ਕੈਨੇਡਾ ’ਚ ਜਹਾਦੀ ਹਮਲਿਆਂ ਦਾ ਵੱਧ ਰਿਹਾ ਖ਼ੌਫ -ਦਰਬਾਰਾ ਸਿੰਘ ਕਾਹਲੋਂ
Posted on:- 24-11-2014
ਕਰੀਬ ਸਾਢੇ ਤਿੰਨ ਕਰੋੜ ਆਬਾਦੀ ਵਾਲਾ ਪਰ ਖੇਤਰਫਲ ਪੱਖੋਂ ਅਮਰੀਕਾ ਨਾਲੋਂ ਵੀ ਵੱਡਾ ਦੇਸ਼ ਕੈਨੇਡਾ, ਅਨੇਕਤਾ ਵਿਚ ਏਕਤਾ ਪੱਖੋਂ ਭਾਰਤ ਨਾਲ ਮੇਲ ਖਾਂਦਾ ਹੈ। ਦੁਨੀਆ ਦੇ ਵੱਖਵੱਖ ਖਿੱਤਿਆਂ ਵਿਚੋਂ ਆਏ ਬਹਾਦਰ ਪਰਵਾਸੀਆਂ ਦਾ ਇਹ ਦੇਸ਼ ਵੱਖਵੱਖ ਧਰਮਾਂ, ਮਜ਼ਹਬਾਂ, ਰੰਗਾਂ, ਬੋਲੀਆਂ, ਜਾਤਾਂ ਇਲਾਕਿਆਂ ਦਾ ਬਹੁਰੰਗੀ ਖੁਸ਼ਬੂਦਾਰ ਵਿਕਸਤ ਗੁਲਦਸਤਾ ਹੈ। ਇਹ ਲੋਕ ਮਨੁੱਖੀ ਆਜ਼ਾਦੀਆਂ, ਲੋਕਸ਼ਾਹੀ, ਕਾਨੂੰਨ ਦੇ ਰਾਜ, ਧਾਰਮਿਕ ਸਹਿਨਸ਼ੀਲਤਾ ਅਤੇ ਸਹਿਹੋਂਦ ਦੇ ਦੀਵਾਨੇ ਹਨ। ਇਕਦੂਜੇ ਦੇ ਧਾਰਮਿਕ, ਇਲਾਕਾਈ, ਸੱਭਿਆਚਾਰਕ ਤਿਉਹਾਰਾਂ ਅਤੇ ਸਮਰੋਹਾਂ ਵਿਚ ਭਾਗ ਲੈਂਦੇ ਹਨ। ਉਤਰੀ ਧਰੁਵ ਦੇ ਨਾਲ ਲਗਣ ਕਰਕੇ ਬਰਫ ਜੰਮੀਆਂ ਝੀਲਾਂ, ਪਹਾੜਾਂ, ਨਦੀਆਂ, ਨਾਲਿਆਂ, ਆਬਸ਼ਾਰਾਂ, ਮੈਦਾਨਾਂ, ਜੰਗਲਾਂ, ਅਨੇਕ ਕੁਦਰਤੀ ਖਣਿਜਾਂ ਅਤੇ ਅਥਾਹ ਪਾਣੀਆਂ ਨਾਲ ਲਬਰੇਜ਼ ਇਹ ਵਿਸ਼ਾਲ ਦੇਸ਼ ਵਿਸ਼ਵ ਅੰਦਰ ਆਪਣਾ ਵਿਲੱਖਣ ਸਥਾਨ ਰੱਖਦਾ ਹੈ। ਵਿਸ਼ਵ ਸ਼ਾਂਤੀ, ਭਾਈਚਾਰਕ ਸਾਂਝ ਅਤੇ ਆਪਸੀ ਆਰਥਿਕ ਅਤੇ ਸਮਾਜਿਕ ਭਾਈਵਾਲਤਾ ਦਾ ਪ੍ਰਤੀਕ ਹੈ।
