Wed, 30 October 2024
Your Visitor Number :-   7238304
SuhisaverSuhisaver Suhisaver

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਰਕਹੀਣਤਾ -ਕਰਨ ਥਾਪਰ

Posted on:- 18-11-2014

suhisaver

ਅਸੀਂ ਆਪਣੇ ਪ੍ਰਧਾਨ ਮੰਤਰੀਆਂ ਤੋਂ ਕੀ ਆਸ ਕਰਦੇ ਹਾਂ? ਇਹ ਕੋਈ ਬੇਥ੍ਹਵਾ ਸਵਾਲ ਨਹੀਂ ਹੈ ਤੇ ਇਸ ਬਾਰੇ ਜਲਦੀ ਹੀ ਸਪਸ਼ਟ ਹੋ ਜਾਵੇਗਾ। ਅਸੀਂ ਚਾਹੁੰਦੇ ਹਾਂ ਕਿ ਉਹ ਇਮਾਨਦਾਰ, ਦਿਆਨਤਦਾਰ ਹੋਵੇ, ਉਦੇਸ਼ ਤੇ ਦੇਸ਼ ਪ੍ਰਤੀ ਸਮਰਪਤ ਹੋਵੇ; ਪ੍ਰਸ਼ਾਸਨ ਚਲਾਉਣ ਦੇ ਕਾਬਲ ਹੋਵੇ ਅਤੇ ਇਹ ਵੀ ਆਸ ਕਰਦੇ ਹਾਂ ਕਿ ਉਹ ਕੁਝ ਸਿਆਣਾ ਵੀ ਹੋਵੇ। ਪਰ ਇਸ ਤੋਂ ਇਲਾਵਾ ਵੀ ਕੁਝ ਚਾਹੀਦਾ ਹੈ। ਇਨ੍ਹਾਂ ਸਭ ਵਿਸ਼ੇਸ਼ਤਾਈਆਂ ਤੋਂ ਇਲਾਵਾ ਅਸੀਂ ਉਸ ਤੋਂ ਤਰਕਸ਼ੀਲਤਾ ਦੀ ਵੀ ਆਸ ਕਰਦੇ ਹਾਂ। ਹੋ ਸਕਦਾ ਹੈ ਅਸੀਂ ਪ੍ਰਧਾਨ ਮੰਤਰੀ ਦੁਆਰਾ ਕਹੀ ਹਰ ਗੱਲ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ, ਜਾਂ ਜੋ ਉਹ ਕਰਨਾ ਚਾਹੁੰਦੇ ਹਨ ਸਾਡੀ ਪਸੰਦ ਦਾ ਹੋਵੇ ਜਾਂ ਨਾ ਹੋਵੇ ਪਰ ਘੱਟੋ-ਘੱਟ ਉਸ ਦੀ ਕਹੀ ਗੱਲ ’ਚ ਤਰਕ ਤਾਂ ਹੋਣਾ ਹੀ ਚਾਹੀਦਾ ਹੈ।

ਇਥੇ ਮੇਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਕੁਝ ਰੋਸ ਹੈ। ਕੁਝ ਦਿਨ ਪਹਿਲਾਂ ਸਰ ਐਚ ਐਨ ਰਿਲਾਇੰਸ ਫਾਊਡੇਸ਼ਨ ਹੌਸਪਿਟਲ ਤੇ ਰਿਸਰਚ ਸੈਂਟਰ ਸਮਾਗਮ ’ਤੇ ਬੋਲਦਿਆ ਉਨ੍ਹਾਂ ਨੇ ਕਿਹਾ, ‘‘ਮਹਾਂਭਾਰਤ ਕਾ ਕਹਿਣਾ ਹੈ ਕਿ ਕਰਨ ਮਾਂ ਕੀ ਗੋਦ ਮੇਂ ਸੇ ਪੈਦਾ ਨਹੀਂ ਹੂਆ ਥਾ, ਇਸ ਕਾ ਮਤਲਬ ਹੈ ਕਿ ਉਸ ਸਮੇਂ ਭੀ ਜੈਨੇਟਿਕ ਸਾਇੰਸ ਮੌਜੂਦ ਥਾ...ਹਮ ਗਨੇਸ਼ ਜੀ ਕੀ ਪੂਜਾ ਕੀਆ ਕਰਤੇ ਹੈ, ਕੋਈ ਤੋ ਪਲਾਸਟਿਕ ਸਰਜ਼ਨ ਹੋਗਾ ਉਸ ਜ਼ਮਾਨੇ ਮੇਂ ਜਿਸ ਨੇ ਮਨੁਸ਼ ਕੇ ਸ਼ਰੀਰ ਪਰ ਹਾਥੀ ਕਾ ਸਰ ਰਖ ਕਰ ਪਲਾਸਟਿਕ ਸਰਜ਼ਰੀ ਕਾ ਪ੍ਰਾਰੰਭ ਕੀਆ ਹੋਗਾ।”

ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਭਾਰਤੀ ਮੋਦੀ ਦੇ ਵਿਚਾਰ ਨਾਲ ਸਹਿਮਤ ਹਨ ਕਿ ਲ਼ਿਖਤ ਇਤਿਹਾਸ ਤੋਂ ਪਹਿਲਾਂ ਦੇ ਯੁਗ ਵਿਚ ਭਾਰਤੀ ਵਿਗਿਆਨੀਆਂ ਨੇ ਜੈਨੇਟਿਕ ਵਿਗਿਆਨ ਤੇ ਪਲਾਸਟਿਕ ਸਰਜ਼ਰੀ ਦੇ ਖੇਤਰ ਵਿਚ ਮੁਹਾਰਤ ਹਾਸਿਲ ਕਰ ਲਈ ਹੋਈ ਸੀ। ਵਿਅਕਤੀਗਤ ਤੌਰ ’ਤੇ ਉਹ ਜੋ ਮਰਜ਼ੀ ਸੋਚਦੇ ਜਾਂ ਸਮਝਦੇ ਹੋਣ ਪਰ ਦੇਸ਼ ਦੇ ਇਕ ਪ੍ਰਧਾਨ ਮੰਤਰੀ ਵਲੋਂ ਅਜਿਹਾ ਕਹਿਣਾ ਸ਼ੋਭਾ ਨਹੀਂ ਦਿੰਦਾ ਉਹ ਵੀ ਇਕ ਹਸਪਤਾਲ ਦੇ ਸਮਾਗਮ ਦੇ ਮੌਕੇ । ਇਸ ਕਰਕੇ ਕਿ ਮਿਥਹਾਸਕ ਘਟਨਾਵਾਂ ਨੂੰ ਵਿਗਿਆਨਕ ਪ੍ਰਾਪਤੀਆਂ ਨਾਲ ਜੋੜਨਾ ਠੀਕ ਨਹੀਂ ਹੈ। ਪਹਿਲਾਂ ਤਾਂ ਮਿਥ ਦੇ ਯਥਾਰਥ ਹੋਣ ਦਾ ਕੋਈ ਸਬੂਤ ਮੌਜੂਦ ਨਹੀਂ ਹੈ। ਦੂਸਰਾ ਤੁਸੀਂ ਇਸ ਸਵਾਲ ਦਾ ਕੀ ਜਵਾਬ ਦੇਵੋਗੇ ਕਿ ਐਨੀਆਂ ਮਹਾਨ ਵਿਗਿਆਨਕ ਖੋਜਾਂ ਨੂੰ ਅਸੀਂ ਇਸ ਹੱਦ ਤਕ ਭੁਲ ਭੁਲਾ ਗਏ ਕਿ ਉਹਨਾਂ ਦਾ ਖੁਰਾ ਖੋਜ਼ ਵੀ ਬਾਕੀ ਨਹੀਂ ਰਿਹਾ।

ਸ਼ੀ੍ਰਮਾਨ ਮੋਦੀ ਦੇ ਲਫ਼ਜ਼ ਦੀਨਾ ਨਾਥ ਬਤਰਾ ਦੇ ਵਿਚਾਰਾਂ ਤੋਂ ਵੀ ਭੱਦੇ ਹਨ। ਉਸ ਦੀਆਂ ਕਿਤਾਬਾਂ ਗੁਜਰਾਤ ਦੇ 42000 ਸਕੂਲਾਂ ਦੇ ਬੱਚਿਆਂ ਨੂੰ ਪੜ੍ਹਾਈਆਂ ਜਾਂਦੀਆਂ ਹਨ ਅਤੇ ਉਹਨਾਂ ਵਿਚ ਉਸ ਵੇਲੇ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਦੇ ਵਿਚਾਰ ਦਰਜ਼ ਹੁੰਦੇ ਸਨ। ਇਨ੍ਹਾਂ ਕਿਤਾਬਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਕੁੰਤੀ ਤੇ ਕੌਰਵਾਂ ਸਮੇਂ ਸਟੈਮ ਸੈਲ ਦੀ ਸਾਇੰਸ ਮੌਜੂਦ ਸੀ, ਕੀ ਟੈਲੀਵਿਯਨ ਦੀ ਖੋਜ ਮਹਾਂਭਾਰਤ ਦੇ ਵਿਚ ਯੁੱਗ ਹੋ ਚੁੱਕੀ ਸੀ ਅਤੇ ਵੇਦਾਂ ਦੇ ਯੁਗ ਵਿਚ ਮੋਟਰ ਕਾਰਾਂ ਦੌੜਦੀਆਂ ਸਨ। ਬਹੁਤ ਘੱਟ ਲੋਕ ਹੋਣਗੇ ਜੋ ਇਸ ਨੂੰ ਬਕਵਾਸ ਨਹੀਂ ਕਹਿਣਗੇ ਅਤੇ ਇਸ ਨੂੰ ਵੀ ਕਿ ਪੂਰਬ-ਇਤਿਹਾਸਕ ਸਮੇਂ ਵਿੱਚ ਜੈਨੇਟਿਕ ਵਿਗਿਆਨ ਦੇ ਅਸੀਂ ਮਾਹਿਰ ਸਾਂ ਅਤੇ ਕਿ ਸਾਡੇ ਡਾਕਟਰ ਪਲਾਸਟਿਕ ਸਰਜ਼ਰੀ ਕਰਕੇ ਸ਼ਕਲਾਂ ਨੂੰ ਵਿਗਾੜ ਜਾਂ ਸੁਧਾਰ ਦਿੰਦੇ ਸਨ ।

