ਕਾਮਾਗਾਟਾ ਮਾਰੂ ਤੋਂ ਅੱਜ ਤੱਕ ਨਸਲਵਾਦ ਦਾ ਸਫ਼ਰ - ਪਰਮਿੰਦਰ ਕੌਰ ਸਵੈਚ
Posted on:- 09-11-2014
ਪਰਵਾਸ ਇੱਕ ਅਜਿਹਾ ਕੁਦਰਤੀ ਜੈਵਿਕ ਵਰਤਾਰਾ ਹੈ, ਜਦੋਂ ਜੀਵ ਨੂੰ ਇੱਕ ਥਾਂ ਤੋਂ ਭੋਜਨ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਭੋਜਨ ਦੀ ਭਾਲ ਵਿੱਚ ਦੂਰ ਦੁਰਾਡੇ ਪਹੁੰਚਦਾ ਹੈ। ਵਿਕਸਿਤ ਮਨੁੱਖ ਵਿੱਚ ਸੋਚਣ, ਵਿਚਾਰਨ ਦੀ ਪ੍ਰਕਿਰਿਆ ਜ਼ਿਆਦਾ ਹੋਣ ਕਰਕੇ ਉਹ ਇਸ ਨੂੰ ਛੇਤੀ ਗ੍ਰਹਿਣ ਕਰਦਾ ਹੈ। ਇਸੇ ਵਰਤਾਰੇ ਦੇ ਅੰਤਰਗਤ 19ਵੀਂ ਸਦੀ ਦੇ ਅੰਤ ਵਿੱਚ ਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਜਦੋਂ ਭਾਰਤ ਤੇ ਅੰਗਰੇਜ਼ ਰਾਜ ਕਰ ਰਿਹਾ ਸੀ ਉਸਨੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਮਾਲੀਆ (ਟੈਕਸ) ਆਮਦਨ ਨਾਲੋਂ ਕਿਤੇ ਜ਼ਿਆਦਾ ਵਧਾ ਦਿੱਤਾ ਸੀ ਕਿ ਉਹ ਦੇਣ ਤੋਂ ਅਸਮਰੱਥ ਸਨ, ਉਪਰੋਂ ਗਰੀਬੀ, ਕੰਗਾਲੀ ਤੇ ਘਾਤਕ ਬਿਮਾਰੀਆਂ ਨੇ ਉਹਨਾਂ ਦਾ ਜੀਣਾ ਹਰਾਮ ਕਰ ਦਿੱਤਾ ਸੀ।
ਕੁਝ ਕਿਸਾਨ ਜਿਹੜੇ ਅੰਗਰੇਜ਼ ਦੇ ਵਫਾਦਾਰ ਸਿਪਾਹੀ ਰਹਿ ਚੁੱਕੇ ਸਨ, ਮਹਾਰਾਣੀ ਵਿਕਟੋਰੀਆ ਦੀ ਫੇਰੀ ਸਮੇਂ ਉਹਨਾਂ ਨੇ ਕੈਨੇਡਾ ਅਮਰੀਕਾ ਦੀ ਸੁਹਾਵਣੀ ਧਰਤੀ ਨੂੰ ਦੇਖਿਆ ਅਤੇ ਮਿਹਨਤ ਕਰਕੇ ਆਪਣੇ ਜੀਵਨ ਨੂੰ ਵਧੀਆ ਬਣਾਉਣ ਲਈ ਕੈਨੇਡਾ ਦੀ ਧਰਤੀ ਵੱਲ ਪਰਵਾਸ ਸ਼ੁਰੂ ਕਰ ਦਿੱਤਾ। ਪਹਿਲਾਂ ਪਹਿਲ ਤਾਂ ਥੋੜ੍ਹੇ ਲੋਕ ਆਉਂਦੇ ਸਨ ਪਰ ਜਦੋਂ ਇਹ ਗਿਣਤੀ ਵਧਣ ਲੱਗੀ ਤਾਂ ਇਥੋਂ ਦੇ ਕੁੱਝ ਗੋਰੇ ਲੋਕਾਂ ਨੂੰ, ਚੀਨੀਆਂ, ਜਪਾਨੀਆਂ ਤੇ ਭਾਰਤੀਆਂ ਦੀ ਸਖ਼ਤ ਮਿਹਨਤ ਜਿਸ ਨਾਲ ਉਹਨਾਂ ਨੇ ਆਪਣੇ ਮਾਲਕਾਂ ਦੇ ਦਿਲਾਂ ਵਿੱਚ ਥਾਂ ਬਣਾਉਣੀ ਸ਼ੁਰੂ ਕਰ ਦਿੱਤੀ ਸੀ, ਚੰਗੀ ਨਾ ਲੱਗੀ। ਇਸ ਤਰਾਂ ਮਜ਼ਦੂਰਾਂ ਨੂੰ ਵੰਡਿਆ ਜਾਣ ਲੱਗਿਆ। ਪਰਵਾਸੀ ਮਜ਼ਦੂਰਾਂ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਤੇ ਨਸਲੀ ਨਸ਼ਤਰਾਂ ਜਿਵੇਂ ਇੰਡੀਅਨ ਡੌਗ ਵਰਗੇ ਘਟੀਆ ਵਿਸ਼ੇਸ਼ਣਾਂ ਨਾਲ ਹਰ ਰੋਜ਼ ਘਾਇਲ ਕੀਤਾ ਜਾਂਦਾ ਸੀ। ਇਸ ਸਭ ਕਾਸੇ ਦੇ ਬਾਵਜੂਦ ਉਹ ਕੰਮ ਕਰਨ ਲਈ ਮਜ਼ਬੂਰ ਸਨ ਤੇ ਹੁਣ ਉਹਨਾਂ ਨੂੰ ਹੌਲੀ ਹੌਲੀ ਆਪਣੀ ਗ਼ੁਲਾਮੀ ਦੀ ਸਮਝ ਵੀ ਆਉਣ ਲੱਗ ਗਈ ਸੀ।1908 ਵਿੱਚ ਜਦੋਂ ਭਾਰਤੀਆਂ ਦੀ ਗਿਣਤੀ ਵਧਣ ਲੱਗੀ ਤਾਂ ਕੈਨੇਡਾ ਦੀ ਸਰਕਾਰ ਨੇ ਇਹ ਕਾਨੂੰਨ ਬਣਾ ਦਿੱਤਾ ਕਿ ਕੈਨੇਡਾ ਵਿੱਚ ਉਹੀ ਦਾਖਲ ਹੋ ਸਕਦਾ ਹੈ ਜੋ ਅਟੁੱਟ ਸਫਰ ਦੇ ਰਾਹੀਂ ਸਿੱਧੀ ਟਿਕਟ ਲੈ ਕੇ ਆਵੇ ਅਤੇ 200 ਡਾਲਰ ਉਸ ਕੋਲ ਹੋਵੇ। ਇਹ ਕਾਨੂੰਨ ਨਸਲੀ ਵਿਤਕਰੇ ਦੇ ਤਹਿਤ ਵਿਸ਼ੇਸ਼ ਕਰਕੇ ਭਾਰਤੀਆਂ ਲਈ ਹੀ ਬਣਾਇਆ ਗਿਆ ਸੀ। ਪਰ ਸਿਰੜ੍ਹ ਦੇ ਪੱਕੇ ਭਾਰਤੀ ਆਪਣੇ ਭਾਈ ਭਰੱਪਣ ਦੇ ਸਹਿਯੋਗ ਸਦਕਾ ਸ਼ਰਤਾਂ ਪੂਰੀਆਂ ਕਰਕੇ ਵੀ ਆਉਣੋ ਨਾ ਹਟੇ। 