ਬਦਲੇ ਸਿਆਸੀ ਦਿ੍ਰਸ਼ ’ਚ ਭਾਰਤੀ ਜਨਤਾ ਪਾਰਟੀ -ਵਰਗਿਜ਼ ਕੇ ਜ਼ਾਰਜ਼
Posted on:- 07-10-2014
ਅਮਿਤ ਸ਼ਾਹ ਨੂੰ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਛੇਤੀ ਹੀ ਪਾਰਟੀ ਦੇ ਨਵੇਂ ਪਾਰਲੀਮੈਂਟਰੀ ਬੋਰਡ ਦਾ ਐਲਾਨ ਕੀਤਾ ਗਿਆ ਜਿਸ ਤੋਂ ਸਪਸ਼ੱਟ ਹੋ ਗਿਆ ਕਿ ਪਾਰਟੀ ਦੀ ਵਾਗਡੋਰ ਹੁਣ ਪੁਰਾਣੀ ਪੀੜ੍ਹੀ ਦੇ ਹੱਥੋਂ ਨਿਕਲ ਕੇ ਨਵੀਂ ਪੀੜ੍ਹੀ ਦੇ ਹੱਥ ਚਲੀ ਗਈ ਹੈ। ਸਾਲ 2009 ਵਿਚ ਪਾਰਟੀ ਦੀ ਸਥਿਤੀ ਬਹੁਤ ਡਾਵਾਂਡੋਲ ਸੀ ਪਰ 2014 ਦੀਆਂ ਚੋਣਾਂ ਬਾਅਦ ਸੱਤਾ ’ਤੇ ਕਾਬਜ਼ ਹੋ ਗਈ। ਪ੍ਰਗਤੀ ਵਾਕਿਆ ਹੀ ਹੈਰਾਨੀਜਨਕ ਹੈ। ਅਸਲ ਵਿਚ 2012 ਤੱਕ, ਜਦ ਅੰਨਾ ਹਜ਼ਾਰੇ ਦੀ ਭਿ੍ਰਸ਼ਟਾਚਾਰ ਵਿਰੁਧ ਮੁਹਿੰਮ ਸ਼ੁਰੂ ਹੁੰਦੀ ਹੈ, ਪਾਰਟੀ ਦੇ ਸਿਤਾਰੇ ਗਰਦਸ਼ ਵਿਚ ਹੀ ਸਨ। ਇਸ ਮੁਤਾਬਕ ਸੋਚੀਏ ਤਾਂ ਪਾਰਟੀ ਨੇ ਜਬਰਦਸਤ ਤਰੱਕੀ ਕਰ ਕੇ ਸਿਰਫ਼ ਦੋ ਸਾਲਾਂ ਵਿਚ ਹੀ, ਇਕ ਪੂਰਾ ਦਹਾਕਾ ਕਿਨਾਰੇ ’ਤੇ ਰਹਿਣ ਤੋਂ ਬਾਅਦ, ਦੇਸ਼ ਦੀ ਨੰਬਰ ਇਕ ਸਿਆਸੀ ਪਾਰਟੀ ਦਾ ਰੁਤਬਾ ਹਾਸਲ ਕਰ ਲਿਆ ਹੈ।
ਭਾਜਪਾ, ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ ਹਰਿਆਣਾ ਤੇ ਮਹਾਂਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਲੜ ਰਹੀ ਹੈ ; ਤਿੰਨ ਅਜਿਹੇ ਪਹਿਲੂ ਹਨ ਜੋ ਭਗਵੀਂ ਪਾਰਟੀ ਨੂੰ ਇਸ ਦੇ ਪਹਿਲੇ ਸਵਰੂਪ ਤੋਂ ਅਲੱਗ ਕਰਦੇ ਹਨ।
