ਸ਼ਾਇਰ ਫ਼ਿਰਦੌਸ ਨੇ ਕਸ਼ਮੀਰ ਬਾਰੇ ਬਹੁਤ ਖ਼ੂਬ ਲਿਖਿਆ ਹੈ:
ਗ਼ਰ ਫ਼ਿਰਦੌਸ ਬਰ-ਰੂਏ ਜ਼ਮੀ ਅਸਤ
ਹਮੀ ਅਸਤੋ, ਹਮੀ ਅਸਤੋ, ਹਮੀ ਅਸਤ
ਜਿਸਦਾ ਮਤਲਬ ਹੈ ਕਿ ਜੇਕਰ ਇਸ ਧਰਤੀ 'ਤੇ ਕਿਧਰੇ ਜੰਨਤ ਹੈ ਤਾਂ ਉਹ ਇੱਥੇ ਹੈ, ਇੱਥੇ ਹੈ, ਇੱਥੇ ਹੀ ਹੈ। ਇਹਨਾ ਕਾਵਿ ਤੁਕਾਂ ਦੀ ਪੁਸ਼ਟੀ ਉਦੋਂ ਹੋਈ ਜਦੋਂ ਮੈਨੂੰ ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ਵਿਚ ਜਾਣ ਦਾ ਮੌਕਾ ਮਿਲਿਆ ਸੀ, ਜਿਥੇ ਉਰਦੂ ਵਰਗੀ ਅਦਬੀ ਜ਼ਬਾਨ ਦੀ ਮਿਠਾਸ ਸਾਹਾਂ ਵਿਚ ਰਲ਼ ਕੇ ਕਲੇਜਾ ਠਾਰ੍ਹਦੀ ਹੈ।
ਬੇਸ਼ੱਕ ਮੇਰੀ ਇਹ ਫੇਰੀ ਫ਼ਰਵਰੀ ਦੇ ਮਹੀਨੇ ਦੀ ਸੀ, ਜਦੋਂ ਕਿ ਮੁਗ਼ਲ ਬਗ਼ੀਚਿਆਂ ਵਿਚ ਫੁੱਲਾਂ ਦਾ ਨਾਮ-ਓ-ਨਿਸ਼ਾਨ ਨਹੀਂ ਸੀ ਪਰ ਫਿਰ ਵੀ ਇਥੋਂ ਦੇ ਸੁਹਣੇ ਇਤਿਹਾਸਿਕ-ਮੰਦਰਾਂ, ਮਸੀਤਾਂ, ਵਿਸ਼ਾਲ ਅਤੇ ਖ਼ੂਬਸੂਰਤ ਬਗ਼ੀਚਿਆਂ, ਕਿਸੇ ਅਲ੍ਹੜ-ਮਸਤ ਸੱਪਣੀ ਵਾਂਗ ਬਲਖਾਂਦੀ ਅਤੇ ਦੋ ਦੇਸ਼ਾਂ ਨੂੰ ਜੋੜਦੀ ਝੇਲਮ ਨਦੀ, ਅਨੇਕਾਂ ਜੋੜਿਆਂ ਦਿਆਂ ਤਫ਼ਰੀ ਅਤੇ ਸ਼ਿਕਾਰਿਆਂ ਵਿਚ ਬੀਤੇ ਮੁਲਾਕਾਤੀ ਪਲਾਂ ਦੀ ਤਸਵੀਰੀ ਗਵਾਹ ਡੱਲ-ਝੀਲ, ਝੀਲ ਵਿਚ ਤਰਦਾ ਭਾਰਤ ਦਾ ਇਕਲੌਤਾ ਬੋਟ ਨੁਮਾ ਡਾਕਘਰ (Floating Post Office), ਝੀਲ ਦੇ ਚਹੁੰ ਪਾਸੇ ਹਿਫਾਜ਼ਤੀ ਕਾਨੂਨ ਵਰਗੀਆਂ ਉੱਚੀਆਂ ਪਹਾੜਾਂ, ਪਹਾੜਾਂ ਤੇ ਬਣੇ ਮਜ਼ਬੂਤ ਕਿਲ਼ੇ ਅਤੇ ਰਾਜਿਆਂ-ਰਜਵਾੜਿਆਂ ਦੀਆਂ ਯਾਦਗਾਰੀ ਈਮਾਰਤਾਂ, ਪਹਾੜਾਂ ਦੀਆਂ ਟੀਸੀਆਂ ਤੇ ਮੱਖਣ ਵਾਂਗ ਵਿਛੀ ਹੋਈ ਚਿੱਟੀ ਦੁੱਧ ਬਰਫ, ਬਰਫ ਉਪਰ ਸਕੇਟਿੰਗ ਦੇ ਨਜ਼ਾਰੇ, ਖ਼ੱਚਰਾਂ ਦੀ ਸਵਾਰੀ, ਕਬੂਤਰਾਂ ਨੂੰ ਦਾਣੇ, ਬੱਦਲਾਂ ਦੀ ਤੇਜ਼ ਗੜਗੜਾਹਟ ਨਾਲ ਅਚਨਚੇਤ ਆਉਂਦੀ ਬਰਸਾਤ ਵਿਚ ਲੱਕੜ ਦੀ ਬਣੀ ਦੁਕਾਨ ਵਿਚ ਬਹਿ ਕੇ ਗਰਮ ਚਾਹ ਦੀ ਚੁਸਕੀ ਅਤੇ ਉਹ ਸੱਭ ਖ਼ੂਬਸੂਰਤ ਥਾਵਾਂ ਜੋ ਅਨੇਕਾਂ ਫਿਲਮਾਂ ਦਿਆਂ ਗੀਤਾਂ ਆਦਿ ਵਿਚ ਕਈ ਵਾਰ ਵੇਖੀਆਂ, ਉਨ੍ਹਾਂ ਨੂੰ ਆਪਣੀ ਅੱਖੀਂ ਵੇਖ ਕੇ ਤਬੀਅਤ ਨੂੰ ਜੋ ਖ਼ੁਸ਼ੀ ਮਿਲੀ ਉਹ ਬਿਆਨੀ ਨਹੀਂ ਜਾ ਸਕਦੀ। ਇਕ ਕੰਮ ਤਾਂ ਫ਼ਿਰਦੌਸ ਵਰਗੇ ਮਕਬੂਲ ਸ਼ਾਇਰ ਹੀ ਬਖ਼ੂਬੀ ਕਰ ਸਕਦੇ ਹਨ।
happy
khuub sir g