1913 ਵਿੱਚ 35 ਭਾਰਤੀ ਆਪਣੀ ਕਾਨੂੰਨੀ ਲੜਾਈ ਲੜ ਕੇ ਇਸ ਧਰਤੀ ਦੇ ਬਸ਼ਿੰਦੇ ਬਣ ਚੁੱਕੇ ਸਨ, ਇਸ ਜਿੱਤ ਨੇ ਭਾਰਤੀ ਲੋਕਾਂ ਵਿੱਚ ਇੱਕ ਖੁਸ਼ੀ ਦੀ ਚਿਣਗ਼ ਫੈਲਾ ਦਿੱਤੀ ਸੀ, ਜਿਸ ਕਰਕੇ ਹੁਣ ਉਹਨਾਂ ਨੇ ਆਪਣੇ ਭਾਈਆਂ ਦੀ ਮੱਦਦ ਕਰਕੇ ਉਹਨਾਂ ਨੂੰ ਇੱਥੇ ਬੁਲਾਉਣ ਦੇ ਬਾਨਣੂੰ ਬੰਨ੍ਹਣੇ ਸ਼ੁਰੂ ਕਰ ਦਿੱਤੇ। ਬਹੁਤ ਸਾਰੇ ਭਾਰਤੀ ਹਾਂਗਕਾਂਗ ਫਸੇ ਬੈਠੇ ਸਨ ਜੋ ਕਨੇਡਾ ਅਮਰੀਕਾ ਆਉਣਾ ਚਾਹੁੰਦੇ ਸਨ ਪਰ ਕਨੇਡਾ ਦੀ ਸਰਕਾਰ ਨੇ ਸਭ ਜਹਾਜ਼ਾਂ ਵਾਲਿਆਂ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਉਹ ਭਾਰਤੀਆਂ ਨੂੰ ਟਿਕਟਾਂ ਨਾ ਵੇਚਣ। ਉਸ ਸਮੇਂ ਹੀ ਗ਼ਦਰ ਪਾਰਟੀ ਹੋਂਦ ਵਿੱਚ ਆ ਚੁੱਕੀ ਸੀ। ਬਾਬਾ ਗੁਰਦਿੱਤ ਸਿੰਘ ਜੋ ਇੱਕ ਵਿਉਪਾਰੀ ਸੀ ਉਸਨੇ ਕਾਮਾਗਾਟਾ ਮਾਰੂ ਨਾਂ ਦਾ ਜਹਾਜ਼ ਕਿਰਾਏ ਤੇ ਕਰਕੇ ਅਤੇ ਆਪਣੇ ਭਾਰਤੀ ਭਾਈਚਾਰੇ ਦੀ ਮੱਦਦ ਲਈ ਸਾਰੀਆਂ ਸ਼ਰਤਾਂ ਨੂੰ ਮੱਦੇ ਨਜ਼ਰ ਰੱਖਦਿਆਂ 376 ਮੁਸਾਫਰਾਂ ਨੂੰ 18 ਅਪਰੈਲ 1914 ਨੂੰ ਹਾਂਗਕਾਂਗ ਤੋਂ ਕਨੇਡਾ ਵੱਲ ਨੂੰ ਤੋਰ ਲਿਆ ਬੇਸ਼ੱਕ ਹਾਂਗਕਾਂਗ ਦੀ ਸਰਕਾਰ ਨੇ ਗੁਰਦਿੱਤ ਸਿੰਘ ਨਾਲ ਬਦਸਲੂਕੀ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਕਿ ਇਹ ਡਰ ਕੇ ਸਲਾਹ ਬਦਲ ਦੇਵੇਗਾ ਪਰ ਇਹ ਸੰਭਵ ਨਾ ਹੋ ਸਕਿਆ ਕਿਉਂਕਿ ਗੁਰਦਿੱਤ ਸਿੰਘ ਨੂੰ ਰੋਕਣ ਦੀ ਕੋਈ ਖਾਸ ਵਜ੍ਹਾ ਨਾ ਬਣ ਸਕੀ ਅਤੇ ਮੁਸਾਫਰਾਂ ਨੂੰ ਵੀ ਬਾਬਾ ਗੁਰਦਿੱਤ ਸਿੰਘ ਤੇ ਪੂਰਾ ਮਾਣ ਸੀ ਕਿ ਉਸਨੇ ਉਹਨਾਂ ਦੀ ਬਾਂਹ ਫੜ੍ਹੀ ਹੈ ਤਾਂ ਮੰਜ਼ਲ ਤੇ ਜਰੂਰ ਲੈ ਜਾਵੇਗਾ। ਹੋਇਆ ਵੀ ਇਹੀ ਕਿ 21 ਮਈ 1914 ਨੂੰ ਕਾਮਾਗਾਟਾ ਮਾਰੂ ਵਿਕਟੋਰੀਆ ਦੇ ਪਾਣੀਆਂ ਵਿੱਚ ਰੁਕਿਆ, ਉੱਥੋਂ ਦੂਸਰੇ ਦਿਨ ਵੈਨਕੂਵਰ ਦੇ ਬੁਰਾਰਡ ਇਨਲੈੱਟ ਵਿੱਚ ਪਹੁੰਚ ਗਿਆ। ਯਾਤਰੀਆਂ ਨੂੰ ਮੰਜ਼ਲ ਤੇ ਪਹੁੰਚ ਕੇ ਸੁੱਖ ਦਾ ਸਾਹ ਆਇਆ ਪਰ ਉਹ ਅਜਿਹੀ ਭਾਵੀ ਤੋਂ ਅਨਜਾਣ ਸਨ ਜੋ ਉਹਨਾਂ ਦੇ ਨਾਲ ਵਾਪਰੀ ਕਿ ਉਹਨਾਂ ਨੂੰ ਉਤਰਨ ਨਾ ਦਿੱਤਾ ਗਿਆ ਸਗੋਂ ਆਲੇ ਦੁਆਲੇ ਹਥਿਆਰਬੰਦ ਪੁਲੀਸ ਨੇ ਘੇਰਾ ਪਾਇਆ ਹੋਇਆ ਸੀ ਕਿ ਨਾ ਉਹ ਬਾਹਰ ਆ ਸਕਣ ਤੇ ਨਾ ਕੋਈ ਉਹਨਾਂ ਨੂੰ ਮਿਲ ਸਕੇ। ਮੈਡੀਕਲ ਚੈੱਕਅਪ ਲਈ ਬੇਵਜਾਹ ਦੇਰ ਲਾਈ ਗਈ ਤਾਂ ਕਿ ਉਹ ਜਹਾਜ਼ ਦੀ 12 ਜੂਨ ਨੂੰ ਦੇਣ ਵਾਲੀ ਕਿਸ਼ਤ ਨਾ ਦੇ ਸਕਣ ਤੇ ਮਜ਼ਬੂਰਨ ਆਪਣੇ ਆਪ ਹੀ ਮੁੜ ਜਾਣ ਪਰ ਵੈਨਕੂਵਰ ਵਿੱਚ ਰਹਿੰਦੇ ਭਾਰਤੀਆਂ ਨੇ ਇੱਕ ਇਕੱਠ ਕੀਤਾ ਜਿਸ ਵਿੱਚ ਕਾਮਾਗਾਟਾ ਦੀ ਮੱਦਦ ਲਈ 15000 ਡਾਲਰ ਇਕੱਠੇ ਕਰਨੇ ਸਨ ਪਰ ਉਸ ਦਿਨ ਉਹਨਾਂ ਨੇ ਸੁਣਨ ਵਿੱਚ ਮਿਲਦਾ ਹੈ ਕਿ 66000 ਡਾਲਰ ਇਕੱਠੇ ਕਰ ਲਏ ਸਨ ਤੇ ਕਿਸ਼ਤ 10 ਜੂਨ ਨੂੰ ਹੀ ਚੁਕਤਾ ਕਰ ਦਿੱਤੀ ਸੀ।