ਨਹਿਰੂ ਤੇ ਪਟੇਲ ਦੇਸ਼ ਦੇ ਉਸਰੀਏ ਨਾ ਹੀ ਪ੍ਰਤਿਦਵੰਦੀ -ਰਾਮਚੰਦਰ ਗੁਹਾ
Posted on:- 19-10-2014
ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਦੀ ਸਭ ਤੋਂ ਵਧੀਆ ਜੀਵਨੀ ਰਾਜਮੋਹਨ ਗਾਂਧੀ ਨੇ ਲਿਖੀ ਹੈ। ਰਾਜਮੋਹਨ ਗਾਂਧੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਵੰਸ਼ ’ਚੋਂ ਹਨ। ਉਸ ਦੁਆਰਾ ਲਿਖੀ ਪਟੇਲ ਦੀ ਜੀਵਨੀ, ਪਟੇਲ ਦੇ ਜੀਵਨ ਅਤੇ ਉਸ ਦੁਆਰਾ ਕੀਤੇ ਸੰਘਰਸ਼ ਨੂੰ ਭਰਪੂਰ ਤਰੀਕੇ ਨਾਲ ਉਨ੍ਹਾਂ ਇਤਿਹਾਸਕ ਤਾਕਤਾਂ ਦੇ ਸੰਦਰਭ ’ਚ ਪੇਸ਼ ਕਰਦੀ ਹੈ ਜਿਨ੍ਹਾਂ ਨੇ ਪਟੇਲ ਦੀ ਸਖ਼ਸ਼ੀਅਤ ਘੜਣ ’ਚ ਭੂਮਿਕਾ ਅਦਾ ਕੀਤੀ । ਰਾਜਮੋਹਨ ਗਾਂਧੀ ਨੇ ‘ਪਟੇਲ : ਇੱਕ ਜੀਵਨੀ’ 1991 ’ਚ ਛਪਵਾਈ ਸੀ।
ਇਸ ਕਿਤਾਬ ਦੀ 1990 ਵਿੱਚ ਲਿਖੀ ਭੂਮਿਕਾ ਇੰਜ ਸ਼ੁਰੂ ਹੁੰਦੀ ਹੈ, ‘‘ਆਜ਼ਾਦ ਭਾਰਤ ਦੀ ਸਥਾਪਨਾ, ਮੌਟੇ ਤੌਰ ’ਤੇ ਗੱਲ ਕਰਦਿਆਂ, ਤਿੰਨ ਵਿਅਕਤੀਆਂ-ਗਾਂਧੀ, ਨਹਿਰੂ ਤੇ ਪਟੇਲ-ਦੀਆਂ ਘਾਲਣਾਵਾਂ ਰਾਹੀਂ ਵੈਧਤਾ ਤੇ ਮਜ਼ਬੂਤੀ ਪ੍ਰਾਪਤ ਕਰਦੀ ਹੈ। ਪਰ ਜਿੱਥੇ ਨਹਿਰੂ ਦੇ ਮਾਮਲੇ ’ਚ ਇਸ ਚੀਜ਼ ਨੂੰ ਪੂਰੀ ਤਰ੍ਹਾਂ ਅਤੇ ਗਾਂਧੀ ਦੇ ਮਾਮਲੇ ’ਚ ਕਰਤੱਵ ਪਾਲਦਿਆਂ ਪ੍ਰਵਾਨ ਕੀਤਾ ਗਿਆ, ਪਟੇਲ ਦੇ ਮਾਮਲੇ ’ਚ ਬਹੁਤ ਸੂਮ ਵਰਤੀ ਗਈ।’’
