ਸੰਸਾਰ ਨੂੰ ਤਬਾਹੀ ਵੱਲ ਧੱਕ ਰਹੀ ਵਿਸ਼ਵ ਪੂੰਜੀਵਾਦੀ ਵਿਵਸਥਾ -ਡਾ. ਸੁਰਜੀਤ ਬਰਾੜ
Posted on:- 28-10-2014
ਪੂੰਜੀਵਾਦ ਇਕ ਅਮਾਨਵੀ, ਨਿਕੰਮਾ ਅਤੇ ਬੇਸੁਰਾ ਪ੍ਰਬੰਧ ਹੈ। ਆਰਥਕ ਮੰਦਵਾੜੇ ਇਸ ਦੇ ਨਿਕੰਮੇਪਣ ਅਤੇ ਬੇਸੁਰੇਪਣ ਦੀ ਦੇਣ ਹਨ। ਪਰ ਜੋ ਪੂੰਜੀਵਾਦੀ ਵਿਸ਼ਵੀਕਰਨ ਦੇ ਦੌਰ ਵਿੱਚ ਆਰਥਕ ਮੰਦਵਾੜਾ ਆਇਆ ਹੈ, ਇਸ ਨੇ ਸਮੁੱਚੇ ਸੰਸਾਰ ਨੂੰ ਮਧੋਲ ਕੇ ਰੱਖ ਦਿੱਤਾ ਹੈ, 2008 ਵਿੱਚ ਸ਼ੁਰੂ ਹੋਇਆ ਆਰਥਕ ਮੰਦਵਾੜਾ ਅਜੇ ਵੀ ਜਿਉਂ ਦਾ ਤਿਉਂ ਹੈ। ਅਮਰੀਕਾ ਅਤੇ ਯੂਰਪੀ ਦੇਸ਼ਾਂ ਦੀ ਵਿਕਾਸ ਦਰ 1 ਤੋਂ 4 ਫ਼ੀਸਦੀ ਤੱਕ ਸੁੰਗੜ ਚੁੱਕੀ ਹੈ। ਭਾਰਤ, ਰੂਸ ਅਤੇ ਏਸ਼ੀਆ ਦੇ ਹੋਰ ਦੇਸ਼ ਵੀ ਆਰਥਕ ਮੰਦਵਾੜੇ ਦੀ ਮਾਰ ਹੇਠ ਹਨ। ਮੰਦਵਾੜੇ ਕਾਰਨ ਲੋਕਾਂ ਦੇ ਰੋਜ਼ਗਾਰ ’ਤੇ ਸੱਟ ਵੱਜੀ ਹੈ। ਵੱਡੀ ਪੱਧਰ ’ਤੇ ਉਦਯੋਗ ਬੰਦ ਹੋ ਚੁੱਕੇ ਹਨ।
ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਵਿਆਪਕ ਛਾਂਟੀਆਂ ਹੋਈਆਂ ਹਨ। ਮੰਦਵਾੜੇ ਤੋਂ ਪਹਿਲਾਂ ਸੰਸਾਰ ਵਿੱਚ ਭੁੱਖਮਰੀ ਦਾ ਸ਼ਿਕਾਰ ਲੋਕ 70 ਕਰੋੜ ਤੋਂ ਘੱਟ ਸਨ ਪਰੰਤੂ ਅੱਜ ਇੱਕ ਅਰਬ ਤੱਕ ਗਿਣਤੀ ਪੁੱਜ ਚੁੱਕੀ ਹੈ। ਇਸ ਸਮੇਂ ਸੰਸਾਰ ਵਿੱਚ ਨਵਉਦਾਰਵਾਦੀ ਨੀਤੀਆਂ ਕਾਰਨ 120 ਦੇਸ਼ਾਂ ਵਿੱਚ ਭੁੱਖਮਰੀ ਦੇ ਸ਼ਿਕਾਰ ਲੋਕ ਸਭ ਤੋਂ ਵੱਧ ਹਨ। ਇਨ੍ਹਾਂ ਦੇਸ਼ਾਂ ਦੇ ਕ੍ਰਮ ਅੰਕ ਵਿੱਚ ਭਾਰਤ ਦਾ 63ਵਾਂ ਸਥਾਨ ਹੈ।
ਆਰਥਕ ਮੰਦਵਾੜੇ ਦਾ ਇਕ ਕਾਰਨ ਬਹੁਕੌਮੀ ਕੰਪਨੀਆਂ ਅਤੇ ਕਾਰਪੋਰੇਟ ਜਗਤ ਹੈ। ਸੰਸਾਰ ਦੀ ਸਾਰੀ ਪੂੰਜੀ ਕੁੱਝ ਹੱਥਾਂ ਵਿੱਚ ਇਕੱਤਰ ਹੋ ਰਹੀ ਹੈ। ਪੂੰਜੀ ਕੁਝ ਹੱਥਾਂ ਵਿੱਚ ਜਮ੍ਹਾਂ ਹੋਣ ਕਰਕੇ ਪੂੰਜੀ ਦਾ ਪ੍ਰਵਾਹ ਰੁਕ ਜਾਂਦਾ ਹੈ। ਲੋਕਾਂ ਦੇ ਵੱਖ-ਵੱਖ ਵਰਗਾਂ ਦੇ ਕੋਲ ਪੂੰਜੀ ਨਾ ਹੋਣ ਕਰਕੇ ਮੰਗ ਪੈਦਾ ਨਹੀਂ ਹੁੰਦੀ। ਜੇਕਰ ਕਿਸੇ ਵਸਤੂ ਦੀ ਮੰਗ ਘੱਟ ਜਾਵੇ ਤਾਂ ਬਾਜ਼ਾਰ ਦਾ ਬੁਰਾ ਹਾਲ ਹੋ ਜਾਂਦਾ ਹੈ। ਬਾਜ਼ਾਰ ਉਦਯੋਗਾਂ ਵਿੱਚ ਪੈਦਾ ਹੋਈਆਂ ਵਸਤਾਂ ਨਹੀਂ ਖਰੀਦਦਾ। ਜਿਸ ਕਾਰਨ ਉਦਯੋਗ ਬੰਦ ਹੋ ਜਾਂਦੇ ਹਨ। ਇਸ ਹਿਲਜੁੱਲ, ਉਥਲਾ-ਪੁਥਲਾ ਕਾਰਨ ਬੈਂਕਾਂ ਦੀ ਪੂੰਜੀ ਵਾਪਸ ਨਹੀਂ ਆਉਂਦੀ। ਬੈਕਿੰਗ ਕਾਰੋਬਾਰ ਵੀ ਡੁੱਬ ਜਾਂਦਾ ਹੈ। ਹਰ ਅਦਾਰੇ ’ਚ ਛਾਂਟੀਆਂ ਹੋਣ ਲੱਗਦੀਆਂ ਹਨ, ਰੋਜ਼ਗਾਰ ’ਤੇ ਬਰੇਕਾਂ ਲੱਗ ਜਾਂਦੀਆਂ ਹਨ। ਪੂੰਜੀ ਦੇ ਆਦਾਨ-ਪ੍ਰਦਾਨ ਤੋਂ ਬਿਨ੍ਹਾਂ ਸਾਰੇ ਕੰਮਕਾਜ, ਸਭ ਅਦਾਰੇ ਮਜ਼ਦੂਰਾਂ ਤੇ ਹੋਰ ਮਿਹਨਤਕਸ਼ ਵਰਗ ਕੋਲ ਪੈਸਾ ਨਹੀਂ ਆਉਂਦਾ। ਪੈਸਾ ਕੁੱਝ ਹੱਥਾਂ ਵਿੱਚ ਜਮ੍ਹਾਂ ਹੋਣ ਕਰਕੇ ਆਮ ਲੋਕਾਂ ਦੇ ਕੰਮਕਾਰ ਠੱਪ ਹੋ ਜਾਂਦੇ ਹਨ।
