ਲੋਕਾਂ ਕੋਲ ਜਾਓ
ਉਨ੍ਹਾਂ ਨਾਲ ਕੰਮ ਕਰੋ
ਉਨ੍ਹਾਂ ਦੇ ਸਰੋਕਾਰ ਜਾਣੋ
ਸੋਚ ਅਤੇ ਸੁਪਨੇ ਵੀ
ਉਨ੍ਹਾਂ ਤੋਂ ਸਿੱਖੋ
ਆਪਣੇ ਵਿਚਾਰ ਮੁੜ ਬਣਾਓ
ਨਵੇਂ ਸੰਘਰਸ਼ਾਂ ਦਾ ਰੂਪ ਘੜੋ
ਤੇ ਮੁੜ ਲੋਕਾਂ ਕੋਲ ਜਾਓ
ਤੁਸੀਂ ਉਨ੍ਹਾਂ ਤੋਂ ਜੋ ਸਿੱਖਿਆ
ਪੜਤਾਲਦਿਆਂ ਵਿਚਾਰਾਂ ਨੂੰ ਸਾਣ ਤੇ ਲਾਓ
ਤਾਂ ਕਿ ਤੁਸੀਂ ਹੋਰ ਅੱਗੇ ਜਾ ਸਕੋ।
ਇਹ ਮਹਾਂਮੰਤਰ ਨਵੰਬਰ ਮਹਿਨੇ ’ਚ ਦੇਸ਼ ਭਰ ਦੇ ਲੱਗਭਗ ਸਾਰੇ ਹੀ ਸੂਬਿਆਂ ’ਚ ਕੱਢੀ ਜਾ ਰਹੀ ਸਿੱਖਿਆ ਸੰਘਰਸ਼ ਯਾਤਰਾ ਦਾ ਮੂਲਮੰਤਰ ਹੈ। ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਦੀ ਅਗਵਾਈ ’ਚ ਦੇਸ਼ ਦੇ ਹਾਕਮਾਂ ਵੱਲੋਂ ਜਿੰਦਗੀ ਦੇ ਹੋਰਨਾਂ ਖੇਤਰਾਂ ਵਾਂਗ ਸਮਾਜ ਦੇ ਬੁਨਿਆਦੀ ਖੇਤਰ ਸਿੱਖਿਆ ਉਪਰ ਵਿੱਢੇ ਨਵਉਦਾਰਵਾਦੀ ਹਮਲੇ ਵਿਰੁੱਧ ਵਿੱਢੀ ਜਾ ਰਹੀ ਇਸ ਮਹੀਨਾ ਭਰ ਦੀ ਸਿੱਖਿਆ ਬਚਾਓ ਮੁੰਹਿਮ ਦੇ ਸਿਖਰ ਤੇ 4 ਦਸੰਬਰ ਨੂੰ ਭੁਪਾਲ (ਮੱਧ ਪ੍ਰਦੇਸ਼) ਵਿਖੇ ਕੀਤੀ ਜਾ ਰਹੀ ਦੇਸ਼ ਪੱਧਰੀ ਰੈਲੀ ’ਚ ਦੇਸ਼ ਭਰ ਦੇ ਅਗਾਂਹਵਧੂ, ਖੱਬੇਪੱਖੀ, ਇਨਕਲਾਬੀ, ਜਮਹੂਰੀ, ਤਰਕਸ਼ੀਲ ਲੋਕ ਇਕੱਠੇ ਹੋ ਕੇ ਮੰਗ ਕਰਨਗੇ ਕਿ ਸਿੱਖਿਆ ਨੂੰ ਵੇਚਣ-ਵੱਟਣ ਦੀ ਵਸਤ ਨਾ ਬਣਾਓ, ਸਿੱਖਿਆ ਨੂੰ ਮੁਨਾਫੇ ਦਾ ਧੰਦਾ ਬਣਾਉਣ ਲਈ ਸਿੱਖਿਆ ਦਾ ਨਿਜੀਕਰਨ ਬੰਦ ਕਰੋ, ਦੇਸ਼ ਦੇ ਹਾਕਮਾਂ ਵੱਲੋਂ ਹਿੰਦੂਤਵੀ ਅਜੰਡੇ ਤਹਿਤ ਬਾਕਾਇਦਾ ਸੋਚੀ ਸਮਝੀ ਸਕੀਮ ਹੇਠ ਸਿੱਖਿਆ ਦਾ ਕੀਤਾ ਜਾ ਰਿਹਾ ਫਿਰਕੂਕਰਨ /ਭਗਵਾਂਕਰਨ ਬੰਦ ਕੀਤਾ ਜਾਵੇ।