ਮੋਦੀ ਦੁਨੀਆ ਦੀ ਸੈਰ ’ਤੇ -ਵਰਜ਼ੀਜ ਕੇ ਜਾਰਜ਼
Posted on:- 18-11-2014
‘‘ਹੁਣ ਭਾਰਤ ਕਦੇ ਝੁਕੇਗਾ ਨਹੀਂ” , ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਦ ਸਤੰਬਰ ਵਿਚ ਅਮਰੀਕਾ ਦੇ ਦੌਰੇ ’ਤੇ ਸੀ ਤਾਂ ਇਹ ਲਫ਼ਜ਼ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਨਿਊਯਾਰਕ ਵਿਚ ਬੋਲੇ ਸਨ। ਸਰਹੱਦ ਉੱਪਰ ਗੋਲੀਬੰਦੀ ਦੀ ਪਾਕਿਸਤਾਨ ਵੱਲੋਂ ਵਾਰ-ਵਾਰ ਹੋ ਰਹੀ ਉਲੰਘਣਾ ਦੇ ਜਵਾਬ ਵਿਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ, ‘‘ਪਾਕਿਸਤਾਨ ਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਮੋਦੀ ਸਰਕਾਰ ਵੱਖਰੀ ਕਿਸਮ ਦੀ ਹੈ।” ਹਰਿਆਣਾ ਤੇ ਮਹਾਂਰਾਸ਼ਟਰ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਚੋਣ ਜਲਸਿਆਂ ਦੌਰਾਨ ਵੀ ਪ੍ਰਧਾਨ ਮੰਤਰੀ ਨੇ ਅਜਿਹੇ ਹੀ ਭਾਸ਼ਣ ਦਿੱਤੇ ਸਨ।
ਇਸ ਕਿਸਮ ਦੇ ਸਾਰੇ ਬਿਆਨਾਂ ਰਾਹੀਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ
ਜਾ ਰਹੀ ਹੈ ਕਿ ਮੋਦੀ ਸਰਕਾਰ ਦੇਸ਼ ਦੀਆਂ ਪੁਰਾਣੀਆਂ ਹਕੂਮਤਾਂ ਨਾਲੋਂ ਇਕ ਵੱਖਰੀ ਤਰ੍ਹਾਂ
ਦੀ ਰਣਨੀਤੀ ਅਪਣਾ ਰਹੀ ਹੈ। ਆਪਣੇ ਆਪ ਨੂੰ ਅਨੋਖਾ ਬਣਾ ਕੇ ਪੇਸ਼ ਕਰਨਾ ਨਰੇਂਦਰ ਮੋਦੀ ਦੀ
