ਸਿੱਖਿਆ ਤੇ ਸਕੂਲ ਬਚਾਉਣ ਲਈ ਨਵੰਬਰ ਮਹੀਨੇ ’ਚ ਕੱਢੀ ਜਾ ਰਹੀ ਦੇਸ਼ ਪੱਧਰੀ ‘ਸਿੱਖਿਆ ਸੰਘਰਸ਼ ਯਾਤਰਾ’ ਵਿੱਚ ਹੋਣ ਦਾ ਸੱਦਾ
Posted on:- 05-11-2014
ਪਿਆਰੇ ਪੰਜਾਬੀਓ,
ਅਜੇ ਵੀ ਸਕੂਲਾਂ ਦੀਆਂ ਕੰਧਾਂ ਤੇ ਕਿਤੇ-ਕਿਤੇ ਲਿਖਿਆ ਮਿਲ ਜਾਂਦਾ ਹੈ ਕਿ ‘ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ’, ‘ਵਿੱਦਿਆ ਵਿਚਾਰੀ ਤਾਂ ਪਰਉਪਕਾਰੀ।’ ਪਰ ਭੈਣੋ ਤੇ ਭਰਾਵੋ, ਜੇਕਰ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਤੀਜਾ ਨੇਤਰ ਖੋਹ ਲਿਆ ਜਾਵੇ ਤੇ ਵਿੱਦਿਆ ਵਿਚਾਰੀ ਪਰਉਪਕਾਰੀ ਦੀ ਥਾਂ ਦੁਕਾਨਦਾਰੀ ਬਣਾ ਦਿੱਤੀ ਜਾਵੇ ਤਾਂ ਫਿਰ ਤੁਹਾਡੇ ਅੰਦਰ ਕੋਈ ਖਲਬਲੀ ਮੱਚੇਗੀ ਕਿ ਨਹੀਂ? ਨਵੀਆਂ ਆਰਥਿਕ ਨੀਤੀਆਂ ਜਿਨ੍ਹਾਂ ਨੂੰ ਨਵਉਦਾਰਵਾਦ ਦੀਆਂ ਨੀਤੀਆਂ ਕਿਹਾ ਜਾਂਦਾ ਹੈ, ਜਿਸਦਾ ਮਤਲਬ ਹੈ ਕਿ ਸਰਕਾਰਾਂ ਸਾਰੀਆਂ ਲੋਕ ਭਲਾਈ ਜ਼ਿੰਮੇਵਾਰੀਆਂ ਤੋਂ ਪਾਸੇ ਤੇ ਸਾਰਾ ਕੰਮਕਾਜ ਭਾਵੇਂ ਉਹ ਸਕੂਲ ਹਨ ਤੇ ਭਾਵੇਂ ਹਸਪਤਾਲ, ਭਾਵੇਂ ਸੜਕਾਂ ਤੇ ਭਾਵੇਂ ਸਲੋਤਰਖਾਨੇ-ਸਾਰੇ ਲੋਕ ਭਲਾਈ ਕੰਮ ਵੱਡੇ ਮੁਨਾਫਾਖੋਰਾਂ ਦੇ, ਠੇਕੇਦਾਰਾਂ ਦੇ ਹਵਾਲੇ।
ਦੇਸ਼ ਦੇ ਹਾਕਮ ਡਰਾਮੇ ਤਾਂ ਬਹੁਤ ਕਰਦੇ ਹਨ-ਅਖੇ-ਸਰਵ ਸਿੱਖਿਆ ਅਭਿਆਨ, ਉੱਚ ਸਿੱਖਿਆ ਅਭਿਆਨ, ਸਿੱਖਿਆ ਅਧਿਕਾਰ ਕਾਨੂੰਨ-2009, ਪੜ੍ਹੋ ਸਾਰੇ ਵਗੈਰਾ-ਵਗੈਰਾ, ਪਰ ਅਸਲ ‘ਚ ਦੇਸ਼ ਭਰ ‘ਚ ਸਾਡੇ ਬੱਚਿਆਂ ਤੋ ਸਿੱਖਿਆ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ਦਾ ਜੰਗਲ ਫੈਲ ਚੁੱਕਾ ਹੈ।