ਮੈਂ ਕੁਝ ਹੋਰ ਵੀ ਕਹਿਣਾ ਚਾਹੂੰਦਾ ਹਾਂ : ਸ਼੍ਰੀਮਾਨ ਮੋਦੀ ਜੀ ਸਮਾਰਟ ਸ਼ਹਿਰ ਉਸਾਰਨਾ ਚਾਹੁੰਦੇ ਹਨ, ਵਿਦਿਆ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹਨ, ਭਾਰਤ ਦੇ ਵਿਗਿਆਨੀਆਂ ਵੱਲੋਂ ਮੰਗਲ ਵੱਲ ਭੇਜੇ ਰਾਕਟ ’ਤੇ ਮਾਣ ਕਰਦੇ ਹਨ। ਭਾਰਤ ਵਿਚ ਵੀ ਤੇਜ਼ ਰਫ਼ਤਾਰ ਬੁਲਿਟ ਟਰੇਨਾਂ ਦੌੜਦੀਆਂ ਦੇਖਣੀਆਂ ਚਾਹੁੰਦੇ ਹਨ ਅਤੇ ਨਵੀਨਤਮ ਹਥਿਆਰ ਭਾਰਤ ਦੇ ਫ਼ੌਜ਼ੀਆਂ ਦੇ ਹੱਥਾਂ ਵਿਚ ਹੋਣੇ ਚਾਹੀਦੇ ਹਨ। ਇਕ ਡਿਜ਼ੀਟਲ ਹਿੰਦੁਸਤਾਨ ਦਾ ਸੁਪਨਾ! ਪਰ ਇਹ ਸਭ ਤਾਂ 21ਵੀਂ ਸਦੀ ਦੇ ਸੁਪਨੇ ਹਨ ਅਤੇ ਇਹ ਸਭ ਬਿਨਾਂ ਕਿਸੇ ਸਬੂਤ ਦੇ ਮਿਥਿਹਾਸਕ ਕਹਾਣੀਆਂ ਨਾਲ ਕਿਵੇਂ ਮੇਲ ਖਾਣਗੇ? ਕੀ ਇਹ ਜਿਉਂਦਾ ਜਾਗਦਾ ਵਿਰੋਧਾਭਾਸ ਨਹੀਂ ਹੈ? ਦੂਸਰਾ, ਯੂਨਾਨ ਦੇ ਮਿਥਿਹਾਸ ਕੋਲ ਸੈਨਟੂਰ (ਘੋੜੇ ਦਾ ਧੜ ਰੱਖਦਾ ਕਲਪਿਤ ਜਾਨਵਰ) ਤੇ ਮੈਨਟੂਰ (ਅਜਿਹਾ ਜਾਨਵਰ ਜੋ ਅੱਧਾ ਮਨੁੱਖ ਤੇ ਅੱਧਾ ਬਲਦ) ਹਨ ਤੇ ਫਾਰਸੀ ਵਾਲਿਆਂ ਕੋਲ ਗਰਿਫ਼ਨ (ਸ਼ੇਰ ਦਾ ਧੜ ਤੇ ਇੱਲ ਜਿਹਾ ਮੂੰਹ ਤੇ ਖੰਭ ਰੱਖਦਾ ਕਲਪਿਤ ਪਸ਼ੂ), ਬਰਤਾਨੀਆ ਕੋਲ ਯੂਨੀਕਾਰਨ (ਇੱਕ ਸਿੰਗਾ ਘੋੜੇ ਵਰਗਾ ਕਲਪਿਤ ਪਸ਼ੂ) ਅਤੇ ਪਰੀਕਥਾਵਾਂ ਕੋਲ ਜਲਪਰੀਆਂ ਤੇ ਵਰਵੁੱਲਫ (ਚਾਂਦਨੀ ਰਾਤ ’ਚ ਬਘਿਆੜ ਬਣ ਜਾਣ ਵਾਲਾ ਬੰਦਾ) ਹਨ। ਸ਼੍ਰੀਮਾਨ ਮੋਦੀ ਦੀ ਸੋਚ ਮੁਤਾਬਕ ਇਹ ਕਹਿਣਾ ਪਵੇਗਾ ਕਿ ਇਹ ਸਭ ਹੋ ਗੁਜ਼ਰੀਆਂ ਚੀਜ਼ਾਂ ਹਨ। ਪਰ ਕੀ ਅਸੀਂ ਇਹ ਵਿਸ਼ਵਾਸ਼ ਕਰ ਸਕਦੇ ਹਾਂ? ਹਾਂ ਜ਼ਰੂਰ ਸੁਪਨਿਆਂ ਵਿਚ ਜਾਂ ਜਦੋਂ ਅਸੀਂ ਕਦੇ ਬੱਚੇ ਹੁੰਦੇ ਸਾਂ।