ਜਨਤਾ ’ਚ ਨਹਿਰੂ ਦੀ ਬਹੁਤ ਜ਼ਿਆਦਾ ਪ੍ਰਵਾਨਗੀ ਦਾ ਜ਼ਿਕਰ ਕਰਦਿਆਂ ਰਾਜਮੋਹਨ ਨੇ ਨਹਿਰੂ ਦੀ ਜਨਮ ਸ਼ਤਾਬਦੀ ਦਾ ਜ਼ਿਕਰ ਕੀਤਾ, ਜੋ ਉਸ ਸਮੇਂ 1989 ਵਿੱਚ ਆਈ ਅਤੇ ਜਿਸ ਲਈ ਜਗ੍ਹਾ-ਜਗ੍ਹਾ ਇਸ਼ਤਿਹਾਰ ਲੱਗੇ, ਟੀ.ਵੀ. ਸੀਰੀਅਲ ਚੱਲੇ ਅਤੇ ਹੋਰਨਾਂ ਅਨੇਕ ਮੰਚਾਂ ’ਤੇ ਗੱਲ ਹੋਈ। ਇਨ੍ਹਾਂ ਦਾ ਜ਼ਿਕਰ ਕਰਨ ਬਾਅਦ ਰਾਜਮੋਹਨ ਅੱਗੇ ਲਿਖਦਾ ਹੈ। ‘‘31 ਅਕਤੂਬਰ 1975 ਨੂੰ ਐਮਰਜੈਂਸੀ ਲੱਗਣ ਤੋਂ ਚਾਰ ਮਹੀਨੇ ਬਾਅਦ ਆਈ ਪਟੇਲ ਦੀ ਜਨਮ ਸ਼ਤਾਬਦੀ ਨੂੰ ਸਰਕਾਰ ਤੇ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਅਤੇ ਤਦ ਦਾ ਆਧੁਨਿਕ ਭਾਰਤ ਦੇ ਇਕ ਮਹਾਨ ਸਪੂਤ ਦੇ ਜੀਵਨ ’ਤੇ ਪਾਇਆ ਪਰਦਾ ਕਦੇ-ਕਦੇ ਹੀ ਥੋੜ੍ਹਾ ਬਹੁਤ ਉਠਾਇਆ ਜਾਂਦਾ ਹੈ।’’
1991 ’ਚ ਅਤੇ ਇਸ ਤੋਂ ਕਈ ਦਹਾਕੇ ਪਹਿਲਾਂ ਵੀ, ਇਹ ਸਹੀ ਹੈ ਕਿ ਨਹਿਰੂ ਦੇ ਜਸ਼ਨ ਹੁੰਦੇ ਰਹੇ ਅਤੇ ਪਟੇਲ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਇਸ ਦਾ ਇੱਕ ਕਾਰਨ ਇਹ ਹੈ ਕਿ ਪਟੇਲ ਭਾਰਤ ਦੇ ਆਜ਼ਾਦ ਹੋਣ ਤੋਂ ਮਾਤਰ ਢਾਈ ਸਾਲ ਬਾਅਦ ਹੀ ਇਸ ਸੰਸਾਰ ਤੋਂ ਕੂਚ ਕਰ ਗਿਆ ਜਦੋਂਕਿ ਨਹਿਰੂ ਤਿੰਨ ਵਾਰ ਪੂਰੇ ਸਮੇਂ ਲਈ ਭਾਰਤ ਦਾ ਪ੍ਰਧਾਨ ਮੰਤਰੀ ਰਿਹਾ। 1970ਵਿਆਂ ਅਤੇ 1980ਵਿਆਂ ਦਾ ਭਾਰਤ ਨਹਿਰੂ ਦੁਆਰਾ ਰਾਜਨੀਤਕ, ਸਮਾਜਿਕ ਅਤੇ ਆਰਥਿਕ ਤੌਰ ’ਤੇ ਘੜਿਆ ਭਾਰਤ ਸੀ।
ਨਹਿਰੂ ਦੇ ਲੋਕਾਂ ’ਚ ਬਹੁਤ ਪ੍ਰਵਾਨ ਹੋਣ ਦਾ ਦੂਸਰਾ ਕਾਰਨ ਉਸ ਦੀ ਪੁੱਤਰੀ ਅਤੇ ਪੋਤਰੇ ਦਾ ਕਾਂਗਰਸ ਸੱਤਾ ’ਚ ਸੀ।
