ਸਮਾਜ ਵਿਚ ਕਾਇਮ ਰਹਿਣਾ ਚਾਹੀਦਾ ਹੈ ਅਸਹਿਮਤੀ ਦਾ ਅਧਿਕਾਰ –ਪ੍ਰਫੁਲ ਬਿਦਵਈ
Posted on:- 10-11-2014
ਜਦੋਂ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਭਾਰਤੀ ਮੀਡੀਆ ਬਾਰੇ ਕਿਹਾ ਸੀ ਕਿ ਐਮਰਜੈਂਸੀ ਦੌਰਾਨ 'ਜਦੋਂ ਉਨ੍ਹਾਂ ਨੂੰ ਝੁਕਣ ਲਈ ਆਖਿਆ ਗਿਆ ਤਾਂ ਉਹ ਰੀਂਗਣ ਲੱਗੇ', ਤਾਂ ਸਹੀ ਤੌਰ 'ਤੇ ਹੀ ਉਨ੍ਹਾਂ ਦੀ ਇਸ ਗੱਲ ਦੀ ਦੇਸ਼ ਦੇ ਬੁੱਧੀਜੀਵੀ ਵਰਗ ਅਤੇ ਇਥੋਂ ਤੱਕ ਕਿ ਉਨ੍ਹਾਂ ਲੋਕਾਂ ਵੱਲੋਂ ਵੀ ਵੱਡੀ ਸ਼ਲਾਘਾ ਹੋਈ ਸੀ, ਜੋ ਭਾਜਪਾ ਦੀ ਵਿਚਾਰਧਾਰਾ ਦੇ ਖਿਲਾਫ਼ ਸਨ।
ਅੱਜ ਨਾ ਸਿਰਫ ਮੀਡੀਆ, ਸਗੋਂ ਸਿੱਖਿਆ, ਸੱਭਿਆਚਾਰ, ਸਿਹਤ ਸੰਭਾਲ ਅਤੇ ਕਾਨੂੰਨ ਦੇ ਖੇਤਰ ਦੇ ਮੋਹਰੀ ਵਿਅਕਤੀ ਝੁਕਣ ਲਈ ਆਖੇ ਤੋਂ ਬਿਨਾਂ ਹੀ ਆਰ.ਐਸ.ਐਸ. ਦੇ ਸਾਹਮਣੇ ਰੀਂਗ ਰਹੇ ਹਨ। ਇਨ੍ਹਾਂ ਵਿਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਚੇਅਰਮੈਨ ਵੇਦ ਪ੍ਰਕਾਸ਼, ਦਿੱਲੀ ਯੂਨੀਵਰਸਿਟੀ ਦੇ ਉਪ-ਕੁਲਪਤੀ ਦਿਨੇਸ਼ ਸਿੰਘ, ਏਮਜ਼ ਦੇ ਨਿਰਦੇਸ਼ਕ ਐਮ.ਸੀ. ਮਿਸ਼ਰਾ, ਸੇਵਾ ਕਰ ਰਹੇ ਅਤੇ ਸਾਬਕਾ ਨੌਕਰਸ਼ਾਹ ਅਤੇ ਨ੍ਰਤਕੀ ਸੋਨਲ ਮਾਨਸਿੰਘ ਆਦਿ ਸ਼ਾਮਿਲ ਹਨ। ਇਹ ਉਨ੍ਹਾਂ 60 ਉੱਘੀਆਂ ਹਸਤੀਆਂ ਵਿਚੋਂ ਸਨ, ਜਿਨ੍ਹਾਂ ਨੇ 12 ਅਕਤੂਬਰ ਨੂੰ ਦਿੱਲੀ ਵਿਚ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਨਾਲ ਦੁਪਹਿਰ ਦੇ ਖਾਣੇ ਮੌਕੇ ਮੁਲਾਕਾਤ ਕੀਤੀ। ਮੀਡੀਆ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਇਨ੍ਹਾਂ ਵਿਚੋਂ ਕੁਝ ਉਸ ਜਥੇਬੰਦੀ ਦੇ ਗ਼ੈਰ-ਚੁਣੇ ਹੋਏ ਮੁਖੀ ਦੇ ਕਿਰਪਾ ਪਾਤਰ ਬਣਨ ਗਏ ਸਨ, ਜਿਸ ਨੇ ਭਾਜਪਾ ਨੂੰ ਹੋਂਦ ਵਿਚ ਲਿਆਂਦਾ ਸੀ। ਇਹ ਕਾਰਵਾਈ ਉਨ੍ਹਾਂ ਦੇ ਅਹੁਦਿਆਂ ਦੇ ਵੱਕਾਰ ਅਤੇ ਜਮਹੂਰੀ ਮਿਆਰਾਂ ਦੇ ਖਿਲਾਫ਼ ਸੀ।
ਇਹ ਸਾਰਾ ਕੁਝ ਉਦੋਂ ਵਾਪਰ ਰਿਹਾ ਹੈ, ਜਦੋਂ ਸੰਘ ਪਰਿਵਾਰ ਦੇ ਕਾਰਕੁਨ ਸਰਕਾਰੀ ਪ੍ਰੋਗਰਾਮਾਂ ਨੂੰ ਨਵੇਂ ਸਿਰਿਉਂ ਪੁਨਰਗਠਤ ਕਰਨ ਲਈ ਯਤਨਸ਼ੀਲ ਹਨ ਅਤੇ ਮੰਤਰੀਆਂ ਨਾਲ ਦੋ ਲੰਮੀਆਂ ਢਾਂਚਾਗਤ ਬੈਠਕਾਂ ਵੀ ਕਰ ਚੁੱਕੇ ਹਨ। ਉਹ ਧਰਮ-ਨਿਰਪੱਖ 'ਕੁਵਿਆਖਿਆਵਾਂ' ਵਾਲੀਆਂ ਪਾਠ-ਪੁਸਤਕਾਂ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਦਿੱਲੀ ਯੂਨੀਵਰਸਿਟੀ ਦਾ ਸੰਸਕ੍ਰਿਤ ਵਿਭਾਗ, ਜਿਸ ਦੀ ਇਤਿਹਾਸ ਵਿਚ ਕੋਈ ਮੁਹਾਰਤ ਨਹੀਂ, ਮੰਗ ਕਰ ਰਿਹਾ ਹੈ ਕਿ ਇਤਿਹਾਸ ਦੀਆਂ ਪਾਠ-ਪੁਸਤਕਾਂ ਵਿਚ ਦਰਸਾਇਆ ਜਾਵੇ ਕਿ ਆਰੀਆ ਲੋਕ ਭਾਰਤ ਦੇ ਮੂਲ ਵਾਸੀ ਸਨ ਅਤੇ ਬਾਹਰੋਂ ਨਹੀਂ ਸਨ ਆਏ, ਜਿਵੇਂ ਕਿ ਬਹੁਤੇ ਇਤਿਹਾਸਕਾਰ ਮੰਨਦੇ ਹਨ। ਅਜਿਹੇ ਲੇਖ ਦੇਖਣ ਨੂੰ ਮਿਲ ਰਹੇ ਹਨ ਜਿਨ੍ਹਾਂ ਵਿਚ 'ਵੈਦਿਕ ਮੈਥੇਮੈਟਿਕਸ' ਨਾਂਅ ਦੇ ਗਲਪ ਦੇ ਗੁਣ ਗਾਏ ਜਾ ਰਹੇ ਹਨ। ਇਹ ਭਾਰਤੀ ਕ੍ਰਿਸ਼ਨਾ ਤੀਰਥ ਵੱਲੋਂ 1965 ਵਿਚ ਲਿਖੀ ਗਈ ਕਿਤਾਬ 'ਤੇ ਆਧਾਰਿਤ ਹੈ, ਜੋ ਇਸ ਗੱਲ ਦਾ ਕੋਈ ਸਬੂਤ ਨਹੀਂ ਦਿੰਦੀ ਕਿ ਉਸ ਦੇ ਸੂਤਰ (ਫਾਰਮੂਲੇ) ਵੇਦਾਂ ਵਿਚ ਮੌਜੂਦ ਹਨ।ਇਸ ਦੌਰਾਨ ਉਨ੍ਹਾਂ ਕਿਤਾਬਾਂ 'ਤੇ ਪਾਬੰਦੀ ਲਾਉਣ/ਸਾੜਨ ਦੇ ਸਖ਼ਤ ਸੱਦੇ ਦਿੱਤੇ ਜਾ ਰਹੇ ਹਨ, ਜੋ ਗ਼ੈਰ-ਹਿੰਦੂਤਵਵਾਦੀ ਵਿਚਾਰਾਂ ਨੂੰ ਅੱਗੇ ਵਧਾਉਂਦੀਆਂ ਹਨ। ਕੱਟੜਵਾਦੀ ਲੋਕ ਕਾਲਜਾਂ, ਕਿਤਾਬਾਂ ਦੀਆਂ ਦੁਕਾਨਾਂ, ਥੀਏਟਰਾਂ, ਆਰਟ ਗੈਲਰੀਆਂ ਅਤੇ ਸਿਨੇਮਾ ਘਰਾਂ 'ਚ ਧਾਵੇ ਬੋਲਦੇ ਹਨ। ਸਨਕਵਾਦੀ ਮੁਹਿੰਮਾਂ ਰਾਹੀਂ ਸਿਆਸੀ ਵਿਸ਼ਵਾਸ, ਸੱਭਿਆਚਾਰਕ ਪਛਾਣ ਤੋਂ ਲੈ ਕੇ ਨਿੱਜੀ ਨੈਤਿਕਤਾ ਤੱਕ ਹਰ ਚੀਜ਼ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਵਿਰੋਧੀ ਰਾਇ ਰੱਖਣ ਵਾਲਿਆਂ ਨੂੰ 'ਗ਼ੈਰ-ਭਾਰਤੀ' ਕਰਾਰ ਦਿੱਤਾ ਜਾ ਰਿਹਾ ਹੈ। ਅਸਹਿਮਤੀ ਦੇ ਹੱਕ ਪ੍ਰਤੀ ਅਸਹਿਣਸ਼ੀਲਤਾ ਨੂੰ ਹੁਣ ਭਾਜਪਾ ਦਾ ਸਮਰਥਨ ਹਾਸਲ ਹੋ ਗਿਆ ਹੈ। ਕਾਂਗਰਸ, ਖੇਤਰੀ ਪਾਰਟੀਆਂ ਅਤੇ ਇਥੋਂ ਤੱਕ ਕਿ ਖੱਬੇ-ਪੱਖੀਆਂ ਸਮੇਤ ਬਾਕੀ ਪਾਰਟੀਆਂ ਵੀ ਇਸ ਹੱਕ ਦਾ ਪੂਰਾ ਸਤਿਕਾਰ ਨਹੀਂ ਕਰਦੀਆਂ। ਪਰ ਉਹ ਏਨੇ ਤਿੱਖੇ ਅਤੇ ਦੂਸ਼ਿਤ ਢੰਗ ਨਾਲ ਅਸਹਿਮਤੀ ਵਿਰੋਧੀ ਨਹੀਂ, ਜਿੰਨਾ ਕਿ ਸੰਘ ਪਰਿਵਾਰ ਅਤੇ ਭਾਜਪਾ ਹੈ। ਇਹ ਰੁਝਾਨ ਅਸਲ ਵਿਚ ਆਰ.ਐਸ.ਐਸ. ਦੇ ਡੂੰਘੇ ਗ਼ੈਰ-ਲੋਕਤੰਤਰੀ ਸੱਭਿਆਚਾਰ 'ਤੇ ਆਧਾਰਿਤ ਹੈ, ਜਿਸ ਨੇ ਲੰਮਾ ਸਮਾਂ ਪਹਿਲਾਂ ਅੰਦਰੂਨੀ ਜਮਹੂਰੀਅਤ ਨੂੰ ਤਿਆਗ ਕੇ 'ਏਕ ਚਾਲਕ ਅਨੁਵਾਰਤਾ' (ਇਕੋ ਆਗੂ ਪਿੱਛੇ ਚੱਲਣ) ਦੇ ਸਿਧਾਂਤ ਨੂੰ ਅਪਣਾਅ ਲਿਆ ਸੀ।ਅਸਲ ਵਿਚ ਅਸਹਿਮਤੀ ਦਾ ਹੱਕ ਅਤੇ ਵਿਰੋਧੀ ਵਿਚਾਰਾਂ ਦਾ ਪ੍ਰਗਟਾਵਾ ਨਾ ਸਿਰਫ ਜਮਹੂਰੀਅਤ ਦਾ ਮੁਢਲਾ ਨੁਕਤਾ ਹੈ, ਜਿਸ ਤੋਂ ਬਿਨਾਂ ਜਮਹੂਰੀਅਤ ਇਕ ਨਿਰੰਕੁਸ਼ ਬਹੁਗਿਣਤੀਵਾਦੀ ਪ੍ਰਬੰਧ ਬਣ ਜਾਵੇਗੀ, ਸਗੋਂ ਇਹ ਗਿਆਨ ਦੀ ਉਤਪਾਦਕਤਾ ਵਾਸਤੇ ਵੀ ਬੇਹੱਦ ਜ਼ਰੂਰੀ ਹੈ। ਵਿਰੋਧੀ ਰਾਇ ਅਤੇ ਅਸਹਿਮਤੀਆਂ ਤੋਂ ਬਿਨਾਂ ਕੁਦਰਤੀ ਜਾਂ ਸਮਾਜ ਵਿਗਿਆਨਾਂ ਵਿਚ ਕੋਈ ਤਰੱਕੀ ਨਹੀਂ ਹੋ ਸਕਦੀ। ਉਸੇ ਤਰ੍ਹਾਂ ਹੀ ਇਨ੍ਹਾਂ ਤੋਂ ਬਿਨਾਂ ਸਿੱਖਿਆ, ਵਿਚਾਰ-ਵਟਾਂਦਰੇ ਅਤੇ ਜਨਤਕ ਬਹਿਸਾਂ ਆਦਿ ਰਾਹੀਂ ਗਿਆਨ ਦਾ ਕੋਈ ਪ੍ਰਸਾਰ ਨਹੀਂ ਹੋ ਸਕਦਾ।26 ਅਕਤੂਬਰ ਨੂੰ ਨਵੀਂ ਦਿੱਲੀ ਵਿਖੇ ਤੀਜੇ ਨਿਖਲ ਚੱਕਰਵਰਤੀ ਮੈਮੋਰੀਅਲ ਲੈਕਚਰ ਦੌਰਾਨ ਭਾਰਤ ਦੀ ਮੰਨੀ-ਪ੍ਰਮੰਨੀ ਇਤਿਹਾਸਕਾਰ ਅਤੇ ਕੌਮਾਂਤਰੀ ਪੱਧਰ 'ਤੇ ਸਨਮਾਨੀ ਜਾਂਦੀ ਸਕਾਲਰ ਪ੍ਰੋ: ਰੋਮਿਲਾ ਥਾਪਰ ਨੇ ਆਪਣੇ ਲੈਕਚਰ ਦੌਰਾਨ ਅਸਹਿਮਤੀ ਦੇ ਹੱਕ ਦੀ ਅਹਿਮੀਅਤ 'ਤੇ ਹੀ ਜ਼ੋਰ ਦਿੱਤਾ। ਬਾਕੀ ਦੋ ਲੈਕਚਰ ਉੱਘੇ ਅਰਥਸ਼ਾਸਤਰੀ ਅਮ੍ਰਿਤਿਆ ਸੇਨ ਅਤੇ ਉੱਘੇ ਬਰਤਾਨਵੀ ਇਤਿਹਾਸਕਾਰ ਈ.ਜੇ. ਹਾਬਸਬਾਅਮ ਵੱਲੋਂ ਦਿੱਤੇ ਗਏ। ਥਾਪਰ ਦਾ ਲੈਕਚਰ ਇਕ ਤਰ੍ਹਾਂ ਕਈ ਮਹਾਂਦੀਪਾਂ ਨੂੰ ਕਲਾਵੇ ਵਿਚ ਲੈਣ ਵਾਲਾ ਸੀ। ਇਸ ਰਾਹੀਂ 2000 ਸਾਲ ਤੋਂ ਵੀ ਵਧੇਰੇ ਸਮੇਂ ਤੋਂ ਉਪਜਦੀਆਂ ਆ ਰਹੀਆਂ ਬੌਧਿਕ ਰਵਾਇਤਾਂ ਦਾ ਕਰੜਾ ਮੁਲਾਂਕਣ ਅਤੇ ਚਿੰਤਨ ਭਰਪੂਰ ਅਧਿਐਨ ਕੀਤਾ ਗਿਆ। ਤਰਕ ਅਤੇ ਸਵਾਲ ਦੀ ਭਾਵਨਾ ਦੀ ਲੋੜ ਨੂੰ ਵੀ ਉਭਾਰਿਆ ਗਿਆ। ਥਾਪਰ ਨੇ ਪੱਛਮ ਵਿਚ ਸੁਕਰਾਤ ਅਤੇ ਗੈਲੀਲੀਓ ਤੋਂ ਲੈ ਕੇ ਭਾਰਤ ਵਿਚ ਬੁੱਧ ਅਤੇ ਚਿਰਵਾਕਾ ਸਕੂਲ ਤੱਕ ਅਸਹਿਮਤੀ ਅਤੇ ਵਿਗਿਆਨ ਵਿਚਕਾਰਲੇ ਰਿਸ਼ਤੇ ਨੂੰ ਬਿਆਨਿਆ ਅਤੇ ਦਰਸਾਇਆ ਕਿ ਏਥਨਜ਼ ਅਤੇ ਅਰਬ ਤੋਂ ਲੈ ਕੇ ਭਾਰਤ ਅਤੇ ਚੀਨ ਤੱਕ ਵਿਗਿਆਨਕ ਸਿਧਾਂਤ ਅਤੇ ਢੰਗ-ਤਰੀਕੇ ਸਾਰੀਆਂ ਸੱਭਿਆਤਾਵਾਂ ਦੇ ਇਕੋ ਜਿਹੇ ਹਨ।ਜੇ ਆਰੀਆ ਭੱਟ ਨੇ ਆਪਣੇ ਸਮਕਾਲੀ ਸ਼ਾਹੀ ਜੋਤਸ਼ੀਆਂ ਦਾ ਵਿਰੋਧ ਨਾ ਕੀਤਾ ਹੁੰਦਾ ਤਾਂ ਉਸ ਨੇ ਗੈਲੀਲੀਓ ਤੋਂ ਵੀ ਇਕ ਹਜ਼ਾਰ ਸਾਲ ਪਹਿਲਾਂ ਇਹ ਦਰਸਾਉਣ ਦੇ ਸਮਰੱਥ ਨਹੀਂ ਸੀ ਹੋਣਾ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਕੁੱਲ ਮਿਲਾ ਕੇ ਅਹਿਮ ਗੱਲ ਇਹ ਹੈ ਕਿ ਸਰਬਉੱਚਤਾ ਦਲੀਲ ਅਤੇ ਤਰਕਸ਼ੀਲਤਾ ਦੀ ਹੁੰਦੀ ਹੈ, ਨਾ ਕਿ ਵਿਸ਼ਵਾਸ ਜਾਂ ਧਾਰਮਿਕ ਹੱਠਧਰਮੀ ਦੀ। ਥਾਪਰ ਨੇ ਆਪਣੇ ਭਾਸ਼ਣ ਰਾਹੀਂ ਦਰਸਾਇਆ ਕਿ ਦਲੀਲਪੂਰਨ ਸੋਚਣੀ ਅਤੇ ਤਰਕ ਆਧਾਰਿਤ ਵਿਆਖਿਆਵਾਂ ਨੂੰ ਸਦਾ ਹੀ ਧਾਰਮਿਕ ਕੱਟੜਵਾਦੀਆਂ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਰੂੜੀਵਾਦੀ ਬ੍ਰਾਹਮਣਵਾਦ ਵਿਚ ਬੋਧੀ ਵਿਚਾਰਾਂ ਨੂੰ 'ਭਰਮਾਊ' ਕਰਾਰ ਦਿੱਤਾ ਗਿਆ ਸੀ ਅਤੇ ਚਿਰਵਾਕਾ, ਆਜੀਵਕਾ, ਪਦਾਰਥਵਾਦੀਆਂ ਅਤੇ ਤਰਕਵਾਦੀਆਂ ਆਦਿ ਸਾਰੀਆਂ ਵਿਚਾਰਧਾਰਾਵਾਂ ਵਾਲਿਆਂ ਨੂੰ 'ਨਾਸਤਿਕ' ਕਹਿ ਕੇ ਇਕੋ ਸ਼੍ਰੇਣੀ 'ਚ ਬੰਨ੍ਹਿਆ ਜਾਂਦਾ ਸੀ। ਥਾਪਰ ਨੇ ਕਿਹਾ ਕਿ ਇਸ ਤੋਂ ਮੈਨੂੰ ਅਜੋਕੇ ਹਿੰਦੂਤਵਵਾਦੀਆਂ ਦੀ ਯਾਦ ਆਉਦੀ ਹੈ, ਜਿਨ੍ਹਾਂ ਲਈ ਉਨ੍ਹਾਂ ਦੀ ਹਮਾਇਤ ਨਾ ਕਰਨ ਵਾਲਾ ਹਰ ਕੋਈ ਮਾਰਕਸਵਾਦੀ ਹੈ।ਪੁਰਾਤਨ ਅਤੇ ਮੱਧ ਯੁੱਗੀ ਭਾਰਤ ਵਿਚ ਕਈ ਵਿਚਾਰਧਾਰਾਵਾਂ ਸਹਿਹੋਂਦ ਵਿਚ ਵਿਚਰਦੀਆਂ ਰਹੀਆਂ ਹਨ। ਇਨ੍ਹਾਂ ਵਿਚ ਸਮੇਂ ਦੇ ਧਾਰਮਿਕ ਸੱਤਾਵਾਦੀਆਂ ਵੱਲੋਂ ਪਵਿੱਤਰ ਮੰਨੇ ਜਾਂਦੇ ਵਿਸ਼ਵਾਸਾਂ ਅਤੇ ਰਵਾਇਤਾਂ 'ਤੇ ਸਵਾਲ ਉਠਾਉਣ ਵਾਲੀਆਂ ਧਿਰਾਂ ਵੀ ਸ਼ਾਮਿਲ ਸਨ। ਅਜਿਹੇ ਲੋਕਾਂ ਵਿਚ ਅੰਦਾਲ, ਅੱਕਾ ਮਹਾਂਦੇਵੀ ਅਤੇ ਮੀਰਾ ਵਰਗੀਆਂ ਔਰਤਾਂ ਸਨ, ਜਿਨ੍ਹਾਂ ਨੇ ਜਾਤੀਵਾਦੀ ਨਿਯਮਾਂ ਨੂੰ ਠਿੱਠ ਕੀਤਾ। ਇਸੇ ਤਰ੍ਹਾਂ ਅਮੀਰ ਖੁਸਰੋ ਵਰਗੇ ਸ਼ਾਇਰ ਸਨ, ਜਿਨ੍ਹਾਂ ਨੇ ਖ਼ੁਦ ਨੂੰ 'ਰੂੜੀਵਾਦੀ ਇਸਲਾਮ' ਤੋਂ ਦੂਰ ਖੜ੍ਹਾ ਕੀਤਾ। ਬਾਅਦ ਵਿਚ ਆਧੁਨਿਕ-ਉਦਾਰਵਾਦੀ ਅਗਾਂਹਵਧੂ ਮੁੱਲਾਂ ਵਾਲੇ ਸਮਾਜ ਸੁਧਾਰਕ ਆਏ, ਜਿਵੇਂ ਕਿ ਰਾਮ ਮੋਹਨ ਰਾਏ, ਫੂਲੇ, ਪੇਰੀਆਰ, ਸਈਦ ਅਹਿਮਦ ਖਾਨ ਅਤੇ ਅੰਬੇਡਕਰ। ਭਾਰਤੀ ਸਮਾਜ ਉਦੋਂ ਤੋਂ ਹੀ ਵੱਡੀਆਂ ਤਬਦੀਲੀਆਂ 'ਚੋਂ ਗੁਜ਼ਰਿਆ ਹੈ। ਅੱਜ ਵੀ ਭਾਰਤੀ ਸਮਾਜ ਨੂੰ ਸਮਾਜਿਕ ਅਤੇ ਆਰਥਿਕ ਹਾਲਤਾਂ ਨੂੰ ਚੇਤੰਨ ਰੂਪ ਵਿਚ ਸਮਝਣ ਅਤੇ ਉਨ੍ਹਾਂ ਨੂੰ ਸੱਭਿਆਚਾਰ ਅਤੇ ਰਾਜਨੀਤੀ ਨਾਲ ਜੋੜਨ ਦੀ ਲੋੜ ਹੈ।ਜਨਤਕ ਬੁੱਧੀਜੀਵੀਆਂ ਨੂੰ ਸੱਤਾ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਰੁਖ਼ ਅਪਣਾਉਣੇ ਚਾਹੀਦੇ ਹਨ। ਜਨਤਕ ਹਿਤ ਵਿਚ ਮੋਰਚੇ ਸੰਭਾਲਣੇ ਚਾਹੀਦੇ ਹਨ ਅਤੇ ਠੋਸੇ ਜਾਣ ਵਾਲੇ ਗਿਆਨ 'ਤੇ ਸਵਾਲ ਉਠਾਉਣੇ ਚਾਹੀਦੇ ਹਨ। ਉਨ੍ਹਾਂ ਦਾ ਨਾਗਰਿਕਾਂ ਦੇ ਅਧਿਕਾਰਾਂ ਨਾਲ ਵੀ ਸਰੋਕਾਰ ਹੋਣਾ ਚਾਹੀਦਾ ਹੈ, ਖ਼ਾਸ ਕਰਕੇ ਸਮਾਜਿਕ ਇਨਸਾਫ਼ ਦੇ ਮੁੱਦਿਆਂ ਨਾਲ। ਸਾਰੀਆਂ ਚੇਤਨ ਅਤੇ ਬੁੱਧੀਜੀਵੀ ਧਿਰਾਂ ਨੂੰ ਇਹ ਮਸਲੇ ਜਨਤਕ ਨੀਤੀ ਵਜੋਂ ਉਠਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਥਾਪਰ ਨੇ ਆਪਣੇ ਲੈਕਚਰ ਦਾ ਅੰਤ ਇਸ ਵਿਸ਼ਲੇਸ਼ਣ ਨਾਲ ਕੀਤਾ ਕਿ ਭਾਰਤ ਦੇ ਜਨਤਕ ਬੁੱਧੀਜੀਵੀ ਪਤਨ ਦੇ ਸ਼ਿਕਾਰ ਕਿਉਂ ਹਨ ਅਤੇ ਵਧੇਰੇ ਪ੍ਰਭਾਵਸ਼ਾਲੀ ਬਣਨ ਲਈ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਉਸ ਵੱਲੋਂ ਜੋ ਵੀ ਕਿਹਾ ਗਿਆ, ਉਹ ਸਮੇਂ ਤੋਂ ਪਹਿਲਾਂ ਦੀ ਗੱਲ ਨਹੀਂ, ਸਗੋਂ ਅਜੋਕੇ ਸਮਿਆਂ ਦਾ ਸੱਚ ਹੈ।('ਅਜੀਤ' ਵਿੱਚੋਂ ਧੰਨਵਾਦ ਸਹਿਤ)