Thu, 21 November 2024
Your Visitor Number :-   7252699
SuhisaverSuhisaver Suhisaver

ਪਰਦੇਸਾਂ ਵਿੱਚ ਪੰਜਾਬੀ ਦਾ ਪਰਚਮ - ਗੁਰਬਚਨ ਸਿੰਘ ਭੁੱਲਰ

Posted on:- 21-10-2014

suhisaver

ਪੰਜਾਬੀ ਦੀ ਕਥਿਤ ਤੇਜ਼-ਕਦਮ ਤਰੱਕੀ ਅਤੇ ਅਮਰਤਾ ਦੀ ਇਕ ਹੋਰ ਦਲੀਲ ਬੜੇ ਮਾਣ ਨਾਲ ਇਹ ਦਿੱਤੀ ਜਾਂਦੀ ਹੈ ਕਿ ਉਪੰਜਾਬੀ ਪਰਵਾਸੀਆਂ ਨੇ ਦੁਨੀਆ ਦੇ ਅਨਗਿਣਤ ਦੇਸਾਂ ਵਿਚ ਇਹਦੇ ਝੰਡੇ ਗੱਡ ਦਿੱਤੇ ਹਨ ਅਤੇ ਕਈ ਦੇਸਾਂ ਵਿਚ ਇਹਨੂੰ ਸਰਕਾਰੀ ਮਾਨਤਾ ਦੁਆ ਲਈ ਹੈ। ਇਉਂ ਪੰਜਾਬੀ ਤਾਂ ਹੁਣ ਕੌਮਾਂਤਰੀ ਭਾਸ਼ਾ ਬਣ ਕੇ ਖ਼ਤਰਿਆਂ-ਖ਼ੁਤਰਿਆਂ ਤੋਂ ਉੱਪਰ ਹੋ ਗਈ ਹੈ।” ਅਸਲੀਅਤ ਇਹ ਹੈ ਕਿ ਅਨੇਕ ਦੇਸ ਅਜਿਹੇ ਹਨ ਜਿਨ੍ਹਾਂ ਵਿਚ ਕਿਸੇ ਭਾਸ਼ਾ ਲਈ ਸਥਾਨ ਪ੍ਰਾਪਤ ਕਰਨਾ ਕੋਈ ਅਲੋਕਾਰ ਜਾਂ ਔਖਾ ਕੰਮ ਨਹੀਂ। ਸਗੋਂ ਭਾਰਤ ਦੇ ਮੁਕਾਬਲੇ ਬਹੁਤ ਸੌਖਾ ਹੈ ਕਿਉਂਕਿ ਉਥੇ ਭਾਸ਼ਾ ਨੂੰ ਭਾਸ਼ਾ ਵਜੋਂ ਦੇਖਿਆ ਜਾਂਦਾ ਹੈ, ਭਾਰਤ ਵਾਂਗ ਕਿਸੇ ਧਾਰਮਿਕ, ਭੂਗੋਲਕ ਜਾਂ ਰਾਜਨੀਤਕ ਤੁਅੱਸਬ ਨਾਲ ਨਹੀਂ। ਪਰ ਇਹ ਸਭ ਗੱਲਾਂ ਸੱਚ ਹੋਣ ਦੇ ਬਾਵਜੂਦ ਕਿਸੇ ਵੀ ਬਿਗਾਨੇ ਦੇਸ ਵਿਚ ਪੰਜਾਬੀ ਦਾ ਜੀਵਤ ਰਹਿਣਾ ਸੰਭਵ ਨਹੀਂ।

