ਕੀ ਜਾਨ ਤੋਂ ਵੀ ਕੀਮਤੀ ਹੁੰਦੀ ਹੈ ਖ਼ਬਰ ? -ਵਿਕਰਮ ਸਿੰਘ ਸੰਗਰੂਰ
Posted on:- 13-08-2012
ਕੈਵਿਨ ਕਾਰਟਰ ਵਿਸ਼ਵ ਪੱਧਰ ’ਤੇ ਮੀਡੀਆ ਦੇ ਖੇਤਰ ਵਿੱਚ ਫੋਟੋਗ੍ਰਾਫ਼ਰ ਦੇ ਤੌਰ ’ਤੇ ਇੱਕ ਜਾਣਿਆ-ਪਛਾਣਿਆ ਨਾਂਅ ਹੈ। 23 ਮਾਰਚ, 1993 ਨੂੰ ਅਮਰੀਕਾ ਦੇ ਚਰਚਿਤ ਅਖ਼ਬਾਰ ‘ਨਿਊ ਯਾਰਕ ਟਾਈਮਜ਼’ ਵਿੱਚ ਉਸ ਵੱਲੋਂ ਖਿੱਚੀ ਇੱਕ ਅਜਿਹੀ ਫੋਟੋ ਪ੍ਰਕਾਸ਼ਤ ਹੋਈ, ਜਿਹੜੀ ਉਸ ਨੂੰ ਪੁਲਿਟੀਜ਼ਰ ਐਵਾਰਡ ਦੀ ਪ੍ਰਾਪਤੀ ਦੇ ਮੁਕਾਮ ਤੱਕ ਲੈ ਗਈ। ਦੱਖਣੀ ਅਫ਼ਰੀਕਾ ਦਾ ਇਹ ਫੋਟੋਗ੍ਰਾਫ਼ਰ ਇਸ ਐਵਾਰਡ ਪ੍ਰਾਪਤੀ ਵਾਲੇ ਦ੍ਰਿਸ਼ ਨੂੰ ਆਪਣੇ ਕੈਮਰੇ ਦੀ ਅੱਖ ਨਾਲ ਕੈਦ ਕਰਨ ਲਈ ਕਿੰਨਾ ਹੀ ਸਮਾਂ ਅਜਿਹੀ ਮੌਤ ਦੀ ਖੇਡ ਨੂੰ ਬਿਨਾਂ ਅੱਖ ਝਪਕਿਆਂ ਤੱਕਦਾ ਰਿਹਾ, ਜਿਸ ਵਿੱਚ ਭੁੱਖ ਦੇ ਮਾਰੇ ਹੱਡੀਆਂ ਦੀ ਮੁੱਠ ਬਣੀ ਇੱਕ ਅੱਧ-ਮੋਈ ਨੰਨ੍ਹੀ ਜਿਹੀ ਸੁਡਾਨੀ ਬੱਚੀ ਭੁੱਖ ਨਾਲ ਵਿਲਕਦੀ ਹੋਈ ਆਖ਼ਰੀ ਸਾਹ ਲੈ ਰਹੀ ਹੈ।ਇਸ ਬੱਚੀ ਪਿੱਛੇ ਬੈਠੀ ਇੱਕ ਗਿਰਝ ਇਹ ਉਡੀਕ ਕਰ ਰਹੀ ਹੈ ਕਿ ਕਦ ਇਹ ਬੱਚੀ ਮਰੇ ਅਤੇ ਉਹ ਇਸ ਨੂੰ ਆਪਣਾ ਸ਼ਿਕਾਰ ਬਣਾਵੇ।ਅਖ਼ਬਾਰ ਵਿੱਚ ਇਹ ਫੋਟੋ ਛਪਣ ਪਿੱਛੋਂ ਕੈਵਿਨ ਨੂੰ ਅਖ਼ਬਾਰ ਦੇ ਕਈ ਪਾਠਕਾਂ ਵੱਲੋਂ ਸਖ਼ਤ ਆਲੋਚਨਾ ਵੀ ਸਹਿਣੀ ਪਈ ਸੀ। ਇੱਕ ਪਾਠਕ ਨੇ ਇਸ ਫੋਟੋ ’ਤੇ ਟਿੱਪਣੀ ਕਰਦਿਆਂ ਇੱਥੋਂ ਤੱਕ ਵੀ ਆਖ ਦਿੱਤਾ ਸੀ ਕਿ ਇਸ ਫੋਟੋ ਵਿੱਚ ਫੋਟੋਗ੍ਰਾਫ਼ਰ ਵੀ ਇੱਕ ਗਿਰਝ ਹੀ ਹੈ।ਇਸ ਫੋਟੋ ਦਾ ਕੈਵਿਨ ਕਾਰਟਰ ਦੀ ਜ਼ਿੰਦਗੀ ਉੱਤੇ ਇੰਨਾ ਪ੍ਰਭਾਵ ਪਿਆ ਕਿ ਪੁਲਿਟੀਜ਼ਰ ਐਵਾਰਡ ਦੀ ਪ੍ਰਾਪਤੀ ਤੋਂ ਕੁਝ ਮਹੀਨੇ ਬਾਅਦ ਹੀ ਉਸ ਨੇ ਆਤਮ-ਹੱਤਿਆ ਕਰ ਲਈ ਸੀ।
ਮੀਡੀਆ, ਜਿਸ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ, ਗੂੰਗਿਆਂ ਦੀ ਆਵਾਜ਼ ਅਤੇ ਬੇਆਸਿਆਂ ਦੀ ਆਸ ਜਿਹੇ ਵਿਸ਼ੇਸ਼ਣ ਲਗਾ ਕੇ ਇਸ ਦੇ ਸੋਹਲੇ ਗਾਏ ਜਾਂਦੇ ਹਨ, ਅੰਦਰ ਉਪਰੋਕਤ ਘਟਨਾ ਤੋਂ ਏਨੇ ਵਰ੍ਹਿਆਂ ਪਿੱਛੋਂ ਵੀ ਅਜਿਹੀ ਗਿਰਝ-ਨੁਮਾ ਭਾਵਨਾ ਦਾ ਰੁਝਾਨ ਘਟਣ ਦੀ ਬਜਾਏ ਸਗੋਂ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।ਸਭ ਨਾਲੋਂ ਵੱਖਰੇ ਅਤੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਲਈ ਨਿੱਜੀ ਮਲਕੀਅਤ ਦੇ ਭਾਰ ਹੇਠਾਂ ਦੱਬੇ ਖ਼ਬਰਾਂ ਵਾਲੇ ਟੀ.ਵੀ. ਚੈਨਲਾਂ ਨੇ ਬ੍ਰੇਕਿੰਗ ਜਾਂ ਐਕਸਕਲੂਸਿਵ ਖ਼ਬਰ/ਫੋਟੋ/ਵੀਡੀਓ ਆਦਿ ਦੀ ਪ੍ਰਾਪਤੀ ਲਈ ਮਨੁੱਖ ਦੀ ਜ਼ਿੰਦਗੀ ਤੱਕ ਨੂੰ ਵੀ ਕੱਖਾਂ ਤੋਂ ਸਸਤਾ ਕਰ ਕੇ ਰੱਖ ਦਿੱਤਾ ਹੈ।ਇਸ ਤਹਿਤ ਜੇਕਰ ਭਾਰਤੀ ਨਿੱਜੀ ਖ਼ਬਰਾਂ ਵਾਲੇ ਟੀ.ਵੀ. ਚੈਨਲਾਂ ਦੀ ਕਾਰਗੁਜ਼ਾਰੀ ਨੂੰ ਵਾਚਿਆ ਜਾਵੇ ਤਾਂ ਕਈ ਵਾਰ ਇਹ ਵੀ ਅਜਿਹਾ ਕੋਈ ਸੁਨਹਿਰੀ ਮੌਕਾ ਹੱਥੋਂ ਨਹੀਂ ਖ਼ੁੰਝਣ ਦਿੰਦੇ, ਜੋ ਇਹਨਾਂ ਨੂੰ ਕੁਝ ਸੈਕਿੰਡਾਂ ਵਾਸਤੇ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਾ ਸਕਦਾ ਹੋਵੇ।
