ਭਾਰਤੀ ਸਿਆਸਤਦਾਨ ਨੋਬਲ ਪੁਰਸਕਾਰ ਕਮੇਟੀ ਦੇ ਸੂਖਮ ਸੰਕੇਤ ਸਮਝਣ -ਦਰਬਾਰਾ ਸਿੰਘ ਕਾਹਲੋਂ
Posted on:- 06-11-2014
ਭਾਰਤ ਦੇ ਗਾਂਧੀਵਾਦੀ ਨਾਗਰਿਕ 60 ਸਾਲਾ ਸ੍ਰੀ ਕੈਲਾਸ਼ ਸਤਿਆਰਥੀ ਅਤੇ ਪਾਕਿਸਤਾਨ ਦੀ ਨਾਗਰਿਕ 17 ਸਾਲਾ ਮਲਾਲਾ ਯੂਸਫਜ਼ਈ ਨੂੰ ਸਾਲ 2014 ਲਈ ਸਾਂਝੇ ਤੌਰ ’ਤੇ ਨੋਬਲ ਸ਼ਾਂਤੀ ਪੁਰਸਕਾਰ ਲਈ ਚੁਣ ਕੇ ਨਾਰਵੀਅਨ ਨੋਬਲ ਕਮੇਟੀ ਨੇ ਬਹੁਤ ਹੀ ਡੂੰਘਾ ਅਰਥ ਭਰਪੂਰ ਅਤੇ ਦੂਰ ਅੰਦੇਸ਼ੀ ਭਰਪੂਰ ਸੁਨੇਹਾ ਦਿੱਤਾ ਹੈ। ਇਹ ਸੁਨੇਹਾ ਹੈ, ਦੋਵਾਂ ਦੇਸ਼ਾਂ ਦਰਮਿਆਨ ਸਦੀਵੀ ਸ਼ਾਂਤੀ ਅਤੇ ਆਪਸੀ ਭਰਾਤਰੀ ਭਰਪੂਰ ਮੇਲ-ਜੋਲ। ਦੋਵਾਂ ਦੇਸ਼ਾਂ ਦਰਮਿਆਨ ਵਧਦੇ ਤਨਾਜ਼ੇ ਭਰਪੂਰ ਮੌਕੇ ’ਤੇ ਇਸ ਸ਼ਾਂਤੀ ਪੁਰਸਕਾਰ ਦਾ ਮਹੱਤਵ ਹੋਰ ਪ੍ਰਭਾਵਸ਼ਾਲੀ ਅਤੇ ਸਕਾਰਾਤਮਿਕ ਵਿਖਾਈ ਦਿੰਦਾ ਹੈ, ਜਦੋਂ ਦੋਵਾਂ ਦੇਸ਼ਾਂ ਦੇ ਸੁਰੱਖਿਆ ਬਲ ਇਕ-ਦੂਜੇ ’ਤੇ ਮਾਰੂ ਗੋਲਾਬਾਰੀ ਕਰ ਰਹੇ ਹਨ ਅਤੇ ਇਸ ਨਾਲ ਸਰਹੱਦ ਦੇ ਦੋਵੇਂ ਪਾਸੇ ਵਸਦੇ ਸਿਵਲੀਅਨ ਨਾਗਰਿਕਾਂ ਨੂੰ ਆਪਣਾ ਨਿਸ਼ਾਨਾ ਬਣਾਉਣੋਂ ਗੁਰੇਜ਼ ਨਹੀਂ ਕਰ ਰਹੇ ਸਨ।
ਇਸ ਮਾਣਮੱਤੇ ਮੌਕੇ ਸਵੀਡਿਸ਼ ਸ਼ਾਂਤੀ ਅਤੇ ਸਾਲਸੀ ਸੁਸਾਇਟੀ ਦੇ ਚੇਅਰਪਰਸਨ ਅੱਨਾਂ ਏਕ ਨੇ ਯਾਦਗਾਰੀ ਸੂਝ ਭਰੇ ਸ਼ਬਦਾਂ ਵਿਚ ਕਿਹਾ, ‘‘ਇਹ ਸਰਵੋਤਮ ਚੋਣ ਹੈ। ਇਹ ਉਨ੍ਹਾਂ ਲੋਕਾਂ ਦੀ ਪਹਿਚਾਣ ਦਾ ਪ੍ਰਮਾਣ ਹੈ ਜੋ ਹੇਠਲੇ ਪੱਧਰ ’ਤੇ ਸ਼ਾਂਤੀ ਸਰੋਤਾਂ ਨਾਲ ਵਿਸ਼ਵ ਵਿਚ ਤਬਦੀਲੀ ਲਈ ਯਤਨ ਕਰ ਰਹੇ ਹਨ। ਭਾਰਤ ਅਤੇ ਪਾਕਿਸਤਾਨ ਦੇ ਨਾਗਰਿਕਾਂ ਦਰਮਿਆਨ ਸਾਂਝੇ ਤੌਰ ’ਤੇ ਪ੍ਰਾਪਤ ਕੀਤਾ ਜਾਣ ਵਾਲਾ ਇਹ ਪੁਰਸਕਾਰ ਇਕ ਸੁੰਦਰ ਪ੍ਰਤੀਕ ਹੈ। ਕਾਮਨਾ ਪੂਰਵਕ, ਇਹ ਕਸ਼ਮਕਸ਼ ਸਬੰਧੀ ਐਸਾ ਟੀਕਾ ਹੈ, ਜੋ ਦੇਸ਼ਾਂ ਦੇ ਆਗੂਆਂ ’ਤੇ ਆਪਸ ਵਿਚ ਪਹੁੰਚ ਪੈਦਾ ਕਰਨ ਲਈ ਦਬਾਅ ਵਜੋਂ ਕੰਮ ਕਰੇਗਾ।’’
ਭਾਰਤ ਅਤੇ ਪਾਕਿਸਤਾਨ ਦੇ ਰਾਜਨੀਤਕ ਆਗੂਆਂ ਨੂੰ ਨੋਬਲ ਕਮੇਟੀ ਦੇ ਸੁਘੜ ਅਤੇ ਦੂਰਅੰਦੇਸ਼ੀ ਭਰੇ ਸੰਦੇਸ਼ ਨੂੰ ਸਮਝਣਾ ਚਾਹੀਦਾ ਹੈ। ਦੋ ਗੁਆਂਢੀ ਦੇਸ਼ਾਂ ਦਰਮਿਆਨ ਸਰਹੱਦਾਂ ’ਤੇ ਟਕਰਾਅ ਅਤੇ ਗੋਲੀਬਾਰੀ ਸਮੂਹ ਨਾਗਰਿਕਾਂ ਲਈ ਦੁਖਾਂਤ ਅਤੇ ਕਲੇਸ਼ ਪੈਦਾ ਕਰਦੇ ਹਨ, ਜਦ ਕਿ ਸ਼ਾਂਤੀ ਅਤੇ ਆਪਸੀ ਮਿਲਵਰਤਣ ਖੁਸ਼ਹਾਲੀ ਅਤੇ ਤਰੱਕੀ ਪੈਦਾ ਕਰਦੇ ਹਨ।
ਭਾਰਤੀ ਨਾਗਰਿਕ ਸ੍ਰੀ ਕੈਲਾਸ਼ ਸਤਿਆਰਥੀ ਪੇਸ਼ੇ ਵਜੋਂ ਇਲੈਕਟਰੀਕਲ ਇੰਜੀਨੀਅਰ ਹਨ, ਜਿਨ੍ਹਾਂ ਨੇ ਦੇਸ਼ ਦੇ ਲੱਖਾਂ ਨੰਨ੍ਹੇ ਬੱਚਿਆਂ ਨੂੰ ਬਾਲ ਮਜ਼ਦੂਰੀ, ਬੰਧੂਆ ਮਜ਼ਦੂਰੀ, ਸਰੀਰਕ, ਮਾਨਸਿਕ ਸੈਕਸੂਅਲ ਸ਼ੋਸ਼ਣ ਤੋਂ ਮੁਕਤ ਕਰਾਉਣ ਲਈ ਆਪਣਾ ਪੇਸ਼ਾ ਤਿਆਗ ਦਿੱਤਾ। ਵਿਦੀਸ਼ਾ (ਮੱਧ ਪ੍ਰਦੇਸ਼) ਦੇ ਰਹਿਣ ਵਾਲੇ ਇਸ ਇਨਸਾਨ ਨੇ ਆਪਣੇ ਮੰਤਵ ਦੀ ਪ੍ਰਾਪਤੀ ਦੀ ਗਾਂਧੀਵਾਦੀ ਅਸੂਲਾਂ ਨੂੰ ਅਪਣਾਇਆ।
ਯੂਐਨ ਰਿਪੋਰਟ ਅਨੁਸਾਰ ਸੰਨ 2012 ਵਿਚ ਵਿਸ਼ਵ ਅੰਦਰ 168 ਮਿਲੀਅਨ ਬੱਚੇ ਬਾਲ ਅਤੇ ਬੰਧੂਆ ਮਜ਼ਦੂਰੀ ਦੇ ਸ਼ਿਕਾਰ ਹਨ। ਇਕ ਹੋਰ ਰਿਪੋਰਟ ਅਨੁਸਾਰ ਇਹ ਗਿਣਤੀ ਹੁਣ 218 ਮਿਲੀਅਨ ਦੇ ਕਰੀਬ ਹੈ। ਸੰਨ 2011 ਦੀ ਜਨਗਣਨਾ ਅਨੁਸਾਰ ਭਾਰਤ ਅੰਦਰ 5 ਤੋਂ 14 ਸਾਲ ਦੇ ਬੱਚਿਆਂ ਦੀ ਗਿਣਤੀ 280 ਮਿਲੀਅਨ ਸੀ। ਯੂਨੀਚੈਫ ਅਨੁਸਾਰ ਇਨ੍ਹਾਂ ਵਿਚੋਂ 12 ਪ੍ਰਤੀਸ਼ਤ ਬੱਚੇ ਬਾਲ ਮਜ਼ਦੂਰੀ ਦਾ ਸ਼ਿਕਾਰ ਹਨ। ਭਾਰਤੀ ਸਰਕਾਰੀ ਅੰਕੜੇ ਸਿਰਫ਼ 1.5 ਪ੍ਰਤੀਸ਼ਤ ਭਾਵ 4.3 ਮਿਲੀਅਨ ਦਰਸਾਉਂਦੇ ਹਨ। ਭੂਪਨ-ਬਰਮਨ-ਨਿਰਮਲੈਂਡ ਬਰਮਨ ਰਿਪੋਰਟ ਅਨੁਸਾਰ ਸੰਨ 1911 ਵਿਚ 11.28, 2001 ਵਿਚ 12.66 ਅਤੇ ਸੰਨ 2011 ਵਿਚ 21.39 ਮਿਲੀਅਨ ਭਾਰਤੀ ਬੱਚੇ ਬਾਲ ਅਤੇ ਬੰਧੂਆ ਮਜ਼ਦੂਰੀ ਦੇ ਸ਼ਿਕਾਰ ਹਨ। ਇਕੱਲੇ ਆਗਰਾ ਸ਼ਹਿਰ ਵਿਚ 40 ਹਜ਼ਾਰ ਬਾਲ ਮਜ਼ਦੂਰ ਮੁਕਤੀ ਦੀ ਤਾਂਘ ਵਿਚ ਹਨ।
ਸ੍ਰੀ ਕੈਲਾਸ਼ ਨੇ ਇਸ ਕਾਰਜ ਵਿਚ ਅਸਾਧਾਰਨ ਪ੍ਰਾਪਤੀਆਂ ਕਰਕੇ ਕਈ ਕੌਮਾਂਤਰੀ ਪੁਰਸਕਾਰ ਪ੍ਰਾਪਤ ਕੀਤੇ। ਇਨ੍ਹਾਂ ਵਿਚ ‘ਡੀਫੈਂਡਰਜ਼ ਆਫ਼ ਡੈਮੋਕਰੇਸੀ (ਅਮਰੀਕਾ-2009), ਫਰੈਡਿ੍ਰਕ ਏਬਰਟ ਕੌਮਾਂਤਰੀ ਮਾਨਵ ਅਧਿਕਾਰ ਪੁਰਸਕਾਰ (ਅਮਰੀਕਾ-1995), ਅਲਫਾਂਸੋ ਕੋਮਿਨ ਕੌਮਾਂਤਰੀ ਪੁਰਸਕਾਰ (ਸਪੇਨ-2008), ਵਰਣਨਯੋਗ ਹਨ। ਉਹ ਪਹਿਲੇ ਭਾਰਤੀ ਹਨ, ਜਿਨ੍ਹਾਂ ਨੇ ਨੋਬਲ ਸ਼ਾਂਤੀ ਪੁਰਸਕਾਰ ਪ੍ਰਾਪਤ ਕੀਤਾ ਹੈ। ਸੰਨ 1979 ਵਿਚ ਮਦਰ ਟਰੇਸਾ ਨੇ ਭਾਰਤ ਅੰਦਰ ਚੈਰਿਟੀ ਕਾਰਜਾਂ ਲਈ ਇਹ ਪੁਰਸਕਾਰ ਪ੍ਰਾਪਤ ਕੀਤਾ ਸੀ ਪਰ ਉਹ ਅਲਬਾਨੀਆ ਮੂਲ ਨਾਲ ਸਬੰਧਤ ਸਨ।
ਉਨ੍ਹਾਂ ਨੇ ਸਾਂਝੇ ਤੌਰ ’ਤੇ ਨੋਬਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਲਈ ਪਾਕਿਸਤਾਨੀ ਮਲਾਲਾ ਯੂਸਫਜ਼ਾਈ ਨੇ ਮਨਮੋਹਕ ਸਵਾਤ ਘਾਟੀ ਅੰਦਰ 11 ਸਾਲ ਦੀ ਉਮਰ ਤੋਂ ਲੜਕੀਆਂ ਵਾਸਤੇ ਵਿੱਦਿਆ ਦੇ ਦਲੇਰਾਨਾ ਕਾਜ ਲਈ ਅੰਦੋਨਨ ਸ਼ੁਰੂ ਕਰ ਦਿੱਤਾ ਸੀ। ਇਸ ਲਈ ਉਸ ਦੇ ਪਿਤਾ ਨੇ ਉਸ ਨੂੰ ਹਮੇਸ਼ਾ ਉਤਸ਼ਾਹਤ ਕੀਤਾ। ਉਸ ਨੇ ਇਸ ਸਬੰਧੀ ਅਤੇ ਔਰਤਾਂ ਦੇ ਮਨੁੱਖੀ ਅਧਿਕਾਰਾਂ ਲਈ ਟੈਲੀਵਿਜ਼ਨਾਂ ’ਤੇ ਪ੍ਰੋਗਰਾਮ ਸ਼ੁਰੂ ਕੀਤੇ। ਪਰ ਉਸ ਇਲਾਕੇ ਵਿਚ ਸ਼ਕਤੀਸ਼ਾਲੀ ਤਾਲਿਬਾਨ ਅੱਤਵਾਦੀਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਲੜਕੀਆਂ ਦੇ ਸਕੂਲ ਢਾਹੁਣੇ ਸ਼ੁਰੂ ਕੀਤੇ। ਪਰਦਾ ਪਹਿਨਣਾ ਲਾਜ਼ਮੀ ਕਰਾਰ ਦਿੱਤਾ। ਮਲਾਲਾ ਦਾ ਕਸਬਾ ਮਿੰਗੋਰਾ ਆਪਣੇ ਕਹਿਰ ਦਾ ਨਿਸ਼ਾਨਾ ਬਣਾਇਆ।
15 ਸਾਲ ਦੀ ਮਲਾਲਾ 19 ਅਕਤੂਬਰ 2012 ਨੂੰ ਜਦੋਂ ਸਕੂਲ ਤੋਂ ਇਕ ਵੈਨ ਵਿਚ ਪਰਤ ਰਹੀ ਸੀ ਤਾਂ ਦੋ ਨਕਾਬਪੋਸ਼ ਤਾਲਿਬਾਨ ਉਸ ਨੂੰ ਰੋਕ ਕੇ ਵਿਚ ਵੜ ਗਏ। ਇਕ ਨੇ ਵੀਰਾਂਗਣਾ ਦੇ ਸਿਰ ਵਿਚ ਗੋਲੀ ਦਾਗ਼ ਦਿੱਤੀ। ਕਹਿੰਦੇ ਨੇ, ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ। ਗੋਲੀ ਮਲਾਲਾ ਦੇ ਦਿਮਾਗ ਵਿਚ ਨਾ ਘੁਸ ਸਕੀ। ਪਾਕਿਸਤਾਨ ਆਏ ਬਰਤਾਨਵੀ ਡਾਕਟਰਾਂ ਨੇ ਉਸ ਨੂੰ ਬਚਾਅ ਲਿਆ। ਉਸ ਦੇ ਪੂਰੇ ਇਲਾਜ ਲਈ ਉਸ ਨੂੰ ਕੁਈਨ ਅਲੈਜ਼ਬੈਥ ਹਸਪਤਾਲ, ਬਰਮਿੰਘਮ (ਬਰਤਾਨੀਆ) ਲਿਜਾਇਆ ਗਿਆ। ਜਿੱਥੇ ਕੁਝ ਅਪਰੇਸ਼ਨਾਂ ਬਾਅਦ ਉਹ ਤੰਦਰੁਸਤ ਹੋ ਗਈ। ਹੁਣ ਉਹ ਬਰਮਿੰਘਮ ਰਹਿੰਦੀ ਹੈ ਅਤੇ ਇਕ ਸਕੂਲ ਵਿਚ ਪੜ੍ਹਦੀ ਹੈ।
ਉਸ ਦੀ ਦਲੇਰੀ ਸਦਕਾ ਉਸ ਨੂੰ ਯੂਐਨ ਜਨਰਲ ਅਸੈਂਬਲੀ ਅਤੇ ਹੋਰ ਉੱਚ ਕੋਟੀ ਦੇ ਮੰਚਾਂ ’ਤੇ ਔਰਤਾਂ ਦੀ ਵਿੱਦਿਆ ਅਤੇ ਮਨੁੱਖੀ ਅਧਿਕਾਰਾਂ ਲਈ ਆਵਾਜ਼ ਉਠਾਉਣ ਦਾ ਮੌਕਾ ਮਿਲਿਆ। ਵਿਸ਼ਵ ਦੀਆਂ ਉੱਘੀਆਂ ਸ਼ਖਸੀਅਤਾਂ ਨੂੰ ਮਿਲਣ ਦਾ ਮੌਕਾ ਪ੍ਰਾਪਤ ਹੋਇਆ।
ਮਲਾਲਾ ਯੂਸਫਜ਼ਾਈ 66 ਮਿਲੀਅਨ ਸਕੂਲਾਂ ਤੋਂ ਵੰਚਿਤ, ਗਾਜ਼ਾ-ਇਸਰਾਈਲ ਗੋਲੀਬਾਰੀ ’ਚ ਫਸੀਆਂ, ਬੋਕੋਹਰਮ ਨਾਈਜੇਰੀਆਈ ਅੱਤਵਾਦੀ ਤਨਜ਼ੀਮ ਵੱਲੋਂ ਅਗਵਾ 300 ਤੋਂ ਵੱਧ ਲੜਕੀਆਂ ਜੋ ਸਕੂਲ ਜਾਣਾ ਚਾਹੁੰਦੀਆਂ ਹਨ, ਭਾਰਤ ਅੰਦਰ ਬਲਾਤਕਾਰਾਂ ਦਾ ਸ਼ਿਕਾਰ ਲੜਕੀਆਂ ਦੀ ਅਵਾਜ਼ ਬਣੀ ਪਈ ਹੈ। ਉਸ ਦਾ ਪੱਕਾ ਵਿਸ਼ਵਾਸ ਹੈ, ‘‘ਇਕ ਬੱਚਾ, ਇਕ ਅਧਿਆਪਕ, ਇਕ ਕਿਤਾਬ, ਇਕ ਪੈੱਨ ਵਿਸ਼ਵ ਅੰਦਰ ਪਰਿਵਰਤਨ ਲਿਆ ਸਕਦੇ ਹਨ।’’
ਸ਼ਾਇਦ ਇਕ ਨੰਨ੍ਹੇ ਮਹਾਨ ਨਾਇਕ ਨੂੰ ਪੂਰਾ ਵਿਸ਼ਵ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਲੜ ਰਹੀਆਂ ਸੰਸਥਾਵਾਂ ਭੁੱਲ ਰਹੀਆਂ ਹਨ, ਜੋ ਇਨ੍ਹਾਂ ਦੋਵਾਂ ਨਾਇਕਾਂ ਲਈ ਵੱਡੇ ਉਤਸ਼ਾਹ ਦਾ ਸੋਮਾ ਰਿਹਾ ਹੈ। ਇਹ ਹੈ ਪਾਕਿਸਤਾਨ ਦਾ ਨੰਨ੍ਹਾ ਸ਼ਹੀਦ ਇਕਬਾਲ ਮਸੀਹ। ਇਹ ਬੱਚਾ ਬਾਲ-ਬੰਧੂਆ ਮਜ਼ਦੂਰੀ ਦਾ ਸ਼ਿਕਾਰ ਸੀ। ਪਰ ਵੱਡੇ ਜਿਗਰੇ ਭਰੀ ਦਲੇਰੀ ਨਾਲ ਜ਼ਾਲਮ ਮਾਲਕਾਂ ਦੀ ਚੁੰਗਲ ਵਿਚੋਂ 10 ਸਾਲ ਦੀ ਉਮਰ ਵਿਚੋਂ ਬਚ ਨਿਕਲਿਆ। ਉਸ ਨੇ ਆਪਣੇ ਇਲਾਕੇ ਵਿਚ ਇਨ੍ਹਾਂ ਜਗੀਰਦਾਰ, ਸਰਮਾਏਦਾਰ ਅਤੇ ਬਚਪਨਘਾਤੀ ਸ਼ਕਤੀਆਂ ਵਿਰੁੱਧ ਡਟ ਕੇ ਬੋਲਣਾ ਸ਼ੁਰੂ ਕਰ ਦਿੱਤਾ।
ਭਾਰਤ ਅਤੇ ਪਾਕਿਸਤਾਨ ਦੇ ਰਾਜਨੀਤਕ ਆਗੂਆਂ ਅਤੇ ਸ਼ਾਸਕਾਂ ਨੂੰ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਵੱਲੋਂ ਸਾਂਝੇ ਤੌਰ ’ਤੇ ਪ੍ਰਾਪਤ ਕੀਤੇ ਨੋਬਲ ਸ਼ਾਂਤੀ ਪੁਰਸਕਾਰ ਰਾਹੀਂ ਨੋਬਲ ਕਮੇਟੀ ਵੱਲੋਂ ਦੋਵਾਂ ਦੇਸ਼ਾਂ ਨੂੰ ਸ਼ਾਂਤੀ ਬਣਾਈ ਰੱਖਣ ਦੇ ਦਿੱਤੇ ਸੂਖਮ ਸੁਨੇਹੇ ਦੀ ਭਾਵਨਾ ਨੂੰ ਅਮਲ ਵਿਚ ਲਿਆਉਣ ਦੀ ਲੋੜ ਹੈ। ਦੋਵਾਂ ਦੇਸ਼ਾਂ ਦੇ ਅਗੂਆਂ ਨੂੰ ਸਾਰੇ ਗਿਲੇ-ਸ਼ਿਕਵੇ ਭੁੱਲ ਕੇ ਦੱਖਣੀ ਏਸ਼ੀਆ ਦੇ ਇਸ ਮਹੱਤਵਪੂਰਨ ਖਿੱਤੇ ਵਿਚੋਂ ਗੁਰਬਤ, ਅੱਤਵਾਦ ਅਤੇ ਬੰਧੂਆ ਮਜ਼ਦੂਰੀ ਵਿਰੁੱਧ ਲੜਨਾ ਚਾਹੀਦਾ ਹੈ। ਮਿਆਰੀ ਵਿੱਦਿਆ ਅਤੇ ਵਾਤਾਵਰਨ ਵਿਚ ਸੰਭਾਲ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਦੋਵਾਂ ਨੋਬਲ ਸ਼ਾਂਤੀ ਪੁਰਸਕਾਰ ਜੇਤੂਆਂ ਅਤੇ ਨਾਰਵੀਅਨ ਨੋਬਲ ਕਮੇਟੀ ਪ੍ਰਤੀ ਇਹੀ ਭਾਵਾਤਮਕ ਨਜ਼ਰਾਨਾ ਹੋ ਸਕਦਾ ਹੈ।
ਸੰਪਰਕ : 001-416-857-7665