ਇਸ ਸਮੇਂ ਸੰਸਾਰ ਵਿੱਚ ਉੱਪਰਲੇ ਇਕ ਪ੍ਰਤੀਸ਼ਤ ਅਮੀਰ ਬੰਦਿਆਂ ਦੀ ਲਗਭਗ 110 ਮਿਲੀਅਨ ਡਾਲਰ ਸੰਪਤੀ ਹੋ ਚੁੱਕੀ ਹੈ, ਜਿਹੜੀ ਸੰਸਾਰ ਦੇ ਬੇਹੱਦ ਗਰੀਬ ਬੰਦਿਆਂ ਦੀ ਸਮੁੱਚੀ ਸੰਪਤੀ ਤੋਂ 65 ਪ੍ਰਤੀਸ਼ਤ ਵਧੇਰੇ ਹੈ। ਸਾਲ 2013 ਵਿੱਚ ਹੋਰ 210 ਵਿਅਕਤੀ ਅਰਬਪਤੀਆਂ ਦੀ ਕਤਾਰ ਵਿੱਚ ਆ ਚੁੱਕੇ ਹਨ। ਇਸ ਸਮੇਂ ਸੰਸਾਰ ਵਿੱਚ ਖਰਬਪਤੀਆਂ ਦੀ ਗਿਣਤੀ 1426 ਹੋ ਗਈ ਹੈ। ਇਨ੍ਹਾਂ ਲੋਕਾਂ ਦੀ ਸੰਪਤੀ 5.4 ਟਿ੍ਰਲੀਅਨ ਡਾਲਰ ਤੋਂ ਵਧ ਚੁੱਕੀ ਹੈ। ਐਕਸਫੈਮ ਦੀ ਰਿਪੋਰਟ ਅਨੁਸਾਰ 85 ਬੰਦਿਆਂ ਕੋਲ ਵਿਸ਼ਵ ਦੀ ਅੱਧੀ ਪੂੰਜੀ-ਸੰਪਤੀ ਹੈ। ਭਾਰਤ ਵਿੱਚ ਵੀ ਇਸ ਸਮੇਂ 61 ਤੋਂ ਵੱਧ ਖਰਬਪਤੀ ਹੋ ਗਏ ਹਨ। ਸੰਸਾਰ ਦੇ ਕਾਲਾ ਧਨ ਚੋਰਾਂ ਨੇ ਐਕਸਫੈਮ ਅਨੁਸਾਰ 21 ਟਿ੍ਰਲੀਅਨ ਡਾਲਰ ਦੀ ਪੂੰਜੀ ਵਿਦੇਸ਼ਾਂ ਦੀਆਂ ਬੈਂਕਾਂ ਵਿੱਚ ਛੁਪਾ ਰੱਖੀ ਹੈ। ਪੂੰਜੀ ਨਿਵੇਸ਼ ਨਾ ਹੋਣ ਕਰਕੇ ਵੀ ਸੰਸਾਰ ਆਰਥਕ ਮੰਦਵਾੜੇ ਦੀ ਲਪੇਟ ਵਿੱਚ ਆ ਚੁੱਕਾ ਹੈ। ਇਨ੍ਹਾਂ ਲੋਕਾਂ ਤੋਂ ਪੂੰਜੀ ਖੋਹਣ ਦੀ ਜ਼ਰੂਰਤ ਬਣ ਗਈ ਹੈ। ਜੇਕਰ ਅਜਿਹਾ ਨਾ ਕੀਤਾ ਤਾਂ ਇਹ ਬਹੁਕੌਮੀ ਕੰਪਨੀਆਂ ਅਤੇ ਕਾਰਪੋਰੇਟ ਜਗਤ ਪੂਰੇ ਸੰਸਾਰ ਦੀ ਪੂੰਜੀ ਅਤੇ ਜ਼ਮੀਨ ਅਤੇ ਸੰਪਤੀ ’ਤੇ ਕਬਜ਼ਾ ਕਰ ਲਵੇਗਾ। ਭਾਵ ਸੰਸਾਰ ’ਚ ਅਮੀਰੀ-ਗਰੀਬੀ ਦੇ ਪਾੜੇ ਕਾਰਨ ਅਸਮਾਨਤਾ ਵਧਦੀ ਜਾਵੇਗੀ।
ਆਰਥਕ ਮੰਦਵਾੜੇ ਕਾਰਨ ਸੰਸਾਰ ਵਿੱਚ ਬੇਰੋਜ਼ਗਾਰੀ ਦੀ ਦਰ ਵਿੱਚ ਲੱਕ ਤੋੜਵਾਂ ਵਾਧਾ ਹੋਇਆ ਹੈ। ਅੰਤਰਰਾਸ਼ਟਰੀ ਮੁਦਰਾ ਕੋਸ਼ ਦੀ ਤਾਜ਼ਾ ਰਿਪੋਰਟ ਅਨੁਸਾਰ ਸੰਸਾਰ ਵਿੱਚ ਕੁੱਲ 73.8 ਮਿਲੀਅਨ ਬੇਰੋਜ਼ਗਾਰ ਹਨ। ਸਾਲ 2013 ਵਿੱਚ ਹੀ ਇੱਕ ਮਿਲੀਅਨ ਬੇਰੋਜ਼ਗਾਰਾਂ ਦਾ ਵਾਧਾ ਹੋਇਆ ਹੈ। ਲੁਕਵੀਂ ਬੇਰੋਜ਼ਗਾਰੀ ਵੀ ਚਾਰ ਮਿਲੀਅਨ ਤੋਂ ਵੱਧ ਹੈ। ਇਕੱਲੇ ਭਾਰਤ ਵਿੱਚ ਹੀ 2008 ਤੋਂ ਪਹਿਲਾਂ 4.5 ਕਰੋੜ ਲੋਕ ਬੇਰੋਜ਼ਗਾਰ ਸਨ ਪਰ ਅੱਜ ਬੇਰੋਜ਼ਗਾਰੀ ਦੀ ਦਰ 10 ਫ਼ੀਸਦੀ ਤੱਕ ਹੋ ਗਈ ਹੈ। ਭਾਰਤ ’ਚ ਸਾਲ 2011 ਦੀ ਜਨਗਣਨਾ ਦੇ ਅੰਕੜਿਆਂ ਅਨੁਸਾਰ ਪਿਛਲੇ ਅੱਠ ਸਾਲਾਂ ਵਿੱਚ 90 ਲੱਖ ਕਿਸਾਨ ਹੀ ਖੇਤੀ ਖੇਤਰ ’ਚੋਂ ਬਾਹਰ ਹੋ ਚੁੱਕੇ ਹਨ। ਨਵਉਦਾਰਵਾਦੀ ਨੀਤੀਆਂ ਕਾਰਨ ਅਜਿਹੀ ਸਥਿਤੀ ਪੈਦਾ ਹੋਈ ਹੈ।
ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿੱਚ ਵੀ ਬੇਰੋਜ਼ਗਾਰੀ ਦੀ ਦਰ 7 ਤੋਂ 9 ਫੀਸਦੀ ਤੱਕ ਹੋ ਚੁੱਕੀ ਹੈ। ਬੇਰੋਜ਼ਗਾਰੀ ਕਾਰਨ ਏਸ਼ੀਆ ਦੇ ਬਹੁਤ ਸਾਰੇ ਮੁਲਕਾਂ (ਮਲੇਸ਼ੀਆ, ਥਾਈਲੈਂਡ, ਇੰਡੋਨੇਸ਼ੀਆ, ਕੰਬੋਡੀਆ, ਫਿਲਪੀਨ, ਉੱਤਰੀ ਅਤੇ ਦੱਖਣੀ ਕੋਰੀਆ, ਲਾਊਸ, ਵੀਅਤਨਾਮ) ਵਿੱਚ ਲੋਕਾਂ ਨੂੰ ਆਪਣਾ ਗੁਜ਼ਾਰਾ ਕਰਨ ਲਈ ਆਪਣੀਆਂ ਕੀਮਤੀ ਵਸਤਾਂ ਵੇਚਣੀਆਂ ਪਈਆਂ ਹਨ। ਇਨ੍ਹਾਂ ਦੇਸ਼ਾਂ ਵਿੱਚ ਇਸ ਕਾਰਨ ਵੇਸ਼ਵਾਗਿਰੀ ’ਚ ਬੇਹੱਦ ਵਾਧਾ ਹੋਇਆ ਹੈ। ਭਾਰਤ ਵਿੱਚ ਵੀ ਵੇਸ਼ਵਾਗਿਰੀ ਦੀ ਦਰ ਵਧਣ ਕਾਰਨ ਵਿਆਪਕ ਬੇਰੋਜ਼ਗਾਰੀ ਹੀ ਹੈ। ਦੇਸ਼ ਦੀ ਮੰਦੀ ਹਾਲਤ ਕਾਰਨ ਅਮਰੀਕਾ ਦੀ ਸਰਕਾਰ ਨੂੰ ਅਕਤੂਬਰ 2013 ਵਿੱਚ 10 ਲੱਖ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਛੁੱਟੀ ’ਤੇ ਭੇਜਣਾ ਪਿਆ ਸੀ। ਰੂਸ, ਭਾਰਤ, ਚੀਨ, ਜਾਪਾਨ, ਅਮਰੀਕਾ, ਯੂਨਾਨ, ਪੁਰਤਗਾਲ, ਇਟਲੀ, ਸਪੇਨ ਫਰਾਂਸ, ਆਇਰਲੈਂਡ, ਨੀਦਰਲੈਂਡ, ਇੰਗਲੈਂਡ ਆਦਿ ਦੇਸ਼ਾਂ ਦੀ ਜਾਨ ਮੁੱਠੀ ਵਿੱਚ ਆਈ ਹੋਈ ਹੈ। 77 ਸਾਲਾ ਧਾਰਮਕ ਆਗੂ ਪੋਪ ਫਰਾਂਸਿਸ ਨੇ ਕਿਹਾ ਹੈ ਕਿ ਆਲਮੀ ਆਰਥਕ ਢਾਂਚੇ ਵਿੱਚ ਨੌਜਵਾਨ ਹਾਸ਼ੀਏ ’ਤੇ ਚਲੇ ਗਏ ਹਨ। ਕਈ ਦੇਸ਼ਾਂ ਵਿੱਚ ਬੇਰੋਜ਼ਗਰੀ ਦੀ ਦਰ 50 ਫ਼ੀਸਦੀ ਤੋਂ ਟੱਪ ਗਈ ਹੈ। ਇਸ ਆਰਥਕ ਪ੍ਰਣਾਲੀ ਨੂੰ ਚਲਦੇ ਰੱਖਣਾ ਪਾਗਲਪਣ ਹੈ। ਇਸ ਪ੍ਰਣਾਲੀ ਨੇ ਸਾਰੀ ਨਵੀਂ ਪੁਰਾਣੀ ਪੀੜ੍ਹੀ ਨੂੰ ਅੱਖੋਂ ਓਹਲੇ ਕਰ ਦਿੱਤਾ ਹੈ।
ਇਹ ਪ੍ਰਣਾਲੀ ਸਦਾ ਨਹੀਂ ਰਹਿਣੀ ਪਰ ਇਸ ਨੂੰ ਸਥਿਰ ਰੱਖਣ ਲਈ ਸਾਮਰਾਜ ਨੂੰ ਜੰਗ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਜੰਗਾਂ ਨਾਲ ਵੀ ਇਸ ਪ੍ਰਣਾਲੀ ਨੂੰ ਜੀਵਤ ਨਹੀਂ ਰੱਖਿਆ ਜਾ ਸਕੇਗਾ। ਪੋਪ ਨੇ ਇਹ ਧਾਰਨਾ ਵੀ ਦਿੱਤੀ ਹੈ ਕਿ ਵਿਸ਼ਵ ਦੀਆਂ ਵੱਡੀਆਂ ਆਰਥਕਤਾਵਾਂ ਨੇ ਮਨੁੱਖ ਨੂੰ ਮਾਇਆ ਦੇ ਬੁੱਤ ਦੀ ਤਾਬਿਆ ਵਿੱਚ ਲਿਆ ਖੜ੍ਹਾ ਕਰ ਦਿੱਤਾ ਹੈ। ਹਾਲਾਂਕਿ ਵਿਸ਼ਵ ਦੇ ਭੁੱਖੇ ਲੋਕਾਂ ਨੂੰ ਰਜਾੳਣ ਲਈ ਸਭ ਕੁੱਝ ਉਪਲਬੱਧ ਹੈ, ਪਰ ਅਜਿਹਾ ਨਹੀਂ ਕੀਤਾ ਜਾ ਰਿਹਾ। ਜਦੋਂ ਤੁਸੀਂ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦੀਆਂ ਤਸਵੀਰਾਂ ਦੇਖਦੇ ਹੋ ਤਾਂ ਸਿਰ ਫੜ੍ਹ ਲੈਂਦੇ ਹੋ। ਪੋਪ ਨੇ ਕਿਹਾ ਕਿ ਤੁਸੀਂ ਇਸ ਨੂੰ ਸਮਝ ਨਹੀਂ ਸਕਦੇ। ਅਸੀਂ ਅਜਿਹੇ ਆਲਮੀ ਆਰਥਕ ਸੰਕਟ ਵਿੱਚ ਹਾਂ ਜੋ ਚੰਗਾ ਨਹੀਂ ਪਰ ਅਸੀਂ ਪੂੰਜੀ ਨੂੰ ਧੁਰਾ ਮੰਨ ਲਿਆ ਹੈ, ਪੈਸੇ ਨੂੰ ਦੇਵਤਾ ਬਣਾ ਲਿਆ ਹੈ। ਅਸੀਂ ਮਾਇਆ ਦੇ ਬੁੱਤ ਨੂੰ ‘ਪੁੱਜਣ ਲੱਗੇ ਹਾਂ’। ਨੌਜਵਾਨਾਂ ਨੂੰ ਤਾਂ ਪੁਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਹੈ। ਬੱਚਿਆਂ ਅਤੇ ਬੁੱਢਿਆਂ ਨੂੰ ਅਣਗੌਲੇ ਕਰਨ ਦਾ ਅਰਥ ਲੋਕਾਂ ਦੇ ਭਵਿੱਖ ਨੂੰ ਅਣਗੌਲੇ ਕਰਨਾ ਹੈ।
