2014 ਦਾ ਨੋਬਲ ਅਮਨ ਪੁਰਸਕਾਰ ਬੱਚਿਆਂ ਦੇ ਮਾਣ ਨੂੰ ਕੇਂਦਰ ’ਚ ਲਿਆਇਆ -ਸਰਬਜੀਤ ਧੀਰ
Posted on:- 16-10-2014
ਪਿਛਲੇ ਕੁਝ ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ ਦੀਆਂ ਸਰਹੱਦਾਂ ’ਤੇ ਵਧੇ ਤਣਾਓ ਦੇ ਕੁਝ ਘਟਣ ਦੇ ਨਾਲ ਹੀ ਇਕ ਅਜਿਹੀ ਖ਼ਬਰ ਵੀ ਦੁਨੀਆ ਭਰ ਵਿੱਚ ਵਸਦੇ ਭਾਰਤੀ ਤੇ ਪਾਕਿਸਤਾਨੀ ਨਾਗਰਿਕਾਂ ਤੱਕ ਸ਼ੁੱਕਰਵਾਰ ਨੂੰ ਪਹੁੰਚੀ ਜਿਹੜੀ ਦਿਲਾਂ ਨੂੰ ਠੰਢਕ ਪਹੁੰਚਾਉਣ ਵਾਲੀ ਹੈ। ਇਸ 2014 ਦਾ ਸ਼ਾਂਤੀ ਦਾ ਨੋਬਲ ਪੁਰਸਕਾਰ ਭਾਰਤ ਦੇ ਕੈਲਾਸ਼ ਸਤਿਆਰਥੀ ਅਤੇ ਪਾਕਿਸਤਾਨ ਦੀ ਮਲਾਲਾ ਜੂਸਫਜਈ ਨੂੰ ਸਾਂਝੇ ਤੌਰ ’ਤੇ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਏਸ਼ੀਆ ਦੇ ਇਨ੍ਹਾਂ ਦੋਵਾਂ ਮੁਲਕਾਂ ਦੇ ਹਿੱਸੇ ਇਹ ਇਨਾਮ ਸਾਂਝੇ ਤੌਰ ’ਤੇ ਆਇਆ ਹੈ। ਇਸ ਖ਼ਬਰ ਤੋਂ ਬਾਅਦ ਦੋਵਾਂ ਮੁਲਕਾਂ ਵੱਲੋਂ ਸਰਹੱਦ ’ਤੇ ਸ਼ਾਂਤੀ ਬਣਾਉਣ ਲਈ ਯਤਨ ਵੀ ਕੀਤੇ ਗਏ ਹਨ। ਨੋਬਲ ਪੁਰਸਕਾਰਾਂ ਦੀ ਚੋਣ ਦਾ ਐਲਾਨ ਕਰਨ ਵਾਲੀ ਕਮੇਟੀ ਇਨਾਮਾਂ ’ਤੇ ਫੈਸਲਾ ਕਰਨ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੀ ਹੈ ਅਤੇ ਦੁਨੀਆ ਭਰ ਦੇ ਮੁਲਕਾਂ ਵਿੱਚੋਂ ਆਪਣੇ ਖੇਤਰ ਦੀਆਂ ਮਸ਼ਹੂਰ ਹਸਤੀਆਂ ਦੀ ਚੋਣ ਕਰਦੀ ਹੈ, ਉਨ੍ਹਾਂ ਦੇ ਕੰਮ ਦੇ ਮਕਸਦ ਨੂੰ ਦੇਖਦੀ ਹੈ। ਪਰ ਫਿਰ ਵੀ ਹਰ ਵਾਰ ਨੋਬਲ ਸ਼ਾਂਤੀ ਪੁਰਸਕਾਰ ਵਿਵਾਦਾਂ ਵਿੱਚ ਘਿਰਿਆ ਰਹਿੰਦਾ ਹੈ।