ਉਸ ਵੇਲੇ ਕੈਨੇਡਾ ਦੀ ਸਰਕਾਰ ਤੇ ਇੰਮੀਗ੍ਰੇਸ਼ਨ ਅਮਲੇ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਨਸਲੀ ਤੇ ਘਿਨਾਉਣੀਆਂ ਸਾਜ਼ਸ਼ਾਂ ਨਾਲ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਨਾਲ ਅਣਮਨੁੱਖੀ ਵਰਤਾ ਕਰਕੇ, ਭੁੱਖਣ ਭਾਣੇ ਸਮੁੰਦਰ ਵਿੱਚ ਮਰਨ ਲਈ ਮਜ਼ਬੂਰ ਕਰ ਦਿੱਤਾ ਸੀ ਜੇ ਕਿਤੇ ਭਾਰਤੀ ਭਾਈ ਚਾਰਾ ਉਹਨਾਂ ਦੀ ਬਾਂਹ ਨਾ ਫੜਦਾ ਤਾਂ ਉਹ ਦੋ ਮਹੀਨੇ ਤਾਂ ਕੀ ਦੋ ਦਿਨ ਵੀ ਇੱਥੇ ਨਾ ਟਿਕ ਸਕਦੇ। ਉਹਨਾਂ ਨੂੰ ਡਰਾ ਧਮਕਾ ਕੇ ਹਮਲਾ ਕਰਕੇ ਭਜਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਪਰ ਜਦੋਂ ਭਾਰਤੀ ਮਰਨ ਮਾਰਨ ਤੇ ਉਤਰ ਆਏ ਤਾਂ ਉਹਨਾਂ ਨੂੰ ਰਸਦ ਪਾਣੀ ਪਹੁੰਚਾਇਆਂ ਗਿਆ। ਉਹਨਾਂ ਦਾ ਵਕੀਲ ਐਡਵਰਡ ਬਰਡ ਉਹਨਾਂ ਨੂੰ ਮਿਲ ਨਹੀਂ ਸੀ ਸਕਦਾ, ਕੋਰਟ ਵਿੱਚ ਕੇਸ ਲਿਜਾਣ ਤੇ ਵੀ ਬਹਿਸ ਕਰਨ ਤੇ ਰੋਕ ਲਾ ਦਿੱਤੀ ਗਈ। ਇਸ ਨਫ਼ੳਮਪ;ਰਤ ਦੀ ਜੰਗ ਵਿੱਚ ਕੁੱਦੇ ਪਰਵਾਸੀ ਵਿਭਾਗ ਦੇ ਅਮਲੇ ਨੇ ਇਹ ਨਹੀਂ ਸੀ ਸੋਚਿਆ ਕਿ ਇਸਦੀ ਨੌਬਤ ਇਹ ਆ ਜਾਵੇਗੀ ਕਿ ਕੈਨੇਡਾ ਵਿੱਚ ਰਹਿੰਦੇ ਭਾਰਤੀਆਂ ਬਾਰੇ ਵੈਨਕੂਵਰ ਦੀਆਂ ਲੱਕੜ ਦੀਆਂ ਇਮਾਰਤਾਂ ਨੂੰ ਸਾੜ ਕੇ ਸੁਆਹ ਕਰਨ ਦੀਆਂ ਅਫਵਾਹਾਂ ਐਡੀ ਵੱਡੀ ਪੱਧਰ ਤੇ ਤੂਲ ਫੜ੍ਹ ਜਾਣਗੀਆਂ। ਕੇਨੈਡੀਅਨ ਸਰਕਾਰ ਨੇ ਆਪਣੀ ਤਾਕਤ ਦੀ ਨੁਮਾਇਸ਼ ਕਰਕੇ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਨ ਦਾ ਕੰਮ ਕਰ ਲਿਆ ਸੀ ਜਿਸਦੇ ਸਿੱਟੇ ਵਜੋਂ ਅੰਤ ਨੂੰ ਮੁਸਾਫਰਾਂ ਦੀਆਂ ਸਾਰੀਆਂ ਸ਼ਰਤਾਂ ਮੰਨ ਕੇ ਜਹਾਜ਼ ਨੂੰ ਇੱਥੋਂ ਵਾਪਸ ਭੇਜਣਾ ਪਿਆ। ਇਸ ਤਰਾਂ ਇਹ ਸਿੱਟਾ ਕੱਢਣਾ ਮੁਸ਼ਕਲ ਹੈ ਕਿ ਮੁਸਾਫਰਾਂ ਨੂੰ ਸ਼ਕਤੀ ਪ੍ਰਦਰਸ਼ਨ ਨਾਲ ਝੁਕਾਇਆ ਗਿਆ ਸੀ ਜਾਂ ਉਹਨਾਂ ਦੇ ਦ੍ਰਿੜਤਾ ਨਾਲ ਕੀਤੇ ਘੋਲ ਅੱਗੇ ਗੋਡੇ ਟੇਕਣੇ ਪਏ ਸਨ। ਇਹ ਤਾਂ ਸਪੱਸ਼ਟ ਹੀ ਹੈ ਕਿ ਉਹਨਾਂ ਨੇ ਜੰਗੀ ਜਹਾਜ਼ ਰੇਨਬੋਅ ਦੀਆਂ ਛੇ ਇੰਚ ਮੂੰਹ ਵਾਲੀਆਂ ਤੋਪਾਂ ਨੂੰ ਹਰਾ ਕੇ ਸਿਪਾਹੀਆਂ ਨੂੰ ਜਖ਼ਮੀ ਕਰਕੇ ਜਿੱਤ ਹਾਸਲ ਕੀਤੀ ਸੀ। ਹੁਣ ਉਹ ਮੁਸਾਫ਼ਰ ਰੀਡ, ਹਾਪਕਿਨਸਨ ਤੇ ਸਟੀਵਨਜ਼ ਦੀ ਤਿੱਕੜੀ ਵਲੋਂ ਬਾਲ਼ੀ ਭੱਠੀ ਵਿੱਚ ਤਿੰਨ ਮਹੀਨੇ ਰਹਿ ਕੇ ਲੋਹਾ ਨਹੀਂ ਹਥਿਆਰ ਬਣ ਚੁੱਕੇ ਸਨ ਜਿਹਨਾਂ ਨੂੰ ਗ਼ੁਲਾਮੀ ਦਾ ਅਹਿਸਾਸ ਹੋ ਚੁੱਕਿਆ ਸੀ ਤੇ ਹੁਣ ਉਹਨਾਂ ਦੇ ਹੌਂਸਲੇ ਬੁਲੰਦ ਸਨ ਅਤੇ ਉਹ ਹੁਣ ਸੁਤੰਤਰਤਾ ਦੇ ਸੰਗਰਾਮ ਵਿੱਚ ਜੁੱਟ ਜਾਣਲਈ ਤਿਆਰ ਸਨ। ਦੁਸ਼ਮਣ ਪਹਿਲਾਂ ਹੀ ਉਹਨਾਂ ਦੇ ਇਰਾਦਿਆਂ ਨੂੰ ਭਾਂਪ ਗਿਆ ਸੀ ਜਿਸ ਕਰਕੇ ਕਲਕੱਤੇ ਦੀ ਬੰਦਰਗਾਹ ਤੋਂ ਪਹਿਲਾਂ ਹੀ ਉਹਨਾਂ ਨੂੰ ਬਜਬਜ ਘਾਟ ਤੇ ਉਤਾਰ ਲਿਆ ਗਿਆ ਤੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਉਹਨਾਂ ਵਿੱਚੋਂ 20 ਮੁਸਾਫਰ ਮਾਰੇ ਗਏ, ਬਾਕੀਆਂ ਨੂੰ ਜੇਲ੍ਹਾਂ ਵਿੱਚ ਤੁੰਨ ਦਿੱਤਾ ਗਿਆ, ਕਾਲੇ ਪਾਣੀ ਭੇਜਿਆ ਗਿਆ, ਜ਼ਮੀਨਾਂ ਕੁਰਕ ਕੀਤੀਆਂ ਗਈਆਂ ਜਾਂ ਜੂਹ ਬੰਦੀ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਅਤੇ ਬਾਅਦ ਵਿੱਚ ਇਸ ਸਾਕੇ ਦੀ ਅਸਲੀਅਤ ਨੂੰ ਤੋੜ ਮਰੋੜ ਕੇ ਪੇਸ਼ ਵੀ ਕੀਤਾ ਗਿਆ।