ਜੰਗ ਦਾ ਮੈਦਾਨ ਬਣ ਰਿਹਾ ਇਤਿਹਾਸ -ਦਿਗਵਿਜੇ ਸਿੰਘ
Posted on:- 16-10-2014
ਭਾਰਤੀ ਜਨਤਾ ਪਾਰਟੀ ਦੇ ਆਗੂ ਸ਼ਬਰਾਮਨੀਅਮ ਸਵਾਮੀ ਦੁਆਰਾ ਨਹਿਰੂਵਾਦੀ ਇਤਿਹਾਸਕਾਰਾਂ ਦੀਆਂ ਲਿਖੀਆਂ ਕਿਤਾਬਾਂ ਨੂੰ ਜਲਾ ਦੇਣ ਦਾ ਦਿੱਤਾ ਬਿਆਨ ਭਾਰਤ ਦੇ ਇਤਿਹਾਸ ’ਚ ਪੰਡਿਤ ਜਵਾਹ ਲਾਲ ਨਹਿਰੂ ਵੱਲੋਂ ਪਾਏ ਯੋਗਦਾਨ ਨੂੰ ਗੁੱਠੇ ਲਾਉਣ ਦੀ ਸੰਘ ਪਰਿਵਾਰ ਦੀ ਇੱਕ ਵੱਡੀ ਸਾਜ਼ਿਸ਼ ਦਾ ਹੀ ਇੱਕ ਹਿੱਸਾ ਹੈ। ਕੁੱਝ ਸਮੇਂ ਤੋਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ) ਨੇ ਭਾਰਤ ਦੇ ਇਤਿਹਾਸ ਨੂੰ ਮੁੜ ਤੋਂ ਲਿਖਣਾ ਅਰੰਭਿਆ ਹੈ ਅਤੇ ਹੁਣ ਜਦੋਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ’ਚ ਵੱਡੀ ਜਿੱਤ ਬਾਅਦ ਭਾਰਤੀ ਜਨਤਾ ਪਾਰਟੀ ਕੇਂਦਰ ’ਚ ਸਰਕਾਰ ਬਣਾ ਚੁੱਕੀ ਹੈ, ਉਨ੍ਹਾਂ ਨੂੰ ਲੱਗਦਾ ਹੈ ਕਿ ਦੇਸ਼ ਦੇ ਇਤਿਹਾਸ ਨੂੰ ਮੁੜ ਲਿਖਣ ਦਾ ਵਧੀਆ ਮੌਕਾ ਹੱਥ ਲੱਗਿਆ ਹੈ। ਸ਼ਬਰਾਮਨੀਅਮ ਸਵਾਮੀ, ਜਿਸ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਸੀ ਅਤੇ ਮੁੜ ਲਿਆ ਗਿਆ ਹੈ, ਦੇ ਬਿਆਨ ਸੱਜੇਪੱਖੀ ਟੋਲੇ ਦੇ ਸਿਆਸੀ ਏਜੰਡੇ ਦੇ ਮੁਤਾਬਿਕ ਇਤਿਹਾਸਕ ਵਰਨਣ ਨੂੰ ਸੂਤ ਬੈਠਾਉਣ ਵੱਲ ਹੋਰ ਵਧਣ ਸਮਾਨ ਹਨ। ਇਸੇ ਕਰਕੇ ਸਵਾਮੀ ਦੇ ਬਿਆਨਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਉਸ ਦੇ ਬਿਆਨ ਅਕਸਰ ਅਣਗੌਲੇ ਕਰਨ ਯੋਗ ਹੀ ਹੁੰਦੇ ਹਨ।
ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਆਜ਼ਾਦੀ ਦੇ ਸੰਘਰਸ਼ ’ਚ ਪੰਡਿਤ ਜਵਾਹਰਲਾਲ ਦੇ ਯੋਗਦਾਨ ਅਤੇ ਦੇਸ਼ ਦੇ ਵਿਕਾਸ ਲਈ ਉਸ ਦੀ ਦਰਿਸ਼ਟੀ ਨੂੰ ਦੇਸ਼ ਭੁਲਾ ਨਹੀਂ ਸਕਦਾ। ਆਜ਼ਾਦੀ ਮਿਲਣ ਬਾਅਦ ਦੇਸ਼ ਦੀ ਅਗਵਾਈ ਨਹਿਰੂ ਨੂੰ ਮਹਾਤਮਾ ਗਾਂਧੀ ਨੇ ਹੀ ਸੌਂਪੀ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਿੱਛੇ ਜਿਹੇ ਬਿਆਨ ਦਿੱਤਾ ਸੀ ਕਿ ਲੋਕ 14 ਨਵੰਬਰ, ਜੋ ਕਿ ਜਵਾਹਰਲਾਲ ਨਹਿਰੂ ਦਾ ਜਨਮ ਦਿਹਾੜਾ ਹੈ, ਤੋਂ 19 ਨਵੰਬਰ, ਜੋ ਇੰਦਰਾ ਗਾਂਧੀ ਦਾ ਜਨਮ ਦਿਹਾੜਾ ਹੈ, ਤੱਕ ਸਫ਼ਾਈ ਮੁਹਿੰਮ ਚਲਾਉਣ। ਇਹ ਸੰਭਵ ਤੌਰ ’ਤੇ ਪਹਿਲੀ ਵਾਰ ਹੈ ਕਿ ਸ੍ਰੀਮਾਨ ਮੋਦੀ ਨੇ ਦੋ ਮਹਾਨ ਸਾਬਕਾ ਪ੍ਰਧਾਨ ਮੰਤਰੀਆਂ ਦੀ ਹੋਂਦ ਪ੍ਰਵਾਨ ਕੀਤੀ ਹੈ।
ਰਾਸ਼ਟਰੀ ਸਵੈਮ ਸੇਵਕ ਤੇ ਭਾਰਤੀ ਜਨਤਾ ਪਾਰਟੀ ਅਤੇ ਉਨ੍ਹਾਂ ਦੇ ਅਨੁਯਾਈਆਂ ਦੀ ਸਮੱਸਿਆ ਇਹ ਹੈ ਕਿ ਉਨ੍ਹਾਂ ਕੋਲ ਆਪਣੇ ਆਗੂਆਂ ਵਿੱਚ ਇਕ ਵੀ ਅਜਿਹਾ ਜ਼ਿਕਰ ਕਰਨ ਯੋਗ ਕੋਈ ਆਗੂ ਨਹੀਂ ਹੈ ਜਿਸ ਨੇ ਆਜ਼ਾਦੀ ਦੇ ਸੰਘਰਸ਼ ’ਚ ਕੋਈ ਯੋਗਦਾਨ ਪਾਇਆ ਹੋਵੇ। ਇਹੋ ਇੱਕ ਕਾਰਨ ਹੈ ਕਿ ਉਹ ਮਹਾਤਮਾ ਗਾਂਧੀ, ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਸਰਦਾਰ ਪਟੇਲ ਦੀ ਵਿਰਾਸਤ ਨੂੰ ਹਥਿਆਉਣ ਦਾ ਯਤਨ ਕਰਦੇ ਹਨ। ਪਿਛਲੀ ਸਦੀ ਦੇ 80ਵਿਆਂ ’ਚ ਅਟਲ ਬਿਹਾਰੀ ਵਾਜਾਪਾਈ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨੇ ਗਾਂਧੀਵਾਦੀ ਸਮਾਜਵਾਦ ਦੇ ਸਿਧਾਂਤਾਂ ਨੂੰ ਹਥਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਆਜ਼ਾਦੀ ਦੀ ਲਹਿਰ ਅਤੇ ਭਾਜਪਾ ਦਰਮਿਆਨ ਕੋਈ ਸਬੰਧ ਸਥਾਪਤ ਕਰਨ ਦਾ ਵਿਚਾਰ ਸੀ। ਬਹਰਹਾਲ, ਇਸ ਯਤਨ ਨਾਲ ਉਨ੍ਹਾਂ ਨੂੰ ਕੋਈ ਸਿਆਸੀ ਲਾਭ ਨਾ ਹੋਇਆ। ਨਤੀਜੇ ਵਜੋਂ ਉਹ ਆਪਣੇ ਕਟੜਪੰਥੀ ਧਾਰਮਿਕ ਏਜੰਡੇ ਵੱਲ ਪਰਤ ਗਏ ਅਤੇ ਆਪਣੇ ਸਿਆਸੀ ਏਜੰਡੇ ਵਜੋਂ ਬਾਬਰੀ ਮਸਜਿਦ ਢਾਹੁਣ ਬਾਅਦ ਰਾਮ ਮੰਦਰ ਬਣਾਉਣ ਦੇ ਵੰਡਪਾਊ ਮੁੱਦੇ ’ਤੇ ਸਰਗਰਮੀ ਨਾਲ ਕੰਮ ਕਰਨ ਲੱਗੇ। ਬਾਅਦ ਵਿੱਚ ਉਨ੍ਹਾਂ ਨੇ ਸਰਦਾਰ ਪਟੇਲ ਨੂੰ ਆਪਣਾ ਲੀਡਰ ਬਣਾਉਣ ਦਾ ਯਤਨ ਕੀਤਾ ਅਤੇ ਸੰਘ ਪਰਿਵਾਰ ਨੇ ਪੰਡਿਤ ਨਹਿਰੂ ਅਤੇ ਸਰਦਾਰ ਪਟੇਲ ਦਰਮਿਆਨ ਦੇ ਮਤਭੇਦਾਂ ਦੀਆਂ ਕਹਾਣੀਆਂ ਦਾ ਪ੍ਰਚਾਰ ਕੀਤਾ।