ਪਿਛਲੀਆਂ ਆਮ ਚੋਣਾਂ ’ਚ ਨਰੇਂਦਰ ਮੋਦੀ ਨੇ ਪਟੇਲ ਨੂੰ ਆਪਣਾ ਇੱਕ ਨਾਇਕ ਬਣਾ ਲਿਆ। ਦਿੱਲੀ ’ਤੇ ਪਟੇਲ ਦੀ ਯਾਦ ਨੂੰ ਜਾਣ ਬੁੱਝ ਕੇ ਦਬਾਉਣ ਦਾ ਦੋਸ਼ ਲਾਉਂਦਿਆਂ ਮੋਦੀ ਨੇ ਪਟੇਲ ਦਾ ਇੱਕ ਵਿਸ਼ਾਲ ਕੱਦ ਦਾ ਬੁੱਤ ਬਣਾਉਣ ਦਾ ਵਾਅਦਾ ਕੀਤਾ। ਉਸ ਨੇ ਕਿਹਾ ਕਿ ਜੇਕਰ ਪਟੇਲ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਬਣਦਾ ਤਾਂ ਉਹ ਜਵਾਹਰ ਲਾਲ ਨਹਿਰੂ ਤੋਂ ਬੇਹਤਰ ਪ੍ਰਧਾਨ ਮੰਤਰੀ ਸਾਬਤ ਹੋਣਾ ਸੀ।
ਅਜਿਹੀ ਕੱਟੜ ਤਰਫਦਾਰੀ ਕਰਕੇ ਬਹੁਤ ਸਾਰੇ ਭਾਰਤੀ ਇਹ ਮੰਨਣ ਲੱਗੇ ਹਨ ਕਿ ਨਹਿਰੂ ਅਤੇ ਪਟੇਲ ਦਾ ਆਪਸ ’ਚ ਵੈਰ ਵਿਰੋਧ ਸੀ ਅਤੇ ਸਿਆਸੀ ਤੌਰ ’ਤੇ ਉਹ ਵਿਰੋਧੀ ਸਨ। ਇਸ ਦਾ ਕਾਰਨ ਇਹ ਹੈ ਕਿ ਕਾਂਗਰਸ, ਖਾਸਕਰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ, ਨਹਿਰੂ ਦਾ ਬਹੁਤਾ ਜ਼ਿਕਰ ਕਰਦੇ ਹਨ ਅਤੇ ਭਾਰਤੀ ਜਨਤਾ ਪਾਰਟੀ ਖਾਸਕਰ ਨਰੇਂਦਰ ਮੋਦੀ, ਬਹੁਤਾ ਪਟੇਲ ਦਾ ਪੱਖ ਜਤਾਉਂਦੇ ਹਨ।
ਪਟੇਲ ਦੀ ਮੋਦੀ ਦੀ ਉਸਤਤੀ ’ਚ ਦੋ ਅਸੰਗਤੀਆਂ ਹਨ। ਪਹਿਲੀ ਇਹ ਕਿ ਪਟੇਲ ਖੁਦ ਸਾਰੀ ਉਮਰ ਕਾਂਗਰਸੀ ਰਿਹਾ ਹੈ, ਮਹਾਤਮਾ ਗਾਂਧੀ ਦੀ ਹੱਤਿਆ ਬਾਅਦ ਯਕੀਨਨ ਗ੍ਰਹਿ ਮੰਤਰੀ ਵਜੋਂ ਪਟੇਲ ਨੇ ਹੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ) ’ਤੇ ਪਾਬੰਦੀ ਲਗਾਈ ਸੀ। ਦੂਸਰੀ ਇਹ ਕਿ ਨਹਿਰੂ ਅਤੇ ਪਟੇਲ ਅਸਲ ’ਚ ਸਾਥੀ ਅਤੇ ਮਿਲ ਕੇ ਕੰਮ ਕਰਨ ਵਾਲੇ ਸਨ, ਪ੍ਰਤੀਦਵੰਦੀ ਨਹੀਂ ਸਨ। ਉਨ੍ਹਾਂ ਨੇ 1920ਵਿਆਂ ਤੋਂ 1947 ਤੱਕ ਕਾਂਗਰਸ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਵਜੋਂ ਆਜ਼ਾਦ ਭਾਰਤ ਦੀ ਪਹਿਲੀ ਸਰਕਾਰ ’ਚ ਮਿਲ ਕੇ ਕੰਮ ਕੀਤਾ ਹੈ।
ਅਪਰੈਲ 1948 ’ਚ ‘ਨਿਊਯਾਰਕ ਟਾਇਮਜ਼’ ਦੇ ਰੋਬਰਟਰ ਟਰਸਬੁਲ ਨੇ ਨਹਿਰੂ ਤੇ ਪਟੇਲ ਦੀ ‘ਜੁਗਲਬੰਦੀ’ ’ਤੇ ਇਕ ਲੰਬਾ ਲੇਖ ਲਿਖਿਆ ਸੀ। ਦੋਨੋਂ ਵੱਖਰੇ ਸੁਭਾਅ ਦੇ ਮਾਲਕ ਸਨ ਪਰ ਟਰਸਬੁਲ ਲਿਖਦਾ ਹੈ ਕਿ ‘‘ਉਨ੍ਹਾਂ ਦੇ ਮਤਭੇਦਾਂ ਦਾ ਕੁਝ ਵਧੇਰੇ ਹੀ ਨਾਟਕੀਕਰਨ ਕੀਤਾ ਗਿਆ ਹੈ।’’ ਦੋਨੋਂ, ਨਹਿਰੂ ਤੇ ਪਟੇਲ ਸਮਝਦੇ ਸਨ ਕਿ ਗਾਂਧੀ ਦੀ ਮੌਤ ਤੋਂ ਬਾਅਦ ਵਿਖੰਡਿਤ ਭਾਰਤ ਨੂੰ ਇੱਕ ਕਰਨ ਲਈ ਉਨ੍ਹਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਟਰਸਬੈਲ ਅਨੁਸਾਰ ਉਨ੍ਹਾਂ ਦੋਨਾਂ ਦੀ ਭਾਈਵਾਲੀ ’ਚ ‘‘ਸਰਕਾਰ ਦੀ ਤਾਕਤ ਛੁਪੀ ਹੋਈ ਹੈ ਕਿਉਂਕਿ ਉਹ ਇੱਕ ਦੂਜੇ ਨੂੰ ਪੂਰਦੇ ਹਨ।’’
ਹਰਿਆਣਾ ਦੀਆਂ ਹਾਲੀਆ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਨਰੇਂਦਰ ਮੋਦੀ ਨੇ ਪਹਿਲੀ ਵਾਰ ਨਹਿਰੂ ਦੀ ਤਾਰੀਫ਼ ਕੀਤੀ ਹੈ। ਉਮੀਦ ਹੈ ਕਿ ਇਹ ਆਖਰੀ ਨਹੀਂ ਹੋਵੇਗੀ। ਨਹਿਰੂ ਤੋਂ ਬਾਅਦ ਦੀ ਕਾਂਗਰਸ ਨੇ ਪਟੇਲ ਦੀ ਤਸਵੀਰ ਢੰਗ ਨਾਲ ਪੇਸ਼ ਨਹੀਂ ਕੀਤੀ। ਆਰ.ਐਸ.ਐਸ ਅਤੇ ਭਾਰਤੀ ਜਨਤਾ ਪਾਰਟੀ ਅੰਦਰਲੇ ਪ੍ਰਭਾਵਸ਼ਾਲੀ ਵਿਅਕਤੀ ਹੁਣ ਨਹਿਰੂ ਨੂੰ ਗੁੰਮਨਾਮੀ ’ਚ ਧੱਕ ਕੇ ਜਵਾਬ ਦੇਣਾ ਚਾਹੁੰਣਗੇ। ਇਹ ਦੁਖਾਂਤਕ ਹੋਵੇਗਾ। ਇਸ ਕਰਕੇ ਹੀ ਨਹੀਂ ਕਿ ਨਹਿਰੂ ਆਧੁਨਿਕ ਭਾਰਤ ਦਾ ਅਸਲ ਨਿਰਮਾਤਾ ਹੈ। ਸਗੋਂ ਇਸ ਲਈ ਵੀ ਕਿ ਆਜ਼ਾਦੀ ਤੇ ਦੇਸ਼ ਦੀ ਵੰਡ ਤੋਂ ਬਾਅਦ ਦੇ ਉਨ੍ਹਾਂ ਮਹੱਤਵਪੂਰਨ ਸਾਲਾਂ ’ਚ ਇਕਮੁੱਠ ਤੇ ਜਮਹੂਰੀ ਭਾਰਤ ਸਿਰਜਣ ਲਈ ਨਹਿਰੂ ਅਤੇ ਪਟੇਲ ਨੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਹੈ।
ਰਾਜਮੋਹਨ ਗਾਂਧੀ ਆਪਣੀ ਕਿਤਾਬ ’ਚ ਬਹੁਤ ਹੀ ਬਰੀਕੀ ਨਾਲ ਦਰਸਾਉਂਦਾ ਹੈ ਕਿ ਮਹਾਤਮਾ ਗਾਂਧੀ ਦੀ ਮੌਤ ਬਾਅਦ ਕਿਵੇਂ ਨਹਿਰੂ ਨੇ ਦੇਸ਼ ’ਚ ਧਾਰਮਿਕ ਇਕਸੁਰਤਾ ਬਣਾਈ ਰੱਖਣ, ਸੁਤੰਤਰਤਾ ਵਿਦੇਸ਼ ਨੀਤੀ ਘੜਣ ਅਤੇ ਤਕਨੀਕੀ ਤੇ ਸਨਅਤੀ ਆਧਾਰ ਤਿਆਰ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਜਦੋਂ ਕਿ ਪਟੇਲ ਰਾਜੇ ਰਾਜਵਾੜਿਆਂ ਦੇ ਰਾਜਾਂ ਨੂੰ ਭਾਰਤ ’ਚ ਸ਼ਾਮਿਲ ਕਰਨ, ਪ੍ਰਸ਼ਾਸਨਿਕ ਸੇਵਾਵਾਂ ਨੂੰ ਆਧੁਨਿਕ ਬਣਾਉਣ ਅਤੇ ਸੰਵਿਧਾਨ ਦੇ ਮੁੱਖ ਤੱਤਾਂ ’ਤੇ ਸਿਆਸੀ ਪਾਰਟੀਆਂ ਦੀ ਸਹਿਮਤੀ ਬਣਾਉਦ ’ਤੇ ਕੇਂਦਰਿਤ ਹੋਇਆ।
ਨਹਿਰੂ ਸੋਨੀਆਂ ਗਾਂਧੀ ਦੀ ਕਾਂਗਰਸ ਦਾ ਹੀ ਨਹੀਂ ਹੈ ਅਤੇ ਨਾ ਪਟੇਲ ਮੋਦੀ ਦੀ ਭਾਰਤੀ ਜਨਤਾ ਪਾਰਟੀ ਦਾ ਹੀ ਹੈ। ਸਾਰੇ ਭਾਰਤੀਆਂ ਨੂੰ ਇਨ੍ਹਾਂ ਦੋਨਾਂ ਮਹਾਨ ਸਖ਼ਸ਼ੀਅਤਾਂ ਨੂੰ ਦੇਸ਼ ਨੂੰ ਉਨ੍ਹਾਂ ਵੱਲੋਂ ਮਿਲ ਕੇ ਅਤੇ ਵੱਖ-ਵੱਖ ਤੌਰ ’ਤੇ ਦਿੱਤੇ ਯੋਗਦਾਨ ਲਈ ਵਡਿਆਉਣ ਦੀ ਸਮਝਦਾਰੀ ਤੇ ਸਿਸ਼ਟਾਚਾਰ ਰੱਖਣਾ ਚਾਹੀਦਾ ਹੈ।