ਪਾਕਿਸਤਾਨ ਆਪਣੀ ਸੁਰੱਖਿਆ ਰਣਨੀਤੀ ਬਦਲੇ –ਸਤਨਾਮ ਸਿੰਘ ਮਾਣਕ
Posted on:- 27-07-2012
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਸ੍ਰੀ ਪ੍ਰਣਾਬ ਮੁਖਰਜੀ ਨੂੰ ਭਾਰਤ ਦੇ 13ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ 'ਤੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ ਅਤੇ ਨਾਲ ਹੀ ਪਾਕਿਸਤਾਨ ਵੱਲੋਂ ਇਹ ਵੀ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਸੰਯੁਕਤ ਰਾਸ਼ਟਰ ਸੰਘ ਦੇ ਚਾਰਟਰ ਦੇ ਮੁਤਾਬਿਕ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਅੱਗੇ ਵਧਾਉਣ ਲਈ ਭਾਰਤ ਨਾਲ ਚੰਗੇ ਗੁਆਂਢੀਆਂ ਵਾਲੇ, ਮਿੱਤਰਤਾਪੂਰਨ ਅਤੇ ਸਹਿਯੋਗ ਭਰਪੂਰ ਸਬੰਧ ਕਾਇਮ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਹ ਚੰਗੀ ਗੱਲ ਹੈ ਕਿ ਸਾਡੇ ਦੋਵੇਂ ਦੇਸ਼ ਖੇਤਰ ਵਿਚ ਸਥਿਰਤਾ, ਸ਼ਾਂਤੀ ਅਤੇ ਖੁਸ਼ਹਾਲੀ ਨੂੰ ਉਤਸ਼ਾਹ ਦੇਣ ਲਈ ਸਾਰੇ ਮਸਲਿਆਂ ਨੂੰ ਗੱਲਬਾਤ ਕਰਕੇ ਸੁਲਝਾਉਣਾ ਚਾਹੁੰਦੇ ਹਨ।
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਵੱਲੋਂ ਭਾਰਤ ਦੇ ਨਵੇਂ ਰਾਸ਼ਟਰਪਤੀ ਨੂੰ ਭੇਜੀਆਂ ਗਈਆਂ ਸ਼ੁੱਭ ਕਾਮਨਾਵਾਂ ਅਤੇ ਪਾਕਿਸਤਾਨ ਵੱਲੋਂ ਭਾਰਤ ਨਾਲ ਮਿੱਤਰਤਾਪੂਰਨ ਸਬੰਧ ਬਣਾਉਣ ਦੀ ਪ੍ਰਗਟ ਕੀਤੀ ਗਈ ਇੱਛਾ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਇਹ ਕੋਈ ਪਹਿਲਾ ਅਵਸਰ ਨਹੀਂ ਹੈ, ਜਦੋਂ ਪਾਕਿਸਤਾਨ ਦੇ ਕਿਸੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨੇ ਅਜਿਹੀਆਂ ਭਾਵਨਾਵਾਂ ਨਾ ਪ੍ਰਗਟ ਕੀਤੀਆਂ ਹੋਣ। ਭਾਰਤ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਵੀ ਸਮੇਂ-ਸਮੇਂ ਪਾਕਿਸਤਾਨ ਦੇ ਅਹੁਦਾ ਸੰਭਾਲਣ ਵਾਲੇ ਆਗੂਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਭੇਜਦੇ ਰਹਿੰਦੇ ਹਨ ਅਤੇ ਪਾਕਿਸਤਾਨ ਨਾਲ ਚੰਗੇ ਸਬੰਧ ਬਣਾਉਣ ਦੀ ਵੀ ਉਨ੍ਹਾਂ ਵੱਲੋਂ ਅਕਸਰ ਇੱਛਾ ਪ੍ਰਗਟ ਕੀਤੀ ਜਾਂਦੀ ਹੈ। ਪਰ ਫਿਰ ਵੀ ਕੀ ਕਾਰਨ ਹੈ ਕਿ ਛੇ ਦਹਾਕਿਆਂ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਕਾਰ ਮਿੱਤਰਤਾਪੂਰਨ ਸਬੰਧ ਨਹੀਂ ਬਣ ਸਕੇ, ਸਗੋਂ ਕੌੜੀ ਹਕੀਕਤ ਇਹ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਅੱਜ ਵੀ ਸਰਦ ਜੰਗ ਚੱਲ ਰਹੀ ਹੈ। ਦੋਵਾਂ ਦੇਸ਼ਾਂ ਦੇ ਹੁਕਮਰਾਨ ਇਕ-ਦੂਜੇ ਨੂੰ ਪ੍ਰੇਸ਼ਾਨ ਕਰਨ, ਨੀਵਾਂ ਦਿਖਾਉਣ ਅਤੇ ਇਕ-ਦੂਜੇ ਦੀਆਂ ਸਮੱਸਿਆਵਾਂ ਵਿਚ ਵਾਧਾ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਦੋਵਾਂ ਦੇਸ਼ਾਂ ਦੇ ਦਰਮਿਆਨ ਅਵਿਸ਼ਵਾਸ ਦੀ ਡੂੰਘੀ ਖਾਈ ਹੈ, ਜਿਹੜੀ ਭਰਨ ਦੀ ਥਾਂ 'ਤੇ ਅੱਗੇ ਤੋਂ ਅੱਗੇ ਹੋਰ ਡੂੰਘੀ ਹੁੰਦੀ ਹੀ ਜਾਪਦੀ ਹੈ। ਅਕਸਰ ਦੋਵੇਂ ਦੇਸ਼ ਸਾਰੇ ਦੁਵੱਲੇ ਮਸਲਿਆਂ ਨੂੰ ਗੱਲਬਾਤ ਰਾਹੀਂ ਸੁਲਝਾਉਣ ਦਾ ਵਾਅਦਾ ਤੇ ਦਾਅਵਾ ਕਰਦੇ ਹਨ ਪਰ ਸਬੰਧ ਸੁਧਾਰਨ ਅਤੇ ਦੁਵੱਲੇ ਮਸਲੇ ਸੁਲਝਾਉਣ ਦੀ ਦਿਸ਼ਾ ਵਿਚ ਉਹ ਇਕ ਇੰਚ ਵੀ ਅੱਗੇ ਤੁਰਦੇ ਨਜ਼ਰ ਨਹੀਂ ਆਉਂਦੇ।
