ਮੰਦਰਾਂ ਦਾ ਚੌਗਿਰਦਾ ਬਨਾਮ ਸਵੱਛ ਭਾਰਤ ਮੁਹਿੰਮ -ਪ੍ਰੋ. ਰਾਕੇਸ਼ ਰਮਨ
Posted on:- 10-11-2014
ਦੁਨੀਆਂ ਦੇ ਕੁੱਲ ਮੰਦਰਾਂ ਵਾਂਗ ਭਾਰਤ ਦੇ ਮੰਦਰ ਵੀ ਅਧਿਆਤਮਿਕ ਸਵੱਛਤਾ ਦਾ ਸ੍ਰੋਤ ਸਮਝੇ ਜਾਂਦੇ ਹਨ। ਇਨ੍ਹਾਂ ਮੰਦਰਾਂ ਵਿੱਚ ਮਨ ਦੀ ਮੈਲ ਉਤਾਰਨ ਦਾ ਸਮੁੱਚਾ ਪ੍ਰਤੀਕ-ਢਾਂਚਾ ਉਸਾਰਿਆ ਗਿਆ ਹੁੰਦਾ ਹੈ। ਸਭ ਪ੍ਰਤੀਕ ਸੰਕੇਤਕ ਰੂਪ ਵਿੱਚ ਬੇਹੱਦ ਮਹੱਤਵਪੂਰਨ ਹਨ, ਪ੍ਰੰਤੂ ਹੁਣ ਤੱਕ ਪਹੁੰਚਦਿਆਂ-ਪਹੁੰਚਦਿਆਂ ਆਤਮਿਕ ਸ਼ੁੱਧੀ ਦਾ ਇਹ ਸਾਰਾ ਪ੍ਰਤੀਕ ਢਾਂਚਾ ਨਾ ਕੇਵਲ ਪੂਰੀ ਤਰ੍ਹਾਂ ਗੜਬੜਾ ਗਿਆ ਹੈ, ਸਗੋਂ ਵਿਆਪਕ ਪ੍ਰਦੂਸ਼ਣ ਨੂੰ ਵੀ ਜਨਮ ਦੇ ਰਿਹਾ ਹੈ। ਆਤਮਿਕ ਸ਼ੁੱਧੀ ਦਾ ਪ੍ਰਸੰਗ ਤਾਂ ਇਸ ਪ੍ਰਤੀਕ-ਢਾਂਚੇ ਨਾਲੋਂ ਟੁੱਟ ਹੀ ਗਿਆ ਹੈ। ਇਹ ਮਾਤਰ ਰਸਮ ਪੂਰਤੀ ਅਤੇ ਵਿਖਾਵੇ ਦਾ ਆਡੰਬਰ ਬਣ ਕੇ ਰਹਿ ਗਿਆ ਹੈ। ਜਦੋਂ ਤੋਂ ਇਸ ਪ੍ਰਤੀਕ-ਢਾਚੇ ਉੱਪਰ ਸਿਆਸਤ ਕੀਤੀ ਜਾਣ ਲੱਗੀ ਹੈ, ਉਦੋਂ ਤੋਂ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਭਾਰਤ ਵਿੱਚ ਇਸ ਸਮੇਂ ਜੋ ਮੰਦਰਾਂ ਦੇ ਚੌਗਿਰਦੇ ਦੀ ਸਥਿਤੀ ਹੈ, ਉਸ ਨੂੰ ਦੇਖ ਕੇ ਕੋਈ ਵੀ ਸੂਝਵਾਨ ਤੇ ਸੰਵੇਦਨਸ਼ੀਲ ਵਿਅਕਤੀ ਭਾਰਤੀ ਸਭਿਅਤਾ ’ਤੇ ਫਖ਼ਰ ਮਹਿਸੂਸ ਨਹੀਂ ਕਰ ਸਕਦਾ।
ਮੰਦਰਾਂ ਦੇ ਬਾਹਰ ਮੰਗਤਿਆਂ, ਭਿਖਾਰਿਆਂ, ਬੇਸਹਾਰਿਆਂ ਦੀਆਂ ਵੱਡੀਆਂ ਭੀੜਾਂ ਮਿਲ ਜਾਂਦੀਆਂ ਹਨ। ਆਤਮਿਕ ਸ਼ੁੱਧੀ ਦੇ ਪ੍ਰਤੀਕ-ਢਾਂਚੇ ਦਾ ਇੱਕ ਪ੍ਰਤੀਕ ‘ਦਾਨ’ ਹੈ। ਅਜੋਕੇ ਸਮਿਆਂ ਵਿੱਚ ਦਾਨ ਆਤਮਿਕ ਸ਼ੁੱਧੀ ਲਈ ਨਹੀਂ ਦਿੱਤਾ ਜਾਂਦਾ, ਇਹ ਇਸ ਲਈ ਕੀਤਾ ਜਾਂਦਾ ਹੈ, ਕਿਉਂਕਿ ਪੰਡਤਾਂ ਆਦਿ ਵੱਲੋਂ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਉਹ ਫਲਾਣਾ ਦਿਨ ਮੰਦਰ ਜਾ ਕੇ ਫਲਾਂ ਦਾਨ ਕਰਨਗੇ ਤਾਂ ਉਨ੍ਹਾਂ ਦੀ ਮਨੋਕਾਮਨਾ ਪੂਰੀ ਹੋਵੇਗੀ। ਇਹ ਮਨੋਕਾਮਨਾਵਾਂ ਆਮ ਕਰਕੇ ਨਿੱਜੀ ਲਾਭਾਂ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ। ਇਸ ਤਰ੍ਹਾਂ ਨਿੱਜੀ ਲਾਭ ਹਾਸਲ ਕਰਨ ਲਈ ਅਖਾਉਤੀ ਦਾਨੀ ਪੂਰਨ ਭੋਜਨ ਪਦਾਰਥ ਲੈ ਕੇ ਮੰਦਰਾਂ ’ਚ ਜਾਂਦੇ ਹਨ। ਭਿਖਾਰੀ ਇਸੇ ਦਾਨ ਦੇ ਲਾਲਚ ਵੱਸ ਮੰਦਰਾਂ ਨੇੜੇ ਇਕੱਤਰ ਹੁੰਦੇ ਹਨ। ਭਿਖਾਰੀਆਂ ਦੇ ਵੱਡੇ ਹਜੂਮਾਂ ਨੇ ਮੰਦਰਾਂ ਨੇੜੇ ਆਪਣੇ ਪੱਕੇ ਟਿਕਾਣੇ ਬਣਾ ਲਏ ਹਨ, ਜਿੱਥੇ ਉਨ੍ਹਾਂ ਨੂੰ ਦਾਨ ਦਾ ਭੋਜਨ ਤਾਂ ਜ਼ਰੂਰ ਮਿਲ ਜਾਂਦਾ ਹੈ, ਪਰ ਇੱਥੇ ਜੀਵਨ ਦੀਆਂ ਕੋਈ ਵੀ ਬੁਨਿਆਦੀ ਸਹੂਲਤਾਂ ਉਪਲਬਧ ਨਹੀਂ ਹੁੰਦੀਆਂ। ਸਿੱਟੇ ਵਜੋਂ ਮੰਦਰਾਂ ਦੇ ਚੌਗਿਰਦੇ ਵਿੱਚ ਹਰ ਤਰ੍ਹਾਂ ਦੀ ਗੰਦਗੀ ਫੈਲਦੀ ਹੈ। ਭੁੱਖੇ ਪ੍ਰਾਣੀਆਂ ਲਈ ਭੋਜਨ ਦਾ ਪ੍ਰਬੰਧ ਕਰਨਾ ਬਹੁਤ ਚੰਗੀ ਗੱਲ ਹੈ, ਪਰ ਇਉਂ ਨਹੀਂ ਹੋਣਾ ਚਾਹੀਦਾ ਕਿ ਮਨੋਕਾਮਨਾਵਾਂ ਸਿੱਧ ਕਰਨ ਦੇ ਲਾਲਚ-ਵੱਸ ਦਾਨੀ-ਪੁਰਸ਼ਾਂ ਦਾ ਦਾਨ ਭਿਖਾਰੀਆਂ ਦੀ ਜਮਾਤ ਦਾ ਹੀ ਵਿਸਥਾਰ ਕਰੀ ਜਾਵੇ। ਦਾਨੀ ਪੁਰਸ਼ ਜ਼ਰੂਰ ਦਾਨ ਕਰਨ ਪਰ ਇਸ ਨੂੰ ਪੰਡਤਾਂ-ਪਰੋਹੂਤਾਂ ਦੇ ਨਿਰਦੇਸ਼ ਅਨੁਸਾਰ ਕਰਨ ਦੀ ਬਜਾਇ ਸਵੈ-ਇੱਛਾ ਨਾਲ ਕਰਨ ਤੋਂ ਇਸ ਲਈ ਵਿਧੀ ਇਹੋ ਜਿਹੀ ਅਪਣਾਈ ਜਾਵੇ ਕਿ ਬੇਹੱਦ ਗਰੀਬ ਲੋਕਾਂ ਦੀ ਜ਼ਿੰਦਗੀ ਵਿੱਚ ਕੋਈ ਸਾਰਥਕ ਸੁਧਾਰ ਆਵੇ ਨਾ ਕਿ ਉਨ੍ਹਾਂ ਨੂੰ ਕੇਵਲ ਮਾਤਰ ਰੋਟੀ ਦੇ ਟੁੱਕ ਕੇ ਯੋਗ ਹੀ ਸਮਝਿਆ ਜਾਵੇ।