ਖਾਸੀਅਤ ਹੈ। 1998 ਵਿਚ ਲੋਕ ਸਭਾ ਵਿਚ ਵਿਸ਼ਵਾਸ ਮੱਤ ਜਿੱਤਣ ਤੋਂ ਬਾਅਦ ਅਟਲ ਬਿਹਾਰੀ
ਵਾਜਪਾਈ ਵੱਲੋਂ ਦਿੱਤੇ ਭਾਸ਼ਣ ਨੂੰ ਯਾਦ ਕਰਦੇ ਹਾਂ, ‘‘ਕੁਝ ਮੁੱਦਿਆਂ ਉੱਪਰ ਸਾਡੇ ਲੋਕਾਂ
ਵਿਚ ਹਮੇਸ਼ਾਂ ਤੋਂ ਹੀ ਸਹਿਮਤੀ ਰਹੀ ਹੈ ਅਤੇ ਵਿਦੇਸ਼ ਨੀਤੀ ਇਨ੍ਹਾਂ ਵਿਚੋਂ ਇਕ ਹੈ
....... ਸਿਰਫ਼ ਸਰਕਾਰ ਹੀ ਬਦਲੀ ਹੈ, ਵਿਦੇਸ਼ ਨੀਤੀ ਨਹੀਂ ਬਦਲੀ।”
ਸ਼੍ਰੀਮਾਨ ਵਾਜਪਾਈ ਨੇ ਕਈ ਅਹਿਮ ਨਵੀਆਂ ਗੱਲਾਂ ਕੀਤੀਆਂ ਸਨ ਪਰ ਹਮੇਸ਼ਾ ਉਨ੍ਹਾਂ ਨੂੰ ਵੀ ਪੁਰਾਤਨ ਨੀਤੀ ਦੇ ਵਿਕਾਸ ਦਾ ਰੂਪ ਹੀ ਦਿੱਤਾ ਸੀ। ਪਰ ਸ੍ਰੀਮਾਨ ਮੋਦੀ ਆਪਣੇ ਹਰ ਕਾਰਜ ਜਾਂ ਪਹਿਲਕਦਮੀ ਨੂੰ ਵੱਖਰਾ ਜਾਂ ਵਿਸ਼ੇਸ਼ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਵਿਚ ਹਨ। ਹੁਣ ਜਦ ਸ੍ਰੀਮਾਨ ਮੋਦੀ ਨੇ ਆਪਣੇ ਪਹਿਲੇ ਪੜਾਅ ਦੌਰਾਨ ਦੁਨੀਆਂ ਦੇ ਉਨ੍ਹਾਂ ਸਾਰੇ ਦੇਸ਼ਾਂ ਤੇ ਨੇਤਾਵਾਂ ਨਾਲ ਮੇਲ ਮਿਲਾਪ ਕਰ ਲਿਆ ਹੈ ਜੋ ਦੇਸ਼ ਕਿ ਭਾਰਤ ਲਈ ਮਹੱਤਵ ਰੱਖਦੇ ਹਨ, ਵਕਤ ਹੈ ਕਿ ਇਸ ਪਹਿਲੇ ਦੌਰ ਦਾ ਮੁਲਅੰਕਣ ਕਰ ਲਿਆ ਜਾਵੇ।
ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਤੇ ਫਿਰ ਮੁੱਖ ਚੋਣ ਪ੍ਰਚਾਰਕ ਹੋਣ ਸਮੇਂ ਨਰੇਂਦਰ ਮੋਦੀ ਦੇ ਬਿਆਨਾਂ ਤੋਂ ਜਾਹਿਰ ਹੁੰਦਾ ਸੀ ਕਿ ਉਹ ਦੁਨੀਆ ਨਾਲ ਕੁਝ ਵੱਖਰੀ ਤਰ੍ਹਾਂ ਵਿਹਾਰ ਕਰੇਗਾ। ਵਿਦੇਸ਼ ਨੀਤੀ ਦੇ ਵਿਸ਼ੇ ਉੱਪਰ ਉਸ ਦੇ ਦੋ ਵਿਸ਼ੇਸ਼ ਭਾਸ਼ਣ ਮਿਲਦੇ ਹਨ : ਇਕ 18 ਅਕਤੂਬਰ 2013 ਨੂੰ ਉਸ ਨੇ ਨਾਨੀ ਏ ਪਾਲਕੀਵਾਲਾ ਯਾਦਗਾਰੀ ਭਾਸ਼ਣ ਚੇਨਈ ਵਿਖੇ ਦਿੱਤਾ ਸੀ ਜਦ ਉਹ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਸੀ। ਦੂਸਰਾ , ਪ੍ਰਧਾਨ ਮੰਤਰੀ ਵਜੋਂ ਸਤੰਬਰ 2014 ਨੂੰ ਨਿਊਯਾਰਕ ਵਿਖੇ ਕੌਮਾਂਤਰੀ ਸਬੰਧਾਂ ਦੇ ਕੌਂਸਲ ਦੇ ਸਾਹਮਣੇ। ਭਾਵੇਂ ‘ਮੋਦੀਵਾਦ’ ਦਾ ਕੋਈ ਨਵਾਂ ਫ਼ਲਸਫ਼ਾ ਤਾਂ ਦਿ੍ਰਸ਼ਟੀਮਾਨ ਨਹੀਂ ਹੋਇਆ ਪਰ ਸਾਰੇ ਰਣਨੀਤਕ ਢਾਂਚੇ ਵਿਚ ਦੋ ਨੁਕਤੇ ਜ਼ਰੂਰ ਸਾਹਮਣੇ ਆਉਂਦੇ ਹਨ : ਗੁਆਂਢੀ ਦੇਸ਼ਾਂ ਵੱਲ ਖਾਸ ਤਵੱਜੋਂ ਅਤੇ ਭਾਰਤ ਦੇ ਆਰਥਿਕ ਹਿੱਤਾਂ ਦੀ ਪੈਰਵੀ ਕਰਨਾ। ਇਨਾਂ੍ਹ ਦੋਵੇਂ ਹੀ ਮੌਲਿਕ ਜਾਂ ਨਵੇਂ ਨਹੀਂ ਹਨ। ਡਾ. ਮਨਮੋਹਨ ਸਿੰਘ ਦੀ ਸਰਕਾਰ ਦੀ ਵਿਦੇਸ਼ੀ ਰਣਨੀਤੀ ਵਿਚ ਵੀ ਇਹ ਦੋਵੇਂ ਪੱਖ ਹਮੇਸ਼ਾ ਪਹਿਲੇ ਸਥਾਨ ’ਤੇ ਰਹੇ ਹਨ ਪਰ ਉਹ ਇਨਾਂ੍ਹ ਨੂੰ ਘਰੇਲੂ ਰਾਜਸੀ ਮਜਬੂਰੀਆਂ ਕਰਕੇ ਸਿਰੇ ਨਹੀਂ ਲਾ ਸਕਿਆ। ਇਹ ਰਾਜਸੀ ਉਲਝਣਾਂ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਵਲੋਂ ਹੀ ਖੜ੍ਹੀਆਂ ਕੀਤੀਆਂ ਜਾਂਦੀਆਂ ਸਨ ਜੋ ਉਸ ਵਕਤ ਮੁਖ ਵਿਰੋਧੀ ਧਿਰ ਹੁੰਦੀ ਸੀ। ਭਾਜਪਾ ਨੇ ਪਾਕਿਸਤਾਨ ਨਾਲ ਕਿਸੇ ਸਹਿਮਤੀ ’ਤੇ ਪਹੁੰਚਣ ਦੀ ਵਿਰੋਧਤਾ ਕੀਤੀ, ਬੰਗਲਾਦੇਸ਼ ਨਾਲ ਹੋ ਰਹੇ ਜ਼ਮੀਨੀ ਸਰਹੱਦ ਸਮਝੌਤੇ ਨੂੰ ਸਾਬੋਤਾਜ ਕੀਤਾ, ਦੇਸ਼ ਜੋ ਭਾਰਤ ਦੀ ਰਣਨੀਤੀ ਮਾਮਲੇ ਵਿਚ ਬਹੁਤ ਅਹਿਮ ਹੈ ਅਤੇ ‘ਪੂਰਬ ਨਾਲ ਦੋਸਤੀ’ ਮੁਹਿੰਮ ਵਿਚ ਬਹੁਤ ਮਹਤੱਵਪੂਰਨ ਪੁਰਜਾ ਹੈ ਅਤੇ ਇਸ ਨੇ ਚੀਨ ਵਿਰੁੱਧ ਹਮੇਸ਼ਾ ਤਿੱਖੇ ਤੇਵਰ ਹੀ ਅਪਣਾਈ ਰੱਖੇ। ਭਾਜਪਾ ਨੇ ਨਿਊਕਲੀਅਰ ਲਾਈਬਿਲਟੀ ਬਿਲ ਪਾਸ ਕਰਵਾਇਆ, ਜਿਸ ਨਾਲ ਪ੍ਰਮਾਣੂ ਕਾਰੋਬਾਰ ਮੁਸ਼ਕਲ ਹੋ ਗਿਆ। ਬੀਮਾ ਤੇ ਪੈਨਸ਼ਨ ਖੇਤਰ ਵਿਚ ਸੁਧਾਰਾਂ ਨੂੰ ਵੀ ਇਸ ਨੇ ਕਿਸੇ ਸਿਰੇ ਨਹੀਂ ਲਗਣ ਦਿੱਤਾ।
ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਨਰੇਂਦਰ ਮੋਦੀ ਵਿਚ ਆਪਣੇ ਆਪ ਨੂੰ ਸਮੇਂ ਮੁਤਾਬਕ ਢਾਲਣ ਦੀ ਕਲਾ ਹੈ। ਚੋਣ ਪ੍ਰਚਾਰਕ ਤੋਂ ਉਹ ਛੇਤੀ ਹੀ ਪ੍ਰਸ਼ਾਸਕ ਵੀ ਬਣ ਜਾਂਦਾ ਹੈ । ਉਹ ਗੁਜਰਾਤ ਦਾ ਮੁੱਖ ਮੰਤਰੀ ਵੀ ਸੀ ਅਤੇ ਉਸੇ ਵਕਤ ਕੇਂਦਰ ਦੀ ਯੂਪੀਏ ਸਰਕਾਰ ਦਾ ਆਲੋਚਕ ਵੀ ਸੀ। ਚੋਣ ਪ੍ਰਚਾਰ ਕਰਦੇ ਸਮੇਂ ਉਸ ਨੇ ਲਗਾਤਾਰ- ਚੀਨ ਦੀ ਘੁਸਪੈਠ, ਅਮਰੀਕਾ ਨਾਲ ਖੋਬਰਾਗੜੇ ਦੇ ਮਾਮਲੇ ਅਤੇ ਪਾਕਿਸਤਾਨ ਸਬੰਧੀ ਮਸਲਿਆਂ ਤੇ -ਕੇਂਦਰੀ ਸਰਕਾਰ ਦੀ ਨੁਕਤਾਚੀਨੀ ਕੀਤੀ ਹੈ। ਹੁਣ ਅਸੀਂ ਦੇਖ ਰਹੇ ਹਾਂ ਕਿ ਹੁਣ ਉਸ ਬਿਆਨਬਾਜ਼ੀ ਦੇ ਚੱਕਰ ’ਚੋਂ ਨਿਕਲਣਾ ਉਸ ਲਈ ਮੁਸ਼ਕਲ ਹੋ ਰਿਹਾ ਹੈ। ਅੰਧਰਾਸ਼ਟਰੀਵਾਦ ਦਾ ਹਊਆ ਖੜ੍ਹਾ ਕਰਨਾ ਇਸ ਪ੍ਰਚਾਰਕ ਦੀ ਨੀਤੀ ਦਾ ਮੁੱਖ ਭਾਗ ਸੀ। ਹੁਣ ਭਾਵੇਂ ਉਹ ਚਾਹ ਕੇ ਵੀ ਇਸ ਚੋਂ ਬਾਹਰ ਨਹੀਂ ਆ ਸਕਦਾ, ਕਿਉਂਕਿ ਇਸ ਬਿਆਨਬਾਜ਼ੀ ਨੇ ਹੀ ਉਸ ਨੂੰ ਬਣਾਇਆ ਹੈ।