ਸਾਨੂੰ ਭਾਸ਼ਾ ਦੀ ਗਤੀ ਦੇ ਅਤੇ ਸਮਾਜ ਤੇ ਭਾਸ਼ਾ ਦੇ ਨਾਤੇ ਦੇ ਨੇਮਾਂ ਤੋਂ ਅਜਿਹੀ ਅਗਿਆਨਤਾ ਨਹੀਂ ਦਿਖਾਉਣੀ ਚਾਹੀਦੀ। ਪਰਦੇਸਾਂ ਵਿਚ ਪੰਜਾਬੀ ਨਾਲ ਕੇਵਲ ਉਹ ਲੋਕ ਜੁੜੇ ਹੋਏ ਹਨ ਜੋ ਉਮਰ ਦਾ ਪਹਿਲਾ ਹਿੱਸਾ ਇਧਰ ਬਿਤਾ ਕੇ ਗਏ ਹਨ। ਉਹਨਾਂ ਦੇ ਧੀਆਂ-ਪੁੱਤ ਉਹਨਾਂ ਨਾਲ ਵਾਹ ਕਾਰਨ ਪੰਜਾਬੀ ਸਮਝ ਤਾਂ ਲੈਂਦੇ ਹਨ, ਬੋਲਦੇ ਥਿੜਕ ਕੇ ਹਨ ਅਤੇ ਪੜ੍ਹਨ-ਲਿਖਣ ਦਾ ਤਾਂ ਸਵਾਲ ਹੀ ਨਹੀਂ। ਅੱਗੋਂ ਉਹਨਾਂ ਦੇ ਪੋਤੀਆਂ-ਪੋਤੇ ਤੇ ਦੋਹਤੀਆਂ-ਦੋਹਤੇ ਪੰਜਾਬੀ ਨਾਲੋਂ ਬਿਲਕੁਲ ਟੁੱਟ ਜਾਂਦੇ ਹਨ। ਇਹ ਕੋਈ ਅਣਹੋਣੀ ਨਹੀਂ, ਭਾਸ਼ਾ ਦਾ ਦਸਤੂਰ ਹੀ ਇਹ ਹੈ। ਅਮਰੀਕਾ ਵਿਚ ਚਾਰ ਕੁ ਮਹੀਨੇ ਠਹਿਰਨ ਸਮੇਂ ਇਹ ਵਰਤਾਰਾ ਮੈਂ ਲੇਖਕ-ਪਾਠਕ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਘਰਾਂ ਵਿਚ ਅੱਖਾਂ ਖੁੱਲ੍ਹੀਆਂ ਰੱਖ ਕੇ ਆਪ ਦੇਖਿਆ ਹੋਇਆ ਹੈ।

ਪਰਦੇਸਾਂ ਵਿਚ ਛਪਦੇ ਜਿਨ੍ਹਾਂ ਦਰਜਨਾਂ ਵੱਡੇ ਵੱਡੇ ਖ਼ੂਬਸੂਰਤ ਪੰਜਾਬੀ ਹਫ਼ਤਾਵਾਰਾਂ ਅਤੇ ਪੰਜਾਬੀ ਰੇਡੀਓ ਤੇ ਟੀਵੀਆਂ ਦੀ ਮਿਸਾਲ ਦਿੱਤੀ ਜਾਂਦੀ ਹੈ, ਉਹ ਸਿਰਫ਼ ਪਹਿਲੀ ਪੀੜ੍ਹੀ ਹੀ ਪੜ੍ਹਦੀ, ਸੁਣਦੀ ਤੇ ਦੇਖਦੀ ਹੈ। ਸਟੋਰਾਂ ਤੇ ਗੁਰਦੁਆਰਿਆਂ ਵਿਚ ਇਹਨਾਂ ਅਖ਼ਬਾਰਾਂ ਦਾ ਮੁਫ਼ਤ ਮਿਲਦੇ ਹੋਣਾ ਇਹਨਾਂ ਦੀ ਪਾਠਕ-ਗਿਣਤੀ ਵਿਚ ਵਾਧਾ ਕਰਦਾ ਹੈ। ਇਹਦੇ ਨਾਲ ਹੀ ਦੇਸ ਬਾਰੇ ਜਾਣਨ ਦੀ ਇੱਛਾ ਵੀ ਹੁੰਦੀ ਹੈ ਤੇ ਸਮਾਂ ਲੰਘਾਉਣ ਦੀ ਸਮੱਸਿਆ ਵੀ ਹੁੰਦੀ ਹੈ। ਜੇ ਇਹੋ ਜਿਹੇ ਪੰਜਾਬੀ ਮਾਈ-ਭਾਈ ਗੁੱਸਾ ਨਾ ਕਰਨ ਤਾਂ ਮੈਂ ਇਹ ਵੀ ਕਹਾਂਗਾ ਕਿ ਰੱਬ ਦਾ ਸ਼ੁਕਰ ਹੈ, ਅਮਰੀਕਾ-ਕੈਨੇਡਾ ਵਿਚ ਰੱਦੀ ਨਹੀਂ ਵਿਕਦੀ। ਨਹੀਂ ਤਾਂ ਅਜਿਹੇ ਪੰਜਾਬੀ ‘ਪਾਠਕਾਂ’ ਦੀ ਵੀ ਕੋਈ ਘਾਟ ਨਹੀਂ ਕਿ ਕਿਸੇ ਇਕੋ ਨੇ ਹੀ ਉਹ ਸਾਰੇ ਚੁੱਕ ਕੇ ਲੈ ਜਾਇਆ ਕਰਨੇ ਸਨ।