ਮੰਦਰਾਂ ਲਾਗੇ ਮਨੋਕਾਮਨਾਵਾਂ ਦੀ ਸਿੱਧੀ ਲਈ ਦਾਨੀ-ਪੂਰਸ਼ ਇਸ ਕਦਰ ਸਵੈ-ਕੇਂਦਰਿਤ ਹੁੰਦੇ ਹਨ ਕਿ ਉਹ ਭਿਖਾਰੀਆਂ ਨੂੰ ਤੋੜਨ ਵਰਤਾ ਕੇ ਆਪਣੇ ਫਰਜ਼ ਤੋਂ ਸੁਰਖਰੂ ਹੋਣ ਨੂੰ ਤਰਜੀਹ ਦਿੰਦੇ ਹਨ। ਉਹ ਆਪਣੇ ਨਾਲ ਥਰਮੋਕੋਲ ਜਾਂ ਪਲਾਸਟਿਕ ਦੇ ਬਰਤਨ ਲੈ ਆਉਂਦੇ ਹਨ ਤੇ ਇਨ੍ਹਾਂ ਵਿੱਚ ਪਾਕੇ ਭੋਜਨ ਵੰਡ ਦਿੱਤਾ ਜਾਂਦਾ ਹੈ। ਬਾਅਦ ਵਿੱਚ ਇਨ੍ਹਾਂ ਬਰਤਨਾਂ ਦੇ ਢੇਰ ਮੰਦਰਾਂ ਦੇ ਆਲੇ-ਦੁਆਲੇ ਪਏ ਛੱਡ ਕੇ ਦਾਨੀ ਪੁਰਸ਼ ਤੁਰਦੇ ਬਣਦੇ ਹਨ। ਤਕਰੀਬਨ ਹਰ ਮੰਦਰ ਦੇ ਨੇੜੇ ਸਾਨੂੰ ਇਹ ਗੰਦਗੀ ਦੇਖਣ ਨੂੰ ਮਿਲਦੀ ਹੈ। ਨਾ ਤਾਂ ਕਦੇ ਮੰਦਰਾਂ ਦੇ ਪ੍ਰਬੰਧਕਾਂ ਨੇ ਤੇ ਨਾ ਹੀ ਪੁਜਾਰੀਆਂ ਨੇ ਦਾਨੀ-ਪੁਰਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਨਾਲ ਕੁੱਝ ਕੂੜੇਦਾਨ ਵੀ ਲੈ ਕੇ ਆਇਆ ਕਰਨ ਤੇ ਜਾਣ ਲੱਗੇ ਇਹ ਕੂੜੇਦਾਨ ਕਿਸੇ ਢੁਕਵੀਂ ਥਾਂ ’ਤੇ ਖਾਲੀ ਕਰ ਜਾਇਆ ਕਰਨ। ਉਨ੍ਹਾਂ ਨੇ ਦਾਨੀ ਪੁਰਸ਼ਾਂ ਨੂੰ ਕਦੇ ਇਹ ਸਲਾਹ ਵੀ ਨਹੀਂ ਦਿੱਤੀ ਕਿ ਧਰਮੋਕੋਲ ਤੇ ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਤੋਂ ਗੁਰੇਜ਼ ਕਰਨ, ਕਿਉਂਕਿ ਇਨ੍ਹਾਂ ਕਾਰਨ ਵਾਤਾਵਰਣ ਪ੍ਰਦੂਸ਼ਣ ਵਿੱਚ ਵਾਧਾ ਹੁੰਦਾ ਹੈ।
ਪਿਛਲੇ ਕੁੱਝ ਅਰਸੇ ਤੋਂ ‘ਆਸਥਾ’ ਦੇ ਕਾਰੋਬਾਰ ਵਿੱਚ ਭਾਰੀ ਵਾਧਾ ਹੋਇਆ ਹੈ। ਤੀਰਥ ਯਾਤਰਾ ਹੁਣ ਟੂਰਿਜ਼ਮ ਦਾ ਹੀ ਇੱਕ ਹਿੱਸਾ ਬਣ ਗਿਆ ਹੈ। ਤੀਰਥ ਯਾਤਰਾ ’ਤੇ ਗਏ ਹੋਏ ਲੋਕ ਮੰਦਰਾਂ ਲਾਗੇ ਟੂਰਿਸਟਾਂ ਵਾਂਗ ਹੀ ਵਿਚਰਦੇ ਹਨ। ਖਾਂਦੇ-ਪੀਂਦੇ ’ਤੇ ਖੂਬ ਮੌਜ ਮਸਤੀ ਕਰਦੇ ਹਨ। ਪਰਬਤਾਂ ’ਤੇ ਬਣੇ ਹੋਏ ਮੰਦਰਾਂ ਵਿੱਚ ਆਵਾਜਾਈ ਵਿੱਚ ਅਸਾਧਾਰਨ ਵਾਧਾ ਹੋਇਆ ਹੈ ਤੇ ਇਸ ਆਵਾਜਾਈ ਕਾਰਨ ਇਥੇ ਕੂੜਾ-ਕਰਕਟ ਵੀ ਬੇਹੱਦ ਵਧਿਆ ਹੈ। ਰੁੱਖਾਂ ਦੀ ਕਟਾਈ ਹੋਈ ਹੈ। ਗ਼ੈਰ ਕਾਨੂੰਨੀ ਉਸਾਰੀਆਂ ਪਾਣੀ ਦੇ ਵਹਾਓ ਵਿੱਚ ਰੁਕਾਵਟ ਬਣੀਆਂ ਹਨ। ਮਾਹਿਰਾਂ ਦਾ ਮੱਤ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਭਾਰਤ ਦੇ ਪਰਬਤੀ ਅਸਥਾਨਾਂ ’ਤੇ ਵਾਪਰੀਆਂ ਦੇ ਵੱਡੀਆਂ ਤ੍ਰਾਸਦੀਆਂ ਵਾਤਾਵਰਣ ਪ੍ਰਦੂਸ਼ਣ ਦਾ ਹੀ ਨਤੀਜਾ ਸਨ। ਮੰਦਰਾਂ ਦੇ ਚੌਗਿਰਦੇ ਦੀ ਗੰਦਗੀ ਦਰਅਸਲ ਮਨੁੱਖ ਲਾਪਰਵਾਹੀ ਦੀ ਇੱਕ ਬਹੁਤ ਘਿਨਾਉਣੀ ਮਿਸਾਲ ਹੈ।
ਸਵੱਛ ਭਾਰਤ ਮੁਹਿੰਮ ਕਿਉਂਕਿ ਮੰਦਰ-ਮਸਜਿਦ ਦੀ ਰਾਜਨੀਤੀ ਕਰਨ ਵਾਲਿਆਂ ਦੁਆਰਾ ਸ਼ੁਰੂ ਕੀਤੀ ਗਈ ਹੈ, ਇਸ ਲਈ ਚੰਗਾ ਹੁੰਦਾ ਜੇਕਰ ਉਹ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਮੰਦਰਾਂ ਦੇ ਚੌਗਿਰਦੇ ਦੀ ਸਥਿਤੀ ’ਤੇ ਵਿਚਾਰ ਕਰਦੇ। ਪਰ ਉਨ੍ਹਾਂ ਦੀ ਇਸ ਮੁਹਿੰਮ ਪ੍ਰਤੀ ਵਚਨਬੱਧ ਸ਼ਾਇਦ ਝਾੜੂ ਫੜ ਕੇ ਤਸਵੀਰਾਂ ਖਿਚਵਾਉਣ ਤੱਕ ਹੀ ਸੀਮਤ ਹੈ। ਅਸਲ ਕੰਮ ਲੋਕਾਂ ਨੂੰ ਖੁਦ ਹੀ ਕਰਨਾ ਪੈਂਦਾ ਹੈ। ਲੋਕਾਂ ਨੂੰ ਖੁਦ ਹੀ ਇਕ ਅਜਿਹਾ ਜਾਖਤਾ ਧਾਰਨ ਕਰ ਲੈਣਾ ਚਾਹੀਦਾ ਹੈ, ਜਿਸ ਦੇ ਤਹਿਤ ਧਰਮ-ਅਸਥਾਨਾਂ ਦਾ ਆਲਾ-ਦੁਆਲਾ ਗੰਦਗੀ ਤੋਂ ਮੁਕਤ ਰਹੇ। ਕਰਮ-ਕਾਂਡ, ਵਹਿਮਾਂ-ਭਰਮਾਂ, ਤਾਂਤਰਿਕਾਂ ਦੀਆਂ ਕੁਚਾਲਾਂ ਆਦਿ ਤੋਂ ਦੂਰ ਰਹਿਣਾ ਚਾਹੀਦਾ ਹੈ। ਸਮਾਜ ਦੀ ਕਲਿਆਣਕਾਰੀ ਵਿਵਸਥਾ ਦੀ ਉਸਾਰੀ ਵੱਲ ਹੀ ਵਧੇਰੇ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਸਹੀ ਸਮਾਜਿਕ ਵਿਵਸਥਾ ਦੀ ਉਸਾਰੀ ਹੀ ਵਿਅਕਤੀਗਤ ਕਲਿਆਣ ਦਾ ਇੱਕੋ-ਇਕ ਰਾਹ ਹੈ।