾਂ ਦੇਸ਼ਾਂ ਦੇ ਹਿੱਤ ਵਿੱਚ ਨਹੀਂ -ਡਾ. ਸਵਰਾਜ ਸਿੰਘ
Posted on:- 29-11-2014
ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਸੋਵੀਅਤ ਯੂਨੀਅਨ ਢਹਿ-ਢੇਰੀ ਹੋ ਗਿਆ ਸੀ ਅਤੇ ਅਮਰੀਕਾ ਆਪਣੀ ਜਿੱਤ ਦੇ ਜਸ਼ਨ ਮਨਾ ਰਿਹਾ ਸੀ ਤਾਂ ਮੈਂ ਲਿਖਿਆ ਕਿ ਅਮਰੀਕਾ ਆਪਣੇ ਇਤਿਹਾਸ ਵਿੱਚ ਸਭ ਤੋਂ ਵੱਡੀ ਗਲਤੀ ਕਰ ਰਿਹਾ ਹੈ। ਇਤਿਹਾਸ ਇਸ ਤੱਥ ਦੀ ਪੁਸ਼ਟੀ ਕਰੇਗਾ ਕਿ ਇੱਕ ਦਿਨ ਸੋਵੀਅਤ ਯੂਨੀਅਨ ਦਾ ਨਾ ਰਹਿਣਾ ਹੀ ਅਮਰੀਕਾ ਦੀ ਸੰਸਾਰ ਤੋਂ ਮਹਾਂਸ਼ਕਤੀ ਅਤੇ ਸੰਸਾਰ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੋਣ ਦਾ ਰੁਤਬਾ ਗੁਆਚਣ ਦਾ ਸਭ ਤੋਂ ਵੱਡਾ ਕਾਰਨ ਬਣੇਗਾ। ਸੋਵੀਅਤ ਯੂਨੀਅਨ ਦੇ ਢਹਿ ਜਾਣ ਨੇ ਅਮਰੀਕਾ ਦੇ ਨਿਘਾਰ ਦੇ ਬੀਜ-ਬੀਜ ਦਿੱਤੇ। ਪਿੱਛੇ ਜਿਹੇ ਇੰਟਰਨੈਸ਼ਨਲ ਮਾਨਟਰੀ ਫੰਡ ਜੇ ਇਹ ਐਲਾਨ ਕਰ ਦਿੱਤਾ ਹੈ ਕਿ ਚੀਨ ਦੀ ਆਰਥਿਕਤਾ ਅਮਰੀਕਾ ਨਾਲੋਂ ਵੱਡੀ ਹੋ ਚੁੱਕੀ ਹੈ। ਅਰਥਾਤ ਅਮਰੀਕਾ ਸੰਸਾਰ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੋਣ ਦਾ ਰੁਤਬਾ ਗੁਆ ਚੁੱਕਾ ਹੈ।
ਅਮਰੀਕਾ ਦਾ ਇਹ ਰੁਤਬਾ ਅਮਰੀਕਾ ਦੀ ਸੰਸਾਰ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੋਣ ’ਤੇ ਹੀ ਅਧਾਰਿਤ ਸੀ ਜੋ ਹੁਣ ਖ਼ਤਮ ਹੋ ਰਿਹਾ ਹੈ। ਅਮਰੀਕਨ ਨਿਘਾਰ ਦਾ ਇਹ ਰੁਝਾਨ ਇਸ ਸਦੀ ਦੇ ਮੱਧ ਵਿੱਚ ਅਮਰੀਕਾ ਨੂੰ ਬਿਲਕੁਲ ਹਾਸ਼ੀਏ ’ਤੇ ਧੱਕ ਦਏਗਾ। ਮੇਰੀ ਕਈ ਸਾਲ ਪਹਿਲਾਂ ਕੀਤੀ ਗਈ ਇਹ ਪੇਸ਼ੀਨਗੋਈ ਕਿ 2013 ਵਿੱਚ ਚੀਨ ਦੀ ਆਰਥਿਕਤਾ ਅਮਰੀਕਾ ਨਾਲੋਂ ਅੱਗੇ ਲੰਘ ਜਾਏਗੀ ਅਤੇ 2050 ਤੱਕ ਭਾਰਤ ਦੀ ਆਰਥਿਕਤਾ ਅਮਰੀਕਾ ਨਾਲੋਂ ਅੱਗੇ ਨਿਕਲ ਜਾਏਗੀ, ਸੱਚ ਹੁੰਦੀ ਜਾਪਦੀ ਹੈ। ਜਦੋਂ ਭਾਰਤ ਦੀ ਆਰਥਿਕਤਾ ਵੀ ਅਮਰੀਕਾ ਨਾਲੋਂ ਵੱਡੀ ਹੋ ਜਾਏਗੀ ਤਾਂ ਫਿਰ ਅਮਰੀਕਾ ਦੇ ਹਾਸ਼ੀਏ ਤੇ ਧੱਕੇ ਜਾਣ ਬਾਰੇ ਕਿਸੇ ਨੂੰ ਕੋਈ ਸ਼ੱਕ ਬਾਕੀ ਨਹੀਂ ਰਹੇਗਾ।
ਸ਼ਾਇਦ ਕਈਆਂ ਨੂੰ ਮੇਰਾ ਇਹ ਦਾਅਵਾ ਬੇਬੁਨਿਆਦ ਲੱਗੇ। ਪਰ ਮੈਂ ਅਜਿਹਾ ਇਸ ਲਈ ਸੋਚ ਰਿਹਾ ਹਾਂ ਕਿ ਸੋਵੀਅਤ ਯੂਨੀਅਨ ਦੇ ਉਭਾਰ ਸਮੇਂ ਸੰਸਾਰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਸੰਸਾਰ ਵਿੱਚ ਦੋ ਮਹਾਂਸ਼ਕਤੀਆਂ ਅਮਰੀਕਾ ਤੇ ਰੂਸ ਸਨ। ਅੱਧਾ ਸੰਸਾਰ ਅਮਰੀਕਾ ਦੀ ਪ੍ਰਬਲਤਾ ਹੇਠ ਸੀ ਤੇ ਅੱਧਾ ਸੋਵੀਅਤ ਯੂਨੀਅਨ ਦੀ ਪ੍ਰਬਲਤਾ ਹੇਠ ਸੀ। ਸੋਵੀਅਤ ਯੂਨੀਅਨ ਬਾਅਦ ਅਮਰੀਕਾ ਨੇ ਲਾਲਚਵੱਸ ਹੋ ਕੇ ਸਾਰਾ ਸੰਸਾਰ ਹੀ ਨਿਗਲਣਾ ਚਾਹਿਆ ਜਦੋਂਕਿ ਉਸ ਦੀ ਪਾਚਣ ਸ਼ਕਤੀ ਅੱਧਾ ਹੀ ਹਜ਼ਮ ਕਰਨ ਦੇ ਸਮਰੱਥ ਸੀ। ਨਾ ਸਿਰਫ਼ ਅਮਰੀਕਾ ਬਾਕੀ ਦਾ ਸੰਸਾਰ ਹਜ਼ਮ ਕਰਨ ਵਿੱਚ ਨਾਕਾਮ ਰਿਹਾ ਹੈ ਸਗੋਂ ਜਿਹੜੇ ਦੇਸ਼ (ਜਿਵੇਂ ਪੱਛਮੀ ਯੂਰਪ ਦੇ ਦੇਸ਼) ਸੋਵੀਅਤ ਯੂਨੀਅਨ ਦੇ ਡਰ ਕਾਰਨ ਅਮਰੀਕਾ ਦੀ ਸ਼ਰਨ ਲੈਣ ਲਈ ਮਜ਼ਬੂਰ ਸਨ ਉਨ੍ਹਾਂ ਨੂੰ ਹੁਣ ਅਮਰੀਕਾ ਦੇ ਗੁਲਾਮ ਬਣੇ ਰਹਿਣ ਦਾ ਕੋਈ ਕਾਰਨ ਨਜ਼ਰ ਨਹੀਂ ਆ ਰਿਹਾ। ਸੋਵੀਅਤ ਯੂਨੀਅਨ ਦੇ ਟੁੱਟ ਜਾਣ ਤੋਂ ਬਾਅਦ ਪੱਛਮੀ ਯੂਰਪ ਦੇ ਦੇਸ਼ਾਂ ਨੇ ਲਗਾਤਾਰ ਅਮਰੀਕਾ ਤੋਂ ਤੁਲਨਾਤਮਿਕ ਤੌਰ ’ਤੇ ਆਜ਼ਾਦ ਹੋਣ ਦਾ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਹੈ, ਇਸ ਤੱਥ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਯੂਰਪ ਵਿੱਚ ਅਮਰੀਕਾ ਦੇ ਸਭ ਤੋਂ ਵਫਾਦਾਰ ਸਿਪਾਹੀ (ਜਾਂ ਚਪੜਾਸੀ ਕਿਉਂਕਿ ਬਿ੍ਰਟਿਸ਼ ਪ੍ਰਧਾਨ ਮੰਤਰੀ ਨੂੰ ਅਮਰੀਕਾ ਦੇ ਪ੍ਰਧਾਨ ਬੁਸ਼ ਦਾ ਚਪੜਾਸੀ ਕਿਹਾ ਜਾਂਦਾ ਸੀ) ਇੰਗਲੈਂਡ ਦਾ ਯੂਰਪ ਵਿੱਚ ਸਥਾਨ ਲਗਾਤਾਰ ਘੱਟ ਰਿਹਾ ਹੈ। ਫਰਾਂਸ ਅਤੇ ਜਰਮਨੀ ਨੇ ਇੰਗਲੈਂਡ ਨੂੰ ਯੂਰਪ ਵਿੱਚ ਲਗਭਗ ਹਾਸ਼ੀਏ ’ਤੇ ਧੱਕ ਦਿੱਤਾ ਹੈ। ਇੱਥੋਂ ਤੱਕ ਕਿ ਇੰਗਲੈਂਡ ਵਿੱਚ ਇੰਨੀ ਨਿਰਾਸ਼ਾ ਹੈ ਕਿ ਉਹ ਯੂਰਪੀਨ ਯੂਨੀਅਨ ਤੋਂ ਬਾਹਰ ਆਉਣ ਦੀ ਗੱਲ ਕਰ ਰਿਹਾ ਹੈ। ਹੁਣੇ-ਹੁਣੇ ਇੰਗਲੈਂਡ ਵਿੱਚ ਉਸ ਪਾਰਟੀ ਦੇ ਉਮੀਦਵਾਰ ਨੇ ਕੈਮਰੋਨ ਦੀ ਪਾਰਟੀ ਦੇ ਉਮੀਦਵਾਰ ਨੂੰ ਪਾਰਲੀਮੈਂਟ ਦੀ ਇੱਕ ਚੋਣ ਵਿੱਚ ਹਰਾ ਦਿੱਤਾ ਹੈ ਜਿਹੜੀ ਪਾਰਟੀ ਦਾ ਏਜੰਡਾ ਇੰਗਲੈਂਡ ਨੂੰ ਯੂਰਪੀਨ ਯੂਨੀਅਨ ਵਿੱਚੋਂ ਬਾਹਰ ਕੱਢਣਾ ਹੈ।
ਲੱਗਦਾ ਹੈ ਕਿ ਬਿਲਕੁਲ ਜਿਵੇਂ ਸੋਵੀਅਤ ਯੂਨੀਅਨ ਨੂੰ ਢਾਹ ਲੈਣਾ ਅਮਰੀਕਾ ਲਈ ਬਹੁਤ ਹਾਨੀਕਾਰਕ ਸਾਬਤ ਹੋਇਆ ਹੈ, ਉਸੇ ਤਰ੍ਹਾਂ ਭਾਰਤ ਤੇ ਅਮਰੀਕਾ ਵਿਚ ਵਧ ਰਹੀਆਂ ਨਜ਼ਦੀਕੀਆਂ ਦੋਵਾਂ ਦੇਸ਼ਾਂ ਅਤੇ ਸੰਸਾਰ ਲਈ ਨਾਂਹ ਪੱਖੀ ਸਾਬਤ ਹੋਣਗੀਆਂ। ਇਸ ਦੇ ਸੰਕੇਤ ਮਿਲਣੇ ਸ਼ੁਰੂ ਹੋ ਵੀ ਗਏ ਹਨ। ਤਾਜ਼ਾ ਵੱਡੀ ਖ਼ਬਰ ਹੈ ਕਿ ਓਬਾਮਾ ਗਣਤੰਤਰ ਦਿਵਸ ’ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਸੇ ਅਖ਼ਬਾਰ ਦੇ ਆਖਰੀ ਸਫ਼ੇ ’ਤੇ ਖ਼ਬਰ ਹੈ ਕਿ ਅਫਗਾਨਿਸਤਾਨ, ਚੀਨ ਅਤੇ ਪਾਕਿਸਤਾਨ ਵੱਲ ਝੁਕ ਰਿਹਾ ਹੈ। ਅਫਗਾਨਿਸਤਾਨ ਦੇ ਪ੍ਰਤੀਨਿਧ ਨੇ ਆਪਣੇ ਯੂਨਾਈਟਿਡ ਨੇਸ਼ਨਜ਼ ਦੇ ਭਾਸ਼ਣ ਵਿਚ ਚੀਨ ਵੱਲ ਝੁਕਣ ਦੀ ਗੱਲ ਕੀਤੀ ਹੈ ਪਰ ਆਪਣੇ ਭਾਸ਼ਣ ਵਿਚ ਭਾਰਤ ਦਾ ਨਾਂ ਵੀ ਨਹੀਂ ਲਿਆ। ਸਾਫ਼ ਹੈ ਕਿ ਭਾਰਤ ਦੀ ਅਮਰੀਕਾ ਨਾਲ ਤਾਂ ਨਜ਼ਦੀਕੀ ਵਧ ਰਹੀ ਹੈ ਪਰ ਭਾਰਤ ਆਪਣੇ ਗੁਆਂਢੀਆਂ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸ੍ਰੀਲੰਕਾ, ਬਰਮਾ ਅਤੇ ਮਾਲਦੀਪ ਵਿਚ ਚੀਨ ਦੀ ਤੁਲਨਾ ਵਿਚ ਘਟ ਰਹੇ ਰਸੂਖ ਦਾ ਅਹਿਸਾਸ ਕਰ ਰਿਹਾ ਹੈ। ਦੂਜੇ ਸ਼ਬਦਾਂ ਵਿਚ ਇਨ੍ਹਾਂ ਸਾਰੇ ਦੇਸ਼ਾਂ ਵਿਚ ਭਾਰਤ ਦੀ ਤੁਲਨਾ ਵਿਚ ਚੀਨ ਦਾ ਰਸੂਖ ਲਗਾਤਾਰ ਵਧੀ ਜਾ ਰਿਹਾ ਸੀ। ਅਫਗਾਨਿਸਤਾਨ ਭਾਰਤ ਦੇ ਗੁਆਂਢੀਆਂ ਵਿਚੋਂ ਇਕ ਅਜਿਹਾ ਦੇਸ਼ ਸੀ, ਜਿਸ ਵਿਚ ਭਾਰਤ ਦਾ ਪਾਕਿਸਤਾਨ ਅਤੇ ਚੀਨ ਨਾਲੋਂ ਜ਼ਿਆਦਾ ਰਸੂਖ ਸੀ। ਅਫਗਾਨਿਸਤਾਨ ਨੇ ਹੁਣ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਨੇ ਵੀ ਪਾਸਾ ਬਦਲ ਲਿਆ ਹੈ। ਅਮਰੀਕਾ ਨਾਲ ਨਜ਼ਦੀਕੀ ਵਧਾ ਕੇ ਭਾਰਤ ਨੇ ਆਪਣੇ ਗੁਆਂਢ ਅਤੇ ਤੀਸਰੇ ਸੰਸਾਰ ਵਿਚ ਇਕ ਨਿਰਪੱਖ ਦੇਸ਼ ਹੋਣ ਦੀ ਭਰੋਸੇਯੋਗਤਾ, ਜੋ ਬਹੁਤ ਮੁਸ਼ਕਲ ਨਾਲ ਅਤੇ ਮਿਹਨਤ ਕਰਕੇ ਪਿਛਲੇ 67 ਸਾਲਾਂ ਵਿਚ ਬਣਾਈ ਸੀ, ਗੁਆ ਲਈ ਹੈ। ਇਹ ਸਾਰੇ ਦੇਸ਼ਾਂ ਵਿਚ ਭਾਰਤ ਦਾ ਇਹ ਪ੍ਰਭਾਵ ਬਣ ਰਿਹਾ ਹੈ ਕਿ ਭਾਰਤ ਇਕ ਨਿਰਪੱਖ ਦੇਸ਼ ਨਹੀਂ ਹੈ, ਸਗੋਂ ਚੀਨ ਅਤੇ ਇਸਲਾਮਿਕ ਦੇਸ਼ਾਂ ਵਿਰੁੱਧ ਅਮਰੀਕਾ ਦੇ ਗੱਠਜੋੜ ਦਾ ਇਕ ਹਿੱਸਾ ਬਣ ਚੁੱਕਾ ਹੈ। ਅਜਿਹਾ ਪ੍ਰਭਾਵ ਭਾਰਤ ਦੇ ਬੁਨਿਆਦੀ ਹਿੱਤਾਂ ਲਈ ਬੇਹੱਦ ਖ਼ਤਰਨਾਕ ਹੈ, ਇਹ ਇਕ ਤਰ੍ਹਾਂ ਆਪਣੇ ਭਾਈਚਾਰੇ ਵਿਚੋਂ ਛੇਕੇ ਜਾਣ ਦੇ ਬਰਾਬਰ ਹੈ। 