ਪਿਛਲੇ ਦਿਨੀਂ ਸੰਸਾਰ ਦੇ 181 ਦੇਸ਼ਾਂ ਦੇ ਸਬੰਧ ਵਿੱਚ ਕੌਮਾਂਤਰੀ ਮੁਦਰਾ ਕੋਸ਼ ਨੇ ਅੰਕੜੇ ਜਾਰੀ ਕੀਤੇ ਹਨ। ਅਜਿਹੇ ਹੀ ਅਨੁਮਾਨ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਨੇ ਵੀ ਪੇਸ਼ ਕੀਤੇ ਹਨ। ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਆਰਥਕ ਸੰਕਟ ਦਾ ਪਹਿਲਾ ਦਾ ਕਾਲ 2005-7 ਸੀ ਜਿਸ ਤੋਂ ਸੰਕਟ ਦੇ ਚਿੰਨ੍ਹ ਨਜ਼ਰ ਆਉਣ ਲੱਗ ਪਏ ਸਨ। ਸੰਕਟ ਦਾ ਦੂਜਾ ਦੌਰ 2008 ਤੋਂ ਆਰੰਭ ਹੁੰਦਾ ਹੈ ਜਿਸ ਵਿੱਚ ਕੁੱਝ ਦੇਸ਼ਾਂ ਦੁਆਰਾ ਅਪਣਾਏ ਗਏ ਬੇਲ ਆਉਂਟ ਪੈਕੇਜ਼ ਦੇ ਰੂਪ ਵਿੱਚ ਸਰਕਾਰੀ ਖ਼ਰਚੇ ਦਾ ਵਿਸਥਾਰ ਹੋਇਆ ਸੀ। ਸੰਕਟ ਦਾ ਤੀਜਾ ਦੌਰ 2010-12 ਹੈ ਜਦੋਂ ਦੁਨੀਆ ਭਰ ਵਿੱਚ ਵਿੱਤੀ ਖੜੋਂਤ ਵੇਖਣ ਵਿੱਚ ਆਈ ਸੀ। ਸੰਕਟ ਦਾ ਚੌਥਾ ਦੌਰ 2013-15 (ਆਈ.ਐਮ.ਐਫ ਦੇ ਅਨੁਮਾਨ ਅਨੁਸਾਰ) ਹੈ ਜਿਸ ’ਚ ਸਰਕਾਰੀ ਖਰਚੇ ਘਟਣ ’ਚ ਹੋਰ ਤੇਜ਼ੀ ਆਉਂਦੀ ਨਜ਼ਰ ਆ ਰਹੀ ਹੈ। ਸੋ ਇਸ ਤਰ੍ਹਾਂ 68 ਵਿਕਾਸਸ਼ੀਲ ਦੇਸ਼ ਅਤੇ 26 ਵਿਕਸਤ ਦੇਸ਼ 2013-15 ਦੌਰਾਨ ਆਪਣੀ ਕੁੱਲ ਘਰੇਲੂ ਪੈਦਾਵਾਰ ਦੇ ਹਿੱਸੇ ਦੇ ਤੌਰ ’ਤੇ ਸਰਕਾਰੀ ਖ਼ਰਚਿਆਂ ’ਚ ਕਟੌਤੀ ਕਰਨ ਜਾ ਰਹੇ ਹਨ। ਇਸ ਤਰ੍ਹਾਂ ਹੋਣ ਨਾਲ ਸੰਸਾਰ ਦੇ 80 ਫੀਸਦੀ ਲੋਕਾਂ ਤੇ ਭਾਰੀ ਸੱਟ ਵੱਜੇਗੀ। ਆਈ.ਐਮ.ਐਫ਼ ਦਾ ਇਹ ਵੀ ਅਨੁਮਾਨ ਹੈ ਕਿ 2015 ਵਿੱਚ 16 ਅਰਬ ਤੀਹ ਕਰੋੜ ਲੋਕ ਇਸ ਦੀ ਮਾਰ ਹੇਠ ਆ ਜਾਣਗੇ। ਸੰਸਾਰ ਦੇ ਸੌ ਦੇਸ਼ ਲੋਕਾਂ ਦੀਆਂ ਸਭ ਕਿਸਮ ਦੀਆਂ ਸਬਸਿਡੀਆਂ ਬੰਦ ਕਰਕੇ ਕਰਫ਼ਾਇਤ ਕਰਨਗੇ, ਇਸ ਕਾਰਨ ਲੋਕਾਂ ਦੀ ਸਥਿਤੀ ਹੋਰ ਬਦਤਰ ਹੋ ਜਾਵੇਗੀ। ਜੇਕਰ ਇਹੋ ਸਥਿਤੀ ਰਹੀ, ਭਾਵ ਆਰਥਕ ਮੰਦਵਾੜੇ ’ਚੋਂ ਨਿਕਲਣ ਲਈ ਅਮਰੀਕਾ ਅਤੇ ਹੋਰ ਦੇਸ਼ ਜੰਗਾਂ ਲਾਉਣਗੇ (ਵੈਸੇ ਸੰਸਾਰ ਵਿੱਚ ਕਈ ਥਾਵਾਂ ’ਤੇ ਕਈ ਦੇਸ਼ ਆਪਸ ਵਿੱਚ ਅਤੇ ਕਈ ਦੇਸ਼ਾਂ ਵਿੱਚ ਘਰੇਲੂ ਜੰਗ ਜਾਰੀ ਹੈ।) ਜੰਗ ਹੀ ਇਨ੍ਹਾਂ ਕੋਲ ਵੱਡਾ ਹਥਿਆਰ ਹੈ। ਪਰ ਜੇਕਰ ਅੱਜ ਜੰਗ ਵਿੱਚ ਸਾਰਾ ਸੰਸਾਰ ਸ਼ਾਮਲ ਹੋ ਜਾਂਦਾ ਹੈ ਤਾਂ ਧਰਤੀ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਜਾਵੇਗੀ। ਅਸੀਂ ਤਾਂ ਪਹਿਲਾਂ ਹੀ ਪਰਮਾਣੂ ਬੰਬਾਂ ਉੱਪਰ ਨਿਵਾਸ ਕੀਤਾ ਹੋਇਆ ਹੈ।
ਸੰਸਾਰ ਵਿੱਚ ਇੱਕ ਅਰਬ ਲੋਕ ਭੁੱਖਮਰੀ ਦਾ ਸ਼ਿਕਾਰ ਹਨ, ਪੋਪ ਫਰਾਂਸਿਸ ਅਨੁਸਾਰ ਭੁੱਖਮਰੀ ਖ਼ਤਮ ਕਰਨ ਲਈ ਆਪਣੀ ਸੰਸਾਰ ਵਿੱਚੋਂ ਸਭ ਕੁਝ ਉਪਲਬੱਧ ਹੈ ਪਰ ਅਮਰੀਕਾ ਸੰਸਾਰ ’ਤੇ ਆਪਣੀ ਚੌਧਰ ਸਥਾਪਤ ਕਰਨ ਲਈ ਫ਼ੌਜੀ ਹਮਲੇ ਕਰਨੋਂ ਬਾਜ਼ ਨਹੀਂ ਆ ਰਿਹਾ। ਉਹ ਅਰਬਾਂ ਡਾਲਰ ਸਿਰਫ਼ ਆਪਣੀ ਚੌਧਰ ਦੀ ਸਥਾਪਤੀ ਲਈ ਖਰਚ ਕਰ ਰਿਹਾ ਹੈ। ਐਡਵਰਡ ਸਨੋਡੇਨ ਨੇ ਅਮਰੀਕੀ ਜਾਸੂਸੀ ਬਜਟ ਦੇ ਅੰਕੜੇ ਜਾਰੀ ਕੀਤੇ ਹਨ। ਵਾਸ਼ਿੰਗਟਨ ਪੋਸਟ ਵਿੱਚ ਇਹ ਅੰਕੜੇ 2013 ਵਿੱਚ ਪ੍ਰਕਾਸ਼ਿਤ ਹੋਏ ਸਨ।