ਪਾਕਿਸਤਾਨ ਦੇ ਰਾਸ਼ਟਰਪਤੀ ਇਸੇ ਸਾਲ ਅਜਮੇਰ ਸ਼ਰੀਫ਼ ਦੀ ਜ਼ਿਆਰਤ ਕਰਨ ਲਈ ਭਾਰਤ ਦੇ ਇਕ ਦਿਨਾਂ ਨਿੱਜੀ ਦੌਰੇ 'ਤੇ ਆਏ ਸਨ। ਇਸ ਅਵਸਰ 'ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਵੀ ਮੁਲਾਕਾਤ ਕੀਤੀ ਸੀ। ਉਸ ਸਮੇਂ ਵੀ ਉਨ੍ਹਾਂ ਨੇ ਇਹੋ ਜਿਹੀਆਂ ਭਾਵਨਾਵਾਂ ਦਾ ਹੀ ਪ੍ਰਗਟਾਵਾ ਕੀਤਾ ਸੀ, ਜਿਨ੍ਹਾਂ ਤੋਂ ਇਹ ਲਗਦਾ ਸੀ ਕਿ ਆਉਣ ਵਾਲੇ ਸਮੇਂ ਵਿਚ ਦੋਵੇਂ ਦੇਸ਼ ਸਬੰਧ ਸੁਧਾਰਨ ਦੇ ਖੇਤਰ ਵਿਚ ਤੇਜ਼ੀ ਨਾਲ ਅੱਗੇ ਵਧਣਗੇ। ਪਰ ਉਸ ਤੋਂ ਬਾਅਦ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿਚ ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਦੀਆਂ ਵੱਖ-ਵੱਖ ਪੱਧਰਾਂ 'ਤੇ ਜੋ ਵੀ ਮੁਲਾਕਾਤਾਂ ਹੋਈਆਂ, ਉਨ੍ਹਾਂ ਵਿਚ ਕੋਈ ਖਾਸ ਪ੍ਰਾਪਤੀ ਹੁੰਦੀ ਨਜ਼ਰ ਨਹੀਂ ਆਈ। ਪਾਕਿਸਤਾਨ ਨੇ ਭਾਰਤ ਨਾਲ ਵਪਾਰ ਵਧਾਉਣ ਦੀ ਜ਼ੋਰਦਾਰ ਇੱਛਾ ਪ੍ਰਗਟ ਕੀਤੀ ਸੀ ਅਤੇ ਇਸੇ ਸੰਦਰਭ ਵਿਚ ਦੋਵਾਂ ਦੇਸ਼ਾਂ ਨੇ ਵਪਾਰੀਆਂ ਅਤੇ ਲੋਕਾਂ ਦਾ ਲੋਕਾਂ ਨਾਲ ਸੰਪਰਕ ਵਧਾਉਣ ਲਈ ਵੀਜ਼ਾ ਪ੍ਰਣਾਲੀ ਨੂੰ ਸਰਲ ਬਣਾਉਣ ਦਾ ਵੀ ਐਲਾਨ ਕੀਤਾ ਸੀ। ਪਰ ਅਮਲੀ ਰੂਪ ਵਿਚ ਅਜੇ ਤੱਕ ਅਜਿਹਾ ਕੁਝ ਵੀ ਨਹੀਂ ਹੋਇਆ।
ਸਵਾਲਾਂ ਦਾ ਸਵਾਲ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਦੋਵਾਂ ਦੇਸ਼ਾਂ ਦੇ ਰਾਜਨੀਤਕ ਆਗੂਆਂ ਦੀ ਇੱਛਾ ਦੇ ਬਾਵਜੂਦ ਸਬੰਧ ਕਿਉਂ ਨਹੀਂ ਸੁਧਰ ਰਹੇ? ਇਸ ਦਾ ਸਿੱਧਾ ਤੇ ਸਪੱਸ਼ਟ ਜਵਾਬ ਇਹ ਹੈ ਕਿ ਪਾਕਿਸਤਾਨ ਦੀ ਫ਼ੌਜੀ ਸਥਾਪਤੀ ਨੇ ਪਾਕਿਸਤਾਨ ਲਈ ਸੁਰੱਖਿਆ ਰਣਨੀਤੀ ਅਜਿਹੀ ਬਣਾ ਰੱਖੀ ਹੈ, ਜਿਸ ਦੇ ਚਲਦਿਆਂ ਪਾਕਿਸਤਾਨ ਆਪਣੇ ਗੁਆਂਢੀ ਦੇਸ਼ਾਂ ਨਾਲੋਂ ਬੁਰੀ ਤਰ੍ਹਾਂ ਅਲੱਗ-ਥਲੱਗ ਹੋ ਕੇ ਰਹਿ ਗਿਆ ਹੈ ਅਤੇ ਉਸ ਨੂੰ ਪੂਰੀ ਦੁਨੀਆ ਅੱਤਵਾਦ ਦਾ ਪਾਲਣਹਾਰਾ ਮੰਨਣ ਲੱਗੀ ਹੈ। ਇਸ ਸੁਰੱਖਿਆ ਰਣਨੀਤੀ ਦੇ ਸਿਰਜਕ ਪਾਕਿਸਤਾਨ ਦੇ ਫ਼ੌਜੀ ਤਾਨਾਸ਼ਾਹ ਜਨਰਲ ਜ਼ਿਆ-ਉਲ-ਹੱਕ ਨੂੰ ਮੰਨਿਆ ਜਾਂਦਾ ਹੈ। ਇਸ ਰਣਨੀਤੀ ਅਧੀਨ ਪਾਕਿਸਤਾਨ ਦੀ ਫ਼ੌਜੀ ਸਥਾਪਤੀ ਇਹ ਚਾਹੁੰਦੀ ਹੈ ਕਿ ਲਕਸ਼ਰੇ-ਤਾਇਬਾ, ਜੈਸ਼-ਏ-ਮੁਹੰਮਦ ਅਤੇ ਇਸ ਤਰ੍ਹਾਂ ਦੀਆਂ ਹੋਰ ਕੱਟੜਪੰਥੀ ਤਨਜ਼ੀਮਾਂ ਦਾ ਪਾਲਣ-ਪੋਸ਼ਣ ਕਰਕੇ ਭਾਰਤੀ ਅਧਿਕਾਰ ਹੇਠਲੇ ਕਸ਼ਮੀਰ ਵਿਚ ਲਗਾਤਾਰ ਹਿੰਸਾ ਕੀਤੀ ਜਾਏ ਅਤੇ ਇਸ ਤਰ੍ਹਾਂ ਬਦਅਮਨੀ ਮਚਾ ਕੇ ਜੰਮੂ-ਕਸ਼ਮੀਰ ਨੂੰ ਹਥਿਆ ਲਿਆ ਜਾਏ। ਪਾਕਿਸਤਾਨ ਦੀ ਫ਼ੌਜੀ ਸਥਾਪਤੀ ਇਹ ਵੀ ਚਾਹੁੰਦੀ ਹੈ ਕਿ ਪਾਕਿਸਤਾਨ ਦੇ ਮੁਕਾਬਲੇ ਭਾਰਤ ਇਕ ਮਜ਼ਬੂਤ ਆਰਥਿਕ ਸ਼ਕਤੀ ਨਾ ਬਣ ਸਕੇ, ਇਸੇ ਲਈ ਉਸ ਵੱਲੋਂ ਅੱਤਵਾਦੀਆਂ ਰਾਹੀਂ ਮੁੰਬਈ, ਦਿੱਲੀ ਅਤੇ ਬੰਗਲੌਰ ਆਦਿ ਵਿਚ ਸਥਿਤ ਅਹਿਮ ਸੰਸਥਾਵਾਂ ਅਤੇ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਫ਼ੌਜੀ ਸਥਾਪਤੀ ਦੀ ਇਹ ਵੀ ਕੋਸ਼ਿਸ ਹੈ ਕਿ ਇਥੇ ਵਸਦੇ ਵੱਖ-ਵੱਖ ਭਾਈਚਾਰਿਆਂ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਵਿਚਕਾਰ ਬੇਵਿਸ਼ਵਾਸੀ ਵਧਾ ਕੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਵਿਚ ਤਰੇੜਾਂ ਪੈਦਾ ਕੀਤੀਆਂ ਜਾਣ।