ਆਖੀਰ ਵਿੱਚ, ਪ੍ਰਧਾਨ ਮੰਤਰੀ ਮੋਦੀ ਜੀ ਨਾਲ ਮੇਰਾ ਝਗੜਾ ਕਾਨੂੰਨ ਦੀਆਂ ਬਰੂਹਾਂ ’ਤੇ ਵੀ ਪਹੁੰਚ ਜਾਂਦਾ ਹੈ। ਭਾਰਤੀ ਸੰਵਿਧਾਨ ਦੀ ਧਾਰਾ 51ਏ(ਐਚ) ਅਨੁਸਾਰ ਭਾਰਤ ਦੇਸ਼ ਦੇ ਹਰ ਨਿਵਾਸੀ ਦਾ ਇਹ ਬੁਨਿਅਦੀ ਫ਼ਰਜ਼ ਹੈ ਕਿ ਉਹ ਵਿਗਿਆਨਕ ਸਮਝ ਨੂੰ ਅਪਨਾਵੇ । ਇਹ ਕਿਵੇਂ ਹੋ ਰਿਹਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਹੀ ਵਿਗਿਆਨ ਵਿਰੋਧੀ ਗਲੱਾਂ ਕਰ ਰਿਹਾ ਹੈ। ਸਾਫ਼ ਤੇ ਸਪਸ਼ਟ ਹੈ ਕਿ ਉਹ ਕਾਨੂੰਨ ਵਿਰੋਧੀ ਸੰਵਿਧਾਨ ਵਿਰੋਧੀ ਗੱਲਾਂ ਕਰ ਰਿਹਾ ਹੈ। ਇਹ ਬੜਾ ਵਿਚਾਰਨਯੋਗ ਮੁੱਦਾ ਹੈ ਪਰ ਮੈਨੂੰ ਇਹ ਸਮਝ ਨਹੀਂ ਆਈ ਕਿਉਂ ਸਾਡੇ ਮੀਡੀਆ ਨੇ ਕਿਉਂ ਇਸ ਬਾਬਤ ਕੋਈ ਗੌਰ ਨਹੀਂ ਕੀਤਾ, ਨਾ ਹੀ ਕਿਸੇ ਵਿਗਿਆਨੀ ਨੇ ਇਸ ਦਾ ਖੰਡਨ ਕਰਨ ਦੀ ਜ਼ੁਰਅਤ ਕੀਤੀ ਹੈ। ਇਹ ਖਾਮੋਸ਼ੀ ਬੜੀ ਖਤਰਨਾਕ ਹੈ ਤੇ ਹੈਰਾਨੀ ਵਾਲੀ ਵੀ। ਮੀਡੀਆ ਦੀ ਤਾਂ ਖਾਸ ਕਰਕੇ, ਲੱਗਦਾ ਜਿਵੇਂ ਕਿਸੇ ਨੇ ਜਬਰਦਸਤੀ ਚੁੱਪ ਕਰਾ ਦਿੱਤਾ ਹੋਵੇ।

(‘ਦਾ ਹਿੰਦੂ’ ’ਚੋਂ ਧੰਨਵਾਦ ਸਹਿਤ)

Comments

Samsher Kahlon

bilkul sahi

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