ਗੱਠਜੋੜ ਸਾਥੀਆਂ ਤੋਂ ਦੂਰ ਹੁੰਦੀ ਭਾਜਪਾ -ਨਰੇਂਦਰ ਦੇਵਾਂਗਣ
Posted on:- 26-11-2014
ਮਹਾਰਾਸ਼ਟਰ ਵਿੱਚ
ਸ਼ਿਵ ਸੈਨਾ ਅਤੇ ਭਾਰਤੀ ਜਨਤਾ ਪਾਰਟੀ ਦਾ ਪੱਚੀ ਸਾਲ ਪੁਰਾਣਾ ਗੱਠਜੋੜ
ਟੁੱਟ ਚੁੱਕਿਆ ਹੈ। ਦੋਨੋਂ ਦਲ ਇਕੱਲੇ-ਇਕੱਲੇ ਹੀ ਤਾਲ ਠੋਕਣਗੇ। ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਤਾਂ ਹਰਿਆਣਾ ਵਿੱਚ
ਗੱਠਜੋੜ ਤੋੜਿਆ, ਫਿਰ ਮਹਾਰਾਸ਼ਟਰ ਵਿੱਚ। ਕੀ ਇਹ ਰਾਸ਼ਟਰੀ ਰਾਜਨੀਤੀ
ਵਿੱਚ ਵੱਡੇ ਬਦਲਾਅ ਦਾ ਸੰਕੇਤ ਹੈ? ਕੀ ਭਾਜਪਾ ਨੂੰ ਹੁਣ ਰਾਜਾਂ ਵਿੱਚ ਗੱਠਜੋੜ ਦੇ ਸਾਥੀਆਂ ਦੀ ਜ਼ਰੂਰਤ ਨਹੀਂ ਰਹੀ? ਭਾਰਤੀ ਜਨਤਾ ਪਾਰਟੀ ਦਾ ਅੰਦਾਜ਼ਾ ਇਹ ਹੈ ਕਿ ਜਨਤਾ ਪਾਰਟੀ ਇਹ
ਸਮਝਦੀ ਹੈ ਕਿ ਉਨ੍ਹਾਂ ਦੇ ਨੇਤਾ ਨਰੇਂਦਰ ਮੋਦੀ ਦੀ ਅਪੀਲ ਦੂਸਰੀ ਪਾਰਟੀਆਂ ਦੇ ਨੇਤਾਵਾਂ ਦੇ ਨਾਤਾਵਾਂ ਦੇ ਮੁਕਾਬਲੇ ਬਹੁਤ
ਜ਼ਿਆਦਾ ਹੈ।
ਪਾਰਟੀ ਦਾ ਆਮ ਵਰਕਰ ਮੋਦੀ ’ਚ ਵਿਸ਼ਵਾਸ ਰੱਖਦਾ ਹੈ ਕਿ ਮੋਦੀ ਹੀ ਉਹ ਚਿਹਰਾ ਹੈ ਜਿਹੜਾ ਵੋਟਾ ਖਿੱਚਣ ਦੇ ਸਮਰੱਥ ਹੈ। ਉਹ ਇਹ ਵੀ ਸਮਝਦੇ ਹਨ ਕਿ ਭਾਜਪਾ ਲਈ ਇਹ ਵਧੀਆ
ਮੌਕਾ ਹੈ ਜਦੋਂ ਉਹ ਆਪਣੇ ਸਹਿਯੋਗੀਆਂ ਤੇ ਆਪਣੀ ਨਿਰਭਰਤਾ ਘੱਟ ਕਰ ਸਕਦੀ ਹੈ। ਅਗਲੀਆਂ ਵਿਧਾਨ ਸਭਾ ਚੋਣਾਂ ਅਜਿਹਾ ਇਤਿਹਾਸਕ ਮੌਕਾ
ਹੋਣਗੀਆਂ। ਜਿਨ੍ਹਾਂ ਵਿੱਚ ਭਾਜਪਾ ਆਪਣੇ ਆਪ ਨੂੰ ਆਤਮ ਨਿਰਭਰ ਸਿੱਧ ਕਰ ਸਕਦੀ ਹੈ। ਨਰੇਂਦਰ ਮੋਦੀ ਦੀ
ਰਣਨੀਤੀ ਵੀ ਇਹੋ ਹੈ ਕਿ ਇਨ੍ਹਾਂ ਚੋਣਾਂ ਵਿੱਚ ਪਾਰਟੀ ਨੂੰ ਜਿੰਨਾ ਅੱਗੇ ਲੈ ਜਾ ਪਾਉਣਗੇ ਉਨਾ ਹੀ
ਭਵਿੱਖ ਵਿੱਚ ਵਧੀਆ ਹੋਵੇਗਾ।
ਮਹਾਰਾਸ਼ਟਰ ਵਿੱਚ ਗੱਠਜੋੜ ਟੁੱਟਣ ਦੇ ਕਈ ਕਾਰਨ ਹਨ। ਭਾਜਪਾ ਅਤੇ ਸ਼ਿਵ ਸੈਨਾ ਦੋਵੇਂ ਪਾਰਟੀਆਂ ਵਿਚਾਲੇ ਖਿੱਚੋਤਾਨ ਪਹਿਲਾਂ ਤੋਂ ਹੀ ਰਹੀ ਹੈ। ਦੋਵਾਂ ਪਾਰਟੀਆਂ ਦਾ ਰਾਜਨੀਤਕ ਸਭਿਆਚਾਰ ਅਤੇ ਕਾਰਜਸ਼ੈਲੀ ਪੂਰੀ ਤਰ੍ਹਾਂ ਨਾਲ ਵੱਖੋ ਵੱਖਰੀ ਰਹੀ ਹੈ। ਪਰ ਉਨ੍ਹਾਂ ਦਾ ਵੋਟ ਬੈਂਕ ਇੱਕ ਹੀ ਸੀ। ਇਸ ਲਈ ਦੋਵੇਂ ਪਾਰਟੀਆਂ ਗੱਠਜੋੜ ਕਰਕੇ ਚੋਣਾਂ ਲੜਦੀਆਂ ਰਹੀਆਂ ਹਨ। ਭਾਜਪਾ ਹਮੇਸ਼ਾ ਇਹ ਸਮਝਦੀ ਰਹੀ ਹੈ ਕਿ ਬਾਲ ਠਾਕਰੇ ਮਗਰੋਂ ਤਾਂ ਇਹ ਸਾਰਾ ਵੋਟ ਬੈਂਕ ਸਾਡੇ ਕੋਲ ਹੀ ਆਉਣਾ ਹੈ। ਲੋਕ ਸਭਾ ਚੋਣਾਂ ਦੀ ਸਫ਼ਲਤਾ ਤੋਂ ਬਾਅਦ ਭਾਜਪਾ ਦੀ ਰਾਜਸੀ ਲਾਲਸਾ ਵਧ ਗਈ ਹੈ ਅਤੇ ਉਸ ਦਾ ਆਤਮ ਵਿਸ਼ਵਾਸ ਵੀ ਵਧਿਆ ਹੈ। ਉਸ ਨੂੰ ਲੱਗਦਾ ਹੈ ਕਿ ਇਹ ਭਾਜਪਾ ਲਈ ਸ਼ਿਵ ਸੈਨਾ ਤੋਂ ਦੂਰੀ ਬਣਾਉਣ ਦਾ ਸਭ ਤੋਂ ਵਧੀਆ ਮੌਕਾ ਹੈ। ਦੂਜੇ ਪਾਸੇ ਸ਼ਿਵ ਸੈਨਾ ਦੀ ਹਾਲਤ ਉਧਵ ਠਾਕਰੇ ਦੀ ਅਗਵਾਈ ਵਿੱਚ ਬਹੁਤੀ ਵਧੀਆ ਨਹੀਂ ਰਹੀ। ਜਿਸ ਤਰ੍ਹਾਂ ਨਾਲ ਆਦਿਤਯ ਠਾਕਰੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਉਸ ਨਾਲ ਸ਼ਿਵ ਸੈਨਾ ਦੇ ਵਰਕਰਾਂ ’ਚ ਸਾਫ਼ੀ ਅਸੰਤੁਸ਼ਟੀ ਪਾਈ ਜਾ ਰਹੀ ਹੈ। ਇੱਕ ਪਰਿਵਾਰਦੀ ਪਾਰਟੀ ਵਾਂਗ ਬਾਲਾਸ਼ਾਹਿਬ ਮਗਰੋਂ ਹੁਣ ਸ਼ਿਵ ਸੈਨਾ ਦੀ ਹਾਲਤ ਕਾਫ਼ੀ ਕਮਜ਼ੋਰ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਭਾਜਪਾ ਵਰਗੀ ਕਾਡਰ ਅਧਾਰਿਤ ਪਾਰਟੀ ਨੇ ਕਾਫ਼ੀ ਚੀਜ਼ਾਂ ਬਦਲੀਆਂ ਹਨ। ਭਾਜਪਾ ਪ੍ਰਧਾਨ ਅਮਿੱਤ ਸ਼ਾਹ ਦੋ ਟੁੱਕ ਅਤੇ ਘੱਟ ਬੋਲਣ ਵਾਲੇ ਮੰਨੇ ਜਾਂਦੇ ਹਨ। ਮੋਦੀ ਵੀ ਸਖ਼ਤ ਅਤੇ ਨਾ ਝੁੱਕਣ ਵਾਲੇ ਨੇਤਾ ਮੰਨੇ ਜਾਂਦੇ ਹਨ। ਇਸ ਲਈ ਭਾਜਪਾ ਵੱਲੋਂ ਇਸ ਵਾਰ ਲਚਕੀਲਾ ਰੁੱਖ ਦੇਖਣ ਨੂੰ ਨਹੀਂ ਮਿਲਿਆ। ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਤੇ ਹੋਰ ਖੇਤਰੀ ਪਾਰਟੀਆਂ ਦੀ ਸੋਚ ਖੇਤਰੀ ਹੀ ਰਹੀ ਹੈ ਭਾਵੇਂ ਮਾਮਲਾ ਰਾਸ਼ਟਰਪਤੀ ਪੱਧਰ ਦਾ ਹੀ ਹੋਵੇ। ਇਸ ਦੇ ਉਲਟ ਭਾਜਪਾ ਨਿਸਾਨਾ ਮੁਲਕ ਪੱਧਰ ’ਤੇ ਰੱਖਦੀ ਹੈ। ਮਹਾਰਾਸ਼ਟਰ ਵਿੱਚ ਗੱਠਜੋੜ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸ਼ਿਵ ਸੈਨਾ ਚਾਹੁੰਦੀ ਸੀ ਕਿ ਗੱਠਜੋੜ ਦਾ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਹੋਵੇਗਾ। ਪਰੰਤੂ ਭਾਜਪਾ ਇਹ ਮੰਨਣ ਨੂੰ ਤਿਆਰ ਨਹੀਂ ਸੀ। ਦੋਵੇਂ ਪਾਰਟੀਆਂ ਵਿਚਾਲੇ ਘੱਟ ਸੀਟਾਂ ਜਾਂ ਵੱਧ ਸੀਟਾਂ ਬਾਰੇ ਸਹਿਮਤੀ ਬਣ ਸਕਦੀ ਸੀ। ਦੂਜੀਆਂ ਖੇਤਰੀ ਪਾਰਟੀਆਂ ਨੂੰ ਵੀ ਸੰਤੁਸ਼ਟ ਕੀਤਾ ਜਾ ਸਕਦਾ ਸੀ। ਪਰੰਤੂ ਮੁੱਖ ਮੰਤਰੀ ਦੇ ਮੁੱਦੇ ’ਤੇ ਦੋਵਾਂ ਪਾਰਟੀਆਂ ਆਪੋ ਆਪਣੇ ਸਟੈਂਡ ’ਤੇ ਅੜੀਆਂ ਰਹੀਆਂ।
ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ ਸ਼ਿਵ ਸੈਨਾ ਨੇ ਭਾਜਪਾ ਦਾ ਪੂਰਾ ਸਾਥ ਦਿੱਤਾ। ਉਸ ਦੇ ਅਠਾਰਾਂ ਸੰਸਦ ਹੋਣ ਦੇ ਬਾਵਜੂਦ ਭਾਜਪਾ ਨੇ ਸ਼ਿਵ ਸੈਨਾ ਨੂੰ ਇੱਕ ਹੀ ਮੰਤਰੀ ਦਾ ਅਹੁਦਾ ਦਿੱਤਾ। ਉਹ ਵੀ ਆਪਣੀ ਮਰਜ਼ੀ ਨਾਲ ਤੇ ਇਸ ਵਿੱਚ ਸ਼ਿਵ ਸੈਨਾ ਪ੍ਰਧਾਨ ਉਧਵ ਠਾਕਰੇ ਦੀ ਰਾਇ ਨਹੀਂ ਲਈ। ਭਾਜਪਾ ਇਸ ਮੰਤਰੀ ਨੂੰ ਮੰਤਰਾਲਾ ਵੀ ਆਪਣੀ ਮਰਜ਼ੀ ਨਾਲ ਦਿੱਤਾ। ਪਰੰਤੂ ਜਦੋਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਆਈਆਂ ਤਾਂ ਸ਼ਿਵ ਸੈਨਾ ਚਾਹੁੰਦੀ ਸੀ ਕਿ ਉਸ ਨੂੰ ਗੱਠਜੋੜ ’ਚ ਸੀਨੀਅਰ ਮੰਨਿਆ ਜਾਵੇ। ਪਰੰਤੂ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ ਮਿਲੇ ਲੋੜ ਤੋਂ ਵੱਧ ਸਮੱਰਥਨ ਨੇ ਭਾਜਪਾ ਦਾ ਦਿਮਾਗ਼ ਸੱਤਵੇਂ ਅਸਮਾਨ ’ਤੇ ਪਹੁੰਚਾ ਦਿੱਤਾ ਤੇ ਉਸ ਨੇ ਸ਼ਿਵ ਸੈਨਾ ਦੀ ਇੱਕ ਨਾ ਮੰਨੀ ਜਿਸ ਕਾਰਨ ਸ਼ਿਵ ਸੈਨਾ ਨੂੰ ਆਪਣੇ ਤੌਰ ’ਤੇ ਵਿਧਾਨ ਸਭਾ ਚੋਣਾਂ ਲੜਨ ਲਈ ਮਜ਼ਬੂਰ ਹੋਣਾ ਪਿਆ।