ਪਰਦੇਸਾਂ ਵਿਚ ਛਪਦੇ ਮੇਰੇ ਲੇਖ ਪੜ੍ਹ ਕੇ ਬਹੁਤ ਸਾਰੇ ਮਿਹਰਬਾਨ ਪਾਠਕ ਫੋਨ ਕਰਦੇ ਹਨ। ਗੱਲਾਂ ਗੱਲਾਂ ਵਿਚ ਮੈਂ ਉਹਨਾਂ ਨੂੰ ਵਿਸ਼ੇਸ਼ ਕਰਕੇ ਪੁਛਦਾ ਹਾਂ ਕਿ ਤੁਹਾਡੇ ਘਰ-ਪਰਿਵਾਰ ਵਿਚ ਮੇਰੇ ਇਹ ਲੇਖ ਕੌਣ ਕੌਣ ਪੜ੍ਹਦਾ ਹੈ? ਸਭ ਦੇ ਜਵਾਬਾਂ ਵਿਚ ਸਾਂਝੀ ਗੱਲ ਇਹੋ ਹੁੰਦੀ ਹੈ ਕਿ ਇਧਰੋਂ ਗਏ ਪਤੀ-ਪਤਨੀ ਤੇ ਕੋਈ ਕੋਈ ਇਧਰੋਂ ਗਿਆ ਨੂੰਹ-ਪੁੱਤਰ ਹੀ ਪੜ੍ਹਦੇ ਹਨ। ਜੇ ਉਧਰ ਜੰਮੇ ਬੱਚਿਆਂ ਬਾਰੇ ਪੁੱਛੀਏ, ਜਵਾਬ ਮਿਲਦਾ ਹੈ, ਉਵਾਹਿਗੁਰੂ ਵਾਹਿਗੁਰੂ ਕਰੋ ਜੀ! ਉਹ ਤਾਂ ਪੰਜਾਬੀ ਪੜ੍ਹਨੀ ਤਾਂ ਦੂਰ, ਇਸ ਵੱਲ ਝਾਕਦੇ ਵੀ ਨਹੀਂ!”

ਕਿਸੇ ਦੇਸ ਦੇ ਭਾਸ਼ਾਈ-ਸਭਿਆਚਾਰਕ ਸਮੁੰਦਰ ਵਿਚ ਬਾਹਰੋਂ ਜਾ ਕੇ ਪਈ ਪੰਜਾਬੀ ਦੀ ਛੋਟੀ ਜਿਹੀ ਨਦੀ ਤੋਂ ਸਦਾ ਵਾਸਤੇ ਆਪਣੀ ਵੱਖਰੀ ਪਛਾਣ ਬਣਾਈ ਰੱਖਣ ਦੀ ਆਸ ਕਰਨਾ ਕਿਧਰਲੀ ਸਿਆਣਪ ਹੈ! ਭਾਸ਼ਾ ਵਾਂਗ ਹੀ ਪੰਜਾਬੀ ਔਲਾਦਾਂ ਦਾਦੇ-ਦਾਦੀਆਂ ਨਾਲ ਮਿਲ ਕੇ ਦਿਵਾਲੀ, ਵਸਾਖੀ ਤੇ ਗੁਰਪੁਰਬ ਮਨਾਉਣ ਨਾਲੋਂ ਸਥਾਨਕ ਹਾਣੀਆਂ ਨਾਲ ਮਿਲ ਕੇ ਕਿ੍ਰਸਮਿਸ ਤੇ ਹੈਲੋਵੀਨ ਮਨਾਉਣ ਦਾ ਵਧੇਰੇ ਉਤਸਾਹ ਦਿਖਾਉਂਦੀਆਂ ਹਨ। ਸਥਾਨਕ ਲੋਕਾਂ ਨੂੰ ਵਿੰਗੇ-ਟੇਢੇ ਲਗਦੇ ਉਚਾਰਨ ਸੌਖੇ ਕਰਨ ਵਾਸਤੇ ਜਗਜੀਤ ਜੈਗ, ਹਰਭਜਨ ਹੈਰੀ ਤੇ ਸੁਖਮੰਦਰ ਸੈਮ ਹੋ ਜਾਂਦੇ ਹਨ। ਪੰਜਾਬੀਆਂ ਦੀ ਤੀਜੀ ਪੀੜ੍ਹੀ ਮਾਪਿਆਂ ਦੀ ਇੱਛਾ ਅਨੁਸਾਰ ਵਿਆਹ ਕਰਾਉਣ ਤੋਂ ਪੂਰੀ ਤਰ੍ਹਾਂ ਇਨਕਾਰੀ ਹੁੰਦਿਆਂ ਸਥਾਨਕ ਗੋਰੇ-ਕਾਲੇ ਮੁੰਡੇ-ਕੁੜੀਆਂ ਨਾਲ ਵਿਆਹ ਕਰ ਕੇ ਪੰਜਾਬੀਅਤ ਤੋਂ ਪੱਕੇ ਤੌਰ ਉੱਤੇ ਦੂਰ ਹੁੰਦੀ ਜਾਣ ਦੇ ਰਾਹ ਪੈ ਜਾਂਦੀ ਹੈ।

