ਅੰਗਰੇਜ਼ੀ ਦੁਨੀਆਂ ਦੀ ਗ਼ਾਲਬ ਭਾਸ਼ਾ ਕਿਵੇਂ ਬਣੀ?
ਕੋਈ ਵੀ ਭਾਸ਼ਾ ਇਸ ਕਰਕੇ ਗ਼ਾਲਬ ਭਾਸ਼ਾ ਨਹੀਂ ਬਣਦੀ ਕਿਉਂਕਿ ਉਹ ਖੂਬਸੂਰਤ ਹੈ ਜਾਂ ਉਸ ਵਿੱਚ ਪ੍ਰਗਟਾਵੇ ਦੀ ਵੱਧ ਯੋਗਤਾ ਹੈ। ਨਾ ਹੀ ਕੋਈ ਭਾਸ਼ਾ ਇਸ ਕਰਕੇ ਗ਼ਾਲਬ ਭਾਸ਼ਾ ਬਣਦੀ ਹੈ ਕਿਉਂਕਿ ਉਸ ਨੂੰ ਬੋਲਣ ਵਾਲ਼ਿਆਂ ਦੀ ਗਿਣਤੀ ਜ਼ਿਆਦਾ ਹੈ। ਸਗੋਂ ਇੱਕ ਭਾਸ਼ਾ ਇਸ ਕਰਕੇ ਗ਼ਾਲਬ ਭਾਸ਼ਾ ਬਣਦੀ ਹੈ ਕਿਉਂਕਿ ਉਸ ਨੂੰ ਬੋਲਣ ਵਾਲ਼ਿਆਂ ਕੋਲ ਤਾਕਤ (ਫੌਜੀ, ਆਰਥਿਕ, ਸਿਆਸੀ ਅਤੇ ਸੱਭਿਆਚਾਰਕ) ਹੁੰਦੀ ਹੈ। ਇਸ ਖੇਤਰ ਵਿੱਚ ਕੰਮ ਕਰਦੇ ਇੱਕ ਵਿਦਵਾਨ ਡੇਵਿਡ ਕਰਿਸਟਲ ਦੇ ਸ਼ਬਦਾਂ ਵਿੱਚ:
ਕੋਈ ਵੀ ਭਾਸ਼ਾ ਆਪਣੇ ਅੰਤਰੀਵੀ ਗੁਣਾਂ ਕਰਕੇ ਜਾਂ ਵੱਡੇ ਸ਼ਬਦ ਭੰਡਾਰ ਕਰਕੇ ਵਿਸ਼ਵ ਭਾਸ਼ਾ ਨਹੀਂ ਬਣਦੀ ਜਾਂ ਇਸ ਕਰਕੇ ਵਿਸ਼ਵ ਭਾਸ਼ਾ ਨਹੀਂ ਬਣਦੀ ਕਿਉਂਕਿ ਭੂਤ ਕਾਲ ਵਿੱਚ ਇਸ ਵਿੱਚ ਮਹਾਨ ਸਾਹਿਤ ਲਿਖਿਆ ਗਿਆ ਸੀ ਜਾਂ ਇਹ ਕਦੇ ਮਹਾਨ ਸੱਭਿਆਚਾਰ ਜਾਂ ਧਰਮ ਨਾਲ਼ ਸੰਬੰਧਤ ਰਹੀ ਸੀ। ਇਹ ਜ਼ਰੂਰ ਹੈ ਕਿ ਇਹ ਸਾਰੀਆਂ ਗੱਲਾਂ ਕਿਸੇ ਇੱਕ ਵਿਅਕਤੀ ਨੂੰ ਅਜਿਹੀ ਭਾਸ਼ਾ ਸਿੱਖਣ ਲਈ ਪ੍ਰੇਰ ਸਕਦੀਆਂ ਹਨ ਪਰ ਇਹਨਾਂ ਵਿੱਚੋਂ ਕੋਈ ਵੀ ਇੱਕ ਕਾਰਨ ਜਾਂ ਇਹ ਸਾਰੇ ਕਾਰਨ ਮਿਲਕੇ ਭਾਸ਼ਾ ਦਾ ਸੰਸਾਰ ਪੱਧਰ ਉੱਪਰ ਪਸਾਰ ਯਕੀਨੀ ਨਹੀਂ ਬਣਾ ਸਕਦੇ। ਅਸਲ ਵਿੱਚ ਅਜਿਹੇ ਕਾਰਨ ਭਾਸ਼ਾ ਦਾ ਇੱਕ ਜੀਵਤ ਭਾਸ਼ਾ ਦੇ ਤੌਰ ਕਾਇਮ ਰਹਿਣਾ ਵੀ ਯਕੀਨੀ ਨਹੀਂ ਬਣਾ ਸਕਦੇ…
ਇੱਕ ਭਾਸ਼ਾ, ਜਿਸ ਪ੍ਰਮੁੱਖ ਕਾਰਨ ਕਰਕੇ ਕੌਮਾਂਤਰੀ ਭਾਸ਼ਾ ਬਣਦੀ ਹੈ, ਉਹ ਹੈ: ਇਸ ਨੂੰ ਬੋਲਣ ਵਾਲ਼ੇ ਲੋਕਾਂ ਦੀ ਸਿਆਸੀ ਤਾਕਤ – ਖਾਸ ਕਰਕੇ ਫੌਜੀ ਤਾਕਤ…
ਪਰ ਕੌਮਾਂਤਰੀ ਭਾਸ਼ਾ ਦਾ ਗ਼ਲਬਾ ਸਿਰਫ ਫੌਜੀ ਜ਼ੋਰ ਦੇ ਨਤੀਜੇ ਵਜੋਂ ਹੀ ਨਹੀਂ ਹੁੰਦਾ। ਇੱਕ ਫੌਜੀ ਤੌਰ ਉੱਤੇ ਤਕੜੀ ਕੌਮ ਕਿਸੇ ਭਾਸ਼ਾ ਨੂੰ ਸਥਾਪਤ ਤਾਂ ਕਰ ਸਕਦੀ ਹੈ, ਪਰ ਇਸ ਨੂੰ ਕਾਇਮ ਰੱਖਣ ਅਤੇ ਇਸਦਾ ਪਸਾਰ ਕਰਨ ਲਈ ਆਰਥਿਕ ਤੌਰ ਉੱਤੇ ਮਜ਼ਬੂਤ ਕੌਮ ਦੀ ਲੋੜ ਹੈ। (7-8)
ਡੇਵਿਡ ਕਰਿਸਟਲ ਦੀ ਟਿੱਪਣੀ ਦੁਨੀਆਂ ਭਰ ਵਿੱਚ ਅੰਗਰੇਜ਼ੀ ਦੇ ਪਸਾਰ ਦੀ ਮੁਕੰਮਲ ਤੌਰ ਉੱਤੇ ਵਿਆਖਿਆ ਕਰਦੀ ਹੈ। ਦੁਨੀਆਂ ਦੇ ਇੱਕ ਵੱਡੇ ਹਿੱਸੇ ਉੱਪਰ ਬਰਤਾਨੀਆ ਦੀ ਬਸਤੀਵਾਦੀ ਜਿੱਤ ਨੇ ਬਰਤਾਨਵੀ ਸਾਮਰਾਜ ਦੇ ਇਲਾਕਿਆਂ ਵਿੱਚ ਅੰਗਰੇਜ਼ੀ ਦੀ ਸਥਾਪਨਾ ਵਿੱਚ ਇੱਕ ਵੱਡਾ ਰੋਲ ਨਿਭਾਇਆ। ਬਸਤੀਵਾਦੀ ਦੌਰ ਤੋਂ ਬਾਅਦ ਬਰਤਾਨੀਆ ਅਤੇ ਅਮਰੀਕਾ, ਜੋ ਕਿ ਦੂਸਰੀ ਸੰਸਾਰ ਜੰਗ ਤੋਂ ਬਾਅਦ ਅੰਗਰੇਜ਼ੀ ਬੋਲਣ ਵਾਲ਼ੀ ਇੱਕ ਨਵ-ਬਸਤੀਵਾਦੀ ਤਾਕਤ ਬਣ ਕੇ ਉਭਰਿਆ, ਵੱਲੋਂ ਅੰਗਰੇਜ਼ੀ ਦੇ ਪਸਾਰ ਲਈ ਕੀਤੇ ਗਏ ਲਗਾਤਾਰ ਯਤਨਾਂ ਨੇ ਦੁਨੀਆਂ ਭਰ ਵਿੱਚ ਅੰਗਰੇਜ਼ੀ ਦੇ ਗ਼ਲਬੇ ਨੂੰ ਕਾਇਮ ਰੱਖਣ ਵਿੱਚ ਸਹਾਇਤਾ ਕੀਤੀ ਹੈ (ਫਿਲਿਪਸਨ,92:7)। ਆਉ ਬਸਤੀਵਾਦੀ ਅਤੇ ਉੱਤਰ ਬਸਤੀਵਾਦੀ ਦੌਰ ਵਿੱਚ ਅੰਗਰੇਜ਼ੀ ਦੇ ਪਸਾਰ ਉੱਪਰ ਵਿਸਥਾਰ ਪੂਰਵਕ ਨਜ਼ਰ ਮਾਰੀਏ।
ਬਸਤੀਵਾਦ ਅਤੇ ਅੰਗਰੇਜ਼ੀ ਭਾਸ਼ਾ
ਬਰਤਾਨਵੀ ਸਾਮਰਾਜੀਆਂ ਨੇ ਆਪਣੇ ਅਧੀਨ ਆਉਂਦੇ ਇਲਾਕਿਆਂ ਵਿੱਚ ਅਜਿਹੀਆਂ ਵਿਦਿਅਕ ਨੀਤੀਆਂ ਬਣਾਈਆਂ ਜੋ ਉਹਨਾਂ ਦੇ ਹਿਤ ਪੂਰਦੀਆਂ ਸਨ। ਬਸਤੀਆਂ ਵਿੱਚ ਵਿਦਿਆ ਦਾ ਇੱਕ ਮਕਸਦ ਬਸਤੀਆਂ ਦੇ ਲੋਕਾਂ ਵਿੱਚੋਂ ਪੜ੍ਹੇ ਲਿਖੇ ਲੋਕਾਂ ਦੀ ਇੱਕ ਅਜਿਹੀਆਂ ਜਮਾਤ ਪੈਦਾ ਕਰਨਾ ਸੀ ਜੋ ਬਸਤੀਵਾਦੀਆਂ ਅਤੇ ਬਸਤੀਆਂ ਦੇ ਲੋਕਾਂ ਵਿਚਕਾਰ ਵਿਚੋਲਿਆਂ ਦਾ ਕੰਮ ਕਰ ਸਕਣ। ਸੰਨ 1835 ਵਿੱਚ ਲਾਰਡ ਮੈਕਾਲੇ ਪਬਲਿਕ ਇਨਸਟਰਕਸ਼ਨ ਬਾਰੇ ਗਵਰਨਰ ਜਨਰਲ ਦੀ ਕਮੇਟੀ ਦਾ ਚੇਅਰਮੇਨ ਸੀ। ਉਸ ਸਮੇਂ ਹਿੰਦੁਸਤਾਨ ਵਿੱਚ ਅੰਗਰੇਜ਼ੀ ਨੂੰ ਵਿਦਿਆ ਦੇ ਮਾਧਿਅਮ ਵਜੋਂ ਵਰਤਣ ਦੇ ਹੱਕ ਵਿੱਚ ਦਲੀਲ ਦਿੰਦਿਆਂ ਉਸ ਨੇ ਕਿਹਾ:
ਆਪਣੇ ਸੀਮਤ ਵਸੀਲਿਆਂ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸਿਖਿਅਤ ਕਰਨਾ ਸਾਡੇ ਲਈ ਮੁਸ਼ਕਿਲ ਹੈ। ਇਸ ਸਮੇਂ ਸਾਨੂੰ ਇੱਕ ਅਜਿਹੀ ਜਮਾਤ ਪੈਦਾ ਕਰਨ ਦੇ ਯਤਨ ਕਰਨੇ ਚਾਹੀਦੇ ਹਨ, ਜੋ ਸਾਡੇ ਅਤੇ ਸਾਡੇ ਸ਼ਾਸਨ ਅਧੀਨ ਆਉਂਦੇ ਕਰੋੜਾਂ ਲੋਕਾਂ ਵਿਚਕਾਰ ਦੁਭਾਸ਼ੀਏ ਦਾ ਰੋਲ ਅਦਾ ਕਰ ਸਕੇ – ਅਜਿਹੇ ਲੋਕਾਂ ਦੀ ਜਮਾਤ ਜੋ ਰੰਗ ਅਤੇ ਨਸਲ ਦੇ ਅਧਾਰ ਉੱਤੇ ਹਿੰਦੁਸਤਾਨੀ ਹੋਣ ਪਰ ਸੁਆਦਾਂ, ਵਿਚਾਰਾਂ, ਨੈਤਿਕ ਕਦਰਾਂ ਕੀਮਤਾਂ ਅਤੇ ਬੌਧਿਕ ਪੱਖੋਂ ਅੰਗਰੇਜ਼ (ਪੈਨੀਕੁੱਕ ਦਾ ਹਵਾਲਾ :78)।
ਮੈਕਾਲੇ ਦੇ ਵਿਚਾਰਾਂ ਦੇ ਅਧਾਰ ਉੱਤੇ ਬਸਤੀਵਾਦੀ ਸਰਕਾਰ ਨੇ ਕਈ ਅਜਿਹੇ ਕਦਮ ਚੁੱਕੇ ਜਿਹਨਾਂ ਨਾਲ਼ ਹਿੰਦੁਸਤਾਨ ਵਿੱਚ ਅੰਗਰੇਜ਼ੀ ਦੇ ਹੱਥ ਮਜ਼ਬੂਤ ਹੋਏ। ਨੰਬਰ ਇੱਕ, ਪ੍ਰਸ਼ਾਸਨ ਨੇ ਹਿੰਦੁਸਤਾਨ ਵਿੱਚ ਯੂਰਪੀ ਸਾਹਿਤ ਅਤੇ ਸਾਇੰਸ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਕੀਤਾ। ਨੰਬਰ ਦੋ, ਪ੍ਰਸ਼ਾਸਨ ਨੇ ਵਿਦਿਆ ਲਈ ਰਾਖਵੀਂ ਸਾਰੀ ਰਕਮ ਅੰਗਰੇਜ਼ੀ ਵਿਦਿਆ ਉੱਤੇ ਲਾਉਣ ਦਾ ਫੈਸਲਾ ਕੀਤਾ। ਸੰਨ 1837 ਵਿੱਚ ਬਸਤੀਵਾਦੀ ਸਰਕਾਰ ਨੇ ਫਾਰਸੀ ਦੀ ਥਾਂ ਅੰਗਰੇਜ਼ੀ ਨੂੰ ਅਦਾਲਤੀ ਭਾਸ਼ਾ ਬਣਾ ਦਿੱਤਾ (ਫਿਲਿਪਸਨ)। ਇਹਨਾਂ ਨੀਤੀਆਂ ਨੇ ਅੰਗਰੇਜ਼ੀ ਨੂੰ ਚੰਗੀ ਤਰ੍ਹਾਂ ਹਿੰਦੁਸਤਾਨ ਵਿੱਚ ਸਥਾਪਤ ਕੀਤਾ ਅਤੇ “ਅੰਗਰੇਜ਼ੀ ਵਿਦਿਆ, ਪ੍ਰਸ਼ਾਸਨ, ਵਣਜ ਅਤੇ ਵਪਾਰ ਦੀ ਇੱਕੋ ਇੱਕ ਭਾਸ਼ਾ ਬਣ ਗਈ, ਸੰਖੇਪ ਵਿੱਚ ਸਮਾਜ ਦੇ ਸਾਰੇ ਰਸਮੀ ਖੇਤਰਾਂ ਦੇ ਕੰਮ ਕਾਜ ਦੀ ਭਾਸ਼ਾ ਬਣ ਗਈ” (ਫਿਲਿਪਸਨ ਦੁਆਰਾ ਮਿਸ਼ਰਾ ਦਾ ਹਵਾਲਾ :111)।
ਮੈਕਾਲੇ ਵੱਲੋਂ ਹਿੰਦੁਸਤਾਨ ਵਿੱਚ ਅੰਗਰੇਜ਼ੀ ਨੂੰ ਵਿਦਿਆ ਦਾ ਮਾਧਿਅਮ ਬਣਾਉਣ ਦੀ ਦਲੀਲ ਦੇਣ ਪਿੱਛੇ ਸਿਰਫ ਇਹ ਹੀ ਕਾਰਨ ਨਹੀਂ ਸੀ ਕਿ ਉਹ ਰਾਜ ਲਈ ਵਿਚੋਲੇ ਪੈਦਾ ਕਰਨਾ ਚਾਹੁੰਦਾ ਸੀ, ਸਗੋਂ ਮੈਕਾਲੇ ਨੂੰ ਹਿੰਦੁਸਤਾਨ ਦੇ ਦੇਸੀ ਗਿਆਨ ਅਤੇ ਸਾਹਿਤ ਨਾਲ਼ ਅੰਤਾਂ ਦੀ ਨਫਰਤ ਸੀ। ਉਸ ਦਾ ਕਹਿਣਾ ਸੀ ਕਿ “ਯੂਰਪ ਦੀ ਇੱਕ ਚੰਗੀ ਲਾਇਬ੍ਰੇਰੀ ਦੀ ਇੱਕ ਸ਼ੈਲਫ ਹਿੰਦੁਸਤਾਨ ਅਤੇ ਅਰਬ ਦੇ ਸਮੁੱਚੇ ਦੇਸੀ ਸਾਹਿਤ ਦੇ ਬਰਾਬਰ ਹੈ ਅਤੇ ਸੰਸਕ੍ਰਿਤ ਵਿੱਚ ਲਿਖੀਆਂ ਸਾਰੀਆਂ ਕਿਤਾਬਾਂ ਤੋਂ ਮਿਲਦੀ ਇਤਿਹਾਸਕ ਜਾਣਕਾਰੀ ਦੀ ਕੀਮਤ ਇੰਗਲੈਂਡ ਦੇ ਪ੍ਰੈਪਰੇਟਰੀ ਸਕੂਲਾਂ ਵਿੱਚ ਵਰਤੇ ਜਾਂਦੇ ਖੁਲਾਸਿਆਂ ਵਿੱਚ ਮਿਲਦੀ ਜਾਣਕਾਰੀ ਤੋਂ ਘੱਟ ਹੈ।” (ਪੈਨੀਕੁੱਕ :79)। ਇਹਨਾਂ ਟਿੱਪਣੀਆਂ ਦੇ ਮੱਦੇਨਜ਼ਰ ਅਸੀਂ ਸੌਖਿਆਂ ਹੀ ਕਹਿ ਸਕਦੇ ਹਾਂ ਕਿ ਹਿੰਦੁਸਤਾਨੀ ਲੋਕਾਂ ਨੂੰ ਅੰਗਰੇਜ਼ੀ ਵਿੱਚ ਵਿਦਿਆ ਦੇਣ ਨੂੰ ਮੈਕਾਲੇ ਆਪਣਾ ਇੱਕ ਬਹੁਤ ਵੱਡਾ ਫਰਜ਼ ਸਮਝਦਾ ਹੋਵੇਗਾ।
ਮੈਕਾਲੇ ਵੱਲੋਂ ਹਿੰਦੁਸਤਾਨ ਵਿੱਚ ਅੰਗਰੇਜ਼ੀ ਮਾਧਿਅਮ ਵਿੱਚ ਵਿਦਿਆ ਦੇਣ ਦੀ ਚਲਾਈ ਨੀਤੀ ਹਿੰਦੁਸਤਾਨ ਵਿੱਚ ਕੁੱਝ ਸਮਾਂ ਜਾਰੀ ਰਹੀ। ਉੱਨੀਵੀਂ ਸਦੀ ਦੇ ਅਖੀਰ ਉੱਤੇ ਇਹ ਨੀਤੀ “ਬੋਲੀਆਂ ਦੀ ਦਰਜਾਬੰਦੀ” ਉੱਪਰ ਅਧਾਰਿਤ ਨੀਤੀ ਵਿੱਚ ਬਦਲ ਗਈ। ਇਸ ਨੀਤੀ ਅਨੁਸਾਰ ਹੇਠਲੇ ਪੱਧਰ ਉੱਪਰ ਸਥਾਨਕ ਬੋਲੀਆਂ ਵਿਦਿਆ ਦਾ ਮਾਧਿਅਮ ਬਣ ਗਈਆਂ ਪਰ ਉਪਰਲੇ ਪੱਧਰ ਉੱਪਰ ਅੰਗਰੇਜ਼ੀ ਵਿਦਿਆ ਦਾ ਮਾਧਿਅਮ ਬਣੀ ਰਹੀ। ਹਿੰਦੁਸਤਾਨੀ ਵਿਦਵਾਨ ਖੂਬਚੰਦਾਨੀ ਦਾ ਹਵਾਲਾ ਦੇ ਕੇ ਫਿਲਿਪਸਨ ਲਿਖਦਾ ਹੈ, “ਅਸਿੱਧੇ ਰਾਜ” ਦੀ ਬਰਤਾਨਵੀ ਨੀਤੀ ਦੀ ਕਾਮਯਾਬੀ ਇਸ ਗੱਲ ਵਿੱਚ ਸੀ ਕਿ ਵਸ਼ਿਸ਼ਟ ਵਰਗ ਨੂੰ ਸਿਰਫ ਅੰਗਰੇਜ਼ੀ ਮਾਧਿਅਮ ਵਿੱਚ ਸਿਖਿਅਤ ਕੀਤਾ ਜਾਵੇ ਅਤੇ ਦੂਸਰੇ ਲੋਕਾਂ ਨੂੰ ਮੁਢਲੀ ਸਿੱਖਿਆ ਸਥਾਨਕ ਬੋਲੀ ਵਿੱਚ ਦਿੱਤੀ ਜਾਵੇ ਅਤੇ ਉਹਨਾਂ ਵਿੱਚ ਜਿਹੜੇ ਥੋੜ੍ਹੇ ਜਿਹੇ ਲੋਕ ਸੈਕੰਡਰੀ ਪੱਧਰ ਤੇ ਪੜ੍ਹਾਈ ਜਾਰੀ ਰੱਖਣ, ਉਹਨਾਂ ਦਾ ਮਾਧਿਅਮ ਅੰਗਰੇਜ਼ੀ ਵਿੱਚ ਤਬਦੀਲ ਕਰ ਦਿੱਤਾ ਜਾਵੇ” (112)।