ਅਸੀਂ ਥੋੜ੍ਹੇ ਸ਼ਬਦਾਂ ਵਿੱਚ ਕਾਮਾਗਾਟਾ ਮਾਰੂ ਦੇ ਇਤਿਹਾਸ ਤੇ ਨਜ਼ਰ ਮਾਰੀ ਹੈ, ਇਹ ਕੈਨੇਡਾ ਦੇ ਇਤਿਹਾਸ ਵਿੱਚ ਸੌ ਸਾਲ ਪਹਿਲਾਂ ਵਾਪਰੀ ਘਟਨਾ ਹੈ। ਇਤਿਹਾਸ ਮਨੁੱਖੀ ਜ਼ਿੰਦਗੀ ਦਾ ਇੱਕ ਅਜਿਹਾ ਪੰਨਾ ਹੈ ਜਿਸ ਨੂੰ ਪੜ੍ਹ ਕੇ ਮਨੁੱਖਤਾ ਦੇ ਭਵਿੱਖ ਦੀ ਉਸਾਰੀ ਹੁੰਦੀ ਹੈ, ਜੋ ਇਤਿਹਾਸ ਕਾਲੇ ਵਰਕਿਆਂ ਤੇ ਲਿਖਿਆ ਜਾਂਦਾ ਹੈ, ਕੌਮਾਂ ਉਸਨੂੰ ਯਾਦ ਰੱਖਦੀਆਂ ਹਨ ਤੇ ਕੋਸ਼ਿਸ਼ ਕਰਦੀਆਂ ਹਨ ਕਿ ਮੁੜ ਕੇ ਇਹ ਕੁੱਝ ਨਾ ਵਾਪਰੇ। ਅੱਜ ਸੌ ਸਾਲ ਬਾਅਦ ਸਾਡੇ ਸਾਹਮਣੇ ਬਹੁਤ ਸਾਰੇ ਸਵਾਲ ਮੂੰਹ ਅੱਡੀ ਖੜ੍ਹੇ ਹਨ ਜਿੰਨਾ ਦਾ ਜਵਾਬ ਅਸੀਂ ਦੇਣਾ ਹੈ ਤਾਂ ਕਿ ਉਹੀ ਸਵਾਲ ਸਾਡੇ ਬੱਚੇ ਸਾਨੂੰ ਨਾ ਕਰਨ।ਅਸੀਂ ਇਹ ਦੇਖਣਾ ਹੈ ਕਿ ਇਹ ਕਿਸ ਕਿਸਮ ਦਾ ਇਤਿਹਾਸ ਹੈ ? ਸਾਡੇ ਲਈ ਅੱਜ ਦੇ ਜੀਵਨ ਵਿੱਚ ਇਸਦੀ ਕੀ ਮਹੱਤਤਾ ਹੈ ?ੇ ਆਲੇ ਦੁਆਲੇ ਸੌ ਸਾਲ ਪਹਿਲਾਂ ਘਟੀ ਇਸ ਘਟਨਾ ਨੂੰ ਲੈ ਕੇ ਕੀ ਕੁੱਝ ਹੋ ਰਿਹਾ ਹੈ ? ਕੀ ਅੱਜ ਧਰਮ, ਰੰਗ, ਨਸਲ ਤੇ ਖਿੱਤੇ ਦੇ ਅਧਾਰ ਤੇ ਮਨੁੱਖਤਾ ਵਿੱਚ ਕੋਈ ਪੱਖਪਾਤ ਨਹੀਂ ? ਕੀ ਸੌ ਸਾਲ ਪਹਿਲਾਂ ਹੋਈ ਗਲਤੀ ਦੀ ਮਾਫੀ ਦਾ ਕੋਈ ਅਧਾਰ ਹੈ ਜਾਂ ਨਹੀਂ ? ਕਿਤੇ ਮਾਫੀ ਮੰਗਣ ਜਾਂ ਨਾ ਮੰਗਣ ਜਾਂ ਕਿੱਥੇ ਮੰਗਣ ਦੇ ਵਿੱਚ ਭਾਰਤੀ ਕਮਿਊਨਿਟੀ ਨੂੰ ਵੰਡਿਆ ਤਾਂ ਨਹੀਂ ਜਾ ਰਿਹਾ ? ਕਿਤੇ ਅਸੀਂ ਆਪਣੇ ਆਪਣੇ ਛੋਟੇ ਛੋਟੇ ਨਿੱਜੀ ਹਿਤਾਂ ਦੀ ਪੂਰਤੀ ਲਈ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਮਿੱਟੀ ਵਿੱਚ ਤਾਂ ਨਹੀਂ ਰੋਲ਼ ਰਹੇ ? ਕੀ ਗਰਾਂਟਾਂ ਦੇ ਸਿਲਸਿਲੇ ਵਿੱਚ ਛੋਟੇ ਵੱਡੇ ਪ੍ਰੋਗਰਾਮ ਕਰਕੇ ਗ਼ਦਰੀ ਬਾਬਿਆਂ ਦੀ ਮਨੁੱਖੀ ਹਿਤਾਂ ਲਈ ਵਿੱਢੀ ਲੜਾਈ ਨੂੰ ਠੇਸ ਤਾਂ ਨਹੀਂ ਪਹੁੰਚਾ ਰਹੇ ?ਆਓ ਅਸੀਂ ਇੰਨਾ ਸਵਾਲਾਂ ਦੇ ਉੱਤਰਾਂ ਬਾਰੇ ਕੁਝ ਵਿਚਾਰੀਏ, ਇਹ ਉਹ ਅਮੀਰ ਇਤਿਹਾਸ ਹੈ ਜੋ ਭੁੱਖਾਂ, ਦੁੱਖਾਂ ਤੇ ਤਕਲੀਫਾਂ ਵਿਚੋਂ ਪੈਦਾ ਹੋ ਕੇ ਗ਼ੁਲਾਮ ਜਨ ਸਮੂਹ ਦੀ ਅਜ਼ਾਦੀ ਦੀ ਅਵਾਜ਼ ਬਣ ਕੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਚਾਨਣ ਮੁਨਾਰਾ ਬਣ ਕੇ ਉਭਰਿਆ ਅਤੇ ਗ਼ਦਰ ਦੀ ਲਾਟ ਬਣ ਕੇ ਲੋਕਾਂ ਦੇ ਦਿਲਾਂ ਵਿੱਚ ਲਟ ਲਟ ਕਰਕੇ ਜਗਿਆ। ਬੇਸ਼ੱਕ ਜੇਲ਼੍ਹਾਂ, ਫਾਂਸੀਆਂ, ਕਾਲੇ ਪਾਣੀਆਂ ਦੀਆਂ ਸਜਾਵਾਂ ਵਿਚੋਂ ਲੰਘਦਾ ਹੋਇਆ ਗ਼ਦਰ ਲਹਿਰ, ਨੌਜਵਾਨ ਭਾਰਤ ਸਭਾ, ਬੱਬਰ ਲਹਿਰ, ਅਕਾਲੀ ਲਹਿਰ, ਕਿਰਤੀ ਲਹਿਰ, ਲਾਲ ਪਾਰਟੀ ਅਤੇ ਨਕਸਲਬਾੜੀ ਤੱਕ ਪਹੁੰਚਿਆ ਸੀ ਅਤੇ ਅੱਜ ਘੋਲ਼ਾਂ ਦੇ ਰੂਪ ਵਿੱਚ ਜਾਰੀ ਹੈ ਪਰ ਇਸਦਾ ਟੀਚਾ ਮੁੱਢੋਂ ਸੁੱਢੋਂ ਅਮੀਰ ਤੇ ਗਰੀਬ ਦੇ ਪਾੜੇ ਨੂੰ ਖ਼ਤਮ ਕਰਨਾ ਹੀ ਸੀ। ਦੂਸਰੇ ਸਵਾਲ ਦੇ ਸੰਦਰਭ ਵਿੱਚ ਦੇਖੀਏ ਤਾਂ ਪਿਛਲੇ ਸਾਲ ਗ਼ਦਰ ਲਹਿਰ ਨੂੰ ਸਮਰਪਤ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ। ਬਹੁਤ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਵੀ ਤੇ ਕੁੱਝ ਨੇ ਆਪਣੇ ਆਪਣੇ ਤੌਰ ਤੇ ਗ਼ਦਰੀ ਬਾਬਿਆਂ ਦੀ ਕੁਰਬਾਨੀ ਨੂੰ ਲੋਕਾਂ ਤੱਕ ਲੈ ਜਾਣ ਦਾ ਅਹਿਦ ਵੀ ਕੀਤਾ, ਇਹ ਇੱਕ ਚੰਗਾ ਬਿਗਲ ਸੀ। ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਵਲੋਂ ਪ੍ਰਦਰਸ਼ਨੀਆਂ, ਸੈਮੀਨਾਰ, ਪਬਲਿਕ ਰੈਲੀ, ਕਵੀ ਦਰਬਾਰ, ਫੰਡਰੇਜ਼ ਡਿਨਰ, ਨਾਟਕਾਂ ਦਾ ਸਭਿਆਚਾਰਕ ਪ੍ਰੋਗਰਾਮ, ਗ਼ਦਰ ਦੀ ਮੂੰਹ ਬੋਲਦੀ ਤਸਵੀਰ ਕੈਲੰਡਰ ਰਲੀਜ਼ ਤੇ “ਗ਼ਦਰ ਦੀ ਲਾਟ” ਪੁਸਤਕ ਰਲੀਜ਼ ਤੇ ਹੋਰ ਸਾਹਿਤ ਵੰਡਣਾ ਆਦਿ। ਉਸੇ ਲੜੀ ਵਿੱਚ ਇਸ ਸਾਲ ਵੀ ਕਾਮਾਗਾਟਾ ਮਾਰੂ ਨੂੰ ਸਮਰਪਤ ਰੈਲੀ ਤੇ ਸੈਮੀਨਾਰ ਕਰਵਾਏ ਗਏ।ਇਹ ਪ੍ਰੋਗਰਾਮ ਸਾਰੇ ਕੈਨੇਡਾ ਵਿੱਚ ਉਲੀਕੇ ਗਏ ਜਾਂ ਸ਼ਮੂਲੀਅਤ ਕੀਤੀ ਗਈ ਜਿਵੇਂ ਸਰ੍ਹੀ, ਵੈਨਕੂਵਰ, ਡੈਲਟਾ, ਵਿਕਟੋਰੀਆ, ਐਬਸਫੋਰਡ, ਕੈਲਗਰੀ, ਐਡਮਿੰਟਨ, ਵਿੱਨੀਪੈੱਗ, ਟੋਰਾਂਟੋ ਆਦਿ ਜਿਹਨਾਂ ਦਾ ਮੁੱਖ ਮਨੋਰਥ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਕੇ ਅੱਜ ਦੀਆਂ ਹਾਲਤਾਂ ਵਿੱਚ ਉਹੀ ਨਸਲਵਾਦ ਦੇ ਝਰੋਖੇ ਵਿਚੋਂ ਚੀਰਫਾੜ ਕਰਨਾ ਸੀ ਅਤੇ ਉੱਪਰ ਲਿਖੇ ਸਾਰੇ ਸਵਾਲਾਂ ਦੇ ਜਵਾਬ ਲੱਭਣਾ ਸੀ। ਹੋਰ ਜਥੇਬੰਦੀਆਂ ਨੇ ਵੀ ਆਪਣੇ ਵਿੱਤ ਮੁਤਾਬਕ ਇਤਿਹਾਸ ਦੇ ਇੰਨਾ ਅਣਗੌਲ਼ੇ ਵਰਕਿਆਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਹੋਵੇਗਾ ਪਰ ਇਹਨਾਂ ਤੋਂ ਇਲਾਵਾ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਕੁੱਝ ਜਥੇਬੰਦੀਆਂ ਜਿਹੜੀਆਂ ਗ਼ਦਰੀ ਬਾਬਿਆ ਦੇ ਵਾਰਸ ਕਹਾਉਂਦੀਆਂ ਹੋਈਆਂ ਵੀ ਉਹਨਾਂ ਦੀ ਸੋਚ ਦੇ ਉਲਟ ਭੁਗਤਦੀਆਂ ਹਨ ਜਿਵੇਂ ਲੋਕਾਂ ਦਾ ਇਕੱਠ ਕਰਨ ਲਈ ਲੱਚਰ ਗੀਤਕਾਰ ਜਾਂ ਗਾਉਣ ਵਾਲੇ ਸਟੇਜਾਂ ਤੇ ਚਾੜ੍ਹ ਕੇ ਲੋਕਾਂ ਦੀ ਸੋਚ ਨੂੰ ਧੁੰਦਲਾਉਣਾ ਹੈ ਤੇ ਖੁੰਢਿਆਂ ਕਰਨਾ ਹੈ। ਉਦੋਂ ਗ਼ਦਰ ਦੇ ਪਰਚੇ ਵਿੱਚ ਪ੍ਰਕਾਸ਼ਤ ਕਰਨ ਵਾਸਤੇ ਰਚਨਾਵਾਂ ਭੇਜਣ ਵਾਲੇ ਲੇਖਕਾਂ ਨੂੰ ਹਦਾਇਤਾਂ ਸਨ ਕਿ ਉਹ ਅਜਿਹੀਆਂ ਰਚਨਾਵਾਂ ਭੇਜਣ ਜਿਹੜੀਆਂ ਲੋਕਾਂ ਵਿੱਚ ਅਜ਼ਾਦੀ ਦਾ ਦੀਪ ਜਗਾ ਸਕਣ ਨਾ ਕਿ ਲੱਛੀ ਬੰਤੋ ਦੇ ਗੀਤਾਂ ਵਰਗੀ ਬਰਬਾਦੀ ਦੀ ਸੋਚ। ਉਹ ਲਿਖਦੇ ਸਨ ਕਿ ਰਚਨਾਵਾਂ ਵਿੱਚ ਮਰਨ ਮਾਰਨ ਦਾ ਹੌਂਸਲਾ, ਜੋਸ਼ ਤੇ ਗੁਰੁ ਗੋੰਿਬਦ ਸਿੰਘ ਵਰਗੀ ਕੁਰਬਾਨੀ ਦਾ ਜ਼ਜ਼ਬਾ ਰੱਖਣ ਵਾਲੀਆਂ ਕਵਿਤਾਵਾਂ ਭੇਜੀਆਂ ਜਾਣ ਜਿਸਦਾ ਸਿੱੱਟਾ ਇਹ ਨਿਕਲਿਆ ਕਿ ਵਿਦੇਸ਼ਾਂ ਵਿੱਚ ਬੈਠੇ ਲੋਕ ਆਪਣੀਆਂ ਜ਼ਮੀਨਾਂ ਜਾਇਦਾਦਾਂ ਗ਼ਦਰ ਪਾਰਟੀ ਨੂੰ ਦੇ ਕੇ ਦੇਸ਼ ਅਜ਼ਾਦ ਕਰਾਉਣ ਤੁਰ ਪਏ ਸਨ। ਪਰ ਅੱਜ ਅਸੀਂ ਸੌ ਸਾਲ ਬਾਅਦ ਉਹਨਾਂ ਨੂੰ ਯਾਦ ਕਰਨ ਲੱਗਿਆਂ ਬਹੁਤ ਤਰਾਂ ਦੀ ਤਰੱਕੀ ਦੇ ਬਾਵਜੂਦ ਅੱਤ ਦਰਜ਼ੇ ਦੇ ਘਟੀਆ ਗੀਤ ਗਾਉਣ ਵਾਲਿਆਂ ਨੂੰ ਸਟੇਜ਼ਾਂ ਤੇ ਚੜ੍ਹਾ ਕੇ ਉਹਨਾਂ ਇਤਿਹਾਸ ਦੇ ਪੰਨਿਆਂ ਨੂੰ ਰੋਲ਼ਣ ਜਾ ਰਹੇ ਹਾਂ। ਸਾਨੂੰ ਸੋਚਣਾ ਪਵੇਗਾ ਕਿ ਇਹਨਾਂ ਲੋਕਾਂ ਦੇ ਕੀ ਮੁਫਾਦ ਹਨ ? ਉਹਨਾਂ ਦੀ ਸੋਚ ਇੱਥੋਂ ਤੱਕ ਕਿਉਂ ਗਿਰ ਗਈ ਹੈ ? ਉਹ ਗ਼ਦਰੀ ਬਾਬਿਆਂ ਜਾਂ ਕਾਮਾਗਾਟਾ ਮਾਰੂ ਦਾ ਨਾਂ ਵਰਤ ਕੇ ਕੀ ਖੱਟਣਾ ਕਮਾਉਣਾ ਚਾਹੁੰਦੇ ਹਨ ?