ਜੇਕਰ ਖ਼ਬਰਾਂ ਵਾਲੇ ਨਿੱਜੀ ਟੀ.ਵੀ. ਚੈਨਲਾਂ ਨੂੰ ਪ੍ਰਾਪਤ ਹੋਏ ਅਜਿਹੇ ‘ਸੁਨਹਿਰੀ ਮੌਕਿਆਂ’ ਵੱਲ ਪਿੱਛੜ-ਝਾਤ ਮਾਰੀ ਜਾਵੇ ਤਾਂ ਸੰਨ 2006 ਦੇ ਉਸ 15 ਅਗਸਤ ਜਦੋਂ ਸਾਰੇ ਭਾਰਤ ਵਿੱਚ ਜ਼ਸਨ-ਏ-ਆਜ਼ਾਦੀ ਦਾ ਦਿਨ ਮਨਾਇਆ ਜਾ ਰਿਹਾ ਸੀ, ਨੂੰ ਬਿਹਾਰ ਦੇ ਗਯਾ ਸ਼ਹਿਰ ਵਿੱਚ ਖ਼ਬਰਾਂ ਵਾਲੇ ਚੈਨਲਾਂ ਦੇ ਕੈਮਰੇ ਬੜੇ ਉਤਸ਼ਾਹ ਨਾਲ ਇੱਕ ਵਿਅਕਤੀ ਦੇ ਆਤਮ-ਦਾਹ ਦੀ ਸਟੋਰੀ ਨੂੰ ਕਵਰ ਕਰਨ ਵਿੱਚ ਲੱਗੇ ਹੋਏ ਸਨ। ਮਨੋਜ ਮਿਸ਼ਰ ਨਾਂਅ ਦਾ ਇਹ ਵਿਅਕਤੀ, ਜਿਸ ਨੇ ਦੁੱਧ ਦੀ ਡੇਅਰੀ ਵਾਲਿਆਂ ਵੱਲੋਂ ਬਕਾਇਆ ਨਾ ਦਿੱਤੇ ਜਾਣ ਦੇ ਰੋਸ ਵਜੋਂ ਖ਼ੁਦ ਨੂੰ ਅੱਗ ਲਗਾ ਲਈ ਸੀ, ਕੁਝ ਸਮੇਂ ਪਿੱਛੋਂ ਹੀ ਦਮ ਤੋੜ ਗਿਆ ਸੀ। ਮੌਕਾ-ਏ-ਵਾਰਦਾਤ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਨੇ ਕਿਹਾ ਕਿ ਮਨੋਜ ਨੇ ਖ਼ੁਦ ਨੂੰ ਅੱਗ ਮੀਡੀਆ ਕਾਮਿਆਂ ਵੱਲੋਂ ਵਾਰ-ਵਾਰ ਉਕਸਾਉਣ ’ਤੇ ਲਗਾਈ ਸੀ। ਮਨੋਜ ਵੱਲੋਂ ਮਾਚਿਸ ਦੀ ਤੀਲੀ ਜਲਾਉਣ ਤੋਂ ਲੈ ਕੇ ਆਪਣੇ ਆਪ ਨੂੰ ਅੱਗ ਦੇ ਹਵਾਲੇ ਕਰਨ ਤੱਕ ਦੇ ਦ੍ਰਿਸ਼ਾਂ ਨੂੰ ਖ਼ਬਰਾਂ ਵਾਲੇ ਚੈਨਲਾਂ ਦੇ ਕੈਮਰਿਆਂ ਨੇ ਹਰ ਪਾਸੇ ਤੋਂ ਇਸ ਤਰ੍ਹਾਂ ਰਿਕਾਰਡ ਕੀਤਾ, ਜਿਵੇਂ ਕਿਸੇ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੋਵੇ।ਵੀਡੀਓ ਨੂੰ ਕਲਾਤਮਕ ਪੱਖੋਂ ਵੱਧ ਤੋਂ ਵੱਧ ਪ੍ਰਭਾਵਸ਼ਾਲੀ ਬਣਾਉਣ ਲਈ ਮਨੋਜ ਦੇ ਚਾਰੇ ਪਾਸੇ ਕੈਮਰਿਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਮੀਡੀਆ ਕਾਮਿਆਂ ਨੇ ਪੁਲਿਸ ਨੂੰ ਫੋਨ ਕਰਨ ਦੀ ਬਜਾਏ ਆਪਣੇ ਚੈਨਲਾਂ ਦੇ ਮਾਲਕਾਂ ਨੂੰ ਇਹ ਦੱਸਣ ਲਈ ਫੋਨ ਕੀਤੇ ਕਿ ਸਪੇਸ ਬਚਾ ਕੇ ਰੱਖਿਓ, ਅੱਜ ਇੱਕ ਧਮਾਕੇਦਾਰ ਬ੍ਰੇਕਿੰਗ ਨਿਊਜ਼ ਹੱਥ ਲੱਗ ਗਈ ਹੈ।
ਇਸੇ ਤਰ੍ਹਾਂ ਦਾ ਹੀ ਖ਼ਬਰਾਂ ਵਾਲੇ ਨਿੱਜੀ ਟੀ.ਵੀ. ਚੈਨਲਾਂ ਦਾ ਕਰੂਪ ਚਿਹਰਾ ਸਾਲ 2006 ਵਿੱਚ ਪੰਜਾਬ ਦੇ ਬਾਗ਼ਾ ਵਾਲੇ ਸ਼ਹਿਰ ਪਟਿਆਲ਼ਾ ਵਿੱਚ ਦੇਖਣ ਨੂੰ ਮਿਲਿਆ ਸੀ।ਰਾਜੀਵ ਗਾਂਧੀ ਪਰੌਂਠਾ ਮਾਰਕੀਟ ਬਾਰੇ ਗੋਪਾਲ ਕ੍ਰਿਸ਼ਨ ਕੈਸ਼ਯਪ ਦੀਆਂ ਮੰਗਾਂ ਵੱਲ ਝਾਕਣ ਦੀ ਖ਼ਬਰਾਂ ਵਾਲੇ ਚੈਨਲਾਂ ਕੋਲ ਜ਼ਰਾ ਕੁ ਜਿੰਨੀ ਵੀ ਫ਼ੁਰਸਤ ਨਹੀਂ ਸੀ। ਜਦੋਂ ਗੋਪਾਲ ਨੇ ਹਾਤਮ-ਹੱਤਿਆ ਕਰਨ ਦੀ ਗੱਲ ਕੀਤੀ ਤਾਂ ਪੱਤਰਕਾਰਾਂ ਦੀ ਭੀੜ ਜਿਹੀ ਲੱਗ ਗਈ, ਜਿਨ੍ਹਾਂ ਉਸ ਨੂੰ ਇਹ ਕਹਿ ਕੇ ਖ਼ੁਦ ਨੂੰ ਛੇਤੀ ਤੋਂ ਛੇਤੀ ਅੱਗ ਲਾਉਣ ਲਈ ਉਕਸਾਇਆ ਕਿ ਉਹ ਜਲਦੀ ਕਰੇ, ਉਹਨਾਂ ਅੱਗੇ ਵੀ ਕਿਸੇ ਹੋਰ ਸਮਾਗਮ ਨੂੰ ਕਵਰ ਕਰਨ ਲਈ ਜਾਣਾ ਹੈ।ਜਦੋਂ ਗੋਪਾਲ ਨੇ ਖ਼ੁਦ ਨੂੰ ਅੱਗ ਲਗਾਈ ਤਾਂ ਬਜਾਏ ਉਸ ਨੂੰ ਬਚਾਉਣ ਦੇ ਮੀਡੀਆ ਕਾਮਿਆਂ ਨੇ ਵੱਖ-ਵੱਖ ਪਾਸਿਆਂ ਤੋਂ ਉਸ ਵੱਲ ਕੈਮਰਿਆਂ ਦੇ ਮੂੰਹ ਮੋੜ ਦਿੱਤੇ। ਵੀਡੀਓ ਅਤੇ ਸਟਿੱਲ ਕੈਮਰੇ ਦੀਆਂ ਉਹ ਅੱਖਾਂ, ਜਿਹੜੀਆਂ ਗੋਪਾਲ ਦੀਆਂ ਮੰਗਾਂ ਨੂੰ ਕੈਦ ਕਰਨ ਲੱਗੇ ਸ਼ਰਮਾਉਂਦੀਆਂ ਸਨ, ਨੇ ਸ਼ਰਮ ਦੀ ਚੁੰਨੀ ਇੱਕ ਪਾਸੇ ਸੁੱਟ ਕੇ ਇਸ ਅਗਨੀ ਕਾਂਡ ਨੂੰ ਕਵਰ ਕਰਨ ਲਈ ਹਾਹਾਕਾਰ ਜਿਹੀ ਮਚਾ ਦਿੱਤੀ। ਮੀਡੀਆਂ ਵੱਲੋਂ ਨਿਭਾਈ ਗਈ ਇਸ ਭੂਮਿਕਾ ਨੂੰ ਅੱਜ ਵੀ ਉਸ ਦੇ ਅਨੈਤਿਕ ਕਾਰਜ ਵਜੋਂ ਚੇਤੇ ਕੀਤਾ ਜਾਂਦਾ ਹੈ।
