ਭਾਰਤ ਨੂੰ ਕੱਟੜ ਹਿੰਦੂ ਰਾਸ਼ਟਰ ਤੇ ਅਮਰੀਕਾ ਹੇਠ ਲਾਉਣਾ ਭਾਜਪਾ-ਆਰ.ਐਸ.ਐਸ ਦਾ ਏਜੰਡਾ -ਸੀਤਾਰਾਮ ਯੇਚੁਰੀ
Posted on:- 12-10-2014
ਮੀਡੀਆ ’ਚ ਖੁਸ਼ੀਆਂ ਮਨਾਈਆਂ ਗਈਆਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਮਰੀਕਾ ਫੇਰੀ ਜਬਰਦਸਤ ਸਫ਼ਲ ਰਹੀ, ਬਸ ਉਹ ਪਹੁੰਚੇ ਅਤੇ ਜਿੱਤ ਨੇ ਉਨ੍ਹਾਂ ਦੇ ਪੈਰ ਚੁੰਮ ਲਏ। ਪੀਟੀਆਈ ਨੇ ਮੈਡੀਸਨ ਸੁਕੇਅਰ ਗਾਰਡਨ ’ਚ ਦਿੱਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਬਾਰੇ ਰਿਪੋਰਟ ਕਰਦਿਆਂ ਮੋਦੀ ਜੀ ਨੂੰ ਕਿਸੇ ਬੇਹਦ ਪ੍ਰਸਿੱਧ ਰਾਕ ਸਟਾਰ ਦਾ ਰੁਤਬਾ ਹੀ ਦੇ ਛੱਡਿਆ! ਖੁਦ ਪ੍ਰਧਾਨ ਮੰਤਰੀ ਨੇ ਵਾਪਸ ਭਾਰਤ ਆ ਕੇ ਜਿੱਤ ਦਾ ਸਿਹਰਾ ਆਪੇ ਬੰਨ੍ਹਦਿਆਂ ਚਾਰ ਅਕਤੂਬਰ ਨੂੰ ਭਾਸ਼ਣ ਮਈ ਢੰਗ ਨਾਲ ਪੁੱਛਿਆ ‘‘ਕੀ ਕਾਰਨ ਹੈ ਕਿ ਅੱਜ ਅਮਰੀਕਾ ’ਚ ਵੀ ਹਿਦੋਸਤਾਨ ਦਾ ਡੰਕਾ ਵੱਜ ਰਿਹਾ ਹੈ?’’
8 ਮਾਰਚ 1971 ਦੀ ਗੱਲ ਹੈ। ਮੈਂ ਵਿਸ਼ਵ ਯੂਥ ਫੋਰਮ ਲਈ ਭਾਰਤੀ ਨੁਮਾਇੰਦੇ ਵਜੋਂ ਨਿਊਯਾਰਕ ਵਿੱਚ ਸੀ। ਸ਼ਹਿਰ ’ਚ ਇਸੇ ਮੈਡੀਸਨ ਸੁਕੇਅਰ ’ਚ ਹੋਣ ਵਾਲੀ ਸਦੀ ਦਾ ਟੱਕਰ ਲਈ ਭਾਰੀ ਉਤਸੁਕਤਾ ਸੀ। ਅਮਰੀਕਾ ਦੀ ਫੌਜ ’ਚ ਲਾਜ਼ਮੀ ਸੇਵਾ ਦੇਣ ਦੇ ਅਮਰੀਕੀ ਮਸੌਦਾ ਕਾਨੂੰਨ ਤੋਂ ਇਨਕਾਰ ਕਰਨ ਬਾਅਦ ਕੈਸ਼ੀਅਸ ਕਲੇਅ ਮੁਸਲਿਮ ਧਰਮ ਅਪਣਾ ਕੇ ਮੁਹੰਮਦ ਅਲੀ ਬਣ ਗਿਆ ਸੀ। ਉਸ ਨੇ ਸਮੇਂ ਦੇ ਮੁੱਕੇਬਾਜ਼ੀ ਦੇ ਵਿਸ਼ਵ ਚੈਂਪੀਅਨ ਜੋਏ ਫਰੇਜ਼ਰ ਨੂੰ ਵੰਗਾਰਿਆ ਸੀ। ਦੋਨੋਂ ਮੁੱਕੇਬਾਜ਼ ਹਾਲੇ ਤੱਕ ਜੇਤੂ ਰਹੇ ਸਨ। ਦੋਨਾਂ ਦੇ ਮੁੱਕੇਬਾਜ਼ੀ ਦੇ ਰਿੰਗ ਵਿੱਚ ਆਪਸੀ ਟਕਰਾਅ ਨੂੰ ਹੀ ‘ਸਦੀ ਦੀ ਟੱਕਰ’ ਦਾ ਨਾਮ ਦਿੱਤਾ ਗਿਆ ਸੀ। ਟਕਰਾਅ ਚਿਨਾਤਮਿਕ ਤੌਰ ’ਤੇ ਮੁੱਕੇਬਾਜ਼ੀ ਦੇ ਘੇਰੇ ਤੋਂ ਕਿਤੇ ਅਗਾਂਹ ਤੱਕ ਫੈਲ ਗਿਆ ਸੀ। ਮੁਹੰਮਦ ਅਲੀ ਦਾ ਪੱਖ ਪੂਰਨ ਨੂੰ ਵਿਅਤਨਾਮ ਜੰਗ ਦਾ ਵਿਰੋਧੀ ਹੋਣ ਵਜੋਂ ਲਿਆ ਜਾਂਦਾ ਸੀ। ਜਦੋਂ ਕਿ ਫਰੇਜ਼ਰ ਦਾ ਪੱਖ ਪੂਰਨ ਦਾ ਅਰਥ ‘ਸਨਾਤਨੀ ਗੋਰੇ’ ਅਮਰੀਕਾ ਦਾ ਪੱਖ ਪੂਰਨ ਬਰਾਬਰ ਸੀ। ਪੂਰੇ 15 ਦੌਰ ਚਲੇ। ਇਸ ਹਡਭੰਨਵੇ ਟਕਰਾਅ ਵਿੱਚ ਫਰੇਜ਼ਰ ਦੀ ਜਿੱਤ ਹੋਈ। ਪਰ ਅਗਲੇ ਦਿਨ ਜਿਸ ਖ਼ਬਰ ਦਾ ਵਧੇਰੇ ਚਰਚਾ ਸੀ ਉਹ ਇਹ ਸੀ ਕਿ ਮੁਹੰਮਦ ਅਲੀ, ਫਰੇਜ਼ਰ ਦਾ ਹਾਲ ਚਾਲ ਪੁੱਛਣ ਲਈ ਉਸ ਹਸਪਤਾਲ ਗਿਆ ਜਿਥੇ ਫਰੇਜ਼ਰ ਆਪਣੀਆਂ ਸੱਟਾਂ ਦਾ ਇਲਾਜ ਕਰਵਾ ਰਿਹਾ ਸੀ।
ਇਸ ਤਰ੍ਹਾਂ ਹੀ ਅਮਰੀਕਾ ਨਿਵੇਸ਼ਕਾਰਾਂ ਨੂੰ ਭਾਰਤ ’ਚ ਨਿਵੇਸ਼ ਕਰਨ (ਭਾਰਤ ’ਚ ਬਣਾਓ) ਦਾ ਸੱਦਾ ਦੇ ਕੇ ‘ਜਿੱਤ’ ਬਾਅਦ ਜਿਓਂ ਹੀ ਸਾਡੇ ਪ੍ਰਧਾਨ ਮੰਤਰੀ ਵਤਨ ਪਰਤੇ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੇਸ਼ ਲਈ ਦਿੱਤੇ ਜਾਂਦੇ ਆਪਣੇ ਹਫ਼ਤਾਵਾਰੀ ਰੇਡੀਓ ਭਾਸ਼ਣ ’ਚ ਕਿਹਾ ‘‘ਸੰਸਾਰ ’ਚ ਭਾਰਤ ਜਾਂ ਚੀਨ ਨਹੀਂ ਸਗੋਂ ਅਮਰੀਕਾ ਨਿਵੇਸ਼ ਲਈ ਸਭ ਤੋਂ ਖਿੱਚ ਭਰਪੂਰ ਦੇਸ਼ ਹੈ।’’ ਪ੍ਰਧਾਨ ਮੰਤਰੀ ਜੀ ਕਿਸ ਦੀ ਤੂਤੀ ਬੋਲ ਰਹੀ ਹੈ?