ਬਰਤਾਨੀਆ ਦੀਆਂ ਅਫਰੀਕੀ ਬਸਤੀਆਂ ਵਿੱਚ ਵੀ ਹਾਲਾਤ ਹਿੰਦੁਸਤਾਨ ਵਰਗੇ ਸਨ। ਮੁਢਲੇ ਸਾਲਾਂ ਦੌਰਾਨ ਵਿਦਿਆ ਸਥਾਨਕ ਬੋਲੀਆਂ ਵਿੱਚ ਦਿੱਤੀ ਜਾਂਦੀ ਸੀ। ਜਦੋਂ ਵਿਦਿਆਰਥੀ ਸੈਕੰਡਰੀ ਅਤੇ ਉੱਚ ਵਿਦਿਆ ਪੜ੍ਹਦਾ ਸੀ ਤਾਂ ਉਸ ਦਾ ਮਾਧਿਅਮ ਅੰਗਰੇਜ਼ੀ ਹੋ ਜਾਂਦਾ ਸੀ। ਅਫਰੀਕਾ ਵਿੱਚ ਵਿਦਿਆ ਦੀਆਂ ਨੀਤੀਆਂ ਬਣਾਉਣ ਵਾਲ਼ਿਆਂ ਦੀ ਸੋਚ ਸੀ ਕਿ ਇਸ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਉਹਨਾਂ ਦੇ ਮਨਾਂ ਵਿੱਚ ਅਫਰੀਕੀ ਸੱਭਿਆਚਾਰ ਅਤੇ ਗਿਆਨ ਦਾ ਕੋਈ ਆਦਰ ਨਹੀਂ ਸੀ। ਸੰਨ 1873 ਵਿੱਚ ਪੱਛਮੀ ਅਫਰੀਕਾ ਦਾ ਵਿਦਿਅਕ ਇਨਸਪੈਕਟਰ ਰੈਵਰੈਂਡ ਮੈਟਕਾਫ ਸੰਟਰ ਮਹਿਸੂਸ ਕਰਦਾ ਸੀ ਕਿ “ਅਫਰੀਕੀ ਲੋਕਾਂ ਦਾ ਆਪਣਾ ਕੋਈ ਇਤਿਹਾਸ ਨਹੀਂ ਹੈ” ਅਤੇ ਉਹ ਸਥਾਨਕ ਬੋਲੀਆਂ ਵਿੱਚ ਵਿਦਿਆ ਦੇਣ ਦਾ ਸਖਤ ਵਿਰੋਧੀ ਸੀ (ਫਿਲਿਪਸਨ :116)।
ਅਫਰੀਕਾ ਦੇ ਕਈ ਹਿੱਸਿਆਂ ਵਿੱਚ ਕੌਮਵਾਦੀਆਂ ਵੱਲੋਂ ਸਕੂਲ ਚਲਾਏ ਜਾਂਦੇ ਸਨ, ਜਿਹਨਾਂ ਵਿੱਚ ਵਿਦਿਆ ਸਥਾਨਕ ਬੋਲੀਆਂ ਵਿੱਚ ਦਿੱਤੀ ਜਾਂਦੀ ਸੀ। ਕੁੱਝ ਕੁ ਕੇਸਾਂ ਵਿੱਚ ਬਸਤੀਵਾਦੀ ਅਥਾਰਟੀਆਂ ਨੇ ਇਹਨਾਂ ਸਕੂਲਾਂ ਨੂੰ ਆਪਣੇ ਅਧੀਨ ਲੈ ਕੇ ਅੰਗਰੇਜ਼ੀ ਨੂੰ ਵਿਦਿਆ ਦੇ ਮਾਧਿਅਮ ਦੇ ਤੌਰ ਉੱਤੇ ਠੋਸ ਦਿੱਤਾ। ਕੀਨੀਆ ਦਾ ਲੇਖਕ ਨਗੂਗੀ ਵਾ ਥਿਓਂਗੋ, ਪ੍ਰਾਇਮਰੀ ਸਕੂਲ ਦੇ ਆਪਣੇ ਅਨੁਭਵ ਬਾਰੇ ਇਸ ਤਰ੍ਹਾਂ ਲਿਖਦਾ ਹੈ:
ਕੀਨੀਆ ਵਿੱਚ 1952 ਵਿੱਚ ਐਮਰਜੰਸੀ ਹਾਲਤਾਂ ਦਾ ਐਲਾਨ ਕਰਕੇ ਦੇਸ਼ਭਗਤ ਕੌਮਵਾਦੀਆਂ ਵੱਲੋਂ ਚਲਾਏ ਜਾਂਦੇ ਸਾਰੇ ਸਕੂਲਾਂ ਨੂੰ ਬਸਤੀਵਾਦੀ ਹਾਕਮਾਂ ਨੇ ਆਪਣੇ ਅਧੀਨ ਕਰ ਲਿਆ ਅਤੇ ਉਹਨਾਂ ਨੂੰ ਅੰਗਰੇਜ਼ਾਂ ਦੀ ਪ੍ਰਧਾਨਗੀ ਹੇਠ ਚਲਦੇ ਡਿਸਟ੍ਰਿਕਟ ਐਜੂਕੇਸ਼ਨ ਬੋਰਡ ਅਧੀਨ ਕਰ ਦਿੱਤਾ। ਅੰਗਰੇਜ਼ੀ ਮੇਰੀ ਰਸਮੀ ਵਿਦਿਆ ਦੀ ਭਾਸ਼ਾ ਬਣ ਗਈ। ਕੀਨੀਆ ਵਿੱਚ ਅੰਗਰੇਜ਼ੀ ਇੱਕ ਭਾਸ਼ਾ ਤੋਂ ਕਿਤੇ ਵੱਧ ਬਣ ਗਈ: ਇਹ ਅਜਿਹੀ ਭਾਸ਼ਾ ਬਣ ਗਈ, ਜਿਸ ਅੱਗੇ ਬਾਕੀ ਸਾਰੀਆਂ (ਭਾਸ਼ਾਵਾਂ) ਨੂੰ ਸਤਿਕਾਰ ਨਾਲ਼ ਸਿਰ ਝੁਕਾਉਣਾ ਪੈਂਦਾ ਸੀ (114)।
ਸਮੁੱਚੇ ਰੂਪ ਵਿੱਚ ਬਸਤੀਵਾਦੀ ਵਿਦਿਅਕ ਪ੍ਰਬੰਧ ਇਸ ਢੰਗ ਨਾਲ਼ ਤਿਆਰ ਕੀਤਾ ਗਿਆ ਸੀ ਕਿ ਢਾਂਚਾਗਤ ਪੱਧਰ ਉੱਪਰ ਸਕੂਲ ਸਿਸਟਮ ਵਿੱਚ ਅੰਗਰੇਜ਼ੀ ਨੂੰ ਫਾਇਦਾ ਪਹੁੰਚਦਾ ਸੀ। ਵਿਦਿਆ ਦੇ ਬਜਟ ਦਾ ਵੱਡਾ ਹਿੱਸਾ ਅੰਗਰੇਜ਼ੀ ਪੜਾਉਣ ਉੱਪਰ ਲਾਇਆ ਜਾਂਦਾ ਸੀ। ਇਸਦੇ ਨਾਲ ਹੀ ਪਾਠਕ੍ਰਮ ਦੇ ਸਬੰਧ ਵਿੱਚ ਮਿਡਲ, ਸੈਕੰਡਰੀ ਅਤੇ ਉੱਚ ਵਿਦਿਆ ਦੇ ਪੱਧਰ ਉੱਤੇ ਅੰਗਰੇਜ਼ੀ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਸੀ। ਉਦਾਹਰਨ ਲਈ, ਅਗਲੀ ਜਮਾਤ ਵਿੱਚ ਚੜ੍ਹਨ ਲਈ ਵਿਦਿਆਰਥੀ ਲਈ ਅੰਗਰੇਜ਼ੀ ਵਿਸ਼ੇ ਵਿੱਚੋਂ ਪਾਸ ਹੋਣਾ ਜ਼ਰੂਰੀ ਸੀ। ਬੇਸ਼ੱਕ ਕਿਸੇ ਵਿਦਿਆਰਥੀ ਨੇ ਦੂਸਰੇ ਵਿਸ਼ਿਆਂ ਵਿੱਚ ਚੰਗੇ ਨੰਬਰ ਲਏ ਹੋਣ, ਪਰ ਜੇ ਉਹ ਅੰਗਰੇਜ਼ੀ ਵਿੱਚੋਂ ਫੇਲ੍ਹ ਹੋ ਜਾਵੇ ਤਾਂ ਉਸਨੂੰ ਫੇਲ੍ਹ ਮੰਨਿਆ ਜਾਂਦਾ ਸੀ। ਨਗੂਗੀ ਵਾ ਥਿਅੋਂਗੋ ਕੀਨੀਆ ਵਿੱਚ ਅਜਿਹੇ ਵਰਤਾਰੇ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ,
ਮੇਰੇ ਸਮੇਂ ਦੌਰਾਨ, ਪ੍ਰਾਇਮਰੀ ਤੋਂ ਸੈਕੰਡਰੀ ਵਿੱਚ ਜਾਣ ਦੀ ਚੋਣ ਇੱਕ ਇਮਤਿਹਾਨ ਰਾਹੀਂ ਹੁੰਦੀ ਸੀ, ਜਿਸ ਨੂੰ ਕੀਨੀਆ ਅਫਰੀਕਨ ਪ੍ਰੀਲੈਮੀਨਰੀ ਐਗਜ਼ਾਮੀਨੇਸ਼ਨ ਕਿਹਾ ਜਾਂਦਾ ਸੀ। ਇਸ ਇਮਤਿਹਾਨ ਵਿੱਚ ਇੱਕ ਜਣੇ ਨੂੰ ਕੁਦਰਤੀ ਪੜ੍ਹਾਈ ਤੋਂ ਲੈ ਕੇ ਸਵਾਹਲੀ (ਸਥਾਨਕ ਬੋਲੀ) ਤੱਕ ਛੇ ਵਿਸ਼ੇ ਪਾਸ ਕਰਨੇ ਪੈਂਦੇ ਸਨ। ਸਾਰੇ ਪੇਪਰ ਅੰਗਰੇਜ਼ੀ ਵਿੱਚ ਲਿਖੇ ਹੁੰਦੇ ਸਨ। ਕੋਈ ਵੀ ਵਿਅਕਤੀ ਇਸ ਇਮਤਿਹਾਨ ਵਿੱਚੋਂ ਪਾਸ ਨਹੀਂ ਸੀ ਹੁੰਦਾ, ਜੇ ਉਹ ਅੰਗਰੇਜ਼ੀ ਦੇ ਪੇਪਰ ਵਿੱਚੋਂ ਫੇਲ੍ਹ ਹੋ ਜਾਵੇ। ਦੂਸਰੇ ਵਿਸ਼ਿਆਂ ਵਿੱਚੋਂ ਉਸਦੇ ਬਹੁਤ ਚੰਗੇ ਨਤੀਜੇ ਆਏ ਹੋਣ ਨਾਲ਼ ਵੀ ਕੋਈ ਫਰਕ ਨਹੀਂ ਸੀ ਪੈਂਦਾ (115)।
ਇਸ ਤਰ੍ਹਾਂ ਬਰਤਾਨਵੀ ਸਾਮਰਾਜ ਦੇ ਅੰਗਰੇਜ਼ੀ ਨਾ ਬੋਲਣ ਵਾਲ਼ੇ ਖਿੱਤਿਆਂ ਵਿੱਚ ਅੰਗਰੇਜ਼ੀ ਨੂੰ ਇੱਕ ਗ਼ਲਬੇ ਵਾਲ਼ੀ ਬੋਲੀ ਦੇ ਤੌਰ ਉੱਤੇ ਸਥਾਪਤ ਕੀਤਾ ਗਿਆ। ਇਸ ਕੰਮ ਵਿੱਚ ਬਰਤਾਨਵੀ ਬਸਤੀਵਾਦੀ ਪ੍ਰਸ਼ਾਸਕਾਂ ਨੂੰ ਬਰਤਾਨੀਆਂ ਵਿੱਚੋਂ ਪੂਰਾ ਸਮਰਥਨ ਪ੍ਰਾਪਤ ਸੀ। ਬਰਤਾਨੀਆ ਦੇ ਕਈ ਲੇਖਕ ਮਹਿਸੂਸ ਕਰਦੇ ਸਨ ਕਿ ਅੰਗਰੇਜ਼ੀ ਬੋਲੀ ਇੱਕ ਮਹਾਨ ਬੋਲੀ ਹੈ ਅਤੇ ਇਸ ਦਾ ਦੁਨੀਆਂ ਦੇ ਸਾਰੇ ਲੋਕਾਂ ਨੂੰ ਫਾਇਦਾ ਹੋਵੇਗਾ। ਦੂਸਰਿਆਂ ਦਾ ਵਿਚਾਰ ਸੀ ਕਿ ਅੰਗਰੇਜ਼ੀ ਦੀ ਇਹ ਹੋਣੀ ਹੈ ਕਿ ਉਹ ਦੁਨੀਆਂ ਦੀ ਨੰਬਰ ਇੱਕ ਭਾਸ਼ਾ ਬਣੇ। ਧਾਰਮਿਕ ਅਦਾਰਿਆਂ ਨੇ ਵੀ ਅੰਗਰੇਜ਼ੀ ਬੋਲੀ ਨੂੰ ਆਪਣਾ ਸਮਰਥਨ ਦਿੱਤਾ। ਕਈ ਧਾਰਮਿਕ ਲੋਕਾਂ ਦਾ ਵਿਚਾਰ ਸੀ ਕਿ ਬਰਤਾਨੀਆ ਨੂੰ ਦੁਨੀਆਂ ਦੇ ਦੂਸਰੇ ਲੋਕਾਂ ਨੂੰ “ਕੁਲੀਨ ਬੋਲੀ” ਸਿਖਾਉਣ ਦੀ ਜ਼ਿੰਮੇਵਾਰੀ ਰੱਬ ਦੀ ਇੱਛਾ ਨਾਲ਼ ਦਿੱਤੀ ਗਈ ਹੈ। ਹਿੰਦੁਸਤਾਨ ਦੇ ਸੰਬੰਧ ਵਿੱਚ ਧਾਰਮਿਕ ਲੋਕ ਇਹ ਵੀ ਸੋਚਦੇ ਸਨ ਕਿ,“ਅੰਗਰੇਜ਼ੀ ਬੋਲੀ ਦੀ ਵਰਤੋਂ ਅਤੇ ਸਮਝ ਹਿੰਦੂਆਂ ਨੂੰ ਤਰਕ ਦੇ ਯੋਗ ਬਣਾਏਗੀ ਅਤੇ ਤਰਕਸ਼ੀਲ ਅਤੇ ਕ੍ਰਿਸਚੀਅਨ ਪ੍ਰਾਣੀਆਂ ਦੇ ਤੌਰ ਉੱਤੇ ਆਪਣੇ ਫਰਜ਼ਾਂ ਬਾਰੇ ਨਵੇਂ ਅਤੇ ਚੰਗੇਰੇ ਵਿਚਾਰ ਹਾਸਲ ਕਰਨ ਦੇ ਯੋਗ ਬਣਾਏਗੀ” (ਪੈਨੀਕੁੱਕ :101)।
ਅਮਰੀਕੀ ਬਸਤੀਵਾਦੀਆਂ ਨੇ ਆਪਣੀਆਂ ਬਸਤੀਆਂ ਵਿੱਚ ਵੀ ਅੰਗਰੇਜ਼ੀ ਠੋਸੀ। ਪੈਨੀਕੁੱਕ ਆਪਣੀ ਕਿਤਾਬ ਵਿੱਚ ਪਿਉਰਟੋ ਰੀਕੋ, ਫਿਲਪੀਨ ਅਤੇ ਗੁਆਮ ਦੀਆਂ ਉਦਾਹਰਨਾਂ ਦਿੰਦਾ ਹੈ। ਪਿਉਰਟੋ ਰੀਕੋ ਵਿੱਚ ਅੰਗਰੇਜ਼ੀ ਨੂੰ ਸਰਕਾਰ, ਵਿਦਿਆ ਅਤੇ ਸਰਕਾਰੀ ਜੀਵਨ ਦੀ ਭਾਸ਼ਾ ਬਣਾਇਆ ਗਿਆ। ਫਿਲਪੀਨ ਵਿੱਚ ਅਮਰੀਕੀ ਹਾਕਮ ਦੂਸਰੇ ਲੋਕਾਂ ਨੂੰ ਦਿਖਾਉਣ ਯੋਗ ਇੱਕ ਏਸ਼ੀਅਨ ਡੈਮੋਕਰੇਸੀ ਸਥਾਪਤ ਕਰਨਾ ਚਾਹੁੰਦੇ ਸਨ। ਅਜਿਹਾ ਕਰਨ ਲਈ ਉਹਨਾਂ ਦਾ ਮੁੱਖ ਧਿਆਨ ਸਕੂਲਾਂ, ਅੰਗਰੇਜ਼ੀ ਅਤੇ ਪੜ੍ਹੇ ਲਿਖੇ ਨਾਗਰਿਕ ਉੱਪਰ ਕੇਂਦਰਿਤ ਸੀ। ਸੰਨ 1898 ਵਿੱਚ ਦੱਖਣੀ ਸ਼ਾਂਤ ਮਹਾਂਸਾਗਰ ਵਿਚਲਾ ਟਾਪੂ ਗੁਆਮ ਅਮਰੀਕੀ ਸ਼ਾਸਨ ਅਧੀਨ ਆ ਗਿਆ। ਸੰਨ 1906 ਵਿੱਚ ਅੰਗਰੇਜ਼ੀ ਨੂੰ ਉੱਥੋਂ ਦੀਆਂ ਅਦਾਲਤਾਂ ਅਤੇ ਸਰਕਾਰੀ ਕੰਮਕਾਜ ਦੀ ਬੋਲੀ ਬਣਾ ਦਿੱਤਾ ਗਿਆ। ਸੰਨ 1922 ਵਿੱਚ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਉੱਥੋਂ ਦੀ ਸਥਾਨਕ ਬੋਲੀ ਚੈਮੋਰੋ ਬੋਲਣ ਦੀ ਮਨਾਹੀ ਕਰ ਦਿੱਤੀ ਗਈ ਅਤੇ ਚੈਮੋਰੋ ਦੇ ਸ਼ਬਦਕੋਸ਼ਾਂ ਨੂੰ ਅੱਗ ਲਾ ਦਿੱਤੀ ਗਈ (ਪੈਨੀਕੁੱਕ :153)।
ਉੱਤਰ ਬਸਤੀਵਾਦੀ ਦੌਰ ਵਿੱਚ ਅੰਗਰੇਜ਼ੀ ਨੂੰ ਹੱਲਾਸ਼ੇਰੀ
ਦੂਜੀ ਸੰਸਾਰ ਜੰਗ ਤੋਂ ਬਾਅਦ ਬਰਤਾਨੀਆ ਅਤੇ ਅਮਰੀਕਾ ਨੇ ਅੰਗਰੇਜ਼ੀ ਨਾ ਬੋਲਣ ਵਾਲ਼ੇ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਅੰਗਰੇਜ਼ੀ ਦਾ ਪਸਾਰ ਕਰਨ ਲਈ ਬਹੁਤ ਯਤਨ ਕੀਤੇ। ਉਹਨਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਸਮਝਦੇ ਸਨ ਕਿ ਅੰਗਰੇਜ਼ੀ ਦੀ ਸਿਖਲਾਈ ਆਪਣੇ ਆਪ ਵਿੱਚ ਉਹਨਾਂ ਲਈ ਇੱਕ ਵੱਡਾ ਵਪਾਰ ਹੈ, ਇਹ ਤੀਜੀ ਦੁਨੀਆਂ ਦੇ ਦੇਸ਼ਾਂ ਨਾਲ ਉਹਨਾਂ ਦੇ (ਬਰਤਾਨੀਆ ਅਤੇ ਅਮਰੀਕਾ ਦੇ) ਵਪਾਰ ਵਿੱਚ ਵਾਧਾ ਕਰਨ ਵਿੱਚ ਮਦਦਗਾਰ ਹੈ ਅਤੇ ਇਹ ਉਹਨਾਂ ਦੀ ਵਿਦੇਸ਼ੀ ਨੀਤੀ ਦੇ ਉਦੇਸ਼ਾਂ ਦੀ ਪ੍ਰਫੁੱਲਤਾ ਲਈ ਸਹਾਈ ਹੈ। ਇਸ ਦੇ ਨਾਲ਼ ਹੀ ਅੰਗਰੇਜ਼ੀ ਨੂੰ ਹੱਲਾਸ਼ੇਰੀ ਵਿਕਾਸ ਦੇ ਨਿਜਾਮ ਦਾ ਇੱਕ ਪ੍ਰਮੁੱਖ ਮੁੱਦਾ ਬਣ ਗਿਆ। ਸਮੁੱਚੇ ਰੂਪ ਵਿੱਚ ਦੂਜੀ ਸੰਸਾਰ ਜੰਗ ਤੋਂ ਬਾਅਦ ਤੀਜੀ ਦੁਨੀਆਂ ਦੇ ਦੇਸ਼ਾਂ ਉੱਪਰ ਉਹਨਾਂ (ਅਮਰੀਕਾ ਅਤੇ ਬਰਤਾਨੀਆ) ਦਾ ਅਸਰ ਰਸੂਖ ਅਤੇ ਕੰਟਰੋਲ ਕਾਇਮ ਰੱਖਣ ਵਿੱਚ ਅੰਗਰੇਜ਼ੀ ਦੇ ਪਸਾਰ ਨੇ ‘ਗੰਨ ਬੋਟ ਡਿਪਲੋਮੇਸੀ ਭਾਵ ਹਥਿਆਰਾਂ ਦੀ ਕੂਟਨੀਤੀ’ ਦੀ ਥਾਂ ਲੈ ਲਈ।
ਬਰਤਾਨੀਆ ਲਈ ਬ੍ਰਿਟਿਸ਼ ਕਾਉਂਸਲ ਨਾਂ ਦੀ ਨੀਮ ਸਰਕਾਰੀ ਸੰਸਥਾ ਅੰਗਰੇਜ਼ੀ ਦੇ ਪਸਾਰ ਲਈ ਕੰਮ ਕਰ ਰਹੀ ਹੈ। ਇਹ ਸੰਸਥਾ 1934 ਵਿੱਚ ਬਾਹਰਲੇ ਦੇਸ਼ਾਂ ਵਿੱਚ ਜਰਮਨੀ ਅਤੇ ਇਟਲੀ ਦੇ ਪ੍ਰਾਪੇਗੰਡੇ ਦਾ ਮੁਕਾਬਲਾ ਕਰਨ ਲਈ ਹੋਂਦ ਵਿੱਚ ਆਈ ਸੀ। ਬ੍ਰਿਟਿਸ ਕਾਉਂਸਲ ਦਾ ਮੁੱਖ ਮਕਸਦ ਅੰਗਰੇਜ਼ੀ ਨੂੰ ਹੱਲਾਸ਼ੇਰੀ ਦੇਣਾ ਅਤੇ ਬਰਤਾਨੀਆ ਅਤੇ ਇਸ ਦੇ ਸੱਭਿਆਚਾਰ ਬਾਰੇ ਸਮਝ ਅਤੇ ਗਿਆਨ ਵਿੱਚ ਵਾਧਾ ਕਰਨਾ ਹੈ। ਸੰਨ 1935 ਵਿੱਚ ਬ੍ਰਿਟਿਸ਼ ਕਾਉਂਸਲ ਦੇ ਰਸਮੀ ਉਦਘਾਟਨ ਸਮੇਂ ਵੇਲਜ਼ ਦੇ ਪ੍ਰਿੰਸ ਵੱਲੋਂ ਦਿੱਤੇ ਭਾਸ਼ਨ ਦੇ ਕੁੱਝ ਹਿੱਸੇ ਇਸ ਉਦੇਸ਼ ਦੀ ਸਪਸ਼ਟ ਰੂਪ ਵਿੱਚ ਪੁਸ਼ਟੀ ਕਰਦੇ ਹਨ:
ਜ਼ਰੂਰੀ ਹੈ ਕਿ ਸਾਡੇ ਕੰਮ ਦਾ ਅਧਾਰ ਅੰਗਰੇਜ਼ੀ ਬੋਲੀ ਹੋਵੇ… (ਅਤੇ) ਸਾਡਾ ਨਿਸ਼ਾਨਾ ਆਪਣੀ ਬੋਲੀ ਬਾਰੇ ਸਤਹੀ ਗਿਆਨ ਦੇਣ ਤੋਂ ਕਿਤੇ ਵੱਧ ਹੋਣਾ ਚਾਹੀਦਾ ਹੈ। ਸਾਡਾ ਉਦੇਸ਼ ਵੱਧ ਤੋਂ ਵੱਧ ਲੋਕਾਂ ਦੀ ਸਾਡੇ ਇਤਿਹਾਸ, ਕਲਾ ਅਤੇ ਵਿਗਿਆਨ ਅਤੇ ਸਿਆਸੀ ਅਮਲ ਵਿੱਚ ਸਾਡੇ ਮਹੱਤਵਪੂਰਨ ਯੋਗਦਾਨ ਬਾਰੇ ਜਾਣਨ ਵਿੱਚ ਮਦਦ ਕਰਨਾ ਹੈ। ਅਜਿਹਾ ਕਰਨ ਦਾ ਸਭ ਤੋਂ ਬਿਹਤਰ ਢੰਗ ਵਿਦੇਸ਼ਾਂ ਵਿੱਚ ਆਪਣੀ ਬੋਲੀ ਦੀ ਪੜ੍ਹਾਈ ਨੂੰ ਹੱਲਾਸ਼ੇਰੀ ਦੇਣਾ ਹੈ… (ਫਿਲਿਪਸਨ ਦੁਆਰਾ ਹਵਾਲਾ, 1992 :138)।
ਸ਼ੁਰੂ ਸ਼ੁਰੂ ਵਿੱਚ ਕਾਉਂਸਲ ਦੀਆਂ ਬਹੁ-ਗਿਣਤੀ ਸਰਗਰਮੀਆਂ ਯੂਰਪ ਵਿੱਚ ਕੀਤੀਆਂ ਗਈਆਂ ਅਤੇ ਉਹਨਾਂ ਦਾ ਕੇਂਦਰ ਸੱਭਿਆਚਾਰ ਰਿਹਾ। ਦੂਜੀ ਸੰਸਾਰ ਜੰਗ ਤੋਂ ਬਾਅਦ ਇਸ ਦੇ ਕੰਮ ਵਿੱਚ ਤਬਦੀਲੀ ਆਈ ਅਤੇ ਇਸ ਦਾ ਕਾਰਜ ਖੇਤਰ ਤੀਜੀ ਦੁਨੀਆਂ ਦੇ ਦੇਸ਼ ਬਣ ਗਏ ਅਤੇ ਇਸ ਦੀਆਂ ਸਰਗਰਮੀਆਂ ਦਾ ਕੇਂਦਰ ਵਿਦਿਆ ਬਣ ਗਈ। ਬੇਸ਼ੱਕ ਕਾਉਂਸਲ ਇਹ ਦਾਅਵਾ ਕਰਦੀ ਸੀ ਕਿ ਉਸ ਦਾ ਕੰਮ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਅੰਗਰੇਜ਼ੀ ਦੀ ਵਿਦਿਆ ਨੂੰ ਹੱਲਾਸ਼ੇਰੀ ਦੇਣਾ ਸੀ, ਪਰ ਉਹ ਇਸ ਗੱਲ ਤੋਂ ਵੀ ਪੂਰੀ ਤਰ੍ਹਾਂ ਸੁਚੇਤ ਸੀ ਕਿ ਉਸਦਾ ਕੰਮ ਵਿਦੇਸ਼ਾਂ ਵਿੱਚ ਬਰਤਾਨੀਆ ਦੇ ਵਪਾਰਕ ਹਿਤਾਂ ਨੂੰ ਹੱਲਾਸ਼ੇਰੀ ਦੇਣਾ ਵੀ ਹੈ। ਕਾਉਂਸਲ ਦੀ ਸੰਨ 1968-69 ਸਲਾਨਾ ਰਿਪੋਰਟ ਵਿੱਚ ਇਸ ਤਰ੍ਹਾਂ ਲਿਖਿਆ ਹੈ, “ਅੰਗਰੇਜ਼ੀ ਨੂੰ ਕੌਮਾਂਤਰੀ ਵਪਾਰ ਦੀ ਬੋਲੀ ਵਜੋਂ ਉਤਸ਼ਾਹਿਤ ਕਰਨ (ਅਤੇ) ਦੁਨੀਆਂ ਨੂੰ ਸਾਡੇ ਸੇਲਜ਼ਮੈਨਾਂ ਲਈ ਖੋਲ੍ਹਣ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ” (ਪੈਨੀਕੁੱਕ ਦੁਆਰਾ ਹਵਾਲਾ :149)। ਬ੍ਰਿਟਿਸ਼ ਕਾਉਂਸਲ ਦਾ ਬਰਤਾਨੀਆ ਸਰਕਾਰ ਨਾਲ਼ ਬਹੁਤ ਨੇੜੇ ਦਾ ਰਿਸ਼ਤਾ ਹੈ। ਉਦਾਹਰਨ ਲਈ, ਸੰਨ 1937-41 ਵਿਚਕਾਰ ਕਾਉਂਸਲ ਦਾ ਚੇਅਰਮੈਨ ਲਾਰਡ ਲੌਇਡ ਸੀ। ਉਸ ਹੀ ਵੇਲੇ ਉਹ ਬਸਤੀਆਂ ਲਈ ਸੈਕਟਰੀ ਆਫ ਸਟੇਟ ਸੀ। ਸ਼ੁਰੂ ਤੋਂ ਹੀ ਕਾਉਂਸਲ ਨੂੰ ਚਲਾਉਣ ਲਈ ਜ਼ਿਆਦਾ ਪੈਸੇ ਸਰਕਾਰ ਤੋਂ ਮਿਲਦੇ ਆਏ ਹਨ। ਵਿਦੇਸ਼ਾਂ ਵਿੱਚ ਕੰਮ ਕਰਦੇ ਸਮੇਂ ਇਹ ਬ੍ਰਿਟਿਸ਼ ਐਂਬੈਸੀਆਂ ਨਾਲ਼ ਨੇੜਲਾ ਸਬੰਧ ਰੱਖਦੀ ਹੈ। ਨਤੀਜੇ ਵਜੋਂ ਕਾਉਂਸਲ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਨਿਰਧਾਰਿਤ ਕਰਨ ਵਿੱਚ ਬਰਤਾਨਵੀ ਸਰਕਾਰ ਮਹੱਤਵਪੂਰਨ ਰੋਲ ਨਿਭਾਉਂਦੀ ਹੈ।
1934 ਤੋਂ ਬਾਅਦ ਬ੍ਰਿਟਿਸ਼ ਕਾਉਂਸਲ ਦਾ ਵੱਡਾ ਪਸਾਰ ਹੋਇਆ ਹੈ। 1935 ਵਿੱਚ ਇਸਦਾ ਬਜਟ 6000 ਪੌਂਡ ਸੀ, ਅਤੇ 1989/90 ਵਿੱਚ ਇਹ ਵਧ ਕੇ 32 ਕਰੋੜ 10 ਲੱਖ ਪੌਂਡ ਹੋ ਗਿਆ (ਫਿਲਿਪਸਨ :138)। ਸੰਨ 1997/98 ਦੌਰਾਨ ਕਾਉਂਸਲ ਦੇ 109 ਦੇਸ਼ਾਂ ਵਿੱਚ ਦਫਤਰ ਸਨ। ਉਸ ਸਮੇਂ ਦੌਰਾਨ ਇਹ ਦੁਨੀਆਂ ਭਰ ਵਿੱਚ 118 ਟੀਚਿੰਗ ਸੈਂਟਰ ਅਤੇ 209 ਲਾਇਬ੍ਰੇਰੀਆਂ ਚਲਾ ਰਹੀ ਸੀ। ਇਹਨਾਂ ਲਾਇਬ੍ਰੇਰੀਆਂ ਦੀ ਸਮੁੱਚੀ ਮੈਂਬਰਸ਼ਿੱਪ ਸਾਢੇ ਚਾਰ ਲੱਖ ਸੀ (ਬ੍ਰਿਟਿਸ਼ ਕਾਉਂਸਲ ਵੇਬਸਾਈਟ, 1998)। ਕਾਉਂਸਲ ਦੀ ਸਾਲ 2005-06 ਦੀ ਸਾਲਾਨਾ ਰੀਪੋਰਟ ਮੁਤਾਬਕ ਇਸ ਬਜਟ ਸਾਲ ਦੌਰਾਨ ਕਾਉਂਸਲ ਵੱਲੋਂ ਖਰਚੀ ਗਈ ਕੁੱਲ ਰਕਮ 50 ਕਰੋੜ ਪੌਂਡ ਤੋਂ ਵੱਧ ਸੀ। ਇਸ ਵਿੱਚੋਂ ਕਾਉਂਸਲ ਨੇ ਅੰਗਰੇਜ਼ੀ ਦੀ ਪੜ੍ਹਾਈ ਨੂੰ ਹੱਲਾਸ਼ੇਰੀ ਦੇਣ ਲਈ 18.9 ਕਰੋੜ ਪੌਂਡ ਖਰਚ ਕੀਤੇ।
ਦੁਨੀਆਂ ਭਰ ਵਿੱਚ ਅੰਗਰੇਜ਼ੀ ਦਾ ਪ੍ਰਚਾਰ ਕਰਨ ਲਈ ਬ੍ਰਿਟਿਸ਼ ਕਾਉਂਸਲ ਕਈ ਤਰ੍ਹਾਂ ਦੀਆਂ ਸਰਗਰਮੀਆਂ ਕਰਦੀ ਹੈ, ਜਿਹਨਾਂ ਵਿੱਚ ਦੂਜੇ ਦੇਸ਼ਾਂ ਵਿੱਚ ਟੀਚਿੰਗ ਸੈਂਟਰ ਸਥਾਪਤ ਕਰਨਾ, ਦੂਜੇ ਦੇਸ਼ਾਂ ਵਿੱਚ ਖੁਲ੍ਹੇ ਬਰਤਾਨੀਆ ਦੇ ਸਕੂਲਾਂ ਨੂੰ ਸਮਰਥਨ ਦੇਣਾ, ਪਾਠਕ੍ਰਮ ਅਤੇ ਸਿਲੇਬਸ ਤਿਆਰ ਕਰਨ ਵਿੱਚ ਮਦਦ ਕਰਨ ਲਈ ਕਾਉਂਸਲ ਦੇ ਅਫਸਰਾਂ ਨੂੰ ਦੂਜੇ ਦੇਸ਼ਾਂ ਵਿੱਚ ਭੇਜਣਾ, ਅਧਿਆਪਕਾਂ ਨੂੰ ਸਿਖਲਾਈ ਦੇਣਾ, ਅੰਗਰੇਜ਼ੀ ਭਾਸ਼ਾ ਬਾਰੇ ਹੋ ਰਹੀਆਂ ਕਾਨਫਰੰਸਾਂ ਅਤੇ ਸੈਮੀਨਾਰਾਂ ਲਈ ਸਹਾਇਤਾ ਦੇਣਾ ਅਤੇ ਅੰਗਰੇਜ਼ੀ ਦੀਆਂ ਕਿਤਾਬਾਂ ਦੇ ਪ੍ਰਕਾਸ਼ਨ ਵਿੱਚ ਸਹਾਇਤਾ ਕਰਨ ਵਰਗੀਆਂ ਸਰਗਰਮੀਆਂ ਸ਼ਾਮਲ ਹਨ। ਇਹ ਸਰਗਰਮੀਆਂ ਕਰਦੇ ਸਮੇਂ ਕਾਉਂਸਲ ਬਰਤਾਨੀਆ ਦੇ ਹਿਤਾਂ ਨੂੰ ਕਦੇ ਵੀ ਨਹੀਂ ਭੁੱਲਦੀ। ਉਦਾਹਰਨ ਲਈ 1998 ਵਿੱਚ ਕਾਉਂਸਲ ਦੇ ਵੈੱਬਸਾਈਟ ਉੱਪਰ ਇਸ ਤਰ੍ਹਾਂ ਲਿਖਿਆ ਹੋਇਆ ਸੀ, “ਦੁਨੀਆਂ ਵਿੱਚ ਕਿਤਾਬਾਂ ਦੇ ਨਿਰਯਾਤ ਵਿੱਚ ਬਰਤਾਨੀਆ ਦੀ ਇੱਕ ਵੱਡੀ ਸਨਅਤ ਹੈ – ਕਿਤਾਬਾਂ ਦੇ ਨਿਰਯਾਤ ਤੋਂ ਹਰ ਸਾਲ 1.05 ਅਰਬ ਪੌਂਡ ਕਮਾਏ ਜਾਂਦੇ ਹਨ। ਕਾਉਂਸਲ ਕਿਤਾਬਾਂ ਦੀ ਨੁਮਾਇਸ਼ ਅਤੇ ਮੇਲੇ ਲਾ ਕੇ, ਪ੍ਰਕਾਸ਼ਕਾਂ ਅਤੇ ਕਿਤਾਬਾਂ ਵੇਚਣ ਵਾਲ਼ਿਆਂ ਨੂੰ ਮੰਡੀ ਦੀ ਜਾਣਕਾਰੀ ਦੇ ਕੇ ਕਾਉਂਸਲ ਇਸ ਸਨਅਤ ਵਿੱਚ ਬਰਤਾਨੀਆ ਦੇ ਮੁਹਰੀ ਰੋਲ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦੀ ਹੈ…” (ਉਪਰੋਕਤ, 1998)
ਅੰਗਰੇਜ਼ੀ ਦੀ ਪੜ੍ਹਾਈ ਬਰਤਾਨੀਆ ਲਈ ਨਿਰਯਾਤ ਕਰਨ ਲਈ ਇੱਕ ਵੱਡੀ ਵਸਤ ਬਣ ਚੁੱਕੀ ਹੈ। ਦੁਨੀਆਂ ਵਿੱਚ ਅੰਗਰੇਜ਼ੀ ਦੀ ਸਥਿਤੀ ਬਾਰੇ ਬ੍ਰਿਟਿਸ਼ ਕਾਉਂਸਲ ਵੱਲੋਂ ਕਰਵਾਈ, ਡੇਵਿਡ ਗਰੈਡਲ ਵੱਲੋਂ ਕੀਤੀ ਅਤੇ ਸੰਨ 2006 ਵਿੱਚ ਪ੍ਰਕਾਸ਼ਤ ਹੋਈ ਇੱਕ ਖੋਜ ਅਨੁਸਾਰ, ਬਰਤਾਨੀਆ ਦੀ ਅੰਗਰੇਜ਼ੀ ਪੜ੍ਹਾਉਣ ਦੀ ਸਨਅਤ ਦੀ ਸਲਾਨਾ ਨਿਰਯਾਤ ਆਮਦਨ 1 ਅਰਬ 30 ਕਰੋੜ ਪੌਂਡ ਹੈ। ਇਸ ਦੇ ਨਾਲ਼ ਹੀ, ਬਸਤੀਵਾਦ ਦੇ ਖਾਤਮੇ ਤੋਂ ਬਾਅਦ ਦੂਜੇ ਦੇਸ਼ਾਂ ਵਿੱਚ ਅੰਗਰੇਜ਼ੀ ਨੂੰ ਉਤਸ਼ਾਹਿਤ ਕਰਕੇ ਕਾਉਂਸਲ ਨੇ ਬਰਤਾਨੀਆ ਨੂੰ ਦੁਨੀਆਂ ਭਰ ਵਿੱਚ ਆਪਣਾ ਅਸਰ ਰਸੂਖ ਰੱਖਣ ਵਿੱਚ ਮਦਦ ਕੀਤੀ ਹੈ। 1983/84 ਦੀ ਸਾਲਾਨਾ ਰਿਪੋਰਟ ਵਿੱਚ ਕਾਉਂਸਲ ਦਾ ਚੇਅਰਮੈਨ ਇਹ ਗੱਲ ਹੇਠ ਲਿਖੇ ਸ਼ਬਦਾਂ ਵਿੱਚ ਕਹਿੰਦਾ ਹੈ:
ਬੇਸ਼ੱਕ ਹੁਣ ਸਾਡੇ ਕੋਲ਼ ਪਹਿਲਾਂ ਵਾਂਗ ਆਪਣੀ ਮਰਜ਼ੀ ਠੋਸਣ ਦੀ ਤਾਕਤ ਨਹੀਂ ਹੈ, ਪਰ ਫਿਰ ਵੀ ਆਰਥਿਕ ਅਤੇ ਫੌਜੀ ਵਸੀਲਿਆਂ ਦੇ ਅਨੁਪਾਤ ਤੋਂ ਕਿਤੇ ਵੱਧ (ਦੁਨੀਆਂ ਵਿੱਚ) ਬਰਤਾਨੀਆ ਦਾ ਅਸਰ ਰਸੂਖ ਕਾਇਮ ਹੈ। ਕੁੱਝ ਹੱਦ ਤੱਕ ਇਹ ਇਸ ਕਰਕੇ ਹੈ ਕਿਉਂਕਿ ਅੰਗਰੇਜ਼ੀ ਸਾਇੰਸ, ਤਕਨੌਲੋਜੀ ਅਤੇ ਵਪਾਰ ਦੀ ਭਾਸ਼ਾ ਹੈ। ਇਸ ਦੀ ਤ੍ਰਿਪਤ ਨਾ ਹੋਣ ਵਾਲ਼ੀ ਮੰਗ ਹੈ ਅਤੇ ਇਸ ਮੰਗ ਪੂਰਤੀ ਲਈ ਜਾਂ ਤਾਂ ਅਸੀਂ ਮੇਜ਼ਬਾਨ ਦੇਸ਼ਾਂ ਦੇ ਵਿਦਿਅਕ ਸਿਸਟਮ ਰਾਹੀਂ ਕਦਮ ਚੁੱਕਦੇ ਹਾਂ ਜਾਂ ਜਿੱਥੇ ਮੰਡੀ ਸਹਿ ਸਕਦੀ ਹੋਵੇ, ਉੱਥੇ ਵਪਾਰਕ ਪੱਧਰ ਉੱਤੇ ਕਦਮ ਚੁੱਕਦੇ ਹਾਂ। ਸਾਡੀ ਬੋਲੀ ਸਾਡੀ ਮਹਾਨ ਸੰਪਤੀ ਹੈ, ਨੌਰਥ ਸੀ ਓਇਲ ਤੋਂ ਵੀ ਵੱਡੀ, ਅਤੇ ਇਸਦੀ ਸਪਲਾਈ ਕਦੇ ਵੀ ਨਹੀਂ ਮੁੱਕ ਸਕਦੀ… (ਫਿਲਿਪਸਨ ਦੁਆਰਾ ਹਵਾਲਾ :144)