ਹੁਣ ਗੁਆਂਢ ਵਿਚ ਹੀ ਭੂਤਕਾਲ ਦਾ ਭੂਤ ਉਸ ਨੂੰ ਸਤਾ ਰਿਹਾ ਹੈ। ਆਪਣੇ ਅਹੁਦੇ ਦੇ ਸਹੁੰ ਚੁੱਕ ਸਮਾਗਮ ਵਿਚ ਸਾਰੇ ਸਾਰਕ ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਨਿਓਤਾ ਦੇ ਕੇ ਉਸ ਨੇ ਬੜੀ ਸ਼ੁਭ ਸ਼ੁਰੂਆਤ ਕੀਤੀ ਸੀ। ਪਰ ਚੀਨ ਵੱਲੋਂ ਘੁਸਪੈਠ ਦੀਆਂ ਵਾਰਦਾਤਾਂ ਤੇ ਪਾਕਿਸਤਾਨੀ ਫੌਜ ਵਲੋਂ ਕੀਤੀਆਂ ਜਾ ਰਹੀਆਂ ਨਿਅੰਤਰਣ ਰੇਖਾ ਦੀਆਂ ਉਲੰਘਣਾਵਾਂ ਕਾਰਨ ਉਹ ਕਸੂਤੀ ਸਥਿਤੀ ਵਿਚ ਫਸ ਗਿਆ ਹੈ। ਭਾਰਤ ਨੇ ਪਾਕਿਸਤਾਨ ਨਾਲ ਗੱਲਬਾਤ ਨੂੰ ਮੁਲਤਵੀ ਕਰ ਦਿੱਤਾ ਹੈ ਅਤੇ ਸ਼ਰਤ ਰੱਖੀ ਹੈ ਕਿ ਉਹ ਕਸ਼ਮੀਰੀ ਵੱਖਵਾਦੀਆਂ ਨਾਲ ਸੰਪਰਕ ਬੰਦ ਕਰੇ। ਚੀਨ ਸਬੰਧੀ ਵੀ ਉਸ ਨੂੰ, ਸਾਬਰਮਤੀ ਵਿਖੇ ਚੀਨ ਦੇ ਰਾਸ਼ਟਰਪਤੀ ਦੇ ਸਵਾਗਤ ਤੋਂ ਅਗਲੇ ਦਿਨ ਚੀਨੀ ਫੌਜਾਂ ਦੀ ਘੁਸਪੈਠ ਬਾਰੇ ਬਿਆਨਬਾਜ਼ੀ ਕਰਨੀ ਪਈ ਸੀ। ਅਸੀਂ ਆਸ ਹੀ ਕਰ ਸਕਦੇ ਹਾਂ ਕਿ ਭਾਜਪਾ ਬੰਗਲਾਦੇਸ਼ ਨਾਲ ਬਾਰਡਰ ਸੰਧੀ ਬਾਰੇ ਆਪਣਾ ਦਿ੍ਰਸ਼ਟੀਕੋਣ ਬਦਲ ਲਵੇਗੀ ਅਤੇ ਆਉਣ ਵਾਲੇ ਸੰਸਦ ਸਮਾਗਮ ਵਿਚ ਬਿਲ ਪਾਸ ਕਰਾ ਲਵੇਗੀ।
ਗੁਆਂਢੀ ਦੇਸ਼ਾਂ ਨਾਲ ਰਿਸ਼ਤਿਆਂ ਦੀ ਚੰਗੀ ਸ਼ੁਰੂਆਤ ਦੇ ਸਬੰਧ ਵਿਚ ਨੇਪਾਲ ਅਤੇ ਭੂਟਾਨ ਬਾਰੇ ਉਸ ਨੇ ਜ਼ਰੂਰ ਚੰਗਾ ਕੰਮ ਕੀਤਾ ਹੈ ਜਿਹੜੇ ਦੇਸ਼ ਅਣਗੌਲੇ ਮਹਿਸੂਸ ਕਰ ਰਹੇ ਸਨ ।
