ਪੰਜਾਬੀ ਸੱਭਿਆਚਾਰ ਦੇ ਨਰੋਏ ਪੱਖ ਨੂੰ ਉਭਾਰਨਾ ਜ਼ਰੂਰੀ -ਡਾ. ਸਵਰਾਜ ਸਿੰਘ
Posted on:- 27-10-2014
ਜੇ ਕੋਈ ਅਖ਼ਬਾਰਾਂ ਵਿੱਚ ਪੰਜਾਬੀ ਸਭਿਆਚਾਰਕ ਮੇਲਿਆਂ, ਸੱਥਾਂ ਅਤੇ ਸਨਮਾਨਾਂ ਦੀਆਂ ਖਬਰਾਂ ਪੜ੍ਹੇ ਤਾਂ ਇਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ ਜਿਵੇਂ ਕਿ ਪੰਜਾਬੀ ਸਭਿਆਚਾਰ ਬਹੁਤ ਪ੍ਰਫੁੱਲਿਤ ਹੋ ਰਿਹਾ ਹੈ, ਪਰ ਜਦੋਂ ਪੰਜਾਬੀ ਸਭਿਆਚਾਰ ਪ੍ਰਤੀ ਗੰਭੀਰ ਅਤੇ ਸੰਜੀਦਾ ਵਰਗਾਂ ਨਾਲ ਗੱਲਬਾਤ ਦਾ ਮੌਕਾ ਮਿਲਦਾ ਹੈ ਤਾਂ ਪੰਜਾਬੀ ਸਭਿਆਚਾਰ ਦਾ ਦਰਦ ਰੱਖਣ ਵਾਲਾ ਇਹ ਵਰਗ ਜ਼ਿਆਦਾਤਰ ਪੰਜਾਬੀ ਸਭਿਆਚਾਰ ਦੀ ਮੌਜੂਦਾ ਸਥਿਤੀ ਅਤੇ ਵਿਸ਼ਾ ਪ੍ਰਤੀ ਨਿਰਾਸ਼ ਲੱਗਦਾ ਹੈ। ਪੰਜਾਬੀ ਸਭਿਆਚਾਰ ਨਾਲ ਸਬੰਧਿਤ ਜ਼ਿਆਦਾਤਰ ਖ਼ਬਰਾਂ ਸਿਰਫ਼ ਅਖ਼ਬਾਰਾਂ ਤੱਕ ਹੀ ਸੀਮਤ ਹਨ। ਮੇਲਿਆਂ, ਸੱਥਾਂ ਅਤੇ ਸਨਮਾਨ ਸਮਾਰੋਹਾਂ ਦੇ ਪ੍ਰਬੰਧਾਂ ਤੇ ਸੰਚਾਲਕਾਂ ਨੇ ਖ਼ਬਰਾਂ ਲੁਆਉਣ ਵਿੱਚ ਮੁਹਾਰਤ ਹਾਸਲ ਕਰ ਲਈ ਹੈ।
ਪੰਜਾਬ ਵਿੱਚ 50 ਤੋਂ 100 ਅਜਿਹੇ ਨਾਮ ਹਨ ਜੋ ਪੰਜਾਬੀ ਸਭਿਆਚਾਰਕ ਗਤੀਵਿਧੀਆਂ ਲਈ ਹਰ ਵਕਤ ਅਖ਼ਬਾਰਾਂ ਵਿੱਚ ਪੜ੍ਹਨ ਨੂੰ ਮਿਲਦੇ ਹਨ। ਪਰ ਉਨ੍ਹਾਂ ਸ਼ਖ਼ਸੀਅਤਾਂ ਦਾ ਸਚਮੁੱਚ ਕੋਈ ਲੋਕ ਆਧਾਰ ਹੈ ਜਾਂ ਇਹ ਪੰਜਾਬੀ ਸਭਿਆਚਾਰ ਦੀ ਮੌਜੂਦਾ ਦਸ਼ਾ ਜਾਂ ਦਿਸ਼ਾ ਨੂੰ ਪ੍ਰਭਾਵਿਤ ਕਰਨ ਵਿੱਚ ਕੋਈ ਸੀਮਤ ਸਫ਼ਲਤਾ ਵੀ ਹਾਸਲ ਕਰ ਸਕੇ ਹਨ। ਪੰਜਾਬੀ ਸਭਿਆਚਾਰ ਨੂੰ ਦਰਪੇਸ਼ ਦੋ ਮੁੱਖ ਚੁਣੌਤੀਆਂ ਪੰਜਾਬੀ ਸਭਿਆਚਾਰ ਤੇ ਪੱਛਮੀ ਸਾਮਰਾਜੀ ਸਭਿਆਚਾਰ ਦਾ ਹਮਲਾ ਅਤੇ ਉਸ ਦੇ ਨਤੀਜੇ ਵਜੋਂ ਪੰਜਾਬ ਤੇ ਪੰਜਾਬੀ ਸਭਿਆਚਾਰ ਦਾ ਹੋ ਰਿਹਾ ਪੱਛਮੀਕਰਨ ਅਤੇ ਪੰਜਾਬ ਵਿੱਚ ਉਜੱਡਵਾਦੀ, ਖਾਊ ਪੀਓ ਸਭਿਆਚਾਰ ਦਾ ਭਾਰੂ ਹੋਣਾ।
ਜੇ ਹੋਰ ਡੂੰਘਾਈ ਨਾਲ ਦੇਖੀਏ ਤਾਂ ਇਹ ਦੋਨਾਂ ਮੁੱਖ ਚੁਣੌਤੀਆਂ ਅਸਲ ਵਿੱਚ ਪੰਜਾਬੀ ਸਭਿਆਚਾਰ ਤੇ ਪੱਛਮੀ ਸਾਮਰਾਜੀ ਸਭਿਆਚਾਰਿਕ ਹਮਲੇ ਦਾ ਹੀ ਨਤੀਜਾ ਹਨ। ਭਾਵੇਂ ਕਿ ਬਾਹਰੀ ਰੂਪ ਵਿੱਚ ਦੋਨਾਂ ਦੀ ਦਿੱਖ ਵੱਖਰੀ ਹੈ। ਪੱਛਮੀਕਰਨ ਵਿੱਚ ਪੰਜਾਬ ਦਾ ਅਲੋਪ ਹੋ ਰਿਹਾ ਸਰੂਪ, ਅਤੇ ਪਹਿਰਾਵੇ ਤੇ ਪੱਛਮੀ ਪ੍ਰਭਾਵ ਅਤੇ ਸਾਡੇ ਖਾਣੇ ਅਤੇ ਰਹਿਣੀ ਬਹਿਣੀ ਤੇ ਪੱਛਮੀ ਪ੍ਰਭਾਵ ਸ਼ਾਮਲ ਹਨ। ਜਦੋਂ ਕਿ ਉਜੱਡਵਾਦੀ, ਖਾਊ ਪੀਊ ਸਭਿਆਚਾਰ ਵਿੱਚ ਪੰਜਾਬੀ ਗੀਤਾਂ ਦੇ ਬੋਲ (ਲੋਕ ਗੀਤ ਵੀ ਸ਼ਾਮਲ ਹਨ) ਅਤੇ ਪੰਜਾਬੀ ਲੋਕ ਨਾਚ ਟੀਵੀ ਤੇ ਸਟੇਜ਼ਾਂ ਤੇ ਦਿਖਾਏ ਜਾ ਰਹੇ ਹਨ। ਪਰ ਇਹ ਨਾ ਤਾਂ ਪੰਜਾਬੀ ਗੀਤਾਂ ਤੇ ਨਾ ਹੀ ਨਾਚਾਂ ਦੀ ਸਹੀ ਨੁਮਾਇੰਦਗੀ ਕਰ ਰਹੇ ਹਨ। ਗੀਤਾਂ ਦੇ ਬੋਲਾਂ ਨਾਲ ਜੋ ਦਿ੍ਰਸ਼ ਦਿਖਾਏ ਜਾਂਦੇ ਹਨ ਬਿਲਕੁਲ ਮੇਲ ਨਹੀਂ ਖਾਂਦੇ।