10000 ਮੀਲ ਦੂਰ ਦੇ ਦੇਸ਼ ਨਾਲ ਬਣਾ ਕੇ ਆਪਣੇ ਗੁਆਂਢੀਆਂ ਨਾਲ ਵਿਗਾੜ ਲੈਣ ਨੂੰ ਕਿਸੇ ਢੰਗ ਨਾਲ ਸਿਆਣਪ ਕਹਿਣਾ ਔਖਾ ਹੈ। ਇਕ ਬਹੁਤ ਹੀ ਸਾਧਾਰਨ ਮਨੁੱਖ ਵੀ ਇਹ ਗੱਲ ਸਮਝਦਾ ਹੈ ਕਿ ਗੁਆਂਢ ਮੱਥੇ ਨਾਲ ਵਿਗਾੜਨਾ ਕਿਸੇ ਦੇ ਹਿੱਤ ਵਿਚ ਨਹੀਂ।
ਅੱਜ ਅਮਰੀਕਾ ਭਾਰਤ ਨੂੰ ਅਮਲੀ ਤੌਰ ’ਤੇ ਆਪਣੇ ਗੱਠਜੋੜ ਵਿਚ ਸ਼ਾਮਲ ਕਰਕੇ ਅਤੇ ਭਾਰਤ ਦੀ ਇਕ ਨਿਰਪੱਖ ਦੇਸ਼ ਹੋਣ ਦੀ ਭਰੋਸੇਯੋਗਤਾ ਨੂੰ ਖ਼ਤਮ ਕਰਕੇ ਉਸੇ ਤਰ੍ਹਾਂ ਹੀ ਖੁਸ਼ ਹੋ ਰਿਹਾ ਹੈ, ਜਿਸ ਤਰ੍ਹਾਂ ਉਹ ਸੋਵੀਅਤ ਯੂਨੀਅਨ ਦੇ ਖੇਰੂੰ-ਖੇਰੂੰ ਹੋਣ ਪਿੱਛੋਂ ਸੀ। ਪਰ ਜਿਸ ਤਰ੍ਹਾਂ ਸੋਵੀਅਤ ਯੂਨੀਅਨ ਨੂੰ ਤੋੜ ਕੇ ਲੰਬੇ ਸਮੇਂ ਵਿਚ ਉਸ ਨੂੰ ਪਛਤਾਵੇ ਤੋਂ ਸਿਵਾ ਕੁਝ ਹਾਸਲ ਨਹੀਂ ਹੋਇਆ ਇਸੇ ਤਰ੍ਹਾਂ ਭਾਰਤ ਦੀ ਇਕ ਨਿਰਪੱਖ ਦੇਸ਼ ਵਜੋਂ ਭਰੋਸੇਯੋਗਤਾ ਖ਼ਤਮ ਕਰਕੇ ਅਮਰੀਕਾ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਣ ਵਾਲਾ ਹੈ। ਪੂਤਿਨ ਅਮਰੀਕਾ ਦੀ ਹਰ ਚਾਲ ਦਾ ਸ਼ਤਰੰਜ ਦੀ ਖੇਡ ਅਨੁਸਾਰ ਜਵਾਬੀ-ਚਾਲ ਨਾਲ ਜਵਾਬ ਦੇ ਰਿਹਾ ਹੈ। ਹਾਲੇ ਤੱਕ ਪੂਤਿਨ ਦੀਆਂ ਚਾਲਾਂ ਜ਼ਿਆਦਾ ਸਫ਼ਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਜਿਨ੍ਹਾਂ ਅਮਰੀਕਾ ਰੂਸ ਨੂੰ ਪੱਛਮੀ ਦੇਸ਼ਾਂ ਨਾਲੋਂ ਅਲੱਗ ਕਰ ਰਿਹਾ ਹੈ, ਓਨਾ ਰੂਸ, ਚੀਨ ਦੇ ਜ਼ਿਆਦਾ ਨੇੜੇ ਜਾ ਰਿਹਾ ਹੈ। ਯੂਕਰੇਨ ਦੇ ਮਸਲੇ ਵਿਚ ਹੀ ਲਓ; ਰੂਸ ਕੋਲ ਦੁਨੀਆ ਦਾ; ਸਭ ਤੋਂ ਵੱਡਾ ਰਕਬਾ (ਖੇਤਰਫਲ) ਹੈ ਅਤੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਕੁਦਰਤੀ ਸੋਮਿਆਂ ਦੇ ਭੰਡਾਰ ਹਨ। ਪਹਿਲਾਂ ਇਹ ਸੋਮੇ ਜ਼ਿਆਦਾਤਰ ਪੱਛਮ ਵੱਲ ਜਾ ਰਹੇ ਹਨ, ਜਿਉਂ-ਜਿਉਂ ਪੱਛਮੀ ਦੇਸ਼ਾਂ ਨਾਲ ਰੂਸ ਦਾ ਟਕਰਾਅ ਵਧ ਰਿਹਾ ਹੈ, ਤਿਉਂ-ਤਿਉਂ ਰੂਸ ਨੇ ਇਨ੍ਹਾਂ ਸੋਮਿਆਂ ਦਾ ਰੁਖ ਪੱਛਮ ਤੋਂ ਮੋੜ ਕੇ ਪੂਰਬ ਵੱਲ ਨੂੰ ਕਰ ਦਿੱਤਾ ਹੈ। ਅਰਥਾਤ ਯੂਰਪ ਦੀ ਬਜਾਏ ਰੂਸ ਦੇ ਕੁਦਰਤੀ ਸੋਮੇ ਹੁਣ ਚੀਨ ਵੱਲ ਜਾ ਰਹੇ ਹਨ। ਰੂਸ ਭਾਰਤ ਨਾਲ ਆਪਣੀ ਰਵਾਇਤੀ ਮਿੱਤਰਤਾ ਬਹਾਲ ਕਰਨਾ ਚਾਹੁੰਦਾ ਸੀ ਪਰ ਅਮਰੀਕਾ ਤੇ ਭਾਰਤ ਦੀ ਵਧ ਰਹੀ ਨਜ਼ਦੀਕੀ ਉਸ ਨੂੰ ਚੀਨ ਦੇ ਹੋਰ ਨੇੜੇ ਧੱਕੇਗੀ। ਜ਼ਾਹਿਰ ਹੈ ਕਿ ਅਮਰੀਕਾ ਆਪਣੇ ਮੁੱਖ ਵਿਰੋਧੀ ਚੀਨ ਦੀ ਸ਼ਕਤੀ ਵਧਾ ਰਿਹਾ ਹੈ। ਉਸ ਨੂੰ ਸਭ ਤੋਂ ਵੱਡੇ ਕੁਦਰਤੀ ਵਸੀਲਿਆਂ ਦੇ ਭੰਡਾਰ ਉਪਲਬਧ ਕਰਵਾ ਰਿਹਾ ਹੈ। ਇੰਨਾ ਹੀ ਨਹੀਂ, ਰੂਸ ਦੋ ਹੋਰ ਜਵਾਬੀ-ਚਾਲਾਂ ਚਲ ਸਕਦਾ ਹੈ, ਉਹ ਇਰਾਨ ਅਤੇ ਉਤਰੀ ਕੋਰੀਆ ਨੂੰ ਪ੍ਰਮਾਣੂ ਹਥਿਆਰ ਦੇ ਸਕਦਾ ਹੈ ਜਾਂ ਬਣਾਉਣ ਦੇ ਸਮਰੱਥ ਕਰ ਸਕਦਾ ਹੈ। ਅਜਿਹਾ ਹੋਣ ਨਾਲ ਅਮਰੀਕਾ ਦੇ ਦੋ ਸਭ ਤੋਂ ਵੱਡੇ ਸਾਥੀ ਇਜ਼ਰਾਇਲ ਅਤੇ ਜਪਾਨ ਲਗਭਗ ਨਕਾਰੇ ਹੋ ਜਾਂਦੇ ਹਨ। ਭਾਵੇਂ ਅਮਰੀਕਾ ਲਈ ਇਹ ਗੱਲ ਸਮਝਣੀ ਔਖੀ ਹੈ ਪਰ ਹੈ ਇਹ ਸੱਚ ਕਿ ਇਕ ਨਿਰਪੱਖ ਭਾਰਤ ਅਮਰੀਕਾ ਲਈ ਜ਼ਿਆਦਾ ਲਾਹੇਵੰਦ ਸਾਬਤ ਹੋ ਸਕਦਾ ਹੈ।