ਸੱਚਾ-ਸੁੱਚਾ ਰਹਿਣ ਦਿਓ ਪੱਤਰਕਾਰੀ ਦਾ ਕਿੱਤਾ! -ਬੀ ਐੱਸ ਭੁੱਲਰ
Posted on:- 17-10-2014
ਲੋਕਤੰਤਰ ਦੇ ਹੋ ਰਹੇ ਘਾਣ ਨੂੰ ਬਚਾਉਣ ਲਈ ਮੀਡੀਆ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਦੇਸ ਖਾਸ ਕਰਕੇ ਪੰਜਾਬ ’ਚ, ਲੋਕਤੰਤਰ ਦੇ ਘੁੱਟੇ ਹੋਏ ਗਲੇ ਨੂੰ ਜਾਬਰ ਹੱਥਾਂ ਤੋਂ ਮੁਕਤ ਕਰਾਉਣ ਲਈ, ਆਮ ਲੋਕਾਂ ਨੂੰ ਹੱਕ ਸੱਚ ਤੇ ਇਨਸਾਫ਼ ਦਿਵਾਉਣ ਲਈ, ਮਹਿੰਗਾਈ, ਭਿ੍ਰਸ਼ਟਾਚਾਰ, ਅਪਰਾਧ ਲੁੱਟਮਾਰ, ਬਲਾਤਕਾਰ, ਨਸ਼ੇ ਤੇ ਭਰੂਣ ਹੱਤਿਆ ਆਦਿ ਕੁਰੀਤੀਆਂ ਨੂੰ ਠੱਲ੍ਹ ਪਾਉਣ ਲਈ ਮੀਡੀਆ ਹੀ ਲੋਕਾਂ ਨੂੰ ਜਾਗਰੂਕ ਕਰ ਸਕਦਾ ਹੈ।
ਜਦੋਂ ਕਿਸੇ ਵਿਅਕਤੀ ਨਾਲ ਅਨਿਆਂ ਹੁੰਦਾ ਹੈ, ਉਸ ਦੇ ਹੱਕਾਂ ਤੇ ਡਾਕੇ ਪੈਂਦੇ ਹਨ ਜਾਂ ਜਬਰ ਜੁਲਮ ਨਾਲ ਦਬਾਉਣ ਦੀ ਕੋਸਿਸ ਕੀਤੀ ਜਾਂਦੀ ਹੈ ਤਾਂ ਪੀੜ੍ਹਤ ਲੋਕ ਪੱਤਰਕਾਰਾਂ ਕੋਲ ਪਹੁੰਚ ਕਰਦੇ ਹਨ, ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਮੀਡੀਆ ਹੀ ਅਜਿਹੀ ਦੁੱਖ ਦੀ ਘੜੀ ਵਿੱਚ ਉਹਨਾਂ ਦੀ ਬਾਂਹ ਫੜ੍ਹ ਕੇ ਦੁੱਖ ਚੋਂ ਕੱਢਣ ਦੇ ਸਮਰੱਥ ਹੈ। ਇਹੋ ਕਾਰਨ ਹੈ ਕਿ ਮੀਡੀਆ ਕਰਮੀਆਂ ਭਾਵ ਪੱਤਰਕਾਰਾਂ ਦਾ ਸਮਾਜ ਵਿੱਚ ਬਹੁਤ ਸਤਿਕਾਰ ਕੀਤਾ ਜਾਂਦਾ ਹੈ ਅਤੇ ਉਹਨਾਂ ਦੇ ਕਿੱਤੇ ਤੇ ਜ਼ਿੰਮੇਵਾਰੀਆਂ ਨੂੰ ਦੇਖਦਿਆਂ ਇਹ ਹੋਣਾ ਵੀ ਚਾਹੀਦੈ, ਕਿਉਂਕਿ ਉਹਨਾਂ ਦਾ ਕੰਮ ਸੱਚਮੁੱਚ ਦੇਸ ਤੇ ਸਮਾਜ ਦੀ ਸੇਵਾ ਵਾਲਾ ਹੀ ਹੈ।
