ਪੂਤਿਨ ਦੀ ਚਿਤਾਵਨੀ ਨੂੰ ਗੰਭੀਰਤਾ ਨਾਲ ਲਵੇ ਪੱਛਮ -ਡਾ. ਸਵਰਾਜ ਸਿੰਘ
Posted on:- 10-11-2014
ਪਿੱਛੇ ਜਿਹੇ ਰੂਸ ਦੇ ਰਾਸ਼ਟਰਪਤੀ ਪੂਤਿਨ ਨੇ ਕਿਹਾ ਕਿ ਪੱਛਮ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਰੂਸ ਕੋਲ ਅੱਜ ਵੀ ਪ੍ਰਮਾਣੂ ਸ਼ਕਤੀ ਦੇ ਵੱਡੇ ਜ਼ਖੀਰੇ ਹਨ। ਕੂਟਨੀਤਕ ਬੋਲੀ ਵਿੱਚ ਇਸ ਦਾ ਸਿੱਧਾ ਅਰਥ ਇਹ ਨਿਕਲਦਾ ਹੈ ਕਿ ਰੂਸ ਪੱਛਮ ਵਿਰੁਧ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ, ਪੱਛਮ ਨੂੰ ਇਸ ਚਿਤਾਵਨੀ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਣਾ ਚਾਹੀਦਾ ਸੀ ਪਰ ਲੱਗਦਾ ਹੈ ਕਿ ਪੱਛਮ ਦੀ ਨੀਅਤ ਸਾਫ਼ ਨਾ ਹੋਣ ਕਰਕੇ ਉਹ ਬਾਹਰਮੁਖੀ ਸਚਾਈ ਦੀ ਥਾਂ ਆਪਣੀ ਭਾਵਨਾ ਨਾਲ ਹੀ ਸਥਿਤੀ ਦਾ ਜਾਇਜ਼ਾ ਲੈ ਰਿਹਾ ਹੈ। ਅਮਰੀਕਾ ਦੇ ਬਹੁਤ ਹੀ ਬਜ਼ੁਰਗ ਅਤੇ ਮੰਨੇ ਪ੍ਰਮੰਨੇ ਚਿੰਤਕ ਹੈਨਰੀ ਕੈਸਿੰਜਰ ਨੇ ਇਸ ਤੱਥ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਦਿਆਂ ਇਹ ਭਵਿੱਖਬਾਣੀ ਕੀਤੀ ਹੈ ਕਿ ਇਸ ਸਦੀ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਪ੍ਰਮਾਣੂ ਲੜਾਈ ਹੋਵੇਗੀ।
ਭਾਵੇਂ ਕਿ ਮੈਂ ਉਸ ਦੀ ਇਸ ਭਵਿੱਖਬਾਣੀ ਨਾਲ ਅਸਹਿਮਤ ਨਹੀਂ ਹਾਂ ਅਤੇ ਮੈਂ ਭਾਰਤ ਨੂੰ ਇਸ ਸੰਭਾਵਨਾ ਪ੍ਰਤੀ ਚੇਤੰਨ ਹੋਣ ਲਈ ਯਤਨ ਕੀਤਾ ਹੈ ਕਿ ਜੇ ਭਾਰਤ ਇਹ ਸੋਚੇ ਕਿ ਪਾਕਿਸਤਾਨ ਫੌਜੀ ਤੌਰ ’ਤੇ ਉਸ ਨਾਲੋਂ ਬਹੁਤ ਕਮਜ਼ੋਰ ਹੈ ਅਤੇ ਦੋਨਾਂ ਦੇਸ਼ਾਂ ਵਿੱਚ ਮਤਭੇਦਾਂ ਦਾ ਹੱਲ ਫੌਜੀ ਹੋ ਸਕਦਾ ਹੈ ਤਾਂ ਉਸ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪਾਕਿਸਤਾਨ ਕੋਲ ਵੀ ਪ੍ਰਮਾਣੂ ਹਥਿਆਰ ਹਨ ਅਤੇ ਆਪਣੀ ਫੌਜੀ ਹਾਰ ਹੁੰਦੀ ਦੇਖਦਿਆਂ ਪਾਕਿਸਤਾਨ ਪ੍ਰਮਾਣੂ ਹਥਿਆਰ ਵਰਤਣ ਵਿੱਚ ਪਹਿਲ ਕਰ ਸਕਦਾ ਹੈ। ਇਸ ਲਈ ਦੋਨਾਂ ਦੇਸ਼ਾਂ ਵਿੱਚ ਮਤਭੇਦਾਂ ਦਾ ਫੌਜੀ ਹੱਲ ਨਹੀਂ ਸਗੋਂ ਗੱਲਬਾਤ ਦੇ ਰਾਹੀਂ ਹੀ ਜ਼ਿਆਦਾ ਸਾਰਥਿਕ ਹੈ, ਪਰ ਫਿਰ ਵੀ ਇਹ ਜ਼ਰੂਰ ਕਹਾਂਗਾ ਕਿ ਪਿਛਲੀਆਂ ਸਦੀਆਂ ਦਾ ਇਤਿਹਾਸ ਇਹ ਦੱਸਦਾ ਹੈ ਕਿ ਯੂਰਪ ਹੀ ਸਰਮਾਏਦਾਰੀ ਵਿਵਸਥਾ ਦੀ ਮਾਤਰ ਭੂਮੀ ਹੈ ਅਤੇ ਸਰਮਾਏਦਾਰੀ ਅਤੇ ਸਾਮਰਾਜੀ ਵਿਵਸਥਾ ਦੀਆਂ ਅੰਤਰ ਵਿਰੋਧਤਾਈਆਂ ਯੂਰਪ ਵਿੱਚ ਹੀ ਸਭ ਤੋਂ ਤਿੱਖੀਆਂ ਹਨ। ਇਸ ਲਈ ਹੀ ਸੰਸਾਰ ਦੇ ਦੋਨੋਂ ਸੰਸਾਰਿਕ ਯੁੱਧ ਯੂਰਪ ਵਿੱਚ ਹੀ ਸ਼ੁਰੂ ਹੋਏ ਅਤੇ ਮੁੱਖ ਤੌਰ ’ਤੇ ਉਥੇ ਹੀ ਲੜੇ ਗਏ। ਅੱਜ ਵੀ ਪੱਛਮ ਅਤੇ ਰੂਸ ਵਿੱਚ ਸਿੱਧੇ ਟਕਰਾਅ ਦੀ ਸਭ ਤੋਂ ਵੱਧ ਸੰਭਾਵਨਾ ਯੂਰਪ ਵਿੱਚ ਹੀ ਹੈ। ਰੂਸ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਜਿਹੇ ਟਕਰਾਅ ਦੀ ਸੂਰਤ ਵਿੱਚ ਹੀ ਪ੍ਰਮਾਣੂ ਹਥਿਆਰ ਵਰਤ ਸਕਦਾ ਹੈ।
ਸੋਵੀਅਤ ਯੂਨੀਅਨ ਦੇ ਢਹਿ ਜਾਣ ਤੋਂ ਬਾਅਦ ਜੋ ਰੂਸ ਨੂੰ ਖੋਰਨ ਅਤੇ ਸਕੋੜਨ ਦੀ ਪ੍ਰਕਿਰਿਆ ਪੱਛਮ ਨੇ ਸ਼ੁਰੂ ਕੀਤੀ ਸੀ ਪੂਤਿਨ ਨੇ ਉਸ ਨੂੰ ਪੁੱਠਾ ਕਰ ਦਿੱਤਾ ਹੈ। ਸੋਵੀਅਤ ਯੂਨੀਅਨ ਤੋਂ ਟੁੱਟੇ ਬਹੁਤ ਸਾਰੇ ਇਲਾਕਿਆਂ ਨੂੰ ਉਸ ਨੇ ਰੂਸ ਨਾਲ ਦੁਬਾਰਾ ਜੋੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ। ਇਸ ਸੰਦਰਭ ਵਿੱਚ ਉਸ ਦੀਆਂ ਵੱਡੀਆਂ ਪ੍ਰਾਪਤੀਆਂ ਸ਼ੰਘਾਈ ਕੋਪਰੇਸ਼ਨ ਸੰਸਥਾ ਦੇ ਰੂਪ ਵਿੱਚ ਸਾਬਕਾ ਸੋਵੀਅਤ ਯੂਨੀਅਨ ਦੇ ਚਾਰ ਵੱਡੇ ਗਣਰਾਜਾਂ ਜਿਨ੍ਹਾਂ ਵਿੱਚ ਕਜ਼ਾਕ ਸਤਾਨ ਤੇ ਉਜ਼ਬੇਕਸਤਾਨ ਵੀ ਸ਼ਾਮਲ ਹਨ ਨੂੰ ਇੱਕ ਤਰ੍ਹਾਂ ਨਾਲ ਦੁਬਾਰਾ ਰੂਸ ਨਾਲ ਜੋੜਿਆ ਗਿਆ ਹੈ, ਬੇਲਾਰੂਸ ਨੂੰ ਦੁਬਾਰਾ ਰੂਸ ਨਾਲ ਜੋੜਿਆ ਗਿਆ ਹੈ, ਨਾਲ ਲੱਗਦੇ ਦੇਸ਼ਾਂ ਵਿੱਚ ਰੂਸੀ ਬੋਲਦੇ ਇਲਾਕਿਆਂ ਨੂੰ ਦੁਬਾਰਾ ਰੂਸ ਵਿੱਚ ਮਿਲਾਉਣਾ ਵੀ ਇਸੇ ਕੜੀ ਦਾ ਹਿੱਸਾ ਹੈ। ਪਹਿਲਾਂ ਰੂਸ ਨੇ ਜਾਰਜੀਆ ਦੇ ਰੂਸੀ ਬੋਲਦੇ ਇਲਾਕੇ ਰੂਸ ਵਿੱਚ ਮਿਲਾ ਲਏ ਫਿਰ ਯੂਕਰੇਨ ਵਿੱਚ ਕਰੀਮੀਆ ਨੂੰ ਰੂਸ ਨਾਲ ਮਿਲਾ ਲਿਆ ਅਤੇ ਹੁਣ ਪੂਰਬੀ ਯੂਕਰੇਨ ਦੇ ਰੂਸੀ ਬੋਲਦੇ ਇਲਾਕਿਆਂ ਨੂੰ ਇੱਕ ਸੁਤੰਤਰ ਰਾਜ ਦੇ ਤੌਰ ’ਤੇ ਰੂਸ ਵਿੱਚ ਮਿਲਾਇਆ ਜਾ ਰਿਹਾ ਹੈ। ਪੱਛਮੀ ਦੇਸ਼ ਇਸ ਵਿਰੁਧ ਬਹੁਤ ਰੌਲਾ ਪਾ ਰਹੇ ਹਨ ਪਰ ਉਹ ਹਾਲੇ ਤੱਕ ਕੋਈ ਸਿੱਧੀ ਫੌਜੀ ਕਾਰਵਾਈ ਕਰਨ ਤੋਂ ਸੰਕੋਚ ਕਰ ਰਹੇ ਹਨ। ਰੂਸ ਦੇ ਨਾਲ ਲੱਗਦੇ ਹੋਰ ਦੇਸ਼ ਪੱਛਮ ਤੇ ਖਾਸ ਕਰਕੇ ਅਮਰੀਕਾ ’ਤੇ ਇਹ ਦਬਾਅ ਪਾ ਰਹੇ ਹਨ ਕਿ ਜੇ ਉਨ੍ਹਾਂ ਨੇ ਰੂਸ ਨੂੰ ਯੂਕਰੇਨ ਵਿੱਚ ਨਾ ਰੋਕਿਆ ਤਾਂ ਉਹ ਉਨ੍ਹਾਂ ਦੇਸ਼ਾਂ ਦੇ ਰੂਸੀ ਬੋਲਦੇ ਇਲਾਕਿਆਂ ਨੂੰ ਰੂਸ ਵੱਲੋਂ ਆਪਣੇ ਵਿੱਚ ਸ਼ਾਮਲ ਕਰ ਲੈਣ ਤੋਂ ਕਿਵੇਂ ਰੋਕਣਗੇ। ਨਾਟੋ ਨੇ ਯੂਕਰੇਨ ਵਿੱਚ ਸਿੱਧਾ ਫੌਜੀ ਦਖਲ ਦੇਣ ਬਾਰੇ ਬਹੁਤ ਸੋਚ ਵਿਚਾਰ ਕੀਤੀ ਹੈ। ਪਰ ਪੂਤਿਨ ਨੇ ਪ੍ਰਮਾਣੂ ਸ਼ਕਤੀ ਦੀ ਚਿਤਾਵਨੀ ਦੇ ਕੇ ਉਨ੍ਹਾਂ ਦੇ ਫੌਜੀ ਦਖਲ ਦੇ ਉਤਸ਼ਾਹ ਨੂੰ ਕਾਫ਼ੀ ਹੱਦ ਤੱਕ ਠੰਢਾ ਕਰ ਦਿੱਤਾ ਹੈ। ਕੀ ਸਚਮੁੱਚ ਰੂਸ ਅਜਿਹੀ ਹਾਲਤ ਵਿੱਚ ਪ੍ਰਮਾਣੂ ਹਥਿਆਰ ਵਰਤ ਸਕਦਾ ਹੈ? ਨਾਟੌ ਤੇ ਪੱਛਮੀ ਦੇਸ਼ ਇਹ ਜੂਏ ਦੀ ਬਾਜ਼ੀ ਖੇਲਣ ਤੋਂ ਡਰ ਰਹੇ ਹਨ। ਮੇਰਾ ਇਹ ਮੱਤ ਹੈ ਕਿ ਪੂਤਿਨ ਪ੍ਰਮਾਣੂ ਸ਼ਕਤੀ ਵਰਤਣ ਦੇ ਫੋਕੇ ਡਰਾਵੇ ਨਹੀਂ ਦੇ ਰਿਹਾ ਸਗੋਂ ਉਸ ਕੋਲ ਅਜਿਹਾ ਕਰਨ ਦੀ ਇੱਕ ਯੋਜਨਾ ਵੀ ਹੈ।
ਮੇਰੇ ਖਿਆਲ ਵਿੱਚ ਇਹ ਯੋਜਨਾ ਕੁੱਝ ਇਸ ਤਰ੍ਹਾਂ ਵੀ ਹੋ ਸਕਦੀ ਹੈ। ਪੂਤਿਨ ਪੱਛਮ ਵਿਰੁਧ ਤਿੰਨ ਪੜ੍ਹਾਵਾਂ ਵਿੱਚ ਪ੍ਰਮਾਣੂ ਹਮਲਾ ਕਰ ਸਕਦੇ ਹਨ। ਪਹਿਲਾ ਪੱਛਮ ਦੇ ਪੂਰਬੀ ਯੂਰਪ ਦੇ ਕਿਸੇ ਸਾਥੀ ਦੇਸ਼ ’ਤੇ ਹਮਲਾ। ਇਸ ਸਿਲਸਿਲੇ ਵਿੱਚ ਮੇਰੇ ਵਿਚਾਰ ਵਿੱਚ ਪੋਲੈਂਡ ਦੀ ਸੰਭਾਵਨਾ ਸਭ ਤੋਂ ਵੱਧ ਹੈ। ਰੂਸ ਪੋਲੈਂਡ ’ਤੇ ਮਾਰੂ ਤੇ ਤਬਾਹਕੁੰਨ ਪ੍ਰਮਾਣੂ ਹਮਲਾ ਕਰ ਸਕਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅਮਰੀਕਾ ਤੇ ਪੱਛਮੀ ਦੇਸ਼ ਰੂਸ ’ਤੇ ਜਵਾਬੀ ਪ੍ਰਮਾਣੂ ਹਮਲਾ ਕਰਨਗੇ ਜਾਂ ਰੂਸ ਵਿਰੁਧ ਪ੍ਰਾਪੇਗੰਡਾ ਜੰਗ ਤੇ ਆਰਥਿਕ ਪਾਬੰਦੀਆਂ ਹੋਰ ਸਖ਼ਤ ਕਰਨ ਤੱਕ ਹੀ ਜਾਣਗੇ। ਇਥੇ ਇਹ ਯਾਦ ਰੱਖਣਾ ਪਏਗਾ ਕਿ ਰੂਸ ’ਤੇ ਹਮਲਾ ਅਮਰੀਕਾ ਤੇ ਪੱਛਮੀ ਦੇਸ਼ਾਂ ਲਈ ਆਤਮਘਾਤ ਕਰਨ ਦੇ ਬਰਾਬਰ ਹੈ। ਮੈਨੂੰ ਲੱਗਦਾ ਹੈ ਕਿ ਜ਼ਿਆਦਾ ਸੰਭਾਵਨਾ ਇਹ ਹੈ ਕਿ ਉਹ ਰੂਸ ਦੇ ਜਵਾਬੀ ਪ੍ਰਮਾਣੂ ਹਮਲਾ ਨਹੀਂ ਕਰਨਗੇ। ਜੇ ਉਹ ਇੱਕ ਸੀਮਤ ਜਵਾਬੀ ਪ੍ਰਮਾਣੂ ਹਮਲਾ ਕਰਦੇ ਹਨ (ਰੂਸ ਦਾ ਇੱਕ ਛੋਟਾ ਹਿੱਸਾ ਵੀ ਤਬਾਹ ਕਰਦੇ ਹਨ) ਤਾਂ ਉਸ ਦੇ ਜਵਾਬ ਵਿੱਚ ਰੂਸ ਪੱਛਮੀ ਯੂਰਪ ਦੇ ਕਿਸੇ ਵੱਡੇ ਦੇਸ਼ ’ਤੇ ਮਾਰੂ ਪ੍ਰਮਾਣੂ ਹਮਲਾ ਕਰ ਸਕਦਾ ਹੈ। ਇਸ ਸਿਲਸਿਲੇ ਵਿੱਚ ਇੰਗਲੈਂਡ ਦੀ ਸੰਭਾਵਨਾ ਸਭ ਤੋਂ ਵੱਧ ਹੈ। ਅਜਿਹੀ ਸੂਰਤ ਵਿੱਚ ਜੇ ਅਮਰੀਕਾ ਰੂਸ ’ਤੇ ਜਵਾਬੀ ਹਮਲਾ ਕਰਕੇ ਰੂਸ ਦੇ ਸਾਇਬੇਰੀਆ ਵਰਗੇ ਇਲਾਕੇ ’ਤੇ ਹਮਲਾ ਕਰਦਾ ਹੈ ਤਾਂ ਰੂਸ ਅਲਾਸਕਾ ’ਤੇ ਜਵਾਬੀ ਹਮਲਾ ਕਰ ਸਕਦਾ ਹੈ। ਜਾਹਿਰ ਹੈ ਕਿ ਇਸ ਤੋਂ ਬਾਅਦ ਤਾਂ ਮੁਕੰਮਲ ਤਬਾਹੀ ਹੀ ਹੈ ਕਿਉਂਕਿ ਜੇ ਅਮਰੀਕਾ ਰੂਸ ਦੇ ਮੁੱਖ ਕੇਂਦਰਾਂ ’ਤੇ ਹਮਲਾ ਕਰਦਾ ਹੈ ਤਾਂ ਰੂਸ ਵੀ ਅਮਰੀਕਾ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਏਗਾ। ਸਾਨੂੰ ਇਹ ਯਾਦ ਰੱਖਣਾ ਪਏਗਾ ਕਿ ਅੱਜ ਵੀ ਰੂਸ ਕੋਲ ਸੰਸਾਰ ਦੇ ਕਿਸੇ ਹੋਰ ਦੇਸ਼ ਨਾਲੋਂ ਜ਼ਿਆਦਾ ਪ੍ਰਮਾਣੂ ਹਥਿਆਰਾਂ ਦੇ ਜ਼ਖੀਰੇ ਹਨ।