ਨਿੱਜੀ ਬਿਜਲਈ ਮੀਡੀਆ, ਖ਼ਾਸ ਕਰ ਕੇ ਖੇਤਰੀ ਖ਼ਬਰਾਂ ਵਾਲੇ ਟੀ.ਵੀ. ਚੈਨਲਾਂ ਦੇ ਪੱਤਰਕਾਰਾਂ ਵੱਲੋਂ ਸਿਰਫ ਖ਼ਬਰ ਬਣਾਉਣ ਖ਼ਾਤਰ ਕਿਸੇ ਦੀ ਜ਼ਿੰਦਗੀ ਨਾਲ ਖੇਡਣ ਦਾ ਸਿਲਸਿਲਾ ਇੱਥੇ ਹੀ ਨਹੀਂ ਮੁੱਕਦਾ, ਸਗੋਂ ਇਸ ਦੀ ਸਭ ਤੋਂ ਘਿਨਾਉਣੀ ਮਿਸਾਲ ਅਗਸਤ, 2010 ਵਿੱਚ ਗੁਜਰਾਤ ਦੇ ਓਝਾ (ਜ਼ਿਲ੍ਹਾ ਮੇਹਸਾਨਾ) ਨਾਂਅ ਦੇ ਕਸਬੇ ਵਿੱਚ ਦੇਖਣ ਨੂੰ ਮਿਲੀ ਸੀ, ਜਿੱਥੇ ਦੋ ਪੱਤਰਕਾਰਾਂ ਦੇ ਝਾਂਸੇ ਵਿੱਚ ਆ ਕੇ ਇੱਕ ਨੌਜਵਾਨ ਨੇ ਖ਼ੁਦ ਨੂੰ ਅੱਗ ਲਗਾ ਲਈ ਸੀ।ਇਸ ਨੌਜਵਾਨ ਨੂੰ ਆਪਣੀ ਮਤਰੇਈ ਮਾਂ ਨਾਲ ਜੱਦੀ ਮਕਾਨ ਸੰਬੰਧੀ ਚੱਲ ਰਹੇ ਝਗੜੇ ਦੌਰਾਨ ਪੁਲਸ ਨੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ।ਪੱਤਰਕਾਰਾਂ ਨੇ ਇਸ ਨੌਜਵਾਨ ਨਾਲ ਮਿਲ ਕੇ ਇਹ ਸਲਾਹ ਬਣਾਈ ਕਿ ਉਹ ਜਾਣ ਬੁੱਝ ਕੇ ਆਤਮ-ਹੱਤਿਆ ਕਰਨ ਦਾ ਯਤਨ ਕਰੇ ਅਤੇ ਇਸ ਪਿੱਛੋਂ ਉਹ ਇਸ ਮੁੱਦੇ ਨੂੰ ਮੀਡੀਆ ਵਿੱਚ ਲਿਆਉਣਗੇ, ਜਿਸ ਨਾਲ ਪੁਲਸ ’ਤੇ ਦਬਾਓ ਬਣੇਗਾ।ਪੱਤਰਕਾਰਾਂ ਦੇ ਕਹਿਣ ’ਤੇ ਉਸ ਨੌਜਵਾਨ ਨੇ ਖ਼ੁਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ।ਦੋਹੇਂ ਪੱਤਰਕਾਰ ਅੱਗ ਵਿੱਚ ਮੱਚਦੇ ਨੌਜਵਾਨ ਦੀ ਪਰਵਾਹ ਕੀਤੇ ਬਗ਼ੈਰ ਇਸ ਘਟਨਾ ਦਾ ਵੀਡੀਓ ਬਣਾਉਣ ਵਿੱਚ ਏਨੇ ਰੁਝੇ ਰਹੇ ਕਿ ਉਸ ਦਾ ਸਾਰਾ ਸਰੀਰ ਹੀ ਸੜ ਕੇ ਸੁਆਹ ਹੋ ਗਿਆ।ਇਸ ਪਿੱਛੋਂ ਫਰਾਰ ਹੋਏ ਦੋਹੇਂ ਪੱਤਰਕਾਰਾਂ ’ਤੇ ਆਈ ਪੀ ਸੀ ਦੀ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ।ਉਸ ਸਮੇਂ ਬ੍ਰਾਡਕਾਸਟਰ ਐਡੀਟਰ ਐਸੋਸੀਏਸ਼ਨ ਦੇ ਮੁਖੀ ਸ਼ਾਜ਼ੀ ਜ਼ਮਾ ਨੇ ਖ਼ਬਰਾਂ ਵਾਲੇ ਟੀ.ਵੀ. ਚੈਨਲਾਂ ’ਤੇ ਆਤਮ-ਹੱਤਿਆਵਾਂ ਦੇ ਵੀਡੀਓਜ਼ ਦਿਖਾਉਣ ’ਤੇ ਸਖ਼ਤ ਰੋਕ ਲਗਾ ਦਿੱਤੀ ਸੀ। ਇਸ ਦੇ ਬਾਵਜੂਦ ਖ਼ਬਰਾਂ ਵਾਲੇ ਨਿੱਜੀ ਟੀ.ਵੀ. ਚੈਨਲ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਨਸ਼ਰ ਕਰਨ ਤੋਂ ਬਾਜ਼ ਨਹੀਂ ਆਏ।
ਇਸੇ ਵਰ੍ਹੇ 10 ਜੁਲਾਈ ਦੀ ਰਾਤ ਨੂੰ ਆਸਾਮ ਵਿੱਚ ਗੁਹਾਟੀ-ਸ਼ਿਲੌਂਗ ਰੋੜ ’ਤੇ ਗਿਆਰ੍ਹਵੀਂ ਜਮਾਤ ਵਿੱਚ ਪੜ੍ਹਦੀ ਕੁੜੀ ਨਾਲ ਕੁਝ ਲੋਕਾਂ ਵੱਲੋਂ ਕੀਤੀ ਬਦਸਲੁਕੀ ਦਾ ਵੀਡੀਓ ਖੇਤਰੀ ਖ਼ਬਰਾਂ ਵਾਲੇ ਟੀ.ਵੀ. ਚੈਨਲ ਦੇ ਪੱਤਰਕਾਰ ਵੱਲੋਂ ਰਿਕਾਰਡ ਕਰਕੇ ਜਨਤਕ ਕਰਨ ਪਿੱਛੋਂ ਇੱਕ ਵਾਰ ਫਿਰ ਤੋਂ ਮੀਡੀਆ ਦੀ ਸਮਾਜਿਕ ਜ਼ਿੰਮੇਵਾਰੀ ਕਟਹਿਰੇ ਵਿੱਚ ਆ ਗਈ ਹੈ।ਇਸ ਚੈਨਲ ਦੇ ਮੁੱਖ ਸੰਪਾਦਕ ਨੇ ਵੀਡੀਓ ਬਣਾਉਣ ਵਾਲੇ ਪੱਤਰਕਾਰ ਦੀ ਰੱਜ ਕੇ ਸ਼ਲਾਘਾ ਕੀਤੀ ਅਤੇ ਬਾਅਦ ਵਿੱਚ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਇਸ ਨੇ ਆਪਣੀ ਕੁਰਸੀ ਤੋਂ ਅਸਤੀਫ਼ਾ ਦੇ ਦਿੱਤਾ।ਇਸ ਘਟਨਾ ਦੀ ਛਾਣਬੀਨ ਪਿੱਛੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਿਸ ਪੱਤਰਕਾਰ ਨੇ ਇਹ ਵੀਡੀਓ ਬਣਾਈ ਸੀ, ਉਸੇ ਨੇ ਹੀ ਲੋਕਾਂ ਦੀ ਭੀੜ ਨੂੰ ਉਸ ਕੁੜੀ ਨਾਲ ਛੇੜ-ਛਾੜ ਕਰਨ ਲਈ ਉਕਸਾਇਆ ਸੀ।
