ਦੀਨਾ ਨਾਥ ਬਤਰਾ ਬਨਾਮ ਵਿਦਿਆ ਦਾ ਭਗਵਾਂਕਨ -ਮੋਹਨ ਸਿੰਘ
Posted on:- 27-09-2014
ਭਾਜਪਾ ਦੀ ਐਨਡੀਏ ਸਰਕਾਰ ਇੱਕ ਪਾਸੇ ਵਿਕਾਸ ਦੀ ਗੱਲ ਕਰ ਰਹੀ ਹੈ ਪਰ ਦੂਜੇ ਉਹ ਆਪਣੇ ਹਿੰਦੂਤਵੀ ਫਾਸ਼ੀਵਾਦੀ ਏਜੰਡੇ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ। ਅਜਿਹਾ ਕਰਨ ਲਈ ਉਹ ਦੀਨਾ ਨਾਥ ਬਤਰਾ ਵਰਗੇ ਵਿਅਕਤੀਆਂ ਨੂੰ ਅੱਗੇ ਲਿਆ ਕੇ ਉਨ੍ਹਾਂ ਤੋਂ ਕਹਾ ਰਹੀ ਹੈ ਕਿ ਭਾਰਤੀ ਲੋਕਾਂ ਨੂੰ ਜਨਮ ਦਿਵਸ ਸਵਦੇਸ਼ੀ ਕਪੜੇ ਪਾ ਕੇ ਮਨਾਉਣੇ ਚਾਹੀਦੇ ਹਨ, ਗਯਤਰੀ ਪਾਠ ਕਰਨਾ ਚਾਹੀਦਾ ਹੈ, ਗਊ ਦੀ ਪੂਜਾ ਕਰਨੀ ਚਾਹੀਦੀ ਹੈ। ਮੋਮਬੱਤੀਆ ਜਗਾਉਣਾ ਪੱਛਮੀ ਸਭਿਆਚਾਰ ਹੈ, ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਇਨ੍ਹਾਂ ਦੀ ਥਾਂ ਦੀਵੇ ਜਗਾਉਣੇ ਚਾਹੀਦੇ ਹਨ। ਸੀ.ਬੀ.ਐਸ.ਈ. ਦੇ ਸਿਲੇਬਸਾਂ ਦੇ ਪਾਠਕ੍ਰਮਾ ‘ਚ ਸੋਧ ਕਰਕੇ ਮਹਾਰਾਣਾ ਪ੍ਰਤਾਪ, ਵਿਵੇਕਾਨੰਦ ਅਤੇ ਚਾਣਕੀਆ ਨੂੰ ਪੜ੍ਹਾੳਣਾ ਚਾਹੀਦਾ ਹੈ, ਅੰਗਰੇਜ਼ੀ ਭਾਸ਼ਾ ਦੀ ਥਾਂ ਪੁਰਾਤਨ ਭਾਰਤੀ ਭਾਸ਼ਾਵਾਂ ਸੰਸਕਿ੍ਰਤ ਆਦਿ ਨੂੰ ਪੜ੍ਹਾਉਣਾ ਚਾਹੀਦਾ ਹੈ, ਵਿਦਿਅਕ ਅਦਾਰਿਆਂ ‘ਚ ‘ਕਦਰਾਂ ਕੀਮਤਾਂ ਅਤੇ ਕੌਮਵਾਦ’ ਪੜ੍ਹਾਉਣ ਲਈ ਕਾਲ ਕੇਂਦਰ ਬਣਾਉਣੇ ਚਾਹੀਦੇ ਹਨ, ਸਕੂਲਾਂ ਅਤੇ ਕਾਲਜਾਂ ‘ਚ ਮੌਜੂਦਾ ਗਣਿਤ ਦੀ ਬਜਾਏ ਵੈਦਿਕ ਗਣਿਤ ਪੜ੍ਹਾਉਣਾ ਚਾਹੀਦਾ ਹੈ, ਸਾਡੇ ਰਿਸ਼ੀ ਵਿਗਿਆਨੀ ਸਨ, ਉਨ੍ਹਾਂ ਦੀ ਤਕਨੀਕ, ਮੈਡੀਸਨ ਅਤੇ ਵਿਗਿਆਨਕ ਕਾਢਾਂ ਨੂੰ ਪੱਛਮ ਨੇ ਹਥਿਆ ਲਿਆ ਹੈ, ਇਸ ਕਰਕੇ ਸਾਨੂੰ ਉਨ੍ਹਾਂ ਰਿਸ਼ੀ ਮੁਨੀਆਂ ਦੀਆਂ ਸਿੱਖਿਆਵਾਂ ਨੂੰ ਵਿਦਿਅਕ ਅਦਾਰਿਆਂ ‘ਚ ਪੜ੍ਹਾਉਣਾ ਚਾਹੀਦਾ ਹੈ।