ਅਮਰੀਕਾ ਨੇ 52.6 ਅਰਬ ਡਾਲਰ ਦਾ ਬਜਟ ਆਪਣੀਆਂ 16 ਅਲੱਗ ਅਲੱਗ ਗੁਪਤਚਰ ਸੰਸਥਾਵਾਂ ਲਈ ਰੱਖਿਆ ਹੈ। ਸਾਲ 2014 ਤੋਂ ਬਾਅਦ ਇਹ ਬਜਟ 50 ਫ਼ੀਸਦੀ ਵਧਿਆ ਹੈ। ਨੈਸ਼ਨਲ ਸਕਿਊਰਟੀ ਏਜੰਸੀ ਨੇ 2013 ਵਿੱਚ 70 ਹਜ਼ਾਰ ਕਰੋੜ, ਸੀ.ਆਈ ਏ. ਨੇ 32 ਹਜ਼ਾਰ ਕਰੋੜ ਮਾਨਵੀਂ ਜਸੂਸੀ ’ਤੇ ਖਰਚ ਕੀਤੇ ਹਨ। ਅਮਰੀਕੀ ਰੱਖਿਆ ਬਜਟ ਦੁਨੀਆ ਦਾ ਸਭ ਤੋਂ ਵੱਡਾ ਬਜਟ ਹੈ। ਕਿੰਨ੍ਹੀਆਂ ਵਰ੍ਹਿਆਂ ਤੋਂ ਅਮਰੀਕਾ ਸੰਸਾਰ ਦੇ ਵੱਖ-ਵੱਖ ਦੇਸ਼ਾਂ ਨੂੰ ਦਬੱਲੀ ਫਿਰਦਾ ਹੈ। ਆਤੰਕਵਾਦ ਦੇ ਨਾਂ ’ਤੇ ਅਫਗਾਨਿਸਤਾਨ, ਇਰਾਕ ਵਰਗੇ ਦੇਸ਼ਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਅਮਰੀਕਾ ਅਰਬ ਦੇਸ਼ਾਂ ਦੇ ਲੋਕਾਂ ਨੂੰ ਬਰਬਾਦ ਕਰਨ ’ਤੇ ਤੁਲਿਆ ਹੋਇਆ ਹੈ। ਇਰਾਕ ਵਿੱਚ ਤਾਂ ਸੁੰਨੀ, ਕੁਰਦ ਅਤੇ ਸ਼ੀਆ ਮੁਸਲਮਾਨ ਆਪਸ ਵਿੱਚ ਹੀ ਲੜੀ ਜਾ ਰਹੇ ਹਨ। ਘਰੇਲੂ ਯੁੱਧ ਨਾਲ ਇਰਾਕ ਦੀ ਆਰਥਕਤਾ ਹੀ ਤਬਾਹ ਨਹੀਂ ਹੋਈ ਸਗੋਂ ਵੱਡੀ ਪੱਧਰ ’ਤੇ ਮਨੁੱਖਤਾ ਦਾ ਵੀ ਘਾਣ ਹੋਇਆ ਹੈ। ਆਈ.ਐਸ.ਆਈ.ਐਸ ਅਲਕਾਇਦਾ ਅਤੇ ਤਾਲਿਬਾਨ ਵਰਗੇ ਹਥਿਆਰਬੰਦ ਗਰੋਹ ਅਮਰੀਕਾ ਜਾਂ ਪੱਛਮੀ ਦੇਸ਼ਾਂ ਨਾਲ ਲੜਣ ਦੀ ਥਾਂ ਆਪਣੇ ਲੋਕਾਂ ਨੂੰ ਮਾਰਨ ’ਤੇ ਤੁਲੇ ਹੋਏ ਹਨ। ਫਲਸਤੀਨ ਨੂੰ ਤਬਾਹ ਕਰਨ ਲਈ ਅਮਰੀਕਾ ਨੇ ਇਜ਼ਰਾਇਲ ਨੂੰ ਖੜ੍ਹਾ ਕੀਤਾ ਹੈ। ਲਿਬੀਆ, ਮਿਸਰ, ਪਾਕਿਸਤਾਨ, ਸੀਰੀਆ, ਬੰਗਲਾਦੇਸ਼ ਅਤੇ ਹੋਰ ਵੀ ਕਈ ਦੇਸ਼ਾਂ ਦੀ ਸਥਿਤੀ ਵਿਸਫੋਟਕ ਬਣੀ ਹੋਈ ਹੈ। ਜਾਪਾਨ ਅਤੇ ਵੀਅਤਨਾਮ ਵਰਗੇ ਦੇਸ਼ਾਂ ਦਾ ਚੀਨ ਨਾਲ ਕੋਈ ਟਾਪੂਆਂ ਪਿੱਛੇ ਝਗੜਾ ਚੱਲ ਰਿਹਾ ਹੈ। ਅਮਰੀਕਾ ਇਸ ਝਗੜੇ ਨੂੰ ਹਵਾ ਦੇ ਕੇ ਯੁੱਧ ’ਚ ਬਦਲਣਾ ਚਾਹੰੁਦਾ ਹੈ। ਤਿੱਬਤ ਦਾ ਮਸਲਾ ਵੀ ਅਮਰੀਕਾ ਉਲਝਾ ਰਿਹਾ ਹੈ। ਅਮਰੀਕਾ ‘ਭਾਰਤ ਅਤੇ ਚੀਨ’ ਨੂੰ ਵੀ ਲੜਾਉਣ ਲਈ ਯਤਨਸ਼ੀਲ ਹੈ। ਭਾਰਤ ਲਈ ਪਾਕਿਸਤਾਨ, ਮੀਆਂਮਾਰ, ਬੰਗਲਾਦੇਸ਼ ਅਤੇ ਚੀਨ ਸਿਰਦਰਦੀ ਬਣੇ ਹੋਏ ਹਨ। ਅਮਰੀਕਾ ਉਤਰੀ ਕੋਰੀਆ, ਕਰੀਮੀਆ, ਕਿਊਬਾ, ਬ੍ਰਾਜ਼ੀਲ, ਵੈਨਜੁਏਲਾ, ਵਰਗੇ ਦੇਸ਼ਾਂ ਤੇ ਵੀ ਪੂਰ ਔਖਾ ਹੈ, ਅਮਰੀਕਾ ਸੰਸਾਰ ਤੇ ਧੌਂਸ ਜਮਾਉਣ ਲਈ ਕਈ ਦੇਸ਼ਾਂ ਵਿੱਚ ਡਰੋਨ ਹਮਲੇ ਕਰ ਰਿਹਾ ਹੈ। ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਹੀ ਅਮਰੀਕਾ ਨੇ ਡਰੋਨ ਹਮਲਿਆਂ ਰਾਹੀਂ 5000 ਬੰਦੇ ਮਾਰ ਮੁਕਾਏ ਹਨ। ਡਰੋਨ ਹਮਲੇ ਕਰਨ ਨੂੰ ਉਹ ਆਪਣਾ ਜੱਦੀ ਹੱਕ ਸਮਝਦਾ ਹੈ। ਆਈ.ਐਸ.ਆਈ.ਐਸ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਅਮਰੀਕਾ ਹਵਾਈ ਹਮਲੇ ਕਰਨ ਲੱਗ ਪਿਆ ਹੈ। ਇਨ੍ਹਾਂ ਕੀਤੇ ਜਾ ਰਹੇ ਰਾਜਸੀ ਕਤਲਾਂ ਦੇ ਵਿਰੁਧ ਕੋਈ ਦੇਸ਼ ਨਹੀਂ ਬੋਲਦਾ।
ਆਤੰਕਵਾਦ ਏਨਾ ਵੱਧ ਚੁੱਕਾ ਹੈ ਕਿ ਸਾਰਾ ਸੰਸਾਰ ਮੌਤ ਦੇ ਸਾਏ ਹੇਠ ਜੀਅ ਰਿਹਾ ਹੈ। ਆਤੰਕਵਾਦੀਆਂ ਨੇ ਪੂਰੇ ਸੰਸਾਰ ’ਚ ਤਰਥੱਲੀ ਮਚਾਈ ਹੋਈ ਹੈ। ਜੇਹਾਦ ਅਤੇ ਇਸਲਾਮ ਦੇ ਨਾਂ ’ਤੇ ਬੇਗੁਨਾਹ ਲੋਕਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। ਸਾਲ 2013 ਵਿੱਚ ਭਾਰਤ ਵਿੱਚ 212 ਬੰਬ ਵਿਸਫੋਟ, ਅਫਗਾਨਿਸਤਾਨ ਵਿੱਚ 108 ਬੰਬ ਵਿਸਫੋਟ, ਬੰਗਲਾਦੇਸ਼ ਵਿੱਚ 75 ਬੰਬ ਵਿਸਫੋਟ, ਸੀਰੀਆ ’ਚ 36 ਬੰਬ ਵਿਸਫੋਟ ਹੋਏ ਹਨ। ਇਰਾਕ, ਪਾਕਿਸਤਾਨ, ਅਫਗਾਨਿਸਤਾਨ ਅਤੇ ਭਾਰਤ ਵਿੱਚ ਹਰ ਵਰ੍ਹੇ ਸੰਸਾਰ ਦੇ 75 ਫੀਸਦੀ ਬੰਬ ਵਿਸਫੋਟ ਹੁੰਦੇ ਹਨ। ਬੰਬ ਡਾਟਾ ਸੈਂਟਰ ਦੇ ਅੰਕੜਿਆਂ ਅਨੁਸਾਰ 2004 ਤੋਂ 2013 ਤੱਕ ਹਰ ਸਾਲ ਔਸਤਨ 228 ਬੰਬ ਵਿਸਫੋਟ ਅਤੇ 1337 ਮੌਤਾਂ ਹੁੰਦੀਆਂ ਹਨ। ਇਕੱਲੇ ਭਾਰਤ ਵਿੱਚ ਹੀ ਫਿਰਕੂ ਹਿੰਸਾ ਵਿੱਚ ਇਕ ਦਹਾਕੇ ਦੌਰਾਨ 8473 ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿੱਚ 2502 ਲੋਕ ਮਾਰੇ ਗਏ ਹਨ ਅਤੇ ਇਨ੍ਹਾਂ ਦੰਗਿਆਂ ਵਿੱਚ 28668 ਲੋਕ ਜ਼ਖਮੀ ਹੋਏ ਹਨ। ਜੂਨ 2014 ਵਿੱਚ ਆਈ.ਐਸ. ਦੇ ਆਤੰਕਵਾਦੀਆਂ ਨੇ ਇਕੋ ਦਮ 800 ਈਰਾਕ ਫੌਜੀਆਂ ਨੂੰ ਫੜ੍ਹ ਕੇ ਗੋਲੀਆਂ ਨਾਲ ਭੁੰਨ੍ਹ ਸੁੱਟਿਆ। ਇਸਰਾਈਲ ‘ਹਮਾਸ’ ਦੇ ਖਾਤਮੇ ਦੇ ਨਾਂ ਤੇ ਫਲਸਤੀਨੀ ਧਰਤੀ ’ਤੇ ਕਬਜ਼ਾ ਕਰਨ ’ਤੇ ਤੁਲਿਆ ਹੋਇਆ ਹੈ।
ਸੰਯੁਕਤ ਰਾਸ਼ਟਰ ਦੇ ਤਫਤੀਸ਼ਕਾਰਾਂ ਨੇ ਆਖਿਆ ਹੈ ਕਿ ਸੀਰੀਆ ਸਰਕਾਰ ਅਤੇ ਇਸਲਾਮਿਕ ਸਟੇਟ ਦੇ ਬਾਗੀ ਇਕ ਦੂਜੇ ਖਿਲਾਫ਼ ਖੂਨੀ ਜੰਗ ਦੌਰਾਨ ਵੱਡੀ ਪੱਧਰ ’ਤੇ ਮਾਨਵਤਾ ਖਿਲਾਫ਼ ਅਪਰਾਧ ਕਰ ਰਹੇ ਹਨ ਇਸਲਾਮਿਕ ਸਟੇਟ ਨੇ ਉੱਤਰੀ ਸੀਰੀਆ ਵਿੱਚ ਜਨਤਕ ਦਮਨ ਰਾਹੀਂ ਇਕ ਕਰੂਰ ਮੁਹਿੰਮ ਚਲਾ ਰੱਖੀ ਹੈ। ਸਰਕਾਰੀ ਫੌਜ ਵੀ ਸਿਵਲੀਅਨ ਖੇਤਰ ਉੱਪਰ ਬੰਬ ਸੁੱਟ ਰਹੀ ਹੈ। ਆਮ ਲੋਕਾਂ ਨੂੰ ਮਾਰਨ ਲਈ ਰਸਾਇਣਕ ਹਥਿਆਰਾਂ ਦੀ ਵਰਤੋਂ ਹੋ ਰਹੀ ਹੈ। ਆਈ ਐਸ ਸੈਨਿਕ ਜਿਨ੍ਹਾਂ ਖੇਤਰਾਂ ’ਤੇ ਕਬਜ਼ਾ ਕਰ ਲੈਂਦੇ ਹਨ ਉਥੇ ਇਹ ਮਨੁੱਖਤਾ ਦਾ ਜਨਤਕ ਘਾਣ ਕਰ ਦਿੰਦੇ ਹਨ। ਲਾਸ਼ਾਂ ਕਈ ਕਈ ਦਿਨ ਰੁਲਦੀਆਂ ਰਹਿੰਦੀਆਂ ਹਨ। ਸੀਰੀਆਈ ਮਨੁੱਖੀ ਅਧਿਕਾਰ ਨਿਗਰਾਨੀ ਸੰਸਥਾ ਨੇ ਦੱਸਿਆ ਕਿ ਅਗਸਤ 2014 ਅੰਤਲੇ ਦਿਨ ਸੀਰੀਆਈ ਜਹਾਜ਼ਾਂ ਦੇ ਹਮਲਿਆਂ ਨਾਲ 42 ਬੱਚੇ ਮਾਰ ਦਿੱਤੇ ਗਏ। ਸੀਰੀਆ ’ਚ ਮਾਰਚ 2011 ਤੋਂ ਲੈ ਕੇ ਅਪ੍ਰੈਲ 2014 ਤੱਕ ਇਕ ਲੱਖ ਨੱਬੇ ਹਾਜ਼ਾਰ ਲੋਕ ਮਾਰ ਦਿੱਤੇ ਗਏ ਹਨ, ਇਨ੍ਹਾਂ ਵਿੱਚ 9000 ਹਜ਼ਾਰ ਬੱਚੇ ਵੀ ਸ਼ਾਮਲ ਹਨ। ਇਰਾਕ ਅਤੇ ਅਫਗਾਨਿਸਤਾਨ ਵਿੱਚ 13 ਤੋਂ 15 ਸਾਲਾਂ ਤੋਂ ਨਿਰੰਤਰ ਮਾਰ ਮਰਾਈ ਚੱਲ ਰਹੀ ਹੈ। ਇਸ ਸਮੇਂ ਆਤੰਕਵਾਦ ਕਾਰਨ ਸਾਰਾ ਸੰਸਾਰ ਤਬਾਹੀ ਦੇ ਦਹਾਕੇ ਤੇ ਪੁੱਜ ਗਿਆ ਹੈ।
ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਸਰਕਾਰਾਂ ਨੇ ਧਰਤੀ ਅਤੇ ਵਾਤਾਵਰਣ ਦਾ ਨਾਸ ਮਾਰ ਦਿੱਤਾ ਹੈ। ਨਵ-ਪੂੰਜੀਵਾਦ ਆਪਣੇ ਅੰਨ੍ਹੇ ਮੁਨਾਫਿਆਂ ਦੀ ਹੋੜ ਵਿੱਚ ਸੰਸਾਰ ਨੂੰ ਤਬਾਹ ਕਰਨ ਤੇ ਤੁਲਿਆ ਹੋਇਆ ਹੈ। ਇਹ ਅੱਜ ਸਪੱਸ਼ਟ ਹੋ ਗਿਆ ਹੈ ਕਿ ਮਨੁੱਖੀ ਹੋਂਦ ਨੂੰ ਸਭ ਤੋਂ ਵੱਡਾ ਖ਼ਤਰਾ ਕੁਦਰਤ ਤੋਂ ਨਹੀਂ ਬਲਕਿ ਪੂੰਜੀਪਤੀਆਂ ਤੋਂ ਹੈ। ਸੰਯੁਕਤ ਰਾਸ਼ਟਰ ਵੀ ਹਾਲੀਆ ਰਿਪੋਰਟ ਮੌਸਮ ਬਾਰੇ ਆਈ ਹੈ। ਰਿਪੋਰਟ ’ਚ ਇਹ ਚਿਤਾਵਨੀ ਦਿੱਤੀ ਗਈ ਹੈ ਕਿ 2050 ਤੱਕ ਵਿਨਾਸ਼ਕਾਰੀ ਮੌਸਮੀ ਤਬਦੀਲੀ ਆਏਗੀ। ਸੰਯੁਕਤ ਰਾਸ਼ਟਰ ਨੇ ਅਗਲੇ ਚਾਰ ਦਹਾਕਿਆਂ ਅੰਦਰ ਐਰੀਜੋਨਾ ਤੋਂ ਜਾਂਬੀਆ ਤੱਕ ਹੜ੍ਹਾਂ, ਤੂਫਾਨਾਂ, ਸੋਕਿਆਂ, ਅਤੇ ਝੁਲਸਾ ਦੇਣ ਵਾਲੀ ਗਰਮੀ ਬਾਰੇ ਵੀ ਚਿਤਾਵਨੀ ਦਿੱਤੀ ਹੈ। ਇਸੇ ਤਰ੍ਹਾਂ ਪੀਣ ਵਾਲੇ ਪਾਣੀ ਅਤੇ ਅਨਾਜ ਦੀ ਥੁੜ੍ਹ ਵੀ ਹੋਵੇਗੀ। ਇੰਟਰ ਗਰਵਨਰਮੈਂਟਲ ਪੈਨਲ ਆਫ਼ ਕਲਾਈਮੇਟ ਚੇਜ ਦੁਆਰਾ ਜਾਪਾਨ ’ਚ ਇਕ ਬਹੁਤ ਹੀ ਡਰਾਵਣੀ ਰਿਪੋਰਟਰ ਪੇਸ਼ ਕੀਤੀ ਹੈ। ਹੜ੍ਹਾਂ, ਤੂਫਾਨਾਂ, ਸੋਕਿਆਂ ਦੀ ਮਾਰ ਪੂਰੇ ਏਸ਼ੀਆ ਨੂੰ ਝੱਲਣੀ ਪਵੇਗੀ। ਦੱਖਣੀ ਏਸ਼ੀਆ ’ਚ ਪਾਣੀ ਅਤੇ ਅਨਾਜ ਦੀ ਥੁੜ੍ਹ ਕਾਰਨ ਲੁੱਟਮਾਰ ਅਤੇ ਦੰਗੇ ਫਸਾਦ ਹੋਣਗੇ। ਪਿਛਲੇ ਸਾਲ (ਨਵੰਬਰ 2013) ਵਿੱਚ 200 ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਜਲਵਾਯੂ ਅਤੇ ਮੌਸਮ ’ਚ ਆ ਰਹੇ ਬਦਲਾਅ ਸਬੰਧੀ ਵਾਰਸਾਂ ਵਿੱਚ ਮੀਟਿੰਗ ਹੋਈ ਸੀ। ਵਧ ਰਹੀ ਕਾਰਬਨ ਡਾਇਆਕਸਾਇਡ ਅਤੇ ਗਰੀਨ ਹਾਊਸ ਗੈਸਾਂ ਦੀ ਮਾਤਰਾ ਵਿੱਚ ਕਟੌਤੀ ਕਰਨ ਲਈ ਲੰਬੀ ਚੌੜੀ ਬਹਿਸ ਹੋਈ ਸੀ ਪਰ ਸਾਰੇ ਦੇਸ਼ ਸਿਰਫ਼ ਬਾਹਿਸ ਤੱਕ ਸੀਮਤ ਰਹੇ। ਵਾਰਸਾਂ ’ਚ ਹੋਈ ਮੀਟਿੰਗ ਨੂੰ ਉਹ ਫਲ ਨਹੀਂ ਪਿਆ ਜੋ ਪੈਣਾ ਚਾਹੀਦਾ ਸੀ।