ਏਅਰਟੈੱਲ ਵਰਗੀਆਂ ਕੰਪਨੀਆਂ ਵੀ ਹੁਣ ਸਿੱਖਿਆ ਦੇ ਧੰਦੇ ‘ਚ ਮਾਲਾਮਾਲ ਹੋਣਾ ਚਾਹੁੰਦੀਆਂ ਹਨ। ਉੱਚ ਵਰਗ, ਮੱਧ ਵਰਗ, ਛੋਟਾ ਮੱਧ ਵਰਗ ਆਪਣੀ ਪੁੱਗਤ ਮੁਤਾਬਿਕ ਪ੍ਰਾਈਵੇਟ ਸਕੂਲਾਂ ’ਚ ਛਿੱਲ ਲੁਹਾ ਰਿਹਾ ਹੈ। ਸਰਕਾਰੀ ਸਕੂਲਾਂ ‘ਚ ਰਹਿ ਗਏ ਹਨ ਗਰੀਬਾਂ ਜਾਂ ਦਲਿਤਾਂ ਦੇ ਬੱਚੇ। ਸਰਕਾਰੀ ਸਕੂਲ ਹੌਲੀ-ਹੌਲੀ ਬੰਦ। ਮਾਸਟਰ ਠੇਕੇ ਤੇ ਭਰਤੀ ਯਾਨਿ ਮਾਸਟਰ ਬੱਚੇ ਪੜ੍ਹਾਉਣ ਲਈ ਨਹੀਂ ਸਗੋਂ ਟੈਂਕੀਆਂ ਤੇ ਚੜ੍ਹਕੇ ਮਰਨ ਲਈ ਜਾਂ ਫਿਰ ਵੋਟਾਂ ਬਣਾਉਣ, ਵੋਟਾਂ ਪਵਾਉਣ, ਮਰਦਮਸ਼ੁਮਾਰੀ ਕਰਨ, ਜਨਤਕ ਯੋਜਨਾਵਾਂ ਦਾ ਸਰਵੇ ਕਰਨ ਤੇ ਜਾਂ ਫਿਰ ਜੇ ਸਕੂਲਾਂ ‘ਚ ਹਨ ਤਾਂ ਮਿਡ ਡੇ ਮੀਲ ਦਾ ਪ੍ਰਬੰਧ ਕਰਨ।
ਕੁਲ ਮਿਲਾਕੇ ਪੂਰੇ ਦੇਸ਼ ਅੰਦਰ ਪ੍ਰਾਈਵੇਟ ਸਕੂਲਾਂ ਨੇ ਲੁੱਟ ਦੇ ਰਿਕਾਰਡ ਮਾਤ ਪਾ ਦਿੱਤੇ ਹਨ। ਦੇਸ਼ ਦੇ 80 ਫੀਸਦੀ ਬੱਚੇ ਸਕੂਲ ਨਹੀਂ ਜਾ ਰਹੇ, ਜਿਹੜੇ 17 ਪ੍ਰਤੀਸ਼ਤ ਉੱਚ ਸਿੱਖਿਆ ਹਾਸਲ ਕਰ ਰਹੇ ਹਨ ਉਹ ਵੀ ਵਿਦੇਸ਼ਾਂ ਨੂੰ ਭੱਜੀ ਜਾ ਰਹੇ ਹਨ। ਸਾਡੇ ਦੇਸ਼ ‘ਚੋਂ ਦਿਮਾਗੀ ਨਿਕਾਸ (ਬਰੇਨ ਡਰੇਨ) ਲਗਾਤਾਰ ਤੇਜ ਹੋ ਰਿਹਾ ਹੈ। ਪਰ ਪਿਆਰੇ ਲੋਕੋ-ਇਸ ਸਾਰੇ ਘਟਨਾ ਚੱਕਰ ‘ਚ ਸਰਕਾਰ ਕਿੱਥੇ ਹੈ? ਸਰਕਾਰ ਦੀ ਕੀ ਜਿੰਮੇਵਾਰੀ ਹੈ? ਉਹ ਤਾਂ ਧੜਾਧੜ ਸਰਕਾਰੀ ਸਕੂਲ ਬੰਦ ਕਰ ਰਹੀ ਹੈ। ਅਖੇ ਨਾ ਰਹੇਗਾ ਬਾਂਸ ਨਾ ਬਜੇਗੀ ਬੰਸੁਰੀ। ਸਭ ਕੁਝ ਪ੍ਰਾਈਵੇਟ। ਸਰਕਾਰ ਦਾ ਕੰਮ ਹੈ ਸਿਰਫ ਤੇ ਸਿਰਫ ਡੰਡਾ ਚਲਾਉਣਾ ਜਾਂ ਬਾਰਡਰਾਂ ਤੇ ਜੰਗਾਂ ਲਾ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਵਟਾਉਣਾ।
ਕੀ ਤੁਹਾਨੂੰ ਪਤਾ ਹੈ?