ਜੇਕਰ ਲੋਕ ਪੱਤਰਕਾਰਾਂ ਦਾ ਸਤਿਕਾਰ ਕਰਦੇ ਹਨ ਤਾਂ ਕੀ ਪੱਤਰਕਾਰ ਵੀ ਦੇਸ ਤੇ ਸਮਾਜ ਪ੍ਰਤੀ ਆਪਣੀ ਬਣਦੀ ਡਿਊਟੀ ਠੀਕ ਢੰਗ ਨਾਲ ਨਿਭਾ ਰਹੇ ਹਨ? ਜੇਕਰ ਪਾਰਦਰਸ਼ਤਾ ਤੇ ਸੱਚੇ ਮਨ ਨਾਲ ਧਿਆਨ ਇਸ ਮਸਲੇ ’ਤੇ ਕੇਂਦਰਤ ਕਰਕੇ ਦੇਖਿਆ ਜਾਵੇ ਤਾਂ ਇਹ ਇੱਕ ਅਟੱਲ ਸਚਾਈ ਹੈ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ, ਪਰ ਇਹ ਵੀ ਝੂਠ ਨਹੀਂ ਕਿ ਹੁਣ ਇਹ ਥੰਮ ਪਹਿਲਾਂ ਵਾਂਗ ਮਜਬੂਤ ਨਹੀਂ ਰਿਹਾ, ਇਸ ਵਿੱਚ ਤਰੇੜਾਂ ਆ ਚੁੱਕੀਆਂ ਹਨ। ਅੱਜ ਪੱਤਰਕਾਰਾਂ ਦਾ ਵੱਡਾ ਹਿੱਸਾ ਆਪਣੇ ਬਣਦੇ ਸੇਵਾ ਵਾਲੇ ਫ਼ਰਜਾਂ ਤੋਂ ਪਾਸੇ ਹਟ ਕੇ ਪੱਤਰਕਾਰਤਾ ਨੂੰ ਵਪਾਰ ਬਣਾ ਕੇ ਪੈਸਾ ਇਕੱਤਰ ਕਰਨ ਦਾ ਸਾਧਨ ਬਣਾ ਚੁੱਕਾ ਹੈ, ਜੋ ਪੱਤਰਕਾਰ ਭਾਈਚਾਰੇ ਲਈ ਬਹਤ ਵੱਡੀ ਚਿੰਤਾ ਤੇ ਨਮੋਸੀ ਦਾ ਵਿਸ਼ਾ ਹੈ।
ਕੁਝ ਵਰ੍ਹੇ ਪਹਿਲਾਂ ਤੱਕ ਜਦ ਕੋਈ ਪੱਤਰਕਾਰ ਕਿਸੇ ਦਫ਼ਤਰ ਵਿੱਚ ਹੋ ਰਹੇ ਭਿ੍ਰਸਟਾਚਾਰ ਦਾ ਪਤਾ ਲੱਗਣ ’ਤੇ ਉਸ ਦਫ਼ਤਰ ਦੇ ਉੱਚ ਅਫ਼ਸਰ ਨਾਲ ਗੱਲ ਕਰਦਾ ਸੀ ਤਾਂ ਦਫ਼ਤਰ ਦੇ ਕਰਮਚਾਰੀਆਂ ਦੇ ਸਾਹ ਸੁੱਕ ਜਾਂਦੇ ਸਨ, ਅਫ਼ਸਰ ਜਵਾਬ ਦੇਣ ਤੋਂ ਬੇਵੱਸ ਹੋ ਜਾਂਦਾ ਸੀ, ਪਰ ਅੱਜ ਜੇਕਰ ਕੋਈ ਪੱਤਰਕਾਰ ਅਜਿਹਾ ਮਾਮਲਾ ਲੈ ਕੇ ਕਿਸੇ ਅਧਿਕਾਰੀ ਕੋਲ ਪਹੁੰਚਦਾ ਹੈ, ਤਾਂ ਉਹ ਗੱਲ ਸੁਣਨ ਦੇ ਨਾਲ ਨਾਲ ਇੱਥੋਂ ਤੱਕ ਕਹਿਣ ਚਲਾ ਜਾਂਦਾ ਹੈ, ਕਿ ਕੀ ਕਰੀਏ ਸਮੁੱਚੇ ਸਮਾਜ ’ਚ ਹੀ ਨਿਘਾਰ ਆ ਗਿਆ, ‘ਤੁਸੀਂ ਆਪਣੇ ਭਾਈਚਾਰੇ ਵਿੱਚ ਹੀ ਦੇਖ ਲਓ, ਕੀ ਕੁਝ ਹੋ ਰਿਹੈ।’ ਜੇ ਕਿਸੇ ਭਿ੍ਰਸ਼ਟ ਅਫ਼ਸਰ ਵਿਰੁੱਧ ਕੋਈ ਖ਼ਬਰ ਲੱਗ ਜਾਵੇ ਤਾਂ ਕੁਰਪਟ ਲੋਕ ਝੱਟ ਇਹ ਗੱਲ ਫੈਲਾਅ ਦੇਣਗੇ, ‘ਪੱਤਰਕਾਰ ਨੂੰ ਕੁਝ ਦਿੱਤਾ ਨੀ ਹੋਣਾ ਤਾਂ ਹੀ ਇਹ ਖ਼ਬਰ ਲੱਗ ਗਈ’ ਜਾਂ ਜਿਸ ਵਿਰੁੱਧ ਖ਼ਬਰ ਪ੍ਰਕਾਸ਼ਿਤ ਹੋਈ ਹੋਵੇਗੀ ਉਹ ਆਖੇਗਾ, ‘ਮੇਰੇ ਵਿਰੋਧੀ ਨੇ ਚਾਰ ਪੈਸੇ ਦੇ ਕੇ ਐਵੇਂ ਇਹ ਝੂਠੀ ਖ਼ਬਰ ਲਗਵਾ ਦਿੱਤੀ ਹੈ’ ਆਦਿ।
ਅਜਿਹੀਆਂ ਗੱਲਾਂ ਕਰਨ ਦੀ ਕੁਝ ਸਾਲ ਪਹਿਲਾਂ ਤੱਕ ਕਿਸੇ ਵਿਅਕਤੀ ਅਧਿਕਾਰੀ ਅਫ਼ਸਰ ਦੀ ਜੁਅਰੱਤ ਨਹੀਂ ਸੀ, ਫੇਰ ਹੁਣ ਕਿੱਥੋਂ ਆ ਗਈ? ਇਹ ਵੀ ਸੋਚਣ ਸਮਝਣ ਵਾਲਾ ਮੁੱਦਾ ਹੈ। ਪੱਤਰਕਾਰਤਾ ਨਾਲ ਜੁੜੇ ਕੁੱਝ ਮਾੜੇ ਤੇ ਘਟੀਆ ਲੋਕਾਂ ਦੇ ਕਾਰਨ ਹੀ ਅਜਿਹਾ ਕੁਝ ਸੁਣਨ ਨੂੰ ਮਿਲ ਰਿਹੈ। ਅੱਜ ਸਿਆਸੀ ਲੋਕ ਜਾਂ ਕੰਪਨੀਆਂ ਦੀਆਂ ਇਸ਼ਤਿਹਾਰਬਾਜ਼ੀ ਕਰਨ ਵਾਲੀਆਂ ਏਜੰਸੀਆਂ ਦੇ ਨੁਮਾਇੰਦੇ ਪ੍ਰੈਸ ਕਾਨਫਰੰਸ ਦਾ ਸੱਦਾ ਦੇਣ ਸਮੇਂ ਕਹਿੰਦੇ ਹਨ, ‘ਸਰ ਦੋ ਵਜੇ ਫਲਾਣੇੇ ਹੋਟਲ ਵਿੱਚ ਪ੍ਰੈਸ ਕਾਨਫਰੰਸ ਤੇ ਲੰਚ ਰੱਖਿਐ ਜਰੂਰ ਪਹੁੰਚਣਾ।’ ਉਹ ਸਮਝਦੇ ਹਨ ਪੱਤਰਕਾਰਾਂ ਦਾ ਕੀ ਐ, ਦੋ ਰੋਟੀਆਂ ਖੁਆ ਕੇ ਇਹਨਾਂ ਤੋਂ ਆਪਣੇ ਹੱਕ ਵਿੱਚ ਲਿਖਵਾ ਲਵਾਂਗੇ ਤੇ ਇਹ ਹੈ ਵੀ ਸੱਚ। ਕੁਝ ਮਹੀਨੇ ਪਹਿਲਾਂ ਇੱਕ ਪੱਤਰਕਾਰ ਨੂੰ ਆਪਣੇ ਦੂਸਰੇ ਪੱਤਰਕਾਰ ਸਾਥੀ ਨਾਲ ਫੋਨ ਤੇ ਗੱਲ ਕਰਦੇ ਸੁਣਿਆ, ਉਹ ਕਹਿ ਰਿਹਾ ਸੀ, ‘ਤੈਨੂੰ ਅਕਾਲੀ ਲੀਡਰ ਦੀ ਪ੍ਰੈਸ ਕਾਨਫਰੰਸ ਦਾ ਸੁਨੇਹਾ ਮਿਲ ਗਿਐ, ਦੋ ਵਜੇ ਫਲਾਣੇ ਹੋਟਲ ’ਚ ਲੰਚ ਵੀ ਐ ਚੱਲਾਂਗੇ ਰੋਟੀ ਖਾਣ, ਆ ਜਾਵੀਂ ਯਾਰ, ਚਿਕਨ ਫਿਕਨ ਹੋਊਗਾ।’
ਫਿਰ ਗੱਲ ਹੋਰ ਅੱਗੇ ਵਧ ਗਈ, ਇੱਕ ਕੰਪਨੀ ਨੇ ਇੱਕ ਪ੍ਰੈਸ ਕਾਨਫਰੰਸ ਰਖਦਿਆਂ ਪੱਤਰਕਾਰਾਂ ਨੂੰ ਦੇਣ ਲਈ ਗਿਫਟ ਤਿਆਰ ਕੀਤੇ ਹੋਏ ਸਨ, ਉਹਨਾਂ ਵਿੱਚ ਕੁਝ ਛੋਟੇ ਡੱਬੇ ਵਾਲੇ ਸਨ ਕੁਝ ਵੱਡੇ ਡੱਬੇ ਵਾਲੇ। ਪ੍ਰਬੰਧਕਾਂ ਨੇ ਜਦ ਇਹ ਡੱਬੇ ਤਕਸੀਮ ਕਰਨੇ ਸ਼ੁਰੂ ਕੀਤੇ ਤਾਂ ਪੱਤਰਕਾਰ ਕਹਿਣ ਅਸੀਂ ਛੋਟੇ ਡੱਬੇ ਨਹੀਂ ਲੈਣੇ ਔਹ ਵੱਡੇ ਡੱਬੇ ਦਿਓ। ਕੰਪਨੀ ਪ੍ਰਬੰਧਕਾਂ ਨੇ ਮਜਬੂਰੀ ’ਚ ਡੱਬੇ ਬਦਲ ਕੇ ਵੱਡੇ ਦੇ ਦਿੱਤੇ ਤਾਂ ਉਹ ਖੁਸ਼ੀ ਵਿੱਚ ਝੂਮਦੇ ਇਉਂ ਚਾਂਭੜਾਂ ਪਾਉਂਦੇ ਜਾਣ ਜਿਵੇਂ ਕੋਈ ਜੰਗ ਜਿੱਤਣ ਤੋਂ ਬਾਅਦ ‘ਵੀਰ ਚੱਕਰ’ ਲੈ ਕੇ ਜਾ ਰਹੇ ਹੋਣ।
ਇਹ ਤਾਂ ਹੁਣ ਸਮਝ ਤੋਂ ਹੀ ਬਾਹਰ ਹੈ ਕਿ ਦਿਨੋ ਦਿਨ ਵਧ ਰਿਹਾ ਇਹ ਮਾਮਲਾ ਕਿੱਥੇ ਜਾ ਕੇ ਰੁਕੇਗਾ। ਮੈਂ ਕਈ ਸੀਨੀਅਰ ਪੱਤਰਕਾਰਾਂ ਨਾਲ ਇਸ ਮਾਮਲੇ ’ਤੇ ਗੱਲ ਕੀਤੀ ਤਾਂ ਉਹਨਾਂ ਕਿਹਾ, ‘ਹੁਣ ਤਾਂ, ਪੱਤਰਕਾਰ ਕਹਾਉਂਦਿਆਂ ਸ਼ਰਮ ਜਿਹੀ ਆਉਂਦੀ ਹੈ, ਇਸ ਕਰਕੇ ਹੀ ਅਸੀਂ ਆਪਣੇ ਵਹੀਕਲ ਤੇ ਪ੍ਰੈਸ ਸਬਦ ਵੀ ਨਹੀਂ ਲਿਖਵਾਇਆ।’ ਇਸ ਤੋਂ ਵੀ ਜਿਆਦਾ ਦੁੱਖ ਇਸ ਗੱਲ ਦਾ ਹੈ ਕਿ ਪੱਤਰਕਾਰਾਂ ਦੀਆਂ ਰਾਜ, ਜਿਲ੍ਹੇ ਅਤੇ ਸ਼ਹਿਰ ਪੱਧਰ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਹੋਈਆਂ ਹਨ। ਪਰ ਅਫਸੋਸ ਉਹਨਾਂ ਚੋਂ ਬਹੁਤੀਆਂ ਆਪਣੇ ਇਸ ਖੇਤਰ ’ਚ ਸ਼ਾਮਲ ਕਾਲੀਆਂ ਭੇਡਾਂ ਜਾਂ ਮਾੜੇ ਅਨਸਰਾਂ ਦੀ ਪਹਿਚਾਣ ਕਰਨਾ ਤਾਂ ਦੂਰ, ਪਤਾ ਲੱਗਣ ’ਤੇ ਉਹਨਾਂ ਦੇ ਗੁਨਾਹਾਂ ਨੂੰ ਲੁਕਾਉਣ ਦਬਾਉਣ ਦੀ ਭੂਮਿਕਾ ਨਿਭਾਉਂਦੀਆਂ ਹਨ। ਜੇ ਕੋਈ ਵਿਅਕਤੀ ਖਾਸ ਜਾਂ ਅਧਿਕਾਰੀ ਅਜਿਹੇ ਅਨਸਰ ਦੇ ਵਿਰੁੱਧ ਬੋਲਣ ਦੀ ਜ਼ੁਅੱਰਤ ਕਰ ਲਵੇ ਤਾਂ ਇਉਂ ਵਾਵੇਲਾ ਖੜ੍ਹਾ ਕਰ ਦਿੱਤਾ ਜਾਂਦੈ ਜਿਵੇਂ ਦੇਸ਼ ’ਚ ਰਾਜ ਪਲਟਾ ਹੋਣ ਦਾ ਖਤਰਾ ਬਣ ਗਿਆ ਹੋਵੇ। ਪੱਤਰਕਾਰ ਵੀਰੋ! ਇਸ ਖੇਤਰ ਦਾ ਮੈਂ ਇੱਕ ਮਾਮੂਲੀ ਜਿਹਾ ਅੰਗ ਹੋਣ ਦੇ ਨਾਤੇ ਬੇਨਤੀ ਕਰਨ ਦੀ ਗੁਸਤਾਖ਼ੀ ਕਰ ਰਿਹਾਂ ਕਿ ਇਸ ਲੋਕਤੰਤਰ ਦੇ ਚੌਥੇ ਥੰਮ ਤੇ ਸਮਾਜ ਸੇਵਾ ਵਾਲੇ ਮਹਾਨ ਤੇ ਸੁੱਚੇ ਕਿੱਤੇ ਤੇ ਕਾਲਖ ਨਾ ਮਲੋ, ਇਸ ਨੂੰ ਸੱਚਾ ਸੁੱਚਾ ਰਹਿਣ ਦਿਓ। ਜੇਕਰ ਇਸ ਖੇਤਰ ਵਿੱਚ ਆਪ ਸੇਵਾ ਨਹੀਂ ਕਰ ਸਕਦੇ ਤਾਂ ਹੋਰ ਬਹੁਤ ਪਲੇਟਫਾਰਮ ਹਨ ਕੰਮ ਕਰਨ ਲਈ। ਘੱਟੋ ਘੱਟ ਇਹ ਇੱਕ ਪਲੇਟਫਾਰਮ ਤਾਂ ਸਾਫ਼ ਸੁਥਰਾ ਰਹਿਣ ਦਿਓ।
ਸੰਪਰਕ :+91 98882 75913