ਅੰਗਰੇਜ਼ੀ ਦੀ ਤਰੱਕੀ ਅਤੇ ਪੜ੍ਹਾਈ ਅਮਰੀਕਾ ਦੀ ਵਿਦੇਸ਼ ਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਰਹੀ ਹੈ। ਇਸ ਲਈ ਕਈ ਸਰਕਾਰੀ ਏਜੰਸੀਆਂ ਅਤੇ ਨਿੱਜੀ ਫਾਉਂਡੇਸ਼ਨਾਂ ਅੰਗਰੇਜ਼ੀ ਦੀ ਤਰੱਕੀ ਲਈ ਕੰਮ ਕਰਦੀਆਂ ਰਹੀਆਂ/ਕਰਦੀਆਂ ਆ ਰਹੀਆਂ ਹਨ। ਇਹਨਾਂ ਵਿੱਚੋਂ ਕੁੱਝ ਦੇ ਨਾਂ ਹਨ: ਡਿਪਾਰਟਮੈਂਟ ਆਫ ਸਟੇਟ, ਯੂਨਾਇਟਿਡ ਸਟੇਟਸ ਇਨਫਰਮੇਸ਼ਨ ਏਜੰਸੀ, ਦੀ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਏਡ), ਪੀਸ ਕੌਰਪਸ, ਦੀ ਡਿਪਾਰਟਮੈਂਟ ਆਫ ਡਿਫੈਂਸ, ਫੋਰਡ ਫਾਉਂਡੇਸ਼ਨ ਅਤੇ ਕਈ ਹੋਰ ਨਿੱਜੀ ਫਾਉਂਡੇਸ਼ਨਾਂ। ਇਹਨਾਂ ਵਿੱਚੋਂ ਤਕਰੀਬਨ ਤਕਰੀਬਨ ਸਾਰੀਆਂ ਦਾ ਦਾਅਵਾ ਹੈ ਕਿ ਅੰਗਰੇਜ਼ੀ ਦੀ ਪੜ੍ਹਾਈ ਅਤੇ ਤਰੱਕੀ ਦੇ ਉਹਨਾਂ ਦੇ ਪ੍ਰੋਗਰਾਮ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਵਿਕਾਸ ਦਾ ਸਮਰਥਨ ਕਰਦੇ ਹਨ। ਉਹ ਮਹਿਸੂਸ ਕਰਦੇ ਹਨ ਕਿ ਉਹ ਅਜਿਹਾ ਮਨੁੱਖੀ ਵਸੀਲਿਆਂ ਦਾ ਵਿਕਾਸ ਕਰਕੇ ਕਰ ਰਹੇ ਹਨ। ਵਿਕਾਸ ਦੇ ਨਾਲ਼ ਨਾਲ਼ ਅਜਿਹੇ ਪ੍ਰੋਗਰਾਮ ਅਮਰੀਕਾ ਦੀ ਵਿਦੇਸ਼ ਨੀਤੀ ਲਈ ਵੀ ਫਾਇਦੇਮੰਦ ਹਨ। ਯੂਨਾਇਟਿਡ ਸਟੇਟ ਇਨਫਰਮੇਸ਼ਨ ਸਰਵਿਸ ਦੇ ਰਹਿ ਚੁੱਕੇ ਡਾਇਰੈਕਟਰ ਐਡਵਰਡ ਆਰ ਮੁਰੋ ਦਾ ਕਹਿਣਾ ਹੈ ਕਿ ਯੂਨਾਇਟਿਡ ਸਟੇਟ ਇਨਫਰਮੇਸ਼ਨ ਸਰਵਿਸ ਦਾ ਮਕਸਦ, ਵਿਦੇਸ਼ਾਂ ਵਿੱਚ ਅਮਰੀਕਾ ਦੀ ਵਿਦੇਸ਼ ਨੀਤੀ ਦੇ ਹੱਕ ਵਿੱਚ ਲੋਕ ਰਾਇ ਪੈਦਾ ਕਰਕੇ, ਅਮਰੀਕਾ ਦੀ ਵਿਦੇਸ਼ ਨੀਤੀ ਦੇ ਉਦੇਸ਼ਾਂ ਨੂੰ ਅੱਗੇ ਵਧਾਉਣਾ ਹੈ। ਉਹਨਾਂ ਮੁਤਾਬਕ ਅਜਿਹਾ ਕੁੱਝ ਨਿੱਜੀ ਸੰਪਰਕਾਂ, ਰੇਡੀਓ ਪ੍ਰੋਗਰਾਮਾਂ, ਲਾਇਬ੍ਰੇਰੀਆਂ, ਟੈਲੀਵਿਯਨ ਪ੍ਰੋਗਰਾਮਾਂ, ਨੁਮਾਇਸ਼ਾਂ ਅਤੇ ਅੰਗਰੇਜ਼ੀ ਦੀ ਪੜ੍ਹਾਈ ਅਤੇ ਅਜਿਹੇ ਹੋਰ ਕਾਰਜਾਂ ਨਾਲ਼ ਕੀਤਾ ਜਾਂਦਾ ਹੈ (ਕੂੰਬਜ਼ :59)। ਅਮਰੀਕਾ ਦੇ ਡਿਪਾਰਟਮੈਂਟ ਆਫ ਸਟੇਟ ਦੇ ਇੱਕ ਅੰਗ ਵਜੋਂ ਕੰਮ ਕਰਦੇ ਦੀ ਆਫਿਸ ਆਫ ਇੰਗਲਿਸ਼ ਲੈਂਗੁਏਜ ਪ੍ਰੋਗਰਾਮਜ਼ ਦੇ ਵੈੱਬਸਾਈਟ ਉੱਤੇ ਲਿਖਿਆ ਹੈ, “ਵਿਦੇਸ਼ਾਂ ਵਿੱਚ ਅਧਿਆਪਕਾਂ ਦੀ ਸਿਖਲਾਈ ਦੇ ਪ੍ਰੋਗਰਾਮਾਂ ਵਿੱਚ ਸਹਾਇਤਾ ਕਰਕੇ, ਅਮਰੀਕਾ ਦੀ ਸਰਕਾਰ ਅੰਗਰੇਜ਼ੀ ਵਿੱਚ ਸਮਰੱਥ ਸੰਸਾਰ ਵਿਕਸਤ ਕਰਨ ਵਿੱਚ ਮਦਦ ਕਰ ਸਕਦੀ ਹੈ, ਜਿਸ (ਸੰਸਾਰ) ਵਿੱਚ ਅਮਰੀਕਾ ਦੀਆਂ ਯੂਨੀਵਰਿਸਟੀਆਂ, ਵਪਾਰਕ ਅਦਾਰੇ ਅਤੇ ਹੋਰ ਸੰਸਥਾਂਵਾਂ ਪ੍ਰਫੁੱਲਤ ਹੋ ਸਕਦੀਆਂ ਹਨ ਅਤੇ ਅਮਰੀਕਾ ਦੇ ਹਿਤਾਂ ਨੂੰ ਅੱਗੇ ਲਿਜਾ ਸਕਦੀਆਂ ਹਨ।” ਇਸ ਨਾਲ਼ ਸਪਸ਼ਟ ਹੋ ਜਾਂਦਾ ਹੈ ਕਿ ਅਮਰੀਕਾ ਦੀ ਸਰਕਾਰ ਦੁਨੀਆਂ ਵਿੱਚ ਅੰਗਰੇਜ਼ੀ ਦੇ ਪਸਾਰ ਨੂੰ ਅਮਰੀਕਾ ਦੇ ਹਿਤਾਂ ਵਿੱਚ ਸਮਝਦੀ ਹੈ।
ਇਹ ਏਜੰਸੀਆਂ ਅੰਗਰੇਜ਼ੀ ਦੀ ਤਰੱਕੀ ਲਈ ਕਈ ਖੇਤਰਾਂ ਵਿੱਚ ਕੰਮ ਕਰਦੀਆਂ ਹਨ। ਉਹ ਕਿਤਾਬਾਂ ਦਾਨ ਕਰਦੀਆਂ ਹਨ, ਕਿਤਾਬਾਂ ਨਿਰਯਾਤ ਕਰਨ ਲਈ ਸਬਸਿਡੀਆਂ ਦਿੰਦੀਆਂ ਹਨ, ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਲਾਇਬ੍ਰੇਰੀ ਸੇਵਾਵਾਂ ਪ੍ਰਦਾਨ ਕਰਦੀਆਂ ਹਨ ਅਤੇ ਉਹਨਾਂ ਦੇਸ਼ਾਂ ਵਿੱਚ ਖੋਲ੍ਹੇ ਆਪਣੇ ਸੈਂਟਰਾਂ ਰਾਹੀਂ ਅੰਗਰੇਜ਼ੀ ਦੀ ਪੜ੍ਹਾਈ ਕਰਵਾਉਂਦੀਆਂ ਹਨ। ਤੀਜੀ ਦੁਨੀਆਂ ਵਿੱਚ ਅਮਰੀਕਾ ਦੇ ਕਲਚਰਲ ਸੈਂਟਰਾਂ ਰਾਹੀਂ ਕਿੰਨੇ ਹੀ ਲੋਕ ਅੰਗਰੇਜ਼ੀ ਸਿੱਖਦੇ ਹਨ। ਕੈਨੇਡੀ ਪ੍ਰਸ਼ਾਸ਼ਨ ਵਿੱਚ ਐਜੂਕੇਸ਼ਨ ਐਂਡ ਕਲਚਰਲ ਅਫੇਅਰਜ਼ ਦੇ ਵਿਭਾਗ ਵਿੱਚ ਅਸਿਸਟੈਂਟ ਸੈਕਟਰੀ ਰਹਿ ਚੁੱਕੇ ਫਿਲਪ ਐਚ ਕੂੰਬਜ਼ ਦੇ ਅਨੁਸਾਰ, 1954-1960 ਦੇ ਵਿਚਕਾਰ ਤੀਜੀ ਦੁਨੀਆਂ ਵਿੱਚ ਇੱਕ ਲੱਖ ਸੱਠ ਹਜ਼ਾਰ ਲੋਕਾਂ ਦੇ ਲਗਭਗ ਲੋਕਾਂ ਨੇ “ਬਾਈਨੈਸ਼ਨਲ ਕਲਚਰਲ ਸੈਂਟਰਾਂ” ਵਿੱਚ ਅੰਗਰੇਜ਼ੀ ਸਿੱਖੀ ਸੀ। ਕਿਤਾਬਾਂ ਅਤੇ ਆਪਣੇ ਸੈਂਟਰਾਂ ਵਿੱਚ ਅੰਗਰੇਜ਼ੀ ਦੀ ਪੜ੍ਹਾਈ ਕਰਵਾਉਣ ਤੋਂ ਬਿਨ੍ਹਾਂ, ਯੂਨਾਇਟਿਡ ਸਟੇਟਸ ਇਨਫਰਮੇਸ਼ਨ ਏਜੰਸੀ ਨੇ ਅੰਗਰੇਜ਼ੀ ਸਿਖਾਉਣ ਲਈ ਅੰਗਰੇਜ਼ੀ ਪ੍ਰੋਗਰਾਮਾਂ ਦੀ ਵਰਤੋਂ ਕੀਤੀ ਸੀ। ਕੂੰਬਜ਼ ਅਨੁਸਾਰ, 1964 ਦੇ ਵਿਤੀ ਸਾਲ ਵਿੱਚ ਏਜੰਸੀ ਵੱਲੋਂ ਅੰਗਰੇਜ਼ੀ ਸਿਖਾਉਣ ਲਈ ਤਿਆਰ ਕੀਤੇ ਟੀ ਵੀ ਪ੍ਰੋਗਰਾਮ 37 ਦੇਸ਼ਾਂ ਦੇ 59 ਟੈਲੀਵਿਯਨ ਸਟੇਸ਼ਨਾਂ ਉੱਤੇ ਪ੍ਰਸਾਰਿਤ ਕੀਤੇ ਗਏ (ਕੂੰਬਜ਼, 60)। ਮੌਜੂਦਾ ਸਮੇਂ ਵਿੱਚ ਅਮਰੀਕੀ ਸਰਕਾਰ ਦੀ ਵਰਲਡਨੈੱਟ ਟੈਲੀਵਿਯਨ ਸਰਵਿਸ ਵੱਲੋਂ ਸਮੁੱਚੇ ਲਾਤੀਨੀ ਅਮਰੀਕਾ ਵਿੱਚ ਅੰਗਰੇਜ਼ੀ ਸਿਖਾਉਣ ਲਈ ਕਰੌਸਰੋਡਜ਼ ਕੈਫੇ ਨਾਂ ਦਾ ਇੱਕ ਟੈਲੀਵਿਯਨ ਪ੍ਰੋਗਰਾਮ ਸੈਟੇਲਾਈਟ ਉੱਪਰ ਪ੍ਰਸਾਰਿਤ ਕੀਤਾ ਜਾਂਦਾ ਹੈ। ਇਹ ਪ੍ਰੋਗਰਾਮ ਸਮੁੱਚੇ ਲਾਤੀਨੀ ਅਮਰੀਕਾ ਵਿੱਚ ਕੇਬਲ ਰਾਹੀਂ 35 ਲੱਖ ਘਰਾਂ ਵਿੱਚ ਦੇਖਿਆ ਜਾਂਦਾ ਹੈ।
ਫੋਰਡ ਅਤੇ ਰੌਕਫੈਲਰ ਵਰਗੀਆਂ ਨਿੱਜੀ ਫਾਉਂਡੇਸ਼ਨਾਂ ਵੀ ਅੰਗਰੇਜ਼ੀ ਬੋਲੀ ਦੀ ਤਰੱਕੀ ਲਈ ਸਹਾਇਤਾ ਕਰਦੀਆਂ ਰਹੀਆਂ ਹਨ। ਕਈ ਵਾਰੀ ਕੌਮਾਂਤਰੀ ਮੁਦਰਾ ਕੋਸ਼ ਅਤੇ ਵਿਸ਼ਵ ਬੈਂਕ ਵਰਗੀਆਂ ਸੰਸਥਾਂਵਾਂ ਵੀ ਦੂਜੇ ਦੇਸ਼ਾਂ ਵਿੱਚ ਅੰਗਰੇਜ਼ੀ ਨੂੰ ਜ਼ਿਆਦਾ ਮਹੱਤਤਾ ਦੇਣ ਲਈ ਦਬਾਅ ਪਾਉਂਦੀਆਂ ਹਨ। ਫਿਲਪਸਨ ਅਨੁਸਾਰ ਫਿਲਪੀਨ ਦੀ ਨਿਰਯਾਤ ਮੁਖੀ ਸਨਅਤ ਯੁੱਧਨੀਤੀ ਦਾ ਸਬੰਧ ਅੰਗਰੇਜ਼ੀ ਨੂੰ ਮਜ਼ਬੂਤ ਕਰਨ ਨਾਲ਼ ਰਿਹਾ ਹੈ। ਬੇਸ਼ੱਕ ਇਸ ਯੁੱਧਨੀਤੀ ਨਾਲ਼ ਅਮਰੀਕੀ ਨਵ-ਬਸਤੀਵਾਦੀ ਹਿਤਾਂ ਦੀ ਸੁਰੱਖਿਆ ਹੋਈ ਪਰ ਇਸ ਨਾਲ਼ ਫਿਲਪੀਨ ਦੀ ਸਥਾਨਕ ਬੋਲੀ ਨੂੰ ਵੱਡਾ ਨੁਕਸਾਨ ਪੁੱਜਾ।
ਉਪਰਲੀ ਗੱਲਬਾਤ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਅਗਰੇਜ਼ੀ ਵੱਲੋਂ ਦੁਨੀਆਂ ਦੀ ਗ਼ਾਲਬ ਬੋਲੀ ਬਣਨ ਪਿੱਛੇ ਬਰਤਾਨੀਆ ਅਤੇ ਅਮਰੀਕਾ ਦੇ ਬਸਤੀਵਾਦ ਅਤੇ ਨਵਬਸਤੀਵਾਦ ਦਾ ਵੱਡਾ ਹੱਥ ਰਿਹਾ ਹੈ। ਇਥੇ ਇੱਕ ਗੱਲ ਇਹ ਵੀ ਯਾਦ ਰੱਖਣ ਵਾਲ਼ੀ ਹੈ ਤੀਜੀ ਦੁਨੀਆਂ ਦੇ ਕਈ ਦੇਸ਼ਾਂ ਦੇ ਸਥਾਨਕ ਵਸ਼ਿਸ਼ਟ ਵਰਗ ਨੇ ਆਪਣੇ ਮੁਲਕਾਂ ਵਿੱਚ ਅੰਗਰੇਜ਼ੀ ਦੀ ਸਰਦਾਰੀ ਸਥਾਪਤ ਕਰਨ ਵਿੱਚ ਹਿੱਸਾ ਪਾਇਆ ਹੈ ਅਤੇ ਇਹ ਵਰਗ ਅਜਿਹਾ ਅਜੇ ਵੀ ਕਰ ਰਿਹਾ ਹੈ। ਕਈ ਮੌਕਿਆਂ ਉੱਪਰ ਵਸ਼ਿਸ਼ਟ ਵਰਗ ਨੇ ਆਪਣੇ ਮੁਲਕਾਂ ਵਿੱਚ ਅੰਗਰੇਜ਼ੀ ਮਾਧਿਅਮ ਵਾਲ਼ੀਆਂ ਵਿਦਿਅਕ ਸੰਸਥਾਂਵਾਂ ਖੋਲ੍ਹਣ ਵਿੱਚ ਮੋਹਰੀ ਰੋਲ ਨਿਭਾਇਆ ਹੈ ਅਤੇ ਉਹ ਅਜਿਹਾ ਰੋਲ ਹੁਣ ਵੀ ਨਿਭਾ ਰਹੇ ਹਨ। ਤੀਜੀ ਦੁਨੀਆਂ ਦੇ ਵਸ਼ਿਸ਼ਟ ਵਰਗ ਨੇ ਅੰਗਰੇਜ਼ੀ ਬੋਲੀ ਦਾ ਸਮਰਥਨ ਇਸ ਲਈ ਕੀਤਾ ਕਿਉਂਕਿ ਅੰਗਰੇਜ਼ੀ ਉਹਨਾਂ ਦੀ ਤਾਕਤ, ਉੱਚ-ਦਰਜੇ ਅਤੇ ਵਿਸੇਸ਼ ਸੁਵਿਧਾਵਾਂ ਤੱਕ ਪਹੁੰਚ ਕਰਨ ਵਿੱਚ ਸਹਾਈ ਹੁੰਦੀ ਸੀ। ਬਸਤੀਵਾਦ ਦੇ ਖਾਤਮੇ ਬਾਅਦ, ਬਹੁਤ ਸਾਰੇ ਦੇਸ਼ਾਂ ਵਿੱਚ ਤਾਕਤ ਵਿੱਚ ਆਉਣ ਵਾਲ਼ੇ ਉਹ ਲੋਕ ਸਨ ਜੋ ਅੰਗਰੇਜ਼ੀ ਪੜੇ ਲਿਖੇ ਵਸ਼ਿਸ਼ਟ ਵਰਗ ਨਾਲ਼ ਸਬੰਧਤ ਸਨ। ਅਤੇ ਬਹੁਤ ਸਾਰੇ ਕੇਸਾਂ ਵਿੱਚ ਇਹਨਾਂ ਨਵੇਂ ਹਾਕਮਾਂ ਨੇ ਉੱਤਰ-ਬਸਤੀਵਾਦ ਸਮੇਂ ਦੌਰਾਨ ਅੰਗਰੇਜ਼ੀ ਬੋਲੀ ਦੀ ਤਰੱਕੀ ਦਾ ਬਾਹਾਂ ਖੋਲ੍ਹ ਕੇ ਸਵਾਗਤ ਕੀਤਾ।
ਅੰਗਰੇਜ਼ੀ ਦੇ ਗ਼ਲਬੇ ਦਾ ਅੱਜ ਦੀ ਦੁਨੀਆਂ ਵਿੱਚ ਰੋਲ
ਦੁਨੀਆਂ ਵਿੱਚ ਅੰਗਰੇਜ਼ੀ ਦਾ ਗ਼ਲਬਾ ਗੈਰ-ਅੰਗਰੇਜ਼ੀ ਬੋਲਦੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਦੇ ਸਮਾਜਕ, ਆਰਥਿਕ, ਸਿਆਸੀ ਅਤੇ ਸੱਭਿਆਚਾਰਕ ਜੀਵਨ ਉੱਪਰ ਵੱਡਾ ਅਸਰ ਪਾ ਰਿਹਾ ਹੈ। ਇਹ ਉਹਨਾਂ ਦੇ ਗਿਆਨ ਪੈਦਾ ਕਰਨ ਅਤੇ ਗਿਆਨ ਨੂੰ ਸੰਭਾਲਣ ਦੇ ਢੰਗਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ।
ਸੰਸਾਰ ਪੱਧਰ ਉੱਪਰ ਅੰਗਰੇਜ਼ੀ ਦੇ ਗਲਬੇ ਨੇ ਪੱਛਮੀ ਦੇਸ਼ਾਂ ਅਤੇ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਵਿਚਕਾਰ ਗਿਆਨ ਦੀ ਵੰਡ ਦੇ ਸਬੰਧ ਵਿੱਚ ਅਸੰਤੁਲਨ ਪੈਦਾ ਕੀਤਾ ਹੋਇਆ ਹੈ। ਉਦਾਹਰਨ ਲਈ, ਦੁਨੀਆਂ ਦੇ ਦੋ ਤਿਹਾਈ ਵਿਗਿਆਨੀ ਅੰਗਰੇਜ਼ੀ ਵਿੱਚ ਪੜ੍ਹਦੇ ਹਨ (ਬ੍ਰਿਟਿਸ਼ ਕਾਉਂਸਿਲ ਵੇਬਸਾਈਟ, 1998)। ਨਤੀਜੇ ਵਜੋਂ ਬਹੁਗਿਣਤੀ ਵਿਗਿਆਨਕ ਪੇਪਰ ਅੰਗਰੇਜ਼ੀ ਵਿੱਚ ਲਿਖੇ ਜਾਂਦੇ ਹਨ। 1981 ਵਿੱਚ ਕੀਤੇ ਗਏ ਇੱਕ ਅਧਿਐਨ ਅਨੁਸਾਰ ਜੀਵ ਵਿਗਿਆਨ ਦੇ ਖੇਤਰ ਵਿੱਚ 85 ਫੀਸਦੀ, ਮੈਡੀਸਨ ਦੇ ਖੇਤਰ ਵਿੱਚ 73 ਫੀਸਦੀ, ਹਿਸਾਬ ਦੇ ਖੇਤਰ ਵਿੱਚ 69 ਫੀਸਦੀ ਅਤੇ ਰਸਾਇਣ ਵਿਗਿਆਨ ਦੇ ਖੇਤਰ ਵਿੱਚ 67 ਫੀਸਦੀ ਪੇਪਰ ਅੰਗਰੇਜ਼ੀ ਵਿੱਚ ਲਿਖੇ ਗਏ ਸਨ (ਕ੍ਰਿਸਟਲ :102)। ਅਗਲੇ ਡੇਢ ਦਹਾਕੇ ਵਿੱਚ ਇਸ ਅਸਾਂਵੇਪਣ ਵਿੱਚ ਵੱਡਾ ਵਾਧਾ ਹੋਇਆ। ਉਦਾਹਰਨ ਲਈ ਰਸਾਇਣ ਵਿਗਿਆਨ ਅਤੇ ਮੈਡੀਸਨ ਦੇ ਖੇਤਰ ਵਿੱਚ ਅੰਗਰੇਜ਼ੀ ਵਿੱਚ ਲਿਖੇ ਪੇਪਰਾਂ ਦੇ ਅਨੁਪਾਤ ਵਿੱਚ ਕ੍ਰਮਵਾਰ 30 ਤੋਂ 40 ਫੀਸਦੀ ਦਾ ਵਾਧਾ ਹੋਇਆ ਹੈ (ਕ੍ਰਿਸਟਲ :102)। ਸਮਾਜ ਵਿਗਿਆਨ ਵਿੱਚ ਵੀ ਹਾਲਾਤ ਇਸਤੋਂ ਵੱਖਰੇ ਨਹੀਂ ਹਨ। ਕੰਪੈਰੇਟਿਵ ਐਜੂਕੇਸ਼ਨ ਰੀਵੀਊ ਦੇ ਫਰਵਰੀ 1997 ਦੇ ਸੰਪਾਦਕੀ ਵਿੱਚ ਲਿਖਿਆ ਹੈ “ਸਾਡੇ ਲੇਖਕਾਂ ਵਿੱਚੋਂ ਸਿਰਫ ਇੱਕ ਤਿਹਾਈ ਲੇਖਕ ਉੱਤਰੀ ਅਮਰੀਕਾ ਤੋਂ ਬਾਹਰ ਦੇ ਹਨ, ਅਤੇ ਸਿਰਫ ਇੱਕ ਚੌਥਾਈ ਉੱਤਰੀ ਅਮਰੀਕਾ ਅਤੇ ਯੂਰਪ ਤੋਂ ਬਾਹਰ ਦੇ ਹਨ। ਇਹ ਗੱਲ ਨੋਟ ਕਰਨ ਵਾਲ਼ੀ ਹੈ ਕਿ ਦੁਨੀਆਂ ਦੇ ਕੁੱਝ ਹਿੱਸਿਆਂ ਖਾਸ ਤੌਰ ਉੱਤੇ ਅਰਬ ਦੇਸ਼ਾਂ, ਦੱਖਣੀ ਏਸ਼ੀਆ ਅਤੇ ਲਾਤੀਨੀ ਅਮਰੀਕਾ ਦੇ ਵਿਦਿਵਾਨਾਂ ਦੀ ਪ੍ਰਤੀਨਿਧਤਾ ਗੰਭੀਰ ਰੂਪ ਵਿੱਚ ਘੱਟ ਹੈ”(ਕ੍ਰਿਸਟਲ :2)। ਬਿਜਲਈ ਸੰਚਾਰ ਦੇ ਖੇਤਰ ਵਿੱਚ ਵੀ ਇਸ ਤਰ੍ਹਾਂ ਦੇ ਹੀ ਹਾਲਾਤ ਹਨ। ਉਦਾਹਰਨ ਲਈ, ਸੰਸਾਰ ਪੱਧਰ ਉੱਪਰ ਇਲੈਕਟਰੌਨਿਕ ਢੰਗ ਨਾਲ਼ ਸਾਂਭੀ ਗਈ ਜਾਣਕਾਰੀ ਵਿੱਚੋਂ 80 ਫੀਸਦੀ ਅੰਗਰੇਜ਼ੀ ਵਿੱਚ ਹੈ। ਦੁਨੀਆਂ ਵਿੱਚ ਇੰਟਰਨੈੱਟ ਦੀ ਵਰਤੋਂ ਕਰਨ ਵਾਲ਼ੇ 4 ਕਰੋੜ ਦੇ ਲਗਭਗ ਲੋਕਾਂ ਵਿੱਚੋਂ 80 ਫੀਸਦੀ ਅੰਗਰੇਜ਼ੀ ਦੀ ਵਰਤੋਂ ਕਰਦੇ ਹਨ (ਬ੍ਰਿਟਿਸ਼ ਕਾਉਂਸਿਲ ਵੇਬਸਾਈਟ, 1998)।
ਗਿਆਨ ਦੀ ਵੰਡ ਵਿਚਲੇ ਇਸ ਅਸੰਤੁਲਨ ਕਾਰਨ ਤੀਜੀ ਦੁਨੀਆਂ ਦੇ ਦੇਸ਼ ਗਿਆਨ, ਤਕਨੌਲੋਜੀ, ਸਿਆਸੀ ਅਤੇ ਆਰਥਿਕ ਵਿਚਾਰਾਂ ਲਈ ਪੱਛਮੀ ਦੇਸ਼ਾਂ ਉੱਪਰ ਨਿਰਭਰ ਬਣੇ ਹੋਏ ਹਨ। ਜਦੋਂ ਵੀ ਕਦੇ ਨਵੇਂ ਵਿਚਾਰਾਂ ਅਤੇ ਕਾਢਾਂ ਦੀ ਲੋੜ ਪੈਂਦੀ ਹੈ ਤਾਂ ਅੰਗਰੇਜ਼ੀ ਵਿੱਚ ਪੜ੍ਹੇ ਹੋਏ ਤੀਜੀ ਦੁਨੀਆਂ ਦੇ ਆਗੂ ਅਤੇ ਬੁੱਧੀਜੀਵੀ ਅਗਵਾਈ ਲਈ ਪੱਛਮ ਵੱਲ ਦੇਖਦੇ ਹਨ। ਇਸ ਤਰ੍ਹਾਂ ਦਾ ਰਿਸ਼ਤਾ ਪੱਛਮ ਦੇ ਸਨਅਤੀ ਦੇਸ਼ਾਂ ਅਤੇ ਤੀਜੀ ਦੁਨੀਆਂ ਦੇ ਵਸ਼ਿਸ਼ਟ ਵਰਗ ਨਾਲ਼ ਸਬੰਧਤ ਲੋਕਾਂ ਦੇ ਹਿਤਾਂ ਦੀ ਪੂਰਤੀ ਕਰਦਾ ਹੈ। ਬਹੁਤੇ ਕੇਸਾਂ ਵਿੱਚ ਬਾਹਰੋਂ ਹਾਸਲ ਕੀਤਾ ਗਿਆ ਗਿਆਨ ਅਤੇ ਤਕਨੌਲੋਜੀ ਸਥਾਨਕ ਲੋੜਾਂ ਦੀ ਪੂਰਤੀ ਅਤੇ ਸਥਾਨਕ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਯੋਗ ਨਹੀਂ ਹੁੰਦੀ। ਵਿਦਵਾਨ ਦੇਬੀ ਪਰਸੰਨਾ ਪਟਨਾਇਕ ਦੇ ਸ਼ਬਦਾਂ ਵਿੱਚ “ਇਹ ਗੱਲ ਯਾਦ ਰੱਖਣ ਵਾਲ਼ੀ ਹੈ ਕਿ ਤਕਨੌਲੋਜੀ, ਵਿਗਿਆਨ ਅਤੇ ਸਮਾਜ ਦੇ ਪਰਸਪਰ ਅਦਾਨ ਪ੍ਰਦਾਨ ਤੋਂ ਪੈਦਾ ਹੁੰਦੀ ਹੈ। (ਪਰ) ਵਿਗਿਆਨ ਸਮਾਜ ਨਾਲ਼ ਵਿਦੇਸ਼ੀ ਬੋਲੀ ਵਿੱਚ ਅਦਾਨ ਪ੍ਰਦਾਨ ਨਹੀਂ ਕਰ ਸਕਦੀ” (381-382)।
ਤੀਜੀ ਦੁਨੀਆਂ ਦੇ ਦੇਸ਼ਾਂ ਅੰਦਰ ਅੰਗਰੇਜ਼ੀ ਬੋਲਣ ਵਾਲ਼ੇ ਲੋਕਾਂ ਦੀ ਇੱਕ ਵਸ਼ਿਸ਼ਟ ਜਮਾਤ ਪੈਦਾ ਹੋ ਗਈ ਹੈ। ਆਮ ਤੌਰ ਉੱਤੇ ਅੰਗਰੇਜ਼ੀ ਬੋਲਣ ਵਾਲ਼ੇ ਲੋਕਾਂ ਨੂੰ ਚੰਗੀਆਂ ਨੌਕਰੀਆਂ ਮਿਲਦੀਆਂ ਹਨ, ਉਹਨਾਂ ਦੀ ਤਾਕਤ ਦੇ ਗਲਿਆਰਿਆਂ ਤੱਕ ਪਹੁੰਚ ਬਣਦੀ ਹੈ ਅਤੇ ਉਹਨਾਂ ਨੂੰ ਸਮਾਜ ਵਿੱਚ ਉੱਚਾ ਰੁਤਬਾ ਮਿਲਦਾ ਹੈ। ਕਈ ਦੇਸ਼ਾਂ ਦੇ ਸ਼ਹਿਰੀ ਖੇਤਰਾਂ ਵਿੱਚ ਨੌਕਰੀਆਂ ਲੈਣ ਲਈ ਅੰਗਰੇਜ਼ੀ ਇੱਕ ਵੱਡੀ ਲੋੜ ਬਣਦੀ ਜਾ ਰਹੀ ਹੈ। ਭਾਰਤ ਵਿੱਚ ਅੰਗਰੇਜ਼ੀ ਬੋਲ ਸਕਣ ਵਾਲ਼ੇ ਅਤੇ ਅੰਗਰੇਜ਼ੀ ਨਾ ਬੋਲ ਸਕਣ ਵਾਲ਼ੇ ਲੋਕਾਂ ਵਿਚਕਾਰ ਇੱਕ ਵੱਡਾ ਪਾੜਾ ਪੈਦਾ ਹੋ ਗਿਆ ਹੈ। ਇਸ ਹਾਲਤ ਉੱਪਰ ਟਿੱਪਣੀ ਕਰਦਿਆਂ ਡਾ: ਪਟਨਾਇਕ ਕਹਿੰਦੇ ਹਨ:
ਅੰਗਰੇਜ਼ੀ ਨੇ ਅੰਗਰੇਜ਼ੀ ਨਾ ਜਾਣਨ ਵਾਲ਼ੇ 96-98 ਫੀਸਦੀ ਲੋਕਾਂ ਅਤੇ ਅੰਗਰੇਜ਼ੀ ਜਾਣਨ ਵਾਲ਼ੇ 2-4 ਫੀਸਦੀ ਲੋਕਾਂ ਵਿਚਕਾਰ ਵੱਡਾ ਪਾੜਾ ਪੈਦਾ ਕਰ ਦਿੱਤਾ ਹੈ। ਇਸ ਨਾਲ਼ ਵੱਡੀ ਨਾਬਰਾਬਰੀ ਪੈਦਾ ਹੋ ਗਈ ਹੈ, ਕਿਉਂਕਿ 2-4 ਫੀਸਦੀ ਲੋਕਾਂ ਦੀ ਗਿਆਨ, ਜਾਣਕਾਰੀ, ਰੁਤਬੇ, ਇੱਜਤ-ਮਾਣ ਅਤੇ ਦੌਲਤ ਤੱਕ ਜ਼ਿਆਦਾ ਪਹੁੰਚ ਹੈ। ਪੜ੍ਹਾਈ ਦੇ ਖੇਤਰ ਵਿੱਚ ਦੂਜੀਆਂ ਭਾਸ਼ਾਵਾਂ ਦਾ ਬਦਲ ਬਣ ਕੇ ਇਹ (ਅੰਗਰੇਜ਼ੀ) ਸੱਭਿਆਚਾਰ ਤੋਂ ਬੇਗਾਨਗੀ ਅਤੇ ਸੱਭਿਆਚਾਰਕ ਬੋਧ ਵਿੱਚ ਹਨ੍ਹੇਰੇ ਖੂੰਜੇ ਪੈਦਾ ਕਰਦੀ ਹੈ ਅਤੇ ਸਿਰਜਣਸ਼ੀਲਤਾ ਅਤੇ ਨਵੀਆਂ ਕਾਢਾਂ ਕੱਢ ਸਕਣ ਦੀ ਸਮਰਥਾ ਦੇ ਰਾਹ ਵਿੱਚ ਰੋੜਾ ਬਣਦੀ ਹੈ (383)।
ਵਸ਼ਿਸ਼ਟ ਵਰਗ ਵੱਲੋਂ ਅੰਗਰੇਜ਼ੀ ਨੂੰ ਦਿੱਤੀ ਜਾਂਦੀ ਤਰਜ਼ੀਹ ਕਾਰਨ ਤੀਜੀ ਦੁਨੀਆਂ ਦੇ ਬਹੁਤੇ ਦੇਸ਼ਾਂ ਵਿੱਚ ਮੀਡੀਏ ਅਤੇ ਸੱਭਿਆਚਾਰਕ ਸਨਅਤਾਂ ਵਿੱਚ ਅੰਗਰੇਜ਼ੀ ਅਤੇ ਦੂਜੀਆਂ ਬੋਲੀਆਂ ਵਰਤੇ ਜਾਂਦੇ ਵਸੀਲਿਆਂ ਵਿੱਚ ਅੰਤਾਂ ਦਾ ਅਸਾਂਵਾਂਪਣ ਪੈਦਾ ਹੋ ਗਿਆ ਹੈ। ਉਦਾਹਰਨ ਲਈ 1990ਵਿਆਂ ਦੇ ਅਖੀਰ ਵਿੱਚ ਹਿੰਦੁਸਤਾਨ ਵਿੱਚ ਅੰਗਰੇਜ਼ੀ ਵਿੱਚ ਚੰਗੀ ਮੁਹਾਰਤ ਰੱਖਣ ਵਾਲ਼ੇ ਲੋਕਾਂ ਦੀ ਗਿਣਤੀ 2-4 ਫੀਸਦੀ ਦੇ ਵਿਚਕਾਰ ਸੀ। ਪਰ ਉਸ ਸਮੇਂ ਹਿੰਦੁਸਤਾਨ ਵਿੱਚ ਛਪਣ ਵਾਲ਼ੀਆਂ ਕਿਤਾਬਾਂ, ਅਖਬਾਰਾਂ ਅਤੇ ਬੌਧਿਕ ਰਸਾਲਿਆਂ ਵਿੱਚੋਂ 50 ਫੀਸਦੀ ਤੋਂ ਵੱਧ ਅੰਗਰੇਜ਼ੀ ਵਿੱਚ ਛਪਦੇ ਸਨ। ਵਿਗਿਆਨਕ ਖੋਜ ਦੇ ਖੇਤਰ ਵਿੱਚ ਸਮੁੱਚਾ ਸੰਚਾਰ ਅੰਗਰੇਜ਼ੀ ਵਿੱਚ ਹੁੰਦਾ ਸੀ। (ਅਲਬਾਕ, 1984; ਵਾਰਧਾ; ਬੁਟਾਲੀਆ)। ਅਜਿਹੇ ਹਾਲਾਤ ਗਿਆਨ ਅਤੇ ਜਾਣਕਾਰੀ ਤੱਕ ਆਮ ਲੋਕਾਂ ਦੀ ਪਹੁੰਚ ਵਿੱਚ ਬਹੁਤ ਵੱਡੀ ਰੁਕਾਵਟ ਬਣਦੇ ਹਨ।
ਕਿਉਂਕਿ ਵਸ਼ਿਸ਼ਟ ਵਰਗ ਦੇ ਲੋਕਾਂ ਦੀ ਆਮ ਲੋਕਾਂ ਦੇ ਮੁਕਾਬਲੇ ਵੱਧ ਆਮਦਨ ਹੁੰਦੀ ਹੈ, ਇਸ ਲਈ ਇਹਨਾਂ ਲੋਕਾਂ ਦੀ ਲੋੜ ਪੂਰਤੀ ਕਰ ਰਹੇ ਅੰਗਰੇਜ਼ੀ ਮੀਡੀਏ ਨੂੰ ਦੂਜੀਆਂ ਬੋਲੀਆਂ ਦੇ ਮੀਡੀਏ ਨਾਲ਼ੋਂ ਜ਼ਿਆਦਾ ਇਸ਼ਤਿਹਾਰ ਮਿਲਦੇ ਹਨ। ਮਲੇਸ਼ੀਆ ਵਿੱਚ ਇਸ ਤਰ੍ਹਾਂ ਦੀ ਸਥਿਤੀ ਬਾਰੇ ਇੱਕ ਰਿਪੋਰਟ ਅਨੁਸਾਰ, ਬੇਸ਼ੱਕ ਬਹਾਸਾ ਬੋਲੀ ਦੇ ਅਖਬਾਰਾਂ ਅਤੇ ਰਸਾਲਿਆਂ ਦੀ ਵਿੱਕਰੀ ਅੰਗਰੇਜ਼ੀ ਦੇ ਅਖਬਾਰਾਂ ਰਸਾਲਿਆਂ ਦੀ ਵਿੱਕਰੀ ਨਾਲ਼ੋਂ ਦੁੱਗਣੀ-ਤਿੱਗਣੀ ਹੈ, ਫਿਰ ਵੀ ਉਹਨਾਂ ਨੂੰ ਇਸ਼ਤਿਹਾਰਾਂ ਤੋਂ ਅੰਗਰੇਜ਼ੀ ਦੀਆਂ ਅਖਬਾਰਾਂ ਨਾਲ਼ੋਂ ਕਿਤੇ ਘੱਟ ਆਮਦਨ ਹੁੰਦੀ ਹੈ (ਜੈਸੰਕਰਨ 24)। ਇਸ ਤਰ੍ਹਾਂ ਦੇ ਹਾਲਤ ਦੂਜੀਆਂ ਬੋਲੀਆਂ ਦੇ ਮੁਕਾਬਲੇ ਅੰਗਰੇਜ਼ੀ ਨੂੰ ਹੋਰ ਮਜ਼ਬੂਤ ਕਰਦੇ ਹਨ।
ਕਈ ਵਿਦਵਾਨਾਂ ਦਾ ਮੱਤ ਹੈ ਕਿ ਅੰਗਰੇਜ਼ੀ ਬੋਲੀ ਨੇ ਪੱਛਮੀ ਸਨਅਤੀ ਦੇਸ਼ਾਂ ਲਈ ਤੀਜੀ ਦੁਨੀਆਂ ਦੇ ਦੇਸ਼ਾਂ ਦੀਆਂ ਮੰਡੀਆਂ ਨੂੰ ਖੋਲ੍ਹਣ ਲਈ ਇੱਕ ਮਹੱਤਵਪੂਰਨ ਰੋਲ਼ ਨਿਭਾਇਆ ਹੈ ਅਤੇ ਹੁਣ ਵੀ ਨਿਭਾ ਰਹੀ ਹੈ। ਪੈਨੀਕੁੱਕ ਅਨੁਸਾਰ, ਦੁਨੀਆਂ ਵਿੱਚ ਕੌਮਾਂਤਰੀ ਵਪਾਰ ਦਾ ਸੱਭਿਆਚਾਰ ਫੈਲਾ ਕੇ, ਤਕਨੀਕੀ ਸਟੈਂਡਰਡਾਇਜੇਸ਼ਨ ਦੀ ਬੋਲੀ ਬਣ ਕੇ, ਵਿਸ਼ਵ ਵਪਾਰ ਸੰਸਥਾ ਅਤੇ ਕੌਮਾਂਤਰੀ ਮੁਦਰਾ ਕੋਸ਼ ਵਰਗੀਆਂ ਕੌਮਾਂਤਰੀ ਸੰਸਥਾਂਵਾਂ ਦੀ ਬੋਲੀ ਬਣ ਕੇ ਅਤੇ ਦੁਨੀਆਂ ਦੀਆਂ ਚਾਰੇ ਦਿਸ਼ਾਵਾਂ ਤੱਕ ਖਪਤਵਾਦ ਦਾ ਸੁਨੇਹਾ ਪਹੁੰਚਾ ਕੇ ਅੰਗਰੇਜ਼ੀ “ਕੌਮਾਂਤਰੀ ਸਰਮਾਏਦਾਰੀ” ਦੀ ਬੋਲੀ ਬਣ ਗਈ ਹੈ (ਪੈਨੀਕੁੱਕ :22)। ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਬਹੁਕੌਮੀ ਕਾਰਪੋਰੇਸ਼ਨਾਂ ਦੀ ਮਲਕੀਅਤ ਵਾਲ਼ੀਆਂ ਫੈਕਟਰੀਆਂ, ਪਲਾਂਟਾਂ, ਅਤੇ ਕਾਲ ਸੈਂਟਰਾਂ ਵਿੱਚ ਕੰਮ ਲੱਭਣ ਲਈ ਅੰਗਰੇਜ਼ੀ ਸਿੱਖਣਾ ਤੀਜੀ ਦੁਨੀਆਂ ਦੇ ਲੋਕਾਂ ਦੀ ਮਜ਼ਬੂਰੀ ਬਣ ਗਿਆ ਹੈ। ਜੇਮਜ਼ ਟੋਲਿਫਸਨ ਫਿਲਪੀਨ ਦੀ ਉਦਾਹਰਨ ਦੇ ਕੇ ਇਸ ਗੱਲ ਨੂੰ ਹੋਰ ਸਪਸ਼ਟ ਕਰਦਾ ਹੈ। ਉਸ ਦਾ ਦਾਅਵਾ ਹੈ ਕਿ 1970ਵਿਆਂ ਦੇ ਸ਼ੁਰੂ ਵਿੱਚ ਫਿਲਪੀਨ ਵਿੱਚ ਮਾਰਸ਼ਲ ਲਾਅ ਲੱਗਣ ਕਾਰਨ ਫਿਲਪੀਨ ਦੀ ਆਰਥਿਕਤਾ ਵਿੱਚ ਵੱਡੀ ਪੱਧਰ ਉੱਤੇ ਰੱਦੋਬਦਲ ਕੀਤੀ ਗਈ। ਇਸ ਸਮੇਂ ਦੌਰਾਨ ਵੱਡੀ ਗਿਣਤੀ ਵਿੱਚ ਵਿਦੇਸ਼ੀ ਸਰਮਾਇਆ ਫਿਲਪੀਨ ਵਿਚ ਲਾਇਆ ਗਿਆ। ਨਤੀਜੇ ਵਜੋਂ, ਛੋਟਾ ਸਮਾਨ ਤਿਆਰ ਕਰਨ ਵਾਲ਼ੀਆਂ ਕਈ ਤਰ੍ਹਾਂ ਦੀਆਂ ਸਨਅਤਾਂ, ਅਸੰਬਲੀ ਪਲਾਂਟ ਅਤੇ ਖਪਤਕਾਰੀ ਵਸਤਾਂ ਬਣਾਉਣ ਵਾਲ਼ੀਆਂ ਫੈਕਟਰੀਆਂ ਫਿਲਪੀਨ ਵਿੱਚ ਲਾਈਆਂ ਗਈਆਂ। ਇਹਨਾਂ ਸਨਅਤਾਂ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਫਿਲਪੀਨ ਦੀ ਸਰਕਾਰ ਨੇ ਆਪਣੇ ਵਿਦਿਅਕ ਪ੍ਰਬੰਧ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ। ਇਹਨਾਂ ਪਾਲਸੀਆਂ ਦਾ ਇੱਕ ਮੁੱਦਾ ਸੀ, ਅੰਗਰੇਜ਼ੀ ਦੀ ਪੜ੍ਹਾਈ ਉੱਪਰ ਜ਼ੋਰ ਦੇਣਾ। ਜੇ ਅਸੀਂ ਪੰਜਾਬ ਦੀ ਪਿਛਲੀ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਦੀ ਪੜ੍ਹਾਈ ਦੇ ਐਲਾਨਾਂ ਨੂੰ ਵੀ ਇਸ ਉਦਾਹਰਨ ਨਾਲ਼ ਜੋੜ ਕੇ ਦੇਖੀਏ ਤਾਂ ਕਈ ਗੱਲਾਂ ਸਪਸ਼ਟ ਹੋ ਜਾਂਦੀਆਂ ਹਨ। ਪੰਜਾਬ ਦੀਆਂ ਸਰਕਾਰਾਂ ਵੱਲੋਂ ਇੱਕ ਪਾਸੇ ਬਹੁਕੌਮੀ ਕਾਰਪੋਰੇਸ਼ਨਾਂ ਨੂੰ ਪੰਜਾਬ ਵਿੱਚ ਆਕੇ ਸਰਮਾਇਆ ਨਿਵੇਸ਼ ਲਈ ਸੱਦਾ ਦੇਣ ਅਤੇ ਦੂਸਰੇ ਪਾਸੇ ਅੰਗਰੇਜ਼ੀ ਦੀ ਪੜ੍ਹਾਈ ਉੱਤੇ ਜ਼ੋਰ ਦੇਣ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ।
ਇਸ ਸਮੇਂ ਦੁਨੀਆਂ ਦੀਆਂ ਕਈ ਬੋਲੀਆਂ ਮਰ ਰਹੀਆਂ ਹਨ। ਇਸ ਸਬੰਧ ਵਿੱਚ ਇੱਕ ਵਿਦਿਵਾਨ ਦੀ ਧਾਰਨਾ ਹੈ ਕਿ 21ਵੀਂ ਸਦੀ ਦੌਰਾਨ ਦੁਨੀਆਂ ਦੀਆਂ 6,000 ਬੋਲੀਆਂ ਵਿੱਚੋਂ 80 ਫੀਸਦੀ ਬੋਲੀਆਂ ਮਰ ਜਾਣਗੀਆਂ (ਕ੍ਰਿਸਟਲ :17)। ਬੇਸ਼ੱਕ ਅੰਗਰੇਜ਼ੀ ਦੀ ਸਰਦਾਰੀ ਨੂੰ ਮੁਕੰਮਲ ਤੌਰ ਉੱਤੇ ਇਹਨਾਂ ਬੋਲੀਆਂ ਦੀ ਮੌਤ ਦਾ ਕਾਰਨ ਨਿਰਧਾਰਤ ਕਰਨਾ ਪੂਰੀ ਤਰ੍ਹਾਂ ਠੀਕ ਨਹੀਂ, ਪਰ ਕਈ ਕੇਸਾਂ ਵਿੱਚ ਇਹ ਗੱਲ ਸਹੀ ਆਖੀ ਜਾ ਸਕਦੀ ਹੈ। ਉਦਾਹਰਨ ਲਈ, ਡੇਵਿਡ ਕਰਿਸਟਲ ਦਾ ਦਾਅਵਾ ਹੈ ਕਿ ਗੁਆਮ ਅਤੇ ਮੈਰੀਆਨਾਜ਼ ਵਿੱਚ ਅੰਗਰੇਜ਼ੀ ਦੀ ਸਰਦਾਰੀ ਉੱਥੋਂ ਦੀ ਸਥਾਨਕ ਬੋਲੀ ਚੈਮਾਰੋ ਦੀ ਮੌਤ ਦਾ ਕਾਰਨ ਬਣ ਰਹੀ ਹੈ। ਕਿਸੇ ਵੀ ਬੋਲੀ ਦੀ ਮੌਤ ਇੱਕ ਗੰਭੀਰ ਦੁਖਾਂਤ ਹੈ ਕਿਉਂਕਿ ਜਦੋਂ ਕੋਈ ਬੋਲੀ ਮਰਦੀ ਹੈ ਤਾਂ ਉਹ ਬੋਲੀ ਬੋਲਣ ਵਾਲ਼ੇ ਲੋਕਾਂ ਦੇ ਇਤਿਹਾਸ, ਮਿੱਥਾਂ, ਰਵਾਇਤਾਂ, ਸੱਭਿਆਚਾਰ ਅਤੇ ਦੁਨੀਆਂ ਨੂੰ ਦੇਖਣ ਦੇ ਨਜ਼ਰੀਏ ਦੀ ਮੌਤ ਹੁੰਦੀ ਹੈ।
ਜਿਹਨਾਂ ਕੇਸਾਂ ਵਿੱਚ ਅੰਗਰੇਜ਼ੀ ਦਾ ਗ਼ਲਬਾ ਦੂਜੀਆਂ ਬੋਲੀਆਂ ਦੀ ਮੌਤ ਦਾ ਕਾਰਨ ਨਹੀਂ ਬਣਦਾ, ਇਹ ਗੱਲ ਪੱਕੀ ਹੈ ਕਿ ਉਹਨਾਂ ਕੇਸਾਂ ਵਿੱਚ ਅੰਗਰੇਜ਼ੀ ਦਾ ਗ਼ਲਬਾ ਦੂਜੀਆਂ ਬੋਲੀਆਂ ਦੀ ਤਰੱਕੀ ਅੱਗੇ ਅੜਿੱਕਾ ਜ਼ਰੂਰ ਬਣਦਾ ਹੈ। ਉਦਾਹਰਨ ਲਈ ਕਈ ਦੇਸ਼ਾਂ ਵਿੱਚ ਬੋਲੀਆਂ ਵਿਚਕਾਰ ਦਰਜਾਬੰਦੀ ਸਥਾਪਤ ਹੋ ਚੁੱਕੀ ਹੈ, ਜਿੱਥੇ ਅੰਗਰੇਜ਼ੀ ਵਿਗਿਆਨ, ਵਣਜ-ਵਪਾਰ ਅਤੇ ਤਕਨੌਲੋਜੀ ਦੀ ਬੋਲੀ ਬਣ ਗਈ ਹੈ ਅਤੇ ਸਥਾਨਕ ਬੋਲੀਆਂ ਦੀ ਵਰਤੋਂ ਦੂਸਰੇ ਸਮਾਜਕ ਕਾਰਜਾਂ ਲਈ ਕੀਤੀ ਜਾਂਦੀ ਹੈ। ਨਤੀਜੇ ਵਜੋਂ, ਅੰਗਰੇਜ਼ੀ ਲਈ ਜ਼ਿਆਦੇ ਵਸੀਲੇ ਰਾਖਵੇਂ ਰੱਖੇ ਜਾਂਦੇ ਹਨ, ਜਿਸ ਨਾਲ਼ ਦੂਜੀਆਂ ਬੋਲੀਆਂ ਦੀ ਤਰੱਕੀ ਵਿੱਚ ਰੁਕਾਵਟਾਂ ਪੈਦਾ ਹੁੰਦੀਆਂ ਹਨ। ਇਸ ਦੇ ਨਾਲ਼ ਹੀ ਜਦੋਂ ਕੋਈ ਸਥਾਨਕ ਬੋਲੀ ਵਿਗਿਆਨ, ਵਣਜ-ਵਪਾਰ ਅਤੇ ਤਕਨੌਲੌਜੀ ਵਿੱਚ ਨਹੀਂ ਵਰਤੀ ਜਾਂਦੀ, ਤਾਂ ਉਹ ਬੋਲੀ ਇਹਨਾਂ ਵਿਸ਼ਿਆਂ ਨਾਲ਼ ਨਜਿੱਠਣ ਲਈ ਆਪਣੀ ਸਮਰੱਥਾ ਵਿਕਸਤ ਨਹੀਂ ਕਰ ਸਕਦੀ। ਜਦੋਂ ਇਹ ਹੋ ਜਾਂਦਾ ਹੈ ਤਾਂ ਅੰਗਰੇਜ਼ੀ ਬੋਲੀ ਦੇ ਹਮਾਇਤੀ ਇਹ ਦਾਅਵਾ ਕਰਦੇ ਹਨ ਕਿ ਸਥਾਨਕ ਬੋਲੀ ਇਹਨਾਂ ਵਿਸ਼ਿਆਂ ਨਾਲ਼ ਨਜਿੱਠਣ ਦੇ ਕਾਬਲ ਨਹੀਂ ਅਤੇ ਇਸ ਲਈ ਇਹਨਾਂ ਵਿਸ਼ਿਆਂ ਬਾਰੇ ਪੜ੍ਹਾਈ ਅਤੇ ਗਿਆਨ ਦਾ ਅਦਾਨ ਪ੍ਰਦਾਨ ਅੰਗਰੇਜ਼ੀ ਵਿੱਚ ਹੋਣਾ ਚਾਹੀਦਾ ਹੈ। ਪੈਨੀਕੁੱਕ ਦੇ ਅਨੁਸਾਰ, ਇਸ ਸਮੇਂ ਹਾਂਗਕਾਂਗ ਵਿੱਚ ਕੈਂਟਨੀਜ਼ (ਇੱਕ ਚੀਨੀ ਭਾਸ਼ਾ) ਇਸ ਸਥਿਤੀ ਦਾ ਸਾਹਮਣਾ ਕਰ ਰਹੀ ਹੈ।
ਅੰਗਰੇਜ਼ੀ ਦੀ ਸਰਦਾਰੀ ਤੀਜੀ ਦੁਨੀਆਂ ਦੇ ਕਈ ਦੇਸ਼ਾਂ ਦੇ ਗਿਆਨ ਨੂੰ ਨਕਾਰਦੀ ਹੈ ਅਤੇ ਪੱਛਮੀ ਗਿਆਨ ਨੂੰ ਥਾਪਨਾ ਦਿੰਦੀ ਹੈ। ਅਜਿਹਾ ਕਈ ਤਰ੍ਹਾਂ ਹੁੰਦਾ ਹੈ। ਸਭ ਤੋਂ ਪਹਿਲਾਂ ਇਹ ‘ਅਨਪੜ੍ਹਤਾ’ ਪੈਦਾ ਕਰਦੀ ਹੈ। ਇਸ ਗੱਲ ਨੂੰ ਸਪਸ਼ਟ ਕਰਨ ਲਈ ਫਿਲਪਸਨ, ਆਕਸਫੋਰਡ ਡਿਕਸ਼ਨਰੀ ਦੇ ਸੰਪਾਦਕ ਬਰਚਫੀਲਡ ਦਾ ਹਵਾਲਾ ਦਿੰਦਾ ਹੈ। ਬਰਚਫੀਲਡ ਅਨੁਸਾਰ,
ਅੰਗਰੇਜ਼ੀ ਉਸ ਪੱਧਰ ਤੱਕ ਸੰਪਰਕ ਭਾਸ਼ਾ ਬਣ ਗਈ ਹੈ, ਕਿ ਇੱਕ ਪੜ੍ਹਿਆ ਲਿਖਿਆ ਵਿਅਕਤੀ ਸਹੀ ਮਾਅਨਿਆਂ ਵਿੱਚ ਇੱਕ ਵਾਂਝਾ ਵਿਅਕਤੀ ਹੈ ਜੇ ਉਹ ਅੰਗਰੇਜ਼ੀ ਨਹੀਂ ਜਾਣਦਾ। ਗਰੀਬੀ, ਕਾਲ ਅਤੇ ਬੀਮਾਰੀ ਨੂੰ ਸਪਸ਼ਟ ਰੂਪ ਵਿੱਚ ਜ਼ਾਲਮਾਨਾ ਅਤੇ ਮੁਆਫ ਨਾ ਕੀਤੇ ਜਾ ਸਕਣ ਵਾਲ਼ਾ ਵਾਂਝਾਪਣ ਸਮਝਿਆ ਜਾਂਦਾ ਹੈ। ਬੋਲੀ ਅਧਾਰਿਤ ਵਾਂਝੇਪਣੇ ਨੂੰ ਏਨੀ ਸੌਖੀ ਤਰ੍ਹਾਂ ਨਹੀਂ ਪਹਿਚਾਣਿਆ ਜਾਂਦਾ, ਪਰ ਇਸਦੇ ਨਤੀਜੇ ਬਹੁਤ ਗੰਭੀਰ ਹਨ। (5)
ਉੱਪਰਲੀ ਟਿੱਪਣੀ ਦੇ ਮੱਦੇਨਜ਼ਰ ਅੰਗਰੇਜ਼ੀ ਨਾ ਸਮਝਣ ਵਾਲ਼ੇ ਵਿਅਕਤੀ ਨੂੰ ਅਨਪੜ੍ਹ ਵਿਅਕਤੀ ਸਮਝਿਆ ਜਾਵੇਗਾ, ਬੇਸ਼ੱਕ ਉਹ ਦੂਜੀਆਂ ਬੋਲੀਆਂ ਦਾ ਜਿੰਨਾ ਵੀ ਵੱਡਾ ਗਿਆਤਾ ਹੋਵੇ। ਮਾਇਕਲ ਵੈਟਕਿਓਟਿਸ ਮਲੇਸ਼ੀਆ ਦੀ ਉਦਾਹਰਨ ਦੇ ਕੇ ਇਸ ਗੱਲ ਨੂੰ ਸਪਸ਼ਟ ਕਰਦਾ ਹੈ। ਉਸਦਾ ਕਹਿਣਾ ਹੈ ਕਿ ਮਲੇਸ਼ੀਆ ਦੀਆਂ ਸਥਾਨਕ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਂਵਾਂ ਵਿੱਚ ਪੜ੍ਹੇ ਹੋਏ ਲੋਕ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਪੜ੍ਹੇ ਹੋਏ ਲੋਕਾਂ ਜਿੰਨੀ ਚੰਗੀ ਅੰਗਰੇਜ਼ੀ ਨਹੀਂ ਬੋਲ ਸਕਦੇ। ਨਤੀਜੇ ਵਜੋਂ ਕੰਮ-ਮਾਲਕ ਇਹ ਸਮਝਦੇ ਹਨ ਕਿ ਸਥਾਨਕ ਪੜ੍ਹੇ ਲਿਖੇ ਲੋਕ ਵਿਦੇਸ਼ਾਂ ਵਿੱਚੋਂ ਪੜ੍ਹ ਕੇ ਆਏ ਲੋਕਾਂ ਦੇ ਮੁਕਾਬਲੇ ਘੱਟ ਹੁਸ਼ਿਆਰ ਹਨ। ਸਥਾਨਕ ਗਿਆਨ ਨੂੰ ਨਕਾਰਨ ਦਾ ਇੱਕ ਹੋਰ ਢੰਗ ਇਹ ਹੈ ਕਿ ਅੰਗਰੇਜ਼ੀ ਪੜ੍ਹਨਾ ਇੱਕ ਅਗਾਂਹਵਧੂ ਕਦਮ ਸਮਝਿਆ ਜਾਂਦਾ ਹੈ ਅਤੇ ਸਥਾਨਕ ਭਾਸ਼ਾ ਪੜ੍ਹਨਾ ਇੱਕ ਪਿਛਾਂਹ-ਖਿੱਚੂ ਕਦਮ। ਇਹ ਮੰਨਿਆ ਜਾਂਦਾ ਹੈ ਕਿ ਸਥਾਨਕ ਬੋਲੀਆਂ ਦੀ ਪੜ੍ਹਾਈ ਆਧੁਨਿਕ ਗਿਆਨ ਦੀ ਥਾਂ ਪਰੰਪਰਾਗਤ ਗਿਆਨ, ਤਰਕਸ਼ੀਲਤਾ ਦੀ ਥਾਂ ਵਹਿਮੀ ਅਤੇ ਭਰਮੀ ਨਜ਼ਰੀਆ ਮੁਹੱਈਆ ਕਰਦੀ ਹੈ ਅਤੇ ਏਕਤਾ ਦੀ ਥਾਂ ਵੰਡੀਆਂ ਪਾਉਣ ਦਾ ਕਾਰਨ ਬਣਦੀ ਹੈ। (ਫਿਲਿਪਸਨ :284)।
ਇਸ ਦੇ ਨਾਲ਼ ਹੀ ਗੈਰ-ਅੰਗਰੇਜ਼ੀ ਬੋਲਣ ਵਾਲ਼ੇ ਲੋਕਾਂ ਦੇ ਮਸਲੇ, ਸਰੋਕਾਰ, ਦੁੱਖ ਅਤੇ ਦਰਦ ਵਿਸ਼ਵ ਪੱਧਰ ਉੱਪਰ ਕੇਂਦਰੀ ਥਾਂ ਤਾਂ ਹੀ ਹਾਸਲ ਕਰਦੇ ਹਨ, ਜੇ ਉਹ ਅੰਗਰੇਜ਼ੀ ਵਿੱਚ ਪ੍ਰਗਟ ਕੀਤੇ ਜਾਣ। ਸ਼ਾਇਦ ਇਸ ਹੀ ਕਰਕੇ ਗੈਰ-ਅੰਗਰੇਜ਼ੀ ਬੋਲਣ ਵਾਲ਼ੇ ਦੇਸ਼ਾਂ ਵਿੱਚ ਨਾਬਰਾਬਰੀ ਅਤੇ ਬੇਇਨਸਾਫੀ ਵਿਰੁੱਧ ਮੁਜ਼ਾਹਰੇ ਕਰ ਰਹੇ ਲੋਕਾਂ ਨੇ ਆਪਣੇ ਹੱਥਾਂ ਵਿੱਚ ਅੰਗਰੇਜ਼ੀ ਵਿੱਚ ਲਿਖੇ ਫੱਟੇ ਚੁੱਕੇ ਹੁੰਦੇ ਹਨ। ਅਜਿਹਾ ਕਰਦੇ ਵਕਤ ਉਹਨਾਂ ਦੇ ਮਨਾਂ ਵਿੱਚ ਆਪਣੀ ਬੋਲੀ ਦੇ ਹੀਣੀ ਹੋਣ ਬਾਰੇ ਜ਼ਰੂਰ ਵਿਚਾਰ ਆਉਂਦੇ ਹੋਣਗੇ ਕਿਉਂਕਿ ਉਹਨਾਂ ਦੀ ਬੋਲੀ ਉਹਨਾਂ ਦੇ ਦੁੱਖ, ਦਰਦ ਅਤੇ ਰੋਸ ਦਾ ਸੁਨੇਹਾ ਵਿਸ਼ਵ ਪੱਧਰ ਉੱਪਰ ਪਹੁੰਚਾਉਣ ਤੋਂ ਅਸਮਰੱਥ ਹੁੰਦੀ ਹੈ। ਅੰਗਰੇਜ਼ੀ ਦੇ ਗ਼ਲਬੇ ਵਾਲ਼ੇ ਵਿਸ਼ਵ ਮੀਡੀਏ ਵਿੱਚ ਉਹਨਾਂ ਲੋਕਾਂ ਦੇ ਦੁੱਖ ਦਰਦ ਦੀ ਕਹਾਣੀ ਤਰਜ਼ੀਹ ਲੈਂਦੀ ਹੈ ਜੋ ਕੁੱਝ ਹੱਦ ਤੱਕ ਅੰਗਰੇਜ਼ੀ ਬੋਲ ਸਕਦੇ ਹੋਣ। ਇਸ ਸਬੰਧ ਵਿੱਚ ਪੈਨੀਕੁੱਕ ਦੀ ਕਿਤਾਬ ਵਿੱਚ ਦਿੱਤੀਆਂ ਦੋ ਕਹਾਣੀਆਂ ਪਾਠਕਾਂ ਨਾਲ਼ ਸਾਂਝੀਆਂ ਕੀਤੀਆਂ ਜਾਣਗੀਆਂ। ਇੱਕ ਕਹਾਣੀ ਉਸ ਸਮੇਂ ਦੀ ਹੈ ਜਦੋਂ ਜ਼ਾਇਰ ਅਜ਼ਾਦ ਹੋਇਆ ਸੀ ਅਤੇ ਉੱਥੋਂ ਬੈਲਜੀਅਮ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ। ਇਸ ਸਮੇਂ ਬੀ ਬੀ ਸੀ ਦਾ ਇੱਕ ਰੀਪੋਰਟਰ ਇੱਕ ਭੀੜ ਵਿੱਚ ਦਾਖਲ ਹੋਇਆ ਅਤੇ ਅੰਗਰੇਜ਼ੀ ਵਿੱਚ ਬੋਲਿਆ, “ਕੋਈ ਹੈ, ਜਿਸ ਦਾ ਬਲਾਤਕਾਰ ਹੋਇਆ ਹੈ, ਅਤੇ ਜੋ ਅੰਗਰੇਜ਼ੀ ਵੀ ਬੋਲ ਸਕਦੀ ਹੈ”। ਦੂਸਰੀ ਕਹਾਣੀ ਬੌਸਨੀਆ ਦੇ ਸੰਕਟ ਸਬੰਧੀ ਹੈ। ਇਸ ਕਹਾਣੀ ਅਨੁਸਾਰ, ਬੌਸਨੀਆ ਦੀ ਜੰਗ ਸਮੇਂ, ਉੱਥੋਂ ਦਾ ਸ਼ਹਿਰ ਜ਼ਗਰੇਵ ਵਿਦੇਸ਼ੀ ਪੱਤਰਕਾਰਾਂ ਨਾਲ਼ ਭਰਿਆ ਪਿਆ ਸੀ ਅਤੇ ਇਹ ਪੱਤਰਕਾਰ ਸ਼ਰਨਾਰਥੀ ਕੈਂਪਾਂ ਵਿੱਚ ਜਾ ਕੇ ਉਪਰਲੀ ਕਹਾਣੀ ਵਿੱਚ ਵਰਤੇ ਵਾਕ ਵਰਗੇ ਵਾਕ ਹੀ ਦੁਹਰਾਉਂਦੇ ਸਨ, “ਕੋਈ ਹੈ, ਜਿਸਦਾ ਬਲਾਤਕਾਰ ਹੋਇਆ ਹੈ, ਅਤੇ ਜੋ ਅੰਗਰੇਜ਼ੀ ਵੀ ਬੋਲ ਸਕਦੀ ਹੈ” (3)। ਸਪਸ਼ਟ ਹੈ ਕਿ ਇਹਨਾਂ ਸਥਿਤੀਆਂ ਵਿੱਚ ਬਲਾਤਕਾਰ ਦਾ ਸ਼ਿਕਾਰ ਹੋਈ ਪਰ ਅੰਗਰੇਜ਼ੀ ਨਾ ਬੋਲ ਸਕਣ ਵਾਲ਼ੀ ਔਰਤ ਦੀ ਦਰਦ ਕਹਾਣੀ ਵਿੱਚ ਕੌਮਾਂਤਰੀ ਮੀਡੀਏ ਨੂੰ ਕੋਈ ਦਿਲਚਸਪੀ ਨਹੀਂ ਸੀ।