ਕੇਂਦਰੀ ਧਰੁਵ ਦਾ ਖਿਸਕਣਾ ਨਵੇਂ ਰੂਪ ਦੀ ਪਹਿਲੀ ਵਿਸ਼ੇਸ਼ਤਾਈ ਹੈ ਕਿ ਪਾਰਟੀ ਦੀ ਸ਼ਕਤੀ ਦਾ ਧੁਰਾ ਪ੍ਰਾਂਤਾਂ ਤੋਂ ਬਦਲ ਕੇ ਕੇਂਦਰ ਵਿਚ ਚਲਾ ਗਿਆ ਹੈ। ਅਟਲ ਬਿਹਾਰੀ ਵਾਜਪਾਈ ਦੇ ਸਿਆਸੀ ਮੰਚ ਤੋਂ ਗਾਇਬ ਹੋ ਜਾਣ ਤੋਂ ਬਾਅਦ ਸੂਬਾ ਨੇਤਾਵਾਂ ਦੀ ਤਾਕਤ ਵਧਣੀ ਸ਼ੁਰੂ ਹੋ ਗਈ, ਲਾਲ ਕਿ੍ਰਸ਼ਨ ਅਡਵਾਨੀ ਦੀ ਸ਼ਕਤੀ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ। 2009 ਤੋਂ ਲੈ ਕੇ ਜਦੋਂ ਤੱਕ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਭਾਜਪਾ ਦੀ ਕੋਈ ਮਜ਼ਬੂਤ ਕੇਂਦਰੀ ਲੀਡਰਸ਼ਿਪ ਨਜ਼ਰ ਨਹੀਂ ਆਉਂਦੀ ਜਿਸ ਦਾ ਕਿ ਸਾਰੇ ਦੇਸ਼ ਵਿਚ ਹੁਕਮ ਚਲਦਾ ਹੋਵੇ।
ਪਾਰਟੀ ਦੀ ਸ਼ਕਤੀ ਦਾ ਪ੍ਰਦਰਸ਼ਨ ਖੇਤਰੀ ਨੇਤਾ ਹੀ ਕਰ ਰਹੇ ਸਨ : ਨਰੇਂਦਰ ਮੋਦੀ, ਰਮਨ ਸਿੰਘ, ਯੇਦੂਰੱਪਾ, ਸ਼ਿਵਰਾਜ ਚੌਹਾਨ, ਵਸੁੰਧਰਾਰਾਜੇ ਸਿੰਧੀਆ, ਰਾਜਨਾਥ ਸਿੰਘ, ਨਿਤਿਨ ਗਡਕਰੀ, ਗੋਪੀਨਾਥ ਮੁੰਡੇ, ਕਲਿਆਨ ਸਿੰਘ, ਓਮਾ ਭਾਰਤੀ ਆਦਿ ਨੇਤਾਵਾਂ ਨੇ ਆਪਣੇ-ਆਪਣੇ ਖੇਤਰਾਂ ਵਿਚ ਅਸਰ ਬਣਾਇਆ ਹੋਇਆ ਸੀ। ਉਨ੍ਹਾਂ ਵਿੱਚੋਂ ਇਕ ਮੋਦੀ, ਪਾਰਟੀ ਦਾ ਕੌਮੀ ਨੇਤਾ ਬਣਨ ਵਿੱਚ ਕਾਮਯਾਬ ਹੋਇਆ ਤੇ ਪਾਰਟੀ ਦਾ ਸਾਰਾ ਸਰੂਪ ਹੀ ਬਦਲ ਗਿਆ। ਪਾਰਟੀ ਦਾ ਕੇਂਦਰੀਕਰਨ ਹੋ ਗਿਆ ਹੈ ਜੋ ਪਹਿਲਾਂ ਕਦੇ ਨਹੀਂ ਸੀ ; ਪੂਰੀ ਬੁਲੰਦੀ ’ਤੇ ਹੁੰਦਿਆਂ ਵੀ ਵਾਜਪਾਈ ਕੋਲ ਕਦੇ ਪੂਰਾ ਕੰਟਰੋਲ ਨਹੀਂ ਸੀ, ਇਹ 2002 ਵਿਚ ਜ਼ਾਹਿਰ ਹੋ ਗਿਆ ਸੀ ਜਦ ਉਹ ਪੂਰੀ ਕੋਸ਼ਿਸ਼ ਦੇ ਬਾਵਜੂਦ ਨਰੇਂਦਰ ਮੋਦੀ ਨੂੰ ਗੁਜ਼ਰਾਤ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਨਹੀਂ ਸੀ ਸਕਿਆ। ਹੁਣ ਹਰਿਆਣਾ ਤੇ ਮਹਾਂਰਾਸ਼ਟਰ ਸੂਬਿਆਂ ਦੀਆਂ ਚੋਣਾਂ ਵਿੱਚ ਉਹ ਨੀਤੀ ਤਿਆਗ ਦਿੱਤੀ ਗਈ ਹੈ। ਦੋਹਾਂ ਸੂਬਿਆਂ ਵਿੱਚ ਪਾਰਟੀ ਦਾ ਮੁੱਖ ਮੰਤਰੀ ਅਹੁਦੇ ਦਾ ਕੋਈ ਘੋਸ਼ਿਤ ਉਮੀਦਵਾਰ ਨਹੀਂ ਹੈ। ਪਾਰਟੀ ਨੇ ਇਹ ਸੰਕੇਤ ਵੀ ਦਿੱਤਾ ਹੈ ਕਿ ਝਾਰਖੰਡ ਤੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਜਾਵੇਗਾ। ਮੋਦੀ ਹੀ ਵੋਟਰਾਂ ਨੂੰ ਖਿੱਚਣ ਦੇ ਲਈ ਪਾਰਟੀ ਦਾ ਮੁੱਖ ਚੁੰਬਕ ਹੋਵੇਗਾ।
ਭਾਰਤੀ ਜਨਤਾ ਪਾਰਟੀ ਦੇ ਨਵੇਂ ਰੂਪ ਦਾ ਦੂਸਰਾ ਪਹਿਲੂ ਪਹਿਲੇ ਦੀ ਹੀ ਦੇਣ ਹੈ-ਕੇਂਦਰ ਵਿੱਚ ਸ਼ਕਤੀ ਦੀ ਵਰਤੋਂ ਦਾ ਰੂਪ। ਪਾਰਟੀ ਦੀਆਂ ਸਾਰੀਆਂ ਸ਼ਕਤੀਆਂ ਦੋ ਵਿਅਕਤੀਆਂ ਦੇ ਹੱਥਾਂ ਵਿਚ ਸਿਮਟ ਰਹੀਆਂ ਹਨ-ਸ੍ਰੀ ਮਾਨ ਮੋਦੀ ਅਤੇ ਅਮਿਤ ਸ਼ਾਹ। ਪਾਰਟੀ ਜਥੇਬੰਦੀ ਦੇ ਅਹੁਦੇਦਾਰਾਂ, ਮੰਤਰੀਆਂ, ਸੰਸਦ ਮੈਂਬਰਾਂ ਦੇ ਪੱਲੇ ਕੁਝ ਖਾਸ ਨਹੀਂ ਬਚਿਆ ਹੈ। ਸੰਸਦ ਮੈਂਬਰਾਂ ਵਿਚ ਇਹ ਮਜ਼ਾਕ ਪ੍ਰਚਲੱਤ ਹੈ ਕਿ ਉਹ ਆਪਣੇ ਬੰਗਲਿਆਂ ’ਚੋਂ ਅਕਸਰ ਗਾਇਬ ਰਹਿੰਦੇ ਹਨ ਕਿਉਂਕਿ ਹਲਕਿਆਂ ਤੋਂ ਕੰਮ ਲਈ ਆਏ ਲੋਕਾਂ ਨੂੰ ਕੀ ਜਵਾਬ ਦੇਣਗੇ? ਮੰਤਰੀ ਮੈਂਬਰ ਤੇ ਪਾਰਟੀ ਅਹੁਦੇਦਾਰ ਬਗਾਵਤ ਵੀ ਨਹੀਂ ਕਰ ਸਕਦੇ ਕਿਉਕਿਂ ਇਕ ਤਾਂ ਉਨ੍ਹਾਂ ਦਾ ਆਪਣਾ ਕੋਈ ਠੋਸ ਰਾਜਸੀ ਜਨ-ਆਧਾਰ ਨਹੀਂ ਹੈ ; ਹੋਰ ਜਿਆਦਾ ਦੀ ਇੱਛਾ ਤਾਂ ਕੀ ਕਰਨੀ ਹੈ, ਛੇਤੀ ਹੀ ਜੋ ਕੁਝ ਹੈ ਉਸ ਨੂੰ ਸਾਂਭਣ ਦੇ ਲਈ ਸੰਘਰਸ਼ ਕਰਨਾ ਪਵੇਗਾ। ਬਾਗੀ ਸੁਰ ਨੂੰ ਚੁੱਪ ਕਰਾਉਣ ਦੇ ਗੁਜ਼ਰਾਤ ਮਾਡਲ ਨੂੰ ਦੇਖਦੇ ਹੋਏ, ਮੈਂਬਰਾਂ ਦੇ ਸਿਰ ’ਤੇ 2019 ਵਿਚ ਛੁੱਟੀ ਹੋਣ ਦਾ ਡਰ ਵੀ ਮੰਡਰਾਉਂਦਾ ਹੈ।
ਭਾਈਵਾਲਾਂ ਨਾਲ ਰਵਈਆ ਵੀ ਬਦਲਿਆ ਹੈ। ਸੰਘ ਪਰਿਵਾਰ ਦੀ ਕਿਸੇ ਇਕ ਖੇਤਰ ਵਿਚ ਆਪਣਾ ਸਿਆਸੀ ਦਬਦਬਾ ਕਾਇਮ ਕਰਨ ਦੇ ਲਈ ਸਥਾਨਕ ਪਾਰਟੀਆਂ ਨਾਲ ਗਠਜੋੜ ਦੀ ਪ੍ਰਕਿਰਿਆ ਤਿੰਨ ਪੜਾਵਾਂ ਵਿਚੋਂ ਦੀ ਗੁਜ਼ਰਦੀ ਹੈ। ਪਹਿਲੇ ਪੜਾਅ ਵਿਚ ਭਾਜਪਾ ਦੀ ਮਾਂ-ਪਾਰਟੀ ਜਨ-ਸੰਘ ਨੇ ਤਾਂ ਆਪਣੀ ਪਹਿਚਾਣ ਦੀ ਕੁਰਬਾਨੀ ਦੇ ਦਿੱਤੀ ਸੀ, ਜਨਤਾ ਪਾਰਟੀ ਵਿਚ ਰਲ ਗਈ ਸੀ, ਕਿਉਂਕਿ ਸੰਘ ਪਰਿਵਾਰ ਦੇ ਮਹਾਤਮਾ ਗਾਂਧੀ ਦੀ ਹੱਤਿਆ ਵਿਚ ਸ਼ਾਮਲ ਹੋਣ ਦੇ ਦੋਸ਼ ਨੇ ਇਸ ਨੂੰ ਅਛੂਤ ਬਣਾਇਆ ਹੋਇਆ ਸੀ। ਇਹ ਦੌਰ ਉਦੋਂ ਖ਼ਤਮ ਹੋਇਆ ਜਦ ਜਨਤਾ ਪਾਰਟੀ ਦੋਹਰੀ ਮੈਂਬਰਸ਼ਿਪ ਦੇ ਸਵਾਲ ਤੇ ਖਿੰਡਪੁੰਡ ਗਈ-ਜੰਨ ਸੰਘ ਮੈਂਬਰ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਰਾਸ਼ਟਰੀ ਸਵਾਇਮ ਸੇਵਕ ਸੰਘ ਦੇ ਮੈਂਬਰ ਬਣੇ ਰਹਿਣ ਦਾ ਹੱਕ ਦਿੱਤਾ ਜਾਵੇ। ਸੰਘ ਨੂੰ ਕਾਫ਼ੀ ਵੈਧਤਾ ਹਾਸਲ ਹੋਈ ਤੇ ਇਸ ਦੀ ਵਿਚਾਰਧਾਰਾ ਵੀ ਕਾਇਮ ਰਹੀ।
ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਜਨਮ ਹੋਇਆ। ਕੁਝ ਦੇਰ ਦੀ ਇਕੱਲਤਾ ਤੋਂ ਬਾਦ ਇਸ ਨੇ ਸੂਬਿਆਂ ਵਿਚ ਜਨਤਾ ਪਾਰਟੀ ’ਚੋਂ ਨਿਕਲੇ ਟੋਲਿਆਂ ਨਾਲ ਸਾਂਝ ਪਾਉਣੀ ਸ਼ੁਰੂ ਕੀਤੀ, ਨਿੱਕੇ ਸਾਥੀ ਦੇ ਰੂਪ ਵਿਚ ਸਰਕਾਰ ਵਿਚ ਵੀ ਸ਼ਾਮਲ ਹੋਈ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜ਼ੀ ਦੀ ਤਿ੍ਰਣਾਮੂਲ ਕਾਂਗਰਸ ਨਾਲ ਮਿਲ ਕੇ ਪੈਰ ਪਸਾਰਣੇ ਸ਼ੁਰੂ ਕੀਤੇ। 1990ਵਿਆਂ ਦੇ ਸ਼ੁਰੂ ਤਕ ਭਾਰਤੀ ਜਨਤਾ ਪਾਰਟੀ
ਗੁਜਰਾਤ ਵਿਚ ਸਿਆਸੀ ਗੱਠਜੋੜ ਦੀ ਛੋਟੀ ਭਾਈਵਾਲ ਸੀ, ਕਰਨਾਟਕ ਵਿਚ 2008 ਤਕ ਇਸ ਦਾ ਰੁਤਬਾ ਛੋਟਾ ਸੀ ਅਤੇ ਇਸੇ ਤਰ੍ਹਾਂ ਬਿਹਾਰ ਵਿਚ ਵੀ 2013 ਤਕ ਇਹ ਦੂਸਰੇ ਨੰਬਰ ਦੀ ਪਾਰਟੀ ਸੀ। ਇਨ੍ਹਾਂ ਤਿੰਨਾਂ ਸੂਬਿਆਂ ਵਿਚ ਭਾਜਪਾ ਹੁਣ ਮੁਖ ਸਿਆਸੀ ਪਾਰਟੀ ਬਣ ਗਈ ਹੈ। ਕੌਮੀ ਪਧਰ ਤੇ ਵਾਜਪਾਈ ਦੀ ਅਗਵਾਈ ਵਿਚ ਬਣੇ ਨੈਸ਼ਨਲ ਡੇਮੋਕਰੇਟਿਕ ਅਲਾਇੰਸ ਨੇ ਇਸ ਨੂੰ ਵੈਧਤਾ ਦੇ ਦੂਸਰੇ ਸੰਕਟ (ਬਾਬਰੀ ਮਸਜਿਦ ਨੂੰ ਢਾਉਣ ਦੀ ਕਾਰਵਾਈ) ਚੋਂ ਉਭਰਨ ਦਾ ਮੌਕਾ ਦਿੱਤਾ। ਭਾਂਵੇ ਇਹ ਸੂਬਾ ਸਰਕਾਰਾਂ ਵਿਚ ਦੋ ਨੰਬਰ ਦੀ ਭਾਈਵਾਲ ਸੀ ਜਾਂ ਕੇਂਦਰ ਵਿਚ ਗੱਠਜੋੜ ਦੀ ਆਗੂ ਸੀ, ਭਾਜਪਾ ਆਪਣੇ ਭਾਈਵਾਲਾਂ ’ਤੇ ਨਿਰਭਰ ਸੀ । ਇਹ ਗਠਜੋੜ ਦੀ ਪ੍ਰਕਿਰਿਆ ਦਾ ਦੂਸਰਾ ਪੜਾਅ ਸੀ। ਗੱਠਜੋੜ ਪ੍ਰਕਿਰਿਆ ਦੇ ਤੀਸਰੇ ਪੜਾਅ ਵਿਚ ਭਾਜਪਾ ਇਕ ਖੁਦ-ਮੁਖਤਾਰ ਪਾਰਟੀ ਦੇ ਤੌਰ ਤੇ ਮਜ਼ਬੂਤ ਹੁੰਦੀ ਹੈ, ਭਾਈਵਾਲ ਪਾਰਟੀਆਂ ’ਤੇ ਦਾਬੂ ਹੋ ਜਾਂਦੀ ਹੈ ਜਾਂ ਉਨ੍ਹਾਂ ਦੀ ਹੋਂਦ ਹੀ ਖ਼ਤਮ ਕਰ ਦਿੰਦੀ ਹੈ। 