ਜਿਵੇਂ ਕਿ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਉਸ ਸਮੇਂ ਅਮਨ ਲਈ ਨੋਬਲ ਪੁਰਸਕਾਰ ਦੇ ਦਿੱਤਾ ਗਿਆ ਸੀ ਕਿ ਉਨ੍ਹਾਂ ਨੇ ਸੰਸਾਰ ’ਚ ਅਮਨ ਸਥਾਪਤ ਕਰਨ ’ਚ ਜੋ ਬਹੁਤ ਵੱਡਾ ਯੋਗਦਾਨ ਪਾਇਆ ਹੈ। ਓਬਾਮਾ ਨੂੰ ਉਸ ਸਮੇਂ ਅਮਰੀਕਾ ਦਾ ਰਾਸ਼ਟਰਪਤੀ ਬਣੇ ਦੋ ਹਫ਼ਤੇ ਵੀ ਨਹੀਂ ਹੋਏ ਸਨ। ਇਸ ਵਾਰ ਵੀ ਨੋਬਲ ਸ਼ਾਂਤੀ ਪੁਰਸਕਾਰ ਦੀ ਚੋਣ ਕਮੇਟੀ ਵਿਵਾਦ ਤੋਂ ਅਛੂਤੀ ਨਹੀਂ ਰਹੀ। ਇਹ ਇਸ ਲਈ ਨਹੀਂ ਕਿ ਇਹ ਇਨਾਮ ਏਸ਼ੀਆ ਦੇ ਦੋ ਅਜਿਹੇ ਮੁਲਕਾਂ ਦੇ ਦੋ ਨਾਗਰਿਕਾਂ ਨੂੰ ਸਾਂਝੇ ਤੌਰ ’ਤੇ ਦਿੱਤਾ ਗਿਆ ਹੈ ਜਿਹੜੇ 1947 ਤੋਂ ਪਹਿਲਾਂ ਇਕੋ ਮੁਲਕ ਵਜੋਂ ਜਾਣੇ ਜਾਂਦੇ ਸਨ।
ਨੋਬਲ ਕਮੇਟੀ ਵੱਲੋਂ ਦਿੱਤੇ ਗਏ ਇਨਾਮ ’ਤੇ ਕਿਸੇ ਵੱਲੋਂ ਵੀ ਇਤਰਾਜ਼ ਨਹੀਂ ਕੀਤਾ ਗਿਆ। ਬਲਕਿ ਇਸ ਦਾ ਵੱਡੇ ਪੱਧਰ ’ਤੇ ਸਵਾਗਤ ਹੋਇਆ ਹੈ। ਪਰ ਜੋ ਇਤਰਾਜ਼ ਉਠਾਇਆ ਜਾ ਰਿਹਾ ਹੈ ਉਹ ਇਹ ਹੈ ਕਿ ਓਸਲੋ ਵਿਖੇ ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਕਰਦਿਆਂ ਜੋ ਭਾਵਨਾ ਪ੍ਰਗਟ ਕੀਤੀ ਗਈ ਹੈ ਉਹ ਸਹੀ ਨਹੀਂ ਜਾਪਦੀ। ਕਿਹਾ ਇਹ ਗਿਆ ਹੈ ਕਿ ਇਹ ਇਨਾਮ ਭਾਰਤੀ ਅਤੇ ਪਾਕਿਸਤਾਨੀ, ਇਕ ਹਿੰਦੂ ਅਤੇ ਮੁਸਲਮਾਨ ਨੂੰ ਦਿੱਤਾ ਗਿਆ ਹੈ। ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਨੋਬਲ ਸ਼ਾਂਤੀ ਪੁਰਸਕਾਰ ਦਾ ਰੁਤਬਾ ਵਿਸ਼ਵ ਪੱਧਰ ਦਾ ਹੈ, ਉਸ ਨੂੰ ਕਿੰਨੇ ਸੀਮਤ ਅਰਥਾਂ ਵਿੱਚ ਬੰਨ੍ਹ ਕੇ ਇਸ ਦੀ ਜਿਊਰੀ ਨੇ ਨਵਾਂ ਸਵਾਲ ਖੜ੍ਹਾ ਕਰ ਦਿੱਤਾ ਹੈ।
ਲੜਕੀਆਂ ਦੀ ਸਿੱਖਿਆ ਦੇ ਹੱਕ ਵਿੱਚ ਆਵਾਜ਼ ਉਠਾਉਣ ਵਾਲੀ ਮਲਾਲਾ ਯੂਸਫਜਈ ਕੀ ਸਿਰਫ਼ ਮੁਸਲਿਮ ਧਰਮ ਦੀਆਂ ਲੜਕੀਆਂ ਦੀ ਸਿੱਖਿਆ ਲਈ ਹੀ ਆਵਾਜ਼ ਉਠਾਉਣ ਤੱਕ ਸੀਮਤ ਹੈ। ਇਸੇ ਤਰ੍ਹਾਂ ਭਾਰਤ ਦੇ 60 ਸਾਲਾ ਕੈਲਾਸ਼ ਸਤਿਆਰਥੀ ਜਿਹੜੇ ਪਿਛਲੇ 35 ਸਾਲਾਂ ਤੋਂ ਬੱਚਿਆਂ ਦੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ, ਉਹ ਸਿਰਫ਼ ਹਿੰਦੂ ਧਰਮ ਤੱਕ ਹੀ ਸੀਮਤ ਹਨ। ਇਥੇ ਆ ਕੇ ਸ਼ਾਇਦ ਨੋਬਲ ਪੁਰਸਕਾਰ ਸੰਬਧੀ ਚੋਣ ਕਮੇਟੀ ਕੁਝ ਧੋਖਾ ਖਾ ਗਈ ਹੈ ਜਾਂ ਗਲਤ ਕਹਿ ਗਈ ਹੈ। ਹਕੀਕਤ ਇਹ ਹੈ ਕਿ ਅਜਿਹੇ ਵਿਅਕਤੀ ਧਰਮਾਂ ਅਤੇ ਜਾਤੀਆਂ ਦੀਆਂ ਵਲਗਣਾਂ ਤੋਂ ਪਾਰ ਹੁੰਦੇ ਹਨ। ਇਨ੍ਹਾਂ ਦਾ ਜਨਮ ਕਿਸੇ ਵੀ ਧਰਮ ਵਿੱਚ ਹੋ ਸਕਦਾ ਹੈ।
ਭਾਰਤ ਦੇ ਮੱਧ ਪ੍ਰਦੇਸ਼ ਵਿਖੇ ਵਿਦਿਸ਼ਾ ਸ਼ਹਿਰ ਵਿੱਚ 14 ਅਕਤੂਬਰ 1954 ਨੂੰ ਜਨਮੇ ਸ੍ਰੀ ਸਤਿਆਰਥੀ ਬਚਪਨ ਤੋਂ ਹੀ ਸਮਾਜਿਕ ਕੁਰੀਤੀਆਂ ਖਿਲਾਫ਼ ਰਹੇ ਹਨ। ਉਨ੍ਹਾਂ ਨੇ ਖ਼ੁਦ ਗਰੀਬੀ ਹੰਢਾਈ ਹੈ। ਉਹ ਬੱਚਿਆਂ ਦੇ ਹੱਕਾਂ ਲਈ ‘ਬਚਪਨ ਬਚਾਓ ਅੰਦੋਲਨ’ ਚਲਾ ਰਹੇ ਹਨ। ਉਹ ਹੁਣ ਤੱਕ ਲਗਭਗ ਅੱਸੀ ਹਜ਼ਾਰ ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਆਜ਼ਾਦੀ ਦਿਵਾ ਚੁੱਕੇ ਹਨ। 2009 ’ਚ ਆਇਆ ਲਾਜ਼ਮੀ ਸਿੱਖਿਆ ਦੇ ਅਧਿਕਾਰ ਕਾਨੂੰਨ ’ਚ ਵੀ ਉਨ੍ਹਾਂ ਦਾ ਯੋਗਦਾਨ ਰਿਹਾ। ਉਨ੍ਹਾਂ ਬਹੁਤ ਸਾਰੇ ਬੱਚਿਆਂ ਦੀ ਮਦਦ ਕਰਕੇ ਉਨ੍ਹਾਂ ਨੂੰ ਜ਼ਿੰਦਗੀ ਜਿਉਣ ਦੇ ਕਾਬਿਲ ਬਣਾਇਆ ਹੈ। ਉਹ ਬਚਪਨ ਵਿੱਚ ਹੀ ਜਦੋਂ ਭੀਖ ਮੰਗਦੇ ਬੱਚਿਆਂ ਨੂੰ ਦੇਖਦੇ ਸਨ ਤਾਂ ਉਨ੍ਹਾਂ ਨੂੰ ਕਈ ਵਾਰ ਘਰ ਲੈ ਆਉਂਦੇ ਸਨ। 1980 ਤੱਕ ਵਿਦਿਸ਼ਾ ਵਿਖੇ ਹੀ ਉਹ ਆਪਣੀਆਂ ਗਤੀਵਿਧੀਆਂ ਚਲਾਉਂਦੇ ਰਹੇ ਹਨ ਤੇ ਮੌਜੂਦਾ ਸਮੇਂ ਦਿੱਲੀ ਵਿਖੇ ਰਹਿ ਰਹੇ ਹਨ। ਉਨ੍ਹਾਂ ਦਾ ਜੱਦੀ ਘਰ ਵਿਦਿਸ਼ਾ ਕਿਲ੍ਹੇ ਦੀ ਇਕ ਛੋਟੀ ਜਿਹੀ ਹਵੇਲੀ ਵਿੱਚ ਹੈ। ਉਹ ਜਦੋਂ ਵੀ ਦਿੱਲੀ ਤੋਂ ਉਥੇ ਜਾਂਦੇ ਹਨ ਤਾਂ ਇਕ ਕਰਿਆਨੇ ਦੀ ਦੁਕਾਨ ਵਾਲੇ ਨੂੰ ਕੁਝ ਪੈਸੇ ਜ਼ਰੂਰ ਦਿੰਦੇ ਹਨ ਤੇ ਕਹਿੰਦੇ ਹਨ ਕਿ ਉਹ ਜਿਸ ਬੱਚੇ ਕੋਲ ਪੈਸੇ ਨਾ ਹੋਣ ਉਸ ਨੂੰ ਇਨ੍ਹਾਂ ਵਿੱਚੋਂ ਚਾਕਲੇਟ ਦੇ ਦੇਵੇ।
1971 ਵਿੱਚ ਉਨ੍ਹਾਂ ਨੇ ਸੋਸਲਿਸ਼ਟ ਪਾਰਟੀ ਦੀ ਨੌਜਵਾਨ ਸਾਖ਼ਾ ਦਾ ਗਠਨ ਕੀਤਾ ਸੀ ਜਿਸ ਦੇ ਉਹ ‘‘ਜ਼ਿਲ੍ਹਾ ਮਹਾ ਮੰਤਰੀ’’ ਸਨ। ਉਨ੍ਹਾਂ ਨੇ ‘ਸਤਿਆਰਥੀ’ ਨਾਮ ਦੀ ਇੱਕ ਪੁਸਤਕ ਦੀ ਰਚਨਾ ਕੀਤੀ ਜਿਸ ਵਿੱਚ ਆਰੀਆ ਸਮਾਜ ਦੀਆਂ ਤਤਕਾਲੀ ਸਮੱਸਿਆਵਾਂ ਨੂੰ ਉਭਾਰਿਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਨਾਮ ਨਾਲ ‘ਸਤਿਆਰਥੀ’ ਤਖੱਲਸ ਜੁੜ ਗਿਆ।
ਸਤਿਆਰਥੀ ਜੀ ਨਾਲ ਪਾਕਿਸਤਾਨ ਦੀ 17 ਸਾਲਾ ਮਲਾਲਾ ਯੂਸਫਜਈ ਇਸ ਵਾਰ ਨੋਬਲ ਸ਼ਾਂਤੀ ਪੁਰਸਕਾਰ ਦੀ ਸਾਂਝੀ ਜੇਤੂ ਹੈ। ਉਹ ਉਦੋਂ ਚਰਚਾ ਵਿੱਚ ਆਈ ਸੀ ਜਦੋਂ ਦੋ ਕੁ ਸਾਲ ਪਹਿਲਾਂ ਤਾਲਿਬਾਨ ਵੱਲੋਂ ਸਕੂਲ ਬੱਸ ਵਿੱਚ ਉਸ ਦੇ ਸਿਰ ’ਚ ਗੋਲੀ ਮਾਰੀ ਗਈ ਸੀ। ਉਹ ਲੜਕੀਆਂ ਦੀ ਸਿੱਖਿਆ ਦੀ ਹਮਾਇਤੀ ਰਹੀ ਹੈ ਜਿਸ ਦਾ ਤਾਲਿਬਾਨ ਵੱਲੋਂ ਵਿਰੋਧ ਕੀਤਾ ਜਾਂਦਾ ਹੈ। ਗੋਲੀ ਲੱਗਣ ਦੀ ਘਟਨਾ ਤੋਂ ਬਾਅਦ ਉਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਸ਼ਹੂਰੀ ਮਿਲੀ ਤੇ ਉਸਦਾ ਇਲਾਜ ਵਿਦੇਸ਼ ਵਿੱਚ ਕਰਵਾਇਆ ਗਿਆ। ਇਸ ’ਤੇ ਕੁਝ ਕੱਟੜਪੰਥੀਆਂ ਨੇ ਇਹ ਕਿਹਾ ਹੈ ਕਿ ਮਲਾਲਾ ਪੱਛਮੀ ਮੁਲਕਾਂ ਵੱਲੋਂ ਉਭਾਰੀ ਗਈ ਹੈ। ਉਸ ਦੀ ਪੜ੍ਹਾਈ ਇਸ ਵਕਤ ਬਰਮਿੰਘਮ ਵਿਖੇ ਚੱਲ ਰਹੀ ਹੈ। ਨੋਬਲ ਪੁਰਸਕਾਰ ਮਿਲਣ ’ਤੇ ਵੀ ਅਜਿਹੀ ਪ੍ਰਤੀਕਿਰਿਆ ਪਾਕਿਸਤਾਨ ਵਿੱਚੋਂ ਆਈ ਹੈ ਜਿਸ ਤੋਂ ਲੱਗਦਾ ਹੈ ਕਿ ਉਥੇ ਮਲਾਲਾ ਨੂੰ ਉਸ ਤਰ੍ਹਾਂ ਨਹੀਂ ਅਪਣਾਇਆ ਗਿਆ ਜਿਵੇਂ ਬਾਹਰਲੇ ਮੁਲਕਾਂ ’ਚ ਅਪਣਾਇਆ ਗਿਆ ਹੈ। ਅਜਿਹੀਆਂ ਗੱਲਾਂ ਦੇ ਬਾਵਜੂਦ ਮਲਾਲਾ ਲੜਕੀਆਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਹੱਕਾਂ ਲਈ ਅੰਤਰਰਾਸ਼ਟਰੀ ਪੱਧਰ ’ਤੇ ਆਵਾਜ਼ ਉਠਾ ਰਹੀ ਹੈ। ਉਸ ਵੱਲੋਂ ਪਾਕਿਸਤਾਨ ਵਿੱਚ ਤਾਲਿਬਾਨ ਦੀਆਂ ਗਤੀਵਿਧੀਆਂ ਅਤੇ ਲੜਕੀਆਂ ਦੀ ਪੜ੍ਹਾਈ ਨੂੰ ਲੈ ਕੇ ਲਿਖੀ ਜਾਂਦੀ ਡਾਇਰੀ ਦੇ ਅੰਸ਼ ਬੀਬੀਸੀ ਤੋਂ ਪ੍ਰਸਾਰਿਤ ਹੰੁਦੇ ਰਹੇ ਹਨ। ਆਈ ਐਮ ਮਲਾਲਾ ਨਾਮ ਦੀ ਪੁਸਤਕ ਵੀ ਉਸ ਵੱਲੋਂ ਲਿਖੀ ਗਈ ਹੈ। ਉਹ ਨੋਬਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਲੜਕੀ ਹੈ। ਮਲਾਲਾ ਦਾ ਜਨਮ 12 ਜੁਲਾਈ 1997 ਨੂੰ ਪਾਕਿਸਤਾਨ ਦੀ ਸਵਾਤ ਘਾਟੀ ਵਿਖੇ ਹੋਇਆ। ਜਦੋਂ 2001 ਵਿੱਚ ਤਾਲਿਬਾਨ ਵੱਲੋਂ ਸਵਾਤ ਘਾਟੀ ’ਤੇ ਕਬਜ਼ਾ ਕਰ ਲਿਆ ਗਿਆ ਤਾਂ ਉਦੋਂ ਉਥੇ ਲੜਕੀਆਂ ਦੀ ਪੜ੍ਹਾਈ ’ਤੇ ਪਾਬੰਦੀ ਲਗਾ ਦਿੱਤੀ ਗਈ ਪਰ ੳਹ ਲੁਕ ਛਿਪਕੇ ਸਕੂਲ ਜਾਂਦੀ ਰਹੀ ਅਤੇ ਹੋਰ ਲੜਕੀਆਂ ਨੂੰ ਵੀ ਪੇ੍ਰਰਿਤ ਕਰਦੀ ਰਹੀ। ਸੰਨ 2009 ਵਿੱਚ ਬੀਬੀਸੀ ਲਈ ਲਿਖੇ ਉਸ ਦੇ ਬਲਾਗ ਜਦੋਂ ਪ੍ਰਸਾਰਿਤ ਹੋਣ ਲੱਗੇ ਤਾਂ ਤਾਲਿਬਾਨ ਦੇ ਜੁਲਮਾਂ ਦੀ ਹਕੀਕਤ ਦੁਨੀਆ ਵਿੱਚ ਉਜਾਗਰ ਹੋਣ ਲੱਗ ਪਈ। ਤਾਲਿਬਾਨ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਫਿਰ 19 ਅਕਤੂਬਰ 2012 ਨੂੰ ਸਕੂਲ ਤੋਂ ਵਾਪਸ ਆਉਂਦਿਆਂ ਤਾਲਿਬਾਨ ਵੱਲੋਂ ਉਸ ਦੇ ਸਿਰ ਵਿੱਚ ਗੋਲੀ ਮਾਰੀ ਗਈ। ਗੋਲੀ ਮਲਾਲਾ ਦੀ ਆਵਾਜ਼ ਦਬਾ ਨਹੀਂ ਸਕੀ ਸਗੋਂ ਇਸ ਦੀ ਗੂੰਜ ਸਾਰੀ ਦੁਨੀਆ ਵਿੱਚ ਮਲਾਲਾ ਦੀ ਆਵਾਜ਼ ਬਣ ਗਈ।
ਸੰਪਰਕ: +91 88722 18418