ਦੇਸ਼ ’ਚ ਭਾਈਚਾਰਕ ਸਾਂਝ ਬਣਾਈ ਰੱਖਣ ’ਚ ਅੰਤਰਜਾਤੀ ਵਿਆਹਾਂ ਦੀ ਖ਼ਾਸ ਭੂਮਿਕਾ -ਤਨਵੀਰ ਜਾਫ਼ਰੀ
Posted on:- 20-09-2014
ਫ਼ਿਰਕੂ ਧਰੁਵੀਕਰਨ ਦੀ ਖੇਡ-ਖੇਡ ਰਹੀਆਂ ਸੱਜੇ ਪੱਖੀ ਤਾਕਤਾਂ ਵੱਲੋਂ ਦੇਸ਼ ਵਿੱਚ ‘ਲਵ-ਜੇਹਾਦ’ ਨਾਮ ਦਾ ਇੱਕ ਫਜੂਲ ਸ਼ੋਸ਼ਾ ਛੱਡਿਆ ਗਿਆ ਹੈ। ਵੈਸੇ ਤਾਂ ਇਸ ਦੀ ਯੋਜਨਾ ਨਫ਼ਰਤ ਫੈਲਾਉਣ ਦੇ ਮਾਹਿਰਾਂ ਵੱਲੋਂ ਕੁਝ ਸਾਲ ਪਹਿਲਾਂ ਹੀ ਤਿਆਰ ਕਰ ਦਿੱਤੀ ਗਈ ਸੀ ਪਰ ਕੇਂਦਰ ’ਚ ਸੱਤਾ ’ਤੇ ਕਾਬਜ ਹੋਣ ਬਾਅਦ ਅਜਿਹੀਆਂ ਤਾਕਤਾਂ ਦੇ ਹੌਸਲੇ ਵਧ ਗਏ ਹਨ। ਹੁਣ ਇਹ ਤਾਕਤਾਂ ਆਪਣੇ ਗੁਪਤ ਏਜੰਡਿਆਂ ਨੂੰ ਸ਼ੇਰ੍ਹਆਮ ਲਾਗੂ ਕਰਨ ਵਿੱਚ ਜੁਟ ਗਈਆਂ ਹਨ।
ਲਵ-ਜੇਹਾਦ ਵਰਗੇ ਸ਼ਬਦ ਨੂੰ ਘੜ੍ਹ ਕੇ ਇਹ ਤਾਕਤਾਂ ਦੇਸ਼ ਵਿੱਚ ਧਾਰਮਿਕ ਅਤੇ ਜਾਤੀ ਕੁੱੜਤਣ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਬੜੀ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਸਾਡਾ ਸੰਵਿਧਾਨ ਅਤੇ ਕਾਨੂੰਨ ਅੰਤਰਜਾਤੀ ਅਤੇ ਅੰਤਰ-ਧਰਮ ਵਿਆਹਾਂ ਦੀ ਸਿਰਫ਼ ਇਜ਼ਾਜਤ ਹੀ ਨਹੀਂ ਦਿੰਦਾ ਸਗੋਂ ਇਸ ਨੂੰ ਉਤਸ਼ਾਹਿਤ ਕਰਨ ਲਈ ਕੁਝ ਧਨ ਰਾਸ਼ੀ ਵੀ ਪ੍ਰਦਾਨ ਕਰਦਾ ਹੈ, ਉਧਰ ਦੂਜੇ ਪਾਸੇ ਕੁੱਝ ਕੱਟੜਪੰਥੀ ਤਾਕਤਾਂ ਹਨ ਜਿਹੜੀਆਂ ਅਜਿਹੇ ਵਿਆਹਾਂ ਨੂੰ ਸਿਰੇ ਚੜ੍ਹਨ ਤੋਂ ਰੋਕਣ ਲਈ ਕੋਝੇ ਹਥਕੰਡੇ ਅਪਣਾ ਰਹੀਆਂ ਹਨ।
ਭਾਰਤ ਵਿੱਚ ਅੰਤਰਜਾਤੀ ਜਾਂ ਇਕ-ਦੂਜੇ ਧਰਮ ਵਿੱਚ ਵਿਆਹ ਕਰਵਾਉਣਾ ਕੋਈ ਨਵੀਂ ਗੱਲ ਨਹੀਂ ਹੈ। ਇਹ ਸਦੀਆਂ ਤੋਂ ਇਸ ਤਰ੍ਹਾਂ ਪ੍ਰਵਾਨ ਚੜ੍ਹਦੇ ਆਏ ਹਨ। ਸਮਰਾਟ ਅਕਬਰ ਤੋਂ ਲੈ ਕੇ ਇੰਦਰਾ ਗਾਂਧੀ ਤੱਕ, ਕਿਸ਼ੋਰ ਕੁਮਾਰ, ਸੁਨੀਲ ਦੱਤ ਤੋਂ ਰਿਤਿਕ ਰੌਸ਼ਨ ਤੱਕ ਬਹੁਤ ਸਾਰੀਆਂ ਉਦਾਹਰਣਾਂ ਹਨ। ਰਾਮ ਵਿਲਾਸ ਪਾਸਵਾਨ ਵਰਗੀਆਂ ਕਈ ਹੋਰ ਉਦਾਹਰਣਾਂ ਉਚ-ਨੀਚ ਦੀ ਲਕੀਰ ਨੂੰ ਮੇਟਦੀਆਂ ਹਨ। ਅਸਲ ਵਿੱਚ ਪਿਆਰ, ਜਾਤ-ਪਾਤ ਤੇ ਉਚ-ਨੀਚ ਜਾਂ ਧਰਮ ਨਹੀਂ ਵੇਖਦਾ। ਇਹ ਇਸ ਤੋਂ ਬਹੁਤ ਉੱਪਰ ਦੀ ਗੱਲ ਹੈ। ਪਰ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਸਹਿਯੋਗੀ ਸੰਗਠਨਾਂ ਵੱਲੋਂ ਲਵ-ਜੇਹਾਦ ਦੇ ਨਾਮ ’ਤੇ ਮੁਲਕ ਵਿੱਚ ਜਾਤੀ ਤੇ ਧਾਰਮਿਕ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂਕਿ ਇਸੇ ਪਾਰਟੀ ਦੇ ਨੇਤਾਵਾਂ ਮੁਖਤਾਰ ਅੱਬਾਸ ਨਕਵੀ ਅਤੇ ਸ਼ਾਹ ਨਵਾਜ਼ ਹੁਸੈਨ ਵੱਲੋਂ ਖ਼ੁਦ ਅੰਤਰਜਾਤੀ ਵਿਆਹ ਕਰਵਾਏ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਇਕ ਨੇਤਾ, ਜੋ ਮੁਸਲਮਾਨਾਂ ਨੂੰ ਵੋਟ ਦਾ ਅਧਿਕਾਰ ਦੇਣ ਤੋਂ ਇਨਕਾਰ ਦੀ ਗੱਲ ਕਰਦਾ ਰਿਹਾ ਹੈ, ਸੁਬਰਾਮਨੀਅਮ ਸਵਾਮੀ ਨੇ ਖੁਦ ਆਪਣੀ ਲੜਕੀ ਦਾ ਵਿਆਹ ਮੁਸਲਿਮ ਪਰਿਵਾਰ ਵਿੱਚ ਕੀਤਾ ਹੈ। ਮੁੰਬਈ ਦੇ ਠਾਕਰੇ ਪਰਿਵਾਰ ਦੀ ਬੇਟੀ ਦੋ ਸਾਲ ਪਹਿਲਾਂ ਹੀ ਗੁਜਰਾਤ ਦੇ ਇੱਕ ਮੁਸਲਿਮ ਡਾਕਟਰ ਨਾਲ ਵਿਆਹੀ ਗਈ ਹੈ। ਇਸ ਮੁਲਕ ਵਿੱਚ ਹਜ਼ਾਰਾਂ ਅਜਿਹੀਆਂ ਹੋਰ ਉਦਾਹਰਣਾਂ ਹਨ ਜਿਹੜੀਆਂ ਇਹ ਸਾਬਤ ਕਰਦੀਆਂ ਹਨ ਕਿ ਪਿਆਰ ਜਾਤ-ਪਾਤ ਅਤੇ ਧਰਮਾਂ ਦੇ ਬੰਧਨਾਂ ਤੋਂ ਕਿਤੇ ਉੱਪਰ ਹੈ। ਇਹੀ ਕਾਰਨ ਹੈ ਕਿ ਕੋਈ ਵੀ ਮੁਲਕ ਅਜਿਹੇ ਵਿਆਹਾਂ ’ਤੇ ਰੋਕ ਲਾਉਣ ਦਾ ਹੁਕਮ ਨਹੀਂ ਦਿੰਦਾ। ਇਹ ਜ਼ਰੂਰ ਹੈ ਕਿ ਧਰਮ ਦੇ ਅਖੌਤੀ ਠੇਕੇਦਾਰ ਲੋਕਾਂ ਵਿੱਚ ਅਜਿਹੀਆਂ ਗੱਲਾਂ ਕਰਕੇ ਆਪਣੇ ਨਿੱਜੀ ਹਿੱਤਾਂ ਨੂੰ ਪ੍ਰਵਾਨ ਚੜ੍ਹਾਉਣ ਦੀ ਕੋਸ਼ਿਸ਼ ਜਰੂਰ ਕੀਤੀ ਜਾਂਦੀ ਹੈ।
ਨਫ਼ਰਤ ਫੈਲਾਉਣ ਦੀ ਇਸ ਮੁਹਿੰਮ ਤਹਿਤ ਨਫ਼ਰਤ ਦੇ ਸੌਦਾਗਰਾਂ ਵੱਲੋਂ ਮੋਬਾਇਲ ਫ਼ੋਨ ਰਾਹੀਂ ਇੱਕ ਐਸ.ਐਮ.ਐਸ ਭੇਜਿਆ ਜਾ ਰਿਹਾ ਹੈ ਜਿਸ ਰਾਹੀਂ ਇਹ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮੁਸਲਿਮ ਧਰਮ ਦੇ ਲੋਕ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ’ਤੇ ਯੋਜਨਾਬੱਧ ਤਰੀਕੇ ਨਾਲ ਹਿੰਦੂ ਲੜਕੀਆਂ ਨੂੰ ਆਪਣੇ ਪਿਆਰ ਜਾਲ ਵਿੱਚ ਫਸਾਕੇ ਆਪਣੀ ਜਨਸੰਖਿਆ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁਸਲਮਾਨ ਚਾਰ ਸ਼ਾਦੀਆਂ ਕਰਦੇ ਹਨ ਅਤੇ ਹਰੇਕ ਪਤਨੀ ਤੋਂ ਘੱਟੋ-ਘੱਟ ਪੰਜ ਬੱਚੇ ਪੈਦਾ ਕਰਦੇ ਹਨ। ਇਸ ਤਰ੍ਹਾਂ ਇਨ੍ਹਾਂ ਦੀ ਆਬਾਦੀ ਇੰਨੀ ਤੇਜ਼ੀ ਨਾਲ ਵਧ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਮੁਸਲਮਾਨ ਭਾਰਤ ’ਚ ਬਹੁਗਿਣਤੀ ਹੋ ਜਾਣਗੇ। ਇਸ ਲਈ ਮੁਸਲਿਮ ਨੌਜਵਾਨਾਂ ਵੱਲੋਂ ਚਲਾਏ ਜਾ ਰਹੇ ਲਵ-ਜੇਹਾਦ ਤੋਂ ਬਚੋ। ਇਸ ਆਡੀਓ ਸੰਦੇਸ਼ ਨੂੰ ਸੁਣਨ ਤੋਂ ਬਾਅਦ ਇਕ ਵਾਰ ਤਾਂ ਅਜਿਹਾ ਜਾਪਦਾ ਹੈ ਕਿ ਭਾਰਤ ਦੇ ਹਿੰਦੂ ਸਮਾਜ ਵਿਰੁਧ ਸਚਮੁੱਚ ਮੁਸਲਮਾਨਾਂ ਵੱਲੋਂ ਸਾਜਿਸ਼ ਰਚੀ ਜਾ ਰਹੀ ਹੈ। ਪਰ ਇਸ ਸੰਦੇਸ਼ ਦਾ ਜ਼ਮੀਨੀ ਹਕੀਕਤਾਂ ਨਾਲ ਕੋਈ ਵਾਸਤਾ ਨਹੀਂ ਹੈ। ਸਰਕਾਰ ਇਸ ਗੱਲ ਦੀ ਸਚਾਈ ਦਾ ਇੱਕ ਰਾਸ਼ਟਰੀ ਸਰਵੇਖਣ ਰਾਹੀਂ ਪਤਾ ਲਾ ਸਕਦੀ ਹੈ ਕਿ ਦੇਸ਼ ਵਿੱਚ ਅਜਿਹੇ ਕਿੰਨੇ ਮੁਸਲਮਾਨ ਹਨ ਜਿਨ੍ਹਾਂ ਦੇ ਪੰਜ ਗੁਣਾਂ ਚਾਰ ਦੇ ਹਿਸਾਬ ਨਾਲ ਵੀਹ ਬੱਚੇ ਹਨ। ਇਹ ਸਰਵੇਖਣ ਵੀ ਕਰਵਾਉਣਾ ਚਾਹੀਦਾ ਹੈ ਕਿ ਬੱਚਿਆਂ ਦੀ ਫ਼ੌਜ ਪੈਦਾ ਕਰਨ ਦਾ ਸਬੰਧ ਧਰਮ ਜਾਂ ਧਾਰਮਿਕ ਸਿੱਖਿਆ ਨਾਲ ਹੈ ਜਾਂ ਗਰੀਬੀ ਅਤੇ ਜਹਾਲਤ ਨਾਲ? ਕੁਝ ਸਾਲ ਪਹਿਲਾਂ ਤੱਕ ਤਾਂ ਸਮਾਜ ਦਾ ਪੜ੍ਹਿਆ-ਲਿਖਿਆ ਵਰਗ ਵੀ ਬੱਚਿਆ ਦੀ ਫੌਜ ਪੈਦਾ ਕਰਨ ਤੋਂ ਨਹੀਂ ਝਿਜਕਦਾ ਸੀ ਕਿਉਂਕਿ ਉਸ ਵਕਤ ਮਹਿੰਗਾਈ ਅਤੇ ਸਿੱਖਿਆ ਦੇ ਹਾਲਾਤ ਅੱਜ ਵਰਗੇ ਨਹੀਂ ਸਨ।
ਇਨ੍ਹਾਂ ਹਕੀਕਤਾਂ ਨੂੰ ਜਾਣਨ ਦੇ ਬਾਵਜੂਦ ਫਿਰਕਾਪ੍ਰਸਤ ਤਾਕਤਾਂ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਹਿੰਸਕ ਅਤੇ ਫ਼ਿਰਕੂ ਰੰਗ ਦੇਣ ਤੋਂ ਬਾਜ਼ ਨਹੀ ਆ ਰਹੀਆਂ। ਬੀਤੀਆਂ ਲੋਕ ਸਭਾ ਚੋਣਾਂ ਵਿੱਚ ਉੱਤਰ ਪ੍ਰਦੇਸ਼ ’ਚ ਫਿਰਕਾਪ੍ਰਸਤੀ ਫੈਲਾ ਕੇ ਹੀ ਵੱਡੀ ਜਿੱਤ ਹਾਸਲ ਕੀਤੀ ਗਈ ਸੀ।
ਇਨ੍ਹਾਂ ਫਿਰਕਾਪ੍ਰਸਤ ਤਾਕਤਾਂ ਵੱਲੋਂ ਕੇਰਲਾ ਦੀਆਂ ਕਈ ਘਟਨਾਵਾਂ ਦਾ ਹਵਾਲਾ ਦੇ ਕੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮਿਸ਼ਨ ਲਵ-ਜੇਹਾਦ ਰਾਹੀਂ ਕੇਰਲਾ ਵਿੱਚ ਹਜ਼ਾਰਾਂ ਲੜਕੀਆਂ ਦਾ ਧਰਮ ਪਰਿਵਰਤਨ ਕਰਵਾਇਆ ਜਾ ਚੁੱਕਿਆ ਹੈ। ਜਦੋਂ ਕਿ ਕੇਰਲਾ ਵਿੱਚ ਹੀ ਸੀ.ਆਈ.ਡੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ‘ਲਵ-ਜੇਹਾਦ’ ਨਾਮ ਦਾ ਨਾ ਤਾਂ ਕੋਈ ਮਿਸ਼ਨ ਹੈ ਤੇ ਨਾ ਹੀ ਇਸ ਤਰ੍ਹਾਂ ਦੀ ਕੋਈ ਯੋਜਨਾ ਕਿਸੇ ਵਿਸ਼ੇਸ਼ ਧਰਮ ਵੱਲੋਂ ਚਲਾਈ ਜਾ ਰਹੀ ਹੈ। ਝੂਠਾ ਪ੍ਰਚਾਰ ਕਰਨ ਵਾਲੀਆਂ ਫਿਰਕੂ ਤਾਕਤਾਂ ਵੱਲੋਂ ਇਹ ਦੱਸਿਆ ਜਾ ਰਿਹਾ ਸੀ ਕਿ ਕੇਰਲਾ ਵਿੱਚ ਮੁਸਲਿਮ ਲਵ ਜੇਹਾਦੀਆਂ ਵੱਲੋਂ ਤਿੰਨ ਹਜ਼ਾਰ ਲੜਕੀਆਂ ਦਾ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਇਹ ਸਾਰੀਆਂ ਕੁੜੀਆਂ ਆਪਣੇ ਘਰਾਂ ਵਿੱਚੋਂ ਲਾਪਤਾ ਹੋ ਚੁੱਕੀਆਂ ਹਨ। ਪਰ ਜਦੋਂ ਇਨ੍ਹਾਂ ਤੱਥਾਂ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਘਰਾਂ ਵਿੱਚੋਂ ਲਾਪਤਾ ਹੋਈਆਂ ਅਜਿਹੀਆਂ ਕੁੜੀਆਂ ਦੀ ਗਿਣਤੀ ਤਿੰਨ ਸੌ ਤੋਂ ਵੀ ਘੱਟ ਹੈ। ਇਨ੍ਹਾਂ ਵਿੱਚੋਂ ਵੀ ਘੱਟੋ-ਘੱਟ 250 ਕੁੜੀਆਂ ਆਪਣੇ ਪ੍ਰੇਮ ਸਬੰਧਾਂ ਕਾਰਨ ਹਿੰਦੂ ਲੜਕਿਆਂ ਨਾਲ ਆਪਣੇ ਘਰੋਂ ਗਈਆਂ ਹਨ।
ਨਿਸ਼ਚਿਤ ਰੂਪ ’ਚ ਦੇਸ਼ ਇਸ ਵੇਲੇ ਬਹੁਤ ਨਾਜ਼ੁਕ ਦੌਰ ’ਚੋਂ ਗੁਜਰ ਰਿਹਾ ਹੈ। ਲੁਕਵੇਂ ਰੂਪ ਵਿੱਚ ਆਪਣੇ ਏਜੰਡਿਆਂ ’ਤੇ ਕੰਮ ਕਰਨ ਵਾਲੀਆਂ ਫ਼ਿਰਕੂ ਤਾਕਤਾਂ ਹੁਣ ਖੁੱਲ੍ਹੇ ਰੂਪ ਵਿੱਚ ਸਾਹਮਣੇ ਆ ਗਈਆਂ ਹਨ। ਮੁਜੱਫਰਨਗਰ ਦੰਗਿਆਂ ਦੇ ਦੋਸ਼ੀ ਸੰਜੇ ਬਲਿਆਨ ਨੂੰ ਮੋਦੀ ਸਰਕਾਰ ਵਿੱਚ ਮੰਤਰੀ ਬਣਾ ਕੇ ਉਸ ਦੀਆਂ ਕਾਰਵਾਈਆਂ ਦਾ ਇਨਾਮ ਦਿੱਤਾ ਗਿਆ ਹੈ। ਦੂਸਰੇ ਦੋਸ਼ੀ ਸੰਗੀਤ ਸੋਮ ਨੂੰ ਜੈਡ ਸੁਰੱਖਿਆ ਦਿੱਤੀ ਗਈ ਹੈ। ਇਸੇ ਤਰ੍ਹਾਂ ਯੋਗੀ ਆਦਿੱਤਿਆ ਨਾਥ ਜਿਹੜਾ ਕਿ ਫ਼ਿਰਕੂ ਤਣਾਅ ਪੈਦਾ ਕਰਨ ਦੀ ਹੀ ਰਾਜਨੀਤੀ ਕਰਦਾ ਹੈ। ਇਸ ਪ੍ਰਚਾਰ ਤੋਂ ਬਾਅਦ ਉਸ ਨੂੰ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਉਪ ਚੋਣਾਂ ਵਿੱਚ ਭਾਜਪਾ ਦਾ ਚੋਣ ਪ੍ਰਚਾਰ ਮੁਖੀ ਬਣਾ ਦਿੱਤਾ ਗਿਆ ਸੀ। ਅਜਿਹੇ ਯਤਨ ਸੱਤਾ ਪ੍ਰਾਪਤੀ ਲਈ ਤਾਂ ਲਾਭਦਾਇਕ ਹੋ ਸਕਦੇ ਹਨ ਪਰ ਮੁਲਕ ਵਿੱਚ ਜਾਤੀ ਭਾਈਚਾਰਕ ਸਾਂਝ ਅਤੇ ਸਦਭਾਵਨਾ ਬਣਾਈ ਰੱਖਣ ਲਈ ਅੰਤਰਜਾਤੀ ਅਤੇ ਇਕ ਤੋਂ ਦੂਸਰੇ ਧਰਮ ਵਿੱਚ ਵਿਆਹ ਸਬੰਧਾਂ ਦੀ ਮਹੱਤਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।