ਭਗਵਾਨ ਰਾਮ ਵੱਲੋਂ ਵਰਤਿਆ ਗਿਆ ਉਡਣਾ ‘ਪੁਸ਼ਪਕ ਵਿਮਾਨ’ ਦੁਨੀਆਂ ਦਾ ਪਹਿਲਾ ਹਵਾਈ ਜਹਾਜ ਸੀ। ਸਟੈਮ ਸੈਲ ਜਿਨ੍ਹਾਂ ਰਾਹੀਂ ਕਲੋਨਿੰਗ ਕਰਕੇ ਹਰ ਜਿਉਂਦੇ ਪ੍ਰਾਣੀ ਦੀ ਕਾਪੀ ਪੈਦਾ ਕੀਤੀ ਜਾ ਸਕਦੀ ਹੈ, ਇਹ ਭਾਰਤ ਦੇ ਦੁਆਪਰ ਯੱੁਗ ਕੌਰਵਾਂ-ਪਾਡਵਾਂ ਵੇਲੇ ਦੀ ਕਾਢ ਹੈ। ਇਹ ਪ੍ਰਵਚਨ ਹਨ, ਦੀਨਾ ਨਾਥ ਬਤਰਾ ਦੇ! ਦੀਨਾ ਨਾਥ ਬਤਰਾ ਕੋਈ ਸਾਧਾਰਨ ਵਿਅਕਤੀ ਨਹੀਂ ਹੈ। ਇਹ ਰਾਸ਼ਟਰੀ ਸਵੈਮ ਸੇਵਕ ਦਾ ਪ੍ਰਚਾਰਕ ਹੀ ਨਹੀਂ ਹੈ ਸਗੋਂ ਇਹ ਇਸ ਦਾ ਸਿੱਖਿਆ ਸ਼ਾਸਤਰੀ ਵੀ ਹੈ। ਇਹ ਉਹ ਵਿਅਕਤੀ ਹੈ ਜਿਸ ਦੀਆਂ ਲਿਖਤਾਂ ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਲਗਾਏ ਜਾਂਦੇ ਕੈਂਪਾਂ ‘ਚ ਵਰਤਾਈਆਂ ਜਾਂਦੀਆਂ ਹਨ।
ਇਹ ਉਹ ਵਿਅਕਤੀ ਹੈ ਜਿਸ ਨੇ ਕੋਰਟ ਵਿੱਚ ਕੇਸ ਕਰਕੇ ਫਰਵਰੀ 2014 ‘ਚ ਇੱਕ ਅਮਰੀਕਨ ਲੇਖਕ ਵੇਂਡੀ ਡੇਨੀਗਰ ਦੀ ਪੈਂਗੂਇਨ ਪਬਲਿਸ਼ਰ ਵੱਲੋਂ ਛਾਪੀ ‘ਹਿੰਦੂਵਾਦ: ਇੱਕ ਬਦਲਵਾਂ ਇਤਿਹਾਸ ’ ਪੁਸਤਕ ਨੂੰ ਵਾਪਸ ਕਰਨ ਲਈ ਮਜਬੂਰ ਕਰ ਦਿੱਤਾ ਸੀ। ਇਹ ਉਹ ਸਖਸ਼ ਹੈ ਜਿਸ ਨੇ ਮਈ 30, 2001 ‘ਚ ਸੋਨੀਆ ਗਾਂਧੀ ਨੂੰ ਕਾਂਗਰਸ ਦੇ 81ਵੇਂ ਪਲੈਨਰੀ ਸ਼ੈਸਨ ਵੱਲੋਂ ਪਾਸ ਕੀਤੇ ਗਏ ਇੱਕ ਮਤੇ ਜਿਸ ‘ਚ ਦੀਨਾ ਨਾਥ ਬਤਰਾ ਦੀ ਸੰਸਥਾ ‘ਵਿਦਿਆ ਭਾਰਤੀ’ ਵੱਲੋਂ ਵਰਤੀਆਂ ਜਾਣ ਵਾਲੀਆਂ ਟੈਕਸਟ ਕਿਤਾਬਾਂ ‘ਚ ਘੱਟ ਗਿਣਤੀਆਂ ਪ੍ਰਤੀ ਨਾਂ-ਪੱਖੀ ਰਵੱਈਆ ਅਤੇ ਹਿੰਸਾ ਭੜਕਾਉਣ, ਜਾਤੀ ਪਾਤੀ ਪ੍ਰਬੰਧ, ‘ਸਤੀ ਅਤੇ ‘ਬੱਚਾ ਵਿਆਹ’ ਵਰਗੇ ਭੈੜੇ ਵਰਤਾਰਿਆਂ ਨੂੰ ਭਾਰਤੀ ਸੱਭਿਆਚਾਰ ਦਾ ਹਿੱਸਾ ਕਹਿਣ ਦੀ ਨਿੰਦਿਆ ਕੀਤੀ ਗਈ ਸੀ ਅਤੇ ਇਸ ਦੀਆਂ ਕਿਤਾਬਾਂ ਵਿਚਲੀ ਸਮੱਗਰੀ ‘ਚ ਵਹਿਮਪ੍ਰਸਤੀ ਅਤੇ ਮਨਘੜਤ ਤੱਥਾਂ ਨੂੰ ਵਿਗਿਆਨਕ ਸੁਭਾਅ ਦੇ ਉਲਟ ਕਿਹਾ ਗਿਆ ਸੀ, ਦੇ ਵਿਰੁੱਧ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ।
ਦੀਨਾ ਨਾਥ 30 ਸਾਲਾਂ ਤੱਕ ਪਹਿਲਾਂ ਡੇਰਾ ਬਸੀ ਅਤੇ ਫਿਰ ਕੁਰੂਕਸ਼ੇਤਰ ‘ਚ ਹਿੰਦੀ ਅਤੇ ਅੰਗਰੇਜੀ ਪੜ੍ਹਾਉਂਦਾ ਰਿਹਾ ਹੈ। ਹੁਣ ਦੀਨਾ ਨਾਥ ਦਾ ਦਫ਼ਤਰ ਅਤੇ ਰਿਹਾਇਸ਼ ਦਿੱਲੀ ਸਰਸਵਤੀ ਬਾਲ ਮੰਦਰ ਜੋ ਭਾਰਤੀਆ ਵਿਦਿਆਪੀਠ ਨਾਲ ਜੁੜਿਆ ਹੈ, ਸਥਿਤ ਹੈ। ਇਹ ਜਗ੍ਹਾ ਭਾਰਤੀ ਵਿਦਿਆ ਪ੍ਰਣਾਲੀ ਅਤੇ ਇਸ ਦੇ ਪਾਠ-ਕ੍ਰਮਾ ’ਚ ਖਾਮੀਆਂ ਬਾਰੇ ਲਿਖੇ ਪੋਸਟਰਾਂ ਨਾਲ ਭਰੀ ਹੋਈ ਹੈ। ਉਸ ਦੇ ਦਫ਼ਤਰ ਦੀ ਲਿਫਟ ‘ਤੇ ਗਯਤਰੀ ਦਾ ਮੰਤਰ ਲਿਖਿਆ ਹੋਇਆ ਹੈ ਅਤੇ ਉਸ ‘ਤੇ ਭਾਰਤੀ ਨਾਇਕ ਜਿਵੇਂ ਮਹਾਰਾਣਾ ਪ੍ਰਤਾਪ, ਵਿਵੇਕਾਨੰਦ ਅਤੇ ਚਾਣਕੀਆ ਦੇ ਫੋਟੋ ਲੱਗੇ ਹੋਏ ਹਨ। ਬਤਰਾ ਮੁਤਾਬਿਕ ਇਨ੍ਹਾਂ ਨਾਇਕਾਂ ਨੂੰ ਪਾਠ-ਕ੍ਰਮਾ ਵਿੱਚ ਠੀਕ ਤਰ੍ਹਾਂ ਜਗ੍ਹਾ ਨਹੀਂ ਦਿੱਤੀ ਹੋਈ ਅਤੇ ਉਸ ਦਾ ਮਿਸ਼ਨ ਹੈ ਕਿ ਉਸ ਨੇ ਉਨ੍ਹਾਂ ਨੂੰ ਢੁਕਵੀਂ ਜਗ੍ਹਾ ਦਿਵਾਉਣੀ ਹੈ।
ਉਸ ਦੀ ਮਨੌਤ ਹੈ ਕਿ ਭਾਰਤੀ ਵਿਦਿਆ ਦੇ ਪਾਠ-ਕ੍ਰਮ ਭਾਰਤੀ ਸੱਭਿਆਚਾਰ ਪ੍ਰਤੀ ਤੁਅੱਸਬੀ ਹਨ ਅਤੇ ਉਸ ਨੇ ਆਪਣੇ ਨੋਟਾਂ ਵਿੱਚ ਲਿਖਿਆ ਹੈ ਕਿ ਇਹ ਪਾਠ-ਕ੍ਰਮ ਨਕਸਲਵਾਦ ਨੂੰ ਉਤਸ਼ਾਹਤ ਕਰਦੇ ਹਨ। ਉਸ ਦਾ ਕਹਿਣਾ ਹੈ ਕਿ ਯੂਨੈਸਕੋ ਵੀ ਹਰ ਦੇਸ਼ ਨੂੰ ਆਪਣੇ ਸੱਭਿਆਚਾਰ ਅਤੇ ਇਸ ਦੀ ਤਰੱਕੀ ਲਈ ਕਹਿੰਦੀ ਤਾਂ ਇਸ ‘ਚ ਮੈਂ ਕਿਵੇਂ ਗ਼ਲਤ ਹਾਂ? ਪਾਠ-ਕ੍ਰਮਾ ਨੂੰ ‘ਦਰੁਸਤ’ ਕਰਾਉਣ ਲਈ ਬਤਰਾ ਨੇ 2006 ‘ਚ ਕੌਮੀ ਸਿੱਖਿਆਂ ਖੋਜ ਅਤੇ ਟਰੇਨਿੰਗ ਕੌਂਸਲ ਨੂੰ ਇਤਿਹਾਸ ਅਤੇ ਸਮਾਜਿਕ ਵਿਗਿਆਨ ਦੀਆਂ ਪਾਠ-ਪੁਸਤਕਾਂ ਦੇ ਵਿਸ਼ਾ-ਵਸਤੂ ‘ਤੇ 70 ਇਤਰਾਜ ਉਠਾ ਕੇ ਇੱਕ ਲੋਕ ਹਿੱਤ ਜਾਚਕਾ ਦਰਜ ਕੀਤੀ ਸੀ ਜਿਸ ਵਿੱਚ ਇਤਰਾਜ ਇਸ ਤਰ੍ਹਾਂ ਦੇ ਸਨ ਕਿ ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ, ਬਿਪਨ ਚੰਦਰ, ਔਰੋਬਿੰਦੂ ਘੋਸ਼ ਅਤੇ ਭਗਤ ਸਿੰਘ ਨੂੰ ਗ਼ਲਤ ਢੰਗ ਨਾਲ ‘ਅਤਿਵਾਦੀ’ ਕਿਹਾ ਗਿਆ ਸੀ। ਇੱਕ ਹੋਰ ਇਤਰਾਜ ਇਹ ਉਠਾਇਆ ਗਿਆ ਸੀ ਕਿ ਪਾਠ ਪੁਸਤਕਾਂ ਵਿੱਚ ਆਰੀਅਨ ਲੋਕਾਂ ਨੂੰ ਪਾਠ ਪੁਸਤਕਾਂ ਵਿੱਚ ਗਊ ਖਾਣ ਵਾਲੇ ਦਿਖਾਇਆ ਗਿਆ ਹੈ ਜਦੋਂ ਕਿ ਉਹ ਵੈਦਿਕ ਕਾਲ ਤੋਂ ਹੀ ਗਊ ਦੀ ਪੂਜਾ ਕਰਦੇ ਸਨ। ਇਸ ਲਈ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ। 37 ਇਤਰਾਜ ਉਸੇ ਸਾਲ ਪਹਿਲਾਂ ਹੀ ਠੀਕ ਕਰ ਦਿੱਤੇ ਗਏ ਸਨ ਅਤੇ 29 ਬਰਕਰਾਰ ਰੱਖੇ ਗਏ ਸਨ ਅਤੇ 4 ਨੂੰ ਸੋਧ ਦਿੱਤਾ ਗਿਆ ਸੀ ਅਤੇ ਆਰੀਅਨ ਵੱਲੋਂ ਗਊ ਖਾਣ ਵਾਲੇ ਇਤਰਾਜ ਨੂੰ ਨਹੀਂ ਮੰਨਿਆ ਗਿਆ ਸੀ ਅਤੇ ਇਸ ਨੂੰ ਪਾਠ ਪੁਸਤਕਾਂ ਵਿੱਚ ਗਊ ਦਾ ਮਾਸ ਖਾਣ ਵਾਲਿਆਂ ਦੇ ਤੌਰ ’ਤੇ ਬਰਕਰਾਰ ਰੱਖਿਆ ਗਿਆ ਸੀ।
ਇਸੇ ਤਰ੍ਹਾਂ ਬਤਰਾ ਨੇ ਮਈ 2014 ‘ਚ ਓਰੀਐਂਟ ਬਲੈਕਸਵੈਨ ਪਬਲਿਸ਼ਰ ਵੱਲੋਂ ਛਾਪੀ ਜਾ ਰਹੀ ਮੇਘ ਕੁਮਾਰ ਦੀ ਲਿਖੀ ਪੁਸਤਕ ‘ਫਿਰਕਾਪ੍ਰਸਤੀ ਅਤੇ ਲਿੰਗਕ ਹਿੰਸਾ: ਅਹਿਮਦਾਬਾਦ 1969 ਤੋਂ ਲੈ ਕੇ ਹੁਣ ਤੱਕ’ ਨੂੰ ਰਾਸ਼ਟਰੀ ਸਵੈਮਸੇਵਕ ਸੰਘ ਨੂੰ ਬਦਨਾਮ ਅਤੇ ਉਸ ਦੀ ਭੰਡੀ ਕਰਨ ਕਹਿਣ ਵਾਲੀ ਕਹਿਕੇ ਕਾਨੂੰਨੀ ਨੋਟਿਸ ਦੇ ਕੇ ਰੁਕਵਾਈ ਸੀ। ਇਸੇ ਤਰ੍ਹਾਂ ਸੇਖਰ ਬੰਦੋਓਪਾਧਿਆਏ ਦੀ ਕਿਤਾਬ ‘ਪਲਾਸੀ ਤੋਂ ਭਾਰਤ ਦੀ ਵੰਡ: ਭਾਰਤ ਦਾ ਆਧੁਨਿਕ ਇਤਿਹਾਸ’ ਨੂੰ ਨੋਟਿਸ ਭੇਜ ਕੇ ਇਸੇ ਪਬਲਿਸ਼ਰ ਤੋਂ ਰੁਕਵਾਇਆ ਸੀ।
30 ਜੂਨ 1914 ਨੂੰ ਗੁਜਰਾਤ ਸਰਕਾਰ ਨੇ ਇੱਕ ਪੱਤਰ ਜਾਰੀ ਕੀਤਾ ਹੈ ਕਿ ਬਤਰਾ ਦੀਆਂ ਲਿਖੀਆਂ ਪਾਠ ਪਸਤਕਾਂ ਨੂੰ ਗੁਜਰਾਤ ਦੇ ਸਿੱਖਿਆ ਦੇ ਪਾਠਕ੍ਰਮ ਦੇ ਹਿੱਸੇ ਵਜੋਂ ਲਾਜ਼ਮੀ ਤੌਰ ’ਤੇ ਪੜ੍ਹਨਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇਹ ਪਾਠ ਪੁਸਤਕਾਂ ਮੌਲਿਕ ਤੌਰ ’ਤੇ ਹਿੰਦੀ ‘ਚ ਸਨ ਪਰ ਇਨ੍ਹਾਂ ਦਾ ਗੁਜਰਾਤੀ ਭਾਸ਼ਾ ਵਿੱਚ ਅਨੁਵਾਦ ਕੀਤਾ ਹੈ ਅਤੇ ਇਹ ਪਾਠ ਪੁਸਤਕਾਂ ਗੁਜਰਾਤ ਦੇ ਸਿੱਖਿਆ ਮੰਤਰੀ ਭੁਪਿੰਦਰ ਸਿਨਹਾ ਚੁਦਾਸਮਾ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਪੁਸਤਕਾਂ ਦੇ ਨੌਂ ਸੈਟ ਗੁਜਰਾਤ ਦੇ 42,000 ਪ੍ਰਾਇਮਰੀ ਅਤੇ ਸ਼ੈਕੰਡਰੀ ਸਕੂਲਾਂ ਵਿੱਚ ਲਾਏ ਜਾ ਰਹੇ ਹਨ। ਦੀਨਾ ਨਾਥ ਬਤਰਾ ਦੀਆਂ ਪਾਠ-ਪੁਸਤਕਾਂ ਜੋ ਗੁਜਰਾਤ ਦੇ ਸਕੂਲਾਂ ਨੂੰ ਮੁਹੱਈਆ ਕਰਾਈਆਂ ਜਾ ਰਹੀਆਂ ਹਨ, ਦੀ ਭੂਮਿਕਾ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਿਖਤੀ ਰੂਪ ’ਚ ਸਹੀ ਪਾਈ ਗਈ ਹੈ।
ਭਾਰਤੀ ਇਤਿਹਾਸ ਦੇ ਖੋਜ ਕਾਰਜਾਂ ਨਾਲ ਜੁੜੀਆਂ ਪ੍ਰਸਿੱਧ ਹਸਤੀਆਂ ਨੇ, ਦੀਨਾ ਨਾਥ ਦੀਆਂ ਜੋ ਪਾਠ-ਪੁਸਤਕਾਂ ਗੁਜਰਾਤੀ ਸਕੂਲਾਂ ਲਈ ਪਰੋਸੀਆਂ ਜਾ ਰਹੀਆਂ ਹਨ, ਨੂੰ ਕਾਲਪਨਿਕ ਅਤੇ ਖਿਆਲੀ ਕਰਾਰ ਦਿੱਤਾ ਹੈ। ਇਨ੍ਹਾਂ ਪਾਠ-ਪੁਸਤਕਾਂ ਵਿੱਚ ਭਾਰਤ ਦੇ ਸਿਆਸੀ ਨਕਸ਼ੇ ਨੂੰ ਮੁੜ ਚਿੱਤਰ ਕੇ ਭਾਰਤੀ ਉਪ-ਮਹਾਂਦੀਪ ਅਤੇ ਕਈ ਗੁਆਂਢੀ ਮੁਲਕਾਂ ਨੂੰ ਇਸ ਵਿੱਚ ਸੰਮਿਲਤ ਕਰਕੇ ਅਖੰਡ ਭਾਰਤ ਦਾ ਇੱਕ ਕਾਲਪਨਿਕ ਨਕਸਾਂ ਬਣਾਉਣ ਦੀ ਗੱਲ ਕੀਤੀ ਗਈ ਹੈ। ਇਤਿਹਾਸ ਬਾਰੇ ਮਾਹਰ ਇਨ੍ਹਾਂ ਪ੍ਰਸਿੱਧ ਹਸਤੀਆਂ ਮੁਤਾਬਿਕ ਬਤਰਾ ਨੇ ਦੇਵਤਿਆਂ ਅਤੇ ਰਾਖਸ਼ਾਂ ਦੀਆਂ ਕਹਾਣੀਆਂ ਰਾਹੀਂ ਇਤਿਹਾਸ ਦੀ ਜੋ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਇਤਿਹਾਸਕ ਅਤੇ ਸਿਆਸੀ ਤੌਰ ’ਤੇ ਗ਼ਲਤ ਹੈ। ਕਈ ਕਹਾਣੀਆਂ ਵਿੱਚ ਉਸ ਨੇ ਰਾਜੇ-ਰਾਣੀ ਨੂੰ ਗਊ ਦੀ ਪੂਜਾ ਕਰਕੇ ਬੱਚੇ ਦੀ ਬਖਸ਼ਿਸ਼ ਪਾਉਂਦਾ ਦਿਖਾਇਆ ਹੈ। ਰੋੋਮੀਲਾ ਥਾਪਰ ਜੋ ਭਾਰਤ ਦੀ ਇੱਕ ਸਿਰ ਕੱਢ ਇਤਿਹਾਸਕਾਰ ਹੈ, ਨੇ ਕਿਹਾ ਹੈ ਕਿ ਦੀਨਾ ਨਾਥ ਬਤਰਾ ਦੀਆਂ ਲਿਖਤਾਂ ‘ਇਤਿਹਾਸ ਨਹੀਂ ਸਗੋਂ ਪਰੀ ਕਹਾਣੀਆਂ ਹਨ’। ਉਸ ਨੇ ਕਿਹਾ, ‘ਇਹ ਬੇਹੂਦਾ ਹੈ। ਜੇ ਇਹ ਸਿੱਖਿਆ ਬੱਚਿਆਂ ਨੂੰ ਟਰੇਨਿੰਗ ਦੇਣ ਲਈ ਹੈ ਤਾਂ ਇਹ ਪਹੁੰਚ ਕੰਮ ਨਹੀਂ ਕਰੇਗੀ’।
ਅੱਗੇ ਉਸ ਨੇ ਕਿਹਾ, ‘ਬੱਚਿਆਂ ਨੂੰ ਇਹ ਹੁਨਰ ਦੇਣਾ ਜ਼ਰੂਰੀ ਹੈ ਕਿ ਉਹ ਹਰ ਚੀਜ਼ ਨੂੰ ਨੁਕਤਾਚੀਨ ਨਜ਼ਰੀਏ ਤੋਂ ਦੇਖਣ ਅਤੇ ਇਹ ਸਮਝਣ ਕਿ ਪੁਰਾਤਨ ਭਾਰਤ ਵਿੱਚ ਸਭ ਕੁਝ ਅੱਛਾ ਨਹੀਂ ਸੀ’। ਇਰਫਾਨ ਹਬੀਬ ਜੋ ਅਲੀਗੜ੍ਹ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਆਫ ਇਮੇਰੀਟਸ ਹਨ, ਉਨ੍ਹਾਂ ਨੇ ਦੀਨਾ ਨਾਥ ਬਤਰਾ ਦੀ ਸਖ਼ਤ ਅਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ‘ ਤੱਤ (ਦੀਨਾ ਨਾਥ ਦੀਆਂ ਕਿਤਾਬ ਦਾ) ਇਨਾਂ ਬੇਹੂਦਾ ਹੈ ਕਿ ਕੋਈ ਵੀ ਪ੍ਰਤੀਕਰਮ ਕਰਨਾ ਵਿਅਰਥ ਹੈ’ ਮੈਂ ਨਹੀਂ ਜਾਣਦਾ ਕਿ ਉਹ ਵਿਦਿਆਰਥੀਆਂ ਨੂੰ ਕੀ ਸਿਖਾਉਣਗੇ ਜਦੋਂ ਉਨ੍ਹਾਂ ਨੇ ਭੂਗੋਲ ਵਿਗਿਆਨ ਨੂੰ ਇੱਕ ਪਰੀ ਕਹਾਣੀ ਬਣਾ ਦਿੱਤਾ ਹੈ’। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਲੋਕਾਂ ਦੀ ਇਹ ਬੇਇਜ਼ਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਕੀ ਪਰੋਸਿਆ ਜਾ ਰਿਹਾ ਹੈ? ਐਸ ਇਰਫਾਨ ਹਬੀਬ ਨੇ ਕਿਹਾ ਕਿ ਬਤਰਾ ਦੀਆਂ ਕਿਤਾਬਾਂ ‘ਮਨ ਪਰਚਾਵਾ ਕਰਨ ਵਾਲੀਆਂ ਹਨ ਪਰ ਖ਼ਤਰਨਾਕ’ ਹਨ। ਉਸ ਨੇ ਹਿੰਦੋਸਤਾਨ ਟਾਈਮਜ਼ ਨੂੰ ਕਿਹਾ ਕਿ ਗੁਜਰਾਤ ਵਿੱਚ ਪਾਠ ਪੁਸਤਕਾਂ ਬੱਚਿਆ ਦੀ ਬੁੱਧੀ ਨੂੰ ਤੇਜ਼ ਕਰਨ ਲਈ ਨਹੀਂ ਸਗੋਂ ਇੱਕ ਸਿਆਸੀ ਪਰੋਗਰਾਮ ਨੂੰ ਅੱਗੇ ਵਧਾਉਣ ਲਈ ਲਾਈਆਂ ਜਾ ਰਹੀਆਂ ਹਨ। ‘ਨੌਜਵਾਨ ਮਨਾਂ ਨੂੰ ਅਤੀਤ ਦੇ ਇਤਿਹਾਸ ਅਤੇ ਇਥੋਂ ਤੱਕ ਕਿ ਮੌਜੂਦਾ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ’। ਹਬੀਬ ਨੇ ਕਿਹਾ ਕਿ ਬਹਿਸ ਦਾ ਮੁੱਦਾ ਖੱਬੇ ਜਾ ਸੱਜੇ ਦਾ ਨਹੀਂ ਹੈ। ‘ਸਵਾਲ ਇਹ ਹੈ ਕਿ ਵਿਅਕਤੀ ਕੋਲ ਵਿਦਵਤਾ ਦਾ ਕੋਈ ਅੰਸ਼ ਜਾਂ ਕੋਈ ਟਰੈਕ ਰਿਕਾਰਡ ਹੈ ਵੀ ਕਿ ਨਹੀਂ ’।
ਭਾਰਤ ਦੇ ਸਮੁੱਚੇ ਸਮਾਜ ਦਾ ਭਗਵਾਂਕਰਨ ਕਰਨ ਲਈ ਧਾਰਾ 370, ਰਾਮ ਮੰਦਰ ਅਤੇ ਸਾਂਝਾ ਸਿਵਿਲ ਕੋਡ ਬਣਾਉਣ ਤੋਂ ਪਹਿਲਾਂ ਹਿੰਦੂ ਰਾਸ਼ਟਰ ਬਣਾਉਣ ਲਈ ਗਊ ਨੂੰ ਇੱਕ ਪਵਿੱਤਰ ਆਸਥਾ ਬਣਾਉਣ ਲਈ ਐਨਡੀਏ ਸਰਕਾਰ ਨੇ ਦੇਸੀ ਗਊਆਂ ਦੀ ਸਾਂਭ-ਸੰਭਾਲ ਅਤੇ ਇਸ ਦੀ ਨਸਲ ਨੂੰ ਵਿਕਸਿਤ ਕਰਨ ਦੇ ਨਾਂ ਹੇਠ 500 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਅਤੇ ਇੱਕ ਪ੍ਰੋਜੈਕਟ ਖੋਲ੍ਹਿਆ ਜਾ ਰਿਹਾ ਹੈ, ਜਿਸ ਦਾ ਨਾਂ ‘ਰਾਸ਼ਟਰੀਆ ਗੋਕੁਲ ਪ੍ਰੋਜੈਕਟ’ ਰੱਖਿਆ ਜਾ ਰਿਹਾ ਹੈ। ਇਸ ਪ੍ਰੋਜੈਕਟ ਵਿੱਚ ਗਾਵਾਂ ਨੂੰ ਬੁੱਢੀਆਂ ਹੋ ਕੇ ਮਰਨ ਤੱਕ ਰੱਖਿਆ ਜਾਵੇਗਾ ਅਤੇ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਇਨ੍ਹਾਂ ਬੁੱਢੀਆਂ ਗਾਵਾਂ ਦੇ ਪਿਸ਼ਾਬ ਤੋਂ ਦਵਾਈਆਂ ਅਤੇ ਬਾਇਓ ਖਾਦ ਤਿਆਰ ਕੀਤੀ ਜਾਇਆ ਕਰੇਗੀ ਅਤੇ ਇਸ ਪ੍ਰੋਜੈਕਟ ‘ਚ ਸ਼ਾਹੀਵਾਲ ਅਤੇ ਰਾਠੀ ਗਾਵਾਂ ਪਾਲੀਆਂ ਜਾਣਗੀਆਂ। ਪਰ ਆਰ. ਐਸ. ਐਸ. ਅਤੇ ਭਾਜਪਾ ਦਾ ਅਸਲ ਮੰਤਵ ਗਊਆਂ ਪਾਲਣਾ ਨਹੀਂ ਹੈ, ਸਗੋਂ ਉਨ੍ਹਾਂ ਦਾ ਅਸਲ ਮੰਤਵ ਗਊ ਅਤੇ ਸੂਰ ਵਿੱਚ ਪਾਟਕ ਪਾਉਣਾ ਹੈ।
ਇਸ ਤਰ੍ਹਾਂ ਭਾਜਪਾ ਦੀ ਐਨਡੀਏ ਸਰਕਾਰ ਭਾਰਤ ਉੱਪਰ ਆਪਣਾ ਹਿੰਦੂ ਫਾਸ਼ੀਵਾਦੀ ਹਮਲਾ ਤੇਜ਼ ਕਰਨ ਲਈ ਇੱਕ ਪੂਰੀ ਵਿਉਂਤਬੰਦੀ ਨਾਲ ਚੱਲ ਰਹੀ ਹੈ। ਇਸੇ ਕਰਕੇ ਉਹ ਸਭ ਤੋਂ ਪਹਿਲਾਂ ਸਿੱਖਿਆ ਦਾ ਭਗਵਾਂਕਰਨ ਕਰ ਰਹੀ ਹੈ ਅਤੇ ਵਿਦਿਆਰਥੀ ਅਤੇ ਨੌਜਵਾਨ ਜੋ ਸਮਾਜ ਦੇ ਸਭ ਤੋਂ ਕੋਮਲ ਅਤੇ ਜਗਿਆਸੂ ਹਿੱਸਾ ਹੁੰਦੇ ਹਨ, ਉਹ ਉਸ ਦੇ ਸਭ ਤੋਂ ਪਹਿਲਾਂ ਚੋਟ ਨਿਸ਼ਾਨੇ ‘ਤੇ ਹਨ। ਹਿੰਦੂਤਵੀ ਬਰੀਗੇਡ ਵੱਲੋਂ ਜਿਸ ਢੰਗ ਨਾਲ ਸਮੁੱਚੇ ਸਮਾਜ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ, ਇਸ ਨੂੰ ਇਨਕਲਾਬੀ ਅਤੇ ਜਮਹੂਰੀ ਸ਼ਕਤੀਆਂ ਨੂੰ ਚੁਣੌਤੀ ਦੇ ਤੌਰ ’ਤੇ ਲੈਣਾ ਚਾਹੀਦਾ ਹੈ ਅਤੇ ਇਸ ਹਿੰਦੂ ਫਾਸ਼ੀਵਾਦੀ ਹੱਲੇ ਦਾ ਵਿਆਪਕ ਸਾਂਝਾ ਮੋਰਚਾ ਬਣਾ ਕੇ ਹੁਣੇ ਤੋਂ ਹੀ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ।