Wed, 30 October 2024
Your Visitor Number :-   7238304
SuhisaverSuhisaver Suhisaver

ਭਾਰਤ-ਜਪਾਨ ਪ੍ਰਮਾਣੂ ਸਮਝੌਤੇ ਦੇ ਖਤਰਿਆਂ ਤੋਂ ਜਾਣੂ ਕਰਵਾਉਂਦਾ ਨਰੇਂਦਰ ਮੋਦੀ ਦੇ ਨਾਮ ਫੁਕੂਸ਼ਿਮਾ ਤੋਂ ਇੱਕ ਖ਼ਤ

Posted on:- 08-10-2014

-ਯੂਕਿਕੋ ਤਾਕਾਹਾਸ਼ੀ, ਜਪਾਨ
ਅਨੁਵਾਦ : ਮਨਦੀਪ
ਸੰਪਰਕ: +91 98764 42052




(ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਕ ਪ੍ਰਮਾਣੂ ਸਮਝੌਤੇ ਨੂੰ ਅੰਤਿਮ ਰੂਪ ਦੇਣ ਜਪਾਨ ਗਏ। ਜਪਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਜਪਾਨੀ ‘ਚ ਟਵੀਟ ਕੀਤਾ ਸੀ ਜਿਸਦੀ ਮੀਡੀਆ ‘ਚ ਖੂਬ ਚਰਚਾ ਰਹੀ। ਪ੍ਰਮਾਣੂ ਊਰਜਾ ਵਿਰੋਧੀ ਸਰਗਰਮ ਕੁਮਾਰ ਸੁੰਦਰਮ ਅਨੁਸਾਰ ਭਾਰਤ-ਜਪਾਨ ਦੀ ਇਸ ਪ੍ਰਸਤਾਵਿਤ ਸੰਧੀ ਦਾ ਜਪਾਨ ਦੇ ਲੋਕਾਂ ‘ਚ ਡੂੰਘਾ ਵਿਰੋਧ ਹੈ। ਇਸਤੋਂ ਪਹਿਲਾਂ 28 ਅਗਸਤ ਨੂੰ ਜਪਾਨ ਦੇ ਫੁਕੂਸ਼ਿਮਾ ਤੋਂ ਇਕ ਔਰਤ ਯੂਕਿਕੋ ਤਾਕਾਹਾਸ਼ੀ ਨੇ ਨਰੇਂਦਰ ਮੋਦੀ ਦੇ ਨਾਮ ਇਕ ਖਤ ਭੇਜਿਆ ਸੀ। ਜਿਸ ਵਿਚ ਉਨ੍ਹਾਂ ਨੇ ਆਪਣੇ ਦੇਸ਼ ਦਾ ਹਾਲ ਦੱਸਦੇ ਹੋਏ ਮੋਦੀ ਨੂੰ ਕਿਹਾ ਸੀ ਕਿ ਉਹ ਭਾਰਤ ਦੇ ਸੱਭਿਆਚਾਰ ਨੂੰ ਪ੍ਰਮਾਣੂ ਊਰਜਾ ਨਾਲ ਤਬਾਹ ਨਾ ਕਰੇ। ਖਤ ਜਪਾਨੀ ਵਿਚ ਸੀ ਜਿਸਦੀ ਮੂਲ ਲਿਖਤ ਅਤੇ ਅੰਗਰੇਜੀ ਅਨੁਵਾਦ  DiaNuke.org  ਤੇ ਪ੍ਰਕਾਸ਼ਿਤ ਹੈ। ਇਸਦਾ ਹਿੰਦੀ ਅਨੁਵਾਦ ਮਾਸਿਕ ‘ਸਮਾਕਾਲੀ ਤੀਸਰੀ ਦੁਨੀਆ’ ‘ਚ ਪ੍ਰਕਾਸ਼ਿਤ ਹੋਇਆ ਜਿਸਦਾ ਪੰਜਾਬੀ ਅਨੁਵਾਦ ਇੱਥੇ ਦਿੱਤਾ ਜਾ ਰਿਹਾ ਹੈ - ਅਨੁਵਾਦਕ)



ਸੇਵਾ ਵਿਖੇ,
                        ਸ਼੍ਰੀ ਨਰੇਂਦਰ ਮੋਦੀ
                        ਪ੍ਰਧਾਨ ਮੰਤਰੀ, ਭਾਰਤ

ਪਿਆਰੇ ਪ੍ਰਧਾਨ ਮੰਤਰੀ ਜੀ,

                      ਮੇਰਾ ਘਰ ਫੁਕੂਸ਼ਿਮਾ ‘ਚ ਹੈ। ਮੈਂ ਭਾਰਤ-ਜਪਾਨ ਪ੍ਰਮਾਣੂ ਸੰਧੀ ਉੱਤੇ ਦਸਤਖਤ ਕਰਨ ਅਤੇ ਤੁਹਾਡੇ ਦੇਸ਼ ਵਿਚ ਪ੍ਰਮਾਣੂ ਊਰਜਾ ਦੀ ਸੰਖਿਆ ਵਧਾਉਣ ਦੀ ਤੁਹਾਡੀ ਯੋਜਨਾ ਨੂੰ ਲੈ ਕੇ ਆਪਣੀ ਗੰਭੀਰ ਚਿੰਤਾ ਜ਼ਾਹਰ ਕਰਨਾ ਚਾਹਾਂਗੀ।

ਕੀ ਤੁਹਾਨੂੰ ਪਤਾ ਹੈ ਕਿ ਫੁਕੂਸ਼ਿਮਾ ਦਾਈ-ਚੀ ਦੀ ਮੌਜੂਦਾ ਸਥਿਤੀ ਕੀ ਹੈ ? ਕ੍ਰਿਪਾ ਫੁਕੂਸ਼ਿਮਾ ਆ ਕੇ ਖੁਦ ਵੇਖ ਲਵੋ ਕਿ ਉੱਥੇ ਕੀ ਹੋ ਰਿਹਾ ਹੈ। ਤਿੰਨ ਸਾਲ ਤੋਂ ਜ਼ਿਆਦਾ ਹੋ ਗਏ ਇੱਥੇ ਪ੍ਰਮਾਣੂ ਹਾਦਸਾ ਹੋਇਆ, ਪਰ ਇਹ ਹੁਣ ਤੱਕ ਜਾਰੀ ਹੈ। ਮੌਜੂਦਾ ਸਮੇਂ ‘ਚ, ਇਹ ਤਾਂ ਬਸ ਸਮੱਸਿਆਵਾਂ ਦੀ ਸ਼ੁਰੂਆਤ ਭਰ ਹੀ ਹੈ।

ਰੇਡੀਓ ਕਿਰਨਾਂ ਨਾਲ ਦੂਸ਼ਿਤ ਪਾਣੀ ਹੁਣ ਵੀ ਸਮੁੰਦਰ ‘ਚ ਵਹਿ ਰਿਹਾ ਹੈ ਅਤੇ ਇਸਨੂੰ ਰੋਕਣ ਦੇ ਤਰੀਕਿਆਂ ਤੇ ਖੋਜ ਹਾਲ ਹੀ ਵਿਚ ਸ਼ੁਰੂ ਹੋਈ ਹੈ।

ਰੇਡੀਏਸ਼ਨ ਦਾ ਅਸਰ ਐਨਾ ਜ਼ਿਆਦਾ ਹੈ ਕਿ ਪਲਾਂਟ ਦੇ ਮਾਹਿਰ ਪ੍ਰਭਾਵ ਦੇ ਤੈਅ ਪੱਧਰ ਤੋਂ ਪਾਰ ਜਾ ਚੁੱਕੇ ਹਨ। ਲਿਹਾਜ਼ਾ ਇਸ ਤਬਾਹੀ ਨੂੰ ਕੰਟਰੋਲ ਕਰਨ ਲਈ ਇੱਥੇ ਲੋੜੀਂਦੇ ਕਰਮਚਾਰੀ ਵੀ ਨਹੀਂ ਹਨ।

ਸਾਨੂੰ ਦੱਸਿਆ ਗਿਆ ਹੈ ਕਿ ਫੁਕੂਸ਼ਿਮਾ ਦਾਈ-ਚੀ ਨੂੰ ਬੰਦ ਕਰਨ ‘ਚ 30 ਸਾਲ ਲੱਗ ਜਾਣਗੇ, ਪਰ ਮੌਜੂਦਾ ਹਾਲਤ ਵਿਚ ਦੱਸਣਾ ਅਸੰਭਵ ਹੈ ਕਿ ਇਸ ਹਾਦਸੇ ਨੂੰ ਕਦੋਂ ਤੱਕ ਕੰਟਰੋਲ ਕੀਤਾ ਜਾ ਸਕੇਗਾ।

ਫੁਕੂਸ਼ਿਮਾ ਦੇ ਮਛੇਰਿਆਂ ਦੀ ਰੋਜ਼ੀ-ਰੋਟੀ ਖੁਸ ਗਈ ਹੈ। ਸੁਨਾਮੀ ਤੋਂ ਕਿਸ਼ਤੀਆਂ ਨੂੰ ਬਚਾਉਣ ਲਈ ਜਿਨ੍ਹਾਂ ਲੋਕਾਂ ਨੇ ਆਪਣੀ ਜਾਨ ਜੋਖਿਮ ‘ਚ ਪਾਈ ਸੀ ਉਹ ਹੁਣ ਮੱਛੀ ਨਹੀਂ ਫੜ੍ਹ ਸਕਦੇ ਕਿਉਂਕਿ ਸਮੁੰਦਰ ਦੇ ਪਾਣੀ ‘ਚ ਰੇਡੀਓ ਐਕਟਿਵ ਕਿਰਨਾਂ ਦੇ ਤੱਤ ਮੌਜੂਦ ਹਨ। ਕੋਈ ਨਹੀਂ ਜਾਣਦਾ ਕਿ ਸਮੁੰਦਰ ਕਦੋਂ ਸਾਫ ਹੋਵੇਗਾ, ਦੁਬਾਰਾ ਇਹ ਜੀਵਨਦਾਤਾ ਕਦ ਬਣੇਗਾ।

ਫੁਕੂਸ਼ਿਮਾ ਦੇ ਕਿਸਾਨ ਵੀ ਕਿਰਨਾਂ ਤੋਂ ਪੀੜ੍ਹਤ ਹਨ ਜਿਸਦਾ ਅਸਰ ਘਟ ਨਹੀਂ ਰਿਹਾ। ਕਿਸੇ ਇਲਾਕੇ ਨੂੰ ਜੇਕਰ ਇਕ ਵਾਰ ਸਾਫ ਕਰ ਵੀ ਦਿੱਤਾ ਜਾਂਦਾ ਹੈ, ਅਸਥਾਈ ਤੌਰ ਤੇ ਵੀ ਕਿਰਨਾਂ ਦਾ ਅਸਰ ਘੱਟ ਜਾਂਦਾ ਹੈ, ਤਾਂ ਇਹ ਦੁਬਾਰਾ ਫਿਰ ਵਧਣ ਲੱਗ ਜਾਂਦਾ ਹੈ। ਕੀ ਉਹ ਦਿਨ ਕਦੇ ਆ ਸਕੇਗਾ, ਜਦੋਂ ਸਾਡੀ ਐਨੀ ਜ਼ਿਆਦਾ ਪ੍ਰਦੂਸ਼ਿਤ ਹੋ ਚੁੱਕੀ ਧਰਤੀ ਇਕ ਵਾਰ ਫਿਰ ਜਰਖੇਜ਼ ਬਣ ਸਕੇ ?

ਇਕ ਵਾਰ ਸੋਚ ਕੇ ਵੇਖੋ, ਕਿ ਜੋ ਕੰਮ ਤੁਹਾਡੇ ਲਈ ਐਨਾ ਮਾਇਨੇ ਰੱਖਦਾ ਹੈ ਉਸਨੂੰ ਗਵਾ ਦੇਣ ਤੇ ਤੁਹਾਨੂੰ ਕਿਵੇਂ ਮਹਿਸੂਸ ਹੋਵੇਗਾ। ਐਨੇ ਅਸਪੱਸ਼ਟ ਭਵਿੱਖ ਨਾਲ ਜਿਊਣਾ ਕਿੰਨਾ ਮੁਸ਼ਕਲ ਹੋਵੇਗਾ।

ਅਜਿਹੇ ਲੱਗਭਗ ਇਕ ਲੱਖ ਤੋਂ ਜਿਆਦਾ ਲੋਕ ਸਨ ਜਿੰਨ੍ਹਾਂ ਨੂੰ ਆਪਣੇ ਘਰ ਖਾਲੀ ਕਰਨੇ ਪਏ ਜਿੱਥੇ ਉਹ ਪੀੜੀਆਂ ਤੋਂ ਰਹਿ ਰਹੇ ਸਨ, ਕਿਉਂਕਿ ਹੁਣ ਉਨ੍ਹਾਂ ਦਾ ਘਰ “ਦੂਸ਼ਿਤ ਖੇਤਰ” ‘ਚ ਆ ਚੁੱਕਾ ਹੈ। ਇਨ੍ਹਾਂ ‘ਚ ਅਜਿਹੇ ਲੋਕ ਵੀ ਸਨ ਜਿਨ੍ਹਾਂ ਨੇ ਸਿਹਤ ਸਮੱਸਿਆਵਾਂ ਤੋਂ ਬਚਣ ਲਈ ਸਵੈ-ਇੱਛਾ ਨਾਲ ਆਪਣੇ ਘਰ ਛੱਡ ਦਿੱਤੇ।
ਪਰਿਵਾਰਾਂ ਦੇ ਪਰਿਵਾਰ ਵਿੱਛੜ ਗਏ ਅਤੇ ਇਹ ਸਾਰੇ ਲੋਕ ਅੱਜ ਛੋਟੇ-ਛੋਟੇ ਅਵਾਸ ਇਲਾਕਿਆਂ ਤੱਕ ਸਿਮਟ ਗਏ ਹਨ।

ਇਸ ਪ੍ਰਮਾਣੂ ਹਾਦਸੇ ‘ਚ ਅਸੀਂ ਆਪਣੀ ਜ਼ਿੰਦਗੀ, ਉਪਜੀਵਕਾ, ਘਰ, ਸਭ ਕੁਝ ਗਵਾ ਦਿੱਤਾ। ਉਹ ਸਾਰੀਆਂ ਚੀਜਾਂ ਗਵਾ ਦਿੱਤੀਆਂ ਜਿੰਨ੍ਹਾਂ ਲਈ ਇਨਸਾਨ ਜਿਊਂਦਾ ਹੈ। ਮੈਂ ਸ਼ਰਤ ਲਗਾ ਸਕਦੀ ਹਾਂ ਕਿ ਤੁਸੀਂ ਇਹੀ ਸੋਚਦੇ ਹੋਵੋਂਗੇ ਕਿ ਇਸ ਹਾਦਸੇ ‘ਚ ਤਾਂ ਕੋਈ ਨਹੀਂ ਮਰਿਆ। ਜੇਕਰ ਇਹ ਕੇਵਲ ਭੂਚਾਲ ਜਾਂ ਸੁਨਾਮੀ ਹੁੰਦੀ, ਤਾਂ ਫਸੇ ਹੋਏ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ। ਕਿਉਂਕਿ ਇੱਥੇ ਪ੍ਰਮਾਣੂ ਹਾਦਸਾ ਹੋਇਆ ਸੀ, ਇਸ ਲਈ ਬਚਾਅ ਦਲ ਉੱਚੇ ਪ੍ਰਭਾਵ ਵਾਲੇ ਵਿਕਿਰਨ ਖੇਤਰਾਂ ‘ਚ ਜਾ ਹੀ ਨਹੀਂ ਸਕੇ। ਉਨ੍ਹਾਂ ਨੂੰ ਫਸੇ ਹੋਏ ਲੋਕਾਂ ਦੀਆਂ ਚੀਕਾਂ-ਪੁਕਾਰਾਂ ਸੁਣਾਈ ਦਿੰਦੀਆਂ ਰਹੀਆਂ, ਇਸਦੇ ਬਾਵਜੂਦ ਉਹ ਕੋਈ ਜਵਾਬ ਨਹੀਂ ਦੇ ਸਕੇ।