ਆਈਐਸ, ਅਲਕਾਇਦਿਆਈ ਅਤੇ ਮੁਸਲਿਮ ਕੱਟੜ ਜਹਾਦੀ ਸੰਗਠਨਾਂ ਦੀਆਂ ਅੱਖਾਂ ਵਿਚ ਇਹ ਰਾਸ਼ਟਰ ਇਸੇ ਕਰਕੇ ਰੜਕਦਾ ਹੈ ਕਿ ਇਹ ਵਿਸ਼ਵ ਅੱਤਵਾਦ, ਕੱਟੜਵਾਦ ਅਤੇ ਮਾਨਵਘਾਤੀ ਜਹਾਦ ਵਿਰੋਧੀ ਹੈ। ਅਮਰੀਕਾ ਦੇ ਸਹਿਯੋਗੀ ਰਾਸ਼ਟਰ ਵਜੋਂ ਇਸ ਵੱਲੋਂ ਅਫਗਾਨਿਸਤਾਨ ਅੰਦਰ ਤਾਲਿਬਾਨੀ ਅਲਕਾਇਦਿਆਈ ਸ਼ਕਤੀਆਂ ਵਿਰੁੱਧ ਫੌਜੀ ਸਹਾਇਤਾ ਦੇਣ ਅਤੇ ਹੁਣ ਇਰਾਕ ਅਤੇ ਸੀਰੀਆ ਅੰਦਰ ਆਈਐਸ ਜਹਾਦੀਆਂ ਵਿਰੁੱਧ ਹਵਾਈ ਹਮਲਿਆਂ ਅਤੇ ਫੌਜੀ ਸਲਾਹਕਾਰਾਂ ਵਜੋਂ ਅਮਰੀਕਾ ਅਤੇ ਇਤਿਹਾਦੀਆਂ ਨਾਲ ਸ਼ਾਮਲ ਹੋਣ ਕਰਕੇ ਮਾਨਵਤਾ, ਲੋਕਤੰਤਰ, ਮਨੁੱਖੀ ਅਧਿਕਾਰਾਂ ਵਿਰੋਧੀ ਆਈ ਐਸ ਅਤੇ ਕੱਟੜ ਜਹਾਦੀ ਇਸ ਦੀ ਸੁੰਦਰ ਧਰਤੀ ਤੇ ਆਪਣੇ ਪਿੱਠੂਆਂ ਰਾਹੀਂ ਹਮਲੇ ਕਰਾਉਣ ਦੀਆਂ ਲਗਾਤਾਰ ਧਮਕੀਆਂ ਦੇ ਰਹੇ ਹਨ।20 ਅਕਤੂਬਰ ਨੂੰ ਫਰਾਂਸੀਸੀ ਕਿਉੂਬੈਕ ਰਾਜ ਅਤੇ 22 ਅਕਤੂਰ ਨੂੰ ਰਾਜਧਾਨੀ ਓਟਾਵਾ (ਓਟੇਰੀਓ) ਵਿਚ ਇਹ ਸ਼ਕਤੀਆਂ ਆਪਣੇ ਪਿੱਠੂਆਂ ਰਾਹੀਂ ਹਮਲੇ ਕਰਾਉਣ ਵਿਚ ਸਫਲ ਹੋਈਆਂ।20 ਅਕਤੂਬਰ ਸੋਮਵਾਰ ਨੂੰ ਇਨ੍ਹਾਂ ਦੇ ਪਿੱਠੂ ਮਾਰਟਿਨ ਰਾਲੀਓ ਕਾਊਚਰ ਨੇ ਕਿਊਬੈਕ ਰਾਜ ਅੰਦਰ ਦੋ ਪੁਲਿਸ ਕਰਮਚਾਰੀਆਂ ਨੂੰ ਆਪਣੀ ਕਾਰ ਨਾਲ ਕੁਚਲਣਾ ਚਾਹਿਆ। ਇਹ 25 ਸਾਲਾ ਸਿਰ ਫਿਰਿਆ 53 ਸਾਲਾ ਵਾਰੰਟ ਅਫ਼ਸਰ ਪੈਟਰਿਸ ਵਿਨਸੈਂਟ ਨੂੰ ਮੋਂਟਰੀਲ ਨੇੜੇ ਮਾਰਨ ਵਿਚ ਸਫਲ ਰਿਹਾ। ਸੁਰੱਖਿਆ ਦਸਤੇ ਨੇ ਇਸ ਦਾ ਪਿੱਛਾ ਕਰਕੇ ਇਸ ਨੂੰ ਮਾਰ ਮੁਕਾਇਆ।22 ਅਕਤੂਬਰ ਨੂੰ ਮੁਸਲਿਮ ਧਰਮ ਅਪਣਾਉਣ ਵਾਲੇ ਅਪਰਾਧੀ ਪਿਛੋਕੜ ਵਾਲੇ ਮਾਈਕਲ ਜੇਹਾਦ ਬੀਬੋ ਨੇ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਖੇ ‘ਲੋਕਤੰਤਰ ਦੇ ਮੰਦਰ’ ਇਸ ਦੀ ਪਾਰਲੀਮੈਂਟ ’ਤੇ ਹਮਲਾ ਕਰ ਦਿੱਤਾ। ਪਹਿਲਾਂ ਉਸ ਨੇ ‘ਸ਼ਹੀਦਾਂ ਦੀ ਯਾਦਗਾਰ’ ’ਤੇ ਡਿਊਟੀ ਦੇ ਰਹੇ ਰਿਜ਼ਰਵ ਕਾਰਪੋਰਲ ਨਾਥਨ ਫਰੈਂਕ ਸੀਰੀਲੋ (27) ਨੂੰ ਦੋ ਗਲੀਆਂ ਚਲਾ ਕੇ ਮਾਰ ਦਿੱਤਾ। ਫਿਰ ਸੁਰੱਖਿਆ ਦਸਤੇ ਦੀ ਕਾਰ ਖੋਹ ਕੇ ਪਾਰਲੀਮੈਂਟ ਦੇ ਦਰਵਾਜ਼ੇ ’ਤੇ ਰੋਕ ਕੇ ਅੰਦਰ ਜਾ ਵੜਿਆ। ਲੇਕਿਨ ਪਾਰਲੀਮੈਂਟ ਅੰਦਰ ਮੁਸਤੈਦ ਸਾਰਜੈਂਟ ਕੇਵਿਨ ਇਕਰਜ਼ (58 ਸਾਲ) ਨੇ ਆਪਣੇ ਸਰਵਿਸ ਪਿਸਤੌਲ ਨਾਲ ਉਸ ਨੂੰ ਭੰਨ ਸੁੱਟਿਆ।ਲੇਕਿਨ ਇਸ ਇਕੱਲੇ ਸਿਰਫਿਰੇ ਵਿਅਕਤੀ ਦੇ ਘਿਨਾਉਣੇ ਕਾਰੇ ਨੇ ਸਾਰੀ ਕੈਨੇਡੀਅਨ ਕੌਮ ਨੂੰ ਹਿਲਾ ਕੇ ਰੱਖ ਦਿੱਤਾ। ਇਸ ਸਮੇਂ ਪ੍ਰਧਾਨ ਮੰਤਰੀ ਸ੍ਰੀ ਸਟੀਫਨ ਹਾਰਪਰ ਪਾਰਲੀਮੈਂਟ ਵਿਚ ਮੌਜੂਦ ਸਨ ਅਤੇ ਕਾਕਸ ਮੀਟਿੰਗ ਨੂੰ ਸੰਬੋਧਨ ਕਰਨ ਵਾਲੇ ਸਨ, ਜਿਥੇ ਇਹ ਅੱਤਵਾਦੀ ਪਹੁੰਚ ਚੁੱਕਾ ਸੀ। ਇਹ ਗੋਲੀਆਂ ਦਾਗਦਾ ਜਾ ਰਿਹਾ ਸੀ। ਸੁਰੱਖਿਆ ਦਸਤੇ ਇਸ ਦੇ ਪਿੱਛੇ ਸਨ।ਆਈ ਐਸ ਅਤੇ ਕੱਟੜਪੰਥੀ ਜਹਾਦੀਆਂ ਵਿਰੁੱਧ ਸਾਊਦੀ ਅਰਬ, ਯੂਏਈ, ਮਿਸਰ ਵੀ ਅਮਰੀਕਾ ਅਤੇ ਪੱਛਮੀ ਦੇਸ਼ਾਂ ਸਮੇਤ ਲੜ ਰਹੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਿਸ਼ਵ ਭਰ ਦੇ ਸਭ ਮੁਲਕਾਂ ਨੂੰ ਮਿਲ ਕੇ ਐਸੇ ਕੱਟੜਪੰਥੀ ਅੱਤਵਾਦੀਆਂ ਵਿਰੁੱਧ ਡੱਟਣ ਲਈ ਯੂਐਨ ਅਸੈਂਬਲੀ ਵਿਚ ਆਪਣੇ ਸੰਬੋਧਨ ਵਿਚ ਕਿਹਾ। ਭਾਰਤ ਭਾਵੇਂ ਅਮਰੀਕਾ ਅਤੇ ਇਤਿਹਾਦੀਆਂ ਦੀ ਜੰਗ ਵਿਚ ਸ਼ਾਮਲ ਨਹੀਂ, ਪਰ ਫਿਰ ਉਹ ਇਨ੍ਹਾਂ ਦੇ ਸੰਗੀਨ ਨਿਸ਼ਾਨੇ ’ਤੇ ਰਹਿੰਦਾ ਹੈ। ਸਪੇਨ ਵੀ ਇਨ੍ਹਾਂ ਇਤਿਹਾਦੀਆਂ ਦੀਆਂ ਕਾਰਵਾਈਆਂ ਸ਼ਾਮਲ ਨਹੀਂ ਰਿਹਾ, ਪਰ ਸੰਨ 2006 ਵਿਚ ਰਾਜਧਾਨੀ ਮੈਡਰਿਡ ਅੰਦਰ ਰੇਲ ਗੱਡੀਆਂ ਨੂੰ ਇਨ੍ਹਾਂ ਨੇ ਆਪਣਾ ਨਿਸ਼ਾਨਾ ਬਣਾਇਆ। ਦਰਅਸਲ ਇਹ ਕੱਟੜਪੰਥੀ ਮਾਨਵਤਾ ਦੇ ਦੁਸ਼ਮਣ ਹਨ। ਬੇਗੁਨਾਹਾਂ ਦੇ ਸਿਰ ਕਲਮ ਕਰ ਰਹੇ ਹਨ, ਬੰਦੂਕ ਦਾ ਨਿਸ਼ਾਨਾ ਬਣਾ ਰਹੇ ਹਨ, ਬੰਧਕ ਬਣਾ ਰਹੇ ਹਨ। ਅਮਨ ਅਤੇ ਭਾਈਚਾਰੇ ਦੇ ਕਾਤਲ ਹਨ। ਕੈਨੇਡਾ ਇਨ੍ਹਾਂ ਦੇ ਘਿਨਾਉਣੇ ਕਾਰਿਆਂ ਤੋਂ ਭਲੀਭਾਂਤ ਵਾਕਿਫ ਹੈ ਅਤੇ ਹਮੇਸ਼ਾ ਨਾਲ ਲੋਹੇ ਹੱਥਾਂ ਨਾਲ ਨਜਿੱਠਦਾ ਆਇਆ ਹੈ। ਐਸੇ ਅਨਸਰ ਨੇ ਕੈਨੇਡਾਈ ਕਨਫੈਡਰੇਸ਼ਨ ਦੇ ਪਿਤਾਮਾ ਥਾਮ ਡੀਅਰਕੀ ਮੈਕਗੀ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਦੋ ਮਹਾਂ ਜੰਗਾਂ ਵਿਚ ਵੀਹਵੀਂ ਸਦੀ ’ਚ ਆਪਣੇ ਰਾਸ਼ਟਰ ਦੀ ਰਾਖੀ ਲਈ 110,000 ਕੈਨੇਡਾਈ ਸਿਪਾਹੀਆਂ ਆਪਣੀ ਕੁਰਬਾਨੀ ਦਿੱਤੀ। ਕਿਊਬੈਕ ਮੰਤਰੀ ਪੀਅਰੇ ਲੋਪਾਰਟ ਐਸੇ ਅਨਸਰ ਦਾ ਨਿਸ਼ਾਨਾ ਬਣਿਆ। ਸੰਨ 