ਦਸੰਬਰ 2012 ਵਿਚ ਥਾਈਲੈਂਡ ਦਾ ਰੱਖਿਆ ਮੰਤਰੀ ਸੁਕੁਮਪੋਲ ਸੁਵਾਨਤਾਤ ਭਾਰਤ ਆਇਆ ਤਾਂ ਸਾਡੇ ਉਸ ਸਮੇਂ ਦੇ ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਸਰਕਾਰੀ ਗੱਲਬਾਤ ਤੋਂ ਪਹਿਲਾਂ ਕੈਮਰਿਆਂ ਵਾਸਤੇ ਹੱਥ ਘੁੱਟ ਕੇ ਸਦਭਾਵੀ ਗੱਲਾਂ ਕਰਦਿਆਂ ਕਿਹਾ,ਉਥਾਈਲੈਂਡ ਤੇ ਭਾਰਤ ਦੇ ਲੋਕਾਂ ਦਾ ਦੋਸਤੀ ਦਾ ਪੁਰਾਣਾ ਨਾਤਾ ਹੈ।” ਥਾਈ ਨਾਂ, ਨੁਹਾਰ ਅਤੇ ਦਿੱਖ ਵਾਲੇ ਮੰਤਰੀ ਨੇ ਹੱਸ ਕੇ ਉੱਤਰ ਦਿੱਤਾ, ਉਮੇਰਾ ਭਾਰਤ ਨਾਲ ਇਸ ਤੋਂ ਵੀ ਸੰਘਣਾ ਨਾਤਾ ਹੈ; ਮੇਰਾ ਦਾਦਾ ਪੰਜਾਬੀ ਸਿੱਖ ਸੀ।”

ਸ਼ਹੀਦ ਗਹਿਲ ਸਿੰਘ ਛੱਜਲਵੱਡੀ ਦੇ ਤਾਏ ਦੇ ਪੁੱਤ ਭਰਾ ਦਲੀਪ ਸਿੰਘ ਸੌਂਦ ਨੇ ਸਭ ਰੋਕਾਂ-ਹੱਦਾਂ ਭੰਨ ਕੇ 1956 ਵਿਚ ਅਮਰੀਕੀ ਪਾਰਲੀਮੈਂਟ ਦਾ ਪਹਿਲਾ ਏਸ਼ੀਆਈ ਮੈਂਬਰ ਬਣਨ ਦਾ ਕਿ੍ਰਸ਼ਮਾ ਕਰਦਿਆਂ ਦੁਨੀਆ ਨੂੰ ਦੰਗ ਕਰ ਦਿੱਤਾ ਅਤੇ ਆਪਣੀ ਕਾਰਗ਼ੁਜ਼ਾਰੀ ਨਾਲ ਬਹੁਤ ਨਾਂ ਕਮਾਇਆ। 7 ਨਵੰਬਰ 2007 ਨੂੰ ਅਮਰੀਕੀ ਸੰਸਦ ਭਵਨ ਵਿਚ ਇਤਿਹਾਸ-ਸਿਰਜਕ ਮੈਂਬਰਾਂ ਦੀ ਲੜੀ ਵਿਚ ਲਾਏ ਗਏ ਉਹਦੇ ਚਿਤਰ ਤੋਂ ਪਰਦਾ ਸਿਖਰੀ ਅਮਰੀਕੀ ਹਸਤੀਆਂ ਦੀ ਹਾਜ਼ਰੀ ਵਿਚ ਉਹਦੀ ਛੇ ਸਾਲ ਦੀ ਪੜਪੋਤੀ ਨੇ ਹਟਾਇਆ। ਸੌਂਦ ਦੇ ਪੁੱਤਾਂ-ਧੀਆਂ ਦੇ ਪਰਵਾਰਾਂ ਦੇ ਦਰਜਨਾਂ ਜੀਅ ਹਾਜ਼ਰ ਸਨ। ਪੁੱਤਾਂ ਵਾਲੇ ਪਾਸੇ ਅਮਰੀਕੀ ਨਾਂਵਾਂ ਨਾਲ ਸੌਂਦ ਹੋਣ ਤੋਂ ਇਲਾਵਾ ਉਥੇ ਦੋਵਾਂ ਪਾਸਿਆਂ ਦੇ ਪਰਿਵਾਰਾਂ ਵਿਚ ਪੰਜਾਬੀ ਅਤੇ ਪੰਜਾਬੀਅਤ ਦਾ ਰੰਗ ਕਿਤੇ ਰਾਈ-ਮਾਤਰ ਵੀ ਨਹੀਂ ਸੀ।

ਇਕ ਦਿਲਚਸਪ ਵਾਰਤਾ ਹੋਰ ਸੁਣੋ। ਨਾਮਧਾਰੀ ਆਪਣੇ ਗੁਰੂਆਂ ਦੇ ਗੁਰਮੁਖੀ ਸਿੱਖਣ ਦੇ ਹੁਕਮਨਾਮਿਆਂ ਉੱਤੇ ਸੱਚੇ ਦਿਲੋਂ ਫੁੱਲ ਚੜ੍ਹਾਉਂਦੇ ਹਨ ਤਾਂ ਜੋ ਪੰਜਾਬੀ ਪੜ੍ਹ-ਲਿਖ ਸਕਣ। ਕੋਈ ਇਕ ਸਾਲ ਪਹਿਲਾਂ ਦੀ ਗੱਲ ਹੈ, 22 ਅਗਸਤ 2013 ਦੇ ਨਾਮਧਾਰੀ ਅਖ਼ਬਾਰ ਵਿਚ ਖ਼ਬਰ ਛਪੀ ਕਿ ਇੰਗਲੈਂਡ ਵਿਚ ਬਰਮਿੰਘਮ ਦੇ ਨਾਮਧਾਰੀ ਗੁਰਦੁਆਰੇ ਵਿਖੇ ਉਸਤਿਗੁਰੂ ਜੀ ਨੂੰ ਬੇਨਤੀ ਕੀਤੀ ਗਈ ਕਿ ਬੱਚਿਆਂ ਦੀ ਇੱਛਾ ਹੈ ਕਿ ਆਪ ਅੰਗਰੇਜ਼ੀ ਵਿਚ ਕਿਰਪਾ ਕਰੋ” ਅਤੇ ਉਉਹਨਾਂ ਵਾਸਤੇ ਇਸ ਤੋਂ ਵੱਡਾ ਕਮਾਲ ਦਾ ਕੰਮ ਹੋਰ ਕੀ ਹੋ ਸਕਦਾ ਸੀ ਕਿ ਸਤਿਗੁਰੂ ਜੀ ਉਹਨਾਂ ਦੀ ਅਰਜ਼ ਨੂੰ ਬੜਾ ਸੌਖਾ, ਉਹਨਾਂ ਦੇ ਨੇੜੇ ਦੀ ਭਾਸ਼ਾ ਅੰਗਰੇਜ਼ੀ ਵਿਚ ਸਮਝਾ ਰਹੇ ਸਨ।”

ਇਸ ਲਈ ਅਤੀਤ ਨੂੰ ਸਿਮਰਦਿਆਂ, ਅਨੁਵਾਦ ਉੱਤੇ ਟੇਕ ਰਖਦਿਆਂ ਜਾਂ ਪਰਦੇਸਾਂ ਵਿਚ ਉੱਚੇ ਝੂਲਦੇ ਪਰਚਮਾਂ ਦੀ ਕਲਪਨਾ ਕਰਦਿਆਂ ਪੰਜਾਬੀ ਦਾ ਉਜਲਾ ਭਵਿੱਖ ਚਿਤਵਣਾ ਮਨ ਨੂੰ ਝੂਠੀ ਤਸੱਲੀ ਦੇਣ ਵਾਲੀ ਗੱਲ ਹੈ। ਪੰਜਾਬੀ ਦਾ ਭਵਿੱਖ ਚਾਨਣਾ ਕਰਨ ਵਾਸਤੇ ਇਹਦਾ ਪਰਚਮ ਪੰਜਾਬ ਵਿਚ ਹੀ ਬੁਲੰਦ ਕਰਨਾ ਪਵੇਗਾ। ਇਸ ਉਦੇਸ਼ ਦੀ ਪ੍ਰਾਪਤੀ ਵਾਸਤੇ ਤਿੰਨ ਗੱਲਾਂ ਜ਼ਰੂਰੀ ਹਨ।

ਪਹਿਲੀ, ਪੰਜਾਬੀ ਭਾਈਚਾਰੇ ਲਈ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਸਮਝਣ ਵਾਲੇ ਲੇਖਕ, ਅਧਿਆਪਕ, ਵਿਦਵਾਨ ਇਹਨਾਂ ਸਮੱਸਿਆਵਾਂ ਦੇ ਹੱਲ ਵੱਲ ਜਜ਼ਬਾਤੀ ਪਹੁੰਚ ਦੀ ਥਾਂ ਭਾਸ਼ਾ-ਵਿਗਿਆਨਕ ਪਹੁੰਚ ਅਪਣਾਉਣ ਅਤੇ ਪੰਜਾਬੀ ਦੇ ਵਿਕਾਸ ਦੇ ਰਾਹ ਦੀਆਂ ਸਭ ਰੋਕਾਂ ਦੀ ਨਿਸ਼ਾਨਦੇਹੀ ਕਰ ਕੇ ਉਹਨਾਂ ਨੂੰ ਦੂਰ ਕਰਨ ਦੇ ਗੰਭੀਰ ਉਪਰਾਲੇ ਸ਼ੁਰੂ ਕਰਨ।

ਦੂਜੀ, ਪੰਜਾਬ ਵਿਚ ਪੰਜਾਬੀ ਨੂੰ ਕਾਗ਼ਜ਼ੀ ਦੀ ਥਾਂ ਸਹੀ ਅਰਥਾਂ ਵਿਚ ਰਾਜਭਾਸ਼ਾ ਦਾ ਸਥਾਨ ਮਿਲਣਾ ਚਾਹੀਦਾ ਹੈ। ਇਸ ਕਾਨੂੰਨ ਵਿਚ ਜੋ ਕਮਜ਼ੋਰੀਆਂ ਹਨ, ਉਹ ਸੋਧਾਂ ਕਰ ਕੇ ਤੁਰਤ ਦੂਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਖ਼ਾਤਰ ਸਮਾਜਕ-ਰਾਜਨੀਤਕ ਚੇਤਨਾ ਅਤੇ ਲਾਮਬੰਦੀ ਦੀ ਲੋੜ ਹੈ। ਸਾਡੇ ਬਹੁਤ ਸਾਰੇ ਪੜ੍ਹੇ-ਲਿਖੇ ਸਮਾਜਕ ਅਤੇ ਰਾਜਨੀਤਕ ਆਗੂ ਵੀ ਭਾਸ਼ਾ ਦੀ ਮਹੱਤਤਾ ਸਮਝਣ ਦੇ ਪੱਖੋਂ ਅਨਪੜ੍ਹ ਹੀ ਹਨ। ਰਾਜਭਾਸ਼ਾ ਕਾਨੂੰਨ ਦੀਆਂ ਤਰੁਟੀਆਂ ਦੂਰ ਕਰਵਾਉਣ ਲਈ ਸੋਧਾਂ ਤੋਂ ਪੰਜਾਬ ਸਰਕਾਰ ਦੇ ਲਗਾਤਾਰ ਇਨਕਾਰ ਕਾਰਨ ਪੰਜਾਬੀ ਲੇਖਕਾਂ ਅਤੇ ਹੋਰ ਹਿਤੈਸ਼ੀਆਂ ਨੂੰ ਵਾਰ ਵਾਰ ਚੰਡੀਗੜ੍ਹ ਵਿਚ ਧਰਨਿਆਂ ਤੇ ਅੰਦੋਲਨਾਂ ਦਾ ਰਾਹ ਫੜਨਾ ਪੈਂਦਾ ਹੈ। ਪਰ ਇਹ ਸਭ ਯਤਨ ਅਨਸੁਣਦੀ ਸਰਕਾਰ ਦੀ ਚੁੱਪ ਕਾਰਨ ਅਜੇ ਤੱਕ ਅਸਫਲ ਰਹਿੰਦੇ ਆਏ ਹਨ।

ਤੀਜੀ, ਪੰਜਾਬੀ ਦੇ ਵਿੱਦਿਅਕ-ਅਕਾਦਮਿਕ ਖੇਤਰ ਦੀ ਸੰਪੂਰਨ ਨਵਿਆਈ ਬੇਹੱਦ ਜ਼ਰੂਰੀ ਹੈ। ਪਹਿਲੇ ਕਦਮ ਵਜੋਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਕੇਵਲ ਅਜਿਹੇ ਅਧਿਆਪਕ ਰੱਖੇ ਜਾਣ ਜਿਨ੍ਹਾਂ ਨੂੰ ਪੰਜਾਬੀ ਠੀਕ ਬੋਲਣੀ ਤੇ ਲਿਖਣੀ ਆਉਂਦੀ ਹੋਵੇ ਅਤੇ ਜਿਨ੍ਹਾਂ ਦੀ ਵਿਦਵਤਾ ਦਾ ਆਧਾਰ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਤੇ ਸਮਾਜ ਦੀ ਸਮਝ ਹੋਵੇ। ਹੋਰ ਭਾਸ਼ਾਵਾਂ ਤੋਂ ਪ੍ਰਾਪਤ ਹੁੰਦਾ ਗਿਆਨ ਉਹਨਾਂ ਦੇ ਇਸ ਆਧਾਰ ਨੂੰ ਅਮਰਵੇਲ ਵਾਂਗ ਸੋਕ-ਨਿਚੋੜ ਕੇ ਪੂਰੀ ਤਰ੍ਹਾਂ ਕਜਦਿਆਂ ਆਪ ਹੀ ਨਾ ਛਾ ਜਾਵੇ ਸਗੋਂ ਦੀਵੇ ਕੋਲ ਦੀਵਾ ਜਗਣ ਵਾਂਗ ਉਸ ਦੀ ਜੋਤ ਵਿਚ ਵਾਧਾ ਕਰੇ।

ਦੁਨੀਆ ਭਰ ਵਿਚ ਸੈਂਕੜੇ ਭਾਸ਼ਾਵਾਂ ਮਰੀਆਂ ਹਨ ਅਤੇ ਸੈਂਕੜੇ ਮਰ ਰਹੀਆਂ ਹਨ। ਸੰਸਾਰ ਦੀਆਂ ਭਾਸ਼ਾਵਾਂ ਦੀ ਸਹੀ ਗਿਣਤੀ ਪਤਾ ਕਰਨੀ ਤਾਂ ਸੰਭਵ ਨਹੀਂ, ਮੋਟੇ ਅੰਦਾਜ਼ੇ ਅਨੁਸਾਰ ਇਸ ਸਮੇਂ 6,000 ਭਾਸ਼ਾਵਾਂ ਮੰਨੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਅੱਧੀਆਂ ਕੇਵਲ ਚਾਰ ਦੇਸਾਂ, ਭਾਰਤ, ਇੰਡੋਨੇਸ਼ੀਆ, ਨਾਈਜੇਰੀਆ ਅਤੇ ਪਾਪੂਆ ਨਿਊ ਗਿਨੀ ਵਿਚ ਬੋਲੀਆਂ ਜਾਂਦੀਆਂ ਹਨ। ਸਾਡੇ ਦੇਸ ਵਿਚ ਭਾਸ਼ਾਵਾਂ ਦੀ ਹਾਲਤ ਪਤਲੀ ਪੈਂਦੇ ਜਾਣ ਦਾ ਮੂਲ ਕਾਰਨ ਭਾਸ਼ਾਈ ਵੰਨਸੁਵੰਨਤਾ ਨੂੰ ਕਦਰਜੋਗ ਸਮਾਜਕ-ਸਭਿਆਚਾਰਕ ਸਰਮਾਏ ਦੀ ਥਾਂ ਵਾਧੂ ਖਿਲਾਰਾ ਅਤੇ ਬੋਝ ਸਮਝੇ ਜਾਣਾ ਹੈ। ਭਾਸ਼ਾ ਦੇ ਸਿਆਣਿਆਂ ਦਾ ਅੰਦਾਜ਼ਾ ਅਤੇ ਫ਼ਿਕਰ ਹੈ ਕਿ ਇਹਨਾਂ ਵਿਚੋਂ 4,000 ਇਸ ਸਦੀ ਦੇ ਅੰਤ ਤੱਕ ਲੋਪ ਹੋ ਜਾਣਗੀਆਂ ਅਤੇ ਬਾਕੀ ਬਚੀਆਂ 2,000 ਵਿਚੋਂ ਵੀ ਕੁਝ ਸੈਂਕੜੇ ਹੀ ਆਪਣੀ ਪੂਰੀ ਆਭਾ ਕਾਇਮ ਰੱਖ ਸਕਣਗੀਆਂ।

ਜੇ ਪੰਜਾਬੀ ਭਾਈਚਾਰਾ ਪੰਜਾਬੀ ਦੀਆਂ ਅਕਾਦਮਿਕ ਅਤੇ ਰਾਜਨੀਤਕ ਸਮੱਸਿਆਵਾਂ ਦੇ ਹੱਲ ਵਾਸਤੇ ਇਕਮੁੱਠ ਅਤੇ ਜਾਗਿ੍ਰਤ ਨਾ ਹੋਇਆ ਤਾਂ ਯੂਨੈਸਕੋ ਨੇ ਪੰਜਾਹ ਸਾਲਾਂ ਵਿਚ ਪੰਜਾਬੀ ਦੇ ਖ਼ਾਤਮੇ ਦੀ ਭਵਿੱਖਬਾਣੀ ਤੋਂ ਭਾਵੇਂ ਇਨਕਾਰ ਕਰ ਦਿੱਤਾ ਹੋਵੇ ਪਰ ਖ਼ਤਰੇ ਦੀ ਲਕੀਰ ਲੰਘ ਚੁੱਕੀਆਂ 197 ਬੋੱਲੀਆਂ ਵਾਲੇ ਭਾਰਤ ਨੂੰ ਪਹਿਲਾ ਸਥਾਨ ਦੇਣ ਵਾਲੀ ਉਹਦੀ ਸੂਚੀ ਕਾਇਮ ਹੈ! ਪੰਜਾਬੀ ਦੀ ਅਜਿਹੀ ਹੋਣੀ ਦੀ ਸੰਭਾਵਨਾ ਤੋਂ ਅੱਖਾਂ ਬੰਦ ਨਹੀਂ ਕੀਤੀਆਂ ਜਾ ਸਕਦੀਆਂ। ਪੰਜਾਹ ਸਾਲ ਨਾ ਸਹੀ, ਸੌ ਸਹੀ, ਦੋ ਸੌ ਸਹੀ, ਪਰ ਤਿਲ੍ਹਕਦੀ ਜਾਂਦੀ ਭਾਸ਼ਾ ਆਖ਼ਰ ਕਦੀ ਤਾਂ ਥੱਲੇ ਜਾ ਹੀ ਪਹੁੰਚੇਗੀ।