ਕਿ : ਪ੍ਰਾਇਮਰੀ ਸਕੂਲਾਂ ‘ਚ ਆਪਣੇ ਦੇਸ਼ ‘ਚ ਹਰ ਸਾਲ ਔਸਤਨ 21 ਲੱਖ ਬੱਚੇ ਦਾਖਲਾ ਲੈਂਦੇ ਹਨ ਪਰ ਡੇਢ ਲੱਖ ਹੀ ਬਾਰਵੀਂ ਤੱਕ ਪਹੁੰਚਦੇ ਹਨ। ਪੰਜਾਬ ‘ਚ 7 ਸਾਲ ਤੋਂ ਉੱਪਰ ਉਮਰ ਵਾਲੇ 58 ਪ੍ਰਤੀਸ਼ਤ ਤੇ 11 ਸਾਲ ਤੋਂ ਉੱਪਰ ਉਮਰ ਵਾਲੇ 51 ਪ੍ਰਤੀਸ਼ਤ ਬੱਚੇ ਹੀ ਸ਼ਾਖਰ (ਅੱਖਰ ਗਿਆਨ) ਹਨ। ਦੁਨੀਆਂ ਦੇ 161 ਮੁਲਕਾਂ ਨੇ ਸਿੱਖਿਆ ਨੂੰ ਬੁਨਿਆਦੀ ਅਧਿਕਾਰਾਂ ‘ਚ ਸ਼ਾਮਲ ਕੀਤਾ ਹੋਇਆ ਹੈ, ਪਰ ਭਾਰਤ ਨੇ ਨਹੀਂ। ਭਾਰਤ ‘ਚ 29 ਕਰੋੜ ਲੋਕ ਹਾਲੇ ਵੀ ਅਨਪੜ੍ਹ ਹਨ। ਵਿਸ਼ਵ ਸਿੱਖਿਆ ਰਿਪੋਰਟ ਯੂਨੈਸਕੋ (2000) ਮੁਤਾਬਕ ਭਾਰਤ ‘ਚ 13 ਤੋਂ 23 ਸਾਲ ਦੇ ਸਿਰਫ 6.9 ਬੱਚੇ ਉੱਚ ਸਿੱਖਿਆ ਪ੍ਰਾਪਤ ਹਨ। ਭਾਰਤ ‘ਚ 1000 ਪਿੱਛੇ 3.6 ਵਿਗਿਆਨਕ, ਤਕਨੀਸ਼ੀਅਨ ਤੇ ਡਾਕਟਰ ਹਨ ਜਦਕਿ ਜਪਾਨ ‘ਚ 1000 ਪਿੱਛੇ 110, ਅਮਰੀਕਾ ‘ਚ 55, ਬ੍ਰਾਜੀਲ ‘ਚ 26 ਹਨ। 1990-91 ‘ਚ ਉੱਚ ਸਿੱਖਿਆ ੳੱੁਪਰ ਕੇਂਦਰੀ ਬੱਜਟ ਦੇ 645 ਕਰੋੜ ਰੁਪਏ ਖਰਚੇ ਜਾਂਦੇ ਸਨ ਜੋ ਕਿ 1996-97 ‘ਚ ਘਟਕੇ 559 ਕਰੋੜ ਰੁਪਏ ਰਹਿ ਗਏ। ਰੀਅਲ ਅਸਟੇਟ ਯਾਨਿ ਜਾਇਦਾਦ ਦੀ ਖ੍ਰੀਦੋ-ਫਰੋਖਤ ਦਾ ਧੰਦਾ ਹੁਣ ਦੋ ਨੰਬਰ ’ਤੇ ਚਲਾ ਗਿਆ ਹੈ, ਸਾਰੀ ਦੁਨੀਆਂ ਸਮੇਤ ਭਾਰਤ ’ਚ ਸਿੱਖਿਆ ਦਾ ਧੰਦਾ ਇਕ ਨੰਬਰ ਤੇ ਮੁਨਾਫੇ ਦਾ ਧੰਦਾ ਬਣ ਗਿਆ ਹੈ। 2008 ਦੇ ਅੰਕੜਿਆਂ ਮੁਤਾਬਕ ਸਿੱਖਿਆ ਦਾ ਧੰਦਾ 111 ਅਰਬ ਅਮਰੀਕੀ ਡਾਲਰ ਦਾ ਬਣ ਗਿਆ ਹੈ। ਭਾਰਤ ‘ਚ ਇਸ ਵੇਲੇ 5 ਕਰੋੜ ਤੋਂ ਉਪਰ ਬਾਲ ਮਜ਼ਦੂਰ ਹਨ। 