ਜਪਾਨ ‘ਚ ਸਾਨੂੰ 40 ਸਾਲ ਤੋਂ ਦੱਸਿਆ ਜਾਂਦਾ ਰਿਹਾ ਕਿ ਨਿਊਕਲੀਅਰ ਪਲਾਂਟ ‘ਪੂਰੀ ਤਰ੍ਹਾਂ ਸੁਰੱਖਿਅਤ’ ਹੈ। ਇਸਦੇ ਬਾਵਜੂਦ ਹਾਦਸਾ ਹੋਇਆ। ਐਨਾ ਹੀ ਨਹੀਂ, ਇਸ ਹਾਦਸੇ ਦਾ ਕਾਰਨ ਹੁਣ ਵੀ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਅਤੇ ਤਬਾਹੀ ਜਾਰੀ ਹੈ। ਕੋਈ ਨਹੀਂ ਜਾਣਦਾ ਕਿ ਇਹ ਸਿਲਸਿਲਾ ਕਦੋਂ ਰੁਕੇਗਾ।

ਅਸੀਂ ਵੇਖਿਆ ਹੈ ਕਿ ‘ਪ੍ਰਮਾਣੂ ਊਰਜਾ ਦਾ ਸਵੱਛ ਊਰਜਾ’ ਹੋਣਾ ਵੀ ਇਕ ਝੂਠ ਹੈ।ਪ੍ਰਮਾਣੂ ਊਰਜਾ ਯੰਤਰ ਨੂੰ ਲਗਾਤਾਰ ਠੰਡਾ ਕੀਤਾ ਜਾਣਾ ਜਰੂਰੀ ਹੁੰਦਾ ਹੈ। ਇਸ ਵਿਚ ਸਮੁੰਦਰ ਦਾ ਪਾਣੀ ਕੰਮ ਆਉਂਦਾ ਹੈ ਜੋ ਠੰਡਾ ਕਰਨ ਤੋਂ ਬਾਅਦ ਉੱਚ ਤਾਪਮਾਨ ਨਾਲ ਵਾਪਸ ਸਮੁੰਦਰ ‘ਚ ਪੰਪ ਕਰ ਦਿੱਤਾ ਜਾਂਦਾ ਹੈ। ਪ੍ਰਮਾਣੂ ਊਰਜਾ ਪਲਾਂਟ ਨਾਲ ਸਮੁੰਦਰ ਦਾ ਤਾਪਮਾਨ ਵੱਧਦਾ ਹੈ। ਇਹ ਇਕ ਤੱਥ ਹੈ ਕਿ ਜਦੋਂ ਤੋਂ ਫੁਕੁਈ ਪ੍ਰਿਫੇਕਚਰ ‘ਚ ਇਸ ਊਰਜਾ ਯੰਤਰ ਨੂੰ ਬੰਦ ਕੀਤਾ ਗਿਆ ਹੈ, ਸਮੁੰਦਰ ਦੇ ਆਸਪਾਸ ਕੁਦਰਤੀ ਵਾਤਾਵਰਣ ਪ੍ਰਬੰਧ ਨਵੇਂ ਸਿਰੇ ਤੋਂ ਬਹਾਲ ਹੋਇਆ ਹੈ।

ਪ੍ਰਮਾਣੂ ਊਰਜਾ ਬਹੁਤ ਖਰਚੀਲੀ ਵੀ ਹੁੰਦੀ ਹੈ। ਈਂਧਨ ਅਤੇ ਸਾਂਭ-ਸੰਭਾਲ ਦਾ ਤਾਂ ਜੋ ਖਰਚ ਹੈ, ਉਹ ਹੈ ਹੀ ਪਰ ਜੇਕਰ ਕਿਤੇ ਕੋਈ ਹਾਦਸਾ ਹੋ ਗਿਆ ਤਾਂ ਮੁਆਵਜੇ ਦੇ ਤੌਰ ਤੇ ਦਿੱਤੀ ਜਾਣ ਵਾਲੀ ਰਕਮ ਬਹੁਤ ਵੱਡੀ ਹੁੰਦੀ ਹੈ।

ਅਤੇ ਆਖਰੀ ਗੱਲ ਇਹ ਕਿ ਫਰਾਂਸ ਜਿਹੇ ਵਿਕਸਿਤ ਦੇਸ਼ ਵੀ ਹੁਣ ਤੱਕ ਪ੍ਰਮਾਣੂ ਕਚਰੇ ਦਾ ਕੋਈ ਰਾਹ ਨਹੀਂ ਲੱਭ ਸਕੇ। ਜਪਾਨ ‘ਚ ਤਾਂ ਅਸੀਂ ਉਸ ਕਚਰੇ ਨੂੰ ਆਓਮੋਰੀ ਪ੍ਰਿਫੇਕਚਰ ਸਥਿਤ ਰੁਕਾਸ਼ੋ-ਮੁਰਾ ਸੁਵਿਧਾ ਕੇਂਦਰ ‘ਤੇ ਇਕੱਠਾ ਕਰਦੇ ਆਏ ਹਾਂ- ਇਸਦੇ ਇਲਾਵਾ ਹੋਰ ਕੋਈ ਤਰੀਕਾ ਵੀ ਨਹੀਂ ਹੈ।

ਪ੍ਰਮਾਣੂ ਹਾਦਸੇ ‘ਚ ਜੋ ਭਾਰੀ ਕਚਰਾ ਪੈਦਾ ਹੁੰਦਾ ਹੈ...ਰੇਡੀਓਐਕਟਿਵ ਤੱਤਾਂ ਨਾਲ ਪ੍ਰਦੂਸ਼ਿਤ ਧਰਤੀ ਅਤੇ ਹੋਰ ਚੀਜਾਂ ਨੂੰ ਤਾਂ ਫਿਰ ਵੀ ਜਲਾਇਆ ਜਾ ਸਕਦਾ ਹੈ, ਪਰ ਤੁਸੀਂ ਬਚੀ ਹੋਈ ਭਾਰੀ ਰੇਡੀਓਐਕਟਿਵ ਸਵਾਹ ਦਾ ਕੀ ਕਰੋਗੇ ? ਫਿਲਹਾਲ ਤਾਂ ਸਥਿਤੀ ਇਹੀ ਹੈ ਕਿ ਇਸਨੂੰ ਸੜਕ ਕਿਨਾਰੇ ਛੱਡ ਦਿੱਤਾ ਗਿਆ ਹੈ ਜਾਂ ਫਿਰ ਫੁਕੂਸ਼ਿਮਾ ਦੇ ਪੁਰਾਣੇ ਵਿਸ਼ਾਲ ਤੇ ਸੁੰਦਰ ਘਰਾਂ ‘ਚ ਛੱਡ ਦਿੱਤਾ ਗਿਆ ਹੈ।

ਰੇਡੀਓਐਕਟਿਵ ਤੱਤਾਂ ਤੇ ਮਨੁੱਖ ਦਾ ਕੰਟਰੋਲ ਨਹੀਂ ਹੁੰਦਾ। ਇਨਸਾਨ ਨੂੰ ਚੇਰਨੋਬਿਲ ਅਤੇ ਫੁਕੂਸ਼ਿਮਾ ਦੇ ਹਾਦਸਿਆਂ ਤੋਂ ਇਹ ਸਬਕ ਸਿੱਖ ਲੈਣਾ ਚਾਹੀਦਾ ਹੈ ਹੈ। ਦਰੱਖਤਾਂ ਤੇ ਚੜਨਾ, ਨਦੀ ਕਿਨਾਰੇ ਆਰਾਮ ਕਰਨਾ, ਸਮੁੰਦਰ ਤਟ ਤੇ ਖੇਡਣਾ ਅਜਿਹੀਆਂ ਸਧਾਰਨ ਚੀਜਾਂ ਵੀ ਹੁਣ ਮੇਰੇ ਸ਼ਹਿਰ ‘ਚ ਸੰਭਵ ਨਹੀਂ ਰਹਿ ਗਈਆਂ। ਮੇਰੇ ਬੱਚੇ ਤਾਂ ਖੈਰ ਹੁਣ ਇਹ ਕੰਮ ਨਹੀਂ ਕਰ ਪਾਉਣਗੇ ਕਿਉਂਕਿ ਉਹ ਰੇਡੀਓਐਕਟਿਵ ਨਾਲ ਘਿਰੇ ਹੋਏ ਹਨ। ਕੋਈ ਜਾਣਦਾ ਕਿ ਭਵਿੱਖ ‘ਚ ਇਸਦਾ ਉਨ੍ਹਾਂ ਤੇ ਕੀ ਅਸਰ ਹੋਵੇਗਾ।

ਮਾਵਾਂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਦੇ ਦੁੱਧ ‘ਚ ਰੇਡੀਓਐਕਟਿਵ ਪਦਾਰਥ ਨਾ ਘੁਲ ਗਏ ਹੋਣ। ਵਿਕਿਰਨਾਂ ਦੇ ਪ੍ਰਭਾਵ ‘ਚ ਆਈਆਂ ਕੁੜੀਆਂ ਨੂੰ ਸੰਕਾ ਹੈ ਕਿ ਉਹ ਕਦੀ ਬੱਚੇ ਜੰਮ ਸਕਣਗੀਆਂ ਜਾਂ ਨਹੀਂ।

ਹੋ ਸਕਦਾ ਹੈ ਕਿ ਇਹ ਸਭ ਕਿਸੇ ਵਿਗਿਆਨ ਦੇ ਗਲਪ ਜਿਹਾ ਲੱਗਦਾ ਹੋਵੇ, ਪਰ ਫੁਕੂਸ਼ਿਮਾ ‘ਚ ਫਿਲਹਾਲ ਜ਼ਿੰਦਗੀ ਐਸੀ ਹੀ ਹੈ। ਅਤੇ ਕੇਵਲ ਫੁਕੂਸ਼ਿਮਾ ਹੀ ਦੂਸ਼ਿਤ ਨਹੀਂ ਹੈ। ਰੇਡੀਓਐਕਟਿਵ ਪਦਾਰਥਾਂ ਦੇ ਮਹੀਨ ਕਣ ਤਕਰੀਬਨ ਸਮੁੱਚੇ ਪੂਰਬੀ ਜਪਾਨ ‘ਚ ਖਿੰਡ ਚੁੱਕੇ ਹਨ।

ਹਵਾ ‘ਚ ਸਾਹ ਲੈਂਦੇ ਹੋਏ, ਖਾਣਾ ਖਾਂਦੇ ਹੋਏ ਜਾਂ ਘਾਹ ਤੇ ਲੇਟੇ ਹੋਏ ਸੁਰੱਖਿਅਤ ਮਹਿਸੂਸ ਕਰਨ ਵਰਗੀਆਂ ਰੋਜਾਨਾਂ ਦੀਆਂ ਸਧਾਰਨ ਚੀਜਾਂ ਵੀ ਹੁਣ ਅਸੀਂ ਨਹੀਂ ਕਰ ਪਾਉਂਦੇ, ਜੋ ਕਿ ਸਾਡੇ ਵਜੂਦਾ ਦਾ ਸਹਿਜ ਹਿੱਸਾ ਹਨ।