ਦੋ ਤਿੰਨ ਮਹੀਨੇ ਪਹਿਲਾਂ ਵਿਸ਼ਵ ਸਿਹਤ ਸੰਗਠਨ ਵੱਲੋਂ ਇਕ ਹੋਰ ਰਿਪੋਰਟ ਨਸ਼ਰ ਕੀਤੀ ਗਈ ਹੈ। ਇਸ ਵਿੱਚ 1600 ਸ਼ਹਿਰਾਂ ਦਾ ਅਧਿਐਨ ਹੈ। ਲਗਭਗ 91 ਦੇਸ਼ਾਂ ਦੇ ਸ਼ਹਿਰਾਂ ਬਾਰੇ ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੁਨੀਆ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਭਾਰਤ ਦੇ ਤੇਰਾਂ ਦੇਸ਼ ਵਧੇਰੇ ਪ੍ਰਦੂਸ਼ਿਤ ਹਨ। ਭਾਰਤ ਦੀ ਹਵਾ, ਮਿੱਟੀ ਅਤੇ ਪਾਣੀ ਪਲੀਤ ਹੋ ਚੁੱਕਾ ਹੈ। ਭਾਰਤ ਦਾ ਹਰ ਪੰਜਵਾ ਵਿਅਕਤੀ ਪ੍ਰਦੂਸ਼ਣ ਕਾਰਨ ਮੌਤ ਦਾ ਸ਼ਿਕਾਰ ਹੋ ਚੁੱਕਾ ਹੈ। ਸੰਸਾਰ ਦੇ 1600 ਸ਼ਹਿਰ ਐਨੇ ਪ੍ਰਦੂਸ਼ਿਤ ਹੋ ਚੁੱਕੇ ਹਨ ਕਿ ਜਿੱਥੇ ਮਨੁੱਖ ਦਾ ਰਹਿਣਾ ਹੀ ਦੁੱਭਰ ਹੋ ਗਿਆ ਹੈ। ਪ੍ਰਦੂਸ਼ਣ ਕਾਰਨ ਕੈਂਸਰ, ਬਲੈਡ ਪ੍ਰੈਸ਼ਰ, ਸਟਰੋਕ, ਸਾਹ ਅਤੇ ਦਿਲ ਦੇ ਰੋਗ ਅਤੇ ਜਿਗਰ ਦੇ ਰੋਗਾਂ ਵਿੱਚ ਵਾਧਾ ਹੋ ਰਿਹਾ ਹੈ। ਮਾਰਚ 2014 ਵਿੱਚ ਸੰਯੁਕਤ ਰਾਸ਼ਟਰ ਨੇ ਤੱਤ ਨਸ਼ਰ ਕੀਤੇ ਹਨ ਕਿ ਹਵਾ ਪ੍ਰਦੂਸ਼ਣ ਕਾਰਨ 2012 ਵਿੱਚ ਪੂਰੇ ਸੰਸਾਰ ਵਿੱਚ 70 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਦੂਸ਼ਣ ਕਾਰਨ ਆਲਮੀ ਤਪਸ਼ ਵਧ ਰਹੀ ਹੈ ਜਿਸ ਕਾਰਨ ਬਰਫ਼ ਖੁਰ ਰਹੀ ਹੈ ਅਤੇ ਸਮੁੰਦਰ ਦਾ ਪੱਧਰ ਵਧ ਰਿਹਾ ਹੈ। ਜੇਕਰ ਤਪਸ਼ ਵਧਦੀ ਰਹੀ ਤਾਂ ਆਉਣ ਵਾਲੇ ਸਾਲਾਂ ਵਿੱਚ 7 ਫੀਸਦੀ ਲੋਕ ਸਮੁੰਦਰ ਪੱਧਰ ਤੋਂ ਹੇਠਾ ਰਹਿ ਰਹੇ ਹੋਣਗੇ। ਚੀਨ, ਭਾਰਤ, ਬੰਗਲਾਦੇਸ਼, ਥਾਈਲੈਂਡ, ਵੀਅਤਨਾਮ, ਸੀਲੰਕਾ, ਇੰਡੋਨੇਸ਼ੀਆ, ਮਕਾਊ, ਹਾਂਗਕਾਂਗ ਆਦਿ ਦੇਸ਼ਾਂ ਦੀ 60 ਫੀਸਦੀ ਆਬਾਦੀ ਤੇ ਬੁਰਾ ਅਸਰ ਪਵੇਗਾ। ਮਾਲਦੀਵ ਅਤੇ ਬਹਾਮਸ ਸਮੇਤ ਸੱਤ-ਅੱਠ ਦੇਸ਼ਾਂ ਦੀ 50 ਫੀਸਦੀ ਜ਼ਮੀਨ ਹਿੱਲ ਜਾਵੇਗੀ ਅਤੇ ਸਮੁੰਦਰ ਕਿਨਾਰਿਆਂ ਨਾਲ ਲੱਗਦੇ 35 ਹੋਰ ਦੇਸ਼ਾਂ ਦੀ 10 ਫੀਸਦੀ ਜ਼ਮੀਨ ਡੁੱਬ ਜਾਵੇਗੀ। ਬਰਤਾਨਵੀ ਅਖ਼ਬਾਰ ‘ਅਬਜ਼ਰਵਰ’ ਨੇ ਸੰਪਾਦਕੀ ’ਚ ਲਿਖਿਆ ਹੈ, ‘‘ਬੰਦੇ ਦੁਆਰਾ ਪੈਦਾ ਕੀਤੀ ਵਿਸ਼ਵੀ ਤਪਸ਼ ਕਾਰਨ ਧਰਤੀ ਦੇ ਕਰੂਪ ਚਿਹਰੇ ਦੇ ਦਰਸ਼ਨ ਕਰਨਾ ਹੁਣ ਬਹੁਤੀ ਦੂਰ ਦੀ ਗੱਲ ਨਹੀਂ। ਇਹ ਆਣ ਪਹੁੰਚੀ ਹੈ’’। ਵਾਕਈ ਹੀ ਤਪਸ਼ ਦੀ ਮਾਰ ਸ਼ੁਰੂ ਹੈ, ਜਿਸ ਦੇ ਸਿੱਟੇ ਭਿਆਨਕ ਹੋਣਗੇ। ਵਿਕਸਤ ਅਤੇ ਵਿਕਾਸਸ਼ੀਲ ਦੇਸ਼ ਆਪਣੇ ਮਾਨਵੀਂ ਫਰਜ਼ਾਂ ਤੋਂ ਮੂੰਹੀ ਭੂਆਈ ਬੈਠੇ ਹਨ। ਜੇਕਰ ਇਹ ਦੇਸ਼ ਅਜਿਹਾ ਹੀ ਕਰਦੇ ਰਹੇ ਤਾਂ ਧਰਤੀ ਦੀ ਤਬਾਹੀ ਯਕੀਨੀ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹੀ ਤਬਾਹਕੁਨ ਪੂੰਜੀਵਾਦੀ ਵਿਸ਼ਵੀਕਰਨ ਵਿਵਸਥਾ ਨੂੰ ਬਦਲਣ ਲਈ ਅੱਗੇ ਆਉਣ ਅਤੇ ਧਰਤੀ ਅਤੇ ਮਨੁੱਖਤਾ ਨੂੰ ਬਚਾਉਣਾ।
ਸੰਪਰਕ: +91 98553 77373