ਪੰਜਾਬ ਦੀਆਂ ਸਮੱਸਿਆਵਾਂ ਪ੍ਰਤੀ ਵੱਖ-ਵੱਖ ਧਿਰਾਂ ’ਚ ਵਿਸ਼ਾਲ ਸਹਿਮਤੀ ਦੀ ਲੋੜ -ਡਾ. ਸਵਰਾਜ ਸਿੰਘ
Posted on:- 24-11-2014
ਜਦੋਂ ਅਸੀਂ ਪੰਜਾਬ ਦੇ ਇਸ ਦੁਖਾਂਤ, ਕਿ ਪੰਜਾਬ ਦਾ ਬੁੱਧੀਜੀਵੀ ਵਰਗ ਕਿਉਂ ਆਪਣੀ ਇਤਿਹਾਸਕ ਅਤੇ ਨੈਤਿਕ ਜ਼ਿੰਮੇਵਾਰੀ ਨਹੀਂ ਨਿਭਾਅ ਸਕਿਆ, ਦੇ ਕਾਰਨਾਂ ਦਾ ਗੰਭੀਰਤਾ, ਸੰਜੀਦਗੀ ਅਤੇ ਸੁਹਿਰਦਤਾ ਨਾਲ ਮੁਲਾਂਕਣ ਕਰਨ ਦਾ ਯਤਨ ਕਰਦੇ ਰਹੇ ਤਾਂ ਦੋ ਤੱਥ ਸਾਹਮਣੇ ਆਉਂਦੇ ਹਨ। ਪਹਿਲਾਂ ਇਹ ਕਿ ਪੰਜਾਬ ਦਾ ਬੁੱਧੀਜੀਵੀ ਵਰਗ ਪੰਜਾਬ ਤੇ ਪੰਜਾਬੀਆਂ ਦੀ ਸਹੀ ਤਸਵੀਰ ਪੇਸ਼ ਕਰਨ ਵਿੱਚ ਜ਼ਿਆਦਾਤਰ ਅਸਫਲ ਰਿਹਾ ਹੈ, ਦੂਜਾ ਇਹ ਕਿ ਪੱਤਰਕਾਰੀ ਦਾ ਖੇਤਰ ਵੀ ਜ਼ਿਆਦਾਤਰ ਬੁੱਧੀਜੀਵੀ ਵਰਗ ਨੂੰ ਆਪਣੀ ਇਤਿਹਾਸਕ ਅਤੇ ਨੈਤਿਕ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਤੋਂ ਉਤਸ਼ਾਹਿਤ ਕਰਨ ਵਿੱਚ ਕੋਈ ਉਸਾਰੂ ਯੋਗਦਾਨ ਪਾਉਣ ਵਿੱਚ ਸਫ਼ਲ ਨਹੀਂ ਹੋ ਸਕਿਆ। ਸੰਸਾਰੀਕਰਨ ਨੇ ਸਮਾਜ ਦੇ ਲਗਭਗ ਹਰ ਵਰਗ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ, ਨਾ ਬੁੱਧੀਜੀਵੀ ਵਰਗ ਅਤੇ ਨਾ ਹੀ ਪੱਤਰਕਾਰੀ ਖੇਤਰ ਇਸ ਦੀ ਮਾਰ ਤੋਂ ਬਚ ਸਕੇ ਹਨ। ਸੰਸਾਰੀਕਰਨ ਨੇ ਉਪਰਲੇ ਅਤੇ ਥੱਲੜੇ ਵਰਗਾਂ ਵਿੱਚ ਪਾੜਾ ਬਹੁਤ ਵਧਾ ਦਿੱਤਾ ਹੈ, ਸੰਸਾਰੀਕਰਨ ਨੇ ਧਰੁਵੀਕਰਨ ਦੀ ਪ੍ਰਕਿਰਿਆ ਨੂੰ ਸਿਖਰ ਤੱਕ ਪਹੁੰਚਾ ਦਿੱਤਾ ਹੈ।
ਹਰ ਖੇਤਰ ਵਿੱਚ ਇੱਕ ਸਰੇਸ਼ਠ ਵਰਗ ਪੈਦਾ ਕਰ ਦਿੱਤਾ ਹੈ ਜਿਸ ਦਾ ਸਾਧਾਰਣ ਵਰਗ ਨਾਲੋਂ ਪਾੜਾ ਬਹੁਤ ਵਧ ਗਿਆ ਹੈ ਅਤੇ ਲਗਾਤਾਰ ਵਧੀ ਜਾ ਰਿਹਾ ਹੈ। ਮੈਨੂੰ ਯਾਦ ਹੈ ਕਿ ਅੱਜ ਤੋਂ ਲਗਭਗ 40 ਸਾਲ ਪਹਿਲਾਂ ਮੈਂ ਪੰਜਾਬੀ ਦੇ ਇੱਕ ਵੱਡੇ ਅਖ਼ਬਾਰ ਦੇ ਐਡੀਟਰ ਨੂੰ ਮਿਲਣ ਗਿਆ, ਸਰਦੀਆਂ ਦੇ ਦਿਨ ਸਨ। ਦਫ਼ਤਰ ਦੇ ਬਾਹਰ ਹੀ ਸੜਕ ਦੇ ਕੰਢੇ ਐਡੀਟਰ ਸਾਹਿਬ ਕੁਰਸੀ ਡਾਹ ਕੇ ਬੈਠੇ ਸਨ ਅਤੇ ਉਨ੍ਹਾਂ ਦੇ ਨਾਲ ਹੀ ਅਖ਼ਬਾਰ ਦੇ ਹੋਰ ਮੁਲਾਜ਼ਮ ਵੀ ਕੁਰਸੀਆਂ ਡਾਹਕੇ ਧੁੱਪ ਸੇਕ ਰਹੇ ਹਨ ਅਤੇ ਬੜੇ ਗੈਰ ਰਸਮੀ ਮਾਹੌਲ ਵਿੱਚ ਕੰਮਕਾਜ਼ ਵੀ ਕਰ ਰਹੇ ਸਨ ਅਤੇ ਗੱਲਾਬਾਤਾਂ ਵੀ ਕਰ ਰਹੇ ਸਨ। ਮੈਂ ਵੀ ਕਾਫ਼ੀ ਸਮੇਂ ਉਥੇ ਹੀ ਬੈਠਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਗੱਲਬਾਤ ਵਿੱਚ ਬਹੁਤ ਨੇੜਤਾ ਅਤੇ ਨਿੱਘ ਦਾ ਅਹਿਸਾਸ ਕੀਤਾ। ਪਰ ਹੁਣ ਬਹੁਤ ਫਰਕ ਪੈ ਗਿਆ ਹੈ। ਉਸੇ ਅਖ਼ਬਾਰ ਵਿੱਚ ਅੱਜ ਦੇ ਹਾਲਾਤ ਦੇਖਕੇ ਇਹ ਕਿਆਸ ਵੀ ਨਹੀਂ ਕੀਤਾ ਜਾ ਸਕਦਾ ਕਿ ਕਦੇ ਇਥੇ ਅਜਿਹੇ ਦਿ੍ਰਸ਼ ਵੀ ਦੇਖੇ ਜਾ ਸਕਦੇ ਹਨ। ਐਡੀਟਰਾਂ, ਪ੍ਰਬੰਧਕਾਂ ਅਤੇ ਮੁਲਾਜ਼ਮਾਂ ਵਿੱਚ ਪਾੜਾ ਬਹੁਤ ਵੱਧ ਗਿਆ ਹੈ। ਇਸੇ ਵਧੇ ਪਾੜੇ ਕਾਰਨ ਥੱਲੜੇ ਤੇ ਸਾਧਾਰਨ ਮੁਲਾਜ਼ਮਾਂ ਨੂੰ ਤੁਲਨਾਤਮਿਕ ਤੌਰ ’ਤੇ ਬਹੁਤ ਹੀ ਘੱਟ ਤਨਖਾਹਾਂ ਮਿਲਦੀਆਂ ਹਨ।
ਇਕ ਪਾਸੇ ਜਿੱਥੇ ਸੰਸਾਰੀਕਰਨ ਦੇ ਥੱਲੜੇ ਅਤੇ ਸਾਧਾਰਨ ਮੁਲਾਜ਼ਮਾਂ ਦੀ ਅਸਲੀ ਉਜ਼ਰਤ ਘਟਾ ਦਿੱਤੀ ਹੈ, ਉਥੇ ਖੱਪਤਕਾਰੀ ਸਭਿਆਚਾਰ ਨੇ ਉਨ੍ਹਾਂ ਦੇ ਖਰਚੇ ਵਧਾ ਦਿੱਤੇ ਹਨ। ਵਧਦਾ ਆਰਥਿਕ ਦਬਾਅ ਵੀ ਮੌਕਾਪ੍ਰਸਤ ਤੇ ਸਿਧਾਂਤਹੀਣ ਪੱਤਰਕਾਰੀ ਦਾ ਇੱਕ ਕਾਰਨ ਬਣਦਾ ਹੈ। ਸਿੱਧੇ ਅਸਿੱਧੇ ਢੰਗ ਨਾਲ ਪੈਸਾ ਜਾਂ ਹੋਰ ਲਾਭ ਲੈ ਕੇ ਖਬਰ ਲੁਆਉਣ ਦੇ ਰੁਝਾਨ ਲਈ ਹਾਲਾਤ ਪੈਦਾ ਹੋ ਜਾਂਦੇ ਹਨ। ਦੂਜੇ ਪਾਸੇ ਅਖੌਤੀ ਬੌਧਿਕਤਾ ਨਾਲ ਜੁੜੀਆਂ ਸੰਸਥਾਵਾਂ ਨੇ ਵੀ ਪੱਤਰਕਾਰੀ ਦੇ ਖੇਤਰ ਵਿੱਚ ਇਨ੍ਹਾਂ ਕਮਜ਼ੋਰੀਆਂ ਦਾ ਲਾਹਾ ਲੈਣ ਅਤੇ ਖ਼ਬਰਾਂ ਲੁਆਉਣ ਵਿੱਚ ਮੁਹਾਰਤ ਹਾਸਲ ਕਰ ਲਈ ਹੈ। ਨਤੀਜਾ ਇਹ ਨਿਕਲਦਾ ਹੈ ਕਿ ਪੰਜਾਬ ਵਿੱਚ ਸਾਹਿਤ ਅਤੇ ਸਭਿਆਚਾਰ ਨਾਲ ਸਬੰਧਿਤ ਖ਼ਬਰਾਂ ਜ਼ਿਆਦਾਤਰ 50 ਤੋਂ 100 ਸਖਸ਼ੀਅਤਾਂ ਦੇ ਦੁਆਲੇ ਹੀ ਘੁੰਮਦੀਆਂ ਰਹਿੰਦੀਆਂ ਹਨ। ਜੇ ਸਚਮੁੱਚ ਇਹ ਸਖਸ਼ੀਅਤਾਂ ਸਾਹਿਤ ਅਤੇ ਸਭਿਆਚਾਰ ਲਈ ਪੂਰੀ ਤਰ੍ਹਾਂ ਸਮਰਪਿਤ ਹੋਣ ਅਤੇ ਨਿਰੰਤਰ ਅਣਥੱਕ ਯਤਨਾਂ ਵਿੱਚ ਰੁਝੀਆਂ ਹੋਣ ਤਾਂ ਇਸ ਵਿੱਚ ਕੋਈ ਮਾੜੀ ਗੱਲ ਵੀ ਨਹੀਂ। ਪਰ ਜਦੋਂ ਇਨ੍ਹਾਂ ਸਖਸ਼ੀਅਤਾਂ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਵਿੱਚ ਉਸ ਦਰਜ਼ੇ ਦੀ ਸਾਹਿਤ ਅਤੇ ਸਭਿਆਚਾਰ ਪ੍ਰਤੀ ਲਗਨ ਅਤੇ ਸਮਰਪਣ ਦੇਖਣ ਨੂੰ ਨਹੀਂ ਮਿਲਦਾ ਜਿਸ ਦੀ ਤੁਹਾਨੂੰ ਉਨ੍ਹਾਂ ਬਾਰੇ ਖ਼ਬਰਾਂ ਪੜ੍ਹ ਕੇ ਆਸ ਬੱਝ ਜਾਂਦੀ ਹੈ। ਜ਼ਾਹਿਰ ਹੈ ਕਿ ਪੱਤਰਕਾਰੀ ਇਨ੍ਹਾਂ ਬਾਰੇ ਗਲਤ ਪ੍ਰਭਾਵ ਦੇ ਕੇ ਅਖੌਤੀ ਬੌਧਿਕਵਾਦ ਦੀ ਸਮੱਸਿਆ ਨੂੰ ਬੜਾਵਾਂ ਦੇ ਰਹੀ ਹੈ। ਪੰਜਾਬ ਇਸ ਘੁੰਮਣਘੇਰੀ ਵਿੱਚ ਫਸਿਆ ਹੋਇਆ ਹੈ ਕਿ ਅਖੌਤੀ ਬੌਧਿਕਵਾਦ ਮੌਕਾਪ੍ਰਸਤ ਤੇ ਸਿਧਾਂਤਰੀਣ ਪੱਤਰਕਾਰੀ ਨੂੰ ਬੜਾਵਾ ਦੇ ਰਿਹਾ ਹੈ ਅਤੇ ਉਹ ਅਖੌਤੀ ਬੌਧਿਕਵਾਦ ਨੂੰ ਬੜਾਵਾ ਦੇ ਰਹੀ ਹੈ। ਅਜਿਹੀ ਘੁੰਮਣਘੇਰੀ ਨੂੰ ਅੰਗਰੇਜ਼ੀ ਵਿੱਚ ‘ਵਿਸ਼ੀਅਸ ਸਾਈਕਲ’ ਕਹਿੰਦੇ ਹਨ। ਬਹੁਤ ਸਾਰੀਆਂ ਸਾਹਿਤ ਅਤੇ ਸਭਿਆਚਾਰ ਦੇ ਖੇਤਰਾਂ ਨਾਲ ਜੁੜੀਆਂ ਸਖਸ਼ੀਅਤਾਂ ਅਤੇ ਸੰਸਥਾਵਾਂ ਦੀ ਹੋਂਦ ਜ਼ਿਆਦਾਤਰ ਸਨਮਾਨਾਂ, ਸੈਮੀਨਾਰਾਂ ਅਤੇ ਅਖ਼ਬਾਰਾਂ ਤੱਕ ਹੀ ਸੀਮਤ ਹੁੰਦੀ ਹੈ। ਉਹ ਇੱਕ ਸੱਚੇ ਲੋਕ ਆਧਾਰ ਤੋਂ ਜ਼ਿਆਦਾਤਰ ਵਾਂਝੇ ਹੀ ਰਹਿ ਗਏ ਹਨ।
ਅਖ਼ਬਾਰਾਂ ਅਤੇ ਧਰਾਤਲੀ ਸਚਾਈ ਵਿੱਚ ਫਰਕ ਸਮਝਣ ਵਿੱਚ ਸ਼ਾਇਦ ਮੇਰਾ ਇੱਕ ਨਿੱਜੀ ਤਜ਼ਰਬਾ ਸਹਾਈ ਹੋ ਸਕੇ। ਪੰਜਾਬ ਵਿੱਚ ਇੱਕ ਵੱਡੇ ਸ਼ਹਿਰ ਵਿੱਚ ਦੋ ਬਜ਼ੁਰਗਾਂ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਇੱਕ ਨੇ ਪੰਜਾਬੀ ਸਭਿਆਚਾਰ ਨੂੰ ਪ੍ਰੋਤਸ਼ਾਹਿਤ ਕਰਨ ਵਿੱਚ ਬਹੁਤ ਨਾਮਣਾ ਖੱਟਿਆ ਹੈ। ਸਰਕਾਰੀ ਨੀਮ ਸਰਕਾਰ ਸੰਸਥਾਵਾਂ ਅਤੇ ਮੀਡੀਏ ਨਾਲ ਮੇਲਜੋਲ ਰੱਖਣ ਤੇ ਪ੍ਰਭਾਵਿਤ ਕਰਨ ਵਿੱਚ ਬਹੁਤ ਵੱਡੀ ਮੁਹਾਰਤ ਹਾਸਲ ਕੀਤੀ ਹੈ। ਦੂਜੇ ਬਜ਼ੁਰਗ ਆਪਣੇ ਤੌਰ ’ਤੇ ਇੱਕ ਮਿਸ਼ਨ ਲੈ ਕੇ ਤੁਰੇ ਹੋਏ ਹਨ ਕਿ ਪੰਜਾਬ ਦੀਆਂ ਸਮੱਸਿਆਵਾਂ ਦਾ ਮੁੱਖ ਕਾਰਨ ਗੁਰਬਾਣੀ ਅਤੇ ਸਿੱਖ ਸਿਧਾਂਤ ਤੋਂ ਦੂਰ ਹੋਣਾ ਹੈ। ਇਨ੍ਹਾਂ ਨੇ ਨਾ ਤਾਂ ਕਿਸੇ ਸਰਕਾਰੀ ਜਾਂ ਨੀਮ ਸਰਕਾਰੀ ਸੰਸਥਾ ਨਾਲ ਮੇਲ ਜੋਲ ਕੀਤਾ ਹੈ ਅਤੇ ਨਾ ਹੀ ਮੀਡੀਏ ਨਾਲ ਕੋਈ ਵਿਸ਼ੇਸ਼ ਸਬੰਧ ਬਣਾਏ ਹਨ। ਇਕ ਨੂੰ ਮੀਡੀਏ ਨੇ ਇੰਨਾ ਹਰਮਨ ਪਿਆਰਾ ਬਣਾ ਦਿੱਤਾ ਹੈ ਕਿ ਉਨ੍ਹਾਂ ਬਾਰੇ ਬਹੁਤ ਲੋਕ ਜਾਣਦੇ ਹਨ ਪਰ ਦੂਜੇ ਨੂੰ ਕੋਈ ਵਿਰਲਾ ਹੀ ਜਾਣਦਾ ਹੈ। ਪਿਛਲੇ ਕੁੱਝ ਸਾਲਾਂ ਤੋਂ ਮੈਂ ਦੇਖ ਰਿਹਾ ਹਾਂ ਕਿ ਮੀਡੀਏ ਵੱਲੋਂ ਦਿੱਤੇ ਜਾਂਦੇ ਪ੍ਰਭਾਵ ਤੋਂ ਉਲਟ ਨਾ ਤਾਂ ਉਨ੍ਹਾਂ ਦਾ ਕੋਈ ਸੱਚਾ ਲੋਕ ਅਧਾਰ ਹੈ ਅਤੇ ਜੋ ਅਧਾਰ ਹੈ ਉਹ ਵੀ ਸ਼ਾਇਦ ਸੁੰਗੜ ਰਿਹਾ ਹੈ। ਦੂਜੇ ਪਾਸੇ ਮੀਡੀਏ ਵੱਲੋਂ ਲਗਭਗ ਅਣਗੌਲੇ ਬਜ਼ੁਰਗ ਆਪਣਾ ਅਧਾਰ ਲਗਾਤਾਰ ਵਿਸ਼ਾਲ ਕਰੀ ਜਾ ਰਹੇ ਹਨ।