1989 ਵਿਚ ਇਕ ਸਿਰਫਿਰੇ ਨੇ ਬਸ ਅਗਵਾ ਕਰ ਲਈ ਅਤੇ ਪਾਰਲੀਮੈਂਟ ਦੇ ਸਾਹਮਣੇ ਮੈਦਾਨ ’ਚ ਲੈ ਗਿਆ ਅਤੇ ਮੱਧ ਏਸ਼ੀਆ ਦੇ ਰਾਜਨੀਤਕ ਕੈਦੀਆਂ ਦੀ ਰਿਹਾਈ ਦੀ ਮੰਗ ਕਰਨ ਲੱਗਾ। ਕੁਝ ਗਰੁੱਪਾਂ ਕੈਨੇਡਾਂ ਦੀ ਪਾਰਲੀਮੈਂਟ ਨੂੰ ਨਿਸ਼ਾਨਾ ਬਣਾਉਣ ਦੀਆਂ ਗੋਂਦਾਂ ਗੁੰਦੀਆਂ। ਰਾਜਨੀਤਕ ਆਗੂਆਂ, ਸਾਂਸਦਾਂ ਅਤੇ ਪ੍ਰਧਾਨ ਮੰਤਰੀ ਨੂੰ ਅਕਸਰ ਨਿਸ਼ਾਨੇ ’ਤੇ ਲੈਣ ਦੀਆਂ ਧਮਕੀਆਂ ਅੰਦਰੋਂਬਾਹਰੋਂ ਮਿਲਦੀਆਂ ਰਹਿੰਦੀਆਂ ਹਨ।ਕੈਨੇਡਾ ਦੀ ਖੂਬਸੂਰਤੀ ਇਹ ਰਹੀ ਹੈ ਕਿ ਭਾਰਤ, ਪਾਕਿਸਤਾਨ, ਬੰਗਲਾਦੇਸ਼ ਜਾਂ ਹੋਰ ਦੇਸ਼ਾਂ ਵਾਂਗ, ਇਥੋਂ ਤੱਕ ਕਿ ਬਰਤਾਨੀਆਂ ਵਾਂਗ ਕਿਸੇ ਵੀ ਘਿਨਾਉਣੀ ਘਟਨਾ ਮੌਕੇ ਵਿਰੋਧੀ ਦਲ ਜਾਂ ਆਗੂ ਸਰਕਾਰਾਂ ਨੂੰ ਨਿੰਦਦੇ ਨਹੀਂ, ਨੁੱਕਸ ਨਹੀਂ ਕੱਢਦੇ, ਬਲਕਿ ਇਕਜੁਟਤਾ ਅਤੇ ਮਜ਼ਬੂਤੀ ਦਾ ਮੁਜ਼ਾਹਿਰਾ ਕਰਦੇ ਹਨ। ਅੱਤਵਾਦ ਕਦੇ ਵੀ ਕਿਤੇ ਵੀ ਕੋਈ ਘਿਨਾਉਣੀ ਘਟਨਾ ਕਰ ਸਕਦਾ ਹੈ। ਲੋੜ ਏਕਤਾ, ਮਜ਼ਬੂਤੀ ਅਤੇ ਚੌਕਸੀ ਨੂੰ ਤਕੜੇ ਕਰਨ ਦੀ ਹੁੰਦੀ ਹੈ। ਸੁਰੱਖਿਆ ਬਲਾਂ ਦਾ ਮਨੋਬਲ ਉਚਾ ਚੁੱਕਣ ਦੀ ਹੁੰਦੀ ਹੈ। ਪਾਰਲੀਮੈਂਟ ਵਿਚ ਅੱਤਵਾਦੀ ਨੂੰ ਭੁੰਨਣ ਵਾਲੇ ਸਾਰਜੈਂਟ ਕੇਵਿਨ ਵਿਕਰਜ਼ ਨੂੰ ਜਿਵੇਂ ਹਾਊਸ ਆਫ ਕਾਮਨਜ਼ ਵਿਚ ਰਾਸ਼ਟਰ ਦੇ ਨਾਇਕ ਵਜੋਂ ਮਾਣ ਦਿੱਤਾ ਇਹ ਵੇਖਣ ਵਾਲਾ ਦਿ੍ਰਸ਼ ਸੀ।ਸੰਪਰਕ : 001-416-857-7565