ਸਰਮਾਏਦਾਰੀ ਨੇ ਮਨੁੱਖ ਨੂੰ ਆਧੁਨਿਕਤਾ ਦੇ ਨਾਮ ਹੇਠ ਪ੍ਰਾਚੀਨਤਾ ਵੱਲ ਧੱਕਿਆ -ਡਾ. ਸਵਰਾਜ ਸਿੰਘ
Posted on:- 21-09-2014
ਆਮ ਤੌਰ ’ਤੇ ਬਹੁਤ ਸਾਰੇ ਲੋਕ ਇਹ ਗ਼ਲਤ ਪ੍ਰਭਾਵ ਰੱਖਦੇ ਦੇਖੇ ਜਾ ਸਕਦੇ ਹਲ ਕਿ ਸਰਮਾਏਦਾਰੀ ਨੇ ਮਨੁੱਖਤਾ ਨੂੰ ਆਧੁਨਿਕਤਾ ਵੱਲ ਲਿਜਾਕੇ ਮਨੁੱਖੀ ਵਿਕਾਸ ਵਿੱਚ ਯੋਗਦਾਨ ਪਾਇਆ ਹੈ। ਇਹ ਸੱਚ ਹੈ ਕਿ ਸਰਮਾਏਦਾਰੀ ਨੇ ਟੈਕਨਾਲੋਜੀ ਦਾ ਵਿਕਾਸ ਕੀਤਾ ਹੈ, ਪ੍ਰੰਤੂ ਟੈਕਨਾਲੋਜੀ ਦੇ ਵਿਕਾਸ ਨੂੰ ਹੀ ਮਨੁੱਖੀ ਵਿਕਾਸ ਸਮਝ ਲੈਣਾ ਸਾਡੀ ਸਭ ਤੋਂ ਵੱਡੀ ਭੁੱਲ ਹੋਵੇਗੀ ਨਾ ਸਿਰਫ਼ ਟੈਕਨਾਲੋਜੀ ਦੇ ਵਿਕਾਸ ਨੇ ਮਨੁੱਖ ਦਾ ਵਿਕਾਸ ਨਹੀਂ ਕੀਤਾ, ਸਗੋਂ ਕੌੜੀ ਸਚਾਈ ਤਾਂ ਇਹ ਹੈ ਕਿ ਮਨੁੱਖ ਪ੍ਰਾਚੀਨਤਾ ਵੱਲ ਧੱਕਿਆ ਗਿਆ ਹੈ। ਅੰਗਰੇਜ਼ੀ ਵਿੱਚ ਜਿੱਥੇ ਆਧੁਨਿਕਤਾ ਨੂੰ ਮਾਡਰਨਿਟੀ ਕਿਹਾ ਜਾ ਸਕਦਾ ਹੈ ਉਥੇ ਪ੍ਰਾਚੀਨਤਾ ਲਈ ਪਿ੍ਰਮਟਿਵਨੈੱਸ ਸ਼ਬਦ ਵਰਤਿਆ ਜਾ ਸਕਦਾ ਹੈ। ਇਸ ਦਾ ਅਰਥ ਪ੍ਰਾਚੀਨਤਾ ਦੇ ਨਾਲ ਹੀ ਇਹ ਵੀ ਨਿਕਲਦਾ ਹੈ ਕਿ ਜਿਸ ਦਾ ਵਿਕਾਸ ਨਾ ਹੋਇਆ ਹੋਵੇ।
ਸਰਮਾਏਦਾਰੀ ਨੇ ਜਿੱਥੇ ਆਪਣਾ ਮੁਨਾਫ਼ਾ ਵਧਾਉਣ ਲਈ ਟੈਕਨਾਲੋਜੀ ਦਾ ਵਿਕਾਸ ਕੀਤਾ ਹੈ ਉਥੇ ਮਨੁੱਖ ਦੀਆਂ ਮੂਲ ਪ੍ਰਵਿਰਤੀਆਂ ਅਤੇ ਸਰਮਾਏਦਾਰੀ ਮਨੁੱਖ ਨੂੰ ਲੋਭੀ, ਸੁਆਰਥੀ, ਕਾਮੀ, ਹੰਕਾਰੀ ਬਣਾਉਣਾ ਚਾਹੁੰਦੀ ਹੈ ਤੇ ਕਿਉਂ ਉਸ ਦੀ ਚੇਤਨਾ ਜਾਗਿ੍ਰਤ ਨਹੀਂ ਹੋਣ ਦੇਣਾ ਚਾਹੁੰਦੀ। ਸਰਮਾਏਦਾਰੀ ਲਈ ਆਪਣੇ ਨਿੱਜ ਦੁਆਲੇ ਕੇਂਦਰਿਤ ਮਨੁੱਖ ਜੋ ਕਿ ਇਕ ਮਸ਼ੀਨੀ ਢੰਗ ਦਾ ਰੋਬੋਟ ਬਣ ਜਾਂਦਾ ਹੈ ਉਸ ਮਨੁੱਖ ਨਾਲੋਂ ਚੰਗਾ ਹੈ ਜੋ ਸਮਾਜਿਕ ਤੌਰ ’ਤੇ ਚੇਤੰਨ ਹੋ ਜਾਂਦਾ ਹੈ। ਕਿਉਂਕਿ ਸਮਾਜਿਕ ਤੌਰ ’ਤੇ ਚੇਤੰਨ ਮਨੁੱਖ ਲਈ ਸਰਮਾਏਦਾਰੀ ਦੇ ਕਿਰਦਾਰ ਅਤੇ ਭੂਮਿਕਾ ਬਾਰੇ ਕਈ ਸਵਾਲ ਉਠ ਪੈਂਦੇ ਹਨ। ਸਰਮਾਏਦਾਰੀ ਲਈ ਤਾਂ ਅਜਿਹੇ ਮਨੁੱਖ ਚਾਹੀਦੇ ਹਨ ਜੋ ਉਸ ਵੱਲੋਂ ਦਿੱਤੀਆਂ ਗਈਆਂ ਸੁੱਖ ਸਹੂਲਤਾਂ ਹਾਸਲ ਕਰਨ ਦੀ ਚੂਹਾ ਦੌੜ ਵਿੱਚ ਸ਼ਾਮਲ ਹੋਕੇ ਕੋਹਲੂ ਦੇ ਬੈਲ ਦੀ ਤਰ੍ਹਾਂ ਜੀਵਨ ਬਤੀਤ ਕਰਨ। ਇਸ ਖੇਤਰ ਵਿੱਚ ਅਮਰੀਕੀ ਸਰਮਾਏਦਾਰੀ ਬਾਕੀਆਂ ਨੂੰ ਬਹੁਤ ਪਿੱਛੇ ਛੱਡ ਗਈ ਹੈ।
ਇਸ ਦੇ ਲੱਭਣ ਲਈ ਸਾਨੂੰ ਅਮਰੀਕਾ ਦੇ ਇਤਿਹਾਸਕ ਵਿਕਾਸ ਨੂੰ ਸਮਝਣ ਦਾ ਯਤਨ ਕਰਨਾ ਪਏਗਾ। ਸਰਮਾਏਦਾਰੀ ਜਮਾਤ ਦਾ ਜਨਮ ਯੂਰਪ ਵਿੱਚ ਹੋਇਆ। ਯੂਰਪ ਵਿੱਚ ਅੰਧਕਾਰ ਯੁੱਗ ਰੋਮਨ ਸਭਿਅਤਾ ਦੇ ਨਿਘਾਰ ਤੋਂ ਬਾਅਦ ਸ਼ੁਰੂ ਹੋ ਗਿਆ ਸੀ। ਰੋਮ ਯੂਰਪ ਦਾ ਨਾਂ ਸਿਰਫ਼ ਰਾਜਨੀਤਕ ਕੇਂਦਰ ਬਣ ਚੁੱਕਾ ਸੀ ਸਗੋਂ ਧਾਰਮਿਕ, ਸਭਿਆਚਾਰਕ ਸਾਹਿਤਕ ਅਤੇ ਗਿਆਨ ਦਾ ਕੇਂਦਰ ਬਣ ਚੁੱਕਾ ਸੀ। ਜਦੋਂ ਉੱਤਰ ਵੱਲੋਂ ਵਹਿਸ਼ੀ ਕਬੀਲਿਆਂ ਨੇ ਰੋਮ ਨੂੰ ਹਰਾ ਦਿੱਤਾ। ਉਨ੍ਹਾਂ ਨੇ ਰੋਮ ਨੂੰ ਤਹਿਸ-ਨਹਿਸ ਕਰ ਦਿੱਤਾ। ਉਸ ਨੇ ਰੋਮ ਦੀ ਲਾਇਬਰੇਰੀ ਜਿਸ ਵਿੱਚ ਕਿ ਸਾਰੇ ਯੂਨਾਨੀ ਅਤੇ ਰੋਮਨ ਵਿਦਵਾਨਾਂ ਦੀਆਂ ਮੌਲਿਕ ਕਿਤਾਬਾਂ ਪਈਆਂ ਸਨ ਨੂੰ ਸਾੜ ਦਿੱਤਾ। ਇਸ ਤਰ੍ਹਾਂ ਯੂਰਪ ਗਿਆਨ ਵਿਹੂਣਾ ਹੋ ਗਿਆ ਅਤੇ ਅੰਧਕਾਰ ਯੁੱਗ ਵਿੱਚ ਧੱਕਿਆ ਗਿਆ। ਇਸ ਤੋਂ ਬਾਅਦ ਯੂਰਪ ’ਤੇ ਮੁਸਲਮਾਨਾਂ ਦਾ ਹਮਲਾ ਹੋਇਆ। ਇਹ ਮੁਸਲਮਾਨ ਉੱਤਰੀ ਅਫਰੀਕਾ ਜਿਵੇਂ ਮੋਰੋਕੋ ਆਦਿ ਦੇਸ਼ਾਂ ਤੋਂ ਆਏ ਸਨ। ਇਨ੍ਹਾਂ ਨੂੰ ਮੂਰ ਵੀ ਕਿਹਾ ਜਾਂਦਾ ਸੀ। ਇਨ੍ਹਾਂ ਨੇ ਯੂਰਪ ਦਾ ਦੱਖਣੀ ਹਿੱਸਾ ਜਿੱਤ ਲਿਆ ਅਤੇ ਯੂਰਪ ਵਿੱਚ ਆਪਣਾ ਰਾਜ ਕਾਇਮ ਕੀਤਾ ਅਤੇ ਆਪਣੀ ਸੱਭਿਅਤਾ ਸਥਾਪਿਤ ਕੀਤੀ। ਇਸ ਦਾ ਆਧਾਰ ਸਪੇਨ ਵਿੱਚ ਸੀ। ਇਸਲਾਮ ਨੇ ਹੀ ਅੰਧਕਾਰ ਯੁੱਗ ਵਿੱਚ ਫਸੇ ਯੂਰਪ ਨੂੰ ਦੁਬਾਰਾ ਗਿਆਨ ਦੇ ਯੁੱਗ ਵਿੱਚ ਲਿਆਉਣ ਵਿੱਚ ਵੱਡੀ ਭੂਮਿਕਾ ਨਿਭਾਈ। ਯੂਰਪ ਵਿੱਚ ਪਹਿਲੀ ਯੂਨੀਵਰਸਿਟੀ ‘ਕਾਰਦੋਵਾ’ ਸਪੇਨ ਵਿੱਚ ਮੁਸਲਮਾਨਾਂ ਨੇ ਹੀ ਸਥਾਪਿਤ ਕੀਤੀ। ਅੱਜ ਅਸੀਂ ਜੋ ਪੁਰਾਣੇ ਯੂਨਾਨੀ ਵਿਦਵਾਨਾਂ ਸੁਕਰਾਤ, ਪਲੈਟੋ, ਅਫਲਾਤੂਨ ਆਦਿ ਦੀਆਂ ਕਿਤਾਬਾਂ ਪੜ੍ਹ ਰਹੇ ਹਾਂ ਉਹ ਅਰਬੀ ਜ਼ੁਬਾਨ ਤੋਂ ਦੁਬਾਰਾ ਅਨੁਵਾਦਿਤ ਹੋਈਆਂ ਹਨ। ਕਿਉਂਕਿ ਇਨ੍ਹਾਂ ਸਭ ਵਿਦਵਾਨਾਂ ਦੀਆਂ ਮੌਲਿਕ ਪੁਸਤਕਾਂ ਤਾਂ ਰੋਮ ਵਿੱਚ ਸਾੜ ਦਿੱਤੀਆਂ ਗਈਆਂ ਸਨ। ਪਰ ਇਨ੍ਹਾਂ ਦੇ ਸੜ੍ਹਨ ਤੋਂ ਪਹਿਲਾਂ ਇਨ੍ਹਾਂ ਦਾ ਅਰਬੀ ਬੋਲੀ ਵਿੱਚ ਅਨੁਵਾਦ ਹੋ ਚੁੱਕਾ ਸੀ। ਮੌਲਿਕ ਰੂਪ ਸੜਨ ਤੋਂ ਬਾਅਦ ਇਨ੍ਹਾਂ ਦਾ ਦੂਜੀਆਂ ਬੋਲੀਆਂ ਵਿੱਚ ਅਨੁਵਾਦ ਅਰਬੀ ਬੋਲੀ ਤੋਂ ਹੀ ਹੋਇਆ ਹੈ। ਅਰਬੀ ਤੋਂ ਦੁਬਾਰਾ ਅਨੁਵਾਦ ਹੋਈਆਂ ਪੁਸਤਕਾਂ ਨੇ ਹੀ ਯੂਰਪ ਵਿੱਚ ਪੁਨਰਜਾਗਰਤੀ ਦਾ ਮੁੱਢ ਬੰਨ੍ਹਿਆ, ਉਸ ਵੇਲੇ ਯੂਰਪ ਵਿੱਚ ਗਿਆਨ ਦਾ ਯੁੱਗ ਸ਼ੁਰੂ ਹੋ ਗਿਆ। ਪੁਨਰਜਾਗਤੀ ਤੋਂ ਬਾਅਦ ਸਨਅਤੀ ਇਨਕਲਾਬ ਅਤੇ ਏਜ਼ ਆਫ਼ ਇੰਨਲਾਈਨਮੈਂਟ ਸ਼ੁਰੂ ਹੋਏ। ਇਸ ਲਈ ਇਹ ਕਹਿਣਾ ਅਤਿਕਥਨੀ ਨਹੀਂ ਹੋਏਗੀ ਕਿ ਇਸਲਾਮ ਨੇ ਪੱਛਮ ਵਿੱਚ ਗਿਆਨ, ਵਿਗਿਆਨ ਅਤੇ ਟੈਕਨਾਲੋਜੀ ਦੇ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾਈ।
ਪੱਛਮੀ ਸਰਮਾਏਦਾਰੀ ਨੇ ਇਸਲਾਮ ਨੂੰ ਕਦੇ ਵੀ ਉਸ ਦੀ ਭੂਮਿਕਾ ਲਈ ਮਾਨਤਾ ਨਹੀਂ ਦਿੱਤੀ ਅਤੇ ਇਨ੍ਹਾਂ ਨੂੰ ਸਿਰਫ਼ ਦਹਿਸ਼ਤਗਰਦਾਂ ਦੇ ਧਰਮ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦੋਂਕਿ ਕੁਰਾਨ ਸਰੀਫ਼ ਵਿੱਚ ਗਿਆਨ ਦੀ ਮਹੱਤਤਾ ’ਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਅਤੇ ਮੁਸਲਮਾਨਾਂ ਨੂੰ ਹਰ ਜਗ੍ਹਾ ’ਤੇ ਹਰ ਹੀਲਾ ਕਰਕੇ ਗਿਆਨ ਲੈਣ ਦੀ ਪ੍ਰੇਰਨਾ ਦਿੱਤੀ ਗਈ ਹੈ, ਪੱਛਮੀ ਸਰਮਾਏਦਾਰੀ ਵਿੱਚ ਅੱਜ ਇਸਲਾਮ ਵਿਰੋਧੀ ਭਾਵਨਾ ਲਈ ਵੀ ਮੁੱਖ ਤੌਰ ’ਤੇ ਅਮਰੀਕਾ ਹੀ ਜ਼ਿੰਮੇਵਾਰ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਅੱਜ ਅਮਰੀਕਾ ਦੇ ਮੀਡੀਏ ਵਿੱਚ ਜ਼ਿਆਦਾ ਰਸੂਖ ਯਹੂਦੀ ਲੋਕਾਂ ਦਾ ਹੈ ਜਿਨ੍ਹਾਂ ਦਾ ਫਲਸਤੀਨੀਆਂ ਅਤੇ ਹੋਰ ਅਰਬਾਂ ਨਾਲ ਟਕਰਾਅ ਚੱਲ ਰਿਹਾ ਹੈ। ਇਸ ਲਈ ਉਨ੍ਹਾਂ ਵਿੱਚ ਮੁਸਲਮਾਨ ਵਿਰੋਧੀ ਭਾਵਨਾ ਕਾਫ਼ੀ ਪ੍ਰਬੱਲ ਨਜ਼ਰ ਆਉਂਦੀ ਹੈ ਪਰ ਅਮਰੀਕੀ ਸਰਮਾਏਦਾਰੀ ਜੋ ਕਿ ਤਾਰੀਖਵਾਰ ਸਭ ਤੋਂ ਨਵੀਂ ਪੱਛਮੀ ਸਰਮਾਏਦਾਰੀ ਹੈ ਨੇ ਮਨੁੱਖ ਨੂੰ ਸਭ ਤੋਂ ਵੱਧ ਪ੍ਰਾਚੀਨਤਾ ਵੱਲ ਧੱਕਿਆ ਹੈ। ਇਸ ਦੇ ਕਈ ਕਾਰਨਾਂ ਵਿੱਚੋਂ ਕੁਝ ਇਹ ਹਨ। ਇਤਿਹਾਸਕ ਤੌਰ ’ਤੇ ਜਿਨ੍ਹਾਂ ਲੋਕਾਂ ਨੇ ਅਮਰੀਕਾ ਦਾ ਮੁੱਢ ਬੰਨ੍ਹਿਆ ਉਹ ਯੂਰਪੀਆਂ ਦੇ ਮੁਕਾਬਲੇ ਤੁਲਾਨਤਮਿਕ ਤੌਰ ’ਤੇ ਗਿਆਨ ਤੋਂ ਵਾਂਝੇ ਸਨ। ਅਮਰੀਕਾ ਵਿੱਚ ਕੁਦਰਤੀ ਸੋਮਿਆਂ ਦੀ ਯੂਰਪ ਦੇ ਮੁਕਾਬਲੇ ਵਿੱਚ ਬਹੁਤਾਤ ਸੀ, ਦੋ ਵਿਸ਼ਵ ਯੁੱਧ ਯੂਰਪ ਦੀ ਧਰਤੀ ਤੇ ਲੜੇ ਗਏ ਅਤੇ ਤੁਲਨਾਤਮਿਕ ਤੌਰ ’ਤੇ ਇਨ੍ਹਾਂ ਵਿੱਚ ਅਮਰੀਕਾ ਦਾ ਬਹੁਤ ਘੱਟ ਨੁਕਸਾਨ ਹੋਇਆ। ਸਗੋਂ ਯੂਰਪ ਦੇ ਕਮਜ਼ੋਰ ਹੋਣ ਨਾਲ ਅਮਰੀਕਾ ਨੇ ਉਸ ਦੀ ਜਗ੍ਹਾ ਲੈ ਲਈ। ਇਨ੍ਹਾਂ ਕਾਰਨ ਅਮਰੀਕਾ ਵਿੱਚ ਹੰਕਾਰ ਉਪਜ ਗਿਆ ਕਿ ਅਸੀਂ ਯੂਰਪ ਨਾਲੋਂ ਵੀ ਅੱਗੇ ਹਾਂ। ਯੂਰਪ ਵਿੱਚ ਗੁਲਾਮ ਪ੍ਰਥਾ ਕਈ ਸਦੀਆਂ ਪਹਿਲਾਂ ਹੁੰਦੀ ਸੀ ਪਰ ਅਮਰੀਕਾ ਵਿੱਚ ਇਹ ਉਨੀਵੀਂ ਸਦੀ ਤੱਕ ਕਾਇਮ ਰਹੀ, ਜਿਸ ਵੇਲੇ ਯੂਰਪ ਸਮਾਜਿਕ ਤੌਰ ’ਤੇ ਬਹੁਤ ਅੱਗੇ ਜਾ ਚੁੱਕਾ ਸੀ ਅਤੇ ਯੂਰਪ ਵਿੱਚ ਉਸ ਵੇਲੇ ਸਮਾਜਿਕ ਬਰਾਬਰੀ ਅਤੇ ਇਨਸਾਫ਼ ਦੀਆਂ ਲਹਿਰਾਂ ਚੱਲ ਰਹੀਆਂ ਸਨ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕਾ ਨੇ ਬਹੁਤ ਸਾਰੇ ਯੂਰਪੀਨ ਵਿਦਵਾਨਾਂ ਨੂੰ ਆਪਣੇ ਵਿੱਚ ਜਜ਼ਬ ਕਰ ਲਿਆ। ਅਮਰੀਕਾ ਵਿੱਚ ਇਹ ਹੰਕਾਰ ਹੋਰ ਵੀ ਵਧ ਗਿਆ ਕਿ ਪੈਸੇ ਨਾਲ ਉਹ ਗਿਆਨ ਖਰੀਦ ਸਕਦੇ ਹਨ। ਪੂਰਬੀ ਸਿਆਣਪ ਨੇ ਇਹ ਤੱਤ ਕੱਢਿਆ ਹੈ ਕਿ ਗਿਆਨ ਅਤੇ ਨਿਮਰਤਾ ਦਾ ਸਾਥ ਹੁੰਦਾ ਹੈ ਅਤੇ ਹੰਕਾਰ ਅਗਿਆਨ ਵੱਲ ਲਿਜਾਂਦਾ ਹੈ। ਅਮਰੀਕੀ ਹੰਕਾਰ ਨੇ ਸਮੁੱਚੇ ਤੌਰ ’ਤੇ ਪੱਛਮੀ ਸਰਮਾਏਦਾਰੀ ਨੂੰ ਪ੍ਰਾਚੀਨਤਾ ਵੱਲ ਧੱਕਿਆ ਹੈ, ਕਿਉਂਕਿ ਅਮਲੀ ਤੌਰ ’ਤੇ ਹੁਣ ਅਮਰੀਕਾ ਹੀ ਪੱਛਮੀ ਸਰਮਾਏਦਾਰੀ ਦਾ ਨੇਤਾ ਹੈ।