ਤੇ ਜਦੋਂ ਕੋਈ ਭਾਸ਼ਾ ਮਰਦੀ ਹੈ, ਨਾਲ ਹੀ ਉਸ ਭਾਈਚਾਰੇ ਦੀ ਸਦੀਆਂ ਦੌਰਾਨ ਸਿਰਜੀ ਗਈ ਸਭਿਆਚਾਰਕ ਵਿਰਾਸਤ, ਇਕੱਤਰ ਕੀਤੀ ਗਈ ਸੂਝ-ਸਿਆਣਪ, ਵਿਕਸਿਤ ਕੀਤੀ ਗਈ ਜੀਵਨ-ਜਾਚ ਅਤੇ ਨਤੀਜੇ ਵਜੋਂ ਨਵੇਕਲੀ-ਨਿਆਰੀ ਵੱਖਰੀ ਹੋਂਦ ਵੀ ਮਰ ਜਾਂਦੀ ਹੈ।

Comments

Raghbir Singh Mander

Punjab vicho Gul ho riha hai....dukhdaek hai naa....

Harjeet Singh Bhatti

ਭੁੱਲਰ ਦੇ ਲੇਖ ਵਿੱਚ ਕੁੱਝ ਗੱਲਾਂ ਸਾਰਥਿਕ ਹਨ,ਕੁੱਝ ਵਧਾ ਚੜਾ ਕੇ ਜਾਂ ਘਟਾ ਕੇ ਕੀਤੀਆਂ ਹਨ ।ਵਿਦੇਸ਼ਾਂ ਵਿੱਚ ਵੀ ਪੰਜਾਬੀ ਦੀ ਬਾਹਰੋਂ ਦਿਖਦੀ ਚੜਾਈ ਐਵੇਂ ਨਹੀਂ ਹੋ ਗਈ,ਪਰਵਾਸੀਆਂ ਦੀ ਸਖਤ ਮਿਹਨਤ ਕਾਰਣ ਹੋਈ ਹੈ ।ਇਹ ਠੀਕ ਹੈ ਕਿ ਪਹਿਲੀ ਪੀੜੀ ਦੇ ਅੱਖਾਂ ਮੀਟਦਿਆਂ ਚਮਕ ਫਿੱਕੀ ਪੈ ਜਾਣੀ ਹੈ ਪਰ ਕਨੈਡਾ,ਅਮਰੀਕਾ ਵਰਗੇ ਵੱਡੇ ਮੁਲਕਾਂ ਦੇ ਪਰਵਾਸੀਆਂ ਨੇ ਸੁਚੇਤ ਹੋ ਕੇ ਪੰੰਜਾਬੀ ਨੂੰ ਦੂਜੀ ਸਰਕਾਰੀ ਭਾਸ਼ਾ,ਸਰਕਾਰੀ ਦਫਤਰਾਂ ਤੇ ਸਕੂਲਾਂ ਵਿੱਚ ਲਾਗੂ ਕਰਵਾਇਆ ਹੈ ।ਬਰਿਟਿਸ਼ ਕੋਲੰਬੀਆ ਸੂਬੇ ਵਿੱਚ ਤਾਂ ਪੰਜਾਬੀ ਜਾਨਣ ਵਾਲੇ ਬੱਚਿਆਂ ਨੂੰ ਨੌਕਰੀ ਵੇਲੇ ਕਾਫੀ ਥਾਵਾਂ ਤੇ ਪਹਿਲ ਵੀ ਮਿਲਦੀ ਹੈ।ਪੰਜਾਬ ਵਿੱਚ ਤਾਂ ਪੰਜਾਬੀ ਲਾਾਗੂ ਕਰਵਾਉਣ ਦੀ ਦੋਹਾਈ ਪਾਉਣ ਵਾਲੇ ਸੰਤ ਸਿੰਘ ਸੇਖੋਂ ਵਰਗੇ ਲੇਖਕ ਬੱਚੇ ਅੰਗਰੇਜੀ ਸਕੂਲਾਂ ਵਿੱਚ ਪੜਾਉਂਦੇ ਨੇ,ਇਮਾਨਦਾਰੀ ਬਾਹਲੀ ਜੋੋ ਹੋਈ ?

Mohn singh

G bhullar nu salaam

CoreyPut

This year turned out to be very difficult. But we have optimized and reduced the cost of our products! It is almost impossible to find prices lower than ours, the sale is at the cost price level. Watch and be surprised by our super low prices https://cutt.us/6nChw

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