ਕੀ ਤੁਸੀਂ ਭਾਰਤ ‘ਚ ਏਹੀ ਕਰਨਾ ਚਾਹੁੰਦੇ ਹੋ ? ਮੈਂ ਤੁਹਾਡੇ ਦੇਸ਼ ਕਦੇ ਨਹੀਂ ਗਈ ਪਰ ਮੈਨੂੰ ਭਾਰਤੀ ਚੀਜਾਂ ਪਸੰਦ ਹਨ, ਖਾਸਕਰ ਭਾਰਤ ਦਾ ਖਾਣਾ। ਇਸ ਵਿਚ ਦਿਲਚਸਪੀ ਦੇ ਚੱਲਦੇ ਹੀ ਮੈਂ ਕੁਝ ਜਾਣਕਾਰੀ ਜੁਟਾਈ ਹੈ ਅਤੇ ਭਾਰਤ ਬਾਰੇ ਮੇਰੀ ਇਕ ਧਾਰਨਾ ਵਿਕਸਿਤ ਹੋਈ ਹੈ। ਮੈਨੂੰ ਲਗਦਾ ਹੈ ਕਿ ਭਾਰਤ ਇਕ ਬੇਹੱਦ ਸੱਭਿਆਚਾਰ ਸਪੰਨ ਦੇਸ਼ ਰਿਹਾ ਹੈ।

ਪ੍ਰਮਾਣੂ ਊਰਜਾ ਇਸ ਸੱਭਿਆਚਾਰ ਨੂੰ ਤਬਾਹ ਕਰ ਦੇਵੇਗੀ। ਕਿਉਂ ? ਕਿਉਂਕਿ ਇਹ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰ ਦਿੰਦੀ ਹੈ, ਜਿਸਦਾ ਸੱਭਿਆਚਾਰ ਨਾਲ ਨਹੁੰ-ਮਾਸ ਦਾ ਰਿਸ਼ਤਾ ਹੁੰਦਾ ਹੈ।

ਫੁਕੂਸ਼ਿਮਾ ‘ਚ ਬਿਲਕੁਲ ਇਹੀ ਤਾਂ ਹੋਇਆ ਹੈ ਅਤੇ ਮੈਂ ਇਸਦੀ ਗਵਾਹ ਹਾਂ। ਇਹ ਗੱਲ ਮੈਂ ਤੁਹਾਨੂੰ ਪੂਰੀ ਇਮਾਨਦਾਰੀ ਨਾਲ ਕਹਿ ਰਹੀ ਹਾਂ।

ਭਾਰਤ ਦੇ ਚਮਕਦਾਰ ਭਵਿੱਖ ਲਈ ਨਿਊਕਲੀਅਰ ਊਰਜਾ ਜ਼ਰੂਰੀ ਨਹੀਂ ਹੈ। ਜੇਕਰ ਤੁਹਾਨੂੰ ਫਿਰ ਵੀ ਲੱਗਦਾ ਹੈ ਕਿ ਇਹ ਜ਼ਰੂਰੀ ਹੈ, ਤਾਂ ਤੁਸੀਂ ਫੁਕੂਸ਼ਿਮਾ ਆਓ ਅਤੇ ਇੱਥੋਂ ਦੀ ਹਕੀਕਤ ਨੂੰ ਆਪਣੀ ਨੰਗੀ ਅੱਖ ਨਾਲ ਖੁਦ ਵੇਖ ਲਵੋ।

ਧੰਨਵਾਦੀ
ਯੂਕਿਕੋ ਤਾਕਾਹਾਸ਼ੀ, ਜਪਾਨ



Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