ਪਾਕਿਸਤਾਨ ਦੀ ਫ਼ੌਜੀ ਸਥਾਪਤੀ ਦਾ ਅਫ਼ਗਾਨਿਸਤਾਨ ਸਬੰਧੀ ਵੀ ਆਪਣਾ ਵਿਲੱਖਣ ਨਜ਼ਰੀਆ ਹੈ। ਉਹ ਅਫ਼ਗਾਨਿਸਤਾਨ ਦਾ ਇਕ ਆਜ਼ਾਦ ਅਤੇ ਸਵੈ-ਨਿਰਭਰ ਰਾਸ਼ਟਰ ਵਜੋਂ ਵਿਕਾਸ ਅਤੇ ਉਭਾਰ ਨਹੀਂ ਚਾਹੁੰਦੀ, ਸਗੋਂ ਉਸ ਨੂੰ ਆਪਣੇ ਪਿਛਲੇ ਵਿਹੜੇ ਦੇ ਤੌਰ 'ਤੇ ਵਰਤਣਾ ਚਾਹੁੰਦੀ ਹੈ, ਜਿਥੇ ਉਹ ਜੋ ਦਿਲ ਕਰੇ, ਵਾਧੂ-ਘਾਟੂ ਚੀਜ਼ਾਂ ਸੁੱਟਦੀ ਰਹੇ। ਪਾਕਿਸਤਾਨ ਦੀ ਫ਼ੌਜੀ ਸਥਾਪਤੀ ਦੀ ਇਹ ਵੀ ਸੋਚ ਹੈ ਕਿ ਜੇਕਰ ਕਦੇ ਭਾਰਤ ਤੋਂ ਪਾਕਿਸਤਾਨ ਨੂੰ ਵੱਡਾ ਖ਼ਤਰਾ ਪੈਦਾ ਹੁੰਦਾ ਹੈ ਤਾਂ ਉਹ ਆਪਣੇ ਜੰਗੀ ਹਵਾਈ ਜਹਾਜ਼ ਅਤੇ ਰਾਖਵਾਂ ਹੋਰ ਫ਼ੌਜੀ ਸਾਜ਼ੋ-ਸਾਮਾਨ ਆਫ਼ਗਾਨਿਸਤਾਨ ਵਿਚ ਛਿਪਾ ਕੇ ਰੱਖ ਸਕਦੀ ਹੈ। ਆਪਣੇ ਇਸੇ ਨਜ਼ਰੀਏ ਨੂੰ ਹੀ ਫ਼ੌਜੀ ਸਥਾਪਤੀ 'ਰਣਨੀਤਕ ਡੂੰਘਾਈ' ਦੇ ਸਿਧਾਂਤ ਵਜੋਂ ਪੇਸ਼ ਕਰਦੀ ਆ ਰਹੀ ਹੈ। ਇਸੇ ਸਿਧਾਂਤ ਨੂੰ ਲਾਗੂ ਕਰਨ ਦੇ ਯਤਨ ਵਜੋਂ ਹੀ ਫ਼ੌਜੀ ਸਥਾਪਤੀ ਅਫ਼ਗਾਨਿਸਤਾਨ ਵਿਚ ਸਰਕਾਰ ਨੂੰ ਚੁਣੌਤੀ ਦੇ ਰਹੇ ਤਾਲਿਬਾਨ ਨੂੰ ਅਜੇ ਵੀ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੀ ਹੈ, ਖਾਸ ਕਰਕੇ ਪਾਕਿਸਤਾਨ ਵੱਲੋਂ ਮੁੱਲਾ ਉਮਰ ਦੀ ਅਗਵਾਈ ਵਾਲੀ ਕੋਇਟਾ ਸ਼ੁਰਾ ਕੌਂਸਲ ਅਤੇ ਤਾਲਿਬਾਨ ਦੇ ਹੱਕਾਨੀ ਧੜੇ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਅਮਰੀਕਾ ਅਤੇ ਗਠਜੋੜ ਵਿਚ ਸ਼ਾਮਿਲ ਹੋਰ ਦੇਸ਼ (ਜਿਨ੍ਹਾਂ ਦੀ ਇਕ ਲੱਖ ਤੋਂ ਵੱਧ ਫ਼ੌਜ ਅਫ਼ਗਾਨਿਸਤਾਨ ਵਿਚ ਤਾਲਿਬਾਨ ਅਤੇ ਕੱਟੜਪੰਥੀਆਂ ਵਿਰੁੱਧ ਲੜਾਈ ਲੜ ਰਹੀ ਹੈ) ਅਨੇਕਾਂ ਵਾਰ ਪਾਕਿਸਤਾਨ ਵਿਰੁੱਧ ਅਜਿਹੀਆਂ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਪਾਕਿਸਾਤਨ ਦੀ ਫ਼ੌਜੀ ਸਥਾਪਤੀ ਅਜੇ ਤਾਈਂ ਆਪਣੀ ਇਸ ਰਣਨੀਤੀ ਤੋਂ ਪਿੱਛੇ ਨਹੀਂ ਹਟੀ। ਹੁਣ ਵੀ ਉਸ ਦਾ ਯਤਨ ਇਹ ਹੈ ਕਿ 2014 ਵਿਚ ਜਦੋਂ ਅਮਰੀਕਾ ਅਤੇ ਨਾਟੋ ਭਾਈਵਾਲ ਦੇਸ਼ਾਂ ਦੀਆਂ ਫ਼ੌਜਾਂ ਅਫ਼ਗਾਨਿਸਤਾਨ ਤੋਂ ਵਾਪਸ ਚਲੇ ਜਾਣ ਤਾਂ ਉਹ ਆਪਣੇ ਕਠਪੁਤਲੀ ਤਾਲਿਬਾਨੀ ਸੰਗਠਨਾਂ ਦੀ ਸਹਾਇਤਾ ਨਾਲ ਅਫ਼ਗਾਨਿਸਤਾਨ 'ਤੇ ਮੁੜ ਕਬਜ਼ਾ ਕਰ ਲਵੇ ਅਤੇ ਬਾਅਦ ਵਿਚ ਉਸ ਨੂੰ ਆਪਣੇ ਰਣਨੀਤਕ ਹਿਤਾਂ ਲਈ ਵਰਤਦੀ ਰਹੇ। ਪਾਕਿਸਤਾਨ ਦੀ ਪੀਪਲਜ਼ ਪਾਰਟੀ ਦੀ ਅਗਵਾਈ ਵਾਲੀ ਜਮਹੂਰੀ ਸਰਕਾਰ ਅਤੇ ਮੁੱਖ ਵਿਰੋਧੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਫ਼ੌਜੀ ਸਥਾਪਤੀ ਦੀਆਂ ਇਨ੍ਹਾਂ ਰਣਨੀਤਕ ਚਾਲਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ। ਇਸੇ ਲਈ ਸਮੇਂ-ਸਮੇਂ ਇਨ੍ਹਾਂ ਪਾਰਟੀਆਂ ਦੇ ਨੇਤਾਵਾਂ ਵੱਲੋਂ ਇਹ ਬਿਆਨ ਵੀ ਦਿੱਤੇ ਜਾਂਦੇ ਹਨ ਕਿ ਦੇਸ਼ ਦੀ ਸੁਰੱਖਿਆ ਰਣਨੀਤੀ ਘੜਨ ਅਤੇ ਵਿਦੇਸ਼ ਨੀਤੀ ਨਿਰਧਾਰਨ ਕਰਨ ਦੇ ਅਧਿਕਾਰ ਜਮਹੂਰੀ ਸਰਕਾਰ ਜਾਂ ਪਾਰਲੀਮੈਂਟ ਕੋਲ ਹੋਣੇ ਚਾਹੀਦੇ ਹਨ। ਪਰ ਅਜੇ ਤੱਕ ਇਸ ਸਬੰਧੀ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ।
ਪਾਕਿਸਤਾਨ ਦੀ ਫ਼ੌਜੀ ਸਥਾਪਤੀ ਵੀ ਇਸ ਸੁਰੱਖਿਆ ਰਣਨੀਤੀ ਕਾਰਨ ਹੀ ਪਾਕਿਸਤਾਨ ਦੇ ਭਾਰਤ ਨਾਲ ਸਬੰਧ ਨਹੀਂ ਸੁਧਰ ਰਹੇ ਅਤੇ ਅਫ਼ਗਾਨਿਸਤਾਨ ਦੀ ਸਰਕਾਰ ਵੀ ਸਪੱਸ਼ਟ ਰੂਪ ਵਿਚ ਉਸ 'ਤੇ ਦੋਸ਼ ਲਾਉਂਦੀ ਹੈ ਕਿ ਉਹ ਕੱਟੜਪੰਥੀ ਤਾਲਿਬਾਨ ਸੰਗਠਨਾਂ ਦੀ ਮਦਦ ਕਰ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਪਾਕਿਸਤਾਨ ਦੀ ਫ਼ੌਜੀ ਸਥਾਪਤੀ ਵੱਲੋਂ ਕੱਟੜਪੰਥੀ ਸੰਗਠਨਾਂ ਦੀ ਕੀਤੀ ਜਾ ਰਹੀ ਪੁਸ਼ਤ-ਪਨਾਹੀ ਹੁਣ ਖ਼ੁਦ ਪਾਕਿਸਤਾਨ ਨੂੰ ਵੀ ਮਹਿੰਗੀ ਪੈਣੀ ਸ਼ੁਰੂ ਹੋ ਗਈ ਹੈ। ਪਾਕਿਸਤਾਨ ਵਿਚ ਵੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ, ਲਕਸ਼ਰ-ਏ-ਝੰਗਵੀ, ਮੁੱਲਾ ਫ਼ੈਜ਼-ਉੱਲਾ ਦੀ ਅਗਵਾਈ ਵਾਲਾ ਤਾਲਿਬਾਨੀ ਸੰਗਠਨ ਸਮੇਤ ਅਨੇਕਾਂ ਅੱਤਵਾਦੀ ਧੜੇ ਖੜ੍ਹੇ ਹੋ ਗਏ ਹਨ, ਜੋ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿਚ ਆਤਮਘਾਤੀ ਬੰਬ ਧਮਾਕੇ ਕਰਵਾ ਰਹੇ ਹਨ ਅਤੇ ਖਾਸ ਤੌਰ 'ਤੇ ਫ਼ੌਜ ਅਤੇ ਸੁਰੱਖਿਆ ਦਲਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ।
ਕੋਈ ਵੀ ਦੇਸ਼ ਜਿਹੜਾ ਆਪਣੇ ਗੁਆਂਢੀ ਦੇਸ਼ਾਂ ਨਾਲ ਸੱਚੇ ਦਿਲੋਂ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਵਧਾ ਕੇ ਵਿਕਾਸ ਦੇ ਮਾਰਗ 'ਤੇ ਤੁਰਨ ਲਈ ਗੰਭੀਰ ਨਾ ਹੋਵੇ, ਸਗੋਂ ਆਪਣੇ ਗੁਆਂਢੀ ਦੇਸ਼ਾਂ ਨਾਲ ਇਲਾਕਾਈ ਤੇ ਸਰਹੱਦੀ ਵਿਵਾਦ ਗੱਲਬਾਤ ਨਾਲ ਸੁਲਝਾਉਣ ਦੀ ਥਾਂ ਉਨ੍ਹਾਂ ਦੇ ਇਲਾਕੇ ਖੋਹਣ ਅਤੇ ਉਨ੍ਹਾਂ ਵਿਚ ਬਦਅਮਨੀ ਪੈਦਾ ਕਰਕੇ ਉਨ੍ਹਾਂ ਨੂੰ ਕਮਜ਼ੋਰ ਕਰਨ ਦੀਆਂ ਰਣਨੀਤੀਆਂ ਬਣਾ ਰਿਹਾ ਹੋਵੇ ਜਾਂ ਉਸ ਦੀ ਸੋਚ ਇਹ ਹੋਵੇ ਕਿ ਉਸ ਦੇ ਕਿਸੇ ਗੁਆਂਢੀ ਦੇਸ਼ ਵਿਚ ਉਸ ਦੇ ਹੱਥਾਂ ਵਿਚ ਨੱਚਣ ਵਾਲੀ ਕਠਪੁਤਲੀ ਸਰਕਾਰ ਹੋਵੇ, ਤਾਂ ਉਸ ਦੇ ਗੁਆਂਢੀ ਦੇਸ਼ਾਂ ਨਾਲ ਸਬੰਧ ਕਿਵੇਂ ਸੁਧਰ ਸਕਦੇ ਹਨ? ਗੁਆਂਢੀ ਦੇਸ਼ ਉਸ 'ਤੇ ਵਿਸ਼ਵਾਸ ਕਿਵੇਂ ਕਰ ਸਕਦੇ ਹਨ? ਦੁਨੀਆ ਦੇ ਦੂਰ-ਦਰਾਜ਼ ਦੇ ਦੇਸ਼ ਵੀ ਉਸ ਨੂੰ ਇਕ ਸੱਭਿਅਕ ਦੇਸ਼ ਕਿਵੇਂ ਮੰਨ ਸਕਦੇ ਹਨ?
ਪਾਕਿਸਤਾਨ ਜੇਕਰ ਆਪਣੇ ਗੁਆਂਢੀ ਦੇਸ਼ਾਂ ਨਾਲ ਸੱਚੇ ਦਿਲੋਂ ਮਿੱਤਰਤਾਪੂਰਨ ਸਬੰਧ ਬਣਾਉਣੇ ਚਾਹੁੰਦਾ ਹੈ, ਦੁਵੱਲੇ ਮਸਲੇ ਵਾਕਈ ਗੱਲਬਾਤ ਕਰਕੇ ਅਮਨਪੂਰਵਕ ਸੁਲਝਾਉਣਾ ਚਾਹੁੰਦਾ ਹੈ, ਦੁਨੀਆ ਵਿਚ ਇਕ ਜਮਹੂਰੀ ਅਤੇ ਸੱਭਿਅਕ ਦੇਸ਼ ਵਜੋਂ ਆਪਣਾ ਚੰਗਾ ਅਕਸ ਬਣਾਉਣਾ ਚਾਹੁੰਦਾ ਹੈ, ਖ਼ੁਦ ਵਿਕਾਸ ਕਰਦਾ ਹੋਇਆ ਦੂਜੇ ਦੇਸ਼ਾਂ ਦੇ ਵਿਕਾਸ ਵਿਚ ਭਾਈਵਾਲ ਬਣਨਾ ਚਾਹੁੰਦਾ ਹੈ, ਖਿੱਤੇ ਵਿਚ ਅਮਨ ਤੇ ਸਦਭਾਵਨਾ ਨੂੰ ਮਜ਼ਬੂਤੀ ਦੇਣਾ ਚਾਹੁੰਦਾ ਹੈ, ਤਾਂ ਲਾਜ਼ਮੀ ਤੌਰ 'ਤੇ ਉਸ ਨੂੰ ਜਨਰਲ ਜ਼ਿਆ ਵੱਲੋਂ ਬਣਾਈ ਗਈ ਸੁਰੱਖਿਆ ਰਣਨੀਤੀ ਛੱਡਣੀ ਪਵੇਗੀ। ਅਫ਼ਗਾਨਿਸਤਾਨ ਅਤੇ ਭਾਰਤ ਸਬੰਧੀ ਆਪਣੀ ਸੋਚ ਬਦਲਣੀ ਪਵੇਗੀ। ਪਰ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਪਾਕਿਸਤਾਨ ਦੀ ਫ਼ੌਜੀ ਸਥਾਪਤੀ ਉਕਤ ਸੁਰੱਖਿਆ ਰਣਨੀਤੀ ਨੂੰ ਛੱਡਣ ਦਾ ਸਪੱਸ਼ਟ ਰੂਪ ਵਿਚ ਪ੍ਰਗਟਾਵਾ ਕਰੇ, ਪਾਕਿਸਤਾਨ ਦੀ ਜਮਹੂਰੀ ਸਰਕਾਰ ਨੂੰ ਭਾਰਤ ਅਤੇ ਅਫ਼ਗਾਨਿਸਤਾਨ ਅਤੇ ਦੁਨੀਆ ਦੇ ਹੋਰ ਦੇਸ਼ਾਂ ਨਾਲ ਸਬੰਧ ਸੁਧਾਰਨ ਲਈ ਖੁੱਲ੍ਹੀ ਛੁੱਟੀ ਦੇਵੇ। ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਪਾਕਿਸਤਾਨ ਗੁਆਂਢੀ ਦੇਸ਼ਾਂ ਲਈ ਅਤੇ ਖ਼ੁਦ ਆਪਣੇ-ਆਪ ਲਈ ਇਕ ਵੱਡੀ ਮੁਸੀਬਤ ਬਣਿਆ ਰਹੇਗਾ। ਅਜਿਹੀ ਸਥਿਤੀ ਵਿਚ ਉਥੋਂ ਦੇ ਲੋਕ ਜ਼ਿੰਦਗੀ ਦੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹਿਣਗੇ ਅਤੇ ਉਥੋਂ ਦੀ ਜਮਹੂਰੀਅਤ ਵੀ ਡਿੱਕੋ-ਡੋਲੇ ਖਾਂਦੀ ਰਹੇਗੀ।
(ਕਾਰਜਕਾਰੀ ਸੰਪਾਦਕ ਰੋਜ਼ਾਨਾ ਅਜੀਤ)
( 'ਰੋਜ਼ਾਨਾ ਅਜੀਤ' 'ਚੋਂ ਧੰਨਵਾਦ ਸਹਿਤ)
karmjit kaur
Manak ji da jankaari barpoor lekh hai g