5 ਸਾਲ ਤੋਂ ਘੱਟ ਉਮਰ ਦੇ 16 ਲੱਖ ਬੱਚੇ ਕੁਪੋਸ਼ਣ ਕਾਰਨ ਹਰ ਸਾਲ ਮਰ ਜਾਂਦੇ ਹਨ। 60,000 ਬੱਚੇ ਹਰ ਸਾਲ ਗੁੰਮ ਹੋ ਜਾਂਦੇ ਹਨ। ਮਿਡ-ਡੇ-ਮੀਲ ਖਾਣ ਨਾਲ ਸਲਾਨਾ ਸੈਂਕੜੇ ਬੱਚੇ ਮਰ ਜਾਂਦੇ ਹਨ। ਬਿਹਾਰ ਦੇ ਛਪਰਾ ਜਿਲ੍ਹੇ ਦੇ ਪਿੰਡ ਧਰਮਸ਼ਾਲ ਗੰਢਾਵਨ ਦੇ ਸਰਕਾਰੀ ਸਕੂਲ ‘ਚ 16 ਜੁਲਾਈ 2013 ਨੂੰ ਮਿਡ-ਡੇ-ਮੀਲ ਖਾਣ ਨਾਲ 23 ਬੱਚੇ ਮਰ ਗਏ ਸਨ। ਨਵਉਦਾਰਵਾਦੀ ਨੀਤੀਆਂ ਹੇਠ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿੱਪ ਨੀਤੀ ਤਹਿਤ ਵੱਖ-ਵੱਖ ਸੂਬਾ ਸਰਕਾਰਾਂ ਨੇ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਰਾਜਸਥਾਨ ‘ਚ 17000 ਸਕੂਲ, ਕਰਨਾਟਕਾ ‘ਚ 12000 ਸਰਕਾਰੀ ਸਕੂਲ, ਉੱਤਰਾਖੰਡ ‘ਚ 2200, ਆਂਧਰਾ ਪ੍ਰਦੇਸ਼ ‘ਚ 1500, ਮੁੰਬਈ ‘ਚ 1200 ਸਕੂਲ ਐਨ. ਜੀ. ਓਜ਼. ਨੂੰ ਦੇਣ ਦਾ ਫੈਸਲਾ ਹੋ ਚੁੱਕਾ ਹੈ ਤੇ ਹੁਣ ਵਾਰੀ ਪੰਜਾਬ ਦੀ ਹੈ।
ਅੰਗਰੇਜ਼ੀ ਭਾਸ਼ਾ ਦੀ ਅਜਾਰੇਦਾਰੀ ਬਸਤੀਵਾਦੀ ਗੁਲਾਮ ਜਹਿਨੀਅਤ ਦਾ ਚਿੰਨ੍ਹ ਹੈ। ਸਿੱਖਿਆ ਖੇਤਰ ‘ਚ ਜਬਰੀ ਥੋਪੀ ਅੰਗਰੇਜੀ ਭਾਸ਼ਾ ਵਿਦਿਆਰਥੀਆਂ ਦੇ ਮਨਾਂ ‘ਚ ਆਪਣੀ ਮਾਤ ਭਾਸ਼ਾ ਪ੍ਰਤੀ ਤਿ੍ਰਸਕਾਰ ਦੀ ਭਾਵਨਾ ਭਰਦੀ ਹੈ। ਸਿੱਖਿਆ ਨੂੰ ਮੋਦੀ ਸਰਕਾਰ ਹੁਣ ਆਪਣਾ ਗੁਲਾਮ ਬਣਾਉਣ ਜਾ ਰਹੀ ਹੈ। ਸਿੱਖਿਆ ਸਿਲੇਬਸਾਂ ਨੂੰ ਹਰ ਪੱਧਰ ਤੇ ਹਿੰਦੂਤਵੀ ਲੀਹਾਂ ਤੇ ਢਾਲਣ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਅਖੇ ਸਰੀਰ ਦੇ ਕਿਸੇ ਅੰਸ਼ ਦਾ ਟੁਕੜਾ ਲੈ ਕੇ ਨਵਾਂ ਮਨੁੱਖ ਬਣਾਉਣ ਦੀ ਕਲੋਨ ਵਿਧੀ (ਸਟੈਮ ਸੈੱਲ) ਤਾਂ ਕੌਰਵਾਂ-ਪਾਡਵਾਂ ਨੇ ਖੋਜੀ ਸੀ, ਲੋਕਾਂ ਨੂੰ ਗਯਤਰੀ ਪਾਠ ਕਰਨਾ ਚਾਹੀਦਾ ਹੈ, ਗਊ ਪੂਜਾ ਕਰਨੀ ਚਾਹੀਦੀ ਹੈ, ਭਾਰਤੀ ਲੋਕਾਂ ਨੂੰ ਆਪਣੇ ਜਨਮ ਦਿਨ ਸਵਦੇਸ਼ੀ ਕੱਪੜੇ ਪਾ ਕੇ ਮਨਾਉਣੇ ਚਾਹੀਦੇ ਹਨ, ਸੀ. ਬੀ. ਐਸ. ਈ. ਸਿਲੇਬਸਾਂ ਦੇ ਪਾਠਕ੍ਰਮਾਂ ‘ਚ ਮਹਾਰਾਣਾ ਪ੍ਰਤਾਪ, ਵਿਵੇਕਾਨੰਦ ਤੇ ਚਾਣਕੀਆ ਨੂੰ ਪੜਾ੍ਹਉਣਾ ਚਾਹੀਦਾ ਹੈ, ਅੰਗਰੇਜੀ ਭਾਸ਼ਾ ਦੀ ਥਾਂ ਪੁਰਾਤਨ ਭਾਰਤੀ ਭਾਸ਼ਾਵਾਂ ਸੰਸਕਿ੍ਰਤ ਆਦਿ ਨੂੰ ਪੜ੍ਹਾਉਣਾ ਚਾਹੀਦਾ ਹੈ, ਸਕੂਲਾਂ ਕਾਲਜਾਂ ‘ਚ ਮੌਜੂਦਾ ਗਣਿਤ ਦੀ ਬਜਾਏ ਵੈਦਿਕ ਗਣਿਤ ਪੜ੍ਹਾਉਣਾ ਚਾਹੀਦਾ ਹੈ, ਸਾਡੇ ਰਿਸ਼ੀ-ਮੁਨੀ ਵਿਗਿਆਨੀ ਸਨ ਇਸ ਕਰਕੇ ਸਾਨੂੰ ਆਧੁਨਿਕ ਵਿਗਿਆਨ ਦੀ ਥਾਂ ਉਨ੍ਹਾਂ ਦੀਆਂ ਸਿਖਿਆਵਾਂ ਨੂੰ ਵਿੱਦਿਅਕ ਅਦਾਰਿਆਂ ‘ਚ ਪੜ੍ਹਾਉਣਾ ਚਾਹੀਦਾ ਹੈ। ਉਹ ਵਿਦਿਅਕ ਸਿਲੇਬਸਾਂ ਦੇ ਨਾਲ-ਨਾਲ ਸਾਹਿਤ, ਇਤਿਹਾਸ ਤੇ ਸੱਭਿਆਚਾਰ ਦਾ ਵੀ ਭਗਵਾਂਕਰਨ ਕਰਨ ਦੀਆਂ ਚਾਲਾਂ ਚੱਲ ਰਹੇ ਹਨ।
ਪਿਆਰੇ ਪੰਜਾਬੀਓ,
ਅਸੀਂ ਜ਼ਿੰਦਗੀ ਦੀਆਂ ਹੋਰ ਲੜਾਈਆਂ ਵੀ ਲੜਦੇ ਹਾਂ। ਕਿਸਾਨ; ਕਿਸਾਨੀ ਮੰਗਾਂ ਤੇ ਮਜ਼ਦੂਰ; ਮਜ਼ਦੂਰ ਮੰਤਵਾਂ ਲਈ, ਅਧਿਆਪਕਾਂ ਦੀਆਂ ਵੱਖ-ਵੱਖ ਕੈਟਾਗਰੀਆਂ ਪੱਕੇ ਹੋਣ ਲਈ ਤੇ ਜਾਂ ਫਿਰ ਭੱਤਿਆਂ-ਤਨਖਾਹਾਂ ਲਈ। ਵਿਦਿਆਰਥੀ ਆਪਣੀਆਂ ਤਬਕਾਤੀ ਮੰਗਾਂ ਲਈ ਲੜ ਰਹੇ ਹਨ। ਪਰ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਹੈ- ਵਿੱਦਿਆ ਤਾਂ ਸਾਡੀ ਮਾਂ ਹੈ- ਅਧਿਆਪਕ ਮਾਰਕਿਟਿੰਗ ਏਜੰਟ ਨਹੀਂ, ਸਾਡੇ ਗੁਰੂ ਹਨ, ਸਕੂਲ ਦੁਕਾਨਾਂ ਨਹੀਂ, ਸਿੱਖਿਆ ਦੇ ਮੰਦਰ ਹਨ। ਸਾਥੋਂ ਸਾਡੇ ਸਕੂਲ ਖੋਹ ਕੇ, ਅੱਖਰ ਖੋਹ ਕੇ, ਗਿਆਨ ਖੋਹ ਕੇ, ਗਿਆਨ ਨੂੰ ਹਿੰਦੂ ਤੇ ਮੁਸਲਮਾਨ ਵਿਚ ਵੰਡ ਕੇ ਸਾਨੂੰ ਕੰਮ ਵਾਲੇ ਸੰਦ ਬਣਾਇਆ ਜਾ ਰਿਹਾ ਹੈ। ਭਾਰਤ ਅੰਦਰ ਗੁਲਾਮ ਮਾਨਸਿਕਤਾ ਵਾਲੇ ਪੁਰਜੇ ਪੈਦਾ ਕਰਨ ਵਾਲੇ ਮੈਕਾਲੇ ਮਾਰਕਾ ਵਿਦਿਅਕ ਪ੍ਰਬੰਧ ਨੂੰ ਭਾਰਤੀ ਹਾਕਮਾਂ ਨੇ ਗੋਦ ਲੈ ਕੇ ਲੋਕਾਂ ਉੱਪਰ ਥੋਪ ਦਿੱਤਾ ਸੀ। ਤੇ ਅੱਜ ਮੋਦੀ ਭਾਰਤੀ ਵਿਦਿਅਕ ਪ੍ਰਣਾਲੀ ਨੂੰ ਮੱਧਯੁਗੀ ਲੀਹਾਂ ਤੇ ਢਾਲਣ ਦੇ ਸਿਰਤੋੜ ਯਤਨ ਕਰ ਰਿਹਾ ਹੈ। ਪਿਆਰੇ ਪੰਜਾਬੀਓ, ਜਦੋਂ ਸੱਪ ਨਿਕਲ ਗਿਆ ਤਾਂ ਫਿਰ ਲੀਹ ਪਿੱਟਣ ਦਾ ਕੋਈ ਫਾਇਦਾ ਨਹੀਂ ਹੋਣਾ।
ਦੇਸ਼ ਭਰ ਦੇ ਅਗਾਂਹਵਧੂ, ਲੋਕਪੱਖੀ ਬੁੱਧੀਜੀਵੀਆਂ, ਇਕ ਸੌ ਤੋਂ ਉਪਰ 23 ਸੂਬਿਆਂ ਦੀਆਂ ਅਧਿਆਪਕ, ਵਿਦਿਆਰਥੀ, ਨੌਜਵਾਨ, ਜਨਤਕ ਜਮਹੂਰੀ ਜੱਥੇਬੰਦੀਆਂ ਨੇ ਸਿੱਖਿਆ ਦੇ ਅਧਿਕਾਰ ਨੂੰ ਬਚਾਉਣ, ਇਕਸਾਰ, ਬਰਾਬਰ, ਜਮਹੂਰੀ, ਮਿਆਰੀ, ਮੁਫਤ ਤੇ ਲਾਜਮੀ ਸਿੱਖਿਆ ਪ੍ਰਣਾਲੀ ਬਣਾਉਣ, ਕਾਮਨ ਸਕੂਲ ਸਿਸਟਮ ਜਿੱਥੇ ਅਫਸਰ ਦਾ ਬੱਚਾ ਤੇ ਕਿਰਤੀ ਦਾ ਬੱਚਾ ਇਕ ਹੀ ਸਕੂਲ ਵਿਚ ਪੜ੍ਹ ਸਕਣ ਦੀ ਮੰਗ ਨੂੰ ਲੈ ਕੇ, ਸਿੱਖਿਆ ਦਾ ਨਿੱਜੀਕਰਨ, ਵਪਾਰੀਕਰਨ ਬੰਦ ਕਰਨ, ਸਿੱਖਿਆ ਨੂੰ ਫਿਰਕੂ ਲੀਹਾਂ ਤੇ ਢਾਲਣ ਦੀਆਂ ਸਾਜਿਸ਼ਾਂ ਬੰਦ ਕਰਨ, ਸਿੱਖਿਆ ਸਿਰਫ ਤੇ ਸਿਰਫ ਸਮਾਜ ਦੀ ਭਲਾਈ ਤੇ ਤਰੱਕੀ ਲਈ ਦਾ ਨਿਯਮ ਲਾਗੂ ਕਰਨ ਦੀ ਮੰਗ ਨੂੰ ਲੈ ਕੇ 2009 ਤੋਂ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ।
ਇਨ੍ਹਾਂ ਮੰਗਾਂ ਨੂੰ ਹਾਸਲ ਕਰਨ ਲਈ ਤੁਹਾਡੇ ਸਰਗਰਮ ਸਾਥ ਦੀ ਲੋੜ ਹੈ।
ਇਨ੍ਹਾਂ ਮੰਗਾਂ ਲਈ ਆਪਣੇ ਪਿੰਡਾਂ, ਸਕੂਲਾਂ ‘ਚ ਦਸਤਖਤੀ ਮੁਹਿੰਮ ਚਲਾਉਣ ਲਈ ਪੂਰਾ ਜੋਰ ਲਾਓ।
ਨਵੰਬਰ ਮਹੀਨੇ ‘ਚ ਦੇਸ਼ ਭਰ ‘ਚ ਚੱਲ ਰਹੀ ‘ਸਿੱਖਿਆ ਸੰਘਰਸ਼ ਯਾਤਰਾ’ ‘ਚ ਸ਼ਾਮਲ ਹੋਵੋ।
6 ਨਵੰਬਰ ਤੋਂ 16 ਨਵੰਬਰ ਤੱਕ ਪੰਜਾਬ ‘ਚ ਪਠਾਨਕੋਟ ਤੋਂ ਚੱਲਕੇ ਪਟਿਆਲਾ ਰਾਹੀਂ ਇਹ ਯਾਤਰਾ ਹਰਿਆਣਾ ਜਾਵੇਗੀ। 4 ਦਸੰਬਰ ਨੂੰ ਭੂਪਾਲ ਵਿਖੇ ਸਿੱਖਿਆ ਬਚਾਓ ਰੈਲੀ ‘ਚ ਸ਼ਾਮਲ ਹੋਵੋ। ਸਮੂਹ ਲੋਕਪੱਖੀ, ਜਨਤਕ, ਜਮਹੂਰੀ ਜੱਥੇਬੰਦੀਆਂ ਨੂੰ, ਸਿੱਖਿਆ ਸੰਘਰਸ਼ ਯਾਤਰਾ ‘ਚ ਸ਼ਾਮਲ ਹੋਣ ਦੀ ਅਪੀਲ ਹੈ। ਆਓ ਸਿੱਖਿਆ ਬਚਾਓ ਦੇ ਮੁੱਦੇ ਨੂੰ ਹੋਰ ਬਲ ਦੇਈਏ।
ਸੂਬਾ ਤਾਲਮੇਲ ਕਮੇਟੀ
ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ, ਪੰਜਾਬ
ਪ੍ਰਧਾਨ : ਪ੍ਰੋ. ਜਗਮੋਹਨ ਸਿੰਘ-98140-01836, ਭੁਪਿੰਦਰ ਸਿੰਘ ਵੜੈਚ-94639-56115, ਕੰਵਲਜੀਤ ਖੰਨਾ-94170-67344, ਅਮਰਜੀਤ ਬਾਜੇਕੇ-94178-01985