ਕਾਮਾਗਾਟਾ ਮਾਰੂ ਦਾ ਐਡਾ ਵੱਡਾ ਦੁਖਾਂਤ ਸਿਰਫ ਤੇ ਸਿਰਫ ਨਸਲਵਾਦ ਦੇ ਬੋਲਬਾਲੇ ਕਰਕੇ ਵਾਪਰਿਆ ਸੀ। ਉਹਨਾਂ ਦੀ ਕੁਰਬਾਨੀ ਕਰਕੇ ਹੀ ਅੱਜ ਕੈਨੇਡਾ ਵਰਗੇ ਦੇਸ਼ ਵਿੱਚ ਭਾਰਤੀ ਲੋਕਾਂ ਦੇ ਐਡੇ ਐਡੇ ਬਿਜ਼ਨਿਸ ਹਨ ਜਾਂ ਲੀਡਰ ਵੀ ਬਣ ਗਏ ਹਾਂ ਜਾਂ ਅਸੀਂ ਕੰਮ ਕਰਕੇ ਇੱਥੋਂ ਦੀਆਂ ਸੁੱਖ ਸਹੂਲਤਾਂ ਪ੍ਰਾਪਤ ਕਰ ਰਹੇ ਹਾਂ ਜਾਂ ਕਹਿ ਲਓ ਇਸ ਦੇਸ਼ ਨੂੰ ਅਬਾਦ ਤੇ ਤਰੱਕੀ ਵਿੱਚ ਅਸੀਂ ਭਾਰਤੀਆਂ ਨੇ ਬਹੁਤ ਵੱਡਾ ਰੋਲ ਨਿਭਾਇਆ ਹੈ, ਇਹ ਸਿਰਫ ਉਹਨਾਂ ਦੀ ਬਦੌਲਤ ਜਿਹਨਾਂ ਨੇ ਸਾਨੂੰ ਇੱਥੇ ਰਹਿਣ ਦਾ ਹੱਕ ਲੈ ਕੇ ਦਿੱਤਾ। ਉਦੋਂ ਐਥੋਂ ਦੇ ਗੋਰੇ ਲੋਕ, ਕੈਨੇਡੀਅਨ ਸਰਕਾਰ ਜਾਂ ਇੰਮੀਗ੍ਰੇਸ਼ਨ ਅਮਲਾ ਰੰਗ, ਨਸਲ ਤੇ ਧਰਮ ਤੇ ਹਮਲਾ ਕਰਕੇ ਸਾਊਥ ਏਸ਼ੀਅਨ ਭਾਈਚਾਰੇ ਨੂੰ ਕੱਢਣਾ ਚਾਹੁੰਦਾ ਸੀ ਤੇ ਸਿਰਫ ਗੋਰਿਆਂ ਦਾ ਦੇਸ਼ ਰੱਖਣਾ ਚਾਹੁੰਦਾ ਸੀ। ਉਹ ਤਾਂ ਸੀ ਸੌ ਸਾਲ ਪਹਿਲਾਂ ਦੀਆਂ ਗੱਲਾਂ ਅੱਜ ਜਦੋਂ ਅਸੀਂ ਕਾਮਾਗਾਟਾ ਮਾਰੂ ਦਾ ਸ਼ਤਾਬਦੀ ਵਰ੍ਹਾ ਮਨਾ ਰਹੇ ਹਾਂ ਤਾਂ ਸੋਚਣਾ ਪਵੇਗਾ ਕਿ ਕੀ ਇਹ ਅੱਜ ਤਾਂ ਨਹੀਂ ਹੋ ਰਿਹਾ ? ਹਾਂ ਨਸਲਵਾਦ ਦਾ ਪ੍ਰਕੋਪ ਘੱਟ ਗਿਣਤੀਆਂ ਤੇ ਅੱਜ ਵੀ ਜਾਰੀ ਹੈ ਜਿਵੇਂ ਸੁਪਰ ਵੀਜ਼ਾ। ਸੌ ਸਾਲ ਪਹਿਲਾਂ ਪਰਿਵਾਰਾਂ ਨੂੰ ਇਕੱਠੇ ਕਰਨ ਦਾ ਹੱਕ ਗ਼ਦਰੀਆਂ ਨੇ ਲੜਾਈ ਲੜ ਕੇ ਲਿਆ ਸੀ, ਉਹ ਅੱਜ ਖੋਹਿਆ ਗਿਆ ਹੈ।ਸੁਪਰ ਵੀਜ਼ੇ ਦੇ ਨਾਂ ਤੇ 10 ਡਾਲਰ ਤੇ ਕੰਮ ਕਰਨ ਵਾਲਾ ਵਿਅਕਤੀ ਚਿੱਠੀ ਹੀ ਨਹੀਂ ਭਰ ਸਕਦਾ ਕਿਉਂਕਿ ਇਨਕਮ ਹੀ ਨਹੀਂ ਬਣੇਗੀ, ਜੇ ਕਿਸੇ ਤਰਾਂ ਮਾਂ ਬਾਪ ਆ ਵੀ ਜਾਂਦੇ ਹਨ ਤਾਂ ਉਹਨਾਂ ਦੇ ਮੈਡੀਕਲ ਲਈ ਇੰਸ਼ੋਰੰਸ਼ ਕਿੱਥੋਂ ਭਰੇਗਾ ? ਮਾਪੇ ਆ ਕੇ ਕੋਈ ਕੰਮ ਨਹੀਂ ਕਰ ਸਕਦੇ। ਜਿਹੜੇ ਮਾਪੇ ਆ ਕੇ ਬੱਚਿਆਂ ਦਾ ਸਹਾਰਾ ਬਣਦੇ ਸਨ ਹੁਣ ਬੱਚੇ ਇੱਥੋਂ ਦੀ ਉਲਝਣਾ ਭਰੀ ਜ਼ਿੰਦਗੀ ਵਿੱਚ ਮਾਪਿਆਂ ਨੂੰ ਆਪਣੇ ਤੇ ਬੋਝ ਸਮਝਣਗੇ, ਖਰਚਿਆਂ ਵਿੱਚ ਉਲਝੇ ਉਹ ਆਪਸ ਵਿੱਚ ਲੜਨਗੇ, ਹਿੰਸਕ ਵਾਰਦਾਤਾਂ ਵਧਣਗੀਆਂ, ਕੁਦਰਤ ਦੀ ਦਿੱਤੀ ਪਿਆਰ ਵਰਗੀ ਸ਼ੈਅ ਰਿਸ਼ਤਿਆਂ ਦੀਆਂ ਗੰਢਾਂ ਖੁੱਲ੍ਹ ਕੇ ਖਿੰਡਰ ਜਾਣਗੀਆਂ। ਐਨੇ ਨੁਕਸਾਨਾਂ ਦੇ ਬਾਵਜੂਦ ਕੀ ਆਪਾਂ ਇਹਨੂੰ ਨਸਲੀ ਘਾਤਕ ਹਮਲਾ ਨਾ ਸਮਝੀਏ ? ਹਾਂ ਬਹੁਤੀ ਵਾਰ ਸਾਨੂੰ ਐਸ ਭੇਲ਼ਸੇ ਵਿੱਚ ਰੱਖਿਆ ਜਾਂਦਾ ਹਾਂ ਕਿ ਦੋ ਮਹੀਨੇ ਵਿੱਚ ਤੁਹਾਡੇ ਮਾਪੇ ਵੀ ਐਥੇ ਆ ਜਾਣਗੇ। ਅਸੀਂ ਮੋਹ ਭਿੱਜੇ ਲੋਕ ਯਕੀਨ ਕਰਕੇ ਵਿਤੋਂ ਬਾਹਰ ਹੋ ਕੇ ਕੌੜਾ ਅੱਕ ਚੱਬਣ ਨੂੰ ਤਿਆਰ ਹੋ ਬਹਿੰਦੇ ਹਾਂ। ਦੂਸਰਾ ਸਾਡੇ ਭਾਈਚਾਰੇ ਵਿੱਚੋਂ ਹੀ ਇੰਮੀਗ੍ਰੇਸ਼ਨ ਦੇ ਕੰਮਾਂ ਵਿੱਚੋਂ ਬਿਜ਼ਨਿਸ ਕਰਨ ਵਾਲੇ ਲੋਕ ਵੱਡੀਆਂ ਵੱਡੀਆਂ ਐਡਾਂ ਕਰਕੇ ਲੋਕਾਂ ਨੂੰ ਅਸਲੀਅਤ ਤੋਂ ਦੂਰ ਪਰੇ ਕਰਦੇ ਹਨ ਕਿਉਂਕਿ ਉਹਨਾਂ ਦਾ ਮਕਸਦ ਸਿਰਫ ਪੈਸੇ ਕਮਾਉਣਾ ਹੁੰਦਾ ਹੈ।