ਖ਼ਬਰਾਂ ਵਾਲੇ ਨਿੱਜੀ ਟੀ.ਵੀ. ਚੈਨਲ ਜਿੱਥੇ ਇਸ ਤਰ੍ਹਾਂ ਦੇ ਗ਼ੇਰ-ਜ਼ਿੰਮੇਵਾਰਾਨਾ ਕਾਰਜ ਕਰ ਰਹੇ ਹਨ, ਉੱਥੇ ਸੰਚਾਰ ਦੇ ਕਈ ਦੂਜੇ ਮਾਧਿਅਮ ਇਨ੍ਹਾਂ ਦੇ ਅਜਿਹੇ ਕਾਰਜਾਂ ਪਿੱਛੇ ਛੁਪੀ ਭਾਵਨਾਂ ਨੂੰ ਵੀ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।ਸਾਲ 2010 ਵਿੱਚ ਆਈ ਆਮੀਰ ਖ਼ਾਨ ਦੀ ਫ਼ਿਲਮ ‘ਪੀਪਲੀ ਲਾਈਵ’ ਨੇ ਇਸ ਵਿਸ਼ੇ ਨੂੰ ਲੋਕਾਂ ਸਾਹਮਣੇ ਲਿਆਂਦਾ ਕਿ ਕਿਵੇਂ ਅਜੋਕੇ ਖ਼ਬਰਾਂ ਵਾਲੇ ਟੀ.ਵੀ. ਚੈਨਲ ਸਿਰਫ਼ ਬ੍ਰੇਕਿੰਗ ਨਿਊਜ਼ ਬਣਾਉਣ ਦੇ ਚੱਕਰਾਂ ਵਿੱਚ ਮਨੁੱਖ ਦੇ ਸਾਹਾਂ ਦੀ ਬਰੇਕ ਲਗਾਉਣ ਲਈ ਹੱਥ ਧੋ ਕੇ ਮਗਰ ਪੈ ਜਾਂਦੇ ਹਨ।
ਭਾਰਤ ਵਿੱਚ ਇਸ ਵੇਲੇ 850 ਦੇ ਕਰੀਬ ਨਿੱਜੀ ਟੀ.ਵੀ. ਚੈਨਲ, 250 ਦੇ ਕਰੀਬ ਨਿੱਜੀ ਐੱਫ.ਐੱਮ. ਚੈਨਲ ਅਤੇ 82,222 ਰਜਿਸਟਰਡ ਅਖ਼ਬਾਰ ਹਨ। ਬੇਸ਼ੱਕ 1991 ਵਿੱਚ ਨਵੀਂ ਆਰਥਿਕ ਨੀਤੀ ਆਉਣ ਤੋਂ ਬਾਅਦ ਹੀ ਭਾਰਤੀ ਮੀਡੀਆ ਨੇ ਗਿਣਾਤਮਕ ਪੱਖੋਂ ਸਿਖਰਾਂ ਨੂੰ ਛੂਹਿਆ ਹੈ, ਪਰ ਮੁਕਾਬਲੇਬਾਜ਼ੀ ਦੇ ਗੇੜ ਵਿੱਚ ਪਏ ਬਹੁਤੇ ਮਾਧਿਅਮਾਂ ਦਾ ਗੁਣਾਤਮਕ ਪੱਧਰ ਏਨਾ ਡਿੱਗ ਗਿਆ ਹੈ ਕਿ ਉਨ੍ਹਾਂ ਇਸ ਦੀਆਂ ਭੂਤਕਾਲ ਦੀਆਂ ਚੰਗਿਆਈਆਂ ’ਤੇ ਵੀ ਚਾਦਰ ਪਾ ਕੇ ਰੱਖ ਦਿੱਤੀ ਹੈ।