ਮੈਨੂੰ ਲੱਗਦਾ ਹੈ ਕਿ ਪੰਜਾਬ ਅਤੇ ਪੰਜਾਬੀਆਂ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮੱਸਿਆਵਾਂ ਪ੍ਰਤੀ ਗੰਭੀਰਤਾ, ਸੰਜੀਦਗੀ, ਸੁਹਿਰਦਤਾ ਅਤੇ ਸਮਰਪਣ ਜ਼ਿਆਦਾਤਰ ਦੋ ਧਿਰਾਂ ਵਿੱਚ ਹੈ, ਇਕ ਸਿੱਖ ਧਿਰ ਹੈ, ਅਤੇ ਦੂਜੀ ਖੱਬੇ ਪੱਖੀ, ਦੋਨੋ ਧਿਰਾਂ ਪੰਜਾਬ ਦੀ ਮੌਜੂਦਾ ਦਸ਼ਾ ਅਤੇ ਦਿਸ਼ਾ ਤੋਂ ਨਿਰਾਸ਼ ਹਨ ਅਤੇ ਚਿੰਤਤ ਹਨ। ਦੋਨੋਂ ਧਿਰਾਂ ਪੰਜਾਬੀ ਸਭਿਆਚਾਰ ਤੇ ਵੱਧ ਰਹੇ ਖੱਪਤਕਾਰੀ ਪ੍ਰਭਾਵ, ਪੰਜਾਬ ਵਿੱਚ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਦੇ ਕਮਜ਼ੋਰ ਹੋਈ ਜਾਣ, ਪੰਜਾਬੀ ਕਦਰਾਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਨਿਘਾਰ, ਪੰਜਾਬ ਦੇ ਵਧੀ ਜਾ ਰਹੇ ਪ੍ਰਦੂਸ਼ਿਤ ਵਾਤਾਵਰਣ, ਵੱਧੀ ਜਾ ਰਹੀ ਨਸ਼ਿਆਂ ਦੀ ਸਮੱਸਿਆ ਅਤੇ ਪੰਜਾਬ ਦੇ ਨਿਰੰਤਰ ਪੱਛਮੀ ਕਰਨ ਤੋਂ ਚਿੰਤਤ ਹਨ। ਪਰ ਪੰਜਾਬ ਦਾ ਇੱਕ ਵੱਡਾ ਦੁਖਾਂਤ ਇਹ ਹੈ ਕਿ ਇਹ ਦੋ ਧਿਰਾਂ ਇੱਕ ਘੱਟੋ ਘੱਟ ਸਾਂਝੇ ਪ੍ਰੋਗਰਾਮ ਬਾਰੇ ਸਹਿਮਤ ਨਹੀਂ ਹੋ ਸਕੀਆਂ ਅਤੇ ਇਨ੍ਹਾਂ ਦੀ ਬਹੁਤ ਸਾਰੀ ਸ਼ਕਤੀ ਇੱਕ ਦੂਜੇ ਦੀ ਵਿਰੋਧਤਾ ਵਿੱਚ ਜਾਇਆ ਹੋ ਰਹੀ ਹੈ। ਲੋੜ ਹੈ ਕਿ ਅਸੀਂ ਘੱਟੋ ਘੱਟ ਪੰਜਾਬ ਅਤੇ ਪੰਜਾਬੀਆਂ ਨੂੰ ਦਰਪੇਸ਼ ਚੋਣੌਤੀਆਂ ਅਤੇ ਸਮੱਸਿਆਵਾਂ ਬਾਰੇ ਇੱਕ ਵਿਸ਼ਾਲ ਸਹਿਮਤੀ ਹੀ ਹਾਸਲ ਕਰ ਸਕੀਏ।