ਬਹਰਹਾਲ, ਹਫ਼ਤੇ ਵਿੱਚ ਇੱਕ ਵਾਰ ਰੇਡੀਓ ’ਤੇ ਦੇਸ਼ਵਾਸੀਆਂ ਨੂੰ ਸੰਬੋਧਿਤ ਕਰਨ ਦੀ ਅਮਰੀਕੀ ਰਾਸ਼ਟਰਪਤੀ ਓਬਾਮਾ ਦੀ ਰੀਤ ਸਾਡੇ ਪ੍ਰਧਾਨ ਮੰਤਰੀ ਵੀ ਨਾਲ ਲੈ ਆਏ ਹਨ। ਪ੍ਰਧਾਨ ਮੰਤਰੀ ਨੇ ਵਾਪਸ ਆ ਕੇ ਆਪਣਾ ਦੇਸ਼ ਦੇ ਨਾਮ ਸੰਬੋਧਨ 3 ਅਕਤੂਬਰ ਨੂੰ ਸ਼ੁਰੂ ਕੀਤਾ। ਸਰਕਾਰੀ ਤੌਰ ’ਤੇ ਇਹ ਗਾਂਧੀ ਜੈਯੰਤੀ ’ਤੇ ਹੋਣਾ ਮੰਨਿਆ ਗਿਆ ਸੀ। ਪਰ 3 ਅਕਤੂਬਰ ਨੂੰ ਵਿਜੇਦਸ਼ਮੀ ਵੀ ਪੈਂਦੀ ਸੀ। ਮੁੱਢ ਤੋਂ ਹੀ ਰਾਸ਼ਟਰੀ ਸਵੈਮ ਸੇਵਕ ਸੰਘ ਇਸ ਦਿਨ ਭਗਵਾ ਝੰਡਾ ਲਹਿਰਾਉਂਦਾ ਹੈ ਅਤੇ ਨਾਲ ਹੀ ਸੰਘ ਸਰਚਾਲਕ ਦਾ ਸਾਲਾਨਾ ਭਾਸ਼ਣ ਵੀ ਹੁੰਦਾ ਹੈ। ਆਰ.ਐਸ.ਐਸ ਨੂੰ ਨਾਰਾਜ਼ ਨਾ ਕਰਦਿਆਂ, ਕਿ ਕਿਤੇ ਪ੍ਰਧਾਨ ਮੰਤਰੀ ਨੂੰ ਆਰ.ਐਸ.ਐਸ ਮੁਖੀ ਦਾ ਕੰਮ ਕਰਨ ਵਾਲਾ ਨਾ ਸਮਝਿਆ ਜਾਵੇ, ਖੁਦਮੁਖਤਿਆਰ ਪ੍ਰਸਾਰ ਭਾਰਤੀ ਨੇ ਬੇਸ਼ਰਮੀ ਨਾਲ ਆਰ.ਐਸ.ਐਸ ਮੁਖੀ ਦਾ ਵਿਜੇਦਸ਼ਮੀ ਦਾ ਭਾਸ਼ਣ ਕੌਮੀ ਪੱਧਰ ’ਤੇ ਪ੍ਰਸ਼ਾਰਿਤ ਕੀਤਾ। ਹਰ ਤਰ੍ਹਾਂ ਨਾਲ ਇਹ ਕਾਰਵਾਈ ਮੁਨਾਸਿਬ ਠਹਿਰਾਈ ਜਾ ਰਹੀ ਹੈ, ਪਰ ਇਹ ਸਾਫ਼ ਹੈ ਕਿ ਪ੍ਰਸਾਰ ਭਾਰਤੀ ਨੂੰ ਆਰ.ਐਸ.ਐਸ ਤੇ ਭਾਰਤੀ ਜਨਤਾ ਪਾਰਟੀ ਦੀ ਪ੍ਰਚਾਰ ਸ਼ਾਖ਼ਾ ਤੱਕ ਸਮੇਟ ਦਿੱਤਾ ਗਿਆ ਹੈ।
ਧਰਮ ਨਿਰਪੱਖ ਤੇ ਜਮਹੂਰੀ ਭਾਰਤ ’ਚ, ਜਿੱਥੇ ਸਾਰੇ ਧਰਮਾਂ ਨੂੰ ਸੰਵਿਧਾਨਕ ਤੌਰ ’ਤੇ ਬਰਾਬਰ ਦੇ ਮੰਨਿਆ ਗਿਆ ਹੈ ਅਤੇ ਜਿੱਥੇ ਧਾਰਮਿਕ ਘਟ-ਗਿਣਤੀਆਂ ਦੇ ਅਧਿਕਾਰਾਂ ਦੀ ਜਾਮਨੀ ਹੈ, ਕੀ ਪ੍ਰਸਾਰ ਭਾਰਤੀ ਹੁਣ ਜਮਾਤ ਏ-ਇਸਲਾਮੀ, ਖਾਲਸਤਾਨੀਆਂ ਜਾਂ ਅਜਿਹੇ ਹੋਰਨਾਂ ਦੇ ਮੁਖੀਆਂ ਦੇ ਭਾਸ਼ਣ ਕੌਮੀ ਪੱਧਰ ’ਤੇ ਪ੍ਰਸਾਰਿਤ ਕਰਿਆ ਕਰੇਗੀ? ਮਹਾਤਮਾ ਗਾਂਧੀ ਦੀ ਹੱਤਿਆ ਤੋਂ ਬਾਅਦ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ) ’ਤੇ ਪਾਬੰਦੀ ਲਾਈ ਗਈ ਸੀ। ਇਸ ਤਰ੍ਹਾਂ ਹੀ ਜਮਾਤ-ਏ-ਇਸਲਾਮੀ ’ਤੇ ਵੀ ਪਹਿਲਾਂ ਪਾਬੰਦੀ ਲੱਗੀ ਸੀ। ਖਾਲਸਤਾਨੀ ਅਤੇ ਦੂਸਰੀਆਂ ਜਥੇਬੰਦੀਆਂ ਨੂੰ, ਜੋ ਭਾਰਤ ਨੂੰ ਵੰਡਣਾ ਚਾਹੁੰਦੀਆਂ ਹਨ, ਦੇਸ਼ ਵਿਰੋਧੀ ਜਥੇਬੰਦੀਆਂ ਸਮਝਿਆ ਜਾਂਦਾ ਹੈ। ਕੀ ਇਨ੍ਹਾਂ ਜਥੇਬੰਦੀਆਂ ਦੇ ਲੀਡਰਾਂ ਦੇ ਭਾਸ਼ਣਾਂ ਨੂੰ ਪ੍ਰਸਾਰਿਤ ਕਰਕੇ ਰਾਜ ਦੀ ਸਰਪ੍ਰਸਤੀ ਦੇ ਕੇ ਇਨ੍ਹਾਂ ਜਥੇਬੰਦੀਆਂ ਨੂੰ ਅਸੀਂ ਵੈਧ ਠਹਿਰਾਉਣਾ ਹੈ? ਇਹ ਤਦ ਤੱਕ ਉਕਾ ਹੀ ਪ੍ਰਵਾਨਯੋਗ ਨਹੀਂ ਹੈ ਜਦੋਂ ਤੱਕ ‘‘ਅਸੀਂ ਭਾਰਤ ਦੇ ਲੋਕ’’ ਆਪਣੇ ਸੰਵਿਧਾਨ ਪ੍ਰਤੀ ਪ੍ਰਤੀਬੱਧ ਰਹਿਦੇ ਹਾਂ।
ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਅਮਰੀਕੀ ਅਖ਼ਬਾਰ ‘ਵਾਸ਼ਿੰਗਟਨ ਪੋਸਟ’ ’ਚ ਰਾਸ਼ਟਰਪਤੀ ਓਬਾਮਾ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸਾਂਝੇ ਤੌਰ ’ਤੇ ਲਿਖਿਆ ਸੰਪਾਦਕੀ ਵੀ ਆਇਆ ਸੀ ‘ਚਲੇਂਗੇ ਸਾਥ ਸਾਥ। ਇਹ ਸਿਰਲੇਖ ਮਾਰਟਿਨ ਲੁਥਰ ਕਿੰਨ ਜੂਨੀਅਰ ਦੁਆਰਾ ਲੋਕਪਿ੍ਰਯ ਬਣਾਏ ਅਫਰੀਕੀ ਅਮਰੀਕੀ ਗੀਤ ਦੀ ਇਕ ਸਤਰ ‘ਵੀ ਸ਼ੈਲ ਓਵਕਰਕਮ’’ ਦਾ ਹਿੰਦੀ ਅਨੁਵਾਦ ਹੈ। ‘ਵੀ ਸ਼ੈਲ ਓਵਰ ਕਮ’-ਹਮ ਹੋਂਗੇ ਕਾਮਯਾਬ’ ਭਾਰਤ ’ਚ ਖੱਬੀਆਂ ਪਾਰਟੀਆਂ ਵੱਲੋਂ ਲੋਕਾਂ ਦੀ ਜਾਬਾਨ ’ਤੇ ਚੜਾਇਆ ਗਿਆ ਸੀ। ਇਸ ਨੂੰ ਐਮਰਜੈਂਸੀ ਦੌਰਾਨ ਸੰਜੇ ਗਾਂਧੀ ਨੇ ਹਥਿਆ ਲਿਆ ਸੀ, ਜਦੋਂ ਜਮਹੂਰੀ ਹੱਕਾਂ ਦਾ ਘਾਣ ਕੀਤਾ ਗਿਆ ਸੀ।
ਅਮਰੀਕਾ ’ਚ ਸਾਡੇ ਪ੍ਰਧਾਨ ਮੰਤਰੀ ਨੇ ਇਹ ਆਖਦਿਆਂ ਦਹਿਸ਼ਤਵਾਦ ਵਿਰੁਧ ਲੜਣ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਉਭਾਰਿਆ ਕਿ ਭਾਰਤ ‘ਬੁਰੇ ਦਹਿਸ਼ਤਵਾਦ’ ਅਤੇ ‘ਚੰਗੇ ਦਹਿਸ਼ਤਵਾਦ’ ’ਚ ਕੋਈ ਫ਼ਰਕ ਨਹੀਂ ਕਰਦਾ। ਬਾਅਦ ’ਚ ਜਲਦ ਹੀ ਇਸਰਾਇਲ ਦੇ ਪ੍ਰਧਾਨ ਮੰਤਰੀ ਬੇਜਾਂਮਿਨ ਨੇਤਨਯਾਹੂ ਨਾਲ ਸਾਡੇ ਪ੍ਰਧਾਨ ਮੰਤਰੀ ਨੇ ਇਕੱਲਿਆਂ ਮੁਲਕਾਤ ਕੀਤੀ। ਅਜਿਹੀਆਂ ਪਰਿਭਾਸ਼ਾਵਾਂ ਨਾਲ ਫਲਸਤੀਨੀਆਂ ’ਤੇ ਇਸਰਾਇਲੀ ਹਮਲਿਆਂ ਨੂੰ ਜਾਇਜ਼ ਠਹਿਰਾਇਆ ਜਾਂਦਾ ਹੈ। ਇਹ ਆਪਣਾ ਦੇਸ਼ ਰੱਖਣ ਦੇ ਫਲਸਤੀਨੀਆਂ ਦੇ ਬੁਨਿਆਦੀ ਅਧਿਕਾਰ ਤੋਂ ਇਨਕਾਰ ਕਰਨ ਵਾਲੀਆਂ ਹਨ। ਇਹ ਵੀ ਇਕ ਹੋਰ ਬਦਸ਼ਗਨੀ ਹੈ।
ਜੋ ਇਹ ਉਮੀਦ ਕਰਦੇ ਸਨ ਕਿ ਭਾਰਤ-ਅਮਰੀਕਾ ਦਾ ਸਾਂਝਾ ਬਿਆਨ ਬੀਤੇ ਨਾਲੋਂ ਸਪੱਸਟ ਤੌਰ ’ਤੇ ਅਗਾਂਹ ਦਾ ਪੜਾਅ ਤੈਅ ਕਰੇਗਾ, ਉਨ੍ਹਾਂ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਪਹਿਲਾਂ ਹੀ ਚੇਤਾਵਨੀ ਜਾਰੀ ਕਰ ਦਿੱਤੀ ਸੀ : ਭਾਰਤ ਤੇ ਅਮਰੀਕਾ ਦਰਮਿਆਨ ਦੀ ਇਹ ਸਿਖ਼ਰ ਵਾਰਤਾ ਸੀਮਤ ਏਜੰਡੇ ਵਾਲੀ ਹੈ : ਤਿੰਨ ਪ੍ਰਮੁੱਖ ਭਾਗ ਹਨ-ਇਕ ਦੂਸਰੇ ਨਾਲ ਜੋੜ-ਮੇਲ, ਰਿਸ਼ਤਿਆਂ ਲਈ ਪੇਸ਼ਗੀ ਦਰਿਸ਼ਟੀ ਅਤੇ ਵਿਭਿੰਨ ਖੇਤਰਾਂ ’ਚ ਸਹਿਯੋਗ’ ਇਸ ਦੀ ਥਾਂ ਜੋ ਸਾਹਮਣੇ ਆਇਆ ਉਹ ਸੀ ਵਿਸ਼ਵ ’ਚ ਤਾਬੇਦਾਰ ਭਾਈਵਾਲ ਵਜੋਂ ਭਾਰਤ ਨੂੰ ਅਮਰੀਕਾ ਦੇ ਵਧੇਰੇ ਨੇੜੇ ਖਿੱਚਦੀ ਭਾਰਤ-ਅਮਰੀਕੀ ਰਣਨੀਤਕ ਭਾਈਵਾਲੀ ਦਾ ਹੋਰ ਡੂੰਘਾ ਹੋਣਾ।
ਲਾਲ ਕਿਲ੍ਹੇ ਤੋਂ ਦਿੱਤੀ ਆਪਣੀ ਪਹਿਲੀ ਤਕਰੀਰ ’ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ‘ਮੇਡ ਇਨ ਇੰਡੀਆ’ (ਭਾਰਤ ’ਚ ਬਣਿਆ) ਨੂੰ ਆਪਣਾ ਨੀਤੀ ਵਾਕ ਦੱਸਿਆ ਸੀ। ਅਮਰੀਕਾ ’ਚ ਪ੍ਰਧਾਨ ਮੰਤਰੀ ਨੇ ਬਾਰ-ਬਾਰ ‘ਮੇਕ ਇਨ ਇੰਡੀਆ’ (ਭਾਰਤ ’ਚ ਬਣਾਓ) ਦਾ ਫਿਕਰਾ ਦੁਹਰਾਇਆ। ਪਹਿਲਾ ਭਾਰਤ ਦੇ ਘਰੇਲੂ ਸਨਅਤੀ ਆਧਾਰ ਦੇ ਮਜ਼ਬੂਤ ਹੋਣ ਦਾ ਐਲਾਨ ਕਰਦਾ ਹੈ ਜਦੋਂ ਕਿ ਦੂਸਰਾ ਵਿਦੇਸ਼ੀ ਨਿਵੇਸ਼ ਖਾਸ ਕਰ ਅਮਰੀਕੀ ਨਿਵੇਸ਼, ਨੂੰ ਖੁੱਲ੍ਹਾ ਸੱਦਾ ਦਿੰਦਾ ਹੈ। ਇਨ੍ਹਾਂ ਦਾ ਮੁੱਖ ਉਦੇਸ਼ ਹਮੇਸ਼ਾ ਮੁਨਾਫਾ ਵਧਾਉਣਾ ਹੀ ਰਹਿੰਦਾ ਹੈ, ਨਾ ਕਿ ਭਾਰਤ ਦੀ ਉਤਪਾਦਕ ਸਮਰਥਾ ਨੂੰ ਵਧਾਉਣਾ। ਸੋ ਮੁਨਾਫ਼ੇ ਵਧਾਉਣ ਲਈ ਸਾਡੀ ਮੰਡੀ, ਸਾਡੇ ਸਰੋਤਾਂ ਅਤੇ ਸਸਤੀ ਕਿਰਤ ਸ਼ਕਤੀ ਨੂੰ ਹੋਰ ਖੋਲਣ ਰਾਹੀਂ ਭਾਰਤ ਆਪਣੀ ਅਰਥਵਿਵਸਥਾ ਦਾ ਵਧੇਰੇ ਉਦਾਰੀਕਰਨ ਕਰਨ ਲਈ ਤਿਆਰ ਨਜ਼ਰ ਆਉਂਦਾ ਹੈ। ਇਹ ਭਾਰਤ ਦੇ ਲੋਕਾਂ ਦੇ ਦੁੱਖ ਵਧਾਉਣ ਦਾ ਪੱਕਾ ਨੁਸਖਾ ਹੈ।
ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਨੇ ਕੌਮੀ ਟੈਲੀਵਿਜ਼ਨ ਤੋਂ ਦਿੱਤੇ ਆਪਣੇ ਭਾਸ਼ਣ ’ਚ ਜਿਹਾਦੀ ਸਰਗਰਮੀਆਂ ਦੇ, ਖਾਸ ਕਰ ਕੇਰਲ ਤੇ ਤਾਮਿਲਨਾਡੂ ’ਚ ਵਧਣ ਅਤੇ ਇਕ ਖਾਸ ਭਾਈਚਾਰੇ ਦੇ ਪੱਛਮੀ ਬੰਗਾਲ ਤੇ ਅਸਾਮ ’ਚ ਗੈਰਕਾਨੂੰਨੀ ‘ਪ੍ਰਵਾਸ’ ਦੀ ਚੇਤਾਵਨੀ ਦਿੱਤੀ ਹੈ। ਫਿਰਕੂ ਧਰੁਵੀਕਰਨ ਤਿੱਖਾ ਕਰਨ ਦੇ ਇਨ੍ਹਾਂ ਯਤਨਾਂ ਦੇ ਨਾਲ ਹੀ ਲੋਕਾਂ ਨੂੰ ਆਪਣੀ ਕੌਮੀ ਹਿੰਦੂ ਪਹਿਚਾਣ ਦਾ ਫ਼ਖਰ ਬਹਾਲ ਕਰਨ ਲਈ ਕਿਹਾ ਜਾ ਰਿਹਾ ਹੈ। ਆਰ.ਐਸ.ਐਸ ਦੇ ਮੁਖੀ ਨੇ ਕਿਹਾ ਕਿ ਸਦੀਆਂ ‘ਹਿਮਾਲਿਆ ਅਤੇ ਸਮੁੰਦਰ’ ਦਰਮਿਆਨ ਫੈਲੇ ਵਿਸ਼ਾਲ ਖਿੱਤੇ ’ਚ ਨਿਰੰਤਰ ਚੱਲਦੀ ਰਹੀ ਕੌਮੀ ਸੋਚਣੀ ਨੂੰ ਹਿਦੁਤਵ ਵਜੋਂ ਜਾਣਿਆ ਗਿਆ ਹੈ। ਇੰਜ ਆਰ.ਐਸ.ਐਸ ਦੇ ਮੁਖੀ ਨੇ ਸਾਡੇ ਮਹਾਨ ਦੇਸ਼ ਦੇ ਮਿਲੇ ਜੁਲੇ ਗੰਗਾ ਜਮੁਨਾ ਵਿਕਾਸ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਸੋ ਏਜੰਡਾ ਸਪੱਸ਼ਟ ਹੈ : ਧਰਮਨਿਰਪੱਖ ਜਮਹੂਰੀ ਭਾਰਤੀ ਗਣਰਾਜ ਨੂੰ ਰਾਸ਼ਟਰੀ ਸਵੈਮ ਸੇਵਕ ਦੇ ਫਾਂਸੀਵਾਦੀ ਹਿੰਦੂ ਰਾਸ਼ਟਰ ਦੇ ਸੰਕਲਪ ’ਚ ਬਦਲਣਾ ਜਦੋਂ ਕਿ ਨਾਲ ਹੀ ਭਾਰਤ ਨੂੰ ਅਮਰੀਕੀ ਸਾਮਰਾਜਵਾਦ ਦੇ ਅਧੀਨਗੀ ਵਾਲੇ ਭਾਈਵਾਲ ਤੱਕ ਛੁਟਿਆਉਣਾ।