1990ਵਿਆਂ ਦੇ ਅੱਧ ਤਕ ਗੁਜਰਾਤ ਵਿਚ ਇਹ ਪ੍ਰਕਿਰਿਆ ਲਗਭਗ ਪੂਰੀ ਹੋ ਜਾਂਦੀ ਹੈ ; ਕਰਨਾਟਕ ਤੇ ਬਿਹਾਰ ਵਿਚ ਇਹ ਕਾਫ਼ੀ ਅੱਗੇ ਦੀ ਸਟੇਜ਼ ’ਤੇ ਹੈ ਅਤੇ ਉਡੀਸ਼ਾ ਵਿਚ ਸ਼ੁਰੂਆਤ ਹੋ ਗਈ ਹੈ। ਕੇਂਦਰ ਵਿਚ ਮੋਦੀ ਤੇ ਸ਼ਾਹ ਦੀ ਅਗਵਾਈ ਹੇਠ ਲੋਕ ਸਭਾ ਵਿਚ ਪੂਰਨ ਬਹੁਮਤ ਪ੍ਰਾਪਤ ਕਰਕੇ ਭਾਜਪਾ ਸਾਥੀ ਪਾਰਟੀਆਂ ਉਪਰ ਪੂਰੀ ਤਰ੍ਹਾਂ ਹਾਵੀ ਹੋ ਗਈ ਹੈ। ਰਾਮ ਵਿਲਾਸ ਪਾਸਵਾਨ, ਚੰਦਰਬਾਬੂ ਨਾਇਡੂ ਤੇ ਬਾਦਲਾਂ ਦੀ ਬਾਂਹ-ਮਰੋੜ ਸਿਆਸਤ ਦਾ ਸਮਾਂ ਹੁਣ ਪੁੱਗ ਗਿਆ ਹੈ।
ਫ਼ਿਰ ਵੀ , ਚੋਣਾਂ ਵਿਚ ਭਾਰੀ ਜਿੱਤ ਅਤੇ ਤਿੰਨ ਸਪਸ਼ਟ ਤੇ ਖਾਸ ਵਿਸ਼ੇਸ਼ਤਾਈਆਂ-ਸ਼ਕਤੀ ਦਾ ਸੂਬਿਆਂ ਤੋਂ ਕੇਂਦਰ ਵਲ ਨੂੰ ਤਬਾਦਲਾ , ਪ੍ਰਧਾਨ ਮੰਤਰੀ ਦੀਆਂ ਕਾਰਵਾਈਆਂ ਉਪਰ ਕਿਸੇ ਨਿਰੰਤਰਣ ਦੀ ਘਾਟ ਅਤੇ ਸਾਥੀ ਪਾਰਟੀਆਂ ਉਪਰ ਹਾਵੀ ਹੋ ਜਾਣਾ-ਦੇ ਬਾਵਜੂਦ ਨਵੀਂ ਭਾਜਪਾ ਅਜੇ ਸ਼ੁਰੂਆਤੀ ਦੌਰ ਚੋਂ ਗੁਜ਼ਰ ਰਹੀ ਹੈ। ਜਾਤੀ ਸਮੂਹਾਂ ਨੂੰ ਆਪਣੇ ਨਾਲ ਨਾ ਜੋੜ ਸਕਣਾ ਇਸ ਨੂੰ ਭਾਰੀ ਪੈ ਰਿਹਾ ਹੈ, ਜਿਸ ਦਾ ਨਤੀਜਾ ਉਤਰ ਪ੍ਰਦੇਸ਼ ਤੇ ਬਿਹਾਰ ਦੀਆਂ ਉਪ ਚੋਣਾਂ ਵਿਚ ਪ੍ਰਗਟ ਹੋਇਆ ਹੈ। ਆਪਣੇ ਬਹੁਤ ਪੁਰਾਣੇ ਸਾਥੀ, ਸ਼ਿਵ ਸੈਨਾ ਨਾਲ ਵਿਵਹਾਰ ਦੇ ਵੀ ਸਾਰਥਕ ਨਤੀਜ਼ੇ ਨਹੀਂ ਨਿਕਲ ਰਹੇ। ਆਉਣ ਵਾਲੇ ਸਮੇਂ ਦੌਰਾਨ ਭਾਜਪਾ ਦੇ ਮੋਦੀ -ਸ਼ਾਹ ਸਵਰੂਪ ਦੇ ਖਿਲਾਫ਼, ਪਾਰਟੀ ਦੇ ਅੰਦਰੋਂ ਤੇ ਬਾਹਰੋਂ ਪ੍ਰਤੀਰੋਧ ਸਾਹਮਣੇ ਆ ਸਕਦੇ ਹਨ ।