ਸਿੱਖ ਕੌਮ ਦੀ ਤ੍ਰਾਸਦੀ ਹਿੰਦੁਸਤਾਨ ਵਿੱਚ... ਅਸੀਂ ਹਿੰਦੂ ਨਹੀਂ, ਸਿੱਖ ਕੌਮ ਦੀ ਤ੍ਰਾਸਦੀ ਵਿਦੇਸ਼ਾਂ ਵਿੱਚ....ਅਸੀਂ ਮੁਸਲਮਾਨ ਨਹੀਂ -ਕਰਨ ਬਰਾੜ ਹਰੀ ਕੇ ਕਲਾਂ
Posted on:- 01-11-2014
ਸਾਡੀ ਕੌਮ ਦੀ ਕੈਸੀ ਤ੍ਰਾਸਦੀ ਹੈ ਕਿ ਸਾਨੂੰ ਆਪਣੇ ਦੇਸ਼ ਵਿਚ ਦੱਸਣਾ ਪੈ ਰਿਹਾ ਕਿ ਅਸੀਂ ਹਿੰਦੂ ਨਹੀਂ ਅਤੇ ਵਿਦੇਸ਼ਾਂ ਵਿਚ ਦੱਸਣਾ ਪੈ ਰਿਹਾ ਕਿ ਅਸੀਂ ਮੁਸਲਮਾਨ ਨਹੀਂ। ਇਹ ਗੱਲ ਸਭ ਨੇ ਮਹਿਸੂਸ ਕੀਤੀ ਹੋਵੇਗੀ ਕਿ ਦੁਨੀਆ ਦੇ ਕਿਸੇ ਨਾ ਕਿਸੇ ਖ਼ਿੱਤੇ ਵਿੱਚੋਂ ਆਏ ਦਿਨ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਅੱਜ ਫਲਾਣੇ ਦੇਸ਼ ਵਿਚ ਸਿੱਖ ਜਾਂ ਸਿੱਖਾਂ ਦੇ ਗੁਰੂ ਘਰ ਤੇ ਹਮਲਾ ਹੋ ਗਿਆ। ਭਾਵੇਂ ਸਾਰੇ ਇਕੋ ਜਿਹੇ ਨਹੀਂ ਹੁੰਦੇ ਪਰ ਕੁਝ ਕੁ ਸਿਰ-ਫਿਰੇ ਅਜਿਹੀਆਂ ਘਟਨਾਵਾਂ ਨੂੰ ਅਕਸਰ ਇੰਜ਼ਾਮ ਦਿੰਦੇ ਰਹਿੰਦੇ ਹਨ। ਇਹਨਾਂ ਪਿੱਛੇ ਜ਼ਿਆਦਾਤਰ ਕਾਰਣ ਇਹੀ ਹੁੰਦਾ ਕੇ ਕਈ ਵਾਰ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਹਮਲਾ ਕੀਤਾ ਗਿਆ ਹੁੰਦਾ ਜਾਂ ਗੁਰੂ-ਘਰ ਨੂੰ ਮਸਜਿਦ ਸਮਝ ਲਿਆ ਜਾਂਦਾ। ਹਮਲਾ ਭਾਵੇਂ ਗੁਰੂ ਘਰ ਤੇ ਹੋਵੇ ਜਾਂ ਮਸਜਿਦ ਤੇ ਦੋਵੇਂ ਹਾਲਾਤਾਂ ਵਿਚ ਇਹ ਹਮਲੇ ਨਿੰਦਣਯੋਗ ਹਨ।
ਦੁਨੀਆ 'ਚ ਮੁਸਲਮਾਨਾਂ ਤੇ ਹਮਲੇ ਕਿਉਂ ਹੋ ਰਹੇ ਹਨ ਇਹ ਇੱਕ ਵੱਖਰਾ ਵਿਸ਼ਾ ਅਤੇ ਇਸ ਪਿੱਛੇ ਵੱਖਰੇ ਕਾਰਣ ਹਨ। ਪਰ ਸੋਚਣਾ ਬਣਦਾ ਕਿ ਜ਼ਿਆਦਾਤਰ ਸਿੱਖਾਂ ਨੂੰ ਹੀ ਕਿਉਂ ਮੁਸਲਮਾਨ ਸਮਝ ਲਿਆ ਜਾਂਦਾ ਅਤੇ ਉਨ੍ਹਾਂ ਤੇ ਹਮਲੇ ਕਿਉਂ ਕੀਤੇ ਜਾਂਦੇ ਹਨ। ਇਸੇ ਦੇ ਚੱਲਦਿਆਂ ਪਿਛਲੇ ਦਿਨੀਂ ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਦੋ ਸਿਰ-ਫਿਰੇ ਵਿਅਕਤੀਆਂ ਵੱਲੋਂ ਗੁਰੂ ਘਰ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ ਜਿਸ ਪਿੱਛੇ ਕਾਰਣ ਇਹ ਦੱਸਿਆ ਜਾ ਰਿਹਾ ਕਿ ਉਨ੍ਹਾਂ ਵੱਲੋਂ ਇਹ ਹਮਲਾ ਮਸਜਿਦ ਸਮਝ ਕੇ ਕੀਤਾ ਗਿਆ ਲਗਦਾ। ਆਸਟ੍ਰੇਲੀਆ ਵਿਚ ਇਹ ਕੋਈ ਪਹਿਲੀ ਘਟਨਾ ਨਹੀਂ ਗੁਰੂ ਘਰ ਨੂੰ ਨੁਕਸਾਨ ਪਹੁੰਚਾਉਣ ਦੀ ਇਹ ਸਭ ਕੁਝ ਦੁਨੀਆ ਦੇ ਹੋਰ ਮੁਲਕਾਂ ਵਿਚ ਵੀ ਵਾਪਰ ਰਿਹਾ।
ਕਿਉਂ ਜੋ ਅਸੀਂ ਸਿੱਖ ਹਾਂ ਅਤੇ ਇਹਨਾਂ ਘਟਨਾਵਾਂ ਪਿਛਲੇ ਕਾਰਣ ਅਤੇ ਇਹਨਾਂ ਦੇ ਹੱਲ ਵੀ ਗਾਹੇ ਵਗਾਹੇ ਸਾਨੂੰ ਹੀ ਲੱਭਣੇ ਪੈਣੇ ਹਨ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਮੋਟੇ ਮੋਟੇ ਹਾਲਾਤਾਂ ਵਿਚ ਸਾਡੀ ਦਿੱਖ ਕਰਕੇ ਵੀ ਸਾਨੂੰ ਵਿਦੇਸ਼ਾਂ ਵਿਚ ਮੁਸਲਮਾਨ ਸਮਝ ਲਿਆ ਜਾਂਦਾ ਅਤੇ ਵਿਦੇਸ਼ਾਂ ਵਿਚ ਜ਼ਿਆਦਾਤਰ ਇਮਾਰਤਾਂ ਵੀ ਇਕੋ ਜਿਹੀਆਂ ਹੁੰਦੀਆਂ ਕਿਸੇ ਨੂੰ ਦੱਸੇ ਬਿਨਾਂ ਪਤਾ ਨਹੀਂ ਲਗਦਾ ਕਿ ਇਹ ਗੁਰੂ ਘਰ ਹੈ ਜਾਂ ਮਸਜਿਦ। ਇਹ ਵੀ ਕੁਝ ਕਾਰਣ ਹੋ ਸਕਦੇ ਹਨ ਪਰ ਸਵਾਲ ਤਾਂ ਇਹ ਪੈਦਾ ਹੁੰਦਾ ਕਿ ਲੁਕਾਈ ਨੂੰ ਕਿਵੇਂ ਦੱਸਿਆ ਜਾਵੇ ਕਿ ਗੁਰੂ ਦਾ ਖ਼ਾਲਸਾ ਕਿਵੇਂ ਅਤੇ ਕਿਉਂ ਦੁਨੀਆ ਤੋਂ ਵੱਖਰਾ ਅਤੇ ਨਿਆਰਾ। ਮੇਰੇ ਵਰਗੇ ਪਤਿਤ ਅਤੇ ਰੋਡੇ ਭੋਡੇ ਤਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਵੀ ਸਮਾ ਸਕਦੇ ਹਨ। ਪਰ ਜਿਵੇਂ ਕਹਿੰਦੇ ਹੁੰਦੇ ਹੈ ਕਿ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਸਰ ਜਾਂਦਾ ਪਰ ਧੌਣ ਖੜ੍ਹੀ ਕਰਨ ਦਾ ਹੀ ਮੁੱਲ ਤਾਰਨਾ ਪੈਂਦਾ। ਮੁੱਲ ਤਾਂ ਇਹ ਸਾਬਤ ਸਬੂਤ ਸਿੱਖ ਹੀ ਤਾਰ ਰਹੇ ਹਨ।
ਇੱਕ ਪਾਸੇ ਤਾਂ ਉਹ ਸਿਦਕ ਅਤੇ ਨਿਸ਼ਠਾ ਭਰੋਸੇ ਗੁਰੂ ਦੇ ਸਿੱਖ ਸਜਦੇ ਹਨ ਦੂਜਾ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋਣਾ ਪੈਂਦਾ। ਜੇ ਵਿਦੇਸ਼ਾਂ ਵਿਚ ਇਹ ਸਭ ਕੁਝ ਸਿੱਖਾਂ ਨਾਲ ਵਾਪਰ ਰਿਹਾ ਤਾਂ ਫਿਰ ਸਾਡੇ ਬੁੱਧੀਜੀਵੀ ਸਿੱਖ ਚਿੰਤਕਾਂ, ਵਿਦੇਸ਼ੀ ਸਿੱਖ ਸੰਗਤਾਂ, ਵਿਦੇਸ਼ੀ ਗੁਰੂ ਘਰਾਂ, ਸੂਝਵਾਨ ਮੀਡੀਆ ਨੂੰ ਸਿਰ ਜੋੜ ਕੇ ਸੋਚਣਾ ਬਣਦਾ ਕਿ ਅਜਿਹੀਆਂ ਘਟਨਾਵਾਂ ਨੂੰ ਕਿਵੇਂ ਰੋਕਿਆ ਜਾਵੇ। ਦੁਨੀਆ ਨੂੰ ਕਿਵੇਂ ਦੱਸਿਆ ਜਾਵੇ ਕਿ ਸਿੱਖ ਇੱਕ ਵੱਖਰੀ ਅਤੇ ਨਿਰਾਲੀ ਕੌਮ ਹੈ ਜੋ ਨਿਆਸਰਿਆਂ ਦਾ ਆਸਰਾ ਵੀ ਬਣਦੀ ਹੈ ਅਤੇ ਗਊ ਗ਼ਰੀਬ ਦੀ ਰੱਖਿਆ ਵੀ ਕਰਦੀ ਹੈ।
ਜੋ ਮਿੱਤਰ ਪਿਆਰਿਆਂ ਲਈ ਪਿਆਰ ਹੈ ਜੇ ਅੜ ਜੇ ਤਾਂ ਤਲਵਾਰ ਹੈ। ਇਸ ਵੇਲੇ ਜਿੱਥੇ ਵਿਦੇਸ਼ੀ ਸਿੱਖ ਸੰਗਤਾਂ ਪ੍ਰਚਾਰਕਾਂ, ਗੁਰੂ ਘਰਾਂ, ਵਿਦੇਸ਼ੀ ਮੀਡੀਏ ਨੂੰ ਮਿਲ ਕੇ ਡੂੰਘੀਆਂ ਵਿਚਾਰਾਂ ਕਰਕੇ ਇਸ ਪਾਸੇ ਕਦਮ ਚੁੱਕਣ ਦੀ ਲੋੜ ਹੈ ਉੱਥੇ ਡੂੰਘੇ ਚਿੰਤਨ ਦੀ ਵੀ ਲੋੜ ਹੈ ਕਿ ਅਸੀਂ ਕਿਥੇ ਖੜ੍ਹੇ ਹਾਂ ਅਤੇ ਕਿਵੇਂ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣਾ ਹੈ। ਫੇਰ ਹੀ ਹੌਲੀ ਹੌਲੀ ਚੰਗੇ ਅਤੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ।
ਸੰਪਰਕ: +614 308 50045