ਹੁਣ ਇੱਕ ਹੋਰ ਬਾਹਰੋਂ ਆਉਣ ਵਾਲਿਆਂ ਤੇ, ਬਿੱਲ ਸੀ-24 ਲਿਆਉਣ ਨਾਲ ਸਾਡੇ ਹੱਕਾਂ ਤੇ ਦਾਤੀ ਫਿਰੀ ਹੈ ਜਿਸ ਵਿੱਚ ਨਾਗਰਿਕਤਾ ਲੈਣੀ ਬਹੁਤ ਔਖੀ ਕਰ ਦਿੱਤੀ ਗਈ ਹੈ ਪਰ ਖੋਹੀ ਮਿੰਟਾਂ ਸਕਿੰਟਾਂ ਵਿੱਚ ਜਾ ਸਕਦੀ ਹੈ, ਕੋਈ ਛੋਟੇ ਮੋਟੇ ਚਾਰਜ਼ ਨਾਲ ਵੀ, ਚਾਹੇ ਉਹ ਕੰਮ ਦਸ ਵੀਹ ਸਾਲ ਪਹਿਲਾਂ ਕੀਤਾ ਗਿਆ ਹੋਵੇ। ਇਸ ਤੋਂ ਅੱਗੇ ਤੁਹਾਨੂੰ ਕੋਰਟ ਜਾਣ ਦਾ ਵੀ ਮੌਕਾ ਨਹੀਂ ਦਿੱਤਾ ਜਾਵੇਗਾ, ਨਾਗਰਿਕਤਾ ਖੋਹਣ ਦਾ ਹੱਕ ਇੰਮੀਗ੍ਰੇਸ਼ਨ ਮਨਿਸਟਰ ਨੂੰ ਹੀ ਦੇ ਦਿੱਤਾ ਗਿਆ ਹੈ। ਅਸਲ ਵਿੱਚ ਦੁਨੀਆਂ ਭਰ ਵਿੱਚ ਅਗਰ ਤੁਸੀਂ ਕਿਸੇ ਵੀ ਦੇਸ਼ ਦੇ ਨਾਗਰਿਕ ਬਣ ਜਾਂਦੇ ਹੋ, ਤਾਂ ਇਹ ਹੱਕ ਖੋਹਿਆ ਨਹੀਂ ਜਾ ਸਕਦਾ। ਇਹ ਸਾਰਾ ਕੁੱਝ ਨੂੰ ਲੋਕਤੰਤਰ ਢਾਂਚੇ ਵਿੱਚ ਨਹੀਂ ਸਗੋਂ ਡਿਕਟੇਟਰਸ਼ਿੱਪ ਵਿੱਚ ਵਾਪਰ ਰਿਹਾ ਕਹਿ ਸਕਦੇ ਹਾਂ। ਹੁਣ ਬਾਹਰੋਂ ਆਏ ਲੋਕਾਂ ਲਈ ਇਸ ਕਾਨੂੰਨ ਵਿੱਚ ਨਾਗਰਿਕਤਾ ਸਿਰਫ ਸਹੂਲਤ ਹੈ ਉਹਨਾਂ ਦਾ ਹੱਕ ਨਹੀਂ। ਇਹ ਕਾਨੂੰਨ ਤੁਹਾਡੇ ਬੱਚਿਆਂ ਨੂੰ ਵੀ ਪ੍ਰਭਾਵਤ ਕਰੇਗਾ ਜਿਹੜੇ ਐਥੋਂ ਦੇ ਜੰਮੇ ਪਲ਼ੇ ਹਨ। ਉਹਨਾਂ ਦੇ ਮਾਪਿਆਂ ਦੀ ਕੀਤੀ ਗ਼ਲਤੀ ਦਾ ਹਰਜਾਨਾ ਬੱਚਿਆਂ ਨੂੰ ਦੇਸ਼ ਨਿਕਾਲ਼ੇ ਨਾਲ ਵੀ ਦਿੱਤਾ ਜਾ ਸਕਦਾ ਹੈ। ਸੰਖੇਪ ਸ਼ਬਦਾਂ ਵਿੱਚ ਇਹ ਨਸਲੀ ਤੇ ਪੱਖਪਾਤੀ ਕਾਨੂੰਨ ਹੈ। ਇਹ ਕਾਨੂੰਨ ਪਾਸ ਕਰਵਾਉਣ ਵਾਲੇ ਵੀ ਸਾਡੇ ਭਾਈਚਾਰੇ ਦੇ ਸਿਰ ਕੱਢਵੇਂ ਲੀਡਰ ਹਨ।ਇਹ ਸਵਾਲ ਵੀ ਦਸ ਪੰਦਰਾਂ ਸਾਲਾਂ ਤੋਂ ਬਹੁਤ ਹੀ ਗਰਮਾਇਆ ਜਾ ਰਿਹਾ ਹੈ ਕਿ ਸੌ ਸਾਲ ਪਹਿਲਾਂ ਹੋਈ ਘਟਨਾ ਦੀ ਮਾਫੀ ਮੰਗੀ ਜਾਵੇ ਜਾਂ ਕਿੱਥੇ ਮੰਗੀ ਜਾਵੇ। ਸੋਚਣ ਵਾਲੀ ਗੱਲ ਹੈ ਕਿ ਅਗਰ ਗ਼ਲਤੀ ਹੋਈ ਹੈ, ਫਿਰ ਗ਼ਲਤੀ ਮੰਗਣ ਵਿੱਚ ਇਤਰਾਜ਼ ਕਿਉਂ ? ਸਰਕਾਰਾਂ ਨੂੰ ਕੀ ਦਿੱਕਤ ਆ ਰਹੀ ਹੈ ? ਅਸਲ ਵਿੱਚ ਗੱਲ ਇਹ ਹੈ ਕਿ ਕਾਮਾਗਾਟਾ ਮਾਰੂ ਦੀ ਘਟਨਾ ਨੂੰ ਬਹੁਤ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਬੋਝੇ ਵਿੱਚ ਘੜੀਸੀ ਫਿਰਦੀਆਂ ਹਨ, ਹਰ ਇੱਕ ਹੀ ਇਹ ਚਾਹੁੰਦੀ ਹੈ ਕਿ ਮੁਆਫੀਨਾਮੇ ਦਾ ਹੀਰਾ ਬੁੜਕ ਕੇ ਮੇਰੀ ਝੋਲ਼ੀ ਵਿੱਚ ਡਿੱਗੇ ਜਿਸ ਨਾਲ ਉਹ ਮੁੱਛ ਨੂੰ ਵੱਟ ਦੇ ਕੇ ਗ਼ਦਰੀਆਂ ਦੇ ਪੈਰੋਕਾਰ ਅਖਵਾ ਸਕਣ। ਦੂਜੇ ਪਾਸੇ ਸਰਕਾਰਾਂ ਬਾਂਦਰਾਂ ਵਿਚਾਲੇ ਭੇਲੀ ਸਿੱਟਣ ਨੂੰ ਤਿਆਰ ਹੀ ਨਹੀਂ। ਜੇ ਕਿਤੇ ਸਿੱਟ ਦੇਣ ਤੇ ਕਿਸੇ ਦੇ ਆ ਜਾਵੇ ਹੱਥ, ਫੇਰ ਤਾਂ ਮੁੱਦਾ ਹੀ ਹੱਥੋਂ ਚਲਾ ਗਿਆ, ਉਹ ਇਹ ਗਲਤੀ ਕਰਨੀ ਨਹੀਂ ਚਾਹੁੰਦੇ। ਜਿਹੜੀਆਂ ਜਥੇਬੰਦੀਆਂ ਅੱਜ ਇੱਕ ਦੂਜੇ ਨੂੰ ਅੱਖਾਂ ਦਿਖਾ ਰਹੀਆਂ ਨੇ ਜਾਂ ਇੱਕ ਦੂਜੇ ਦੀਆਂ ਲੱਤਾਂ ਘੜੀਸ ਰਹੀਆਂ ਹਨ ਫਿਰ ਉਹ ਸਰਕਾਰ ਵੱਲ ਸੇਧਤ ਹੋ ਜਾਣਗੀਆਂ। ਇਹਨਾਂ ਨੂੰ ਵੰਡ ਕੇ ਹੀ ਤਾਂ ਵੋਟਾਂ ਦੀਆਂ ਝੋਲ਼ੀਆਂ ਭਰਨੀਆਂ ਹਨ। ਇਹ ਤਾਂ ਰਹੀ ਦੋ ਧੜਿਆਂ ਦੀ ਗੱਲ, ਅਸੀਂ ਹਾਂ ਆਮ ਲੋਕ ਜਿਹਨਾਂ ਨੇ ਇਹਨਾਂ ਮਾਫੀਆਂ ਵਿੱਚੋਂ ਕੁੱਝ ਖੱਟਣਾ ਕਮਾਉਣਾ ਨਹੀਂ। ਸਾਡੇ ਸੋਚਣ ਲਈ ਹੈ ਕਿ ਜਿਸ ਗ਼ਲਤੀ ਦੀ ਮਾਫੀ ਮੰਗੀ ਜਾ ਰਹੀ ਹੈ ਕਿਤੇ ਸਾਡੇ ਆਲੇ ਦੁਆਲੇ ਉਹੀ ਗ਼ਲਤੀ ਮੁੜ ਦੁਹਰਾਈ ਤਾਂ ਨਹੀਂ ਜਾ ਰਹੀ। ਕੀ ਸਾਡੇ ਦੇਸ਼ ਭਗਤਾਂ ਦੇ ਪਾਏ ਪੂਰਨਿਆਂ ਤੋਂ ਸਾਨੂੰ ਵੱਖ ਕਰਕੇ, ਮਾਫੀਨਾਮਿਆਂ ਤੇ ਧਿਆਨ ਕੇਂਦਰਤ ਕਰਕੇ ਉਹਨਾਂ ਦੇ ਆਦੇਸ਼ ਤੋਂ ਲਾਂਭੇ ਤਾਂ ਨਹੀਂ ਕੀਤਾ ਜਾ ਰਿਹਾ ? ਮੈਂ ਜਿਹਨਾਂ ਸੁਪਰ ਵੀਜ਼ੇ ਜਾਂ ਬਿੱਲ ਸੀ-24 ਦਾ ਉਪਰ ਜ਼ਿਕਰ ਕਰਕੇ ਆਈ ਹਾਂ, ਕੀ ਤੁਹਾਨੂੰ ਆਪਣੇ ਲੋਕਾਂ ਤੇ ਲੁਕਵੇਂ ਢੰਗ ਨਾਲ ਲਾਈਆਂ ਨਸਲੀ ਨਸ਼ਤਰਾਂ ਨਹੀਂ ਲੱਗਦੀਆਂ ਜਿਹੜੀਆਂ ਸੌ ਸਾਲ ਪਹਿਲਾਂ ਨੰਗੇ ਚਿੱਟੇ ਰੂਪ ਲਾਈਆਂ ਜਾਂਦੀਆਂ ਸਨ। ਮੈਨੂੰ ਲੱਗਦਾ ਹੈ ਸਮੇਂ ਦੇ ਨਾਲ ਨਾਲ ਸਰਕਾਰਾਂ ਨੇ ਰੁੱਖ ਤਾਂ ਜਰੂਰ ਬਦਲੇ ਹਨ ਪਰ ਆਪਣੀਆਂ ਨੀਅਤਾਂ ਉਹੀ ਰੱਖੀਆਂ ਹਨ ਜਿਵੇਂ 1913-14 ਵਿੱਚ ਸ਼ਰੇਆਮ ਨਸਲਵਾਦ ਦਾ ਬੋਲਬਾਲਾ ਸੀ ਜਿਸਦਾ ਦਾ ਪ੍ਰਮਾਣ ਕਾਮਾਗਾਟਾ ਮਾਰੂ ਦਾ ਐਥੋਂ ਬੇਰੰਗ ਮੁੜਨਾ ਅਤੇ ਡੀਪੋਰਟ ਕਰਨ ਦਾ ਕੋਈ ਮੁਆਵਜ਼ਾ ਵੀ ਨਾ ਦੇਣਾ। 1970ਵੇਆਂ ਵਿੱਚ ਨਸਲੀ ਦੌਰ ਦਾ ਰੂਪ ਸੀ ਕਿ ਇੰਡੀਅਨਾਂ ਦੇ ਘਰਾਂ ਦੇ ਦਰਵਾਜ਼ੇ, ਖਿੜਕੀਆਂ ਭੰਨ ਜਾਣੇ, ਪੁਲੀਸ ਨੇ ਰਿਪੋਰਟ ਤੱਕ ਨਾ ਲਿਖਣੀ। ਜਦੋਂ ਕਿਸੇ ਕਿਸਮ ਦੀ ਸੁਣਵਾਈ ਨਾ ਹੋਈ ਤਾਂ ਹੀ ਭਾਰਤੀਆਂ ਨੇ ਇਹ ਨਾਹਰਾ ਦਿੱਤਾ ਸੀ ਕਿ “Self defence is the only way” ਸਿੱਟੇ ਵਜੋਂ ਉਹ ਸਾਰੀ ਸਾਰੀ ਰਾਤ ਘਰਾਂ ਦੇ ਬਾਹਰ ਲੁਕ ਕੇ ਬੈਠਦੇ, ਜਦੋਂ ਗੋਰੇ ਸ਼ੀਸ਼ੇ ਤੋੜਨ ਆਉਂਦੇ ਤਾਂ ਉਹ ਉਹਨਾਂ ਦੀ ਜੰਮ ਕੇ ਕੁਟਾਈ ਕਰਦੇ। ਫਿਰ ਸਰਕਾਰ ਵੀ ਚੌਕਸ ਹੋ ਗਈ ਤੇ ਸ਼ਰਾਰਤੀ ਅਨਸਰ ਵੀ। ਇਹ ਸੀ ਉਦੋਂ ਨਸਲਵਾਦ ਨੂੰ ਨਜਿੱਠਣ ਦਾ ਢੰਗ, ਅੱਜ ਨਸਲਵਾਦ ਨੂੰ ਜ਼ਿੰਦਾ ਰੱਖਣ ਲਈ ਕਮਿਊਨਿਟੀ ਨੂੰ ਵੰਡ ਕੇ ਤੇ ਕਾਨੂੰਨੀ ਦਾਓ ਪੇਚ ਵਰਤ ਕੇ ਹੋਰ ਲੁਕਵੇਂ ਢੰਗ ਤਰੀਕੇ ਅਪਣਾਏ ਜਾ ਰਹੇ ਹਨ। ਅੱਜ ਸਾਨੂੰ ਇਕੱਠੇ ਹੋ ਕੇ ਇਸ ਕਿਸਮ ਦੇ ਨਸਲੀ ਵਿਤਕਰਿਆਂ ਦੇ ਖ਼ਿਲਾਫ ਲੜਾਈ ਵਿੱਢਣ ਦੀ ਲੋੜ ਹੈ, ਨਹੀਂ ਤਾਂ ਆਪਾਂ ਆਪਣੇ ਹੱਥ ਆਪ ਹੀ ਵਢਾ ਚੁੱਕੇ ਹੋਵਾਂਗੇ।ਅੰਤ ਵਿੱਚ ਭਾਰਤੀ ਕਮਿਊਨਿਟੀ ਸੂਰਬੀਰ ਯੋਧਿਆਂ, ਗ਼ਦਰੀ ਬਾਬਿਆਂ, ਭਗਤ ਸਰਾਭਿਆਂ ਦੀ ਵਾਰਸ ਹੈ ਜਿਹਨਾਂ ਨੇ ਪਰਿਵਾਰਵਾਦ ਤੋਂ ਉੱਪਰ ਉੱਠ ਕੇ ਜ਼ੁਲਮ ਦਾ ਮੂੰਹ ਮੋੜਨ ਲਈ, ਮਨੁੱਖਤਾ ਦੇ ਹੱਕਾਂ ਲਈ, ਬਰਾਬਰਤਾ ਦਾ ਸੁਫਨਾ ਲਿਆ ਸੀ। ਆਓ ਇਸ ਸਾਲ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਨੂੰ ਰਲ਼ ਕੇ ਸੱਚੀ ਸ਼ਰਧਾਂਜ਼ਲੀ ਦੇਈਏ, ਇਹ ਤਾਂਹੀ ਹੋ ਸਕਦਾ ਹੈ ਜੇ ਅਸੀਂ ਨਿੱਜਵਾਦ ਤੇ ਪਰਿਵਾਰਵਾਦ ਚੋਂ ਨਿਕਲ ਕੇ ਸਮੁੱਚੇ ਸਮਾਜ ਨੂੰ ਵਧੀਆ ਬਣਾਉਣ ਦਾ ਤਹੱਈਆ ਕਰਾਂਗੇ ਤਾਂ ਹੀ ਅਸੀਂ ਉਹਨਾਂ ਦੇ ਸਹੀ ਵਾਰਸ ਅਖਵਾ ਸਕਾਂਗੇ।ਸੰਪਰਕ: 001 604 760 4794