ਪਿਛਲੀਆਂ ਆਮ ਚੋਣਾਂ ਦੌਰਾਨ ਮੋਦੀ ਨੇ ਸਰਦਾਰ ਪਟੇਲ ਦਾ ਲੋਹੇ ਦਾ ਇੱਕ ਵੱਡਾ ਬੁੱਤ ਬਣਾਉਣ ਦਾ ਬਾਰ-ਬਾਰ ਜ਼ਿਕਰ ਕੀਤਾ ਸੀ। ਉਸ ਨੇ ਇਥੋਂ ਤੱਕ ਕਿ ਉਸੇ ਤਰਜ਼ ’ਤੇ ਲੋਹਾ ਦੇਣ ਦੀ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਸੀ ਜਿਵੇਂ ਰਾਮ ਮੰਦਰ ਬਣਾਉਣ ਲਈ ਇੱਟਾਂ ਦੀ ਮੰਗ ਕੀਤੀ ਗਈ ਸੀ। ਪਰ ਹੁਣ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਲੋਹ ਪੂਰਸ਼ ਸਰਦਾਰ ਪਟੇਲ ਦੇ ਲੋਹੇ ਦੇ ਬੁੱਤ ਦਾ ਕੋਈ ਜ਼ਿਕਰ ਸੁਣਨ ਨੂੰ ਨਹੀਂ ਮਿਲ ਰਿਹਾ।
ਸੱਤਾ ’ਚ ਆਉਣ ਬਾਅਦ ਨਰੇਂਦਰ ਮੋਦੀ ਕੱਟੜਪੰਥੀ, ਧਾਰਮਿਕ ਤੇ ਮੂਲਵਾਦੀ ਵਿਚਾਰਧਾਰਾ, ਜਿਸ ਵਿੱਚ ਉਨ੍ਹਾਂ ਦੀ ਸਿਖਲਾਈ ਹੋਈ ਹੈ ਅਤੇ ਜਿਸ ਨਾਲ ਮੁੱਢ ਤੋਂ ਹੀ ਜੁੜੇ ਰਹੇ ਹਨ, ਤੋਂ ਦੂਰੀ ਬਣਾਉਣ ਲਈ ਸਖ਼ਤ ਯਤਨ ਕਰ ਰਹੇ ਹਨ। ਆਪਣੇ ਆਪ ਨੂੰ ਰਾਜਨੀਤੀਵਾਨ ਸਾਬਤ ਕਰਨ ਲਈ ਉਹ ਭਾਰਤੀ ਮੁਸਲਮਾਨਾਂ ਦੇ ਹੱਕ ਵਿੱਚ ਬਿਆਨ ਦੇ ਰਹੇ ਹਨ ਅਤੇ ਉਨ੍ਹਾਂ ਨੇ ਲਾਲ ਕਿਲ੍ਹੇ ਤੋਂ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਹੈ।
ਪਰ ਕੀ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ਦੀ ‘ਕਾਂਗਰਸ ਮੁਕਤ ਭਾਰਤ’ ਪ੍ਰਾਪਤ ਕਰਨ ਦੀ ਯੋਜਨਾ ਕੌਮੀ ਸਿਆਸਤ ’ਚ ਕੇਂਦਰੀ ਸਥਾਨ ਹਾਸਲ ਕਰਨ ਦੀ ਹੈ ਜੋ ਕਿ ਮੌਜੂਦਾ ਸਮੇਂ ’ਚ ਕਾਂਗਰਸ ਦੁਆਰਾ ਹੋਇਆ ਹੈ।
ਇਸ ਦੇ ਨਾਲ ਹੀ ਸੁਬਰਾਮਨੀਅਮ ਸਵਾਮੀ ਜਿਹੇ ਛੋਟੇ ਆਗੂਆਂ, ਜੋ ਕਿ ਸੰਘ-ਭਾਜਪਾ ਪਰਿਵਾਰ ਦੇ ਹੀ ਬੰਦੇ ਹਨ, ਨੂੰ ਆਪਣੀ ਵੰਡ ਪਾਊ ਰਾਜਨੀਤੀ ਖੇਡੀ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਮੌਜੂਦਾ ਹਕੂਮਤ ਵੱਲੋਂ ਉਨ੍ਹਾਂ ਲੋਕਾਂ ਨੂੰ ਸਤਕਾਰਿਆਂ ਜਾ ਰਿਹਾ ਹੈ ਜਿਨ੍ਹਾਂ ’ਤੇ ਫ਼ਿਰਕੂ ਦੰਗਿਆਂ ’ਚ ਸ਼ਾਮਿਲ ਹੋਣ ਦੇ ਦੋਸ਼ ਹਨ। ਸੱਜੇਪੱਖੀ ਗਰੁੱਪਾਂ ਦੇ ਚੇਲੇ-ਚਾਂਟਿਆਂ ਨੂੰ ਭੜਕਾਉ ਬਿਆਨ ਦੇਣ ਤੋਂ ਵਰਜਿਆ ਨਹੀਂ ਜਾ ਰਿਹਾ। ਸਥਾਨਕ ਭਾਈਚਾਰਿਆਂ ਦਰਮਿਆਨ ਦੇ ਤਨਾਓ ਦੀ ਹਰੇਕ ਛੋਟੀ-ਵੱਡੀ ਘਟਨਾ ਨੂੰ ਉਛਾਲਿਆ ਜਾ ਰਿਹਾ ਹੈ ਅਤੇ ਉਸ ਨੂੰ ਫ਼ਿਰਕੂ ਰੰਗਤ ਦਿੱਤੀ ਜਾ ਰਹੀ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਹੈ : ਆਜ਼ਾਦੀ ਦੇ ਸੰਘਰਸ਼ ਅਤੇ ਆਜ਼ਾਦੀ ਤੋਂ ਬਾਅਦ ਨਵੇਂ ਭਾਰਤ ਦੀ ਉਸਾਰੀ ’ਚ ਨਹਿਰੂ-ਗਾਂਧੀ ਦੇ ਪਰਿਵਾਰ ਦੇ ਯੋਗਦਾਨ ਨੂੰ ਮੇਟਣਾ। ਇਨ੍ਹਾਂ ਦਾ ਏਜੰਡਾ ਰਾਜਨੀਤੀ ਦਾ ਧਰੁਵੀਕਰਨ ਕਰਨਾ ਹੈ।
ਪਰ ਇਸ ਮੌਕੇ ਲਈ ਮਹੱਤਵਪੂਰਨ ਸਵਾਲ ਹਨ ਜੋ ਉਠਾਉਣੇ ਬਣਦੇ ਹਨ। ਕੀ ਕੱਟੜਪੰਥੀ ਸੋਚ ਤੋਂ ਦੂਰ ਰਹਿਣ ਵਾਲੇ ਭਾਰਤੀ ਇਹ ਸਭ ਕੁਝ ਵਾਪਰਨ ਦੀ ਇਜਾਜ਼ਤ ਦੇਣਗੇ? ਕੀ ਅਸੀਂ ਚੁੱਪ ਹੀ ਰਹਾਂਗੇ ਜਦੋਂ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ਭਾਰਤੀ ਇਤਿਹਾਸ ਨੂੰ ਵਿਗਾੜਦੇ ਰਹਿਣਗੇ? ਇਹ ਵੇਖਣ ਵਾਲਾ ਹੋਵੇਗਾ ਕਿ ਇਕ ਸੱਚੇ ਕੌਮਵਾਦੀ ਵਜੋਂ ਉਭਰਨ ਲਈ ਸ੍ਰੀ ਮੋਦੀ ਸੁਬਰਾਮਨੀਅਮ ਸਵਾਮੀ, ਯੋਗੀ ਅਦਿਤਯਨਾਥ ਅਤੇ ਦੂਸਰੇ ਅਜਿਹੇ ਹੀ ਦੂਸਰੇ ਤੱਤਾਂ ਨਾਲ ਕਿਸ ਤਰ੍ਹਾਂ ਨਜਿੱਠਦੇ ਹਨ ਜਾਂ ਕਿ ਉਹ ਇਨ੍ਹਾਂ ਤੱਤਾਂ ਨੂੰ ਵੰਡ ਪਾਊ ਰਾਜਨੀਤੀ ਖੇਡਣ ਦੀ ਅੰਦਰਖ਼ਾਤੇ ਇਜਾਜ਼ਤ ਦੇਈ ਰੱਖਣਗੇ? ਲੇਖਕ, ਰਾਜ ਸਭਾ ਮੈਂਬਰ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਨ।
(‘ਦ ਹਿੰਦੂ’ ਤੋਂ ਧੰਨਵਾਦ ਸਾਹਿਤ)