ਇਸ ਸਬੰਧ ਵਿੱਚ ਇੱਕ ਹੋਰ ਉਦਾਹਰਨ ਮੌਜੂਦਾ ਇਰਾਕ ਦੀ ਦੇਖੀ ਜਾ ਸਕਦੀ ਹੈ। ਜਦੋਂ ਤੋਂ ਇਰਾਕ ਦੀ ਜੰਗ ਲੱਗੀ ਹੈ, ਤਕਰੀਬਨ ਹਰ ਰੋਜ਼ ਉੱਥੋਂ ਦੀਆਂ ਖਬਰਾਂ ਦੁਨੀਆਂ ਭਰ ਦੇ ਟੀ ਵੀ ਸਕਰੀਨਾਂ ਉੱਤੇ ਦਿਖਾਈਆਂ ਜਾਂਦੀਆਂ ਹਨ। ਇਹਨਾਂ ਖਬਰਾਂ ਦਾ ਆਮ ਪੈਟਰਨ ਕੁੱਝ ਇਸ ਤਰ੍ਹਾਂ ਦਾ ਹੈ। ਖਬਰ ਵਿੱਚ ਰੀਪੋਰਟਰ ਦੀ ਵਾਰਤਾਲਾਪ ਨਾਲ਼ ਇਰਾਕ ਵਿੱਚ ਵਾਪਰੀ ਘਟਨਾ ਦੀਆਂ ਤਸਵੀਰਾਂ ਦਿਖਾਈਆਂ ਜਾਂਦੀਆਂ ਹਨ ਅਤੇ ਫਿਰ ਕਿਸੇ ਅਮਰੀਕੀ ਜਾਂ ਬਰਤਾਨਵੀ ਫੌਜੀ ਦਾ ਘਟਨਾ ਬਾਰੇ ਪ੍ਰਤੀਕਰਮ ਦਿਖਾਇਆ ਜਾਂਦਾ ਹੈ। ਵਿਰਲੀ ਟਾਂਵੀ ਵਾਰੀ ਹੀ ਕਿਸੇ ਇਰਾਕੀ ਦਾ ਇਹਨਾਂ ਘਟਨਾਵਾਂ ਬਾਰੇ ਪ੍ਰਤੀਕਰਮ ਦਿਖਾਇਆ ਜਾਂਦਾ ਹੈ। ਅਜਿਹਾ ਹੋਣ ਪਿੱਛੇ ਇੱਕ ਵੱਡਾ ਕਾਰਨ ਇਹ ਹੈ ਕਿ ਬਹੁਗਿਣਤੀ ਇਰਾਕੀ ਲੋਕ ਆਪਣਾ ਪ੍ਰਤੀਕਰਮ ਅੰਗਰੇਜ਼ੀ ਵਿੱਚ ਨਹੀਂ ਦੇ ਸਕਦੇ ਪਰ ਵੱਡੀਆਂ ਮੀਡੀਆ ਸੰਸਥਾਂਵਾਂ ਦੀ ਦਿਲਚਸਪੀ ਅੰਗਰੇਜ਼ੀ ਦੇ ਪ੍ਰਤੀਕਰਮ ਲੈਣ ਵਿੱਚ ਹੈ। ਇਸ ਸਭ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਸਾਨੂੰ ਇਰਾਕ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਅੰਗਰੇਜ਼ੀ ਬੋਲਣ ਵਾਲ਼ੇ ਅਮਰੀਕੀ ਜਾਂ ਬਰਤਾਨਵੀ ਫੌਜੀਆਂ ਦਾ ਪ੍ਰਤੀਕਰਮ ਤਾਂ ਮਿਲ ਰਿਹਾ ਹੈ ਪਰ ਇਰਾਕ ਦੇ ਲੋਕਾਂ ਦਾ ਨਹੀਂ। ਸੰਸਾਰ ਪੱਧਰ ਦੇ ਮੀਡੀਏ ਉੱਪਰ ਅੰਗਰੇਜ਼ੀ ਦਾ ਗ਼ਲਬਾ ਹੋਣ ਕਾਰਨ ਇਰਾਕੀ ਲੋਕ ਇੱਕ ਕਿਸਮ ਦੇ ਗੂੰਗੇ ਬਣ ਕੇ ਰਹਿ ਗਏ ਹਨ।
ਦੁਨੀਆਂ ਵਿੱਚ ਅੰਗਰੇਜ਼ੀ ਦੇ ਗ਼ਲਬੇ ਦਾ ਦੁਨੀਆਂ ਵਿੱਚ ਅੰਗਰੇਜ਼ੀ (ਅਮਰੀਕਨ ਅਤੇ ਬਰਤਾਨਵੀ) ਸੱਭਿਆਚਾਰ ਦੇ ਗ਼ਲਬੇ ਨਾਲ਼ ਸਿੱਧਾ ਸਬੰਧ ਹੈ। ਭਾਸ਼ਾ ਸਿਰਫ ਸੰਚਾਰ ਦਾ ਇੱਕ ਸਾਧਨ ਹੀ ਨਹੀਂ ਹੁੰਦੀ ਸਗੋਂ ਉਸ ਵਿੱਚ ਉਸ ਨੂੰ ਬੋਲਣ ਵਾਲ਼ੇ ਲੋਕਾਂ ਦੀਆਂ ਖਾਸ ਕਦਰਾਂ ਕੀਮਤਾਂ, ਵਿਚਾਰ, ਰਵਾਇਤਾਂ, ਇਤਿਹਾਸ, ਦੁਨੀਆਂ ਨੂੰ ਦੇਖਣ ਦਾ ਨਜ਼ਰੀਆ ਅਤੇ ਜੀਉਣ ਦਾ ਢੰਗ ਸਿਮਟਿਆ ਹੁੰਦਾ ਹੈ। ਇਸ ਲਈ ਬੋਲੀ ਦਾ ਸੱਭਿਆਚਾਰ ਨੂੰ ਹਾਸਲ ਕਰਨ, ਉਸ ਨੂੰ ਕਾਇਮ ਰੱਖਣ ਅਤੇ ਉਸਦਾ ਦੂਸਰਿਆਂ ਤੱਕ ਸੰਚਾਰ ਕਰਨ ਵਿੱਚ ਇੱਕ ਵੱਡਾ ਹੱਥ ਹੁੰਦਾ ਹੈ। ਅਲਜੀਰੀਅਨ ਲੇਖਕ ਫਰਾਂਜ਼ ਫੈਨਨਜ਼ ਦੇ ਸ਼ਬਦਾਂ ਵਿੱਚ, “ਬੋਲ ਸਕਣ ਦਾ ਅਰਥ ਕਿਸੇ ਖਾਸ ਵਾਕ ਰਚਨਾ ਨੂੰ ਵਰਤ ਸਕਣ, ਕਿਸੇ ਭਾਸ਼ਾ ਦੇ ਰੂਪ ਵਿਗਿਆਨ ਨੂੰ ਸਮਝ ਸਕਣ ਦੀ ਸਥਿਤੀ ਵਿੱਚ ਹੋਣਾ ਹੁੰਦਾ ਹੈ, ਪਰ ਇਸ ਦਾ ਸਭ ਤੋਂ ਵੱਡਾ ਅਰਥ ਕਿਸੇ ਸੱਭਿਆਚਾਰ ਨੂੰ ਧਾਰਣ ਕਰਨਾ (ਅਤੇ) ਕਿਸੇ ਸੱਭਿਅਤਾ ਦੇ ਭਾਰ ਨੂੰ ਮੋਢਾ ਦੇਣਾ ਹੁੰਦਾ ਹੈ” (17-18)। ਉਹ ਅਗਾਂਹ ਲਿਖਦਾ ਹੈ, “ਬੋਲੀ ਵਾਲ਼ਾ ਇਨਸਾਨ ਉਸ ਬੋਲੀ ਰਾਹੀਂ ਪ੍ਰਗਟਾਈ ਅਤੇ ਦਰਸਾਈ ਦੁਨੀਆਂ ਦਾ ਮਾਲਕ ਹੁੰਦਾ ਹੈ” (18)। ਇਸ ਧਾਰਨਾ ਦੇ ਅਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਦੁਨੀਆਂ ਭਰ ਵਿੱਚ ਅੰਗਰੇਜ਼ੀ ਦਾ ਪਸਾਰਾ ਦੁਨੀਆਂ ਭਰ ਵਿੱਚ ਅਮਰੀਕਨ ਅਤੇ ਬਰਤਾਨਵੀ ਸੱਭਿਆਚਾਰ ਦੇ ਪਸਾਰ ਲਈ ਸਹਾਇਕ ਰੋਲ ਨਿਭਾ ਰਿਹਾ ਹੈ ਅਤੇ ਦੂਸਰੀਆਂ ਬੋਲੀਆਂ ਦੇ ਉਜਾੜੇ ਜਾਂ ਮੌਤ ਦਾ ਕਾਰਨ ਬਣ ਰਿਹਾ ਹੈ। ਦੁਨੀਆ ਵਿੱਚ ਬੋਲੀਆਂ ਦਾ ਉਜਾੜਾ ਜਾਂ ਮੌਤ ਦੁਨੀਆਂ ਵਿੱਚ ਸੱਭਿਆਚਾਰਾਂ ਦੇ ਉਜਾੜੇ ਜਾਂ ਮੌਤ ਦੇ ਬਰਾਬਰ ਹੈ। ਬੋਲੀਆਂ ਦੇ ਉਜਾੜੇ ਜਾਂ ਮੌਤ ਨੂੰ ਹੇਠਲੀ ਕਵਿਤਾ ਬਹੁਤ ਹੀ ਦਰਦਮਈ ਢੰਗ ਨਾਲ਼ ਬਿਆਨ ਕਰਦੀ ਹੈ:
ਉਸ ਨੂੰ ਸਿਰਫ ਗੀਤਾਂ ਅਤੇ ਢੋਲਕ ਦੀ ਥਾਪ ਦੇ ਕੁੱਝ ਟੁਕੜੇ
ਹੀ ਯਾਦ ਸਨ
ਇਸ ਲਈ ਉਸਨੇ ਮੇਰੇ ਨਾਲ਼
ਹਰਾਮਦੀ ਬੋਲੀ ਵਿੱਚ ਗੱਲ ਕੀਤੀ
ਜੋ ਬੰਦੂਕਾਂ ਦੀ ਚੁੱਪ ਉੱਤੋਂ ਦੀ ਤੁਰ ਕੇ ਆਈ ਸੀ।
ਬਹੁਤ ਲੰਮਾਂ ਸਮਾਂ ਬੀਤ ਗਿਆ ਹੈ
ਜਦੋਂ ਉਹ ਪਹਿਲੀ ਵਾਰ ਆਏ ਸਨ
ਅਤੇ ਉਹਨਾਂ ਪਿੰਡ ਵਿੱਚ ਦੀ ਮਾਰਚ ਕੀਤਾ ਸੀ
ਉਹਨਾਂ ਨੇ ਮੈਨੂੰ ਮੇਰਾ ਆਪਣਾ ਵਿਰਸਾ ਭੁੱਲਣਾ
ਅਤੇ ਭਵਿੱਖ ਵਿੱਚ ਉਹਨਾਂ ਦੀ ਪਰਛਾਈਂ ਵਾਂਗ ਰਹਿਣਾ ਸਿਖਾਇਆ
ਸਮੂਹਗਾਨ: ਉਹਨਾਂ ਕਿਹਾ ਮੈਨੂੰ ਥੋੜੀ ਜਿਹੀ
ਅੰਗਰੇਜ਼ੀ ਬੋਲਣੀ ਸਿੱਖਣੀ ਚਾਹੀਦੀ ਹੈ
ਮੈਨੂੰ ਸੂਟ ਅਤੇ ਟਾਈ ਤੋਂ ਡਰਨਾ ਨਹੀਂ ਚਾਹੀਦਾ
ਮੈਨੂੰ ਵਿਦੇਸ਼ੀਆਂ ਦੇ ਸੁਪਨਿਆਂ ਵਿੱਚ ਤੁਰਨਾ ਚਾਹੀਦਾ ਹੈ
- ਮੈਂ ਇੱਕ ਤੀਜੀ ਦੁਨੀਆਂ ਦਾ ਬੱਚਾ ਹਾਂ। (ਪੈਨੀਕੁੱਕ ਦੁਆਰਾ ਹਵਾਲਾ :2)
ਜਦੋਂ ਕਿਸੇ ਕੌਮ ਦੇ ਸੱਭਿਆਚਾਰ ਉੱਪਰ ਵਿਦੇਸ਼ੀ ਸੱਭਿਆਚਾਰ ਦਾ ਗ਼ਲਬਾ ਹੁੰਦਾ ਹੈ, ਉਸ ਸਮੇਂ ਵਿਦੇਸ਼ੀ ਸੱਭਿਆਚਾਰ ਦੇ ਵਿਚਾਰ ਅਤੇ ਕਦਰਾਂ ਕੀਮਤਾਂ ਵੀ ਉਸ ਕੌਮ ਦੇ ਦਿਮਾਗਾਂ ਉੱਪਰ ਹਾਵੀ ਹੁੰਦੀਆਂ ਹਨ। ਸੱਭਿਆਚਾਰ ਉੱਪਰ ਗ਼ਾਲਬ ਹੋ ਕੇ ਗ਼ਲਬਾ ਪਾਉਣ ਵਾਲ਼ਾ ਆਪਣੇ ਅਧੀਨ ਲੋਕਾਂ ਉੱਪਰ ਸੰਪੂਰਨ ਕੰਟਰੋਲ ਕਰਨ ਵਿੱਚ ਕਾਮਯਾਬ ਹੁੰਦਾ ਹੈ। ਅਫਰੀਕਨ ਲੇਖਕ ਨਗੂਗੀ ਵਾ ਥਿਅੋਂਗੋ ਦੇ ਸ਼ਬਦਾਂ ਵਿੱਚ:
ਆਰਥਿਕ ਅਤੇ ਸਿਆਸੀ ਕੰਟਰੋਲ ਦਿਮਾਗੀ ਕੰਟਰੋਲ ਤੋਂ ਬਿਨਾਂ ਕਦੇ ਵੀ ਸੰਪੂਰਨ ਜਾਂ ਕਾਰਗਰ ਨਹੀਂ ਹੁੰਦਾ। ਇੱਕ ਲੋਕ ਸਮੂਹ ਦੇ ਸੱਭਿਆਚਾਰ ਉੱਪਰ ਕੰਟਰੋਲ ਦਾ ਭਾਵ ਹੈ ਉਹਨਾਂ ਵੱਲੋਂ ਦੂਸਰਿਆਂ ਦੇ ਸੰਬੰਧ ਵਿੱਚ ਆਪਣੇ ਆਪ ਨੂੰ ਪਰਿਭਾਸ਼ਤ ਕਰਨ ਦੇ ਸਾਧਨਾਂ ਉੱਪਰ ਕੰਟਰੋਲ। ਬਸਤੀਵਾਦੀਆਂ ਦੇ ਸਬੰਧ ਇਹ ਗੱਲ ਇੱਕੋ ਹੀ ਅਮਲ ਦੇ ਦੋ ਪੱਖਾਂ ਨਾਲ਼ ਸਬੰਧਤ ਸੀ: ਲੋਕਾਂ ਦੇ ਸੱਭਿਆਚਾਰ, ਕਲਾ, ਨ੍ਰਿਤਾਂ, ਧਰਮਾਂ, ਇਤਿਹਾਸ, ਭੂਗੋਲ, ਵਿਦਿਆ, ਭਾਸ਼ਣ ਕਲਾ ਅਤੇ ਸਾਹਿਤ ਦੀ ਤਬਾਹੀ ਜਾਂ ਜਾਣਬੁੱਝ ਕੇ ਉਸਦਾ ਮੁੱਲ ਘਟਾਉਣਾ; ਅਤੇ ਬਸਤੀਵਾਦੀ ਕੌਮ ਦੀ ਬੋਲੀ ਦਾ ਲੋਕਾਂ ਦੀ ਬੋਲੀ ਉੱਪਰ ਗ਼ਲਬਾ ਸਥਾਪਤ ਕਰਨਾ। (118)
ਅੰਤਿਕਾ
ਅੰਗਰੇਜ਼ੀ ਦੁਨੀਆਂ ਦੀ ਗ਼ਾਲਬ ਭਾਸ਼ਾ ਹੈ। ਉਸਨੂੰ ਇਹ ਦਰਜਾ ਅੰਗਰੇਜ਼ ਬਸਤੀਵਾਦੀਆਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਅਤੇ ਨਵ-ਬਸਤੀਵਾਦ ਦੌਰ ਵਿੱਚ ਸੰਸਾਰ ਪੱਧਰ ਉੱਤੇ ਬਰਤਾਨੀਆ ਅਤੇ ਅਮਰੀਕਾ ਦੇ ਦਰਜੇ ਅਤੇ ਇਹਨਾਂ ਮੁਲਕਾਂ ਵੱਲੋਂ ਅੰਗਰੇਜ਼ੀ ਦਾ ਪਸਾਰ ਕਰਨ ਲਈ ਕੀਤੇ ਯਤਨਾਂ ਕਾਰਨ ਪ੍ਰਾਪਤ ਹੋਇਆ ਹੈ। ਸੰਸਾਰ ਭਰ ਵਿੱਚ ਅੰਗਰੇਜ਼ੀ ਦਾ ਗ਼ਲਬਾ ਦੂਸਰੀਆਂ ਬੋਲੀਆਂ ਅਤੇ ਸੱਭਿਆਚਾਰਾਂ ਉੱਪਰ ਮਹੱਤਵਪੂਰਨ ਅਸਰ ਪਾ ਰਿਹਾ ਹੈ। ਨਤੀਜੇ ਵਜੋਂ ਸੰਸਾਰ ਦੀਆਂ ਕਈ ਬੋਲੀਆਂ ਮਰ ਰਹੀਆਂ ਹਨ ਜਾਂ ਕਈਆਂ ਦਾ ਉਜਾੜਾ ਹੋ ਰਿਹਾ ਹੈ। ਅੰਗਰੇਜ਼ੀ ਨਾ ਬੋਲ ਸਕਣ ਵਾਲ਼ੇ ਲੋਕਾਂ ਦਾ ਗਿਆਨ ਜਾਂ ਤਾਂ ਗੈਰ-ਵਾਜਬ ਬਣਦਾ ਜਾ ਰਿਹਾ ਹੈ ਜਾਂ ਉਸਦੀ ਕਦਰ ਘੱਟ ਰਹੀ ਹੈ। ਸੱਭਿਆਚਾਰਕ ਖੇਤਰ ਦੇ ਨਾਲ਼ ਨਾਲ਼ ਅੰਗਰੇਜ਼ੀ ਦੇ ਗ਼ਲਬੇ ਦੇ ਅਸਰ ਆਰਥਿਕ ਅਤੇ ਸਿਆਸੀ ਖੇਤਰਾਂ ਵਿੱਚ ਪੈ ਰਹੇ ਹਨ। ਸਮੁੱਚੇ ਰੂਪ ਵਿੱਚ ਅੰਗਰੇਜ਼ੀ ਦਾ ਗ਼ਲਬਾ ਅੰਗਰੇਜ਼ੀ ਬੋਲਣ ਵਾਲ਼ੇ ਦੇਸ਼ਾਂ ਵੱਲੋਂ ਤੀਜੀ ਦੁਨੀਆਂ ਦੇ ਦੇਸ਼ਾਂ ਉੱਪਰ ਆਪਣਾ ਮੁਕੰਮਲ ਕੰਟਰੋਲ ਸਥਾਪਤ ਕਰਨ ਵਿੱਚ ਸਹਾਈ ਹੋ ਰਿਹਾ ਹੈ।
ਇਸ ਸਥਿਤੀ ਬਾਰੇ ਤੀਜੀ ਦੁਨੀਆਂ ਦੇ ਲੋਕਾਂ ਦਾ ਕੀ ਪ੍ਰਤੀਕਰਮ ਹੈ? ਤੀਜੀ ਦੁਨੀਆਂ ਵਿੱਚ ਇਸ ਸਥਿਤੀ ਬਾਰੇ ਦੋ ਤਰ੍ਹਾਂ ਦੇ ਪ੍ਰਤੀਕਰਮ ਹੋਏ ਹਨ ਅਤੇ ਹੋ ਰਹੇ ਹਨ। ਇਕ ਪਾਸੇ ਕਈ ਲੋਕ ਅੰਗਰੇਜ਼ੀ ਦੇ ਗ਼ਲਬੇ ਨੂੰ ਅਤੇ ਇਸ ਗ਼ਲਬੇ ਕਾਰਨ ਦੂਸਰੀਆਂ ਬੋਲੀਆਂ ਅਤੇ ਸਮਾਜਾਂ ਉੱਪਰ ਪੈ ਰਹੇ ਨਾਂਹ-ਪੱਖੀ ਅਸਰਾਂ ਨੂੰ ਸਮਝਦੇ ਹਨ ਅਤੇ ਇਸ ਗ਼ਲਬੇ ਦੇ ਵਿਰੋਧ ਵਿੱਚ ਅਵਾਜ਼ ਬੁਲੰਦ ਕਰਦੇ ਹਨ। ਉਦਾਹਰਨ ਲਈ, 1908 ਵਿੱਚ ਗਾਂਧੀ ਦਾ ਇਸ ਸਥਿਤੀ ਬਾਰੇ ਇਹ ਪ੍ਰਤੀਕਰਮ ਸੀ:
ਲੱਖਾਂ ਲੋਕਾਂ ਨੂੰ ਅੰਗਰੇਜ਼ੀ ਦਾ ਗਿਆਨ ਦੇਣਾ, ਉਹਨਾਂ ਨੂੰ ਗੁਲਾਮ ਬਣਾਉਣਾ ਹੈ ਕੀ ਇਹ ਗੱਲ ਦੁੱਖ ਦੇਣ ਵਾਲ਼ੀ ਨਹੀਂ ਕਿ ਜੇ ਮੈਂ ਇਨਸਾਫ ਦੀ ਅਦਾਲਤ ਵਿੱਚ ਜਾਣਾ ਚਾਹਾਂ ਤਾਂ ਮੈਨੂੰ ਮਾਧਿਅਮ ਦੇ ਤੌਰ ਉੱਪਰ ਅੰਗਰੇਜ਼ੀ ਦੀ ਵਰਤੋਂ ਕਰਨੀ ਪਵੇ, ਅਤੇ ਜਦੋਂ ਮੈਂ ਵਕੀਲ ਬਣ ਜਾਵਾਂ ਤਾਂ ਮੈਂ ਆਪਣੀ ਬੋਲੀ ਨਾ ਬੋਲ ਸਕਾਂ ਅਤੇ ਕਿਸੇ ਹੋਰ ਨੂੰ ਮੇਰੇ ਲਈ ਮੇਰੀ ਆਪਣੀ ਬੋਲੀ ਤੋਂ ਅਨੁਵਾਦ ਕਰਨਾ ਪਵੇ? ਕੀ ਇਹ ਪੂਰੀ ਤਰ੍ਹਾਂ ਬੇਤੁਕੀ ਗੱਲ ਨਹੀਂ? ਕੀ ਇਹ ਗੁਲਾਮੀ ਦੀ ਨਿਸ਼ਾਨੀ ਨਹੀਂ? (ਕ੍ਰਿਸਟਲ ਦੁਆਰਾ ਹਵਾਲਾ :114)
ਬਸਤੀਵਾਦ ਤੋਂ ਅਜ਼ਾਦੀ ਪ੍ਰਾਪਤ ਕਰਨ ਬਾਅਦ ਕਈ ਅਜ਼ਾਦ ਮੁਲਕਾਂ ਦੇ ਆਗੂਆਂ ਦੀ ਸੋਚ ਸੀ ਕਿ ਉਹਨਾਂ ਦਾ ਮੁਲਕ ਉਨੀ ਦੇਰ ਤੱਕ ਅਜ਼ਾਦ ਨਹੀਂ, ਜਿੰਨੀ ਦੇਰ ਤੱਕ ਉੱਥੇ ਇੱਕ ਕੌਮੀ ਬੋਲੀ ਦੇ ਤੌਰ ਉੱਤੇ ਅੰਗਰੇਜ਼ੀ ਦੀ ਵਰਤੋਂ ਕੀਤੀ ਜਾਂਦੀ ਹੈ। 1974 ਵਿੱਚ ਕੀਨੀਆ ਦੇ ਪ੍ਰਧਾਨ ਮੰਤਰੀ ਜੋਮੋ ਕੀਨਆਟਾ ਦਾ ਕਹਿਣਾ ਸੀ, “ਕਿਸੇ ਵੀ ਅਜ਼ਾਦ ਸਰਕਾਰ ਦਾ ਅਧਾਰ ਕੌਮੀ ਬੋਲੀ ਹੈ ਅਤੇ ਅਸੀਂ ਆਪਣੇ ਸਾਬਕਾ ਬਸਤੀਵਾਦੀ ਮਾਲਕਾਂ ਦੀ ਬਾਂਦਰਾਂ ਵਾਂਗ ਨਕਲ ਨਹੀਂ ਕਰਦੇ ਰਹਿ ਸਕਦੇ” (ਕ੍ਰਿਸਟਲ ਦੁਆਰਾ ਹਵਾਲਾ :114)। ਅਫਰੀਕਾ ਦਾ ਲੇਖਕ ਨਗੂਗੀ ਵਾ ਥਿਅੋਂਗੋ 17 ਸਾਲ ਅੰਗਰੇਜ਼ੀ ਵਿੱਚ ਲਿਖਦਾ ਰਿਹਾ, ਪਰ ਉਸਨੇ ਸੰਨ 1977 ਵਿੱਚ ਅੰਗਰੇਜ਼ੀ ਵਿੱਚ ਲਿਖਣਾ ਛੱਡ ਦਿੱਤਾ ਅਤੇ ਆਪਣੀ ਮਾਂ ਬੋਲੀ ਗਿਕੁਊ ਵਿੱਚ ਲਿਖਣਾ ਸ਼ੁਰੂ ਕੀਤਾ। ਉਸ ਦਾ ਵਿਚਾਰ ਸੀ ਕਿ ਕੀਨੀਆ ਅਤੇ ਅਫਰੀਕਾ ਦੀ ਗਿਕਿਊ ਬੋਲੀ ਵਿੱਚ ਲਿਖਣਾ ਕੀਨੀਅਨ ਅਤੇ ਅਫਰੀਕੀ ਲੋਕਾਂ ਦੀ ਸਾਮਰਾਜ ਵਿਰੋਧੀ ਜੱਦੋਜਹਿਦ ਦਾ ਇੱਕ ਹਿੱਸਾ ਹੈ।
ਦੂਸਰੇ ਪਾਸੇ ਉਹ ਲੋਕ ਹਨ, ਜੋ ਅੰਗਰੇਜ਼ੀ ਨੂੰ ਅਪਣਾਅ ਕੇ ਇਸ ਦੀ ਵਰਤੋਂ ਇੱਕ ਬਗਾਵਤ ਦੇ ਸਾਧਨ ਵਜੋਂ ਕਰਨਾ ਚਾਹੁੰਦੇ ਹਨ। ਉਹ ਮਹਿਸੂਸ ਕਰਦੇ ਹਨ ਕਿ ਉਹ ਇਸ ਬੋਲੀ ਨੂੰ ਜਾਣਦੇ ਹਨ, ਅਤੇ ਉਹ ਇਸਦੀ ਵਰਤੋਂ ਕਰਨਗੇ। ਪ੍ਰਸਿੱਧ ਅਫਰੀਕੀ ਲੇਖਕ ਚਿਨੂਆ ਅਕੇਬੇ ਨੇ 1964 ਵਿੱਚ ਆਪਣੇ ਵੱਲੋਂ ਅੰਗਰੇਜ਼ੀ ਵਿੱਚ ਲਿਖਣ ਬਾਰੇ ਇਹ ਗੱਲ ਕਹੀ, “ਕੀ ਇਹ ਸਹੀ ਹੈ ਕਿ ਇੱਕ ਵਿਅਕਤੀ ਕਿਸੇ ਹੋਰ ਬੋਲੀ ਲਈ ਆਪਣੀ ਮਾਂ ਬੋਲੀ ਦਾ ਤਿਆਗ ਕਰ ਦੇਵੇ? ਇਹ ਇੱਕ ਬਹੁਤ ਵੱਡਾ ਵਿਸਾਹਘਾਤ ਜਾਪਦਾ ਹੈ ਅਤੇ ਕਸੂਰਵਾਰ ਹੋਣ ਦੀ ਭਾਵਨਾ ਪੈਦਾ ਕਰਦਾ ਹੈ। ਪਰ ਮੇਰੇ ਲਈ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਮੈਨੂੰ ਇਹ ਬੋਲੀ ਦਿੱਤੀ ਗਈ ਹੈ ਅਤੇ ਮੈਂ ਇਸ ਦੀ ਵਰਤੋਂ ਕਰਾਂਗਾ” (ਥਿਅੋਂਗੋ ਦੁਆਰਾ ਹਵਾਲਾ :112)। ਤੀਜੀ ਦੁਨੀਆਂ ਦੇ ਕਈ ਲੇਖਕ ਹਨ ਜੋ ਇਹਨਾਂ ਵਿਚਾਰਾਂ ਦੇ ਧਾਰਨੀ ਹਨ ਅਤੇ ਉਹਨਾਂ ਦੀ ਲਿਖਤਾਂ ਬਹੁਤ ਗਰਮਜੋਸ਼ੀ ਨਾਲ਼ ਸੰਸਾਰ ਵਿੱਚ ਬਸਤੀਵਾਦ, ਨਵ-ਬਸਤੀਵਾਦ ਅਤੇ ਸਾਮਰਾਜ ਦੀਆਂ ਮਾੜੀਆਂ ਗੱਲਾਂ ਦਾ ਪਰਦਾ ਫਾਸ਼ ਕਰ ਰਹੀਆਂ ਹਨ। ਪਰ ਉਹਨਾਂ ਅੱਗੇ ਕਈ ਸਵਾਲ ਹਨ, ਜਿਹਨਾਂ ਦੇ ਸਨਮੁੱਖ ਹੋਣਾ ਜ਼ਰੂਰੀ ਹੈ। ਉਹਨਾਂ ਦੇ ਪਾਠਕ ਕੌਣ ਹਨ? ਉਹ ਕਿਹਨਾਂ ਲਈ ਲਿਖਦੇ ਹਨ? ਕੀ ਉਹਨਾਂ ਦੀਆਂ ਲਿਖਤਾਂ ਤੀਜੀ ਦੁਨੀਆਂ ਦੇ ਉਹਨਾਂ ਲੋਕਾਂ ਤੱਕ ਪਹੁੰਚਦੀਆਂ ਹਨ, ਜਿਹਨਾਂ ਦੇ ਦੁੱਖਾਂ ਤਕਲੀਫਾਂ ਬਾਰੇ ਉਹ ਲਿਖ ਰਹੇ ਹਨ? ਕੀ ਉਹਨਾਂ ਦੀਆਂ ਲਿਖਤਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਲੋਕਾਂ ਲਈ ਗਿਆਨ ਦਾ ਸ੍ਰੋਤ ਬਣ ਰਹੀਆਂ ਹਨ? ਮੇਰੇ ਵਿਚਾਰ ਵਿੱਚ ਅਖੀਰਲੇ ਦੋ ਸਵਾਲਾਂ ਦਾ ਜੁਆਬ ਹੈ, ਨਹੀਂ। ਆਪਣੇ ਨੁਕਤੇ ਦੀ ਪੁਸ਼ਟੀ ਕਰਨ ਲਈ ਮੈਂ ਵੰਦਨਾ ਸ਼ਿਵਾ ਦੀ ਕਿਤਾਬ ਦੀ ਵਾਇਲੈਂਸ ਔਫ ਦੀ ਗਰੀਨ ਰੈਵੂਲੂਸ਼ਨ ਦੇ ਹਵਾਲੇ ਨਾਲ਼ ਗੱਲ ਕਰਾਂਗਾ। ਇੱਥੇ ਇਹ ਗੱਲ ਨੋਟ ਕਰਨ ਵਾਲ਼ੀ ਹੈ ਕਿ ਭਾਰਤ ਵਿੱਚ ਰਹਿ ਰਹੀ ਵੰਦਨਾ ਸ਼ਿਵਾ ਅਜੋਕੇ ਸਮਿਆਂ ਦੀ ਇੱਕ ਮਸ਼ਹੂਰ ਸਾਮਰਾਜ ਵਿਰੋਧੀ ਲੇਖਕਾ ਹੈ। 1991 ਵਿੱਚ ਲਿਖੀ ਗਈ ਉਸ ਦੀ ਉਪਰੋਕਤ ਕਿਤਾਬ ਹਰੇ ਇਨਕਲਾਬ ਅਤੇ ਪੰਜਾਬ ਵਿੱਚ 1978-1993 ਵਿਚਕਾਰ ਚੱਲੀ ਖਾਲਿਸਤਾਨ ਲਹਿਰ ਦੇ ਅੰਤਰ ਸਬੰਧਾਂ ਉੱਪਰ ਬਹੁਤ ਹੀ ਵਧੀਆ ਢੰਗ ਨਾਲ਼ ਚਾਨਣਾ ਪਾਉਂਦੀ ਹੈ। ਸ਼ਿਵਾ ਇਸ ਕਿਤਾਬ ਵਿੱਚ ਬਹੁਤ ਹੀ ਵਧੀਆ ਢੰਗ ਨਾਲ਼ ਦਰਸਾਉਂਦੀ ਹੈ ਕਿ ਖਾਲਿਸਤਾਨ ਲਹਿਰ ਦੀਆਂ ਜੜ੍ਹਾਂ ਹਰੇ ਇਨਕਲਾਬ ਦੀ ਤਕਨੌਲੋਜੀ ਅਤੇ ਅਮਲਾਂ ਨਾਲ਼ ਬੱਝੀਆਂ ਹੋਈਆਂ ਹਨ। ਖਾਲਿਸਤਾਨ ਲਹਿਰ ਨੂੰ ਸਮਝਣ ਲਈ ਇਹ ਕਿਤਾਬ ਪੰਜਾਬ ਦੇ ਲੋਕਾਂ ਲਈ ਕਾਫੀ ਸਹਾਈ ਸਿੱਧ ਹੋ ਸਕਦੀ ਹੈ। ਪਰ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਇਹ ਕਿਤਾਬ ਛਪਣ ਤੋਂ ਪੰਦਰਾਂ ਸਾਲਾਂ ਬਾਅਦ ਵੀ ਪੰਜਾਬੀ ਵਿੱਚ ਪ੍ਰਾਪਤ ਨਹੀਂ। ਨਤੀਜੇ ਵਜੋਂ ਇਸ ਕਿਤਾਬ ਦੀ ਪੰਜਾਬ ਦੇ ਬਹੁਗਿਣਤੀ ਲੋਕਾਂ ਤੱਕ ਪਹੁੰਚ ਨਹੀਂ। ਪੰਜਾਬ ਦੇ ਲੋਕਾਂ ਦੇ ਖਾਲਿਸਤਾਨ ਲਹਿਰ ਦਾ ਸੰਤਾਪ ਹੰਢਾਇਆ ਹੈ ਪਰ ਉਹ ਇਸ ਸੰਤਾਪ ਦੇ ਆਰਥਿਕ, ਸਿਆਸੀ ਅਤੇ ਤਕਨੀਕੀ ਕਾਰਨਾਂ ਦਾ ਵਿਸ਼ਲੇਸ਼ਣ ਕਰਨ ਵਾਲ਼ੀ ਕਿਤਾਬ ਨੂੰ ਨਹੀਂ ਪੜ੍ਹ ਸਕਦੇ। ਸਵਾਲ ਉੱਠਦਾ ਹੈ ਕਿ ਜਿਹਨਾਂ ਲੋਕਾਂ ਬਾਰੇ ਇਹ ਕਿਤਾਬ ਲਿਖੀ ਗਈ ਹੈ, ਜੇ ਉਹਨਾਂ ਵਿੱਚੋਂ ਬਹੁਗਿਣਤੀ ਇਹ ਕਿਤਾਬ ਨਹੀਂ ਪੜ੍ਹ ਸਕਦੀ ਤਾਂ ਇਹ ਕਿਤਾਬ ਸਾਮਰਾਜ ਵਿਰੋਧੀ ਜਦੋਜਹਿਦ ਸਥਾਪਤ ਕਰਨ ਲਈ ਕਿੰਨੀ ਕੁ ਕਾਰਗਰ ਭੂਮਿਕਾ ਨਿਭਾ ਸਕਦੀ ਹੈ? ਇਸ ਲਈ ਅੰਗਰੇਜ਼ੀ ਨੂੰ ਅਪਣਾ ਕੇ ਉਸ ਦੀ ਵਰਤੋਂ ਇੱਕ ਬਗਾਵਤੀ ਬੋਲੀ ਦੇ ਤੌਰ ਉੱਤੇ ਕਰਨ ਦਾ ਦਾਅਵਾ ਕਰਨ ਵਾਲ਼ੇ ਲੋਕਾਂ ਨੂੰ ਇਹਨਾਂ ਸਵਾਲਾਂ ਨਾਲ਼ ਦੋ ਚਾਰ ਹੋਣ ਅਤੇ ਇਹਨਾਂ ਸਵਾਲਾਂ ਦੇ ਤਸੱਲੀਬਖਸ਼ ਹੱਲ ਲੱਭਣ ਦੀ ਲੋੜ ਹੈ। ਜਿੰਨਾ ਚਿਰ ਉਹ ਅਜਿਹਾ ਨਹੀਂ ਕਰਦੇ ਉਨੀ ਦੇਰ ਤੱਕ ਉਹਨਾਂ ਦੇ ਦਾਅਵਿਆਂ ਨੂੰ ਸਵਾਲੀਆ ਨਜ਼ਰ ਨਾਲ਼ ਦੇਖਿਆ ਜਾਂਦਾ ਰਹੇਗਾ।
ਸੰਸਾਰ ਪੱਧਰ ਉੱਤੇ ਅੰਗਰੇਜ਼ੀ ਦੇ ਗ਼ਲਬੇ ਨੂੰ ਚੁਣੌਤੀ ਦੇਣ ਦੀ ਲੋੜ ਹੈ। ਉਹਨਾਂ ਸਾਰੀਆਂ ਢਾਂਚਾਗਤ ਬੰਦਸ਼ਾਂ ਨੂੰ ਦੂਰ ਕਰਨ ਦੀ ਲੋੜ ਹੈ, ਜਿਹੜੀਆਂ ਬੰਦਸ਼ਾਂ ਦੂਜੀਆਂ ਬੋਲੀਆਂ ਉੱਪਰ ਅੰਗਰੇਜ਼ੀ ਦੇ ਗ਼ਲਬੇ ਨੂੰ ਸਥਾਪਤ ਕਰਨ ਵਿੱਚ ਹਿੱਸਾ ਪਾਉਂਦੀਆਂ ਹਨ। ਪਰ ਇਹ ਚੁਣੌਤੀ ਦਿੱਤੀ ਕਿਵੇਂ ਜਾਵੇ? ਮੈਂ ਇੱਕ ਗੱਲ ਬਹੁਤ ਸਪਸ਼ਟਤਾ ਨਾਲ਼ ਕਹਿਣਾ ਚਾਹਾਂਗਾ ਕਿ ਇਹ ਚੁਣੌਤੀ ਮੂਲਵਾਦੀ ਪਹੁੰਚ ਨਾਲ਼ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਮੂਲਵਾਦੀ ਪਹੁੰਚ ਤੋਂ ਮੇਰਾ ਭਾਵ ਹੈ ਕਿ ਅੰਗਰੇਜ਼ੀ ਦਾ ਬਾਈਕਾਟ ਅਤੇ ਆਪਣੇ ਆਪ ਨੂੰ ਅੰਗਰੇਜ਼ੀ ਤੋਂ ਬਿਲਕੁਲ ਤੋੜ ਲੈਣਾ। ਨਤੀਜੇ ਵਜੋਂ ਆਪਣੇ ਆਪ ਨੂੰ ਕਿਸੇ ਵੀ ਤਰ੍ਹਾਂ ਦੇ ਬਾਹਰਲੇ ਸੰਪਰਕ, ਗਿਆਨ ਅਤੇ ਵਿਚਾਰ ਵਟਾਂਦਰੇ ਤੋਂ ਤੋੜ ਲੈਣਾ। ਅਜਿਹੀ ਪਹੁੰਚ ਨਾ ਤਾਂ ਅਜੋਕੇ ਯੁੱਗ ਵਿੱਚ ਸੰਭਵ ਹੈ ਅਤੇ ਨਾ ਹੀ ਫਾਇਦੇਮੰਦ। ਅੰਗਰੇਜ਼ੀ ਦੇ ਗ਼ਲਬੇ ਨੂੰ ਹਾਂ-ਪੱਖੀ ਚੁਣੌਤੀ ਦੇਣ ਦਾ ਢੰਗ ਹੈ ਕਿ ਸਾਰੀਆਂ ਸਥਾਨਕ ਬੋਲੀਆਂ ਨੂੰ ਮਜ਼ਬੂਤ ਕਰਨਾ। ਉਹਨਾਂ ਬੋਲੀਆਂ ਨੂੰ ਆਪਣੀ ਸਿਹਤਮੰਦ ਹੋਂਦ ਨੂੰ ਕਾਇਮ ਰੱਖਣ ਲਈ ਅਤੇ ਵਿਕਾਸ ਲਈ ਲੋੜੀਂਦੇ ਵਸੀਲੇ ਮੁਹੱਈਆ ਕਰਨਾ। ਦੁਨੀਆਂ ਦੇ ਸਾਰੇ ਲੋਕਾਂ ਨੂੰ ਆਪਣੀ ਬੋਲੀ ਨੂੰ ਕਾਇਮ ਰੱਖਣ ਅਤੇ ਆਪਣੇ ਗਿਆਨ ਅਤੇ ਸੱਭਿਆਚਾਰ ਨੂੰ ਆਪਣੀ ਬੋਲੀ ਵਿੱਚ ਪ੍ਰਗਟ ਕਰਨ ਦੇ ਬਰਾਬਰ ਦੇ ਮੌਕੇ ਦੇਣਾ। ਦੁਨੀਆਂ ਦੇ ਸਾਰੇ ਲੋਕਾਂ ਨੂੰ ਇਸ ਯੋਗ ਬਣਾਉਣਾ ਕਿ ਉਹ ਆਪਣੇ ਗੀਤ ਆਪਣੀ ਬੋਲੀ ਵਿੱਚ ਗਾ ਸਕਣ ਅਤੇ ਆਪਣੀਆਂ ਕਹਾਣੀਆਂ ਆਪਣੀ ਬੋਲੀ ਵਿੱਚ ਦੱਸ ਸਕਣ। ਹਰ ਬੋਲੀ, ਸੱਭਿਆਚਾਰ ਅਤੇ ਉਸ ਬੋਲੀ ਨਾਲ਼ ਸਬੰਧਤ ਗਿਆਨ ਨੂੰ ਪ੍ਰਫੁੱਲਤ ਹੋਣ ਲਈ ਇਸ ਵਿਸ਼ਵੀ ਸਮਾਜ ਵਿੱਚ ਬਰਾਬਰ ਦੇ ਮੌਕੇ ਦੇਣੇ। ਜਦੋਂ ਦੁਨੀਆਂ ਦੀਆਂ ਸਾਰੀਆਂ ਬੋਲੀਆਂ ਨੂੰ ਬਰਾਬਰ ਦੇ ਮੌਕੇ ਅਤੇ ਸਤਿਕਾਰ ਦਿੱਤਾ ਜਾਵੇਗਾ, ਉਸ ਸਮੇਂ ਦੁਨੀਆਂ ਦੇ ਵੱਖ ਵੱਖ ਸੱਭਿਆਚਾਰਾਂ ਅਤੇ ਲੋਕਾਂ ਵਿੱਚ ਸਹੀ ਮਾਅਨਿਆਂ ਵਿੱਚ ਸਦਭਾਵਨਾ ਪੈਦਾ ਹੋਵੇਗੀ। ਅਫਰੀਕਨ ਲੇਖਕ ਨਗੂਗੀ ਵਾ ਥਿਅੋਂਗੋ ਦੇ ਅਨੁਸਾਰ, ਜਦੋਂ ਅਜਿਹਾ ਹੋਵੇਗਾ ਉਸ ਸਮੇਂ ਕਿਸੇ ਵੀ ਸੱਭਿਆਚਾਰ ਅਤੇ ਬੋਲੀ ਨਾਲ਼ ਸਬੰਧਤ ਵਿਅਕਤੀ, “ਆਪਣੀ ਬੋਲੀ, ਆਪਣੇ ਆਪ ਅਤੇ ਆਪਣੇ ਵਾਤਾਵਾਰਣ ਬਾਰੇ ਘਟੀਆ ਮਹਿਸੂਸ ਕੀਤੇ ਬਿਨਾਂ ਦੂਜੀਆਂ ਬੋਲੀਆਂ ਸਿੱਖ ਸਕੇਗਾ, ਅਤੇ ਦੂਜੇ ਲੋਕਾਂ ਦੇ ਸਾਹਿਤ ਅਤੇ ਸੱਭਿਆਚਾਰ ਵਿੱਚੋਂ ਹਾਂ-ਪੱਖੀ, ਮਾਨਵਵਾਦੀ, ਲੋਕਤੰਤਰੀ ਅਤੇ ਇਨਕਲਾਬੀ ਤੱਤਾਂ ਦਾ ਅਨੰਦ ਮਾਣ ਸਕੇਗਾ” (ਥਿਅੋਂਗੋ:126)। ਸਾਨੂੰ ਇੱਥੇ ਇਹ ਗੱਲ ਵੀ ਸਮਝਣੀ ਚਾਹੀਦੀ ਹੈ ਕਿ ਦੁਨੀਆਂ ਵਿੱਚ ਵੱਖ ਵੱਖ ਬੋਲੀਆਂ ਦੀ ਬਰਾਬਰਤਾ ਵਾਲ਼ੀ ਥਾਂ ਦੁਨੀਆਂ ਵਿੱਚ ਸੱਭਿਆਚਾਰਕ ਅਤੇ ਬੋਲੀ ਦੇ ਸਬੰਧ ਵਿੱਚ ਹੀ ਨਾਬਰਾਬਰਤਾ ਖਤਮ ਕਰਨ ਵੱਲ ਕਦਮ ਹੀ ਨਹੀਂ ਹੋਵੇਗੀ ਸਗੋਂ ਇਹ ਆਰਥਿਕ ਅਤੇ ਸਿਆਸੀ ਖੇਤਰ ਵਿੱਚ ਵੀ ਨਾਬਰਾਬਰਤਾ ਖਤਮ ਕਰਨ ਵੱਲ ਇੱਕ ਨਿੱਗਰ ਕਦਮ ਹੋਵੇਗੀ।
vikram
bhoot hee jankari bharya , sacha lekh thanks hundal ji