ਰਵਾਇਤੀ ਗੀਤ ਨਾਲ ਅੱਧ ਨੰਗੀਆਂ ਪੱਛਮੀ ਪਹਿਰਾਵੇ ਵਿੱਚ ਕੁੜੀਆਂ ਦੇਖਣ ਨੂੰ ਮਿਲਦੀਆਂ ਹਨ। ਜੇ ਰਵਾਇਤੀ ਪਹਿਰਾਵੇ ਵਿੱਚ ਲੋਕ ਵਿਖਾਏ ਜਾਂਦੇ ਹਨ ਉਹ ਪੰਜਾਬ ਦੇ ਅਜੋਕੇ ਯਥਾਰਥ ਨਾਲ ਮੇਲ ਨਹੀਂ ਖਾਂਦੇ। ਅੱਜ ਪੰਜਾਬ ਦੇ ਪਿੰਡਾਂ ਵਿੱਚ ਰਵਾਇਤੀ ਪਹਿਰਾਵੇ ਵਾਲੇ ਮੁੰਡੇ ਕੁੜੀਆਂ ਤੁਹਾਨੂੰ ਤੁਰੇ ਫਿਰਦੇ ਨਹੀਂ ਨਜ਼ਰ ਆਉਂਦੇ ਸਗੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੁਡੇ ਕੁੜੀਆਂ ਦੇ ਪਹਿਰਾਵੇ ਵਿੱਚ ਜ਼ਿਆਦਾ ਫਰਕ ਵੇਖਣ ਨੂੰ ਨਹੀਂ ਮਿਲਦਾ, ਸਚਾਈ ਤਾਂ ਇਹ ਹੈ ਕਿ ਪੰਜਾਬ ਦੇ ਪਿੰਡਾਂ ਦੇ ਰਵਾਇਤੀ ਢੰਗ ਦਾ ਜੀਵਨ ਸਿਰਫ਼ ਟੀ.ਵੀ. ਫਿਲਮਾਂ ਤੇ ਸਟੇਜ਼ਾਂ ਤੱਕ ਹੀ ਸੀਮਤ ਹੋ ਚੁੱਕਾ ਹੈ ਅਤੇ ਪੰਜਾਬ ਦਾ ਲਗਭਗ ਸ਼ਹਿਰੀਕਰਨ ਹੋ ਚੁੱਕਾ ਹੈ।
ਪੰਜਾਬ ਦੇ ਰਵਾਇਤੀ ਮੇਲਿਆਂ ਜਿਵੇਂ ਛਪਾਰ ਦਾ ਮੇਲਾ, ਫਤਿਹਗੜ੍ਹ ਸਾਹਿਬ ਵਿੱਚ ਸ਼ਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਅਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਆਦਿ ਦਾ ਲੋਕ ਅਧਾਰ ਅੱਜ ਵੀ ਕਾਇਮ ਹੈ। ਲੋਕਾਂ ਦਾ ਉਤਸ਼ਾਹ ਅਤੇ ਸ਼ਮੂਲੀਅਤ ਅਜੇ ਵੀ ਕਾਇਮ ਹੈ, ਇਨ੍ਹਾਂ ਮੇਲਿਆਂ ਵਿੱਚ ਲੋਕਾਂ ਦੀ ਸ਼ਮੂਲੀਅਤ ਆਪ ਮੁਹਾਰੀ ਹੈ। ਜਦੋਂ ਕਿ ਪੰਜਾਬੀ ਸਭਿਆਚਾਰਕ ਸੰਸਥਾਵਾਂ ਵੱਲੋਂ ਆਯੋਜਿਤ ਮੇਲੇ ਜ਼ਿਆਦਾਤਰ ਸਟੇਜ ਲਈ ਤਿਆਰ ਕਰਵਾਏ ਗਏ ਦਿ੍ਰਸ਼ ਹੀ ਸਾਬਤ ਹੁੰਦੇ ਹਨ। ਇਹ ਮੇਲੇ ਭਾਵੇਂ ਅਖ਼ਬਾਰਾਂ ਦੀ ਸੁਰਖੀਆ ਬਣਨ ਅਤੇ ਮੀਡੀਆ ਦਾ ਧਿਆਨ ਖਿੱਚਣ ਵਿੱਚ ਸਫ਼ਲ ਹੋਏ ਹਨ ਪਰ ਇਹ ਲੋਕਾਂ ਦੀ ਮਾਨਸਿਕਤਾ ਦਾ ਅੰਗ ਨਹੀਂ ਬਣ ਸਕੇ, ਲਗਭਗ ਇਹ ਹੀ ਹਾਲ ਸੱਧਾਂ ਤੇ ਸਨਮਾਨ ਸਮਾਰੋਹਾਂ ਦਾ ਹੈ। ਇਨ੍ਹਾਂ ਦੀ ਮਹੱਤਤਾ ਅਤੇ ਧਾਰਮਿਕਤਾ ਜ਼ਿਆਦਤਰ ਸਮਾਰੋਹਾਂ ਤੱਕ ਹੀ ਸੀਮਤ ਹੈ। ਲੋਕਾਂ ਦੇ ਨਿੱਤਪ੍ਰਤੀ ਜੀਵਨ ਤੇ ਕੋਈ ਅਸਰਦਾਰ ਪ੍ਰਭਾਵ ਛੱਡਣ ਜਾਂ ਗਲਤ ਹੋ ਰਿਹਾ ਹੈ ਉਸ ਪ੍ਰਤੀ ਲੋਕ ਚੇਤਨਾ ਜਗਾਉਣ ਵਿੱਚ ਇਨ੍ਹਾਂ ਨੂੰ ਬਹੁਤ ਹੀ ਸੀਮਤ ਸਫ਼ਲਤਾ ਹਾਸਲ ਹੋਈ ਹੈ। ਪੰਜਾਬ ਨੂੰ ਇੱਕ ਬਦਲਵਾਂ ਵਿਕਾਸ ਦਾ ਨਮੂਨਾ ਪ੍ਰਦਾਨ ਕਰਨ ਦੀ ਥਾਂ ’ਤੇ ਇਹ ਸੰਸਥਾਵਾਂ ਦਾ ਵਜੂਦ ਮੁੱਖ ਧਾਰਾ ਵਿੱਚ ਇੱਕ ਹੋਰ ਧਿਰ ਤੋਂ ਜ਼ਿਆਦਾ ਘੱਟ ਹੀ ਨਜ਼ਰ ਆਉਂਦਾ ਹੈ। ਪੰਜਾਬ ਦੀ ਮੁੱਖ ਸਮੱਸਿਆ ਲੋਕਾਂ ਅਤੇ ਬੁੱਧੀਜੀਵੀ ਵਰਗ ਵਿੱਚ ਪਾੜਾ ਨਾ ਸਿਰਫ਼ ਘਟਿਆ ਹੈ ਸਗੋਂ ਲਗਾਤਾਰ ਹੋਰ ਵਧੀ ਜਾ ਰਿਹਾ ਹੈ। ਅਖੌਤੀ ਬੌਧਿਕਵਾਦ, ਬੌਧਿਕ ਪ੍ਰਦੂਸ਼ਣ ਅਤੇ ਬੌਧਿਕ ਅਜਾਰੇਦਾਰੀ ਅਤੇ ਬੌਧਿਕ ਡੇਰਾਵਾਦ ਵਰਗੀਆਂ ਸਮੱਸਿਆਵਾਂ ਘਟਣ ਦੀ ਥਾਂ ’ਤੇ ਵਧਦੀਆਂ ਜਾ ਰਹੀਆਂ ਹਨ।
ਜ਼ਿਆਦਾਤਰ ਸਨਮਾਨ ਪੈਸੇ, ਰਸੂਖ ਅਤੇ ਚਾਪਲੂਸੀ ਵਰਗੀਆਂ ਪ੍ਰਾਪਤੀਆਂ ਨੂੰ ਨਿੱਗਰ ਪ੍ਰਾਪਤੀਆਂ ਨਾਲੋਂ ਜ਼ਿਆਦਾ ਧਿਆਨ ਵਿੱਚ ਰੱਖ ਕੇ ਦਿੱਤੇ ਜਾਂਦੇ ਹਨ। ਕੁਝ ਸਖਸ਼ੀਅਤਾਂ ਨੇ ਮੇਲੇ, ਸੱਥਾਂ ਤੇ ਸਨਮਾਨ ਸਮਾਰੋਹ ਆਯੋਜਿਤ ਕਰਨ ਵਿੱਚ ਅਜਿਹੀ ਮੁਹਾਰਤ ਹਾਸਲ ਕਰ ਲਈ ਹੈ ਕਿ ਇਹ ਉਨ੍ਹਾਂ ਦਾ ਮੁੱਖ ਜਾਂ ਸਹਾਇਕ ਪੇਸ਼ਾ ਬਣ ਚੁੱਕਾ ਹੈ। ਜਿਸ ਤਰ੍ਹਾਂ ਮੈਰਿਜ ਪੈਲਿਸਾਂ ਵਿੱਚ ਜਿੰਨਾ ਪੈਸਾ ਖਰਚੋ (1000 ਰੁਪਏ ਤੋਂ 5000 ਰੁਪਏ ਦੀ ਪਲੇਟ) ਉਸੇ ਪੱਧਰ ਦਾ ਫੰਕਸ਼ਨ ਹੋ ਜਾਂਦਾ ਹੈ ਇਸ ਤਰ੍ਹਾਂ ਇਹ ਪੇਸ਼ਾਵਰ ਜਾਂ ਨੀਮ ਪੇਸ਼ਵਾਰ ਸਮਾਰੋਹ ਆਯੋਜਿਤ ਕਰਨ ਵਾਲੇ ਪੈਸਾ ਖਰਚ ਹੋਣ ਦੇ ਆਧਾਰ ’ਤੇ ਉਸ ਪੱਧਰ ਦਾ ਸਮਾਰੋਹ ਆਯੋਜਿਤ ਕਰ ਸਕਦੇ ਹਨ। ਇਨ੍ਹਾਂ ਸਮਾਰੋਹਾਂ ਨਾਲ ਸਬੰਧਿਤ ਸਖ਼ਸ਼ੀਅਤਾਂ ਤੇ ਸੰਸਥਾਵਾਂ ਦੀ ਹੋਂਦ ਜ਼ਿਆਦਾਤਰ ਸਮਾਰੋਹ ਆਯੋਜਿਤ ਕਰਨ ਤੱਕ ਹੀ ਸੀਮਤ ਹੁੰਦੀ ਹੈ। ਇਸ ਲਈ ਇਹ ਪੰਜਾਬੀ ਸਭਿਆਚਾਰ ਤੇ ਹੋ ਰਹੇ ਹਮਲਿਆਂ ਦਾ ਮੁਕਾਬਲਾ ਕਰਨ ਦੀ ਥਾਂ ਜਾਂ ਸਮੱਸਿਆ ਦਾ ਹੱਲ ਕਰਨ ਦੀ ਥਾਂ ਖ਼ੁਦ ਸਮੱਸਿਆ ਦਾ ਹਿੱਸਾ ਬਣ ਰਹੇ ਹਨ। ਇਹ ਪੰਜਾਬੀ ਸਭਿਆਚਾਰ ਨੂੰ ਖਾਊ ਪੀਊ ਬਣਾਉਟੀ ਤੇ ਪੇਤਲੇ ਸਭਿਆਚਾਰ ਦੇ ਗਲਬੇ ਵਿੱਚੋਂ ਕੱਢਣ ਦੀ ਬਜਾਏ ਖੁਦ ਵੀ ਉਸ ਦਾ ਹਿੱਸਾ ਬਣ ਰਹੇ ਹਨ।
ਜਿੰਨਾ ਚਿਰ ਅਸੀਂ ਆਪ ਪੰਜਾਬੀ ਸਭਿਆਚਾਰ ਦੀ ਮੂਲ ਸਮੱਸਿਆ ਅਤੇ ਚੁਣੌਤੀ ਨੂੰ ਡੂੰਘਾਈ ਨਾਲ ਨਹੀਂ ਸਮਝਦੇ ਅਤੇ ਉਸ ਦਾ ਟਾਕਰਾ ਕਰਨ ਲਈ ਪ੍ਰਤੀਬੱਧ ਨਹੀਂ ਹੁੰਦੇ ਉਨੀਂ ਦੇਰ ਅਸੀਂ ਇਸ ਸਮੱਸਿਆ ਨੂੰ ਸੁਲਝਾਉਣ ਦੀ ਥਾਂ ’ਤੇ ਹੋਰ ਉਲਝਾ ਹੀ ਸਕਦੇ ਹਾਂ। ਪੰਜਾਬੀ ਸਭਿਆਚਾਰ ਤੇ ਹੋ ਰਿਹਾ ਪੱਛਮੀ ਸਾਮਰਾਜੀ ਸਭਿਆਚਾਰ ਦਾ ਦੂਹਰਾ ਹਮਲਾ ਇਕ ਪ੍ਰਤੱਖ ਅਤੇ ਖੁੱਲ੍ਹਾ ਹੈ, ਜੋ ਪੱਛਮੀਕਰਨ ਤੇ ਪੱਛਮੀ ਜੀਵਨ ਢੰਗ ਨੂੰ ਪ੍ਰੋਤਸਾਹਿਤ ਕਰਦਾ ਹੈ ਅਤੇ ਦੂਜਾ ਪੰਜਾਬੀ ਸਭਿਆਚਾਰ ਦੇ ਨਾਂਹ ਪੱਖੀ ਅਤੇ ਵਿਗੜੇ ਹੋਏ ਪੱਖਾਂ ਨੂੰ ਉਕਸਾਉਂਦਾ ਹੈ। ਇਹ ਇਨ੍ਹਾਂ ਪੱਖਾਂ ਨੂੰ ਜ਼ਿਆਦਾਤਰ ਜੱਟਾਂ ਦੇ ਸਿਰ ਮੜ ਕੇ ਪੱਛਮੀ ਸਾਮਰਾਜੀ ਖੱਪਤਕਾਰੀ ਸਭਿਆਚਾਰ ਨੂੰ ਜੱਟਾਂ ਦਾ ਸਭਿਆਚਾਰ ਕਹਿ ਕੇ ਸਾਡੇ ’ਤੇ ਠੋਸਣ ਦਾ ਯਤਨ ਕਰ ਰਿਹਾ ਹੈ। ਇਹ ਜੱਟਾਂ ਦੇ ਅਕਸ ਨੂੰ ਯਥਾਰਥ ਨਾਲੋਂ ਤੋੜ ਕੇ ਅਤੇ ਵਿਗਾੜ ਕੇ ਪੇਸ਼ ਕਰ ਰਿਹਾ ਹੈ। ਇਹ ਪੰਜਾਬੀ ਸਭਿਆਚਾਰ ਨੂੰ ਜੱਟ ਸਭਿਆਚਾਰ ਤੱਕ ਸੀਮਤ ਕਰਕੇ ਪੇਸ਼ ਕਰ ਰਿਹਾ ਹੈ ਜਦੋਂਕਿ ਇਹ ਸਭਿਆਚਾਰ ਅਸਲ ਵਿੱਚ ਸਮੂਹ ਪੰਜਾਬੀਆਂ ਦਾ ਵਿਸ਼ਾਲ ਅਤੇ ਸੱਚਾ ਧਰਮ ਨਿਰਪੱਖਤਾ ਵਾਲਾ ਸਭਿਆਚਾਰ ਹੈ ਜੋ ਕਿ ਵਿਆਪਕ ਮਨੁੱਖੀ ਕਦਰਾਂ ਕੀਮਤਾਂ ਤੇ ਅਧਾਰਿਤ ਹੈ। ਅੱਜ ਪੰਜਾਬੀ ਸਭਿਆਚਾਰ ਦੇ ਇਸ ਨਰੋਏ ਪੱਖ ਨੂੰ ਉਭਾਰਨ ਦੀ ਲੋੜ ਹੈ।
Kamal
ਸਮੂਹ ਪੰਜਾਬੀਆਂ ਦਾ ਵਿਸ਼ਾਲ ਅਤੇ ਸੱਚਾ ਧਰਮ ਨਿਰਪੱਖਤਾ ਵਾਲਾ ਸਭਿਆਚਾਰ ਹੈ It is the culture of the upper few where the working class ( Dalits ) are not included. They can copy it yes . But This Punjabi Culture Is not recognizing all humans on equal basis. It is based on Brahmin caste system. Please do not try to fool the others.