ਡਾ. ਮਨਮੋਹਨ ਸਿੰਘ ਨੂੰ ਆਪਣੇ ਰਾਜ ਦੇ ਦੂਸਰੇ ਦੌਰ ਵਿਚ, ਵਿਦੇਸ਼ ਨੀਤੀ ਵਿਚ ਆਏ ਬਦਲਾਅ ਦੇ ਸਵਾਲ ’ਤੇ ਰਣਨੀਤਕ ਮਾਹਿਰਾਂ ਦੀ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਸੀ; ਖਾਸ ਕਰਕੇ ਅਮਰੀਕਾ ਨਾਲ ਸਬੰਧਾਂ ਨੂੰ ਬਿਹਤਰ ਨਾ ਬਣਾ ਸਕਣ ਦੇ ਸਵਾਲ ’ਤੇ। ਯੂਪੀਏ ਰਾਜ ਦੇ ਦੂਸਰੇ ਦੌਰ ’ਚ ਸਰਕਾਰੀ ਹਲਕਿਆਂ ਵਿਚ ਅਮਰੀਕਾ ਨਾਲ ਦੇਸ਼ ਦੇ ਰਿਸ਼ਤਿਆਂ ਨੂੰ ਮੁੜ ਜਾਂਚਣ ਅਤੇ ‘ਤੀਸਰੇ ਵਿਸ਼ਵ’ ਤੇ ਗੁੱਟ ਨਿਰਲੇਪ ਸਿਧਾਂਤ ਬਾਰੇ ਮੁੜ ਵਿਚਾਰਨ ਦੀ ਪ੍ਰਵਿਰਤੀ ਆਈ ਸੀ, ਜਿਸ ਦਾ ਕਿ ਇਹ ਮਾਹਿਰ ਮਜ਼ਾਕ ਉਡਾ ਰਹੇ ਸਨ। ਉਹੀ ਮਾਹਿਰ ਹੁਣ ਨਰੇਂਦਰ ਮੋਦੀ ਨੂੰ ਉਕਸਾ ਰਹੇ ਹਨ ਉਹ ਕੁਝ ਬਿਲਕੁਲ ਨਵਾਂ ਕਰੇ।
ਅਮਰੀਕਾ ਦੀ ਵਿਸ਼ਵ ਸਰਦਾਰੀ ਨੂੰ ਇਸ ਵੇਲੇ ਦੋ ਚੁਣੌਤੀਆਂ ਦਰਪੇਸ਼ ਹਨ -ਇਸਲਾਮਵਾਦ ਅਤੇ ਚੀਨ ਦਾ ਉਭਰਨਾ ਅਤੇ ਇਨ੍ਹਾਂ ਦੋਹਾਂ ਦਾ ਹੀ ਭਾਰਤ ਨਾਲ ਸਿੱਧਾ ਸਬੰਧ ਹੈ। ਮੋਦੀ ਦੇ ਪੂਰਵਜਾਂ ਦੇ ਲਈ ਮੁੱਖ ਸਵਾਲ ਸੀ ਕਿ ਇਨ੍ਹਾਂ ਦੋਹਾਂ ਪਹਿਲੂਆਂ ਨੂੰ ਧਿਆਨ ਵਿਚ ਰੱਖਦੇ ਹੋਏ ਅਮਰੀਕਾ ਨਾਲ ਇਸ ਹੱਦ ਤੱਕ ਸਹਿਯੋਗ ਕੀਤਾ ਜਾ ਸਕਦਾ ਹੈ ਕਿ ਜਿਸ ਨਾਲ ਦੇਸ਼ ਦੇ ਹਿੱਤਾਂ ਨੂੰ ਆਂਚ ਨਾ ਆਵੇ। ਰਣਨੀਤਕ ਹਿੱਤਾਂ ਉੱਪਰ ਤਾਂ ਸਹਿਮਤੀ ਹੋ ਸਕਦੀ ਹੈ ਪਰ ਪਰਾਥਮਿਕਤਾਵਾਂ ਵੱਖਰੀਆਂ ਅਲਹਿਦਾ ਹੋ ਸਕਦੀਆਂ ਹਨ। ਕੁਝ ਮਹਤੱਵਪੂਰਨ ਮੁੱਦਿਆਂ ਉੱਪਰ ਸਹਿਮਤੀ ਹੋਣ ਦੇ ਬਾਵਜੂਦ ਅਮਰੀਕਾ ਅਤੇ ਭਾਰਤ ਦੀਆਂ ਪ੍ਰਾਥਮਿਕਤਾਵਾਂ ਵਿਚ ਬਹੁਤ ਅੰਤਰ ਹੈ। ਡਾ. ਸਿੰਘ ਜਾਂ ਮੋਦੀ ਕੋਈ ਵੀ ਪ੍ਰਧਾਨ ਮੰਤਰੀ ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਪਿਛਲੇ ਸਮੇਂ ਦੌਰਾਨ ਸੀਰੀਆ, ਇਰਾਕ, ਮਿਆਂਮਾਰ, ਅਫ਼ਗਾਨਿਸਤਾਨ ਤੇ ਚੀਨ ਆਦਿ ਦੇ ਸਬੰਧੀ ਅਮਰੀਕਾ ਦੇ ਆਪਣੇ ਰੁਖ ਵਿਚ ਕਈ ਤਬਦੀਲੀਆਂ ਆਉਂਦੀਆਂ ਰਹੀਆਂ ਹਨ। ਇਸ ਨਾਲ ਭਾਰਤ ਦੀ ਰਵਾਇਤੀ ਸੋਚ ਨੂੰ ਬਲ ਮਿਲਦਾ ਹੈ ਕਿ ਭਾਰਤ ਇਕੱਲੇ ਅਮਰੀਕਾ ਦੀ ਪਿੱਠ ’ਤੇ ਸਵਾਰ ਹੋ ਕੇ ਹੀ ਆਪਣੇ ਸਵਾਰਥ ਸੁਰੱਖਿਅਤ ਨਹੀਂ ਕਰ ਸਕਦਾ। ਸੰਖੇਪ ਵਿਚ ਕੀ ਭਾਰਤ ਇਸਲਾਮਵਾਦ ਅਤੇ ਚੀਨ ਦੇ ਖਿਲਾਫ਼ ਜੰਗ ਵਿਚ ਆਗੂ ਦੀ ਭੂਮਿਕਾ ਨਿਭਾ ਸਕਦਾ ਹੈ?
ਇਸ ਵਾਸਤਵਿਕਤਾ ਦੇ ਨਾਲ ਨਾਲ ਇਕ ਹੋਰ ਵੀ ਪਹਿਲੂ ਹੈ ਕਿ ਮੋਦੀ ਦੀ ਸ਼ਖਸੀਅਤ ਦਾ ਵਿਕਾਸ ਆਰਆਰਐਸ ਦੇ ਪਰਛਾਵੇਂ ਥੱਲੇ ਹੋਇਆ ਹੈ, ਜੋ ਅਮਰੀਕਾ ਅਤੇ ਚੀਨ ਦੋਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਹੈ। ਡਾ. ਸਿੰਘ ਦੀ ਵਿਚਾਰਧਾਰਾ ਦਾ ਆਕਾਰ ਕੌਮਾਂਤਰੀ ਸੀ, ਉਸ ਦੇ ਮੁਕਾਬਲੇ ਮੋਦੀ ਇਕ ਕੱਟੜ ਰਾਸ਼ਟਰਵਾਦੀ ਹੈ ਭਾਵੇਂ ਕਿ ਵਪਾਰ ਉਸ ਦੇ ਖੂਨ ਵਿਚ ਰਚਿਆ ਹੋਇਆ ਹੈ। ਇਸ ਲਈ ਮੋਦੀ ਸਾਰੀ ਦੁਨੀਆ ਵਿਚ ਵਪਾਰਕ ਮੌਕਿਆਂ ਦੀ ਤਲਾਸ਼ ਕਰੇਗਾ ਪਰ ਉਹ ਭਾਰਤ ਦੇ ਸਵੈਮਾਣ ਤੇ ਪ੍ਰਤੀਸ਼ਠਾ ਪ੍ਰਤੀ ਮਨਮੋਹਨ ਸਿੰਘ ਨਾਲੋਂ ਕਿਤੇ ਜ਼ਿਆਦਾ ਸਨਕੀ ਹੋਵੇਗਾ -ਵਿਸ਼ਵ ਵਪਾਰ ਜਥੇਬੰਦੀ ਦੇ ਮਾਮਲੇ ਵਿਚ ਇਹ ਗੱਲ ਸਾਹਮਣੇ ਆਈ ਹੈ। ਇਸ ਲਈ ਜੋ ਲੋਕ ਉਸ ਦੇ ਚੋਣ ਪ੍ਰਚਾਰ ਸਮੇਂ ਦੇ ਚੀਨ ਵਿਰੋਧੀ ਬਿਆਨਬਾਜ਼ੀ ਵਿਚ ਦੇਖਦੇ ਹਨ ਕਿ ਭਾਰਤ, ਅਮਰੀਕਾ ਵਲੋਂ ਵਿੱਢੀ ਚੀਨ ਖਿਲਾਫ਼ ਜੰਗ ਵਿਚ ਮੂਹਰਲੀ ਭੂਮਿਕਾ ਨਿਭਾ ਸਕਦਾ ਹੈ, ਉਹ ਸੰਘ ਦੀ ਕੌਮਾਂਤਰੀ ਦਿੱਖ ਨੂੰ ਨਜ਼ਰਅੰਦਾਜ਼ ਕਰ ਰਹੇ ਹਨ-ਚੀਨ ਇਕ ਖਤਰਾ ਜ਼ਰੂਰ ਹੈ ਪਰ ਅਮਰੀਕਾ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।
ਕੌਂਸਲ ਆਨ ਫ਼ਾਰਨ ਰੀਲੇਸ਼ਨਜ਼ ਦੀ ਸਟੇਜ਼ ’ਤੇ ਬੋਲਦਿਆਂ ਮੋਦੀ ਨੇ ਕਿਹਾ ਸੀ, ‘‘ਵਿਸ਼ਵ ਨੂੰ ਨਵੇਂ ਬਲਾਕਾਂ ਦੀ ਜ਼ਰੂਰਤ ਨਹੀਂ ਹੈ, ਹਰ ਕੋਈ ਇਕ ਦੂਸਰੇ ਨਾਲ ਜੁੜਿਆ ਹੋਇਆ ਹੈ। ਇਹ ਇਕ ਜੰਜਾਲ ਹੈ। ਕੋਈ ਇਕ ਸ਼ਕਤੀ ਸਾਰੀ ਦੁਨੀਆ ’ਤੇ ਹਾਵੀ ਨਹੀਂ ਹੋ ਸਕਦੀ।”
ਭਾਵੇਂ ਸ੍ਰੀ ਮੋਦੀ ਆਪਣੀ ਵਿਦੇਸ਼ ਨੀਤੀ ਨੂੰ ਰਵਾਇਤੀ ਨੀਤੀ ਤੇ ਪੁਰਾਣੀ ਰਵਾਇਤੀ ਨੀਤੀ ਤੋਂ ਬੁਨਿਆਦੀ ਤੌਰ ’ਤੇ ਵੱਖਰੀ ਕਰਕੇ ਪੇਸ਼ ਕਰ ਰਿਹਾ ਹੈ ਪਰ ਲਫ਼ਜ਼ਾਂ ਦੀ ਉਲਟ-ਫੇਰ ਤੋਂ ਬਿਨਾਂ ਕੁਝ ਵੀ ਵੱਖਰਾ ਨਹੀਂ ਹੈ। ਆਪਣੀ ਰਾਸ਼ਟਰਵਾਦੀ ਸੋਚ ਨੂੰ ਆਧੁਨਿਕ ਦੁਨੀਆ ਦੀਆਂ ਖਾਹਿਸ਼ਾਂ ਨਾਲ ਜੋੜਨਾ ਮੋਦੀ ਦੇ ਲਈ ਬਹੁਤ ਵੱਡੀ ਚੁਣੌਤੀ ਹੈ।