ਮੁਕਾਬਲੇਬਾਜ਼ੀ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪੱਤਰਕਾਰੀ ਦੇ ਨਿਯਮਾਂ ਤੋਂ ਸੱਖਣੇ ਅਜਿਹੇ ਕਾਮਿਆਂ ਦਾ ਵੀ ਨਿਰੰਤਰ ਵਾਧਾ ਹੋ ਰਿਹਾ ਹੈ, ਜਿਹਨਾਂ ਨੂੰ ਚੈਨਲ ਜਾਂ ਅਖ਼ਬਾਰ ਘੱਟ ਪੈਸਿਆਂ ’ਤੇ ਰੱਖ ਲੈਂਦੇ ਹਨ, ਜੋ ਬਾਅਦ ਵਿੱਚ ਮੀਡੀਆ ਦੀਆਂ ਕਦਰਾਂ-ਕੀਮਤਾਂ ਦਾ ਰੱਜ ਕੇ ਘਾਣ ਕਰਦੇ ਹਨ।ਨਿੱਜੀ ਮੀਡੀਆ ਅਦਾਰਿਆਂ ਵੱਲੋਂ ਵੀ ਆਪਣੇ ਕਾਮਿਆਂ ’ਤੇ ਕਈ ਵਾਰ ਇਸ ਗੱਲ ਲਈ ਜ਼ੋਰ ਪਾਇਆ ਜਾਂਦਾ ਹੈ ਕਿ ਜੇਕਰ ਦੂਜਿਆਂ ਚੈਨਲਾਂ ਤੋਂ ਵੱਖਰੀ ਕਿਸਮ ਦੀ ਕੋਈ ਖ਼ਬਰ ਹੱਥ ਨਹੀਂ ਲੱਗਦੀ ਤਾਂ ਇਸ ਤਰ੍ਹਾਂ ਦੀ ਖ਼ਬਰ ਨੂੰ ਪੈਦਾ ਕੀਤੀ ਜਾਵੇ, ਜਿਸ ਨੂੰ ਦੇਖ ਕੇ ਦਰਸ਼ਕਾਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਣ।
ਬੇਸ਼ੱਕ ਜਿੱਥੇ ਮੀਡੀਆ ਵੱਲੋਂ ਕੀਤੇ ਅਜਿਹੇ ਕਾਰਜ ਕਈ ਵਾਰ ਸਮਾਜ ਦੀਆਂ ਤਲਖ਼ ਹਕੀਕਤਾਂ ਨੂੰ ਸਭ ਦੇ ਰੂਬਰੂ ਕਰਦੇ ਹਨ, ਉੱਥੇ ਜਾਣ-ਬੁੱਝ ਕੇ ਸਿਰਫ ਫੋਟੋ ਜਾਂ ਖ਼ਬਰ ਦੀ ਪ੍ਰਾਪਤੀ ਲਈ ਕਿਸੇ ਦੀ ਜ਼ਿੰਦਗੀ ਨੂੰ ਮੌਤ ਦੇ ਮੂੰਹ ਵਿੱਚ ਧੱਕਣ ਦਾ ਕਾਰਜ ਮੀਡੀਆ ਦੇ ਨਾਲ-ਨਾਲ ਇਨਸਾਨੀਅਤ ਦੇ ਨੈਤਿਕ ਫ਼ਰਜ਼ਾਂ ਦੇ ਵੀ ਖ਼ਿਲਾਫ ਹੈ।ਇਸ ਵਾਸਤੇ ਖ਼ਬਰਾਂ ਵਾਲੇ ਨਿੱਜੀ ਟੀ.ਵੀ. ਚੈਨਲਾਂ ਨੂੰ ਇਸ ਗੱਲ ਦੀ ਸਵੈ-ਪੜਚੋਲ ਦੀ ਸਖ਼ਤ ਲੋੜ ਹੈ ਕਿ ਕੀ ਮਨੁੱਖ ਦੀ ਜਾਨ ਤੋਂ ਵੀ ਕੀਮਤੀ ਕੋਈ ਖ਼ਬਰ ਹੋ ਸਕਦੀ ਹੈ?
baldev
eve de media karmia daa rab he raka!