ਹੈਨਰੀ ਕੈਸਿੰਜਰ ਬਹੁਤ ਬੁੱਢੇ ਹੋ ਗਏ ਹਨ ਸ਼ਾਇਦ ਬਹੁਤਾ ਸਮਾਂ ਜੀਵਨ ਦਾ ਬਾਕੀ ਨਹੀਂ ਬਚਿਆ ਪਰ ਜੀਵਨ ਦੇ ਇਸ ਮੋੜ ’ਤੇ ਵੀ ਉਹ ਆਪਣੀਆਂ ਲੂੰਬੜ ਚਾਲਾਂ ਛੱਡਣ ਨੂੰ ਤਿਆਰ ਨਹੀਂ। ਉਨ੍ਹਾਂ ਨੇ ਸੱਤਰਵਿਆਂ ਵਿੱਚ ਪਿੰਗ ਪਾਂਗ ਡਿਪਲੋਮੇਸੀ ਨਾਲ ਚੀਨ ਨਾਲ ਸੋਵੀਅਤ ਯੂਨੀਅਨ ਵਿਰੁਧ ਗੱਠਜੋੜ ਕਰਕੇ ਸੋਵੀਅਤ ਯੂਨੀਅਨ ਨੂੰ ਢਾਹ ਲਿਆ ਸੀ। ਪਰ ਉਨ੍ਹਾਂ ਨੂੰ ਪੰਜਾਬੀ ਦੀਆਂ ਦੋ ਕਹਾਵਤਾਂ ਯਾਦ ਰੱਖਣੀਆਂ ਚਾਹੀਦੀਆਂ ਹਨ ਪਹਿਲੀ ਕਿ ਕਾਠ ਦੀ ਹਾਂਡੀ ਦੁਬਾਰਾ ਅੱਗ ’ਤੇ ਨਹੀਂ ਚੜਦੀ ਅਤੇ ਦੂਜੀ ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ਉਹ ਆਪਣੇ ਉਸ ਕਰਤਬ ਨੂੰ ਦੁਬਾਰਾ ਨਹੀਂ ਦੁਹਰਾ ਸਕਣਗੇ ਅਤੇ ਹੁਣ ਸਮਾਂ ਰੂਸ ਦੇ ਹੱਕ ਵਿੰਚ ਅਤੇ ਪੱਛਮ ਦੇ ਵਿਰੁਧ ਭੁਗਤ ਰਿਹਾ ਹੈ। ਚੰਗਾ ਤਾਂ ਇਹ ਹੋਵੇ ਕਿ ਉਹ ਆਪਣੀ ਜੀਵਨ ਯਾਤਰਾ ਸਮਾਪਤ ਹੋਣ ਤੋਂ ਪਹਿਲਾਂ ਅਮਰੀਕਾ ਨੂੰ ਚੰਗੀ ਸਲਾਹ ਦੇ ਦੇਣ ਕਿ ਰੂਸ ਪ੍ਰਤੀ ਆਪਣੀ ਨੀਤੀ ਬਦਲ ਲਓ ਅਤੇ ਰੂਸ ਨੂੰ ਪ੍ਰਮਾਣੂ ਹਥਿਆਰ ਵਰਤਣ ਲਈ ਮਜ਼ਬੂਰ ਨਾ ਕਰੋ ਕਿਉਂਕਿ ਇਸ ਨਾਲ ਸਾਡੀ ਮੁਕੰਮਲ ਤਬਾਹੀ ਦਾ ਖ਼ਤਰਾ ਹੈ। ਭਾਰਤ ਨੂੰ ਵੀ ਆਪਣੀ ਪੱਛਮ ਵੱਲ ਉਲਾਰ ਵਾਲੀ ਨੀਤੀ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਹੁਣ ਸਮਾਂ ਦਾਦੇ ਦਾ ਨਹੀਂ ਪੋਤੇ ਦਾ ਆ ਗਿਆ ਹੈ। ਅਮਰੀਕਾ ਤੇ ਪੱਛਮ ਦਾ ਤੁਲਨਾਤਮਿਕ ਤੌਰ ’ਤੇ ਨਿਘਾਰ ਹੋ ਰਿਹਾ ਹੈ ਅਤੇ ਰੂਸ, ਚੀਨ ਅਤੇ ਪੂਰਬ ਦਾ ਤੁਲਨਾਤਮਿਕ ਤੌਰ ’ਤੇ ਉਭਾਰ ਹੋ ਰਿਹਾ ਹੈ।